ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
4 ਅਪ੍ਰੈਲ 2021
ਮੌਜੂਦਾ ਹਾਲਾਤ ‘ਚ ਭਾਰਤ ਨਾਲ਼ ਕੋਈ ਕਾਰੋਬਾਰ ਨਹੀਂ ਹੋਵੇਗਾ- ਇਮਰਾਨ ਖ਼ਾਨ
ਦੋ ਭਾਈਆਂ ਵਿਚ ਪੈ ਗਈ, ਨਫ਼ਰਤ ਦੀ ਦੀਵਾਰ।
ਕੇਂਦਰ ਨੇ ਪੰਜਾਬ ਦਾ ਮੁੱਲ ਨਹੀਂ ਪਾਇਆ- ਭਗਵੰਤ ਮਾਨ
ਭੱਤੇ ਢੋਏ ਦੀ ਕਦਰ ਨਾ ਪਾਈ, ਡੰਡੀਆਂ ਤੋਂ ਮੁਕਰ ਗਇਓਂ।
ਸਾਡਾ ਪੱਤਰ ਕਿਸਾਨ ਅੰਦੋਲਨ ਨਾਲ਼ ਸਬੰਧਤ ਨਹੀਂ- ਗ੍ਰਹਿ ਮੰਤਰਾਲਾ
ਆਕੜਦੈਂ! ਸਾਨ੍ਹ ਹੁੰਨੇ ਆਂ। ਹੁਣ ਮੋਕ ਮਾਰਦੈਂ! ਗਊ ਦਾ ਜਾਇਆ ਜੁ ਹੋਇਆ।
ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂ ਬਾਜ਼ਾਰ ‘ਚੋਂ ਖਿਸਕਿਆ-ਇਕ ਖ਼ਬਰ
ਚੁੱਪ ਕਰ ਕੇ ਖਿਸਕ ਜਾ ਇਲਮਦੀਨਾ, ਪੱਤ ਆਪਣੀ ਆਪ ਬਚਾਈਏ ਜੀ।
ਸਰਕਾਰ ਬਣਨ ‘ਤੇ ਬਿਜਲੀ ਦਾ ਭਾਅ ਅੱਧਾ ਕਰਾਂਗੇ- ਸੁਖਬੀਰ ਬਾਦਲ
ਇਹ ਉਹੋ ਹੀ ਬੰਦਾ ਜੀਹਨੇ ਬਿਜਲੀ ਕੰਪਨੀਆਂ ਨਾਲ਼ ਮਹਿੰਗੇ ਸੌਦੇ ਕੀਤੇ ਸੀ, ਅੱਗੇ ਲੋਕੋ ਤੁਹਾਡੀ ਮਰਜ਼ੀ।
ਅਸੀਂ ਭਾਜਪਾ ਨਾਲ 30 ਸਾਲ ਪੁਰਾਣੀ ਸਾਂਝ ਦਿਨਾਂ ‘ਚ ਤੋੜ ਦਿਤੀ- ਸੁਖਬੀਰ ਬਾਦਲ
ਤੁਸੀਂ ਨਹੀਂ ਤੋੜੀ ਲੋਕਾਂ ਨੇ ਤੁੜਵਾਈ ਐ ਬਾਦਲ ਸਾਬ।
ਦਸ ਰੁਪਏ ਸਸਤਾ ਹੋਇਆ ਰਸੋਈ ਗੈਸ ਸਲੰਡਰ- ਇਕ ਖ਼ਬਰ
ਊਠ ਤੋਂ ਛਾਨਣੀ ਉਤਾਰ ਦਿੱਤੀ ਬਈ।
ਕੈਪਟਨ ਸਰਕਾਰ ਚਾਰ ਸਾਲਾਂ ਵਿਚ ਮੈਨੀਫ਼ੈਸਟੋ ਵੀ ਲਾਗੂ ਨਹੀਂ ਕਰ ਸਕੀ-ਰਾਕੇਸ਼ ਰਾਠੌਰ
ਮੈਨੀਫੈਸਟੋ ਲਾਗੂ ਕਰਨ ਲਈ ਨਹੀਂ ਹੁੰਦੇ, ਵੋਟਾਂ ਖਿੱਚਣ ਲਈ ਹੁੰਦੇ ਆ ਬਈ ਰਾਠੌਰ ਸਾਬ।
ਪੰਜਾਬ ਨੂੰ ਸਬਕ ਸਿਖਾਉਣ ਦੀਆਂ ਵਿਉਂਤਾਂ ਘੜ ਰਿਹੈ ਕੇਂਦਰ- ਜਾਖੜ
ਅੱਜ ਕੌਣ ਪੁੱਛੇ ਰਾਂਝੇ ਚਾਕ ਤਾਈਂ, ਬੇਗ਼ਮ ਹੀਰ ਤੇ ਸੈਦਾ ਨਵਾਬ ਹੋਇਆ।
ਅਸਾਮ ‘ਚ ਭਾਜਪਾ ਦੇ ਐਮ.ਐਲ.ਏ. ਦੀ ਕਾਰ ‘ਚੋਂ ਫੜੀ ਈ.ਵੀ.ਐਮ. ਮਸ਼ੀਨ- ਇਕ ਖ਼ਬਰ
ਹੀਰੇ ਲੱਭ ਲਈ ਅਸਾਂ ਗੱਲ ਤੇਰੀ, ਤੇਰਾ ਧਰਮ ਤੇ ਨੇਮ ਸਭ ਚੱਲਿਆ ਈ।
ਆਰ.ਪੀ.ਸਿੰਘ ਵਲੋਂ ਦਿਤਾ ਗਿਆ ਬਿਆਨ ਗ਼ੈਰਜ਼ਿੰਮੇਵਾਰੀ ਵਾਲਾ ਤੇ ਨਾਸਮਝੀ ਦਾ ਸਬੂਤ- ਸ਼੍ਰੋਮਣੀ ਕਮੇਟੀ
ਜਦੋਂ ਸੱਚੀਆਂ ਸੁਣਾਈਆਂ ਨੀ, ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ।
ਪੜ੍ਹੀਆਂ ਲਿਖੀਆਂ ਕੁੜੀਆਂ ਨੇ ਚੁੱਕਿਆ ਕਣਕ ਦੀ ਵਾਢੀ ਦਾ ਜ਼ਿੰਮਾ- ਇਕ ਖ਼ਬਰ
ਗੁਰੂ ਦਸਮੇਸ਼ ਦੀਆਂ ਜਾਈਆਂ, ਮਾਈ ਭਾਗੋ ਦੀਆਂ ਅਸੀਂ ਵਾਰਸਾਂ।
ਸੂਬਿਆਂ ਨੂੰ ਆਰਥਕ ਤੌਰ ‘ਤੇ ਕਮਜ਼ੋਰ ਕਰ ਰਿਹਾ ਹੈ ਕੇਂਦਰ- ਗਹਿਲੋਤ
ਸਾਨੂੰ ਦੇ ਗਿਆ ਕੱਲਰ ਵਾਲਾ ਖੂੰਜਾ, ਚੰਗੀ ਚੰਗੀ ਆਪ ਲੈ ਗਿਆ।
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਸੰਤ ਦਾਦੂਵਾਲ ਨਾਲ ਮੁਲਾਕਾਤ ਕਰਨ ਪਹੁੰਚੇ- ਇਕ ਖ਼ਬਰ
ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ ਬਹਿ ਕੇ ਚੁਗ ਮਿੱਤਰਾ।
ਪੰਜਾਬ ‘ਚ ‘ਆਪ’ ਦੀ ਸਰਕਾਰ ਬਣੀ ਤਾਂ ਬਿਜਲੀ ਹੋਵੇਗੀ ਮੁਫ਼ਤ- ਆਪ ਪਾਰਟੀ
ਲਗਦੈ ਬਾਪੂ ਨੇ ਕਾਰਖ਼ਾਨਾ ਲਾਇਐ ਹੋਇਐ ਬਿਜਲੀ ਬਣਾਉਣ ਦਾ।
ਭਾਜਪਾ ਨੇ ਕਦੇ ਵੀ ਕਿਸਾਨਾਂ ਨੂੰ ਖ਼ਾਲਿਸਤਾਨੀ ਨਹੀਂ ਕਿਹਾ-ਜੀਵਨ ਗੁਪਤਾ
ਐਹ ਤੁਹਾਡਾ ਧੂਤੂ ਮੀਡੀਆ ਤਾਂ ਦਿਨੇ ਰਾਤ ਇਹੀ ਕਹਿੰਦੈ।
ਵਿਸ਼ਵ ਲਿੰਗ ਭੇਦ ਅਨੁਪਾਤ ਰਿਪੋਰਟ : ਭਾਰਤ 28 ਸਥਾਨ ਹੇਠਾਂ ਡਿੱਗਿਆ- ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਕਿਸੇ ਹਾਲ ਵਿਚ ਵੀ ਵਾਪਸ ਨਹੀਂ ਹੋਣਗੇ ਖੇਤੀ ਬਿੱਲ- ਮਦਨ ਮੋਹਨ ਮਿੱਤਲ
ਚੁੱਕੀ ਹੋਈ ਲੰਬੜਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ।
ਸ਼੍ਰੋਮਣੀ ਕਮੇਟੀ ਨੇ ਗੁਰੂ ਤੇਗ਼ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰੋਗਰਾਮ ਲਈ 14 ਕ੍ਰੋੜ ਰੁਪਏ ਰੱਖੇ- ਇਕ ਖ਼ਬਰ
14 ਕਰੋੜ ਦੀ ਤਾਂ ਬਾਬਿਓ ਸਟੇਜ ਹੀ ਲੱਗ ਜਾਣੀ ਐ!
ਐਫ. ਆਈ.ਆਰ. ‘ਚ ਕਿਸਾਨਾਂ ਦੇ ਨਾਂ ਪਰ ਕਾਂਗਰਸ ਦੇ ਪਿੱਛੇ ਪਈ ਭਾਜਪਾ- ਇਕ ਖ਼ਬਰ
ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ।
ਸਿੱਖ ਆਗੂਆਂ ਨੂੰ ਅੱਗੇ ਲਿਆਉਣ ਲੱਗੀ ਭਾਜਪਾ-ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਲ ਭਾਰੀ ਜੀ।