ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

13 ਅਪ੍ਰੈਲ 2021

ਨਾਰਵੇ ਦੀ ਪ੍ਰਧਾਨ ਮੰਤਰੀ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਪੁਲਿਸ ਨੇ ਕੀਤਾ ਜ਼ੁਰਮਾਨਾ-ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲੀ ਕੰਧ ਟੱਪਕੇ।

ਚੀਨ ਦੀ ਚੜ੍ਹਤ ਨੂੰ ਨੱਥ ਪਾਉਣ ਲਈ ਅਮਰੀਕੀ ਸੈਨੇਟ ਨੇ ਲਿਆ ਵੱਡਾ ਫ਼ੈਸਲਾ- ਇਕ ਖ਼ਬਰ
ਘੁੱਗੂਆਂ ਨੂੰ ਤੂੰ ਟੱਕਰੀ, ਤੈਨੂੰ ਟੱਕਰੀ ਬੰਸਰੀ ਵਾਲ਼ਾ।

ਕਿਸਾਨਾਂ ਨੇ ਮੋਦੀ ਸਰਕਾਰ ਦੇ ਭਰਮ ਤੋੜੇ- ਉਗਰਾਹਾਂ
ਬੰਤੋ ਨਾਰ ਬਦਲੇ, ਜੱਗੇ ਜੱਟ ਦੀ ਗੰਡਾਸੀ ਖੜਕੇ।

ਕੁਝ ਸਿਆਸੀ ਆਗੂਆਂ ਦੀ ਸ਼ਹਿ ‘ਤੇ ਚਲ ਰਿਹੈ ਕਿਸਾਨੀ ਅੰਦੋਲਨ- ਲਾਲਪੁਰਾ
ਮੁਰਦਾ ਬੋਲੂ, ਖੱਫਣ ਪਾੜੂ।

ਸਿੱਧੂ ਨੂੰ ‘ਆਪ’ ‘ਚ ਸ਼ਾਮਲ ਹੋਣ ਲਈ ਮੁੜ ਸੱਦਾ- ਇਕ ਖ਼ਬਰ
ਕਦੇ ਆ ਮਿਲ ਵੇ ਹਜ਼ਾਰੇ ਦਿਆ ਚੰਨਾ।

ਰਾਜੇਵਾਲ ਦੀਆਂ ਤਾਰਾਂ ਕੇਜਰੀਵਾਲ ਨਾਲ ਜੁੜੀਆਂ ਹੋਈਆਂ ਹਨ-ਰਵਨੀਤ ਬਿੱਟੂ
ਤਾਰਾਂ ਕਿਧਰੇ ਜੁੜੀਆਂ, ਚੰਗਿਆੜੇ ਕਿਧਰੇ ਨਿਕਲਦੇ ਆ ਬਈ!

ਕਿਸਾਨਾਂ ਨਾਲ ਧੱਕੇ ਦੇ ਰੋਸ ਵਜੋਂ ਸੌ ਪਰਵਾਰਾਂ ਨੇ ਭਾਜਪਾ ਛੱਡੀ- ਇਕ ਖ਼ਬਰ
ਆਹ ਲੈ ਫੜ ਮਾਲਾ ਆਪਣੀ, ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ।

‘ਆਪ’ ਨੇ ਅਕਾਲੀ ਦਲ ‘ਤੇ ਨਸ਼ਾ ਕੰਪਨੀਆਂ ਤੋਂ ਫੰਡ ਲੈਣ ਦਾ ਦੋਸ਼ ਲਗਾਇਆ- ਇਕ ਖ਼ਬਰ
ਜੇ ਅਕਾਲੀ ਦਲ ਤੰਬਾਕੂ ਕੰਪਨੀ ਤੋਂ ਫੰਡ ਲੈ ਸਕਦੇ ਤਾਂ ਨਸ਼ਾ ਕੰਪਨੀ ਦਾ ਫੰਡ ਉਹਨਾਂ ਦੇ ਦੰਦੀ ਵੱਢਦਾ।

ਇਕ ਪੈਰ ਨਾਲ਼ ਮੈਂ ਬੰਗਾਲ ਜਿੱਤਾਂਗੀ ਤੇ ਦੋ ਪੈਰਾਂ ਨਾਲ਼ ਦਿੱਲੀ- ਮਮਤਾ
ਧਰਤੀ ਨੂੰ ਕਲੀ ਕਰਾ ਦੇ, ਨੱਚੂੰਗੀ ਸਾਰੀ ਰਾਤ।

ਪੰਜਾਬੀਆਂ ਦੀਆਂ ਨਜ਼ਰਾਂ ‘ਚ ਅਕਾਲੀਆਂ ਦੀ ਸਾਖ ਗੁਆਚੀ- ਕੈਪਟਨ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।

ਉੱਤਰ ਪ੍ਰਦੇਸ਼ ਦੀ ਭਾਜਪਾ ਆਗੂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਤਾ ਅਸਤੀਫ਼ਾ- ਇਕ ਖ਼ਬਰ
ਮੇਰੇ ਨਰਮ ਕਾਲਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਦਿੱਲੀ ਗੁਰਦੁਆਰਾ ਚੋਣਾਂ ਦੀ ਪਰਚਾਰ ਸਾਮੱਗਰੀ ‘ਚੋ ਗੁਰਮੁਖੀ ਗਾਇਬ- ਇਕ ਖ਼ਬਰ
ਕੀ ਕਰਨੀ ਅਸਾਂ ਪੰਜਾਬੀ, ਅੱਖ ਸਾਡੀ ਗੋਲਕ ‘ਤੇ।

ਮਮਤਾ ਵਲੋਂ ਕੀਤੀ ਸ਼ਿਕਾਇਤ ਚੋਣ ਕਮਿਸ਼ਨ ਵਲੋਂ ਖ਼ਾਰਜ- ਇਕ ਖ਼ਬਰ
ਭਾਈ ਜੀ ਦੇ ਵਹਿੜਕੇ ਨੇ, ਮੇਰੇ ਛੜ ਸੀਨੇ ‘ਤੇ ਮਾਰੀ।

 ਬਾਦਲਾਂ ਨਾਲ ਕਿਸੇ ਹਾਲਤ ਵਿਚ ਵੀ ਸਮਝੌਤਾ ਨਹੀਂ ਕਰਾਂਗੇ- ਢੀਂਡਸਾ
ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ- ਸੋਮ ਪ੍ਰਕਾਸ਼
ਖਾਲੀ ਘੋੜੀ ਹਿਣਕਦੀ, ਉੱਤੇ ਨਾ ਕੋਈ ਅਸਵਾਰ।

ਕਾਂਗਰਸ ਨੇ ਮੁੜ ਚੁੱਕਿਆ ਰਾਫਾਲ ਸੌਦੇ ਦਾ ਮੁੱਦਾ- ਇਕ ਖ਼ਬਰ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿੱਕਲੀ, ਮੱਖੀਆਂ ਨੇ ਪੈੜ ਨੱਪ ਲਈ।