ਕੀ ਜਾਣਾ ਮੈਂ ਕੌਣ … - ਰਾਮਚੰਦਰ ਗੁਹਾ
ਸਮਾਜ ਸੁਧਾਰਕ ਜੋਤੀਰਾਓ ਫੂਲੇ ਨੇ 1873 ਵਿਚ ਜਾਤ ਪ੍ਰਥਾ ਦੀ ਤਿੱਖੀ ਆਲੋਚਨਾ ਕਰਦਿਆਂ ਇਕ ਕਿਤਾਬ ‘ਗੁਲਾਮਗਿਰੀ’ ਲਿਖੀ। ਕਿਤਾਬ ਲਿਖੀ ਤਾਂ ਮਰਾਠੀ ਵਿਚ ਗਈ ਸੀ ਪਰ ਤਾਂ ਵੀ ਇਸ ਦੇ ਸਮਰਪਣ ਦੇ ਹਰਫ਼ ਅੰਗਰੇਜ਼ੀ ਵਿਚ ਸਨ। ਇਨ੍ਹਾਂ ਸ਼ਬਦਾਂ ਵਿਚ ਲੇਖਕ ਨੇ ਗੁਲਾਮੀ ਦੇ ਖਾਤਮੇ ਪ੍ਰਤੀ ਗਹਿਨ ਗੂੜ੍ਹ, ਬੇਬਾਕ ਅਤੇ ਆਪਾ ਵਾਰੂ ਅਮਰੀਕਨ ਲੋਕਾਂ ਨੂੰ ਸਲਾਹਿਆ ਸੀ। ਫੂਲੇ ਨੂੰ ਆਸ ਸੀ ਕਿ ਅਮਰੀਕਾ ਵਿਚ ਸੁਧਾਰਵਾਦੀਆਂ ਵਲੋਂ ਨਸਲੀ ਇਨਸਾਫ਼ ਦੇ ਹੱਕ ਵਿਚ ਪ੍ਰਗਟਾਈ ਜਾ ਰਹੀ ਚਾਹਤ ਉਨ੍ਹਾਂ ਭਾਰਤੀਆਂ ਲਈ ਇਕ ਜਗਦੀ ਮਿਸਾਲ ਦਾ ਕੰਮ ਕਰੇਗੀ ਜੋ ਆਪਣੇ ਸ਼ੂਦਰ ਭਰਾਵਾਂ ਨੂੰ ਬ੍ਰਾਹਮਣੀ ਗੁਲਾਮਦਾਰੀ ਤੋਂ ਮੁਕਤ ਕਰਾਉਣਾ ਚਾਹੁੰਦੇ ਹਨ।’
ਮੈਨੂੰ ਫੂਲੇ ਦੀ ਸਾਧਨਾ ਦਾ ਚੇਤਾ ਉਦੋਂ ਆਇਆ ਜਦੋਂ ਮੈਂ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਨ ਦੀਆਂ ਰਿਪੋਰਟਾਂ ਪੜ੍ਹ ਰਿਹਾ ਸੀ ਜਿਨ੍ਹਾਂ ਵਿਚ ਭਾਰਤਵਾਸੀਆਂ ਨੂੰ ਉਨ੍ਹਾਂ ਦੇ ਸ਼ਬਦਾਂ ਵਿਚ ‘ਵਿਦੇਸ਼ੀ ਤਬਾਹਕਾਰੀ ਵਿਚਾਰਧਾਰਾ (ਐਫਡੀਆਈ) ਦੀ ਚਿਤਾਵਨੀ ਦਿੱਤੀ ਗਈ ਸੀ’। ਮੈਂ ਦੇਖਿਆ ਕਿ ਇਕ ਪਾਸੇ (ਭਾਵ ਜੋਤੀਰਾਓ ਫੂਲੇ ਕੋਲ) ਇਕੱਲੇ ਪਰ ਸੰਘਰਸ਼ ਕਰ ਰਹੇ ਸੁਧਾਰਕ ਦੀ ਖੁੱਲ੍ਹ ਖਲਾਸੇ ਵਾਲੀ ਵਿਸ਼ਾਲ ਵਿਸ਼ਵ-ਦ੍ਰਿਸ਼ਟੀ ਸੀ ਅਤੇ ਦੂਜੇ ਬੰਨੇ ਭਾਰਤ ਦੇ ਸਭ ਤੋਂ ਤਾਕਤਵਰ ਸ਼ਖ਼ਸ ਦੀ ਸਨਕੀ ਹਿਕਾਰਤ ਹੈ। ਸਾਫ਼ ਪਤਾ ਚਲਦਾ ਹੈ ਕਿ ਅੱਜ ਜਦੋਂ ਅਸੀਂ ਆਪਣੇ ਆਪ ਨੂੰ ਇਕ ਗੌਰਵਸ਼ਾਲੀ ਅਤੇ ਸੁਤੰਤਰ ਰਾਸ਼ਟਰ ਕਹਾਉਂਦੇ ਹਾਂ ਤਾਂ ਇਸ ਦੇ ਮੁਕਾਬਲੇ ਜਦੋਂ ਅਸੀਂ ਅਜੇ ਬਸਤੀਵਾਦੀ ਸ਼ਾਸਨ ਅਧੀਨ ਸਾਂ ਤਾਂ ਹਿੰਦੂ ਮਨ ਉਦੋਂ ਕਿਤੇ ਵੱਧ ਖੁੱਲ੍ਹਾ ਡੁੱਲ੍ਹਾ ਸੀ।
ਪੂਰੀ ਉਂਨ੍ਹੀਵੀਂ ਸਦੀ ਅਤੇ ਫਿਰ ਵੀਹਵੀਂ ਸਦੀ ਵਿਚ ਵੀ ਕਾਫ਼ੀ ਹੱਦ ਤੱਕ ਹਿੰਦੂ ਸਮਾਜ ਦੇ ਆਗੂਆਂ ਨੂੰ ਆਪਣੇ ਅੰਦਰਲੀਆਂ ਊਣਤਾਈਆਂ ਦਾ ਗਿਆਨ ਸੀ। ਉਹ ਇਹ ਜਾਣਦੇ ਸਨ ਕਿ ਹਿੰਦੂਆਂ ਦੀਆਂ ਜੋ ਊਣਤਾਈਆਂ ਹਨ ਉਨ੍ਹਾਂ ਦਾ ਬਹੁਤਾ ਹਿੱਸਾ ਉਨ੍ਹਾਂ ਖ਼ੁਦ ਪੈਦਾ ਕੀਤਾ ਹੋਇਆ ਹੈ। ਸਾਡੀਆਂ ਆਪਣੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਉਨ੍ਹਾਂ ਸ਼ਾਤਿਰ ਵਿਦੇਸ਼ੀਆਂ ਦੇ ਸਿਰ ਨਹੀਂ ਪਾਈ ਜਾ ਸਕਦੀ ਜਿਨ੍ਹਾਂ ਨੇ ਸਾਡੇ ਦੇਸ ਨੂੰ ਬਸਤੀ ਬਣਾ ਕੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਕਮਜ਼ੋਰੀਆਂ ਤੋਂ ਆਪਣਾ ਖਹਿੜਾ ਛੁਡਾਉਣ, ਇਕ ਜਟਿਲ, ਅੰਤਰ ਨਿਰਭਰ ਅਤੇ ਹਮੇਸ਼ਾ ਬਦਲਦੇ ਸੰਸਾਰ ਦੀਆਂ ਚੁਣੌਤੀਆਂ ਨਾਲ ਸਿੱਝਣ ਦੀ ਤਿਆਰੀ ਕਰਨ ਲਈ ਹਿੰਦੂਆਂ ਨੂੰ ਅੰਦਰਲੀਆਂ ਤੇ ਬਾਹਰਲੀਆਂ ਦੋਵੇਂ ਕਿਸਮ ਦੀਆਂ ਆਲੋਚਨਾਤਮਕ ਆਵਾਜ਼ਾਂ ਸੁਣਨੀਆਂ ਪੈਣੀਆਂ ਸਨ ਤੇ ਉਨ੍ਹਾਂ ਦੀ ਸਲਾਹ ‘ਤੇ ਕੰਨ ਧਰਨਾ ਪੈਣਾ ਸੀ।
ਹਿੰਦੂ ਸਮਾਜ ਸੁਧਾਰਕਾਂ ਦੀ ਆਧੁਨਿਕ ਰਵਾਇਤ ਰਾਮ ਮੋਹਨ ਰਾਏ ਨਾਲ ਸ਼ੁਰੂ ਹੁੰਦੀ ਹੈ। ਰਾਏ ਇਸ ਸੋਚ (ਜਿਵੇਂ ਕਿ ਸਾਡੇ ਮੌਜੂਦਾ ਹਿੰਦੂਤਵਵਾਦੀਆਂ ਦੀ ਧਾਰਨਾ ਹੈ) ਤੋਂ ਬਹੁਤ ਦੂਰ ਸਨ ਕਿ ਹਿੰਦੂ ਸ਼ੁੱਧ ਤੇ ਸੰਪੂਰਨ ਹੁੰਦੇ ਹਨ ਅਤੇ ਕਦੇ ਗ਼ਲਤੀ ਨਾ ਕਰਨ ਵਾਲੇ ਹੁੰਦੇ ਹਨ। ਉਨ੍ਹਾਂ ਆਪਣੇ ਦੇਸਵਾਸੀਆਂ ਵਿਚ ਤਿੰਨ ਆਧਾਰਾਂ ‘ਤੇ ਨੁਕਸਾਂ ਦੀ ਨਿਸ਼ਾਨਦੇਹੀ ਕੀਤੀ ਸੀ- ਔਰਤਾਂ ਨਾਲ ਸਲੂਕ, ਆਧੁਨਿਕ ਗਿਆਨ ਵਿਚ ਰੁਚੀ ਦੀ ਘਾਟ ਅਤੇ ਤਰਕ ਦੀ ਬਜਾਏ ਧਾਰਮਿਕ ਪੁਸਤਕਾਂ ‘ਤੇ ਭਰੋਸਾ। ਸਮਾਜ ਸੁਧਾਰਾਂ ਦੀਆਂ ਇਨ੍ਹਾਂ ਤਿੰਨ ਧਾਰਾਵਾਂ ਨੂੰ ਰਾਮ ਮੋਹਨ ਰਾਏ ਤੋਂ ਬਾਅਦ ਆਏ ਕਾਰਕੁਨਾਂ ਨੇ ਗਹਿਰਾ ਕੀਤਾ ਅਤੇ ਅਗਾਂਹ ਵਧਾਇਆ। ਰਾਏ ਨੇ ਕੁਝ ਹੋਰਨਾਂ ਚੀਜ਼ਾਂ ਤੋਂ ਇਲਾਵਾ ਲੜਕੀਆਂ ਲਈ ਵਿਆਹ ਦੀ ਉਮਰ ਵਧਾਉਣ, ਵਿਧਵਾ ਵਿਆਹ ਦੇ ਚਲਨ ਨੂੰ ਬੜਾਵਾ ਦੇਣ, ਔਰਤਾਂ ਅਤੇ ਪੁਰਸ਼ਾਂ ਲਈ ਆਧੁਨਿਕ ਸਿੱਖਿਆ ਦਾ ਪ੍ਰਸਾਰ ਕਰਨ, ਜਾਤੀ ਭੇਦਭਾਵ ਖਤਮ ਕਰਨ ਅਤੇ ਆਜ਼ਾਦਾਨਾ ਪ੍ਰੈਸ ਰਾਹੀਂ ਖੁੱਲ੍ਹੇ ਸੰਵਾਦ ਦਾ ਸਭਿਆਚਾਰ ਪੈਦਾ ਕਰਨ ‘ਤੇ ਬਹੁਤ ਜ਼ੋਰ ਦਿੱਤਾ ਸੀ।
ਰਾਮ ਮੋਹਨ ਰਾਏ ਨੇ ਪੱਛਮੀ ਦੇਸਾਂ ਦੀ ਬਹੁਤ ਯਾਤਰਾ ਕੀਤੀ ਅਤੇ ਉਨ੍ਹਾਂ ਬਹੁਤ ਸਾਰੇ ਪੱਛਮੀ ਚਿੰਤਕਾਂ ਅਤੇ ਕਾਰਕੁਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। ਤਾਂ ਵੀ, ਜਿਵੇਂ ਕਿ ਇਕ ਵਾਰ ਰਾਬਿੰਦਰਨਾਥ ਟੈਗੋਰ ਨੇ ਲਿਖਿਆ ਸੀ ‘ਦਿਲ ਤੇ ਦਿਮਾਗ ਦੇ ਬੇਮਿਸਾਲ ਖੁੱਲ੍ਹੇਪਣ ਨਾਲ (ਰਾਏ) ਨੇ ਪੂਰਬ ਨਾਲ ਕਿਸੇ ਕਿਸਮ ਦਾ ਧਰੋਹ ਕਮਾਏ ਬਗ਼ੈਰ ਪੱਛਮ ਨੂੰ ਪ੍ਰਵਾਨ ਕੀਤਾ।’ ਬਤੌਰ ਸੰਸਕ੍ਰਿਤ, ਬੰਗਲਾ ਅਤੇ ਫ਼ਾਰਸੀ ਵਿਦਵਾਨ ਰਾਏ ਦੀ ‘ਆਪਣੀ ਜ਼ਮੀਨ ਸੀ ਜਿੱਥੇ ਉਹ ਆਪਣੇ ਪੈਰਾਂ ‘ਤੇ ਖੜੋ ਸਕਦਾ ਸੀ ਅਤੇ ਨਾਲ ਹੀ ਹਾਸਲ ਕੀਤੀਆਂ ਆਪਣੀਆਂ ਸ਼ੈਆਂ ਦੀ ਰਾਖੀ ਵੀ ਕਰ ਸਕਦਾ ਸੀ। ਭਾਰਤ ਦੀ ਅਸਲ ਸੰਪਦਾ ਉਸ ਤੋਂ ਗੁੱਝੀ ਨਹੀਂ ਸੀ ਜਿਸ ਸਦਕਾ ਉਹ ਆਪ ਵੀ ਇਸ ਦਾ ਮਾਲਕ ਬਣ ਚੁੱਕਿਆ ਸੀ। ਸਿੱਟੇ ਵਜੋਂ ਉਸ ਕੋਲ ਇਕ ਅਜਿਹੀ ਕਸੌਟੀ ਆ ਗਈ ਸੀ ਜਿਸ ਨਾਲ ਉਹ ਦੂਜਿਆਂ ਦੀ ਦੌਲਤ ਵੀ ਪਰਖ ਸਕਦਾ ਸੀ।’ ਰਾਮ ਮੋਹਨ ਰਾਏ ਦੀ ਤਰ੍ਹਾਂ ਟੈਗੋਰ ਵੀ ਇਕ ਅਜਿਹਾ ਬੰਗਾਲੀ ਸੀ ਜੋ ਭਾਰਤ ਦੇ ਹੋਰਨਾਂ ਹਿੱਸਿਆਂ ਬਾਰੇ ਬਹੁਤ ਤਾਂਘ ਰੱਖਦਾ ਸੀ, ਇਕ ਅਜਿਹਾ ਹਿੰਦੁਸਤਾਨੀ ਜੋ ਦੁਨੀਆ ਦੇ ਹੋਰਨਾਂ ਹਿੱਸਿਆਂ ਬਾਰੇ ਜਾਨਣ ਦਾ ਇੱਛੁਕ ਸੀ। ਅਹਿਮ ਗੱਲ ਇਹ ਹੈ ਕਿ ਉਸ ਦੀ ਆਲਮੀਅਤ ਦੇ ਹਵਾਲੇ ਦੀ ਰੇਂਜ (ਜਿਵੇਂ ਕਿ ਅਕਸਰ ਭਾਰਤੀਆਂ ਦੇ ਮਾਮਲੇ ਵਿਚ ਹੁੰਦਾ ਹੈ) ਯੂਰਪ ਜਾਂ ਉੱਤਰੀ ਅਮਰੀਕਾ ਤੱਕ ਮਹਿਦੂਦ ਨਹੀਂ ਸੀ। ਗਿਆਨ ਦੀ ਖੋਜ ਉਨ੍ਹਾਂ ਨੂੰ ਜਪਾਨ, ਚੀਨ, ਜਾਵਾ, ਇਰਾਨ ਅਤੇ ਲਾਤੀਨੀ ਅਮਰੀਕਾ ਤੱਕ ਲੈ ਗਈ। ਇਨ੍ਹਾਂ ਯਾਤਰਾਵਾਂ ਦੇ ਸਿੱਟੇ ਵਜੋਂ ਜਦੋਂ ਉਨ੍ਹਾਂ ਬੰਗਾਲ ਦੇ ਦਿਹਾਤੀ ਇਲਾਕੇ ਵਿਚ ਇਕ ਯੂਨੀਵਰਸਿਟੀ ਕਾਇਮ ਕੀਤੀ ਤਾਂ ਉਸ ਦਾ ਨਾਂ ‘ਵਿਸ਼ਵ-ਭਾਰਤੀ’ ਰੱਖਿਆ ਗਿਆ ਸੀ ਜਿਸ ਦਾ ਭਾਵ ਸੀ ‘ਭਾਰਤ ਅੰਦਰ ਦੁਨੀਆ’। ਯੂਨੀਵਰਸਿਟੀ ਦੇ ਮੈਮੋਰੈਂਡਮ ਆਫ ਐਸੋਸੀਏਸ਼ਨ ਵਿਚ ਇਸ ਦੇ ਮੰਤਵ ਇੰਜ ਵਰਨਣ ਕੀਤੇ ਗਏ ਕਿ ‘ਨਸਲ, ਕੌਮੀਅਤ, ਧਰਮ ਜਾਂ ਜਾਤ ਦੇ ਕਿਸੇ ਵੀ ਤੁਅੱਸਬ ਤੋਂ ਪਰੇ ਪੂਰਬ ਤੇ ਪੱਛਮ ਦੇ ਸਭ ਦੇਸਾਂ ਦੇ ਚਿੰਤਕਾਂ ਅਤੇ ਵਿਦਵਾਨਾਂ ਨੂੰ ਇਕ ਥਾਂ ਇਕੱਤਰ ਕਰਨਾ। ਅਤੇ ਉਨ੍ਹਾਂ ਦੇ ਅਧਿਐਨ ਦੇ ਸਾਂਝੇ ਉਦਮ ਨੂੰ ਪੂਰਬ ਅਤੇ ਪੱਛਮ ਦੇ ਸੰਗਮ ਵਿਚ ਸਾਕਾਰ ਕਰਨਾ।’
1920-21 ਵਿਚ ਮਹਾਤਮਾ ਗਾਂਧੀ ਨੇ ਨਾਮਿਲਵਰਤਨ ਲਹਿਰ ਸ਼ੁਰੂ ਕੀਤੀ ਸੀ। ਟੈਗੋਰ ਨੇ ਬਸਤੀਵਾਦੀ ਸ਼ਾਸਨ ਤੋਂ ਭਾਰਤ ਦੀ ਮੁਕਤੀ ਦੀ ਕਾਮਨਾ ਕਰਦਿਆਂ ਆਜ਼ਾਦੀ ਦੀ ਲੋਕਪ੍ਰਿਯ ਲਹਿਰ ਵਿਚ ਨਫ਼ਰਤੀ ਰੁਝਾਨਾਂ ਦੇ ਸਿਰ ਚੁੱਕਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਗਾਂਧੀ ਦੇ ਪੈਰੋਕਾਰਾਂ ਨੂੰ ਪੁੱਛਿਆ ਸੀ ਕਿ ਕੀ ‘ਅਸੀਂ ਖੰਡਨ ਦੇ ਮਣਕਿਆਂ ਨਾਲ ਹੀ ਸੰਤੁਸ਼ਟ ਹਾਂ ਤੇ ਹੋਰਨਾਂ ਦੇ ਨੁਕਸ ਕੱਢਣ ਅਤੇ ਝਗੜਾਲੂਪੁਣੇ ਦੀਆਂ ਨੀਂਹਾਂ ‘ਤੇ ਸਵਰਾਜ ਕਾਇਮ ਕਰਨ ਵੱਲ ਵਧ ਰਹੇ ਹਾਂ?’ ਮਹਾਤਮਾ ਗਾਂਧੀ ਨਾਲ ਇਕ ਨਿੱਜੀ ਮੁਲਾਕਾਤ ਵਿਚ ਟੈਗੋਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ‘ਅੱਜ ਸਮੁੱਚਾ ਸੰਸਾਰ ਸਵਾਰਥੀ ਅਤੇ ਤੰਗਨਜ਼ਰ ਰਾਸ਼ਟਰਵਾਦ ਦੇ ਬਿੰਬ ਦਾ ਸੰਤਾਪ ਹੰਢਾਅ ਰਿਹਾ ਹੈ... ਮੇਰਾ ਹੁਣ ਇਹ ਵਿਸ਼ਵਾਸ ਹੈ ਕਿ ਬਤੌਰ ਭਾਰਤੀ ਸਾਡੇ ਲਈ ਪੱਛਮ ਤੋਂ ਬਹੁਤ ਕੁਝ ਸਿੱਖਣ ਵਾਲਾ ਹੀ ਨਹੀਂ ਹੈ ਸਗੋਂ ਸਾਨੂੰ ਆਪਣੇ ਵਲੋਂ ਕੁਝ ਯੋਗਦਾਨ ਵੀ ਦੇਣਾ ਪਵੇਗਾ। ਸਾਨੂੰ ਪੱਛਮ ਲਈ ਦਰਵਾਜ਼ੇ ਬੰਦ ਕਰਨ ਦੀ ਹਿਮਾਕਤ ਨਹੀਂ ਕਰਨੀ ਚਾਹੀਦੀ। ਉਂਜ ਸਾਨੂੰ ਆਪਣੇ ਤੋਂ ਬਹੁਤ ਕੁਝ ਸਿੱਖਣਾ ਪੈਣਾ ਅਤੇ ਇਕ ਸਾਂਝੀ ਸਮਝ ਬੂਝ ‘ਤੇ ਪਹੁੰਚਣਾ ਪੈਣਾ ਹੈ।’
ਰਾਮ ਮੋਹਨ ਰਾਏ ਅਤੇ ਰਾਬਿੰਦਰਨਾਥ ਟੈਗੋਰ ਦੂਰ ਦ੍ਰਿਸ਼ਟੀਵੇਤਾ ਸਨ ਜਿਨ੍ਹਾਂ ਹੋਰਨਾਂ ਸਭਿਆਚਾਰਾਂ ਨਾਲ ਮੇਲ ਮਿਲਾਪ ਨੂੰ ਪੂਰੀ ਤਰ੍ਹਾਂ ਦੇਖਿਆ ਸੀ ਤਾਂ ਜੋ ਅਸੀਂ ਆਪਣੇ ਸਭਿਆਚਾਰ ਨੂੰ ਹੋਰ ਅਮੀਰ ਬਣਾ ਸਕੀਏ। ਉਨ੍ਹਾਂ ਦੇ ਸਮਕਾਲੀ ਭਾਰਤੀ ਸਮਾਜ ਸੁਧਾਰਕਾਂ ਨੇ ਵੀ ਇੰਜ ਹੀ ਦੇਖਿਆ ਸੀ। ਇਸੇ ਕਰ ਕੇ ਫੂਲੇ ਨੇ ਅਮਰੀਕਾ ਵਿਚ ਦਾਸਤਾ ਦੇ ਖਾਤਮੇ ਦਾ ਹਵਾਲਾ ਦਿੱਤਾ ਸੀ ਤਾਂ ਕਿ ਜਾਤੀ ਪ੍ਰਥਾ ਦੇ ਖਾਤਮੇ ਦੇ ਉਨ੍ਹਾਂ ਦੇ ਉਮਰ ਭਰ ਦੇ ਸੰਘਰਸ਼ ਲਈ ਇਕ ਪ੍ਰੇਰਨਾਦਾਈ ਮਿਸਾਲ ਦਿੱਤੀ ਜਾ ਸਕੇ। ਫੂਲੇ ਨੇ ਆਪ ਕਦੇ ਭਾਰਤ ਤੋਂ ਬਾਹਰ ਯਾਤਰਾ ਨਹੀਂ ਕੀਤੀ ਸੀ ਪਰ ਉਨ੍ਹਾਂ ਦੇ ਮਹਾਨ ਪੈਰੋਕਾਰ ਬੀ.ਆਰ. ਅੰਬੇਡਕਰ ਨੇ ਯਾਤਰਾ ਕੀਤੀ। ਅਮਰੀਕਾ ਵਿਚ ਬੀ.ਆਰ. ਅੰਬੇਡਕਰ ਦੀ ਪੜ੍ਹਾਈ ਦਾ ਉਨ੍ਹਾਂ ‘ਤੇ ਬਹੁਤ ਜ਼ਿਆਦਾ ਅਸਰ ਪਿਆ ਸੀ। ਫੂਲੇ ਦੀ ਤਰ੍ਹਾਂ ਉਨ੍ਹਾਂ ਨੇ ਅਮਰੀਕਾ ਵਿਚ ਕਾਲੇ ਲੋਕਾਂ ਨਾਲ ਕੀਤੇ ਜਾਂਦੇ ਸਲੂਕ ਅਤੇ ਭਾਰਤ ਵਿਚ ਦਲਿਤਾਂ ਨਾਲ ਕੀਤੇ ਜਾਂਦੇ ਸਲੂਕ ਵਿਚਕਾਰ ਬੱਜਰ ਸਮਾਨਤਾਈਆਂ ਵੇਖ ਲਈਆਂ ਸਨ। ਇਸੇ ਦੌਰਾਨ ਫਿਲਾਸਫਰ ਜੌਨ੍ਹ ਡਿਊਈ ਦੇ ਵਿਚਾਰਾਂ ਨੇ ਅੰਬੇਡਕਰ ਨੂੰ ਸਾਂਝੀ ਨਾਗਰਿਕਤਾ ਦੀ ਸੂਝ ਪੈਦਾ ਕਰਨ ਵਿਚ ਸਿੱਖਿਆ ਦੀ ਅਹਿਮ ਭੂਮਿਕਾ ਬਾਰੇ ਖ਼ਬਰਦਾਰ ਕਰ ਦਿੱਤਾ ਸੀ।
ਰਾਏ ਤੋਂ ਲੈ ਕੇ ਅੰਬੇਡਕਰ ਤੱਕ ਬਾਰਸਤਾ ਫੂਲੇ, ਗੋਖਲੇ, ਟੈਗੋਰ, ਗਾਂਧੀ, ਪੇਰੀਆਰ, ਕਮਲਾਦੇਵੀ ਚੱਟੋਪਾਧਿਆਏ ਅਤੇ ਹੋਰ ਬਹੁਤ ਸਾਰੇ ਸਮਾਜ ਸੁਧਾਰਕਾਂ ਦੀ ਇਕ ਲੰਮੀ ਕਤਾਰ ਹੈ ਜਿਨ੍ਹਾਂ ਆਪਣੇ ਦੇਸਵਾਸੀਆਂ ਨੂੰ ਅਤੀਤ ਦੇ ਬੋਝ ਤੋਂ ਮੁਕਤ ਕਰਨ ਲਈ ਨਿੱਠ ਕੇ ਕੰਮ ਕੀਤਾ ਸੀ। ਉਹ ਜਾਣਦੇ ਸਨ ਤੇ ਉਨ੍ਹਾਂ ਦਾ ਤਜਰਬਾ ਵੀ ਸੀ ਕਿ ਹਿੰਦੂ ਸਮਾਜ ਕਿਸੇ ਸਮੇਂ ਗ਼ੈਰ-ਬਰਾਬਰ, ਅਸਿੱਖਿਅਤ ਅਤੇ ਪਰਤੰਤਰ ਰਹਿ ਚੁੱਕਾ ਹੈ। ਇਹ ਸਮਾਜ ਸੁਧਾਰਕ ਔਰਤਾਂ ਅਤੇ ਨੀਵੀਂਆਂ ਜਾਤਾਂ ਖਿਲਾਫ਼ ਭੇਦਭਾਵ ਖਤਮ ਕਰ ਕੇ ਆਪਣੇ ਸਮਾਜ ਨੂੰ ਵਧੇਰੇ ਸਮਤਾਪੂਰਨ ਅਤੇ ਸਕੂਲਾਂ ਤੇ ਕਾਲਜਾਂ ਵਿਚ ਆਧੁਨਿਕ ਸੈਕੁਲਰ ਸਿੱਖਿਆ ਦਾ ਪ੍ਰਸਾਰ ਕਰ ਕੇ ਵਧੇਰੇ ਸਿੱਖਿਅਤ ਬਣਾਉਣਾ ਚਾਹੁੰਦੇ ਸਨ ਤੇ ਸਾਰਿਆਂ ਨੂੰ ਇਹ ਗਿਆਨ ਉਪਲਬਧ ਕਰਾਉਣਾ ਚਾਹੁੰਦੇ ਸਨ ਅਤੇ ਜਨਤਕ ਸੰਵਾਦ ਤੇ ਵਿਚਾਰ ਵਟਾਂਦਰੇ ਦਾ ਸਭਿਆਚਾਰ ਪੈਦਾ ਕਰ ਕੇ ਵਧੇਰੇ ਆਜ਼ਾਦ ਬਣਾਉਣਾ ਚਾਹੁੰਦੇ ਸਨ।
ਹਿੰਦੂ ਮਨ ਨੂੰ ਖੁੱਲ੍ਹਾ ਡੁੱਲ੍ਹਾ ਬਣਾਉਣ ਲਈ ਸਮਾਜ ਸੁਧਾਰਕਾਂ ਦੀਆਂ ਪੀੜ੍ਹੀਆਂ ਦੀ ਸਾਧਨਾ ਭਾਰਤ ਦੇ ਸੰਵਿਧਾਨ ਬਣਾਉਣ ਅਤੇ ਅਪਣਾਉਣ ਵਿਚ ਸਾਕਾਰ ਹੋਈ। ਇਸ ਵਿਚ ਦੁਨੀਆ ਭਰ ਤੋਂ ਬਿਹਤਰੀਨ ਵਿਧੀਆਂ ਦਾ ਅਧਿਐਨ ਕਰ ਕੇ ਯੂਰਪ ਅਤੇ ਅਮਰੀਕਾ ਤੋਂ ਕਾਨੂੰਨ ਤੇ ਵਿਚਾਰਾਂ ਨੂੰ ਯਥਾਯੋਗ ਸ਼ਾਮਲ ਕੀਤਾ ਗਿਆ। ਅਹਿਮ ਗੱਲ ਇਹ ਸੀ ਕਿ ਹੋਰਨਾਂ ਸੰਵਿਧਾਨਕ ਰਵਾਇਤਾਂ ਨਾਲ ਖੁੱਲ੍ਹੇ ਮਨ ਨਾਲ ਇਸ ਸਾਂਝੇਦਾਰੀ ਦੀ ਰਾਸ਼ਟਰੀ ਸਵੈਮਸੇਵਕ ਸੰਘ ਨੇ ਤਿੱਖੀ ਨੁਕਤਾਚੀਨੀ ਕੀਤੀ ਸੀ। ਨਵੰਬਰ 1949 ਦੇ ਆਖਰੀ ਹਫ਼ਤੇ ਜਦੋਂ ਬੀ.ਆਰ. ਅੰਬੇਡਕਰ ਵਲੋਂ ਸੰਵਿਧਾਨ ਦਾ ਅੰਤਮ ਖਰੜਾ ਪੇਸ਼ ਕਰ ਦਿੱਤਾ ਗਿਆ ਤਾਂ ਆਰਐਸਐਸ ਦੀ ਮੁੱਖ ਪੱਤ੍ਰਿਕਾ ‘ਆਰਗੇਨਾਈਜ਼ਰ’ ਨੇ ਸ਼ਿਕਾਇਤ ਕੀਤੀ ਕਿ ਭਾਰਤੀਆਂ ਦੇ ਸੰਵਿਧਾਨ ਦਾ ਸਭ ਤੋਂ ਮਾੜਾ ਪੱਖ ਇਹ ਹੈ ਕਿ ਇਸ ‘ਚੋਂ ਪ੍ਰਾਚੀਨ ਭਾਰਤੀ ਕਾਨੂੰਨਾਂ, ਸੰਸਥਾਵਾਂ, ਨਾਵਾਂ ਅਤੇ ਸ਼ਬਦਾਵਲੀ ਦੀ ਕੋਈ ਝਲਕ ਨਹੀਂ ਮਿਲਦੀ।’ ‘ਆਰਗੇਨਾਈਜ਼ਰ’ ਵਿਚ ਹੀ ਛਪੇ ਇਕ ਹੋਰ ਲੇਖ ਵਿਚ ਇਕ ਲੇਖਕ ਦੀ ਨੁਕਤਾਚੀਨੀ ਕੀਤੀ ਗਈ ਸੀ ਜਿਸ ਨੇ ਅੰਬੇਡਕਰ ਨੂੰ ‘ਆਧੁਨਿਕ ਭਾਰਤ ਦਾ ਮਨੂੰ’ ਕਹਿ ਕੇ ਵਡਿਆਈ ਕੀਤੀ ਸੀ। ਆਰਐਸਐਸ ਦੇ ਵਿਚਾਰਕ ਨੇ ਲਿਖਿਆ ਸੀ ਕਿ ‘ਇਹ ਲਿਲੀਪੁਟ ਦੀ ਬਰੌਬਡਿਨਗਾਗ ਨਾਲ ਤੁਲਨਾ ਕਰਨ ਵਰਗੀ ਗੱਲ ਹੈ। ਡਾ. ਅੰਬੇਡਕਰ ਦੀ ਵਿਦਵਾਨ ਤੇ ਦੇਵਤੇ ਸਮਾਨ ਮਨੂੰ ਨਾਲ ਤੁਲਨਾ ਕਰਨੀ ਹਾਸੋਹੀਣੀ ਗੱਲ ਜਾਪਦੀ ਹੈ...।’
ਅੰਬੇਡਕਰ ਦੀ ਨਿਖੇਧੀ ਤੋਂ ਆਰਐਸਐਸ ਦਾ ਅਸਲ ਕਿਰਦਾਰ ਝਲਕਦਾ ਹੈ। ਇਸ ਕਾਲਮ ਵਿਚ ਮੈਂ ਜਿਨ੍ਹਾਂ ਸਮਾਜ ਸੁਧਾਰਕਾਂ ਦੀ ਉਸਤਤ ਕੀਤੀ ਹੈ, ਉਨ੍ਹਾਂ ਦੇ ਉਲਟ ਆਰਐਸਐਸ ਦੀ ਸੋਚ ਇਹ ਸੀ ਕਿ ਹਿੰਦੂਆਂ ਨੂੰ ਹੋਰਨਾਂ ਸਭਿਆਚਾਰਾਂ ਅਤੇ ਦੇਸਾਂ ਤੋਂ ਸਿੱਖਣ ਦੀ ਕੋਈ ਲੋੜ ਨਹੀਂ ਹੈ। ਦੂਜੇ ਬੰਨੇ, ਉਸ ਦਾ ਦਾਅਵਾ ਸੀ ਕਿ ਹਿੰਦੂਆਂ ਨੂੰ ਇਸ ਧਰਤੀ ‘ਤੇ ਦੁਨੀਆ ਨੂੰ ਸਿਖਾਉਣ ਲਈ ਭੇਜਿਆ ਗਿਆ ਹੈ। ਇਹ ਹਊਂ ਕਿ ਹਿੰਦੂ ਕਿਸੇ ਕਿਸਮ ਦੇ ਵਿਸ਼ਵ ਗੁਰੂ ਬਣਨ ਲਈ ਸਾਜੇ ਗਏ ਹਨ, ਐਮ.ਐਸ. ਗੋਲਵਾਲਕਰ ਤੋਂ ਲੈ ਕੇ ਬਾਅਦ ਦੇ ਸਾਰੇ ਆਰਐਸਐਸ ਵਿਚਾਰਕਾਂ ਦੀਆਂ ਲਿਖਤਾਂ 'ਚੋਂ ਝਲਕਦੀ ਹੈ।
ਆਰਐਸਐਸ ਦਾ ਵਿਸ਼ਵ ਦ੍ਰਿਸ਼ਟੀਕੋਣ ਜਿੱਤ ਦੇ ਦਮਗਜਿਆਂ ਅਤੇ ਡਰੂ ਮਾਨਸਿਕਤਾ ਦੇ ਖਾਸ ਕਿਸਮ ਦੇ ਮਿਲਗੋਭੇ ਤੋਂ ਬਣਿਆ ਹੋਇਆ ਹੈ। ਇਕ ਪਾਸੇ ਇਹ ਆਲਮੀ ਪੱਧਰ ‘ਤੇ ਹਿੰਦੂਆਂ ਦੇ ਦਬਦਬੇ ਦੇ ਢੋਲ ਵਜਾਉਂਦੀ ਹੈ ਅਤੇ ਦੂਜੇ ਪਾਸੇ ਦੂਜੇ ਧਰਮਾਂ ਨਾਲ ਸਬੰਧਤ ਹੋਰਨਾਂ ਭਾਰਤੀਆਂ ਖਾਸਕਰ ਮੁਸਲਮਾਨਾਂ ਨੂੰ ਲਗਾਤਾਰ ਬਦਨਾਮ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਪਰਵਾਨ ਕਰਨ ਵਿਚ ਜ਼ਰਾ ਜਿੰਨੀ ਵੀ ਇੱਛਾ ਨਹੀਂ ਹੈ ਕਿ ਭਾਰਤੀ ਸਮਾਜ ਅੰਦਰਲੀਆਂ ਕੁਝ ਜਾਂ ਸ਼ਾਇਦ ਬਹੁਤ ਸਾਰੀਆਂ ਕਮੀਆਂ-ਪੇਸ਼ੀਆਂ ਹਿੰਦੂਆਂ ਦੀ ਆਪਣੀ ਸੋਚ ਅਤੇ ਕਾਰਵਾਈਆਂ ਦਾ ਸਿੱਟਾ ਹੋ ਸਕਦੀਆਂ ਹਨ।
ਬੀਤੇ ਕੁਝ ਦਹਾਕਿਆਂ ਤੋਂ ਸੰਘ ਦੀ ਸ਼ਕਤੀ ਅਤੇ ਪ੍ਰਭਾਵ ਕਾਫ਼ੀ ਵਧ ਗਿਆ ਹੈ ਪਰ ਹਿੰਦੂ ਮਨ ਸੁੰਗੜ ਗਿਆ ਹੈ। ਖੁੱਲ੍ਹੀ ਸੋਚ, ਆਤਮ-ਚੀਨਣ ਅਤੇ ਆਤਮ-ਝਾਤ ਦੀ ਇਹ ਸਮੱਰਥਾ ਬਹੁਤ ਸੁੰਗੜ ਗਈ ਹੈ। ਹੁਣ ਜਦੋਂ ਭਾਜਪਾ ਅਤੇ ਆਰਐਸਐਸ ਸਾਡੇ ਸਿਆਸੀ ਅਤੇ ਸੰਸਥਾਈ ਜੀਵਨ ਵਿਚ ਇੰਨੇ ਜ਼ਿਆਦਾ ਡਾਢੇ ਬਣ ਗਏ ਹਨ ਤਾਂ ਹਿੰਦੂ ਮਨ ਦੀ ਵਾੜਬੰਦੀ ਦਾ ਝਲਕਾਰਾ ਸਰਕਾਰ ਦੇ ਸਿਖਰਲੇ ਪੱਧਰਾਂ ਤੋਂ ਵੀ ਮਿਲ ਰਿਹਾ ਹੈ ਜਿਵੇਂ ਕਿ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਵਿਗਿਆਨ ਨਾਲੋਂ ਅੰਧ ਵਿਸ਼ਵਾਸ ਦੀ ਵਡਿਆਈ ਕਰ ਰਹੇ ਹਨ, ਔਰਤਾਂ ਦੀ ਆਜ਼ਾਦੀ ਦੀ ਮੁਖਾਲਫ਼ਤ ਕੀਤੀ ਜਾ ਰਹੀ ਹੈ ਅਤੇ ਪੱਛਮ ਖਿਲਾਫ਼ ਰਹਿ ਰਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਘੀ ਦਰਜਾਬੰਦੀ ਦੀ ਹੇਠਲੀ ਪੌੜੀ ਤੱਕ ਹਿੰਦੂ ਮਨ ਦੇ ਸੁੰਗੜਨ ਦਾ ਇਹ ਪ੍ਰਗਟਾਵਾ ਸਾਡੇ ਸਮਾਜ ਅੰਦਰ ਚੱਲ ਰਹੀਆਂ ਬੇਇਨਸਾਫ਼ੀਆਂ ਬਾਰੇ ਸੱਚ ਪੇਸ਼ ਕਰਨ ਦਾ ਜੇਰਾ ਦਿਖਾਉਣ ਵਾਲੇ ਪੱਤਰਕਾਰਾਂ, ਕਲਾਕਾਰਾਂ, ਲੇਖਕਾਂ ਅਤੇ ਫਿਲਮਸਾਜ਼ਾਂ ‘ਤੇ ਬਦਮਾਸ਼ਾਂ ਵਲੋਂ ਕੀਤੇ ਜਾ ਰਹੇ ਹਮਲਿਆਂ ਦੇ ਰੂਪ ਵਿਚ ਵੀ ਦੇਖਿਆ ਜਾ ਸਕਦਾ ਹੈ।
ਉਂਨ੍ਹੀਵੀਂ ਸਦੀ ਵਿਚ ਜਦੋਂ ਹਵਾਈ ਸਫ਼ਰ ਅਤੇ ਇੰਟਰਨੈੱਟ ਦੀ ਈਜ਼ਾਦ ਨਹੀਂ ਹੋਈ ਸੀ ਤਾਂ ਜੋਤੀਰਾਓ ਫੂਲੇ ਆਪਣੇ ਮੁਲਕ ਤੋਂ ਲੱਖਾਂ ਮੀਲ ਦੂਰ ਇਕ ਦੇਸ ਵਿਚ ਸਮਾਜਕ ਮੁਕਤੀ ਦੇ ਅਮਲ ਦਾ ਅਧਿਐਨ ਕਰਨ ਲਈ ਆਪਣੇ ਮਨ ਦੀ ਤਾਕਤ ਨਾਲ ਸਾਗਰਾਂ ਤੋਂ ਪਾਰ ਜਾ ਸਕਦੇ ਸਨ। ਹੁਣ ਇੱਕੀਵੀਂ ਸਦੀ ਵਿਚ ਜਦੋਂ ਦੁਨੀਆ ਇਕ ਦੂਜੇ ਨਾਲ ਪੂਰੀ ਤਰ੍ਹਾਂ ਜੁੜ ਚੁੱਕੀ ਹੈ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਸਾਨੂੰ ਕਹਿੰਦਾ ਹੈ ਕਿ ਸਾਨੂੰ ਆਪਣੇ ਆਪ ਵਿਚ ਸਿਮਟ ਕੇ ਰਹਿਣਾ ਚਾਹੀਦਾ ਹੈ। ਸਾਨੂੰ ਕਿਸੇ ਦੀ ਨਹੀਂ ਸੁਣਨੀ ਚਾਹੀਦੀ।
ਮੈਂ ਕੌਣ ਹਾਂ?
ਏਸ਼ਿਆਈ, ਯੂਰਪੀਅਨ ਜਾਂ ਅਮਰੀਕੀ?
ਮੈਂ ਆਪਣੇ ਅੰਦਰ ਸ਼ਖ਼ਸੀਅਤਾਂ ਦਾ ਇਕ ਵਚਿੱਤਰ ਜਿਹਾ ਮਿਲਾਪ ਮਹਿਸੂਸ ਕਰਦਾ ਹਾਂ।’
-ਸਵਾਮੀ ਵਿਵੇਕਾਨੰਦ