ਵਿਛੋੜਾ ਇੰਗਲੈਂਡ ਦੇ ਪ੍ਰਵਾਸੀ ਆਗੂ ਕਾਮਰੇਡ ਇਕਬਾਲ ਵੈਦ ਦਾ - ਕੇ. ਸੀ. ਮੋਹਨ
ਇੰਗਲੈਂਡ ਦੀ ਧਰਤੀ ਉੱਤੇ ਆ ਕੇ ਵੱਸੇ ਪੰਜਾਬੀ ਪ੍ਰਵਾਸੀਆਂ ਦੇ ਪਹਿਲੇ ਪੂਰ ਦੀ ਲੀਡਰਸ਼ਿਪ ਦੀ ਮਾਲਾ ਦੇ ਮੋਤੀ ਇਕ-ਇੱਕ ਕਰਕੇ ਕਿਰਦੇ ਜਾ ਰਹੇ ਹਨ। ਪ੍ਰਵਾਸੀ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਦੀ ਵਲੈਤ ਵਿੱਚ ਜ਼ਿੰਦਗੀ ਵਿੱਚੋਂ ਪੈਦਾ ਹੋਏ ਮਸਲਿਆਂ ਨਾਲ ਨਿਪਟਣ ਲਈ ਸੰਸਥਾਵਾਂ ਤਾਂ ਬਹੁਤ ਸਾਰੀਆਂ ਬਣੀਆਂ ਅਤੇ ਉਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਕੰਮ ਵੀ ਬਹੁਤ ਵਰਨਣਯੋਗ ਕੀਤੇ, ਪਰ ਭਾਰਤੀ ਮਜ਼ਦੂਰ ਸਭਾ ਸਾਊਥਾਲ ਦਾ ਨਾਂਅ ਮੂਹਰਲੀ ਕਤਾਰ ਦੀਆਂ ਸੰਸਥਾਵਾਂ ਵਿੱਚ ਆਉਂਦਾ ਹੈ। ਇਹ ਪੰਜਾਹਵਿਆਂ ਵਿੱਚ ਸਥਾਪਤ ਹੋਈ ਪਹਿਲੀ ਸੰਸਥਾ ਸੀ, ਜਿਸ ਨੇ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਭਾਰਤੀ ਮਜ਼ਦੂਰ ਜਮਾਤ ਦੀਆਂ ਸਮੱਸਿਆਵਾਂ ਬਾਰੇ ਅਨੇਕਾਂ ਜੱਦੋ-ਜਹਿਦਾਂ ਕੀਤੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਭਾਰਤੀ ਮਜ਼ਦੂਰ ਸਭਾ ਸਾਊਥਾਲ ਦਾ ਨਾਂਅ ਦੁਨੀਆ ਭਰ ਵਿੱਚ ਰੌਸ਼ਨ ਹੋ ਗਿਆ ਅਤੇ ਅੱਜ ਤੱਕ ਵੀ ਇਹ ਮੋਹਰੀ ਜਥੇਬੰਦੀ ਗਿਣੀ ਜਾਂਦੀ ਹੈ।
ਕੋਈ ਛੋਟਾ ਜਾਂ ਵੱਡਾ ਭਾਰਤੀ ਲੀਡਰ ਜੇ ਇੰਗਲੈਂਡ ਆਵੇ ਤਾਂ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਭਾਰਤੀ ਮਜ਼ਦੂਰ ਸਭਾ ਸਾਊਥਾਲ ਦੇ ਸੰਪਰਕ ਵਿੱਚ ਨਾ ਆਉਂਦਾ ਹੋਵੇ। ਏਸ ਸਭਾ ਨੇ ਵੱਡੇ-ਵੱਡੇ ਕੱਦਾਵਰ ਆਗੂ ਪੈਦਾ ਕੀਤੇ ਸਨ। ਵਕਤ ਦਾ ਤਕਾਜ਼ਾ ਹੈ ਕਿ ਇਹ ਆਗੂ ਹੌਲੀ-ਹੌਲੀ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਜਾਂਦੇ ਹਨ। ਇੱਕ ਖਲਾਅ ਪੈਦਾ ਹੋ ਰਿਹਾ ਲੱਗਦਾ ਹੈ। ਪਿਛਲੇ ਸਾਲਾਂ ਵਿੱਚ ਪੰਡਤ ਵਿਸ਼ਨੂੰ ਦੱਤ ਸ਼ਰਮਾ, ਤਰਸੇਮ ਸਿੰਘ ਤੂਰ, ਹਰਬੰਸ ਸਿੰਘ ਰੂਪਰਾਹ, ਅਮਰ ਸਿੰਘ ਤੱਖਰ, ਜਸਵੰਤ ਸਿੰਘ ਧਾਮੀ, ਗਿਆਨੀ ਦਰਸ਼ਨ ਸਿੰਘ, ਅਜੀਤ ਸਿੰਘ ਰਾਏ, ਪਿਆਰਾ ਸਿੰਘ ਖਾਬੜਾ (ਐੱਮ ਪੀ) ਅਤੇ ਕਈ ਹੋਰ ਸਾਨੂੰ ਵਿਛੋੜਾ ਦੇ ਚੁੱਕੇ ਹਨ। ਇਸ ਜਥੇਬੰਦੀ ਲਈ ਹਰ ਪੱਖੋਂ ਸਹਾਇਕ ਬਣਨ ਵਾਲੇ ਕਾਮਰੇਡ ਹਰਦੀਪ ਦੂਹੜਾ ਵੀ ਸਾਨੂੰ ਵਿਛੋੜਾ ਦੇ ਗਏ।
ਬੀਤੀ 24 ਮਾਰਚ ਦੇ ਦਿਨ ਭਾਰਤੀ ਮਜ਼ਦੂਰ ਸਭਾ ਸਾਊਥਾਲ ਦੇ ਅਜੋਕੇ ਜਨਰਲ ਸਕੱਤਰ ਇਕਬਾਲ ਸਿੰਘ ਵੈਦ ਦੇ ਦੇਹਾਂਤ ਨਾਲ ਇਸ ਸਭਾ ਦੇ ਪੁਰਾਣੇ ਆਗੂਆਂ ਵਿੱਚੋਂ ਇੱਕ ਹੋਰ ਸ਼ਖਸੀਅਤ ਮਨਫ਼ੀ ਹੋ ਗਈ ਹੈ। ਇਕਬਾਲ ਨੇ ਤਮਾਮ ਉਮਰ ਟਰੇਡ ਯੂਨੀਅਨਾਂ ਵਿੱਚ ਕੰਮ ਕਰਦਿਆਂ ਬਹੁਤ ਸਾਰੇ ਘੋਲਾਂ ਅਤੇ ਮੁਹਿੰਮਾਂ ਦੀ ਅਗਵਾਈ ਕੀਤੀ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਭਾਰਤੀ ਮਜ਼ਦੂਰ ਸਭਾ ਸਾਊਥਾਲ ਦੇ ਜਨਰਲ ਸਕੱਤਰ ਵਜੋਂ ਇਸ ਦੀ ਅਗਵਾਈ ਕਰ ਰਹੇ ਸਨ।
ਇਕਬਾਲ ਵੈਦ ਪਿੱਛੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁਖਲੀਆਣਾ ਤੋਂ ਸਨ। ਉਨ੍ਹਾਂ ਦਾ ਜਨਮ 3 ਜੂਨ 1943 ਨੂੰ ਪਿਤਾ ਸ੍ਰ. ਸਾਧੂ ਸਿੰਘ ਤੇ ਮਾਤਾ ਨਸੀਬ ਕੌਰ ਦੇ ਘਰ ਹੋਇਆ ਸੀ। ਉਨ੍ਹਾ ਦੀਆਂ ਦੋ ਭੈਣਾਂ ਭਾਰਤ ਵਿੱਚ ਹੀ ਹਨ। ਇਕਬਾਲ ਦੀ ਸ਼ਾਦੀ ਮਾਰਚ 1968 ਵਿੱਚ ਪਿੰਡ ਜੱਲੋਵਾਲ ਦੀ ਵਸਨੀਕ ਪਰਮਜੀਤ ਕੌਰ ਨਾਲ ਹੋਈ। ਇਕਬਾਲ ਆਪਣੇ ਪਿੱਛੇ ਆਪਣੀ ਧਰਮ ਪਤਨੀ ਪਰਮਜੀਤ ਕੌਰ, ਦੋ ਬੇਟੇ ਅਮਨ ਅਤੇ ਪਵਨ, ਇੱਕ ਨੂੰਹ ਸੁਖਵਿੰਦਰ ਅਤੇ ਪੋਤੀ ਸ਼ਨਾਇਆ ਛੱਡ ਗਏ ਹਨ।
ਸਾਲ 1963 ਵਿੱਚ ਇੰਗਲੈਂਡ ਆਏ ਇਕਬਾਲ ਨੇ ਪਹਿਲਾਂ 10-11 ਸਾਲ ਪੋਸਟ ਆਫਿਸ ਮਹਿਕਮੇ ਵਿੱਚ ਕੰਮ ਕੀਤਾ। ਇਸ ਦੌਰਾਨ ਉਹ ਪੋਸਟ ਆਫਿਸ ਯੂਨੀਅਨ ਦੇ ਆਗੂ (ਸ਼ੌਪ ਸਟੀਵਰਡ) ਰਹੇ ਅਤੇ ਪੋਸਟਲ ਕਾਮਿਆਂ ਦੇ ਹਿੱਤਾਂ ਦੀ ਰਾਖੀ ਕੀਤੀ। ਉਨ੍ਹਾਂ ਦੀ ਪਤਨੀ ਪਰਮਜੀਤ ਕੌਰ 1968 ਵਿੱਚ ਯੂ ਕੇ ਪੁੱਜੀ। ਉਸ ਵੇਲੇ ਇਕਬਾਲ ਆਪਣੇ ਮੌਜੂਦਾ ਪਾਲਗਰੇਵ ਐਵੀਨਿਊ ਵਾਲੇ ਘਰ ਵਿੱਚ ਹੀ ਰਹਿੰਦੇ ਸਨ। ਸਾਲ 1975 ਵਿੱਚ ਇਕਬਾਲ ਨੇ ਬ੍ਰਿਟਿਸ਼ ਏਅਰਵੇਜ਼ ਦੀ ਨੌਕਰੀ ਸ਼ੁਰੂ ਕੀਤੀ ਤੇ ਬਹੁਤੇ ਸਾਲ ਇਸ ਸੇਵਾ ਵਿੱਚ ਗੁਜ਼ਾਰੇ ਅਤੇ ਇਥੇ ਵੀ ਉਹ ‘ਯੁਨਾਈਟ' ਨਾਂਅ ਦੀ ਟਰੇਡ ਯੂਨੀਅਨ ਦੇ ਆਗੂ ਅਤੇ ਅਫ਼ਸਰ ਰਹੇ। ਇਸ ਯੂਨੀਅਨ ਦੀ ਅਗਵਾਈ ਕਰਦਿਆਂ ਇਕਬਾਲ ਨੇ ਕਿਰਤੀ ਜਮਾਤ ਪ੍ਰਤੀ ਆਪਣੀ ਵਚਨਬੱਧਤਾ ਉੱਤੇ ਮੁਕੰਮਲ ਪਹਿਰਾ ਦਿੱਤਾ। ਟਰੇਡ ਯੂਨੀਅਨਾਂ ਅਤੇ ਲੇਬਰ ਪਾਰਟੀ ਵਿੱਚ ਕੰਮ ਕਰਦਿਆਂ ਇਕਬਾਲ ਨੇ ਅਨੇਕਾਂ ਜਨਤਕ ਘੋਲਾਂ ਵਿੱਚ ਵਧ-ਚੜ੍ਹ ਕੇ ਹਿੱਸਾ ਪਾਇਆ। ਭਾਰਤੀ ਮਜ਼ਦੂਰ ਸਭਾ ਸਾਊਥਾਲ ਦਾ ਮੈਂਬਰ ਸ਼ੁਰੂ ਤੋਂ ਹੀ ਸੀ, ਪਰ 1977 ਦੀ ਟਰੇਡ ਯੂਨੀਅਨ ਦੀ ਐਗਜ਼ੈਕਟਿਵ ਕਮੇਟੀ ਵਿੱਚ ਉਨ੍ਹਾ ਨੂੰ ਸ਼ਾਮਲ ਕੀਤਾ ਗਿਆ। ਬ੍ਰਿਟਿਸ਼ ਏਅਰਵੇਜ ਵਿੱਚ ਨੌਕਰੀ ਦੌਰਾਨ ਉਹ ‘ਯੁਨਾਈਟ' ਯੂਨੀਅਨ ਦੀ ਕੌਮੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਵੀ ਬਣੇ ਸਨ। ਇਹ ਕੋਈ ਆਮ ਰੁਤਬਾ ਨਹੀਂ ਸੀ, ਸਗੋਂ ਬਹੁਤ ਅਹਿਮੀਅਤ ਵਾਲੀ ਗੱਲ ਸੀ ਅਤੇ ਉਹ ਏਥੋਂ ਤੱਕ ਪੁੱਜਣ ਵਾਲੇ ਪਹਿਲੇ ਏਸ਼ੀਅਨ ਸਨ।
ਇਕਬਾਲ ਦੇ ਕੰਮਾਂ ਅਤੇ ਘੋਲਾਂ ਦੀ ਸੂਚੀ ਬਹੁਤ ਲੰਮੀ ਹੈ, ਪਰ ਕੁਝ ਇਕ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਲੰਮੀ ਦੇਰ ਚੱਲਣ ਵਾਲੀ ਮਾਈਨਰਜ਼ ਦੀ ਹੜਤਾਲ ਵਿੱਚ ਉਨ੍ਹਾ ਡਟਵਾਂ ਰੋਲ ਅਦਾ ਕੀਤਾ। ਖਾਣ ਮਜ਼ਦੂਰਾਂ ਦਾ ਜਥਾ ਜਦ ਸਾਊਥਾਲ ਆਇਆ ਤਾਂ ਇਕਬਾਲ ਸਾਰੇ ਇੰਤਜ਼ਾਮ ਕਰਨ ਵਿੱਚ ਮੋਹਰੀ ਸੀ ਅਤੇ ਉਹਨੇ ਬੜੇ ਚਾਅ ਅਤੇ ਸ਼ਰਧਾ ਨਾਲ ਹੜਤਾਲੀ ਕਾਮਿਆਂ ਦੇ ਸਵਾਗਤ ਦੇ ਬੰਦੋਬਸਤ ਕੀਤੇ। ਕੰਮ ਤਾਂ ਹੋਰਨਾਂ ਵੀ ਬਹੁਤ ਕੀਤੇ, ਪਰ ਇਕਬਾਲ ਨੇ ਹੜਤਾਲੀ ਕਾਮਿਆਂ ਦੀ ਸੰਭਾਲ ਵਿੱਚ ਪੱਬਾਂ ਭਾਰ ਹੋ ਕੇ ਕੰਮ ਕੀਤਾ।
‘ਐੱਲ ਐੱਸ ਜੀ' ਸਕਾਈ ਸ਼ੈਫਜ ਦੀ ਹੜਤਾਲ ਦੌਰਾਨ ਇਕਬਾਲ ਨੇ ਬੜਾ ਸਰਗਰਮ ਰੋਲ ਅਦਾ ਕੀਤਾ। ਇਸੇ ਤਰ੍ਹਾਂ ‘ਗੇਟ ਗੌਰਮਿੰਟ' ਹੜਤਾਲ ਦੌਰਾਨ ਵੀ ਉਹਨੇ ਮੂਹਰੇ ਹੋ ਕੇ ਕੰਮ ਕੀਤਾ ਅਤੇ ਹੜਤਾਲੀ ਕਾਮਿਆਂ ਨਾਲ ਇਕਜੁਟਤਾ ਵਿਖਾਈ। ‘ਹਿਲੰਗਡਨ ਹਸਪਤਾਲ' ਦੇ ਕਾਮਿਆਂ ਦੀ ਲੰਬੀ ਹੜਤਾਲ ਵਿੱਚ ਵੀ ਇਕਬਾਲ ਨੇ ਅਹਿਮ ਰੋਲ ਅਦਾ ਕੀਤਾ। ਇਹ ਹੜਤਾਲ ਔਰਤ ਟਰੇਡ ਯੂਨੀਅਨ ਕਾਮਿਆਂ ਨੇ ਵਿੱਢੀ ਸੀ ਅਤੇ ਇਹ (1995-2000) ਪੰਜ ਸਾਲ ਚੱਲਦੀ ਰਹੀ। ਇਹ ਹੜਤਾਲ ਔਰਤ ਕਾਮਿਆਂ ਦੇ ਮਨੁੱਖੀ ਅਧਿਕਾਰਾਂ ਅਤੇ ਨੌਕਰੀਆਂ ਦੀ ਰਾਖੀ, ਉਜਰਤਾਂ ਤੇ ਕੰਮ ਦੀਆਂ ਹਾਲਤਾਂ ਦੇ ਮਸਲਿਆਂ ਬਾਰੇ ਕੀਤੀ ਗਈ ਸੀ। ‘ਈਲਿੰਗ ਹਸਪਤਾਲ' ਨੂੰ ਬਚਾਉਣ ਲਈ ਚੱਲੀ ਮੁਹਿੰਮ ਦੌਰਾਨ ਵੀ ਇਕਬਾਲ ਪਿੱਛੇ ਨਹੀਂ ਰਿਹਾ ਤੇ ਹਰ ਮੁਜ਼ਾਹਰੇ ਤੇ ਹਰ ਮੀਟਿੰਗ ਵਿੱਚ ਜੋਸ਼ ਨਾਲ ਸ਼ਾਮਲ ਹੁੰਦਾ ਰਿਹਾ। ਇਕਬਾਲ ਬ੍ਰਿਟਿਸ਼ ਲੇਬਰ ਪਾਰਟੀ ਦਾ ਬਹੁਤ ਸਰਗਰਮ ਮੈਂਬਰ ਰਿਹਾ। ਉਹਨੇ ਚੋਣਾਂ ਦੌਰਾਨ ਉਹਨੂੰ ਸੰਭਾਲੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਨਿਸ਼ਠਾ ਨਾਲ ਨਿਭਾਇਆ। ਉਹ ਅਣਥੱਕ ਕਾਰਕੁਨ ਸੀ ਤੇ ਆਪਣੇ ਹੱਥੀਂ ਕੰਮ ਕਰਨ ਨੂੰ ਤਤਪਰ ਰਹਿੰਦਾ ਸੀ। ਇਸ਼ਤਿਹਾਰ ਵੰਡਣੇ ਹੋਣ, ਵੋਟਰਾਂ ਦੇ ਘਰੀਂ ਦਸਤਕ ਦੇਣੀ ਹੋਵੇ, ਦਫ਼ਤਰ ਵਿਚਲੀ ਕੋਈ ਸੇਵਾ ਹੋਵੇ। ਇਕਬਾਲ ਤਿਆਰ-ਬਰ-ਤਿਆਰ ਰਹਿੰਦਾ ਸੀ।
ਪਿਛਲੇ ਕਰੀਬ ਇੱਕ ਦਹਾਕੇ ਤੋਂ ਇਕਬਾਲ ਨੇ ‘ਫਰੈਂਡਜ਼ ਆਫ਼ ਸੀ ਪੀ ਆਈ' ਸੰਸਥਾ ਦੀ ਰਹਿਨੁਮਾਈ ਕੀਤੀ। ਕਾਮਰੇਡ ਹਰਦੀਪ ਦੂਹੜਾ ਦੇ ਦੇਹਾਂਤ ਦੇ ਬਾਅਦ ਇਸ ਸੰਸਥਾ ਦੀ ਲਗਭਗ ਸਾਰੀ ਜਿ਼ਮੇਵਰੀ ਉਸ ਦੇ ਸਿਰ ਆ ਪਈ ਸੀ। ਇਹ ਸੰਸਥਾ ਆਪਣੇ ਜ਼ਮਾਨੇ ਵਿੱਚ ਬਹੁਤ ਸਰਗਰਮ ਰਹਿ ਚੁੱਕੀ ਸੀ। ਵਕਤ ਦਾ ਵਹਾਅ ਹੈ ਕਿ ਇਸ ਸੰਸਥਾ ਨਾਲ ਜੁੜੀਆਂ ਕਿੰਨੀਆਂ ਹੀ ਪਿਆਰੀਆਂ ਸ਼ਖਸੀਅਤਾਂ ਸਾਡੇ ਵਿਚਕਾਰ ਨਹੀਂ ਰਹੀਆਂ। ਇਨ੍ਹਾਂ ਵਿੱਚ ਪੰਡਤ ਵਿਸ਼ਨੂੰ ਦੱਤ ਸ਼ਰਮਾ, ਹਰਦੀਪ ਦੂਹੜਾ, ਅਜੀਤ ਲੰਗੇਰੀ, ਜੁਗਿੰਦਰ ਸਰੋਏ, ਸ਼ੇਰ ਜੰਗ ਜਾਂਗਲੀ, ਪੰਡਤ ਦੇਵੀ ਦਾਸ ਜੀ ਦੇ ਨਾਂਅ ਜ਼ਿਕਰ ਯੋਗ ਹਨ।
ਇਕਬਾਲ ਵੈਦ ਬੜਾ ਸਪੱਸ਼ਟ, ਨਿਡਰ ਤੇ ਬੇਲਾਗ ਇਨਸਾਨ ਸੀ। ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ, ਉਹ ਆਪਣੀ ਗੱਲ ਕਹਿ ਦਿੰਦਾ ਸੀ। ਉਹ ਸੋਚਣੀ ਦਾ ਸੈਕੂਲਰ ਅਤੇ ਤਰੱਕੀ ਪਸੰਦ ਸੀ। ਉਹ ਚੰਗਾ ਬੁਲਾਰਾ ਸੀ ਤੇ ਆਪਣੇ ਵਿਸ਼ਵਾਸਾਂ ਤੇ ਅਕੀਦਿਆਂ ਦਾ ਪੱਕਾ ਸੀ, ਪਰ ਸੁਭਾਅ ਵਜੋਂ ਖੁਸ਼ਕ ਨਹੀਂ, ਬਲਕਿ ਹੱਸਣ ਹਸਾਉਣ ਵਾਲਾ ਬੰਦਾ ਸੀ।
ਸਾਲ 2016 ਦੇ ਸ਼ੁਰੂ ਵਿੱਚ ਇਕਬਾਲ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਪਤਾ ਲੱਗਾ। ਇਸ ਬਿਮਾਰੀ ਦੀ ਗੰਭੀਰਤਾ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਸਿਰਫ਼ ਕੁਝ ਹੋਰ ਮਹੀਨਿਆਂ ਦੇ ਜੀਵਨ ਦਾ ਸ਼ੱਕ ਪ੍ਰਗਟਾਇਆ, ਪਰ ਇਕਬਾਲ ਨੇ ਡਾਕਟਰਾਂ ਦੀ ਰਾਏ ਨੂੰ ਝੁਠਲਾ ਦਿੱਤਾ ਅਤੇ ਆਪਣੀ ਆਦਤ ਅਨੁਸਾਰ ਰੋਗ ਨਾਲ ਲੜਾਈ ਵਿੱਚ ਕੈਂਸਰ ਨੂੰ ਵੀ ਮੂਹਰੇ ਲਾ ਛੱਡਿਆ। ਬਿਮਾਰੀ ਦੇ ਬਾਵਜੂਦ ਉਹਨੇ ਭਾਰਤੀ ਮਜ਼ਦੂਰ ਸਭਾ ਦੇ ਦਫ਼ਤਰ ਆਉਣਾ ਅਤੇ ਕੰਮ ਕਰਨਾ ਜਾਰੀ ਰੱਖਿਆ। ਹਰ ਕੋਈ ਉਹਨੂੰ ਆਰਾਮ ਕਰਨ ਤੇ ਦਫ਼ਤਰ ਨਾ ਆਉਣ ਦੀ ਸਲਾਹ ਦੇਂਦਾ, ਪਰ ਇਕਬਾਲ ਘਰ ਟਿਕ ਕੇ ਬੈਠਣ ਵਾਲਾ ਨਹੀਂ ਸੀ। ਕੈਂਸਰ ਦਾ ਇਲਾਜ ਚੱਲਦਾ ਰਿਹਾ ਅਤੇ ਨਾਲੋ ਨਾਲ ਇਕਬਾਲ ਦੀਆਂ ਗਤੀਵਿਧੀਆਂ ਵੀ। ਆਖਰ ਕੈਂਸਰ ਵਰਗੀ ਭਿਅੰਕਰ ਬਿਮਾਰੀ ਹਾਵੀ ਹੋ ਗਈ ਅਤੇ ਇਕਬਾਲ ਕੁਝ ਦਿਨ ਲੰਡਨ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਅਦ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ।
ਇਕਬਾਲ, ਜਿਸ ਨੂੰ ਉਸ ਦੇ ਅੰਗਰੇਜ਼ ਸਾਥੀ ਪਿਆਰ ਨਾਲ ‘ਇੱਗੀ' ਆਖਿਆ ਕਰਦੇ ਸਨ, ਦਾ ਅੰਤਮ ਸੰਸਕਾਰ ਲੰਡਨ ਦੇ ਮਿਡਲਸੈਕਸ ਇਲਾਕੇ ਦੇ ਸ਼ਮਸ਼ਨਘਾਟ ‘ਸਾਊਥ ਵੈਸਟ ਮਿਡਲਸੈਕਸ ਕਰੀਮੀਟੋਰੀਅਮ ਵਿੱਚ 1 ਅਪਰੈਲ ਦਿਨ ਵੀਰਵਾਰ ਨੂੰ ਕਰ ਦਿੱਤਾ ਗਿਆ। ਸ਼ਮਸ਼ਾਨਘਾਟ ਵਿੱਚ ਇਕਬਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਈਲਿੰਗ ਸਾਊਥਾਲ ਦੇ ਐੱਮ ਪੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਸ ਮੁਕਾਮ ਉੱਤੇ ਇਕਬਾਲ ਪੁੱਜਾ, ਉਸ ਉੱਤੇ ਕੋਈ ਏਸ਼ੀਅਨ ਅੱਜ ਤੱਕ ਨਹੀਂ ਪੁੱਜਾ। ਯੂ. ਕੇ ਵਿੱਚ ਭਾਰਤੀ ਲੋਕਾਂ ਦਾ ਇਤਿਹਾਸ ਜਦੋਂ ਵੀ ਲਿਖਿਆ ਜਾਵੇਗਾ, ਇਕਬਾਲ ਦਾ ਨਾਂਅ ਮੂਹਰਲੀ ਕਤਾਰ ਵਿੱਚ ਹੋਵੇਗਾ।
ਕੋਰੋਨਾ ਦੀ ਮਹਾਂਮਾਰੀ ਦੀ ਵਜ੍ਹਾ ਕਰਕੇ ਇਕਬਾਲ ਦੇ ਅਨੇਕਾਂ ਪ੍ਰਸੰਸਕ, ਸਾਥੀ, ਕਾਮੇ, ਦੋਸਤ-ਮਿੱਤਰ ਅਤੇ ਸਾਕ-ਸੰਬੰਧੀ ਉਹਦੀ ਅੰਤਮ ਯਾਤਰਾ ਵਿੱਚ ਸ਼ਾਮਲ ਨਾ ਹੋ ਸਕੇ। ਪਾਬੰਦੀਆਂ ਹੋਣ ਕਾਰਨ ਕੁਝ ਇਕਨਾ ਨੇ ਇਕਬਾਲ ਦੇ ਘਰ ਆ ਕੇ ਅੰਤਮ ਸਲਾਮ ਕਿਹਾ ਅਤੇ ਕੁਝ ਇਕਨਾ ਨੇ ਗੁਰਦੁਆਰਾ ਸਾਹਿਬ ਪੁੱਜ ਕੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਸ਼ਮਸ਼ਾਨ ਘਾਟ ਵਿੱਚ ਸਰਕਾਰ ਵੱਲੋਂ ਸਿਰਫ਼ 30 ਲੋਕਾਂ ਨੂੰ ਜਾਣ ਦੀ ਇਜਾਜ਼ਤ ਸੀ।
ਇਸ ਦੌਰਾਨ ਸੂਚਨਾ ਮਿਲੀ ਹੈ ਕਿ ਇਸ ਸਾਲ ਦੀ ਬਰਤਾਨਵੀ ਲੇਬਰ ਪਾਰਟੀ ਦੀ ਸਾਲਾਨਾ ਕਾਨਫ਼ਰੰਸ ਵਿੱਚ ਇਕਬਾਲ ਨੂੰ ਮਾਣ ਦਿੱਤਾ ਜਾਵੇਗਾ ਅਤੇ ਟਰੇਡ ਯੂਨੀਅਨ ਕੌਂਸਲਾਂ ਵੱਲੋਂ ਅਪਰੈਲ ਵਿੱਚ ਹੀ ਇਕਬਾਲ ਦਾ ਜੀਵਨ ਜਸ਼ਨ ਮਨਾਇਆ ਜਾਏਗਾ।