ਰਾਜਕੀ ਸੱਤਾ ਦਾ ਜਸ਼ਨ ਅਤੇ ਆਮ ਲੋਕ - ਅਵਿਜੀਤ ਪਾਠਕ
ਆਪਣੇ ਪਿੰਡ ਦੇ ਮੇਲੇ ਵਿਚੋਂ ਆਪਣੀ ਬੱਚੀ ਲਈ ਖਿਡੌਣਾ ਖਰੀਦ ਰਹੀ ਕੋਈ ਔਰਤ ਕਿਸੇ ਵੀ ਤਰ੍ਹਾਂ ਟੀਵੀ ਕੈਮਰਿਆਂ ਸਾਹਮਣੇ ਆਪਣੀ ਬੱਚੀ ਨਾਲ ਘੁੰਮ ਰਹੀ ਐਸ਼ਵਰਿਆ ਰਾਏ ਤੋਂ ਘੱਟ ਸੁੰਦਰ ਨਹੀਂ, ਜਿੱਥੋਂ ਤੱਕ ਗਿਆਨ ਵੰਡਣ ਦੇ ਕਾਰਜ ਦਾ ਸਵਾਲ ਹੈ ਤਾਂ ਕਿਸੇ ਅਣਜਾਣੇ ਸਕੂਲ ਦਾ ਕੋਈ ਦਿਆਨਤਦਾਰ ਅਧਿਆਪਕ ਹਾਰਵਰਡ ਦੇ ਕਿਸੇ ਪ੍ਰੋਫੈਸਰ ਤੋਂ ਘੱਟ ਨਹੀਂ ਹੁੰਦਾ। ਸੂਝ ਬੂਝ ਅਤੇ ਲਗਨ ਦੀ ਇਸ ਗਹਿਰੀ ਕਲਾ ਦੇ ਜ਼ਰੀਏ ਹੀ ਅਸੀਂ ਅਜਿਹਾ ਸੰਸਾਰ ਸਿਰਜਣ ਵੱਲ ਜਾ ਸਕਦੇ ਹਾਂ ਜਿੱਥੇ ਸ਼ਕਤੀਸ਼ਾਲੀ ਵਿਅਕਤੀਆਂ ਲਈ ਸਭ ਸੁੱਖ ਸਹੂਲਤਾਂ ਦੀ ਬਜਾਇ ਹਰ ਇਨਸਾਨੀ ਰੂਹ ਦੇ ਖਿੜਨ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹੋਣ।
ਅੰਗਰੇਜ਼ੀ ਦੇ ਇਕ ਪ੍ਰਮੁੱਖ ਅਖ਼ਬਾਰ ਨੇ ਕੁਝ ਦਿਨ ਪਹਿਲਾਂ ਮੈਨੂੰ ਭਾਰਤ ਦੇ 100 ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸੀਅਤਾਂ ਦੀ ਇਕ ਸੂਚੀ ਛਾਪ ਕੇ ਆਗਾਹ ਕੀਤਾ ਸੀ। ਇਕ ਸਾਧਾਰਨ ਪ੍ਰਾਣੀ ਹੋਣ ਦੇ ਨਾਤੇ ਮੈਂ ਇਸ ਸੂਚੀ ਉੱਤੇ ਝਾਤ ਮਾਰੀ ਅਤੇ ਖ਼ੁਦ ਤੋਂ ਹੀ ਦੋ ਪ੍ਰੇਸ਼ਾਨਕੁਨ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ : ਇਹ ਕਿਉਂ ਹੈ ਕਿ ਇਨ੍ਹਾਂ ਸ਼ਕਤੀਸ਼ਾਲੀ ਵਿਅਕਤੀਆਂ ਦੇ ਹੁੰਦਿਆਂ ਸੁੰਦਿਆਂ ਅਸੀਂ ਨਿਰੋਲ ਅਸਮਾਨਤਾ, ਸਮਾਜਿਕ ਮਨੋ-ਬੇਚੈਨੀ ਅਤੇ ਸਮੂਹਿਕ ਹਿੰਸਾ ਦੇ ਚਹੁੰਪਾਸੀ ਦਲ ਦਲ ਵਿਚ ਧਸਦੇ ਹੀ ਜਾ ਰਹੇ ਹਾਂ? ਤੇ ਕੀ ਇਹੋ ਜਿਹੀ ਕੋਈ ਸੂਚੀ (ਜਾਂ ਇਸ ਦਾ ਜਸ਼ਨ ਮਨਾਉਣਾ) ਸਾਨੂੰ ਉਨ੍ਹਾਂ ਵਰਗੇ ਬਣਨ ਦੀਆਂ ਪਾਲੀਆਂ ਸਾਡੀਆਂ ਗੁੱਝੀਆਂ ਸੱਧਰਾਂ ਨੂੰ ਵੀ ਉਜਾਗਰ ਕਰਦੀ ਹੈ?
ਕਿਉਂ ਨਾ ਨਿਤਾਣਿਆਂ ਨੂੰ ਤਾਕਤ ਦੇਣ, ਰਹਿਮ ਦਿਲ ਬਣਨ ਦਾ ਹੌਸਲਾ ਦੇਣ, ਬਿਨਾਂ ਕਿਸੇ ਵੀ ਤਰ੍ਹਾਂ ਦੀ ਗਰਜ਼ ਤੋਂ ਮੁਕਤ ਹੋ ਕੇ ਕਿਸੇ ਦੀ ਮਹਿਕ ਬਖੇਰਨ ਦੀ ਕਾਬਲੀਅਤ ਦੇਣ ਦੀ ਕਾਮਨਾ ਕੀਤੀ ਜਾਵੇ। ਜਿਵੇਂ ਸੂਚੀ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਕਤੀਸ਼ਾਲੀ ਲੋਕ ਮੁੱਖ ਤੌਰ ਤੇ ਸਾਡੇ ਸਿਆਸੀ ਆਕਾ ਹਨ ਜਾਂ ਫਿਰ ਉਹ ਹਨ ਜੋ ਵੱਡੇ ਕਾਰਪੋਰੇਟੀ ਸਾਮਰਾਜ ਚਲਾਉਂਦੇ ਹਨ। ਅਸੀਂ ਅਕਸਰ ਇਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਾਂ- ਉਨ੍ਹਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਜੁੜੀ ਹਰ ਸੱਚੀ ਝੂਠੀ ਗੱਲ ਵੀ ਜਾਣਨਾ ਚਾਹੁੰਦੇ ਹਾਂ। ਇਹ ਕਹਿਣਾ ਬੇਵਜ੍ਹਾ ਨਹੀਂ ਹੋਵੇਗਾ ਕਿ ਸਮਾਜ ਦੇ ਤੌਰ ਤੇ ਅਸੀਂ ਇਸ ਕਿਸਮ ਦੀ ਸੱਤਾ ਦਾ ਜਸ਼ਨ ਮਨਾਉਂਦੇ ਹਾਂ। ਲਿਹਾਜ਼ਾ, ਸੱਤਾ ਦੇ ਪ੍ਰਵਚਨ ਉੱਤੇ ਕੁਝ ਚਾਨਣ ਪਾਉਣ ਦੀ ਆਪਣੀ ਅਹਿਮੀਅਤ ਹੈ। ਸੰਭਵ ਹੈ ਕਿ ਅਸੀਂ ਜਿਸ ਸੱਤਾ ਦੀ ਪੂਜਾ ਕਰਦੇ ਹਾਂ, ਉਹ ਹਉਂ ਦੀ ਸ਼ਕਤੀ ਹੈ: ਦਾਬੇ ਅਤੇ ਦੂਜਿਆਂ ਨੂੰ ਕੰਟਰੋਲ ਕਰਨ ਦੀ ਤਾਕਤ, ਜਾਂ ਤਕਨੀਕੀ-ਆਰਥਿਕ ਪੂੰਜੀ, ਰਾਜਸੀ-ਪ੍ਰਸ਼ਾਸਕੀ ਅਥਾਰਿਟੀ ਜਾਂ ਫਿਰ ਵਿਸ਼ੇਸ਼ ਕਿਸਮ ਦੇ ਗਿਆਨ (ਇਹ ਗਿਆਨ ਅਕਸਰ ਕਿਸੇ ਨੂੰ ਪਾਗਲ ਗਰਦਾਨਣ ਜਾਂ ਦੂਜਿਆਂ ਦੀਆਂ ਰਾਵਾਂ ਨੂੰ ਸਾਧਾਰਨ ਬੁੱਧੀ ਦੀ ਉਪਜ ਕਹਿ ਕੇ ਦੁਰਕਾਰਨ ਦੀ ਸ਼ਕਤੀ ਦੇ ਰੂਪ ਵਿਚ ਉਜਾਗਰ ਹੁੰਦੀ ਹੈ) ਦੇ ਨਾਂ ਤੇ ਆਪਣੀ ਸ਼੍ਰੇਸ਼ਠਤਾ ਸਿੱਧ ਕਰਨ ਦੀ ਤਾਕਤ ਹੀ ਹੁੰਦੀ ਹੈ। ਦਰਅਸਲ, ਕਾਰਲ ਮਾਰਕਸ, ਮੈਕਸ ਵੈਬਰ ਅਤੇ ਮਿਸ਼ੈਲ ਫੂਕੋ ਜਿਹੇ ਕੁਝ ਰੌਸ਼ਨ ਖ਼ਿਆਲ ਸਮਾਜ ਸ਼ਾਸਤਰੀਆਂ ਨੇ ਇਸ ਕਿਸਮ ਦੀ ਸ਼ਕਤੀ ਦੇ ਸਮੁੱਚੇ ਗਤੀਮਾਨ ਅਤੇ ਇਸ ਦੇ ਅਟਲ ਸਿੱਟਿਆਂ ਬਾਰੇ ਗਹਿਰੀ ਸੋਚ ਵਿਚਾਰ ਕੀਤੀ ਸੀ ਤੇ ਨੌਕਰਸ਼ਾਹੀ ਤੇ ਖ਼ੁਫ਼ੀਆ ਤੰਤਰ ਦੀਆ ਜ਼ੰਜੀਰਾਂ ਦੇ ਲੋਹ-ਪਿੰਜਰੇ ਵਿਚ ਕੈਦ ਸਾਡੀ ਬੇਮੁਖ ਹੋਂਦ ਜਾਂ ਇਨ੍ਹਾਂ ਸ਼ਕਤੀਸ਼ਾਲੀ ਲੋਕਾਂ ਦੀ ਬ੍ਰਿਗੇਡ ਦੀ ਰਹਿਮਦਿਲੀ ਤੇ ਸਾਡੀ ਨਿਰਭਰਤਾ ਦੀ ਥਾਹ ਪਾਈ ਸੀ। ਸਾਡੇ ਦੇਖਦਿਆਂ ਦੇਖਦਿਆਂ ਲੋਕਤੰਤਰ ਵੀ ਸਾਡੇ ਆਤਮ ਮੁਗਧ ਆਕਾਵਾਂ ਦੀ ਖਪਤ ਦੀ ਸਮੱਗਰੀ ਬਣ ਕੇ ਰਹਿ ਗਈ ਹੈ ਅਤੇ ‘ਪ੍ਰੋਲੇਤਾਰੀ ਦੀ ਤਾਨਾਸ਼ਾਹੀ’ ਦੇ ਇਲਹਾਮ ਵਾਲੇ ਸਮਾਜਵਾਦ ਨੂੰ ਸਟਾਲਿਨਵਾਦੀ ਡਰਾਉਣੇ ਸੁਪਨੇ ਵਿਚ ਬਦਲਣ ਵਿਚ ਬਹੁਤੀ ਦੇਰ ਨਾ ਲੱਗੀ।
ਫਿਰ ਵੀ ਸਾਡੇ ਅੰਦਰੋਂ ਸੱਤਾ ਦੀ ਲਲਕ ਖ਼ਤਮ ਨਹੀਂ ਹੁੰਦੀ, ਕਿਉਂਕਿ ਇਹ ਸਾਡੀ ਗੁਬਾਰੇਨੁਮਾ ਹਉਂ ਨੂੰ ਪੱਠੇ ਪਾਉਂਦੀ ਆ ਰਹੀ ਹੈ ਅਤੇ ਪੀੜਤ ਅੰਦਰ ਜੇਤੂ ਬਣਨ ਦੀ ਚਿਣਗ ਪੈਦਾ ਕਰਦੀ ਹੈ। ਕੀ ਇਹ ਸੱਚ ਨਹੀਂ ਹੈ ਕਿ ਸਾਡੇ ਸਜਾਵਟੀ ਸਕੂਲ ਅਕਸਰ ਬੱਚਿਆਂ ਵਿਚ ਅਗਵਾਈ ਦੇ ਹੁਨਰ ਜਗਾਉਣ ਲਈ ਵਰਕਸ਼ਾਪਾਂ ਕਰਵਾਉਂਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਸਵੈ-ਸਿੱਧੀ, ਦਿਲਕਸ਼ ਪੇਸ਼ਕਾਰੀ ਅਤੇ ਆਤਮ-ਮੁਗਧ ਹੋਣ ਦੇ ਮਨੋਵਿਗਿਆਨ ਨੂੰ ਆਤਮ-ਸਾਤ ਕਰ ਲੈਣ? ਜਾਂ ਕੀ ਇਹ ਤੱਥ ਨਹੀਂ ਹੈ ਕਿ ਸਾਡੀ ਸਿਖਿਆ ਪ੍ਰਣਾਲੀ ਟੌਪਰਾਂ (ਸਾਡੇ ਸ਼ਹਿਰਾਂ ਤੇ ਕਸਬਿਆਂ ਵਿਚ ਥਾਂ ਥਾਂ ਲੱਗੇ ਇਨ੍ਹਾਂ ਆਈਆਈਟੀ-ਜੇਈਈ ਟੌਪਰਾਂ ਦੇ ਜੇਤੂ ਮਨੋਭਾਵ ਦਰਸਾਉਂਦੇ ਬੋਰਡ ਬੈਨਰ) ਦੇ ਬਿਰਤਾਂਤ ਵਿਚ ਹੀ ਫਸੀ ਪਈ ਹੈ? ਜਾਂ ਕੀ ਇਹ ਸੱਚ ਨਹੀਂ ਹੈ ਕਿ ਕੀ ਅਸੀਂ ਦੂਜਿਆਂ ‘ਤੇ ਪ੍ਰਭਾਵ ਪਾਉਣ ਲਈ ਆਪਣੀ ਸਮਾਜਕ ਪੂੰਜੀ ਦਾ ਦਿਖਾਵਾ ਕਰਦੇ ਹਾਂ - ਭਾਵ ਰਸੂਖਦਾਰ ਸਿਆਸਤਦਾਨਾਂ ਨਾਲ ਉੱਠਣੀ ਬੈਠਣੀ, ਆਈਏਐਸ/ਆਈਪੀਐਸ ਅਫ਼ਸਰਾਂ ਨਾਲ ਜਾਣ ਪਛਾਣ, ਕਾਰਪੋਰੇਟ ਘਰਾਣਿਆਂ ਨਾਲ ਸਾਂਝ ਅਤੇ ਇੰਡੀਆ ਹੈਬੀਟੈਟ ਸੈਂਟਰ ਵਿਚ ਕਿਹੋ ਜਿਹੇ ਵਿਦਵਾਨਾਂ ਤੇ ਸਭਿਆਚਾਰਕ ਹਸਤੀਆਂ ਨਾਲ ਖਾਂਦੇ ਪੀਂਦੇ ਹਾਂ? ਇਹੋ ਜਿਹੀ ਸ਼ਕਤੀ ਦੀ ਮਹਿਕ ਕਿਸੇ ਨੂੰ ਮੰਤਰ ਮੁਗਧ ਕਰ ਦਿੰਦੀ ਹੈ, ਇਹ ਆਪਣੇ ਆਪ ਨੂੰ ‘ਖ਼ਾਸ’ ਦਿਸਣ ਜਾਂ ਦੂਜਿਆਂ ਤੇ ਧਾਂਕ ਜਮਾਉਣ ਦੀ ਲਾਲਸਾ ਪੂਰੀ ਕਰਦੀ ਹੈ। ਸੱਤਾ ਦੇ ਇਸ ਪ੍ਰਵਚਨ ਵਿਚ ਕਿਸੇ ਨਾ ਕਿਸੇ ਕਿਸਮ ਦੀ ਆਤਮ-ਮੁਗਧ ਹੋਣਾ ਜਾਂ ਸੱਤਾਵਾਦ ਛੁਪਿਆ ਹੁੰਦਾ ਹੈ।
ਕੀ ਇਸ ਦਾ ਕੋਈ ਬਦਲ ਹੈ? ਦੁਨੀਆ ਭਰ ਵਿਚ ਜਦੋਂ ਅਸੀਂ ਸੱਤਾਵਾਦ ਦਾ ਉਭਾਰ ਹੁੰਦਾ ਦੇਖ ਰਹੇ ਹਾਂ ਤਾਂ ਆਤਮ-ਮੁਗਧ ਰਾਸ਼ਟਰਵਾਦ ਦੇ ਨਾਂ ਤੇ ਮਨੁੱਖੀ ਚੇਤਨਾ ਦਾ ਫ਼ੌਜੀਕਰਨ, ਦੁਨੀਆ ਦੇ ਵੱਖ ਵੱਖ ਖੇਤਰਾਂ ਵਿਚ ਬੇਕਿਰਕ ਮੁੱਠੀ ਭਰ ਅਰਬਾਂਪਤੀਆਂ ਦੀ ਛਤਰ ਛਾਇਆ ਹੇਠ ਭੁੱਖਮਰੀ ਤੇ ਕੁਪੋਸ਼ਣ ਦੇ ਨਾਲ ਨਾਲ ਚੱਲ ਰਿਹਾ ਅੰਨ੍ਹੇਵਾਹ ਨਵ ਉਦਾਰਵਾਦ ਅਤੇ ਸੈਲੇਬ੍ਰਿਟੀ ਕਲਚਰ ਅਤੇ ਭਰਮਾਊ ਖ਼ਪਤਵਾਦ ਦੇ ਜ਼ਰੀਏ ਦਿਖਾਵੇਬਾਜ਼ /ਕਬਜ਼ਾਵਾਦੀ ਵਿਅਕਤੀਵਾਦ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਤਾਂ ਕੋਈ ਦਲੀਲ ਦੇ ਸਕਦਾ ਹੈ ਕਿ ਇਸ ਦਾ ਕੋਈ ਬਦਲ ਸੰਭਵ ਨਹੀਂ ਹੋ ਸਕਦਾ। ਇਸ ਦੇ ਬਾਵਜੂਦ ਅਸੀਂ ਇਸ ਤੋਂ ਮੁਨਕਰ ਵੀ ਨਹੀਂ ਹੋ ਸਕਦੇ ਕਿ ਮਨੁੱਖੀ ਸਭਿਅਤਾ ਦੌਰਾਨ ਬਿਲਕੁੱਲ ਵੱਖਰੀ ਕਿਸਮ ਦੀ ਤਲਾਸ਼ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਹ ਨੀਤਸ਼ੇ ਦੇ ‘ਸੁਪਰਮੈਨ’ ਦੀ ਖੋਜ ਨਹੀਂ ਹੈ ਜੋ ‘ਸੱਤਾ ਦੀ ਚਾਹਤ’ ਨਾਲ ਚਲਦੀ ਹੈ ਤੇ ਨਾ ਹੀ ਇਹ ਸਾਰੇ ਦੁਨਿਆਵੀ ਮਾਮਲਿਆਂ ਨੂੰ ਛੱਡ-ਛਡਾਅ ਕੇ ਦੌੜ ਜਾਣ ਦੀ ਕਾਇਰਤਾ ਜਾਂ ਉਦਾਸੀਨਤਾ ਹੈ। ਇਸ ਦੀ ਬਜਾਇ ਇਹ ਸਿਫ਼ਤੀ ਤੌਰ ਤੇ ਸ਼ਕਤੀ ਦਾ ਇਕ ਵੱਖਰੇ ਰੂਪ ਦੀ ਤਲਾਸ਼ ਹੈ, ਭਾਵ ਨਿਤਾਣਿਆਂ ਨੂੰ ਤਾਕਤ ਦੇਣ, ਰਹਿਮ ਦਿਲ ਤੇ ਨਰਮ ਦਿਲ ਬਣਨ ਦੀ ਦਲੇਰੀ ਅਤੇ ਬਿਨਾਂ ਕਿਸੇ ਤਜਾਰਤੀ ਗਰਜ਼ ਤੋਂ ਕਿਸੇ ਦੀ ਮਹਿਕ ਜਗਾਉਣ ਦੀ ਕਾਬਲੀਅਤ ਹੈ : ਜਿਵੇਂ ਦੋਸਤੋਵਸਕੀ ਦੇ ਨਾਵਲ ‘ਦਿ ਬ੍ਰਦਰਜ਼ ਕਰਮਾਜ਼ੋਵ’ ਵਿਚ ਅਲਿਓਸ਼ਾ ਫੁੱਲ ਵਾਂਗ ਖਿੜਦੀ ਹੈ। ਇਹ ਸਿਖਰਲੀ ਤਾਕਤ ਹੈ, ਮੁਹੱਬਤ ਦੀ ਤਾਕਤ ਜੋ ਕਿਸੇ ਨੂੰ ਅਪਣੀ ਹਓਮੈ ਦੀਆਂ ਵਲਗਣਾਂ ਤੋਂ ਪਰ੍ਹੇ ਦੇਖਣ ਦੇ ਯੋਗ ਬਣਾਉਂਦੀ ਹੈ ਅਤੇ ਅਨੰਤ ਦੀ ਬਹੁਤਾਤ ਦਾ ਅਭਿਆਸ ਕਰਾਉਂਦੀ ਹੈ। ਇਹ ਹੀ ਬੁੱਧ ਤੇ ਜੀਸਸ ਜਾਂ ਰੂਮੀ ਤੇ ਕਬੀਰ ਦੀ ਤਲਾਸ਼ ਸੀ। ਤੇ ਸੰਭਾਵੀ ਤੌਰ ਉੱਤੇ, ਸਰਗਰਮ ਸਿਆਸੀ ਖੇਤਰ ਵਿਚ ਕੁਝ ਲੋਕ ਕਹਿਣਗੇ ਕਿ ਗਾਂਧੀ, ਮਾਰਟਿਨ ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਦੀ ਤਲਾਸ਼ ਸੀ।
ਦਰਅਸਲ, ਮੈਂ ਜਿਹੜੀ ਸੂਚੀ ਦਾ ਜ਼ਿਕਰ ਕੀਤਾ ਸੀ, ਉਸ ਤੋਂ ਸੰਕੇਤ ਮਿਲਦਾ ਹੈ ਕਿ ਸਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ ਅਤੇ ਸਾਡੀਆਂ ਤਰਜੀਹਾਂ ਕੀ ਹਨ। ਗਹਿਰਾਈ ਵਿਚ ਉੱਤਰ ਕੇ ਇਹ ਦੱਸਦੀ ਹੈ ਕਿ ਦਰਜਾਬੰਦੀ ਨਾਲ ਸਾਨੂੰ ਕਿੰਨਾ ਖਬਤ ਹੈ ਤੇ ਦੇਵ-ਦਰਜਿਆਂ ਨਾਲ ਅਸੀਂ ਕਿੰਜ ਜੁੜੇ ਹੋਏ ਹਾਂ। ਇਸੇ ਲਈ ਅਸੀਂ ਬਹੁਤ ਚਾਅ ਨਾਲ ਦਸ ਸੁੰਦਰੀਆਂ, ਦਸ ਚੋਟੀ ਦੀਆਂ ਯੂਨੀਵਰਸਿਟੀਆਂ ਦਾ ਵਰਗੀਕਰਨ ਕਰਦੇ ਹਾਂ, ਜੇ ਹੋ ਸਕੇ ਤਾਂ ਦਸ ਚੋਟੀ ਦੇ ਮਾਰਕਸੀ ਬੁੱਧੀਜੀਵੀਆਂ ਦਾ ਵਰਗ ਤਿਆਰ ਕਰ ਸਕਦੇ ਹਾਂ। ਸਾਡੇ ਵਿਚੋਂ ਹਰ ਇਕ ਦੇ ਵੱਖਰੇਪਣ ਨੂੰ ਪਛਾਣਨਾ ਅਤੇ ਜੀਵਨ ਊਰਜਾ ਦੇ ਵੱਖੋ ਵੱਖਰੇ ਰੂਪਾਂ ਨੂੰ ਜਾਣਨਾ, ਇਸ ਕਿਸਮ ਦੇ ਦੇਵ ਦਰਜਾਬੱਧ ਮਨ ਤੇ ਕਿੰਤੂ ਕਰਨਾ ਵਾਕਈ ਬਹੁਤ ਔਖਾ ਕੰਮ ਹੈ। ਆਪਣੇ ਪਿੰਡ ਦੇ ਮੇਲੇ ਵਿਚੋਂ ਆਪਣੀ ਬੱਚੀ ਲਈ ਖਿਡੌਣਾ ਖਰੀਦ ਰਹੀ ਕੋਈ ਔਰਤ ਕਿਸੇ ਵੀ ਤਰ੍ਹਾਂ ਟੀਵੀ ਕੈਮਰਿਆਂ ਸਾਹਮਣੇ ਆਪਣੀ ਬੱਚੀ ਨਾਲ ਘੁੰਮ ਰਹੀ ਐਸ਼ਵਰਿਆ ਰਾਏ ਤੋਂ ਘੱਟ ਸੁੰਦਰ ਨਹੀਂ, ਜਿੱਥੋਂ ਤੱਕ ਗਿਆਨ ਵੰਡਣ ਦੇ ਕਾਰਜ ਦਾ ਸਵਾਲ ਹੈ ਤਾਂ ਕਿਸੇ ਅਣਜਾਣੇ ਸਕੂਲ ਦਾ ਕੋਈ ਦਿਆਨਤਦਾਰ ਅਧਿਆਪਕ ਹਾਰਵਰਡ ਦੇ ਕਿਸੇ ਪ੍ਰੋਫੈਸਰ ਤੋਂ ਘੱਟ ਨਹੀਂ ਹੁੰਦਾ, ਤੇ ਮੋਦੀ ਅਤੇ ਅੰਬਾਨੀ ਵਰਗੇ ਬੰਦੇ ਵੀ ਕਿਸੇ ਸੂਫ਼ੀ ਫ਼ਕੀਰ ਤੋਂ ਅਸਲ ਜ਼ਿੰਦਗੀ ਦੇ ਕੁਝ ਸਬਕ ਸਿੱਖ ਸਕਦੇ ਹਨ। ਸੂਝ ਬੂਝ ਅਤੇ ਲਗਨ ਦੀ ਇਸ ਗਹਿਰੀ ਕਲਾ ਦੇ ਜ਼ਰੀਏ ਹੀ ਅਸੀਂ ਇਕ ਅਜਿਹਾ ਸੰਸਾਰ ਸਿਰਜਣ ਵੱਲ ਜਾ ਸਕਦੇ ਹਾਂ ਜਿੱਥੇ 100 ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਲਈ ਸਭ ਸੁੱਖ ਸਹੂਲਤਾਂ ਦੀ ਬਜਾਇ ਹਰ ਇਕ ਇਨਸਾਨੀ ਰੂਹ ਦੇ ਖਿੜਨ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹੋਣ।
*ਲੇਖਕ ਸਮਾਜ ਸ਼ਾਸਤਰੀ ਹੈ।