ਤੇਜੀ ਨਾਲ ਬਦਲਣ ਜਾ ਰਹੀ ਦੁਨੀਆਂ ਨਵੀਆਂ ਮੰਡੀਆਂ ਦੀ ਤਲਾਸ਼ - ਗੁਰਚਰਨ ਸਿੰਘ ਨੂਰਪੁਰ

ਪੀ.ਸੀ.ਓ., ਐਸ.ਟੀ.ਡੀ., ਕੈਸੇਟ ਪਲੇਅਰ, ਵੀ.ਸੀ.ਆਰ., ਪੇਜਰ, ਰੀਲ ਕੈਮਰਾ, ਫਿਲੌਪੀ ਡਿਸਕ, ਸੀ.ਡੀ., ਡੀ.ਵੀ.ਡੀ. ਇਹ ਸਭ ਏਨੀ ਛੇਤੀ ਕਿੱਧਰ ਗਏ? ਜਦੋਂ ਅਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਸੀ ਤਾਂ ਕੀ ਕਦੇ ਸੋਚਿਆ ਸੀ ਇਹ ਸਭ ਕੁਝ ਬੜੀ ਛੇਤੀ ਅਲੋਪ ਹੋ ਜਾਵੇਗਾ? ਬਿਲਕੁਲ ਇਸੇ ਤਰ੍ਹਾਂ ਅਗਲੇ ਕੁਝ ਹੀ ਸਮੇਂ ਦੌਰਾਨ ਬੜੀ ਛੇਤੀ ਦੁਨੀਆ ਵਿਚ ਕਈ ਵੱਡੀਆਂ ਤਬਦੀਲੀਆਂ ਵਾਪਰਨ ਜਾ ਰਹੀਆਂ ਹਨ। ਸਾਡੇ ਸ਼ਹਿਰਾਂ ਗਲੀ ਮੁਹੱਲਿਆਂ ਵਿਚ ਨਜ਼ਰ ਆਉਂਦੇ ਮੋਬਾਈਲ ਟਾਵਰ ਬੜੀ ਜਲਦੀ ਖ਼ਤਮ ਹੋ ਜਾਣਗੇ। ਡੀਜ਼ਲ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਥਾਂ ਇਲੈਕਟ੍ਰੈੱਕ ਕਾਰਾਂ ਤਾਂ ਸੜਕਾਂ 'ਤੇ ਚੱਲਣੀਆਂ ਵੀ ਸ਼ੁਰੂ ਹੋ ਗਈਆਂ ਹਨ। ਸੰਭਵ ਹੈ ਜਦੋਂ ਡੀਜ਼ਲ ਪੈਟਰੋਲ ਦੀ ਲੋੜ ਨਹੀਂ ਰਹੇਗੀ ਤਾਂ ਕਈ ਦਹਾਕਿਆਂ ਤੋਂ ਚੱਲ ਰਹੇ ਪੈਟਰੋਲ ਪੰਪਾਂ ਦੀ ਥਾਂ ਕਾਰ ਚਾਰਜਰ ਲੈ ਲੈਣਗੇ। ਆਉਣ ਵਾਲੇ ਕੁਝ ਸਾਲਾਂ ਤੱਕ ਹਰ ਘਰ ਆਪਣੀ ਵਰਤੋਂ ਲਈ ਆਪਣੀ ਬਿਜਲੀ ਆਪ ਪੈਦਾ ਕਰਨ ਦੇ ਸਮਰੱਥ ਹੋਵੇਗਾ। ਬਿਜਲੀ ਘਰ ਸਪਲਾਈ ਲਾਈਨਾਂ ਅਤੇ ਟ੍ਰਾਂਸਫਾਰਮਰ ਖੰਭੇ ਆਦਿ ਬਹੁਤ ਕੁਝ ਬੜੀ ਤੇਜ਼ੀ ਨਾਲ ਬਦਲ ਜਾਵੇਗਾ। ਇੱਥੋਂ ਤੱਕ ਕਿ ਬੜੀ ਜਲਦੀ ਹਵਾਈ ਅੱਡਿਆਂ ਤੇ ਜਹਾਜ਼ਾਂ ਦੀ ਥਾਂ ਆਵਾਜਾਈ ਦੇ ਅਤਿ ਆਧੁਨਿਕ ਸਾਧਨ ਵਿਕਸਤ ਹੋ ਜਾਣਗੇ ਇਸ ਤਰ੍ਹਾਂ ਬਹੁਤ ਕੁਝ ਬੀਤੇ ਦੀ ਬਾਤ ਬਣ ਕੇ ਰਹਿ ਜਾਵੇਗਾ। ਜਿਵੇਂ ਅੱਜ ਤੋਂ ਚਾਰ ਦਹਾਕੇ ਪਹਿਲਾਂ ਜਦੋਂ ਕਿਸੇ ਨੂੰ ਇਹ ਕਿਹਾ ਜਾਂਦਾ ਸੀ ਕਿ ਭਵਿੱਖ ਵਿਚ ਵੀਡੀਓ ਕਾਲ ਸੰਭਵ ਹੋਵੇਗੀ ਤਾਂ ਇਹ ਬਹੁਤ ਸਾਰੇ ਲੋਕਾਂ ਦੇ ਮੰਨਣ ਵਿਚ ਨਹੀਂ ਸੀ ਆਉਂਦਾ ਪਰ ਅੱਜ ਇਹ ਸੰਭਵ ਹੈ ਇਸੇ ਤਰ੍ਹਾਂ ਇਹ ਸਭ ਕੁਝ ਵੀ ਸਾਡੇ 'ਚੋਂ ਕੁਝ ਨੂੰ ਅਸੰਭਵ ਲਗਦਾ ਹੋਵੇਗਾ। ਪਰ ਭਵਿੱਖ ਵਿਚ ਇਹ ਸਭ ਕੁਝ ਕੁ ਸਾਲਾਂ ਵਿਚ ਬੜੀ ਜਲਦੀ ਵਾਪਰਨ ਵਾਲਾ ਹੈ।

ਕਿਵੇਂ ਸੰਭਵ ਹੋਵੇਗਾ

ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਲੋਕਾਂ ਨੂੰ ਸੁਚੱਜੀ ਵਿਗਿਆਨਕ ਤਕਨਾਲੋਜੀ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ ਅਮਰੀਕੀ ਰਾਕਟ ਵਿਗਿਆਨੀ ਈਲੋਨ ਮਸਕ ਨੇ। ਈਲੋਨ ਮਸਕ ਜਿਸ ਨੂੰ ਇਸ ਸਦੀ ਦਾ ਸਭ ਤੋਂ ਮਹਾਨ ਵਿਅਕਤੀ ਮੰਨਿਆ ਜਾ ਰਿਹਾ ਹੈ, ਦਾ ਮੰਨਣਾ ਹੈ ਕਿ 'ਸਮੱਸਿਆ ਆਪਣੇ ਆਪ ਵਿਚ ਕੋਈ ਚੁਣੌਤੀ ਨਹੀਂ ਹੁੰਦੀ ਬਲਕਿ 'ਹੱਲ ਲੱਭਣਾ' ਵੱਡੀ ਚੁਣੌਤੀ ਹੁੰਦੀ ਹੈ।' ਘਰ ਫੂਕ ਤਮਾਸ਼ਾ ਵੇਖਣ ਵਾਲੇ ਇਸ ਸ਼ਖ਼ਸ ਨੂੰ ਕਈ ਕੰਪਨੀਆਂ 'ਚੋਂ ਕੱਢਿਆ ਗਿਆ ਹੈ। ਉਸ ਦੇ ਅਜਿਹੇ ਨੁਕਸਾਨ ਵੀ ਹੋਏ ਜਦੋਂ ਕੋਲ ਕੁਝ ਵੀ ਨਾ ਬਚਿਆ ਪਰ ਇਸ ਸਭ ਕੁਝ ਦੇ ਬਾਵਜੂਦ ਅੱਜ ਉਹ ਦੁਨੀਆ ਦਾ ਵੱਡਾ ਅਮੀਰ ਵਿਅਕਤੀ ਹੈ। ਉਸ ਦੀ ਜੀਵਨੀ ਇਕ ਕਾਲਪਨਿਕ ਫ਼ਿਲਮੀ ਕਹਾਣੀ ਜਿਹੀ ਹੈ। ਬੇਸ਼ੱਕ ਪੂੰਜੀਪਤੀਆਂ ਦੀ ਵੱਡੀ ਤਰਜੀਹ ਆਪਣੇ ਮੁਨਾਫ਼ੇ ਹੁੰਦੀ ਹੈ। ਭਵਿੱਖ ਵਿਚ ਈਲਨ ਮਸਕ ਦੀਆਂ ਕੀ ਤਰਜੀਹਾਂ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਹੁਣ ਤੱਕ ਅਸੀਂ ਕਹਿ ਸਕਦੇ ਹਾਂ ਕਿ ਟੇਡੇ ਢੰਗ ਨਾਲ ਸਰਕਾਰਾਂ ਨਾਲ ਮਿਲ ਕੇ ਅਤੇ ਜਨਤਕ ਸਾਧਨਾਂ ਨੂੰ ਲੁੱਟ ਕੇ ਅਮੀਰ ਹੋਣ ਵਿਚ ਉਹਦਾ ਵਿਸ਼ਵਾਸ ਨਹੀਂ ਹੈ। ਉਹਦੀ ਕਹਾਣੀ ਧਰਤੀ ਤੋਂ ਨਹੀਂ ਬਲਕਿ ਤਾਰਿਆਂ ਗ੍ਰਹਿਾਂ ਤੋਂ ਸ਼ੁਰੂ ਹੁੰਦੀ ਹੈ। ਈਲੋਨ ਮਸਕ ਦੀਆਂ ਕੁਝ ਮਸ਼ਹੂਰ ਕੰਪਨੀਆਂ ਨੇ ਇਸ ਸਮੇਂ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ ਹੈ ਅਤੇ ਵੇਖਣਾ ਇਹ ਹੋਵੇਗਾ ਦੁਨੀਆ ਦੇ ਕਾਰੋਬਾਰੀ ਉਸ ਵਲੋਂ ਈਜਾਦ ਕੀਤੀ ਤਕਨੀਕ ਦਾ ਮੁਕਾਬਲਾ ਕਿਵੇਂ ਕਰਦੇ ਹਨ?

 

ਟੈਸਲਾ ਮੋਟਰ

ਈਲੋਨ ਮਸਕ ਦੀ ਕੰਪਨੀ ਟੈਸਲਾ ਮੋਟਰ ਦੀ ਇਸ ਸਮੇਂ ਪੂਰੀ ਦੁਨੀਆ ਵਿਚ ਧੁੰਮ ਪਈ ਹੋਈ ਹੈ। ਇਸ ਨਾਲ ਪੈਟਰੋਲ ਡੀਜ਼ਲ ਦਾ ਰਵਾਇਤੀ ਚੱਕਰ ਹੀ ਖ਼ਤਮ ਹੋਣ ਜਾ ਰਿਹਾ ਹੈ। ਧਰਤੀ ਪ੍ਰਦੂਸ਼ਣ ਮੁਕਤ ਹੋਣ ਲੱਗੇਗੀ। ਟੈਸਲਾ ਮੋਟਰ ਦੀਆਂ ਕਾਰਾਂ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਬਲਕਿ ਚਾਰ ਰੱਤੀਆਂ ਅੱਗੇ ਹਨ। ਇੱਥੇ ਹੀ ਬੱਸ ਨਹੀਂ ਈਲੋਨ ਮਸਕ ਦੀ ਟੈਸਲਾ ਮੋਟਰ ਵਲੋਂ ਡਰਾਈਵਰਲੈੱਸ ਕਾਰਾਂ ਬਣਾਈਆਂ ਜਾ ਰਹੀਆਂ ਹਨ, ਜੋ ਅਗਲੇ ਕੁਝ ਹੀ ਸਮੇਂ ਵਿਚ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਆਪਣੀ ਧੁੰਮ ਪਾਉਣਗੀਆਂ। ਇੱਥੇ ਵਰਣਨਯੋਗ ਹੈ ਕਿ ਟੈਸਲਾ ਕਾਰਾਂ ਦੀ ਮੰਗ ਦੁਨੀਆ ਵਿਚ ਤੇਜ਼ੀ ਨਾਲ ਵਧ ਰਹੀ ਹੈ। ਇਹ ਕਾਰਾਂ ਦੁਨੀਆਂ ਦੇ ਕੁਝ ਦੇਸ਼ਾਂ ਵਿਚ ਸਫਲਤਾਪੂਰਵਕ ਚੱਲਣੀਆਂ ਵੀ ਸ਼ੁਰੂ ਹੋ ਗਈਆਂ ਹਨ।

ਸਪੇਸਐਕਸ

ਇਹ ਦੁਨੀਆ ਦੀ ਪਹਿਲੀ ਅਜਿਹੀ ਕੰਪਨੀ ਹੈ, ਜੋ ਪੁਲਾੜ ਵਿਚ ਉਪ ਗ੍ਰਹਿ ਸਥਾਪਤ ਕਰਨ ਦੇ ਨਾਲ-ਨਾਲ ਰਾਕਟ ਬਣਾਉਣ ਲਈ ਕੰਮ ਕਰ ਰਹੀ ਹੈ। ਈਲੋਨ ਨੇ ਇਸ ਕੰਪਨੀ ਨਾਲ ਇਕ ਤੋਂ ਵੱਧ ਵਾਰ ਵਰਤੇ ਜਾਣ ਵਾਲਾ ਰਾਕਟ ਬਣਾ ਕੇ ਦੁਨੀਆ ਨੂੰ ਅਚੰਭੇ ਵਿਚ ਪਾ ਦਿੱਤਾ ਹੈ। ਦੁਨੀਆ ਭਰ ਵਿਚ ਪਹਿਲੀ ਵਾਰ ਇਹ ਸਫਲਤਾ ਹਾਸਲ ਹੋਈ ਕਿ ਇਸ ਦੇ ਬਣਾਏ ਰਾਕਟ ਇਕ ਤੋਂ ਵੱਧ ਵਾਰ ਵਰਤੇ ਜਾ ਸਕਦੇ ਹਨ। ਇਸ ਕੰਪਨੀ ਦੀ ਮਦਦ ਨਾਲ ਜਿੱਥੇ ਧਰਤੀ ਦੁਆਲੇ ਈਲੋਨ ਮਸਕ ਨੇ ਉਪਗ੍ਰਹਿਆਂ ਦਾ ਜਾਲ ਬੁਣਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਭਵਿੱਖ ਵਿਚ ਇਸ ਦਾ ਕੰਮ ਮੰਗਲ ਗ੍ਰਹਿ 'ਤੇ ਮਾਨਵ ਬਸਤੀਆਂ ਵਸਾਉਣਾ ਵੀ ਹੈ। ਆਪਣੇ ਉਪਗ੍ਰਹਿ ਧਰਤੀ ਦੇ ਨੇੜੇ ਸਥਾਪਤ ਕਰਨ ਲਈ ਇਹ ਕੰਪਨੀ ਸਫਲਤਾ ਪੂਰਵਕ ਕੰਮ ਕਰ ਰਹੀ ਹੈ।

ਸਟਾਰਲਿੰਕ

ਸਪੇਸਐਕਸ ਕੰਪਨੀ ਦੀ ਮਦਦ ਨਾਲ ਈਲੋਨ ਮਸਕ ਨੇ ਇਕ ਨਵੀਂ ਕੰਪਨੀ ਸਟਾਰਲਿੰਕ ਬਣਾਈ ਹੈ, ਜਿਸ ਦਾ ਕੰਮ ਸਸਤੀ ਅਤੇ ਦੂਰ ਦੁਰਾਡੇ ਇਲਾਕਿਆਂ ਵਿਚ ਹਾਈਸਪੀਡ ਇੰਟਰਨੈੱਟ ਸੇਵਾ ਮੁਹੱਈਆ ਕਰਾਉਣੀ ਹੈ। ਸਟਾਰਲਿੰਕ ਨੇ ਭਾਰਤ ਵਿਚ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ, ਕੋਲਕਾਤਾ, ਬੰਗਲੌਰ, ਮੁੰਬਈ ਅਤੇ ਚੇਨਾਈ ਵਰਗੇ ਸ਼ਹਿਰਾਂ ਵਿਚ ਇਸ ਨੇ ਆਪਣੇ ਦਫ਼ਤਰ ਖੋਲ੍ਹ ਕੇ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸਟਾਰਲਿੰਕ ਇੰਟਰਨੈੱਟ ਸੇਵਾ ਅਜਿਹੀ ਹਾਈ ਸਪੀਡ, ਵਾਇਰਲੈੱਸ ਸੇਵਾ ਹੋਵੇਗੀ ਜਿਸ ਦੇ ਮੁਕਾਬਲੇ ਇੰਟਰਨੈੱਟ ਸੇਵਾ ਮੁਹੱਈਆ ਕਰਾਉਣ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਆਂ ਇਸ ਦੇ ਨੇੜੇ-ਤੇੜੇ ਵੀ ਨਹੀਂ ਖੜ੍ਹ ਸਕਣਗੀਆਂ।

ਸੋਲਰਸਿਟੀ

ਇਸ ਕੰਪਨੀ ਦੀ ਸ਼ੁਰੂਆਤ 2016 ਵਿਚ ਕੀਤੀ ਗਈ। ਇਹ ਸੋਲਰ ਰੂਫ ਟਾਇਲ ਮੈਨੂਫੈਕਚਰਿੰਗ ਕੰਪਨੀ ਹੈ। ਇਸ ਰਾਹੀਂ ਈਲੋਨ ਮਸਕ ਦਾ ਸੁਪਨਾ ਹੈ ਕਿ ਅਸੀਂ ਧਰਤੀ ਤੋਂ ਕਾਰਬਨ ਡਾਇਆਕਸਾਈਡ ਦੀ ਮਾਤਰਾ ਨੂੰ ਕੰਟਰੋਲ ਵਿਚ ਮਦਦ ਮਿਲੇਗੀ। ਈਲੋਨ ਮਸਕ ਦੀ ਇਹ ਕੰਪਨੀ ਜੋ ਐਨਰਜੀ ਕਰੀਏਸ਼ਨ 'ਤੇ ਕੰਮ ਕਰਦੀ ਹੈ। ਬੜੀ ਤੇਜ਼ੀ ਨਾਲ ਸੂਰਜੀ ਊਰਜਾ ਨੂੰ ਕੰਟਰੋਲ ਕਰਕੇ ਘੱਟ ਤੋਂ ਘੱਟ ਲਾਗਤ ਵਿਚ ਬਿਜਲੀ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਇਹ ਕਾਫੀ ਹੱਦ ਤੱਕ ਸਫਲ ਵੀ ਹੈ। ਉਸ ਦੀ ਇਸ ਕੰਪਨੀ ਵਲੋਂ ਅਜਿਹੀਆਂ ਟਾਇਲਾਂ ਈਜਾਦ ਕੀਤੀਆਂ ਗਈਆਂ ਹਨ ਜੋ ਘਰਾਂ ਦੀਆਂ ਦੀਵਾਰਾਂ ਦੀ ਸਜਾਵਟ ਬਣਨ ਦੇ ਨਾਲ-ਨਾਲ ਬਿਜਲੀ ਊਰਜਾ ਪੈਦਾ ਕਰਨ ਦਾ ਕੰਮ ਵੀ ਕਰਨਗੀਆਂ। ਹਰ ਘਰ ਦੀ ਬਿਜਲੀ ਦੀ ਲੋੜ ਘਰ ਵਿਚੋਂ ਹੀ ਪੂਰੀ ਹੋ ਸਕੇਗੀ।

ਹਾਈਪਰਲੂਪ

ਇਹ ਜ਼ਮੀਨ ਦੇ ਹੇਠਾਂ ਤੇਜ਼ੀ ਨਾਲ ਸੁਰੰਗ ਬਣਾਉਣ ਵਾਲਾ ਪ੍ਰਾਜੈਕਟ ਹੈ। ਇਹ ਈਲੋਨ ਮਸਕ ਦੀ ਇਕ ਹੋਰ ਕੰਪਨੀ 'ਬੋਰਿੰਗ' ਨਾਲ ਮਿਲ ਕੇ ਤੇਜ਼ੀ ਨਾਲ ਕੰਮ ਕਰ ਰਹੀ ਹੈ ਜਿਸ ਦਾ ਮਨੋਰਥ ਜ਼ਮੀਨਦੋਸ਼ ਸੁਰੰਗ ਬਣਾ ਕੇ ਕੈਪਸੂਲ ਨੁਮਾ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਦੇ ਨਾਲ-ਨਾਲ ਧਰਤੀ ਤੋਂ ਟ੍ਰੈਫਿਕ ਘੱਟ ਕਰਨਾ ਹੈ। ਇਸ ਨਾਲ ਘੱਟ ਤੋਂ ਘੱਟ ਕੀਮਤ 'ਤੇ ਵਿਸ਼ਾਲ ਅੰਡਰ ਗ੍ਰਾਊਂਡ ਟ੍ਰਾਂਸਪੋਰਟ ਸਿਸਟਮ ਖੜ੍ਹਾ ਕੀਤਾ ਜਾ ਸਕੇਗਾ। ਈਲੋਨ ਦਾ ਇਹ ਇਕ ਅਜਿਹਾ ਪ੍ਰਾਜੈਕਟ ਹੈ ਜੋ ਰਵਾਇਤੀ ਰੇਲ ਗੱਡੀਆਂ, ਰੇਲਵੇ ਟਰੈਕ, ਹਵਾਈ ਜਹਾਜ਼ ਅਤੇ ਹਵਾਈ ਅੱਡਿਆਂ 'ਤੇ ਸਵਾਲੀਆ ਚਿੰਨ੍ਹ ਲਾ ਦੇਵੇਗਾ। ਹਾਈਪ੍ਰਲੂਪ ਇਕ ਇੰਟਰਸਿਟੀ ਟ੍ਰਾਂਸਪੋਰਟ ਸਿਸਟਮ ਹੈ ਜੋ ਦੁਨੀਆ ਨੂੰ ਪਹਿਲਾਂ ਨਾਲੋਂ ਕਿਤੇ ਛੋਟੀ ਕਰ ਦੇਵੇਗਾ।

ਅਮੀਰੀ ਖੁੱਸਣ ਦਾ ਡਰ

ਦੁਨੀਆ ਵਿਚ ਇਹ ਵੱਡੀਆਂ ਤਬਦੀਲੀਆਂ ਅਗਲੇ ਕੁਝ ਅਰਸੇ ਦੌਰਾਨ ਹੋਣ ਜਾ ਰਹੀਆਂ ਹਨ ਜੋ ਦੁਨੀਆ ਦੇ ਮੌਜੂਦਾ ਸਵਰੂਪ ਨੂੰ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਇਹ ਬਦਲਾਅ ਕਿੰਨੇ ਕੁ ਲੋਕ ਪੱਖੀ ਸਾਬਤ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਨ੍ਹਾਂ ਭਵਿੱਖੀ ਤਬਦੀਲੀਆਂ ਨਾਲ ਦੁਨੀਆ ਭਰ ਵਿਚ ਵੱਡੀ ਉੱਥਲ-ਪੁੱਥਲ ਹੋਣੀ ਸ਼ੁਰੂ ਹੋ ਗਈ ਹੈ। ਕੁਝ ਅਜਿਹੇ ਸਾਧਨ ਜਿਨ੍ਹਾਂ ਤੋਂ ਕੁਝ ਕੰਪਨੀਆਂ ਨੂੰ ਮੋਟੀਆਂ ਕਮਾਈਆਂ ਹੁੰਦੀਆਂ ਹਨ, ਦੀ ਲੋੜ ਸਮਾਪਤ ਹੋ ਜਾਵੇਗੀ। ਇਸ ਤਰ੍ਹਾਂ ਸਾਡੇ ਦੇਸ਼ ਸਮੇਤ ਕੁਝ ਹੋਰ ਦੇਸ਼ਾਂ ਦੇ ਪੂੰਜੀਪਤੀਆਂ ਨੂੰ ਇਸ ਸਮੇਂ ਇਹ ਵੱਡਾ ਫ਼ਿਕਰ ਬਣਿਆ ਹੋਇਆ ਹੈ ਕਿ ਸੰਚਾਰ ਸਾਧਨ, ਆਵਾਜਾਈ ਦੇ ਸਾਧਨ, ਬਿਜਲੀ ਅਤੇ ਤੇਲ ਕੰਪਨੀਆਂ ਜਿਹੜੇ ਉਨ੍ਹਾਂ ਲਈ ਕਮਾਈ ਦੇ ਵੱਡੇ ਸਰੋਤ ਸਾਧਨ ਹਨ 'ਤੇ ਉਨ੍ਹਾਂ ਦੀ ਇਜਾਰੇਦਾਰੀ ਨਹੀਂ ਰਹੇਗੀ ਤਾਂ ਉਨ੍ਹਾਂ ਦੀ ਅਮੀਰੀ ਖੁਸ ਜਾਵੇਗੀ।

ਨਵੇਂ ਬਾਜ਼ਾਰਾਂ ਦੀ ਤਲਾਸ਼

ਅਗਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਤਬਦੀਲ ਹੋਣ ਜਾ ਰਹੀ ਦੁਨੀਆ ਨੇ ਸੰਸਾਰ ਭਰ ਦੇ ਧਨਾਢਾਂ ਦੇ ਫ਼ਿਕਰ ਵਧਾ ਦਿੱਤੇ ਹਨ। ਉਨ੍ਹਾਂ ਨੇ ਆਪਣੀਆਂ ਕੰਮ ਕਰਨ ਦੀਆਂ ਤਰਜੀਹਾਂ ਤੇਜ਼ੀ ਨਾਲ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਡੇ ਦੇਸ਼ ਦੇ ਧਨਾਢ ਜੋ ਬਿਜਲੀ ਕੰਪਨੀਆਂ, ਮੋਬਾਈਲ ਇੰਟਨੈੱਟ ਕੰਪਨੀਆਂ, ਸੰਚਾਰ ਸਾਧਨ, ਰੇਲਵੇ, ਹਵਾਈ ਜਹਾਜ਼, ਤੇਲ ਕੰਪਨੀਆਂ ਆਦਿ ਕੰਪਨੀਆਂ 'ਤੇ ਕਾਬਜ਼ ਹਨ, ਦਾ ਸਾਰਾ ਧਿਆਨ ਹੁਣ ਮਨੁੱਖ ਦੇ ਖਾਣ-ਪੀਣ ਵਾਲੀਆਂ ਵਸਤਾਂ ਵੱਲ ਲੱਗ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਤਕਨੀਕ ਤੋਂ ਵੀ ਵੱਧ ਲੋੜ ਮਨੁੱਖ ਦੀ ਜ਼ਿੰਦਾ ਰਹਿਣ ਦੀ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਉਸ ਕੋਲ ਖਾਧ ਪਦਾਰਥਾਂ ਦੀ ਲੋੜੀਂਦੀ ਮਾਤਰਾ ਹੋਵੇ। ਜ਼ਿੰਦਾ ਰਹਿਣ ਲਈ ਰੋਟੀ ਜ਼ਰੂਰੀ ਹੈ ਇਸ ਲਈ ਸਾਡੇ ਦੇਸ਼ ਸਮੇਤ ਦੁਨੀਆ ਦੇ ਹੋਰ ਪੂੰਜੀਪਤੀਆਂ ਵਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਜ਼ਮੀਨ ਦੇ ਵੱਧ ਤੋਂ ਵੱਧ ਰਕਬੇ 'ਤੇ ਕਾਬਜ਼ ਹੋਇਆ ਜਾਵੇ। ਅਜਿਹਾ ਕਰਨ ਨਾਲ ਉਹ ਕਰੋੜਾਂ ਲੋਕਾਂ ਦੀਆਂ ਖੁਰਾਕੀ ਲੋੜਾਂ ਦੇ ਬਾਜ਼ਾਰ 'ਤੇ ਕਾਬਜ਼ ਹੋ ਜਾਣਗੇ ਅਤੇ ਰੋਟੀ ਅਤੇ ਭੁੱਖ ਦੇ ਇਸ ਕਾਰੋਬਾਰ ਨਾਲ ਮਾਲਾ ਮਾਲ ਹੁੰਦੇ ਜਾਣਗੇ। ਭਵਿੱਖ ਵਿਚ ਦੁਨੀਆ ਭਰ ਦੇ ਪੂੰਜੀਪਤੀ ਖੁਰਾਕੀ ਲੋੜਾਂ ਦੀਆਂ ਮੰਡੀਆਂ ਅਤੇ ਖਾਧ ਪਦਾਰਥਾਂ ਦੇ ਬਾਜ਼ਾਰ 'ਤੇ ਕਾਬਜ਼ ਹੋਣ ਲਈ ਯਤਨਸ਼ੀਲ ਹਨ। ਪੀਣ ਵਾਲੇ ਪਾਣੀ ਨੂੰ ਵੀ ਇਕ ਵੱਡੀ ਸਨਅਤ ਵਜੋਂ ਵੇਖਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਕਿਸਾਨ ਨੂੰ ਆਪਣੀ ਜ਼ਮੀਨ ਦੀ ਹੀ ਨਹੀਂ ਬਲਕਿ ਹਵਾ ਪਾਣੀ ਤੱਕ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਇਹ ਵੀ ਸਮਝਣ ਦੀ ਲੋੜ ਹੈ ਕਿ ਤੇਜ਼ੀ ਨਾਲ ਬਦਲ ਰਹੇ ਵਰਤਾਰਿਆਂ ਨਾਲ ਖੇਤੀ ਹੁਣ ਰਵਾਇਤੀ ਢੰਗ ਅਨੁਸਾਰ ਨਹੀਂ ਚੱਲ ਸਕੇਗੀ। ਕਿਸਾਨ ਨੂੰ ਜਿਣਸਾਂ ਦੀ ਗੁਣਵੱਤਾ ਲਈ ਕੁਦਰਤੀ ਖੇਤੀ ਮਾਡਲ ਦੇ ਨਾਲ ਐਗਰੋਫੂਡ ਸਨਅਤ ਵੱਲ ਧਿਆਨ ਦੇਣਾ ਪਵੇਗਾ। ਕੋਆਪਰੇਟਿਵ ਖੇਤੀ ਮਾਡਲ ਅਪਣਾ ਕੇ ਆਪਣੇ ਖਰਚਿਆਂ ਨੂੰ ਘੱਟ ਕਰਨ ਵੱਲ ਧਿਆਨ ਦੇਣਾ ਪਵੇਗਾ। ਇਸ ਸਮੇਂ ਆਪਣੀ ਖੇਤੀ ਨਾਲ ਜੁੜੀ ਸੱਭਿਅਤਾ ਅਤੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ ਸੰਗਠਨਾਂ ਨੂੰ ਖੇਤੀ ਵਿਗਿਆਨੀਆਂ ਅਤੇ ਆਰਥਕ ਮਾਹਿਰਾਂ ਦੀ ਮਦਦ ਨਾਲ ਇੱਕ ਲੋਕ ਪੱਖੀ ਨਵਾਂ ਖੇਤੀ ਵਿਕਾਸ ਮਾਡਲ ਪੇਸ਼ ਕਰਨਾ ਚਾਹੀਦਾ ਹੈ ਜੋ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਫੇਲ੍ਹ ਹੋਏ 'ਅਖੌਤੀ ਕਾਰਪੋਰੇਟ ਖੇਤੀ ਵਿਕਾਸ ਮਾਡਲ' ਨੂੰ ਨਕਾਰਨ ਦੇ ਨਾਲ ਨਾਲ ਦੇਸ਼ ਅਤੇ ਕਿਰਸਾਨੀ ਨੂੰ ਨਵੀਆਂ ਲੀਹਾਂ 'ਤੇ ਤੋਰ ਸਕਦਾ ਹੋਵੇ। ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਸਾਨੂੰ ਸਭ ਨੂੰ ਸੁਚੇਤ ਹੋ ਕੇ ਇਸ ਦੇ ਹਾਣ ਦੇ ਹੋਣਾ ਪਵੇਗਾ।

ਸੰਪਰਕ : 98550-51099