ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28 ਮਾਰਚ 2021
ਅਕਾਲੀ-ਭਾਜਪਾ ਤੇ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ- ਢੀਂਡਸਾ
ਤੇਰੀ ਮੇਰੀ ਮੇਰੀ ਨਿਭਣੀ, ਮੈਂ ਪਤਲੀ ਤੂੰ ਭਾਰਾ।
ਕੇਜਰੀਵਾਲ ਨਾਲ਼ ਲਕਸ਼ਮੀ ਕਾਂਤਾ ਚਾਵਲਾ ਦੀ ਮੁਲਾਕਾਤ ਨੇ ਛੇੜੀ ਚਰਚਾ- ਇਕ ਖ਼ਬਰ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿੱਕਲੀ, ਮੱਖੀਆਂ ਨੇ ਪੈੜ ਨੱਪ ਲਈ।
ਮਲੋਟ ‘ਚ ਕਿਸਾਨਾਂ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਕੱਪੜੇ ਪਾੜ ਦਿੱਤੇ- ਇਕ ਖ਼ਬਰ
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ।
ਮੇਰਾ ਤਜਰਬਾ ਮੇਰੀ ਸਭ ਤੋਂ ਵੱਡੀ ਤਾਕਤ- ਕੈਪਟਨ ਅਮਰਿੰਦਰ ਸਿੰਘ
ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ।
ਭਾਜਪਾ ਆਗੂਆਂ ਵਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਨਾਂਹ- ਇਕ ਖ਼ਬਰ
ਕਾਲ਼ੇ ਕੋਲ਼ ਮੰਜਾ ਨਹੀਂ ਡਾਹੁਣਾ, ਲਿਸ਼ਕੇ ਤਾਂ ਪੈ ਜੂ ਬਿਜਲੀ।
ਕਿਸਾਨੀ ਮੁੱਦੇ ‘ਤੇ ਜਿਆਣੀ ਨੇ ਕੇਂਦਰ ਦੀ ਪਿੱਠ ਠੋਕੀ- ਇਕ ਖ਼ਬਰ
ਮੇਰਾ ਕੰਮ ਨਾ ਗਲ਼ੀ ਦੇ ਵਿਚ ਕੋਈ, ਆਵਾਂ ਜਾਵਾਂ ਤੇਰੇ ਬਦਲੇ।
ਮੋਦੀ ਸਰਕਾਰ ਕਿਸਾਨਾਂ ਨੂੰ ਨਾ-ਮਿਲਵਰਤਨ ਲਹਿਰ ਲਈ ਮਜਬੂਰ ਨਾ ਕਰੇ- ਰੁਲਦੂ ਸਿੰਘ
ਤੈਥੋਂ ਤਪ ਨਹੀਂ ਬਾਲਕਾ ਹੋਣਾ, ਜੰਗਲਾਂ ‘ਚ ਸ਼ੇਰ ਬੁੱਕਦੇ।
ਨਵਜੋਤ ਸਿੱਧੂ ਦੀ ਮੁੱਖ ਧਾਰਾ ‘ਚ ਵਾਪਸੀ ਦਾ ਪੇਚ ਫਿਰ ਫਸਿਆ- ਇਕ ਖ਼ਬਰ
ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲੋਂ ਮੁੜ ਗਈ,
ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ- ਚੰਦੂਮਾਜਰਾ
ਪੁੱਤ,ਭਾਈ, ਭਤੀਜਾਵਾਦ ਜਿੱਥੇ, ਗੱਲ ਕਾਹਦੀ ਹੈ ਉੱਥੇ ਆਜ਼ਾਦੀਆਂ ਦੀ।
‘ਮੁਫ਼ਤ ਰਾਸ਼ਨ’ ਦੇ ਝੂਠੇ ਵਾਅਦੇ ਕਰ ਰਹੀ ਹੈ ਭਾਜਪਾ- ਮਮਤਾ ਬੈਨਰਜੀ
ਕਸਮੇਂ ,ਵਾਅਦੇ, ਕਾਲਾ ਧਨ, ਨੌਕਰੀ, ਜੁਮਲੇ ਹੈਂ ਜੁਮਲੋਂ ਕਾ ਕਿਆ।
ਐਤਕੀਂ ਪ੍ਰਸ਼ਾਂਤ ਕਿਸ਼ੋਰ ਦੇ ‘ਕੁਫ਼ਰ ਦੇ ਨਾਟਕ’ ਦਾ ਮੰਚਨ ਨਹੀਂ ਹੋਣ ਦੇਣਗੇ ਪੰਜਾਬੀ- ਬੀਰ ਦਵਿੰਦਰ ਸਿੰਘ
ਤੇਰੇ ਜੁਮਲੇ ਨਾ ਸਾਨੂੰ ਦਰਕਾਰ ਜੀ, ਹਾਂਡੀ ਕਾਠ ਦੀ ਚੜ੍ਹੇ ਨਾ ਵਾਰ ਵਾਰ ਜੀ।
ਪੰਜਾਬ ਵਿਚ ਕਾਂਗਰਸ ਲਈ ‘ਆਪ’ ਕੋਈ ਖ਼ਤਰਾ ਨਹੀਂ- ਕੈਪਟਨ
ਜੀਹਦੇ ਅੰਦਰ ਇਸ਼ਕ ਦੀ ਰੱਤੀ, ਉਹ ਬਾਝ ਸ਼ਰਾਬੋਂ ਖੀਵੇ ਹੂ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿਸਾਬ ਕਿਤਾਬ ਆਨਲਾਈਨ ਕਰਨ ਤੋਂ ਬਾਦਲ ਕਿਉਂ ਮੁੱਕਰੇ- ਰਮਨਦੀਪ ਸਿੰਘ
ਢੱਕੀ ਰਿੱਝੇ, ਕੋਈ ਨਾ ਬੁੱਝੇ।
ਮਾੜੀਆਂ ਨੀਤੀਆਂ ਕਾਰਨ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਭਾਰਤ ‘ਚ ਆਰਥਕ ਪਾੜਾ ਵਧਿਆ-ਇਕ ਰਿਪੋਰਟ
ਚਰਚਿਲ ਤਾਂ 1947 ਵਿਚ ਹੀ ਇਸ ਦੀ ਭਵਿੱਖਬਾਣੀ ਕਰ ਗਿਆ ਸੀ।
ਸ਼ਹੀਦਾਂ ਵਲੋਂ ਦਰਸਾਏ ਮਾਰਗ ‘ਤੇ ਚੱਲਣ ਨੌਜਵਾਨ-ਸੁਖਜਿੰਦਰ ਸਿੰਘ ਰੰਧਾਵਾ
ਜੇ ਨੌਜਵਾਨ ਸੱਚਮੁੱਚ ਤੁਰ ਪਏ ਫੇਰ ਸਿਆਸਤਦਾਨ ਇਹ ਡਾਇਲਾਗ ਬੋਲਣਗੇ, “ ਅਬ ਤੇਰਾ ਕਿਆ ਹੋਗਾ ਕਾਲੀਆ’
ਕੇਂਦਰੀ ਏਜੰਸੀਆਂ ਦੀ ‘ਦੁਰਵਰਤੋਂ’ ਕਰ ਰਹੀ ਹੈ ਮੋਦੀ ਸਰਕਾਰ- ਯੇਚੁਰੀ
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।