ਵਿਦਿਆ ਦਾ ਘਣਛਾਵਾਂ ਰੁੱਖ - ਗੁਰਮੀਤ ਕੜਿਆਲਵੀ
ਭੈਣ ਜੀ ਨਸੀਬ ਕੌਰ ਤਖਾਣਵੱਧ ਮੇਰੇ ਪਿੰਡ ਕੜਿਆਲ ਦੇ ਸਕੂਲ ਦੀ ਪਹਿਲੀ ਅਧਿਆਪਕਾ ਸੀ ਜਿਸ ਨੇ ਆਪਣੇ ਨਾਂ ਵਾਂਗ ਹੀ ਵਿਦਿਆ ਦੀ ਰੋਸ਼ਨੀ ਦਿਖਾ ਕੇ ਮੇਰੇ ਪਿੰਡ ਦੀਆਂ ਸੈਂਕੜੇ ਧੀਆਂ ਦੇ ਨਸੀਬ ਲਿਖੇ।
ਉਨ੍ਹਾਂ ਦਾ ਜਨਮ 25 ਅਕਤੂਬਰ 1926 ਨੂੰ ਪਿੰਡ ਕੋਕਰੀ ਕਲਾਂ ਦੇ ਰਹਿਣ ਵਾਲੇ ਗੋਖਾ ਸਿੰਘ ਅਤੇ ਭਾਗ ਕੌਰ ਦੇ ਘਰ ਹੋਇਆ। ਮੈਟ੍ਰਿਕ ਉਨ੍ਹਾਂ ਬੀਬੀ ਹਰਪ੍ਰਕਾਸ਼ ਕੌਰ ਖਾਲਸਾ ਹਾਈ ਸਕੂਲ ’ਚੋਂ 1945 ਵਿਚੋਂ ਕੀਤੀ। ਜਿਨ੍ਹਾਂ ਸਮਿਆਂ ’ਚ ਲੜਕੀ ਦੇ ਜਨਮ ਨੂੰ ਬੋਝ ਸਮਝਿਆ ਜਾਂਦਾ ਸੀ, ਉਨ੍ਹਾਂ ਦੇ ਚੇਤਨ ਮਾਤਾ ਪਿਤਾ ਨੇ ਉਨ੍ਹਾਂ ਵੇਲਿਆਂ ’ਚ ਵੀ ਆਪਣੀ ਧੀ ਨੂੰ ਹੋਸਟਲ ’ਚ ਰੱਖ ਕੇ ਪੜ੍ਹਾਈ ਕਰਵਾਈ। 1950-51 ਵਿਚ ਉਨ੍ਹਾਂ ਜੇਬੀਟੀ ਪਾਸ ਕੀਤੀ। 1950 ਦੇ ਪੰਜ ਹਾੜ ਵਾਲੇ ਦਿਨ ਉਨ੍ਹਾਂ ਦੀ ਸ਼ਾਦੀ ਤਖਾਣਵੱਧ ਵਾਸੀ ਮੋਦਨ ਸਿੰਘ ਦੇ ਲੜਕੇ ਲਾਲ ਸਿੰਘ ਨਾਲ ਹੋ ਗਈ ਜੋ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ।
ਨਸੀਬ ਕੌਰ ਜੀ ਦੀ ਪਹਿਲੀ ਨਿਯੁਕਤੀ ਡਿਸਟ੍ਰਿਕ ਬੋਰਡ ਫਿਰੋਜ਼ਪੁਰ ਅਧੀਨ ਪਿੰਡ ਕੜਿਆਲ ਦੇ ਬੰਦ ਪਏ ਲੜਕੀਆਂ ਦੇ ਸਕੂਲ ਵਿਚ ਹੋਈ। ਉਨ੍ਹਾਂ ਨੇ ਪਿੰਡ ਦੇ ਘਰ ਘਰ ਜਾ ਕੇ ਕੁੜੀਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਆ। ਮਿਸਤਰੀ ਸੰਤਾ ਸਿੰਘ ਇਲਾਕੇ ਦੇ ਬੜੇ ਮਸ਼ਹੂਰ ਮਿਸਤਰੀ ਸਨ, ਅਗਾਂਹਵਧੂ ਵਿਚਾਰਾਂ ਵਾਲੇ। ਉਨ੍ਹਾਂ ਨੇ ਬੀਬੀ ਨਸੀਬ ਕੌਰ ਅਤੇ ਲਾਲ ਸਿੰਘ ਦੀ ਜੋੜੀ ਨੂੰ ਰਹਿਣ ਲਈ ਵਧੀਆ ਬੈਠਕ ਤਿਆਰ ਕਰਵਾ ਦਿੱਤਾ। ਸ੍ਰੀਮਤੀ ਨਸੀਬ ਕੌਰ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਪਿੰਡ ਦੇ ਲੋਕਾਂ ਵਿਚ ਕੁੜੀਆਂ ਨੂੰ ਪੜ੍ਹਾਉਣ ਸਬੰਧੀ ਚੇਤਨਾ ਪੈਦਾ ਹੋ ਗਈ। ਜਿਹੜੇ ਲੋਕ ‘ਜੇ ਕੁੜੀਆਂ ਨੂੰ ਸਕੂਲ ਭੇਜ ਦਿੱਤਾ ਤਾਂ ਲੋਕ ਸਾਨੂੰ ਕੀ ਕਹਿਣਗੇ’ ਆਖਦਿਆਂ ਕੁੜੀਆਂ ਨੂੰ ਸਕੂਲ ਭੇਜਣ ਲਈ ਉੱਕਾ ਹੀ ਤਿਆਰ ਨਹੀਂ ਸਨ, ਉਨ੍ਹਾਂ ਨੇ ਵੀ ਆਪਣੀਆਂ ਲੜਕੀਆਂ ਪੜ੍ਹਨ ਲਈ ਸਕੂਲ ਲਾ ਦਿੱਤੀਆਂ। ਇੰਜ ਉਨ੍ਹਾਂ ਨੇ ਕੁਝ ਮਹੀਨਿਆਂ ਵਿਚ ਹੀ ਸਕੂਲ ਸਫਲਤਾ ਨਾਲ ਚੱਲਣ ਲਾ ਦਿੱਤਾ।
ਭੈਣ ਜੀ ਨਸੀਬ ਕੌਰ ਭਾਵੇਂ 1953 ਤੋਂ 1955 ਤੱਕ, ਕੇਵਲ ਦੋ ਸਾਲ ਹੀ ਮੇਰੇ ਪਿੰਡ ਰਹੇ ਪਰ ਲੋਕਾਂ ਵਿਚ ਚੇਤਨਾ ਦਾ ਅਜਿਹਾ ਬੀਜ ਬੀਜਿਆ ਕਿ ਆਉਣ ਵਾਲੇ ਸਮੇਂ ਵਿਚ ਪਿੰਡ ਕੜਿਆਲ ਵਿਦਿਆ ਪੱਖੋਂ ਪੂਰੇ ਜਿਲ੍ਹੇ ਵਿਚੋਂ ਮੋਹਰੀ ਗਿਣਿਆ ਜਾਣ ਲੱਗਾ। ਪਿੰਡ ਦੀਆਂ ਲੜਕੀਆਂ ਪੜ੍ਹ ਲਿਖ ਕੇ ਨੌਕਰੀਆਂ ਵਿਚ ਆ ਗਈਆਂ। ਬਾਅਦ ਵਿਚ ਕੁੜੀਆਂ ਤੇ ਮੁੰਡਿਆਂ ਦਾ ਸਕੂਲ ਇਕੱਠਾ ਹੋ ਗਿਆ। ਆਜ਼ਾਦੀ ਦੇ ਮਹਿਜ਼ ਦੋ ਦਹਾਕਿਆਂ ਦੇ ਸਮੇਂ ਵਿਚ ਹੀ ਪਿੰਡ ਵਿਚ ਨੌਕਰੀ ਪੇਸ਼ਾ ਲੋਕਾਂ ਦੀ ਵੱਡੀ ਗਿਣਤੀ ਹੋ ਗਈ। ਇਹ ਸਭ ਪਿੰਡ ਦੀ ਪਹਿਲੀ ਅਧਿਆਪਕਾ ਭੈਣ ਜੀ ਨਸੀਬ ਕੌਰ ਕਰ ਕੇ ਵਾਪਰਿਆ ਸੀ।
ਭੈਣ ਜੀ ਨਸੀਬ ਕੌਰ ਦਾ ਸਹੁਰਾ ਪਰਿਵਾਰ ਇਲਾਕੇ ਦਾ ਅਗਾਂਹਵਧੂ ਵਿਚਾਰਾਂ ਵਾਲਾ ਪਰਿਵਾਰ ਸੀ। ਉਨ੍ਹਾਂ ਦੇ ਸਹੁਰਾ ਮੋਦਨ ਸਿੰਘ ਅਕਾਲੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਗਰਮੀ ਨਾਲ ਹਿੱਸਾ ਲਿਆ। ਫਿਰ ਉਹ ਉੱਘੇ ਆਗੂ ਤੇਜਾ ਸਿੰਘ ਸੁਤੰਤਰ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲਾਲ ਪਾਰਟੀ ਵਿਚ ਚਲੇ ਗਏ ਤੇ ਬਾਅਦ ਵਿਚ ਕਮਿਊਨਿਸਟ ਪਾਰਟੀ ਦੇ ਮੈਬਰ ਬਣ ਗਏ। ਉਨ੍ਹਾਂ ਨੇ ਬੇਦੀ ਫਾਰਮ ਅਤੇ ਬਿਰਲਾ ਫਾਰਮ ਦੇ ਮੋਰਚਿਆਂ ਸਮੇਂ ਤਿੰਨ ਮਹੀਨੇ ਦੀ ਜੇਲ੍ਹ ਕੱਟੀ। ਉਨ੍ਹਾਂ ਦੀ ਵਿਚਾਰਧਾਰਾ ਦਾ ਅਸਰ ਉਨ੍ਹਾਂ ਦੇ ਪੁੱਤਰ ਲਾਲ ਸਿੰਘ ਉਪਰ ਵੀ ਪਿਆ। ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਕੇ ਸਰਗਰਮੀ ਕਰਨ ਲੱਗੇ। ਅਧਿਆਪਕ ਬਣਨ ਉਪਰੰਤ ਉਹ ਮੁਲਾਜ਼ਮਾਂ ਦੇ ਮੁਹਾਜ਼ ਤੇ ਸਰਗਰਮ ਹੋ ਗਏ।
ਘਰਦੇ ਮਾਹੌਲ ਦਾ ਅਸਰ ਭੈਣ ਜੀ ਨਸੀਬ ਕੌਰ ’ਤੇ ਹੋਣਾ ਸੁਭਾਵਿਕ ਹੀ ਸੀ। ਉਹ ਵੀ ਪਤੀ ਦੇ ਨਾਲ ਹੀ ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲੱਗੇ। ਉਹ ਇਕ ਸਮਰਪਿਤ ਅਧਿਆਪਕਾ ਸਨ ਜੋ ਲੜਕੀਆਂ, ਖਾਸ ਕਰ ਪੇਂਡੂ ਲੜਕੀਆਂ ਦੀ ਪੜ੍ਹਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ। ਇਸੇ ਕਰਕੇ ਉਨ੍ਹਾਂ ਨੇ ਸਾਰੀ ਉਮਰ ਪੇਂਡੂ ਹਲਕਿਆਂ ਵਿਚ ਹੀ ਪੜ੍ਹਾਇਆ। ਕੜਿਆਲ ਰਹਿਣ ਦੇ ਸਮੇਂ ਬੇਟੀ ਬਲਕਰਨਜੀਤ ਦਾ ਜਨਮ ਹੋਇਆ। 1955 ਦੇ ਆਖੀਰ ਵਿਚ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਧੂੜਕੋਟ ਦੀ ਬਦਲੀ ਕਰਵਾਈ ਸੀ, ਫਿਰ ਆਪਣੇ ਪਿੰਡ ਤਖਾਣਵੱਧ ਆ ਗਏ ਅਤੇ ਇਕੱਤੀ ਅਕਤੂਬਰ 1984, ਭਾਵ ਆਪਣੀ ਸੇਵਾ ਮੁਕਤੀ ਤੱਕ ਪਿੰਡ ਵਿਚ ਹੀ ਪੜ੍ਹਾਇਆ।
ਭੈਣ ਜੀ ਨਸੀਬ ਕੌਰ ਕਮਿਊਨਿਸਟ ਲਹਿਰ ਨਾਲ ਜੁੜੇ ਰਹੇ। ਜਦੋਂ ਉਨ੍ਹਾਂ ਦੇ ਜੀਵਨ ਸਾਥੀ ਲਾਲ ਸਿੰਘ ਨੂੰ 1964 ’ਚ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਆਦੇਸ਼ਾਂ ’ਤੇ ਮਹਿਕਮੇ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਤਾਂ ਪਰਿਵਾਰ ਦੀ ਆਰਥਿਕਤਾ ਡਾਵਾਂਡੋਲ ਹੋਣ ਤੋਂ ਬਚਾਉਣ ਲਈ ਭੈਣ ਜੀ ਨੇ ਲੱਕ ਬੰਨ੍ਹ ਲਿਆ। ਆਪਣੀ ਨੌਕਰੀ, ਮੁਲਾਜ਼ਮ ਮੁਹਾਜ਼ ’ਤੇ ਸਰਗਰਮੀ ਅਤੇ ਧੀਆਂ- ਬਲਕਰਨਜੀਤ, ਕੰਵਲਜੀਤ, ਨਿਰਪਾਲਜੀਤ ਦੀ ਦੇਖਭਾਲ ਕਰਨ ਦੇ ਨਾਲ ਨਾਲ ਪਰਿਵਾਰ ਦੇ ਗੁਜ਼ਾਰੇ ਲਈ ਮੱਝਾਂ ਰੱਖ ਲਈਆਂ। ਹਕੂਮਤ ਨਾਲ ਹੋ ਰਹੀ ਸਖਤ ਟੱਕਰ ਵਿਚ ਪਤੀ ਨੂੰ ਡੋਲਣ ਨਾ ਦਿੱਤਾ। ਸਖਤ ਮਿਹਨਤ ਕਰਕੇ ਪਰਵਾਰ ਹੀ ਨਹੀਂ ਚਲਾਇਆ, ਮੁਕੱਦਮੇ 'ਤੇ ਆਉਣ ਵਾਲੇ ਖਰਚੇ ਦਾ ਪ੍ਰਬੰਧ ਕਰਨ ਵਿਚ ਵੀ ਬਣਦਾ।ਸਰਦਾ ਹਿੱਸਾ ਪਾਇਆ। ਨੌਕਰੀ ਦੀ ਬਹਾਲੀ ਵਾਸਤੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਗਈ, ਆਖਰ 14 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਲਾਲ ਸਿੰਘ ਨੂੰ ਨੌਕਰੀ 'ਤੇ ਬਹਾਲ ਕਰ ਦਿੱਤਾ।
ਸ੍ਰੀਮਤੀ ਨਸੀਬ ਕੌਰ ਅਧਿਆਪਕ ਯੂਨੀਅਨ ਤੋਂ ਇਲਾਵਾ ਅਜਿਹੀਆਂ ਹੋਰ ਅਗਾਂਹਵਧੂ ਸਰਗਰਮੀਆਂ ਨਾਲ ਵੀ ਜੁੜੇ ਰਹਿੰਦੇ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ 1991 ਵਿਚ ਰਮਾ ਰਤਨ ਦੀ ਅਗਵਾਈ ਵਿਚ ਪੰਜਾਬ ਦੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਸ਼ੁਰੂ ਕੀਤੇ ਕਾਫ਼ਲੇ ਦੇ ਜਿ਼ਲ੍ਹਾ ਫਰੀਦਕੋਟ ਦੇ ਦੌਰੇ ਸਮੇਂ ਬੜੀ ਸ਼ਿੱਦਤ ਨਾਲ਼ ਸਹਿਯੋਗ ਕੀਤਾ। ਡੇਢ-ਦੋ ਸੌ ਬੱਚਿਆਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵੱਖ ਵੱਖ ਕਲਾਵਾਂ ਨਾਲ ਜੁੜੇ ਕਲਾਕਾਰਾਂ ਨੇ ਕਈ ਦਿਨ ਪਿੰਡ ਤਖਾਣਵੱਧ ਦੇ ਸਕੂਲ ਵਿਚ ਪੜਾਅ ਕੀਤਾ ਤਾਂ ਨਸੀਬ ਭੈਣ ਜੀ ਨੇ ਕਾਫ਼ਲੇ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ।
ਭੈਣ ਜੀ ਨਸੀਬ ਕੌਰ ਨੇ ਆਪਣੀਆਂ ਤਿੰਨੇ ਧੀਆਂ ਨੂੰ ਉੱਚ ਵਿਦਿਆ ਦਿਵਾ ਕੇ ਪੈਰਾਂ ਸਿਰ ਕੀਤਾ। ਸਭ ਤੋਂ ਵੱਡੀ ਬੇਟੀ ਬਲਕਰਨਜੀਤ ਪਰਵਾਰ ਸਮੇਤ ਕੈਨੇਡਾ ਵਿਚ ਰਹਿ ਰਹੀ ਹੈ। ਸਭ ਤੋਂ ਛੋਟੀ ਬੇਟੀ ਨਿਰਪਾਲਜੀਤ ਨੂੰ ਐੱਮ.ਐਸ.ਈ ਬਾਟਨੀ ਦੀ ਉੱਚ ਵਿੱਦਿਆ ਦੁਆਈ। ਨਿਰਪਾਲ ਨੇ ਪੌਦਿਆਂ ਵਿਚ ਸੈੱਲ ਕਲਚਰ ਵਿਸ਼ੇ ਸਬੰਧੀ ਪਰਾਗ ਯੂਨੀਵਰਸਿਟੀ (ਚੈੱਕ ਰੀਪਬਲਿਕ) ਤੋਂ ਪੈ.ਐੱਚ.ਡੀ .ਦੀ ਡਿਗਰੀਪ੍ਰਾਪਤ ਕੀਤੀ। ਮੈਡਮ ਕੰਵਲਜੀਤ ਢਿੱਲੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਵੱਡਾ ਨਾਂਅ ਹੈ, ਉਸ ਨੇ ਪੰਜਾਬੀ ਨਾਟਕ ਆਲੋਚਨਾ ਦੇ ਖੇਤਰ ਵਿਚ ਵੀ ਚੰਗਾ ਕਾਰਜ ਕੀਤਾ ਹੈ। ਭੈਣ ਜੀ ਨਸੀਬ ਕੌਰ ਨੇ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਨ ਲਈ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਦੇ ਨਾਲ ਨਾਲ ਕਮਿਊਨਿਸਟ ਵਿਚਾਰਧਾਰਾ ਨਾਲ ਵੀ ਜੋੜਿਆ। ਪ੍ਰੋ. ਕੰਵਲਜੀਤ ਢਿੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੀ ਸਰਗਰਮ ਆਗੂ ਹੈਤੇ ਪਾਰਟੀ ਦੇ ਮਿਹਲਾ ਵਿੰਗ "ਵੋਮੈੱਨ ਫੈਡਰੇਸ਼ਨ ਆਫ ਇੰਡੀਆ" ਦੀ ਰਾਸ਼ਟਰੀ ਸਕੱਤਰ ਹੈ
ਨਸੀਬ ਕੌਰ ਭੈਣ ਜੀ ਵਿਦਿਆ ਦਾ ਉਹ ਘਣਛਾਵਾਂ ਰੁੱਖ ਸੀ ਜਿਸ ਨੇ ਪਛੜੇ ਪਿੰਡਾਂ ਦੇ ਹਜ਼ਾਰਾਂ ਬੱਚਿਆਂ ਨੂੰ ਠੰਢੀ ਮਿੱਠੀ ਛਾਂ ਦਿੱਤੀ। ਇਹ ਘਣਛਾਵਾਂ ਰੁੱਖ ਭਾਵੇਂ ਲੰਘੀ 11 ਅਪਰੈਲ ਨੂੰ ਸਾਡੇ ਕੋਲੋਂ ਚਲਾ ਗਿਆ ਪਰ ਉਨ੍ਹਾਂ ਵਲੋਂ ਸਾਡੇ ਪਿੰਡਾਂ ਵਿਚ ਬੀਜਿਆ ਚੇਤਨਾ ਦਾ ਬੀਜ ਪੂਰੀ ਤਰ੍ਹਾਂ ਹਰਿਆ ਭਰਿਆ ਨਜ਼ਰ ਆਉਂਦਾ ਹੈ।
ਸੰਪਰਕ : 98726-40994