ਉਹ ਇੱਕੀ ਦਿਨ : ਮਹਾਮਾਰੀ ਤੇ ਇਕਾਂਤਵਾਸ ਦੀ ਪ੍ਰਮਾਣਿਕ ਬਿਰਤਾਂਤਕਾਰੀ - ਮਨਮੋਹਨ
‘ਉਹ ਇੱਕੀ ਦਿਨ’ ਗੁਰਮੀਤ ਕੜਿਆਲਵੀ ਦਾ ਪਲੇਠਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਗਲਪ ਜਗਤ
‘ਚ ਛੇ ਕਹਾਣੀ ਸੰਗ੍ਰਹਿ, ‘ਅੱਕ ਦਾ ਬੂਟਾ’, ‘ਊਣੇ’, ‘ਆਤੂ ਖੋਜੀ’, ‘ਢਾਲ’, ‘ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ’,
‘ਹਾਰੀ ਨਾ ਬਚਨਿਆ’ ਅਤੇ ਦੋ ਬਾਲ ਸਾਹਿਤ ਦੇ ਕਹਾਣੀ ਸੰਗ੍ਰਹਿਆਂ ‘ਟਾਂਗੇ ਵਾਲਾ ਸੰਤਾ’ ਅਤੇ ‘ਭੱਠੀ ਵਾਲੀ
ਗਿੰਦਰੋ’ ਨਾਲ ਆਪਣੀ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ। ਇਸਤੋਂ ਇਲਾਵਾ ਉਹ ਪੰਜ ਨਾਟਕ ‘ਅਸੀਂ ਹਾਂ ਮਿੱਤਰ
ਤੁਹਾਡੇ’, ‘ਕਰਾਮਾਤੀ ਪੈੱਨ’, ‘ਅਸੀਂ ਉੱਡਣਾ ਚਾਹੁੰਦੇ ਹਾਂ’, ‘ਸ਼ੇਰ ਸ਼ਾਹ ਸੂਰੀ’, ਅਤੇ ‘ਪੰਚ ਪਰਮੇਸ਼ਰ’ ਵੀ ਪੰਜਾਬੀ
ਨਾਟਕ ਜਗਤ ਨੂੰ ਦੇ ਚੁੱਕਾ ਹੈ। ਉਸਦੀਆਂ ਦੋ ਵਾਰਤਕ ਪੁਸਤਕਾਂ ‘ਖ਼ਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ’ ਅਤੇ
‘ਦਹਿਸ਼ਤ ਭਰੇ ਦਿਨ’ ਨੇ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ।
‘ਉਹ ਇੱਕੀ ਦਿਨ’ ਦੇ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਨਾਵਲ ‘ਚ ਮਹਾਮਾਰੀ ਕਾਰੋਨਾ ਦੌਰਾਨ ਸਰਕਾਰ ਵੱਲੋਂ ਐਲਾਨੇ ਇਕਾਂਤਵਾਸ ਦੇ ਅਨੁਭਵਾਂ ਨੂੰ ਬਿਰਤਾਂਤ ਦਾ ਮੂਲ ਆਧਾਰ ਬਣਾਇਆ ਗਿਆ ਹੈ। ਇਕਾਂਤਵਾਸ ਭਾਵ ਕੁਆਰਨਟੀਨ। ਮਹਾਮਾਰੀਆਂ ਨਾਲ ਲੜਨ ਲਈ ਰੋਕਥਾਮ ਦੀ ਦਵਾਈ ਦੀ ਈਜ਼ਾਦ ਹੋਣ ਤੋਂ ਪਹਿਲਾਂ ਇਕ ਇਕੋ ਹੱਲ ਸਿਹਤ ਵਿਗਿਆਨ ਕੋਲ ਸੀ ਕਿ ਮਹਾਮਾਰੀ ਦੇ ਮਰੀਜ਼ ਨੂੰ ਇਕਾਂਤਵਾਸ ਕਰ ਦਿੱਤਾ ਜਾਵੇ ਤਾਂ ਕਿ ਬਿਮਾਰੀ ਦੇ ਪ੍ਰਭਾਵ ਵਿਰੁਧ ਮਨੁੱਖੀ ਸਰੀਰ ਆਪਣੀ ਅੰਦਰੂਨੀ ਸ਼ਕਤੀ ਸਿਰ ਲੜ ਕੇ ਮੁੜ ਤੰਦਰੁਸਤ ਹੋ ਸਕੇ ਅਤੇ ਨਾਲ ਹੀ ਉਸਤੋਂ ਕਿਸੇ ਹੋਰ ਨੂੰ ਲਾਗ ਲੱਗਣ ਤੋਂ ਵੀ ਬਚਿਆ ਜਾਵੇ।
ਫ਼ਾਰਸ ਦੇ ਔਸ਼ਧੀ ਵਿਦਵਾਨ ਇਬਨੇ ਸਿੰਨਾ (980-1037) ਨੂੰ ਸ਼ੱਕ ਹੋਇਆ ਕਿ ਕੁਝ ਬਿਮਾਰੀਆਂ ਦੇ ਫੈਲਣ ਦਾ ਕਾਰਨ ਸੂਖਮ ਜੀਵ/ਪਰਜੀਵ ਹਨ, ਜੋ ਬੰਦੇ ਅਤੇ ਜਾਨਵਰ ਦਰਮਿਆਨ ਵਟਾਂਦਰੇ ਨਾਲ ਹੋਰ ਸ਼ਕਤੀਸ਼ਾਲੀ ਰੂਪ ‘ਚ ਪ੍ਰਗਟ ਹੋ ਕੇ ਵੱਡੀ ਪੱਧਰ ‘ਤੇ ਲਾਗ ਅਤੇ ਛੂਤ ਦਾ ਕਾਰਨ ਬਣਦੇ ਹਨ। ਬੰਦੇ ਤੋਂ ਬੰਦੇ ਦੀ ਲਾਗ ਦੇ ਨਿਰੋਧ ਲਈ ਉਸਨੂੰ ਇਕ ਵਿਚਾਰ-ਵਿਧੀ ਸੁੱਝੀ ਕਿ ਬੰਦਿਆਂ ਨੂੰ ਚਾਲ਼ੀ ਦਿਨਾਂ ਲਈ ‘ਕੱਲਿਆਂ ਕਰ ਦਿੱਤਾ ਜਾਵੇ ਤਾਂ ਕਿ ਮਨੁੱਖ ਇਕੱਲਤਾ ‘ਚ ਰਹਿ ਕੇ ਬਿਮਾਰੀ ਵਿਰੁਧ ਅੰਦਰੂਨੀ ਤੌਰ ‘ਤੇ ਲੜ ਕੇ ਤੰਦਰੁਸਤ ਹੋ ਜਾਵੇ। ਇਸਨੂੰ ਉਸਨੇ “ਅੱਲ-ਅਰਬਾ ‘ਈਨੀਆ” ਕਿਹਾ ਜਿਸਦਾ ਭਾਵ ਹੈ ਚਾਲ਼ੀ ਦਿਨ। ਇਟਲੀ ਦੇ ਵੀਨਸ ਸ਼ਹਿਰ ਦੇ ਵਿਓਪਾਰੀਆਂ ਨੇ ਜਦੋਂ ਇਸਦੀ ਸਫ਼ਲਤਾ ਬਾਰੇ ਸੁਣਿਆ ਤਾਂ ਉਹ ਇਸ ਗਿਆਨ ਨੂੰ ਆਪਣੇ ਨਾਲ ਇਟਲੀ ਲੈ ਗਏ। ਓਥੇ ਉਨ੍ਹਾਂ ਇਸਦਾ ਨਾਮ ਲਾਤੀਨੀ ‘ਚ ਤਰਜਮਾ ਕਰ ‘quarantena’ ਰੱਖ ਦਿੱਤਾ ਜਿਸਦਾ ਭਾਵ ਇਤਾਲਵੀ ਭਾਸ਼ਾ ‘ਚ ਚਾਲ਼ੀ ਹੈ। ਇਥੋਂ ਹੀ ਅੱਜ ਦਾ ਸ਼ਬਦ ‘ਕੁਆਰਨਟੀਨ’ ਪ੍ਰਸਿੱਧ ਹੋਇਆ।
ਕੁਆਰਨਟੀਨ ਦੇ ਸੰਕਲਪ ਦੀ ਨਸਲਵਾਦੀ ਭੇਦਭਾਵ ਵਜੋਂ ਦੁਰਵਰਤੋਂ ਵੀ ਹੋਈ। ਯੂਰਪੀ ਦੇਸ਼ਾਂ ਨੇ ਬਸਤੀਵਾਦੀ ਦੌਰ ‘ਚ ਬਸਤੀਆਂ ਦੀ ਸੱਭਿਅਤਾ ਨਾਲ ਦੁਜੈਲਾ ਅਤੇ ਭੇਦਭਾਵ ਭਰਿਆ ਵਿਵਹਾਰ ਕੀਤਾ। ਫਰਾਂਜ਼ ਫਾਨਨ ਦੀ ਕਿਤਾਬ ‘The Wretched of Earth’ ਦੀ ਭੂਮਿਕਾ ‘ਚ ਜਾਂ ਪਾਲ ਸਾਰਤਰ ਲਿਖਦਾ ਹੈ ਕਿ ਇਸ ਅਮਲ ‘ਚ ਯੂਰਪੀ ਉਤਮਤਾ ਅਤੇ ਸੁਚੱਤਾ ਦਾ ਦੰਭ ਪਿਆ ਹੈ। ਯੂਰਪ ‘ਚ ਫੈਲੀ ਪਲੇਗ ਪਿੱਛੇ ਯੂਰਪੀ ਲੋਕਾਂ ਨੂੰ ਇਸਦਾ ਕਾਰਨ ਅਫਰੀਕਾ ਅਤੇ ਏਸ਼ੀਆ ਤੋਂ ਸਮੁੰਦਰੀ ਜਹਾਜ਼ਾਂ ਰਾਹੀਂ ਪੁੱਜਣ ਵਾਲੇ ਯਾਤਰੀ ਪ੍ਰਤੀਤ ਹੁੰਦੇ ਸਨ। ਇਸ ਲਈ ਉਨ੍ਹਾਂ ਦਾ ਚਾਲੀ ਦਿਨ ਗਰਮ ਮੌਸਮ ‘ਚ ਸ਼ੁੱਧੀਕਰਣ ਕੀਤਾ ਜਾਂਦਾ ਸੀ। ਭਾਰਤੀਆਂ ਨੇ ਵੀ ਵੀਹਵੀਂ ਸਦੀ ਦੇ ਆਰੰਭ ‘ਚ ਬਹੁਤ ਜ਼ੁਲਮ ਅਤੇ ਸ਼ੋਸ਼ਣ ਭੋਗਿਆ। ਯੂਰਪੀਆਂ ਦੀਆਂ ਸ਼ਾਂਤ ਅਤੇ ਪ੍ਰਸ਼ਾਂਤ ਮਹਾਸਾਗਰਾਂ ਦੇ ਦੀਪ ਸਮੂਹਾਂ ‘ਚ ਵੱਸੀਆਂ ਬਸਤੀਆਂ ‘ਚ ਜਾਣ ਵਾਲਿਆਂ ਭਾਰਤੀਆਂ ਨੂੰ ਕੰਬੋਡੀਆ, ਫਰਾਮੂਸਾ, ਵੀਅਤਨਾਮ, ਫਿਜੀ, ਫਿਲਪੀਨਜ਼ ਅਤੇ ਗੁਆਮ ਆਦਿ ‘ਚ ਕੁਆਰਨਟੀਨ ਕੀਤਾ ਜਾਂਦਾ।
ਕੁਆਰਨਟੀਨ ਦੇ ਚਾਲੀ ਦਿਨ ਦੇ ਇਕਾਂਤਵਾਸ ਦੀ ਨੀਰਸਤਾ ਤੋਂ ਮੁਕਤ ਹੋਣ ਲਈ ਸਾਹਿਤ ਸਿਰਜਣ ਦੇ ਖੇਤਰ ‘ਚ ਖ਼ਾਸ ਕਰਕੇ ਗਲਪ ਅਤੇ ਵਾਰਤਕ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਇਸ ਮਜਬੂਰਨ ਕੈਦ ਦਾ ਸਾਕਾਰਾਤਮਕ ਅਤੇ ਸਿਰਜਣਾਤਮਕ ਪ੍ਰਯੋਗ ਵੀ ਕੀਤਾ। ਐਲਬੇਅਰ ਕਾਮੂ ਨੇ ਯੂਰਪ ‘ਚ ਜਰਮਨੀ ਦੇ ਕਬਜ਼ੇ ਵਾਲੇ ਫ਼ਰਾਂਸ ‘ਚ ਫੈਲੀ ਮਹਾਮਾਰੀ ‘ਤੇ ‘ਪਲੇਗ’ ਨਾਵਲ ਲਿਖਿਆ ਜਿਸ ਨਾਲ ਪੱਛਮੀ ਨਾਵਲ ਪਰੰਪਰਾ ‘ਚ ਇਕ ਨਵਾਂ ਰੁਝਾਨ ਪੈਦਾ ਹੋਇਆ। ਉਸਨੇ ਬੜੀ ਸਟੀਕ ਭਾਸ਼ਾ ‘ਚ ਲਿਖਿਆ; ‘ਮਹਾਮਾਰੀ ਬੜੀ ਚਲਾਕ, ਸ਼ਾਤਿਰ ਅਦਿੱਖ ਵੈਰਣ ਹੈ ਜੋ ਆਪਣੇ ਕੰਮ ‘ਚ ਬੜੀ ਮਾਹਿਰ ਤੇ ਕੁਸ਼ਲ ਪ੍ਰਬੰਧਕ ਹੈ ਤੇ ਆਪਣਾ ਕਾਰਜ ਬੜੇ ਸਲੀਕੇ ਅਤੇ ਕਾਰਗਰ ਢੰਗ ਨਾਲ ਸਮੁੱਚਤਾ ‘ਚ ਨੇਪਰੇ ਚਾੜ੍ਹਦੀ ਹੈ’।
ਉਰਦੂ ‘ਚ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ ‘ਕੁਆਰਨਟੀਨ’ ਪਲੇਗ ਦੀ ਮਹਾਮਾਰੀ ਦੇ ਸਬੰਧ ‘ਚ ਹੈ। ਇਸ ਵਿਚ ਬੇਦੀ ਨੇ ਪਲੇਗ ਦੀ ਮਹਾਮਾਰੀ ‘ਚ ਵਿਲੀਅਮ ਭਾਘਵ ਨਾਮੀ ਸਫ਼ਾਈ ਕਰਮਚਾਰੀ ਦੀ ਸੇਵਾ ਭਾਵਨਾ ਦੇ ਬਰਅਕਸ ਮੱਧਵਰਗ ਦੇ ਸਵਾਰਥ ਅਤੇ ਲੋਭ ਨੂੰ ਬੜੇ ਤਨਜ਼ੀਆ ਅੰਦਾਜ਼ ‘ਚ ਪੇਸ਼ ਕੀਤਾ ਹੈ।
ਹਿੰਦੀ ਦੇ ਮਸ਼ਹੂਰ ਕਵੀ ਸੂਰਯਕਾਂਤ ਤ੍ਰਿਪਾਠੀ ਨਿਰਾਲਾ ਨੇ ਆਪਣੀ ਸਵੈਜੀਵਨੀ ‘ਕੁਲੀ ਭਾਟ’ ਨੇ 1918 ਬਾਰੇ ਲਿਖਿਆ : ‘ਮੈਂ ਦਾਲਭੂਮ ‘ਚ ਗੰਗਾ ਕਿਨਾਰੇ ਖੜ੍ਹਾ ਸੀ ਤੇ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਗੰਗਾ ਦੇ ਪਾਣੀਆਂ ‘ਚ ਲਾਸ਼ਾਂ ਹੀ ਲਾਸ਼ਾਂ ਦਿੱਸ ਰਹੀਆਂ ਸਨ। ਮੇਰੇ ਸਹੁਰਿਆਂ ਤੋਂ ਖ਼ਬਰ ਆਈ ਕਿ ਮੇਰੀ ਪਤਨੀ ਮਨੋਹਰਾ ਦੇਵੀ ਵੀ ਚੱਲ ਵੱਸੀ। ਮੇਰੇ ਭਰਾ ਦਾ ਸੱਭ ਤੋਂ ਵੱਡਾ ਬੇਟਾ ਜੋ ਕਿ ਪੰਦਰਾਂ ਸਾਲ ਦਾ ਸੀ ਅਤੇ ਮੇਰੀ ਇਕ ਸਾਲ ਦੀ ਬੇਟੀ ਨੇ ਵੀ ਪ੍ਰਾਣ ਤਿਆਗ ਦਿੱਤੇ। ਮੇਰੇ ਪਰਿਵਾਰ ਦੇ ਹੋਰ ਵੀ ਕਈ ਲੋਗ ਸਦਾ ਲਈ ਤੁਰ ਗਏ। ਲੋਕਾਂ ਦੇ ਸਸਕਾਰ ਲਈ ਲਕੜਾਂ ਘੱਟ ਪੈ ਗਈਆਂ ਸਨ। ਪਲਕਾਂ ਝਪਕਦਿਆਂ ਹੀ ਮੇਰਾ ਪਰਿਵਾਰ ਮੇਰੀਆਂ ਅੱਖਾਂ ਮੂਹਰਿਓਂ ਗ਼ਾਇਬ ਹੋ ਗਿਆ। ਮੇਰੀਆਂ ਅੱਖਾਂ ਮੂਹਰੇ ‘ਨੇਰ੍ਹਾ ਹੀ ‘ਨੇਰ੍ਹਾ ਸੀ’।
ਹਿੰਦੀ ‘ਚ 1922 ਦੌਰਾਨ ਸ਼੍ਰੀਨਾਥ ਸਿੰਹ ਦਾ ਨਾਵਲ ‘ਉਲਝਨ’ ਆਇਆ ਜੋ ਚੇਤਨ ਨਾਮ ਦੇ ਭਾਰਤੀ ਲੜਕੇ ਦੀ ਕਹਾਣੀ ਹੈ। ਉਹ ਪੜ੍ਹਾਈ ਲਈ ਲੰਡਨ ਜਾ ਰਿਹਾ ਸੀ ਪਰ ਮੱਧ ਪੂਰਬ ‘ਚ ਉਸਨੂੰ ਕਿਸੇ ਰੇਗਿਸਤਾਨੀ ਇਲਾਕੇ ‘ਚ ਕੁਆਰਨਟੀਨ ਕਰ ਦਿੱਤਾ ਜਾਂਦਾ ਹੈ। ਓਥੇ ਉਸਦਾ ਪੱਲਵੀ ਨਾਮੀ ਕੁੜੀ ਨਾਲ ਪਿਆਰ ਹੁੰਦਾ ਹੈ ਜੋ ਉਸ ਅੰਦਰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਲਈ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੀ ਹੈ। ਫਣੀਸ਼ਵਰ ਨਾਥ ਰੇਣੂ ਦਾ ‘ਮੈਲਾ ਆਂਚਲ’ ਉਦੋਂ ਲਿਖਿਆ ਗਿਆ ਜਦੋਂ ਉੱਤਰੀ ਬਿਹਾਰ ਦੇ ਪੂਰਨੀਆ ਖੇਤਰ ‘ਚ ਦਿਮਾਗ਼ੀ ਬੁਖ਼ਾਰ ਫੈਲਿਆ ਹੋਇਆ ਸੀ। ਜੋ ਲਾਇਲਾਜ ਸੀ। ਉਸ ਬਹੁਤ ਹੀ ਗਰੀਬ ਇਲਾਕੇ ਤੇ ਉਸ ਗੰਭੀਰ ਸੰਕਟ ‘ਚੋਂ ‘ਮੈਲਾ ਆਂਚਲ’ ਨਿਕਲਿਆ। ਨਾਵਲ ‘ਗਾਡੀ ਵਾਲੋਂ ਕਾ ਕਟੜਾ’ ਅਤੇ ਰਾਹੀ ਮਾਸੂਮ ਰਜ਼ਾ ਦਾ ‘ਆਧਾ ਗਾਂਵ’ ‘ਚ ਮਹਾਮਾਰੀ ਦਾ ਬਿਰਤਾਂਤ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਯਾਤਰੀ ਅਤੇ ਵਿਓਪਾਰੀ ਆਪਣੇ ਸੰਗ ਬਿਮਾਰੀਆਂ ਦੇ ਵਿਸ਼ਾਣੂਆਂ ਦੇ ਨਾਲ ਨਾਲ ਬਹੁਤ ਸਾਰੇ ਕਥਾ ਬਿਰਤਾਂਤ ਵੀ ਲੈ ਕੇ ਚੱਲਦੇ ਅਤੇ ਇਹ ਦੂਰ ਦੁਰਾਡੀਆਂ ਧਰਤੀਆਂ ਤੇ ਸੱਭਿਅਤਾਵਾਂ ਦੇ ਮਨ ਦਾ ਹਿੱਸਾ ਬਣ ਜਾਂਦੇ। ਇਹੋ ਹੀ ਸ਼ਾਇਦ ਮਹਾਮਾਰੀਆਂ ਵਿਰੁਧ ਲੜਨ ਦੀ ਮਾਨਵੀ ਸਿਰਜਣਾਤਮਕਤਾ ਦਾ ਦਿਓਤਕ ਹੈ ਜਿਸਨੂੰ ਜ਼ਿੰਦਾ ਰੱਖਣਾ ਹਰ ਲੇਖਕ ਦੀ ਸਮਾਜਿਕ ਜ਼ਿੰਮੇਵਾਰੀ ਹੈ। ਪੰਜਾਬੀ ਗਲਪ ‘ਚ ਮਹਾਮਾਰੀਆਂ ਦੇ ਸਮਿਆਂ ਦੇ ਸਾਹਿਤ ਸਿਰਜਣ ‘ਚ ਕੋਈ ਜ਼ਿਕਰਯੋਗ ਪ੍ਰਯੋਗ ਹੋਇਆ ਨਹੀਂ ਦਿੱਸਦਾ। ਪਰ ਇਸ ਕਮੀ ਨੂੰ ‘ਉਹ ਇੱਕੀ ਦਿਨ’ ਦੀ ਆਮਦ ਭਰਦੀ ਹੋਈ ਦਿਖਾਈ ਦਿੰਦੀ ਹੈ।
ਗਰਮੀਤ ਕੜਿਆਲਵੀ ਮੂਲ ਰੂਪ ‘ਚ ਕਹਾਣੀਕਾਰ ਹੈ। ਇਸ ਲਈ ਉਸਦੀ ਬਿਰਤਾਂਤਕਾਰੀ ‘ਚ ਕਥਾਕਾਰੀ ਦੀ ਵਿਧੀ ਬਿਰਤਾਂਤਕ ਜੁਗਤ ਵਾਂਗ ਇਸ ਨਾਵਲ ਦੇ ਆਰ ਪਾਰ ਫੈਲੀ ਹੋਈ ਹੈ। ‘ਉਹ ਇੱਕੀ ਦਿਨ’ ਦਾ ਬਿਰਤਾਂਤ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਪੰਜਾਬ ਤੋਂ ਬਾਹਰੋਂ ਆਏ ਬਹੁਤ ਸਾਰੇ ਲੋਕਾਂ ਦਾ ਕਿਸੇ ਸ਼ਹਿਰ ਦੇ ‘ਡਿਵਾਈਨ ਲਾਈਟ ਪਬਲਿਕ ਸਕੂਲ’ ‘ਚ ਇਕਾਂਤਵਾਸ ਦੇ ਇੱਕੀ ਦਿਨ ਦਾ ਘਟਨਾਕ੍ਰਮ ਹੈ। ਬਿਰਤਾਂਤਕਾਰ ਨੂੰ ਸਰਕਾਰੀ ਕਾਰਗੁਜ਼ਾਰੀ ਦਾ ਨਿੱਜੀ ਤੇ ਸਿੱਧਾ ਅਨੁਭਵ ਹੋਣ ਕਾਰਨ ਸਰਕਾਰੀ ਨੌਕਰਸ਼ਾਹੀ ਦੀ ਅਸੰਵੇਦਨਹੀਣਤਾ ਦਾ ਗਿਆਨ ਹੈ। ਇਸ ਲਈ ‘ਉਹ ਇੱਕੀ ਦਿਨ’ ਦਾ ਬਿਰਤਾਂਤ ਪਹਿਲੇ ਅਧਿਆਇ ਤੋਂ ਹੀ ਆਪਣੀ ਵਸਤੂਗਤਤਾ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਬੜੀ ਪਾਰਦਰਸ਼ੀ ਅਤੇ ਪੁਖ਼ਤਗੀ ਨਾਲ ਸਮਝ ਕੇ ਪੇਸ਼ ਕਰਦਾ ਹੈ। ਨਾਵਲ ਦੇ ਪ੍ਰਕਾਸ਼ਕ ਖ਼ੁਸ਼ਵੰਤ ਬਰਗਾੜੀ ਵੱਲੋਂ ਨਾਵਲ ਦੀ ਪਿੱਠ ‘ਤੇ ਲਿਖੇ ਸ਼ਬਦ ਇਸ ਗੱਲ ਦੀ ਪ੍ਰੋਢਤਾ ਕਰਦੇ ਦਿਖਾਈ ਦਿੰਦੇ ਹਨ : ‘ਉਹ ਇੱਕੀ ਦਿਨ’ ਦੀ ਕਥਾ ਜੁਗਤ ਇਵੇਂ ਖੁੱਲ੍ਹਦੀ ਹੈ ਕਿ ਹਰ ਅਧਿਆਇ ਇਕ ਵਿਸ਼ੇਸ਼ ਦ੍ਰਿਸ਼ ਚਿੱਤਰਣ ਨਾਲ ਪੇਸ਼ ਹੁੰਦਾ ਹੈ ਅਤੇ ਬਾਕੀ ਦਾ ਬਿਰਤਾਂਤ ਉਸੇ ਦ੍ਰਿਸ਼ ਦੀ ਪ੍ਰਕਿਰਤੀ ਤੇ ਸੁਭਾਅ ਨੂੰ ਆਪਣੀ ਪੇਸ਼ਕਾਰੀ ‘ਚ ਆਪਣਾਉਂਦਾ ਹੈ। ਪਹਿਲਾ ਅਧਿਆਇ ਇਸ ਦ੍ਰਿਸ਼ ਨਾਲ ਖੁੱਲ੍ਹਦਾ ਹੈ, ‘ਵਿਸਾਖ ਮਹੀਨੇ ਦੀ ਤਿੱਖੜ ਦੁਪਹਿਰ ... ਅੱਖਾਂ ਨੂੰ ਚੁੱਭਣ ਵਾਲੀ ਤਿੱਖੀ ਤੇ ਮੀਸਣੀ ਧੁੱਪ’।
ਬਾਕੀ ਦਾ ਬਿਰਤਾਂਤ ਸਕੂਲ ਦੇ ਦ੍ਰਿਸ਼ ‘ਚ ਸਰਕਾਰੀ ਅਧਿਕਾਰੀਆਂ ਦੇ ਅਸੰਵੇਦਨਸ਼ੀਲ ਅਤੇ ਮਸ਼ੀਨੀ ਵਿਵਹਾਰ ਦੀ ਪੇਸ਼ਕਾਰੀ ਕਰਦੀ ਹੈ ਜਿਸ ਦੀ ਵਿਧੀ ਲਘੂ ਕਥਾਤਮਕਤਾਮੂਲਕ ਹੈ। ਅਧਿਕਾਰੀ ਆਪਣੇ ਕਈ ਮਸਲਿਆਂ ਤੇ ਝਮੇਲਿਆਂ ‘ਚ ਉਲਝੇ ਪਏ ਹਨ। ਇਕਾਂਤਵਾਸ ਦੀਆਂ ਹਦਾਇਤਾਂ ਨੂੰ ਬੜੇ ਮਕਾਨਕੀ, ਯਾਂਤਰਿਕ ਅਤੇ ਅਸੰਵੇਦਨਸ਼ੀਲ ਢੰਗ ਨਾਲ ਲਾਗੂ ਕਰ ਰਹੇ ਹਨ। ਉਨ੍ਹਾਂ ਨੂੰ ਇਕਾਂਤਵਾਸੀਆਂ ਦੇ ਅੰਦਰਲੇ ਡਰ, ਸਹਿਮ ਅਤੇ ਖ਼ਦਸ਼ਿਆਂ ਨਾਲ ਕੋਈ ਬਹੁਤਾ ਮਾਨਵੀ ਸਰੋਕਾਰ ਜਾਂ ਸਾਂਝ ਨਹੀਂ। ਦੂਜੇ ਅਧਿਆਇ ‘ਚ ਆਏ ਇਕਾਂਤਵਾਸੀਆਂ ਦਾ ਇਕ ਤਰ੍ਹਾਂ ਨਾਲ ਪਰਿਚਯ ਹੁੰਦਾ ਹੈ। ਹਰ ਇਕਾਂਤਵਾਸੀ ਹੋਰਾਂ ਵਾਂਗ ਇਕਾਂਤਵਾਸੀ ਹੀ ਹੈ ਪਰ ਕਰੋਨਾ ਤੋਂ ਇਲਾਵਾ ਉਸਨੂੰ ਹੋਰ ਵੀ ਨਿੱਜੀ ਦੁੱਖ ਤੇ ਸੰਤਾਪ, ਡਰ ਤੇ ਸ਼ੰਕੇ, ਅਸੁਰੱਖਿਤਾਵਾਂ ਤੇ ਖ਼ਦਸ਼ੇ, ਸੁਪਨੇ ਤੇ ਖ਼ਵਾਹਿਸ਼ਾਂ, ਚਾਹਤਾਂ ਤੇ ਕਾਮਨਾਵਾਂ ਅਤੇ ਚਿੰਤਾਵਾਂ ਤੇ ਚੇਤਨਾਵਾਂ ਨੇ। ਹਰ ਇਕ ਨੂੰ ਇੱਕੀ ਦਿਨਾਂ ਦੇ ਇਕਾਂਤਵਾਸ ਤੋਂ ਮੁਕਤ ਹੋ ਘਰ ਜਾਣ ਦੀ ਕਾਹਲ਼ ਹੈ। ਚਿੱਟੇ ਵਾਲਾਂ ਵਾਲੀ ਦਾਨੀ ਬੀਬੀ ਜੰਤਰੀ ‘ਤੇ ਪੈਨਸਿਲ ਦੀਆਂ ਨਿਸ਼ਾਨੀਆਂ ਲਾਉਂਦੀ ਜੇਠ ਮਹੀਨੇ ਦੀ ਆਮਦ ਦੀ ਉਡੀਕ ‘ਚ ਹੈ। ਇਕ ਹੋਰ ਬੀਬੀ ਨਿੱਤ ਘਰ ਜਾਣ ਹਿੱਤ ਦਿਨਾਂ ਦਾ ਹਿਸਾਬ ਕਿਤਾਬ ਲਾਉਂਦੀ ਰਹਿੰਦੀ ਹੈ। ਨਛੱਤਰ ਸਿੰਘ ਨਾਮ ਦਾ ਪਾਤਰ ਵਿਆਜੂ ਦਿੱਤੇ ਪੈਸਿਆਂ ਦਾ ਹਿਸਾਬ ਆਪਣੀ ਡਾਇਰੀ ‘ਚ ਲਿਖਦਾ ਰਹਿੰਦਾ ਹੈ। ਕਾਹਲ਼ੇ ਸੁਭਾਅ ਵਾਲਾ ਮੁੰਡਾ ਮਨਵੀਰ ਉਰਫ ਲਵੀ ਆਪਣੇ ਮੋਬਾਈਲ ਫੋਨ ‘ਤੇ ਜਾਣ ਦੀ ਤਰੀਕ ਦਾ ਰਿਮਾਂਇਡਰ ਲਾ ਲੈਂਦਾ ਹੈ। ਸਰਕਾਰੀ ਬੱਸ ਦਾ ਡਰਾਈਵਰ ਗੁਰਚਰਨ ਬਾਹਰਲੇ ਸੂਬੇ ‘ਚੋਂ ਸੰਗਤ ਨੂੰ ਲਿਆਉਣ ਕਾਰਨ ਇਕਾਂਤਵਾਸ ਮਗਰੋਂ ਓਸ ਦਿਨ ਨੂੰ ਪਛਤਾਅ ਰਿਹੈ ਜਿਸ ਦਿਨ ਉਸਨੇ ਹਾਮੀ ਭਰੀ ਸੀ।
ਆਨੰਦ ਨਾਮ ਦਾ ਪਾਤਰ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੈ। ਉਹ ਕਹਿੰਦਾ ਹੈ; ‘ਮਹਾਂਮਾਰੀ ਦੀ ਸਿਆਸਤ ਦੇ ਇਹ ਦਿਨ ਆਤਮ ਚਿੰਤਨ ਦੇ ਦਿਨ ਹਨ। ਕੁਦਰਤੀ ਅਤੇ ਮਨੁੱਖੀ ਮਹਾਂਮਾਰੀਆਂ ਬਾਰੇ ‘ਕੀ, ਕਿਉਂ ਤੇ ਕਿਵੇਂ’ ਵਰਗੇ ਸਵਾਲ ਖੜ੍ਹੇ ਕਰਨੇ ਚਾਹੀਦੇ ਹਨ। ਇਸ ਸਮੇਂ ਘਬਰਾਉਣ ਦੀ ਨਹੀਂ-ਜ਼ਿੰਦਗੀ ਨਾਲ ਜੁੜੇ ਬਹੁਤ ਸਾਰੇ ਸਵਾਲਾਂ ਬਾਰੇ ਚਿੰਤਨ ਕਰਨ ਦੀ ਜ਼ਰੂਰਤ ਹੈ’। ਨੀਝ ਨਾਲ ਦੇਖਿਆਂ ਇਹ ਪਾਤਰ ਦਰਅਸਲ ਬਿਰਤਾਂਤਕਾਰ ਹੈ। ਜਦੋਂ ਉਸਨੇ ਕੋਈ ਵਸਤੂਗਤ ਤਾਰਕਿਕਤਾ ਜਾਂ ਗਿਆਨਾਤਮਕ ਦ੍ਰਿਸ਼ਟੀਕੋਣ ਨੂੰ ਬਿਰਤਾਂਤ ਦਾ ਹਿੱਸਾ ਬਣਾਉਣਾ ਹੁੰਦਾ ਹੈ ਤਾਂ ਆਨੰਦ ਦਾ ਸਹਾਰਾ ਲੈਂਦਾ ਹੈ। ਭਾਰਤੀ ਇਤਿਹਾਸ ‘ਚ ਜਾਤਕ ਕਥਾਵਾਂ ‘ਚ ਮਹਾਤਮਾ ਬੁੱਧ ਦੇ ਬਿਰਤਾਂਤਾਂ ਨਾਲ ਵੀ ਆਨੰਦ ਨਾਮ ਦਾ ਪਾਤਰ ਜੁੜਿਆ ਹੈ। ਆਨੰਦ ਦਰਅਸਲ ਮਹਾਤਮਾ ਬੁੱਧ ਦਾ ਗਿਆਨ ਵਾਹਕ। ਪੱਛਮੀ ਚਿੰਤਕ ਨਾਰਥਰੋਪ ਫਰਾਈ ਆਪਣੀ ਕਿਤਾਬ ‘Anotomy of Criticism’ ‘ਚ ਵਸਤੂਗਤ ਸਹਿ ਸਬੰਧਕ ‘objective correlative’ ਕਹਿੰਦਾ ਹੈ। ਇਹੋ ਪਾਤਰ ਕਥਾ ਧਾਰਕ ਦੇ ਰੂਪ ‘ਚ ਕਾਰੋਨਾ ਮਹਾਂਮਾਰੀ ਕਾਰਨ ਆਏ ਸੰਕਟ ਤਾਰਕਿਕ ਦਾਰਸ਼ਨਿਕੀਕਰਣ ਕਰਦਾ ਹੈ; ‘ਸੋ ਭਾਈ, ਇਹ ਜਿਹੜਾ ‘ਆਈਸੋਲੇਸ਼ਨ ਸੈਂਟਰ ਹੈ ਨਾ-ਇਹ ਯਾਤਰਾ ਦੀ ਚੌਥੀ ਕੂੰਟ ਹੈ। ਇਹ ਜ਼ਿੰਦਗੀ ਦੀਆਂ ਤਲਖੀਆਂ ਨੂੰ ਸਮਝਣ ਦਾ ਇਕ ਮੱਠ ਹੈ। ਸਮਝਲੋ ਕੁਦਰਤ ਨੇ ਇਹ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਦਿੱਤਾ ਹੈ। ਅਸੀਂ ਹੁਣ ਤੱਕ ਕੀ-ਖੱਟਿਆ-ਕੀ ਗੁਆਇਆ? ... ਸੋ ਪਿਆਰਿਓ ਇਹਨਾਂ ਸਵਾਲਾਂ ਬਾਰੇ ਵਿਚਾਰਾਂ ਕਰੋ ਤੇ ਆਈਸੋਲੇਸ਼ਨ ਸੈਂਟਰ ‘ਚ ਮੌਜ ਕਰੋ।’।
ਇਕ ਹੋਰ ਅਧਿਆਇ ਇਸ ਦ੍ਰਿਸ਼ ਚਿਤਰਣ ਨਾਲ ਆਰੰਭ ਹੁੰਦੈ: ‘ਮੌਸਮ ਹੁੰਮਸ ਨਾਲ ਭਰਿਆ ਹੋਇਆ... ਅਸਮਾਨ ‘ਤੇ ਗਹਿਰ ਚੜੀ ਹੋਈ। ਦ੍ਰਿਸ਼ਕਾਰੀ ਦੀ ਇਸ ਭਾਸ਼ਾ ‘ਚ ਇਕਾਂਤਵਾਸ ਸੈਂਟਰ ਦਾ ਮਾਹੌਲ ਕਾਰੋਨਾ ਦੇ ਟੈਸਟਾਂ ਅਤੇ ਸੈਂਪਲਾਂ ਜਾਂ ਫਿਰ ‘ਸੱਸਪੈਕਟਿਡ ਪੇਸ਼ੈਂਟ’ ਅਤੇ ‘ਕਾਰੋਨਾ ਪੇਸ਼ੈਂਟ’ ਆਦਿ ਵਾਕਾਂਸ਼ਾਂ ਨਾਲ ਜੁੜੇ ਸੰਵਾਦਾਂ ਦਰਮਿਆਨ ਉਸਰਦਾ ਹੈ। ਜਿੱਥੇ ਜੇ ਭੈਅ ਤੇ ਚਿੰਤਾ ਦਾ ਆਲਮ ਹੈ ਓਥੇ ਗੁਰਬਾਣੀ ਦੀ ‘ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ’ ਦੀ ਸ਼ਰਣ ਵੀ ਹੈ। ਇਸ ਸਾਰੇ ਬਿਰਤਾਂਤ ‘ਚ ਪਾਠਕ ਦ੍ਰਿਸ਼, ਭਾਸ਼ਾ ਅਤੇ ਸੰਵਾਦਾਂ ਰਾਹੀਂ ਆਪਣੇ ਆਪ ਪਾਠ ਨਾਲ ਜੁੜਦਾ ਚਲਿਆ ਜਾਂਦਾ ਹੈ।
ਇਸੇ ਤਰ੍ਹਾਂ ਇਕ ਅਧਿਆਇ ਦਾ ਦ੍ਰਿਸ਼ ਇਸ ਭਾਸ਼ਾ ‘ਚ ਸਿਰਜਿਆ ਗਿਆ ਹੈ, ‘ਸਹਿਮੀ ਤੇ ਖ਼ੁਸ਼ਕ ਹਵਾ ਵੱਗ ਰਹੀ ਹੈ... ਮੌਸਮ ‘ਚ ਗਰਮੀ ਹੀ ਨਹੀਂ ਬੇਪ੍ਰਤੀਤੀ ਵੀ ਭਾਰੂ ਹੋਈ ਪਈ ਹੈ’। ਆਈਸੋਲੇਸ਼ਨ ਸੈਂਟਰ ਦੇ ਬਾਹਰੀ ਮਾਹੌਲ ਦੀ ਦ੍ਰਿਸ਼ਕਾਰੀ ਦੇ ਨਾਲ ਨਾਲ ਹੁਣ ਇਕਾਂਤਵਾਸੀਆਂ ਦੇ ਮਨਾਂ ਦੇ ਅੰਦਰੂਨੀ ਜਗਤ ‘ਚ ਪੈਦਾ ਹੋ ਰਹੀਆਂ ਸਥਿਤੀਆਂ ਪ੍ਰਸਥਿਤੀਆਂ ਦਾ ਬਿਰਤਾਂਤ ਵੀ ਸਿਰਜਿਆ ਜਾਣ ਲਗਦਾ ਹੈ। ਸਿਕੰਦਰ ਨਾਮ ਦਾ ਪਾਤਰ ਨਸ਼ਿਆਂ ਦਾ ਆਦੀ ਹੈ। ਆਈਸੋਲੇਸ਼ਨ ਸੈਂਟਰ ‘ਚ ਨਸ਼ਾ ਨਹੀਂ ਮਿਲਦਾ। ਉਸਦੀ ਮਾਂ ਤੇ ਭੈਣ ਗੁਰਬੀਰ ਨੂੰ ਬੇਨਤੀ ਕਰਦੀਆਂ ਨੇ ਕਿ ਇਸਨੂੰ ਇਥੇ ਚਾਰ ਪੰਜ ਮਹੀਨੇ ਹੋਰ ਰੱਖ ਲਵੋ। ਕਾਰੋਨੇ ਦੀ ਬਿਮਾਰੀ ਨਾਲ ਤਾਂ ਨਹੀਂ ਮਰਦਾ ਪਰ ਜੇ ਬਾਹਰ ਆ ਗਿਆ ਤਾਂ ਨਸ਼ੇ ਨਾਲ ਜ਼ਰੂਰ ਮਰ ਜਾਵੇਗਾ।
ਅਗਲੇ ਅਧਿਆਇ ਦਾ ਆਰੰਭ ਇਨ੍ਹਾਂ ਸ਼ਬਦਾਂ ਰਾਹੀਂ ਕੀਤੀ ਦ੍ਰਿਸ਼ਕਾਰੀ ਨਾਲ ਹੁੰਦਾ ਹੈ : ‘ਹੁਸੜ ਨਾਲ ਭਰੀ ਦੁਪਹਿਰ ਜੋਬਨ ਹੰਢਾ ਕੇ ਆਥਣ ਵੱਲ ਹੋ ਤੁਰੀ ਹੈ... ਥੱਕੇ ਹੋਏ ਪੈਰ ਮਣਾਂ ਮੂੰਹੀਂ ਬੋਝ ਚੁੱਕੀ ਫਿਰਦੇ ਨੇ।’ ਸੈਂਟਰ ਦੇ ਬਾਹਰੀਕਰਨ ਦੇ ਅਜਿਹੇ ਦ੍ਰਿਸ਼ ‘ਚ ਇਕਾਂਤਵਾਸੀਆਂ ਦੀ ਉੱਭਰ ਰਹੀ ਅੰਦਰੂਨੀ ਮਾਨਸਿਕਤਾ ‘ਚ ਉੱਭ, ਬੇਬਸੀ ਅਤੇ ਮਜਬੂਰੀ ਕਾਰਨ ਇਕ ਸਮਾਨਾਂਤਰ ਬਿਰਤਾਂਤ ਦਾ ਵੀ ਨਿਰਮਾਣ ਹੋਣ ਲਗਦਾ ਹੈ : ‘ਦੇਖਿਆ ਤਾਂ ਹੈਗਾ... ਦੇਖਿਆ ਕਿਉਂ ਨ੍ਹੀ। ਦੇਖਣ ਨੂੰ ਕਿਹੜਾ ਅੱਖਾਂ ਬੰਦ ਹੋ ਗਈਆਂ।... ਹੋਰ ਕੰਮ ਵੀ ਕੀ ਆ ਏਥੇ? ਖਾ ਲਿਆ-ਪੀ ਲਿਆ। ਏਧਰ ਝਾਕ ਲਿਆ-ਓਧਰ ਝਾਕ ਲਿਆ। ਕਦੇ ਬਹਿਗੇ-ਕਦੇ ਪੈਗੇ। ਚੱਲ ਦੱਸ ਤਾਂ ਸਹੀ ਵਿੱਚੋਂ ਗੱਲ ਕੀ ਐ ?’
‘ਉਹ ਇੱਕੀ ਦਿਨ’ ਦੇ ਬਿਰਤਾਂਤ ‘ਚ ਤਾਲਾਬੰਦੀ ਦੇ ਦਿਨਾਂ ‘ਚ ਦਿਨ ਪ੍ਰਤੀ ਦਿਨ ਉੱਭਰ ਰਹੇ ਮਸਲਿਆਂ ਜਿਵੇਂ ਮੌਤਾਂ ਦੀ ਵਿਸ਼ਵ ਅਤੇ ਦੇਸ਼ ਦੀ ਪੱਧਰ ‘ਤੇ ਲਗਾਤਾਰ ਵਧ ਰਹੀ ਗਿਣਤੀ ਦਾ ਭੈਅ, ਭਵਿੱਖ ਦੀ ਅਸੁਰੱਖਿਅਤਾ, ਇਸਤੋਂ ਪੈਦਾ ਹੋਈਆਂ ਮਾਨਸਿਕ ਗੁੰਝਲਾਂ, ਸੁਪਨਿਆਂ ਤੇ ਨੀਂਦ ਦੇ ਸਬੰਧਾਂ ਦੇ ਮਹੱਤਵ, ਤਣਾਓ ਤੋਂ ਮੁਕਤੀ ਲਈ ਢੰਗ ਅਤੇ ਤਰੀਕਿਆਂ, ਸੋਸ਼ਲ ਮੀਡੀਆ ਦੇ ਅਭਾਸੀ ਯਥਾਰਥ ਦੀ ਦੁਨੀਆ ਕਾਰਨ ਪੈਦਾ ਹੋ ਰਹੇ ਪ੍ਰਤੱਖਣ ਦੇ ਵਿਗਾੜ ਅਤੇ ਵਿਕਾਰ ਦੇ ਨਾਲ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣ ਦੇ ਦੇਸੀ ਅਤੇ ਅੰਗਰੇਜ਼ੀ ਨੁਸਖੇ ਦੇ ਵਰਨਣ ਨੂੰ ਅਤੇ ਵਹਿਮਾਂ ਭਰਮਾਂ ਜਿਵੇਂ ਸੁੱਚਮ, ਸ਼ੁੱਧਤਾ ਅਤੇ ਛੂਆਛੂਤ ਨਾਲ ਜੁੜੇ ਸਮਾਜਿਕ ਜੀਵਨ ਪਾਸਾਰਾਂ ਨੂੰ ਵੀ ਬਿਰਤਾਂਤ ਦਾ ਅੰਗ ਬਣਾਇਆ ਗਿਆ ਹੈ।
ਮਹਾਮਾਰੀਆਂ ਦੇ ਦੌਰ ‘ਚ ਬੰਦੇ ਨੂੰ ਸਰੀਰਕ ਇਲਾਜ ਦੇ ਇਲਾਵਾ ਧਾਰਮਿਕ ਆਸਥਾ ਦੀ ਵੀ ਵੱਡੀ ਟੇਕ ਹੁੰਦੀ ਹੈ। ਗਿਆਨੀ ਟਹਿਲ ਸਿੰਘ ਉੱਚੀ ਆਵਾਜ਼ ‘ਚ ਪਾਠ ਕਰਦਾ ਤੁਰਿਆ ਫਿਰਦਾ ਰਹਿੰਦਾ ਹੈ :
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
... ... ...
ਪ੍ਰਭ ਡੋਰੀ ਹਾਥਿ ਤੁਮਾਰੇ...॥
... ... ..
ਜੋ ਤੁਧ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
... ... ...
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥
ਗੁਰਬਾਣੀ ਦੀਆਂ ਇਹ ਸਾਰੀਆਂ ਤੁਕਾਂ ਦੇ ਭਾਵ ਅਰਥ ਮੌਤ ਦੇ ਮੂਹਰੇ ਖੜ੍ਹੇ ਬੰਦੇ ਦੀ ਮਾਨਸਿਕਤਾ ਦਾ ਪ੍ਰਤੌਅ ਨੇ ਜੋ ਕਿ ਸੰਕਟ ਦੀ ਘੜੀ ਗੁਰਬਾਣੀ ਰਾਹੀਂ ਅਧਿਆਤਮਕਤਾ ਦੀ ਟੇਕ ਦੀ ਤਲਾਸ਼ ‘ਚ ਹੈ। ਗੁਰਮੀਤ ਲਿਖਦਾ ਹੈ; ‘ਮੌਤ ਦਾ ਭੈਅ, ਮੌਤ ਨਾਲੋਂ ਕਈ ਗੁਣਾ ਵੱਧ ਖ਼ਤਰਨਾਕ ਹੁੰਦਾ ਹੈ। ਇਹ ਮਨੁੱਖ ਨੂੰ ਮਾਰਨ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ।
‘ਉਹ ਇੱਕੀ ਦਿਨ’ ‘ਚ ਗੁਰਮੀਤ ਪ੍ਰਕਿਤਰਤਕ ਅਤੇ ਮਨੁੱਖ ਦੁਆਰਾ ਪੈਦਾ ਕੀਤੇ ਸੰਕਟਾਂ ‘ਚ ਮਨੁੱਖੀ ਹੋਂਦ ਅਤੇ ਵਜੂਦ ਨਾਲ ਜੁੜੇ ਸਰੋਕਾਰਾਂ ਨੂੰ ਸੰਬੋਧਿਤ ਹੁੰਦਿਆਂ ਦਾਰਸ਼ਨਿਕ ਚਿੰਤਨ ਦੇ ਸਹਾਰੇ ਦਾ ਵੀ ਬਿਰਤਾਂਤੀਕਰਣ ਕਰਦਾ ਹੈ। ਉਹ ਮਨੁੱਖੀ ਸਵੈ ਵਿਸ਼ਵਾਸ ਦੇ ਪ੍ਰਸੰਗ ‘ਚ ਲਿਖਦਾ ਹੈ, ‘ਰੁੱਖ ਦੀ ਟਾਹਣੀ ‘ਤੇ ਬੈਠਾ ਪੰਛੀ ਡਿੱਗਣ ਤੋਂ ਕਦੇ ਨਹੀਂ ਡਰਦਾ ਕਿਉਂ ਕੇ ਉਸਨੂੰ ਟਾਹਣੀ ‘ਤੇ ਨਹੀਂ ਆਪਣੇ ਖੰਭਾਂ ‘ਤੇ ਵਿਸ਼ਵਾਸ ਹੁੰਦਾ ਹੈ। ਇਹ ਮੈਂ ਨਹੀਂ ਆਖਦਾ ਦੁਨੀਆ ਦਾ ਮਹਾਨ ਚਿੰਤਕ ਆਖਦਾ ਹੈ। ਸੋ ਪਿਆਰੇ ਵੀਰ, ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ। ਜਦੋਂ ਤੂੰ ਆਪਣੇ ਅੰਦਰ ਵਿਸ਼ਵਾਸ ਪੈਦਾ ਕਰ ਲਿਆ-ਨਸ਼ੇ ਵਾਲੀ ਜੰਗ ਜਿੱਤਣੀ ਤੇਰੇ ਲਈ ਬੜੀ ਆਸਾਨ ਹੋ ਜਾਵੇਗੀ’।
‘ਉਹ ਇੱਕੀ ਦਿਨ’ ਮਹਾਮਾਰੀਆਂ ਦੇ ਸੰਕਟ ਮਨੁੱਖੀ ਜਿਜੀਵਿਸ਼ਾ ਲਈ ਸੰਘਰਸ਼ ਕਰ ਰਹੀਆਂ ਜ਼ਿੰਦਗੀਆਂ ਦਾ ‘ਉਤਸਵ/ਕਾਰਨੀਵਲ’ ਹੈ ਜੋ ਆਪਣੇ ਇਕਾਂਤਵਾਸ ਦਾ ਸਮਾਂ ਕੱਟ ਨਵੇਂ ਭਵਿੱਖ ਵੱਲ ਵੱਧਦੇ ਹੋਏ ਨਵਾਂ ਜੀਵਨ ਜਿਉਣ ਦਾ ਆਸ ਲੈ ਕੇ ਘਰਾਂ ਨੂੰ ਪਰਤਦੇ ਹਨ। ਇਸ ਇਕਾਂਤਵਾਸ ਰਾਹੀਂ ਉਹ ਆਪਣੇ ਆਪ, ਦੂਜਿਆਂ ਅਤੇ ਸਮਾਜ ਨੂੰ ਨਵੇਂ ਦ੍ਰਿਸ਼ਟੀਕੋਣਾਂ ਨਾਲ ਦੇਖਣ ਲਗਦੇ ਹਨ।
ਮਿਖਾਇਲ ਮਿਖਾਇਲੋਵਿਚ ਬਾਖ਼ਤਿਨ ਆਪਣੀ ਕਿਤਾਬ ‘Problems of Dostoevsky’s poetics’ ‘ਚ ਇਸ ਉਤਸਵ ਦੇ ਸੰਕਲਪ ਬਾਰੇ ਲਿਖਦਾ ਹੈ ਕਿ ‘ਉਤਸਵ’ ਅਜਿਹਾ ਪ੍ਰਸੰਗ ਹੈ ਜਿਸ ਵਿਚ ਵੱਖਰੀਆਂ ਤੇ ਵਿਭਿੰਨ ਆਵਾਜ਼ਾਂ ਤੇ ਧੁਨੀਆਂ ਸੁਣਦੀਆਂ, ਪਣਪਦੀਆਂ ਤੇ ਇਕ ਦੂਜੇ ਨਾਲ ਅੰਤਰਕਿਰਿਆ ‘ਚ ਰਹਿੰਦੀਆਂ ਹਨ। ਇਸ ਪ੍ਰਕਿਰਿਆ ਨੂੰ ਉਹ ‘ਸ਼ਬਦ ਸੰਚਾਰੀ ਵੰਨ ਸੁਵੰਨਤਾ’ ਭਾਵ ਹੈਟਰੋਗਲੋਸੀਆ ਕਹਿੰਦਾ ਹੈ। ਉਤਸਵ ਇਕ ਅਜਿਹੀ ਦਹਿਲੀਜ਼ ਜਾਂ ਦੁਆਰ ਸਥਿਤੀ ਹੈ ਜਿਥੇ ਨਿਰੰਤਰ ਪਰੰਪਰਕ ਰੀਤਾਂ ਟੁੱਟਦੀਆਂ ਤੇ ਪੁੱਠਾ ਗੇੜਾ ਖਾਂਦੀਆਂ ਨੇ। ਇਸੇ ਕਰਕੇ ਹੀ ਸੰਵਾਦ ਸੰਭਵ ਹੁੰਦਾ ਹੈ। ਇਹ ਉਤਸਵੀਕਰਣ ‘ਉਹ ਇੱਕੀ ਦਿਨ’ ਦੀ ਕਥਾਤਮਕਤਾ, ਸਭਿੱਆਚਾਰਕ ਦ੍ਰਿਸ਼ਕਾਰੀ, ਭਾਸ਼ਾਕਾਰੀ, ਲੋਕਤਾ ਤੇ ਮੁਹਾਵਰਾਮੂਲਕਤਾ ਇਸ ਬਿਰਤਾਂਤ ਨੂੰ ਪ੍ਰਮਾਣਿਕ ਬਣਾਉਣ ‘ਚ ਸਹਾਈ ਹੁੰਦਾ ਹੈ ਜੋ ਇਸ ਬਿਰਤਾਂਤ ਨੂੰ ਹੋਰ ਵੱਧ ਪੜ੍ਹਨਯੋਗਤਾ ਪ੍ਰਦਾਨ ਕਰਦਾ ਹੈ।
ਸੰਪਰਕ : 82839-48811