ਸਮੂਹਿਕ ਇਮਤਿਹਾਨ - ਸਵਰਾਜਬੀਰ
ਕੋਵਿਡ-19 ਦੀ ਦੂਸਰੀ ਲਹਿਰ ਨੇ ਦੇਸ਼ ਦੇ ਲੋਕਾਂ ਦੇ ਮਨ ਵਿਚ ਡਰ, ਸਹਿਮ ਅਤੇ ਉਦਾਸੀ ਪੈਦਾ ਕੀਤੀ ਹੈ। ਰਿਸ਼ਤੇਦਾਰਾਂ, ਦੋਸਤਾਂ ਅਤੇ ਨਜ਼ਦੀਕੀਆਂ ਦੀਆਂ ਮੌਤਾਂ ਲੋਕਾਂ ਦੇ ਮਨਾਂ ਵਿਚ ਅਜਿਹਾ ਖਲਾਅ ਪੈਦਾ ਕਰ ਰਹੀਆਂ ਹਨ ਜਿਸ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ। ਇਸ ਦੇ ਨਾਲ ਨਾਲ ਸਰਕਾਰਾਂ ਦਾ ਰਵੱਈਆ ਲੋਕ-ਮਨ ਵਿਚ ਅਜਿਹੇ ਗੁੱਸੇ ਤੇ ਰੋਸ ਨੂੰ ਜਨਮ ਦੇ ਰਿਹਾ ਹੈ ਜਿਸ ਦਾ ਤੂਫ਼ਾਨ ਮਨਾਂ ਵਿਚ ਜਾਂ ਘਰ ਦੇ ਅੰਦਰ ਹੀ ਬੋਲ ਕੇ ਖ਼ਤਮ ਹੋ ਜਾਂਦਾ ਹੈ। ਕਈ ਲੋਕ ਸੋਸ਼ਲ ਮੀਡੀਆ ਦੇ ਪਲੇਟਫ਼ਾਰਮਾਂ ’ਤੇ ਬੋਲ ਕੇ ਮਨ ਦੀ ਭੜਾਸ ਕੱਢ ਰਹੇ ਹਨ ਪਰ ਸਾਡੀ ਸਮਾਜਿਕ ਤੋਰ ਦੱਸਦੀ ਹੈ ਕਿ ਸਾਨੂੰ ਕੋਈ ਰਾਹ ਜਾਂ ਦਿਸ਼ਾ ਦਿਖਾਈ ਨਹੀਂ ਦੇ ਰਹੀ। ਲੋਕ ਤਾਕਤ ਤੇ ਸੱਤਾ ਦੀ ਦੀਵਾਰ ’ਚ ਸੰਨ੍ਹ ਲਾਉਣਾ ਚਾਹੁੰਦੇ ਅਤੇ ਆਸ ਕਰਦੇ ਹਨ ਕਿ ਇਹੋ ਜਿਹੀ ਸੰਨ੍ਹ ਲੱਗਣ ਪਿੱਛੋਂ ਹਰ ਪਾਸੇ ਚਾਨਣ ਹੋ ਜਾਵੇਗਾ ਪਰ ਉਨ੍ਹਾਂ ਨੂੰ ਸੰਨ੍ਹ ਲਾਉਣ ਦਾ ਕੋਈ ਤਰੀਕਾ ਨਹੀਂ ਸੁੱਝ ਰਿਹਾ। ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਲੋਕਾਂ ਦੀਆਂ ਆਸਾਂ ਨੂੰ ਜੀਉਂਦਿਆਂ ਰੱਖਿਆ ਹੈ ਪਰ ਇਸ ’ਤੇ ਵੀ ਕੋਵਿਡ-19 ਦੇ ਪਰਛਾਵੇਂ ਪੈ ਰਹੇ ਹਨ।
ਸੱਤਾਧਾਰੀਆਂ ਅਤੇ ਸਿਆਸੀ ਪਾਰਟੀਆਂ ਦਾ ਰਵੱਈਆ ਇਕ ਦੂਸਰੇ ਨੂੰ ਦੋਸ਼ ਦੇਣ ਅਤੇ ਆਪਣੀ ਸੱਤਾ ਮਜ਼ਬੂਤ ਕਰਨ ਤੋਂ ਅਗਾਂਹ ਨਹੀਂ ਵਧਿਆ। ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੇ ਦਾਅਵੇ ਤਾਂ ਬਹੁਤ ਕੀਤੇ ਪਰ ਜ਼ਮੀਨੀ ਹਾਲਾਤ ਦੱਸ ਰਹੇ ਹਨ ਕਿ ਇਹ ਸਾਰੇ ਦਾਅਵੇ ਤੱਥਾਂ ਨਾਲ ਮੇਲ ਨਹੀਂ ਖਾਂਦੇ। ਇਕ ਪਾਸੇ ਕੇਂਦਰੀ ਸਿਹਤ ਮੰਤਰੀ ਇਹ ਸੰਦੇਸ਼ ਦੇ ਰਿਹਾ ਸੀ ਕਿ ਅਸੀਂ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਅਸੂਲ ’ਤੇ ਚੱਲੀਏ ਅਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਵੇਖ ਕੇ ਖ਼ੁਸ਼ ਹੁੰਦਿਆਂ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਹਰ ਪਾਸੇ ਲੋਕ ਹੀ ਲੋਕ ਦਿਖਾਈ ਦੇ ਰਹੇ ਹਨ। ਉਹੀ ਲੋਕ ਹਸਪਤਾਲਾਂ ਵਿਚ ਬੈੱਡ, ਆਕਸੀਜਨ ਅਤੇ ਦਵਾਈਆਂ ਨਾ ਮਿਲਣ ਕਾਰਨ ਮਰ ਰਹੇ ਹਨ। ਸੰਤਾਨ, ਮਾਪੇ, ਭੈਣ-ਭਰਾ, ਰਿਸ਼ਤੇਦਾਰ ਸਭ ਰੋ ਕੁਰਲਾ ਰਹੇ ਹਨ ਪਰ ਸੱਤਾਧਾਰੀਆਂ ਨੂੰ ਕੁਝ ਸੁਣਾਈ ਨਹੀਂ ਦਿੰਦਾ। ਜੇ ਟੀਵੀ ਦੀਆਂ ਬਹਿਸਾਂ ’ਤੇ ਭਾਜਪਾ ਦੇ ਬੁਲਾਰਿਆਂ ਨੂੰ ਸਵਾਲ ਪੁੱਛੇ ਜਾਂਦੇ ਹਨ ਤਾਂ ਉਹ ਸਵਾਲ ਪੁੱਛਣ ਵਾਲਿਆਂ ਨੂੰ ਤਿੱਖੇ ਤੇਵਰ ਦਿਖਾਉਂਦੇ ਮਹਾਰਾਸ਼ਟਰ, ਛੱਤੀਸਗੜ੍ਹ ਆਦਿ ਪ੍ਰਾਂਤਾਂ (ਜਿੱਥੇ ਗ਼ੈਰ-ਭਾਜਪਾ ਸਰਕਾਰਾਂ ਹਨ) ਦੇ ਅੰਕੜੇ ਦੱਸਦੇ ਹਨ ਕਿ ਉੱਥੇ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਕੋਈ ਆਪਣੀ ਜ਼ਿੰਮੇਵਾਰੀ ਦੀ ਗੱਲ ਨਹੀਂ ਕਰਦਾ।
ਦੁੱਖ-ਦੁਸ਼ਵਾਰੀਆਂ ਅਤੇ ਉਨ੍ਹਾਂ ਦਾ ਸਾਹਮਣਾ ਕਰਨਾ ਜੀਵਨ ਦਾ ਹਿੱਸਾ ਹੈ, ਇਹੀ ਜੀਵਨ ਹੈ। ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਹਜ਼ਾਰਾਂ ਵਰ੍ਹੇ ਪਹਿਲਾਂ ਮਹਾਤਮਾ ਬੁੱਧ ਨੇ ਦੁੱਖ ਨੂੰ ਜ਼ਿੰਦਗੀ ਦੇ ਚਾਰ ਬੁਨਿਆਦੀ ਸੱਚਾਂ ਵਿਚੋਂ ਸਭ ਤੋਂ ਮੁੱਢਲਾ ਮੰਨਿਆ। ਸ਼ੇਖ ਫਰੀਦ ਨੇ ਕਿਹਾ, ‘‘ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।। ਊਚੇ ਚੜਿ ਕੈ ਦੇਖਿਆ ਤਾਂ ਘਰ ਘਰ ਏਹਾ ਅਗਿ।।’’ ਜੀਵਨ ਵਿਚ ਦੁੱਖ ਦੀ ਵਿਆਪਕਤਾ ਨੂੰ ਗੁਰੂ ਨਾਨਕ ਦੇਵ ਜੀ ਨੇ ‘‘ਨਾਨਕ ਦੁਖੀਆ ਸਭੁ ਸੰਸਾਰੁ।।’’ ਦੇ ਸ਼ਬਦਾਂ ਰਾਹੀਂ ਬਿਆਨ ਕੀਤਾ। ਕੁਝ ਦੁੱਖ ਮਨੁੱਖ ਦੇ ਨਿੱਜੀ ਹੁੰਦੇ ਹਨ ਤੇ ਕੁਝ ਕੁਦਰਤੀ ਆਫ਼ਤਾਂ, ਸਮਾਜ ਤੇ ਸੱਤਾ ਦੀ ਬਣਤਰ, ਜਾਤੀ ਤੇ ਜਮਾਤੀ ਵਿਤਕਰਿਆਂ ਤੇ ਹਿੰਸਾ ਅਤੇ ਹੋਰ ਜਾਣੇ ਅਣਜਾਣੇ ਸਰੋਤਾਂ ਤੋਂ ਪੈਦਾ ਹੁੰਦੇ ਹਨ। ਦੁੱਖ ਦਾ ਨਿੱਜੀ ਹੋਣਾ ਤਾਂ ਜੀਵਨ ਦਾ ਆਂਤ੍ਰਿਕ ਸੱਚ ਹੈ ਹੀ ਪਰ ਬਹੁਤ ਵਾਰ ਮਨੁੱਖਤਾ ਨੂੰ ਸਥਾਨਕ, ਖੇਤਰੀ ਜਾਂ ਸਮੂਹਿਕ ਪੱਧਰ ’ਤੇ ਵੱਡੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਇਹ ਦੁੱਖ ਕੋਵਿਡ-19 ਦੇ ਰੂਪ ਵਿਚ ਪੇਸ਼ ਹੋਇਆ ਹੈ ਅਤੇ ਇਸ ਨੇ ਜੀਵਨ ਦੀਆਂ ਚੂਲਾਂ ਇਉਂ ਹਿਲਾਈਆਂ ਹਨ ਕਿ ਵਿਦਵਾਨ ਮਨੁੱਖਤਾ ਦੇ ਇਤਿਹਾਸ ਨੂੰ ਪੂਰਵ-ਕਰੋਨਾ ਕਾਲ ਅਤੇ ਉੱਤਰ-ਕਰੋਨਾ ਕਾਲ ਵਿਚ ਵੰਡਣ ਲੱਗ ਪਏ ਹਨ।
ਸ਼ੁੱਕਰਵਾਰ ਦਿੱਲੀ ਵਿਚ ਹਾਲਾਤ ਇੰਨੇ ਵਿਗੜ ਗਏ ਸਨ ਕਿ ਦਿੱਲੀ ਹਾਈਕੋਰਟ ਨੇ ਰਾਤ ਸਮੇਂ ਹਸਪਤਾਲਾਂ ਵਿਚ ਆਕਸੀਜਨ ਮੁਹੱਈਆ ਕਰਵਾਉਣ ਬਾਰੇ ਸੁਣਵਾਈ ਕੀਤੀ। ਦਿੱਲੀ ਹਾਈਕੋਰਟ ਨੂੰ ਮਜਬੂਰ ਹੋ ਕੇ ਆਦੇਸ਼ ਦੇਣੇ ਪਏ ਕਿ ਹਸਪਤਾਲਾਂ ਵਿਚ ਆਕਸੀਜਨ ਮੁਹੱਈਆ ਕਰਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਜਿੱਥੇ ਕੇਂਦਰ ਸਰਕਾਰ ਕਰੋਨਾ ਕਾਰਨ ਵਧ ਰਹੇ ਸੰਤਾਪ ਲਈ ਜ਼ਿੰਮੇਵਾਰ ਹੈ, ਉੱਥੇ ਸੂਬਾ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀਆਂ। ਨਿੱਜੀ ਖੇਤਰ ਨੇ ਵੀ ਦਾਅਵੇ ਤਾਂ ਬਹੁਤ ਕੀਤੇ ਹਨ, ਪਰ ਕਿਤੇ ਵੀ ਵੱਡੀ ਪੱਧਰ ’ਤੇ ਲੋਕਾਂ ਨੂੰ ਸਹਾਇਤਾ ਨਹੀਂ ਪਹੁੰਚਾਈ। ਕੁਝ ਸਮਾਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਨੂੰ ਆਤਮ-ਨਿਰਭਰ ਹੋਣ ਦਾ ਸੱਦਾ ਦਿੱਤਾ ਸੀ। ਅੱਜ ਦਾ ਸਮਾਂ ਦੱਸ ਰਿਹਾ ਹੈ ਕਿ ਅਸੀਂ ਇਕ ਦੂਸਰੇ ’ਤੇ ਕਿੰਨੇ ਨਿਰਭਰ ਹਾਂ, ਦੇਸ਼ਾਂ, ਸੂਬਿਆਂ, ਸ਼ਹਿਰਾਂ, ਪਿੰਡਾਂ, ਕਸਬਿਆਂ, ਗਲੀ ਗੁਆਂਢ ਅਤੇ ਨਿੱਜੀ, ਭਾਵ ਹਰ ਪੱਧਰ ’ਤੇ।
ਦੁੱਖਾਂ ਤੇ ਚੁਣੌਤੀਆਂ ਭਰੇ ਇਸ ਸਮੇਂ ਵਿਚ ਮਨੁੱਖ ਕੋਲ ਆਪਣੀਆਂ ਭਾਈਚਾਰਕ ਸਾਂਝਾਂ ਮਜ਼ਬੂਤ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ। ਬੰਦਾ ਹੀ ਬੰਦੇ ਦਾ ਦਾਰੂ ਹੈ। ਇਹ ਸਮਾਂ ਉਨ੍ਹਾਂ ਵਿਚਾਰਧਾਰਾਵਾਂ ਵਿਰੁੱਧ ਸੋਚਣ ਅਤੇ ਲੜਨ ਦਾ ਸਮਾਂ ਵੀ ਹੈ ਜੋ ਮਨੁੱਖ ਨੂੰ ਨਸਲਾਂ, ਧਰਮਾਂ, ਰੰਗਾਂ, ਜਾਤਾਂ ਅਤੇ ਹੋਰ ਸੌੜੀ ਸੋਚ ਦੇ ਪੈਮਾਨਿਆਂ ਰਾਹੀਂ ਵੰਡਦੀਆਂ ਹਨ। ਮਨੁੱਖ ਸਦੀਆਂ ਤੋਂ ਸਾਂਝੀਵਾਲਤਾ ਦਾ ਪੈਗ਼ਾਮ ਸੁਣਦਾ ਅਤੇ ਸੁਣਾਉਂਦਾ ਆਇਆ ਹੈ ਪਰ ਇਹ ਕੋਈ ਨਹੀਂ ਜਾਣਦਾ ਕਿ ਇਸ ਪੈਗ਼ਾਮ ਨੂੰ ਆਤਮਸਾਤ ਕਰਨ ਲਈ ਮਨੁੱਖ ਨੂੰ ਹੋਰ ਕਿੰਨੀਆਂ ਸਦੀਆਂ ਦਾ ਪੈਂਡਾ ਤੈਅ ਕਰਨਾ ਪਵੇਗਾ।
ਕੋਵਿਡ-19 ਦਾ ਇਕ ਹੋਰ ਪੱਖ/ਸੰਦੇਸ਼ ਮਨੁੱਖ ਦੇ ਸੀਮਤ ਹੋਣ ਨੂੰ ਮੁੜ ਦੁਹਰਾਉਣਾ ਹੈ। ਸਦੀਆਂ ਤੋਂ ਕੁਦਰਤੀ ਸ਼ਕਤੀਆਂ ’ਤੇ ਆਪਣਾ ਕਬਜ਼ਾ ਵਧਾਉਂਦਾ ਅਤੇ ਵਿਗਿਆਨਕ ਖੋਜਾਂ ਕਰਦਾ, ਗਿਆਨ ਦੇ ਨਵੇਂ ਭਵਿੱਖਮਈ ਦਿਸਹੱਦੇ ਤਲਾਸ਼ਦਾ, ਆਪਣੇ ਤੋਂ ਚੰਗੇ ਅਤੇ ਤੇਜ਼ ਤਰੀਕੇ ਨਾਲ ਸੋਚਣ ਵਾਲੇ ਰੋਬੋਟ/ਮਸ਼ੀਨਾਂ/ਕੰਪਿਊਟਰ ਬਣਾਉਣ ਦੇ ਦਾਅਵੇ ਕਰਦਾ ਮਨੁੱਖ, ਅੱਜ ਸਹਿਮ, ਸ਼ੰਕਿਆਂ ਤੇ ਅੰਧ-ਵਿਸ਼ਵਾਸ ਵਿਚ ਘਿਰਿਆ ਹੋਇਆ ਹੈ। ਕੋਵਿਡ-19 ਨੇ ਉਸ ਦੇ ਤਰਤੀਬ ਨਾਲ ਜਿਊਣ ਵਾਲੀ ਜੀਵਨ-ਜਾਚ ਵਿਚ ਬੇਤਰਤੀਬੀ ਅਤੇ ਅਨਿਸ਼ਚਤਤਾ ਪੈਦਾ ਕਰਦਿਆਂ ਉਸ ਨੂੰ ਉਸ (ਮਨੁੱਖ) ਦੁਆਰਾ ਵਾਤਾਵਰਨ ਅਤੇ ਕੁਦਰਤ ਦੇ ਖ਼ਜ਼ਾਨਿਆਂ ’ਤੇ ਕੀਤੇ ਲਾਲਚ ਭਰੇ ਹਮਲਿਆਂ ਬਾਰੇ ਚੇਤਨ ਕਰਾਇਆ ਹੈ। ਲਾਲਚ ਵਿਚ ਮਨੁੱਖ ਨਾ ਸਿਰਫ਼ ਮਨੁੱਖਤਾ ਦੇ ਰਾਹ ਤੋਂ ਹੀ ਥਿੜਕਦਾ ਹੈ ਸਗੋਂ ਧਾਰਮਿਕ ਅਕੀਦਿਆਂ, ਜਿਹੜੇ ਵੱਖ ਵੱਖ ਤਰੀਕਿਆਂ ਨਾਲ ਉਸ ਮਾਇਆ/ਧਨ ਦੇ ਜਾਲ਼ ਤੋਂ ਮੁਕਤ ਹੋਣ ਲਈ ਸੰਦੇਸ਼ ਦਿੰਦੇ ਹਨ, ਤੋਂ ਵੀ ਭਟਕ ਜਾਂਦਾ ਹੈ।
ਮਨੁੱਖ ਦੇ ਸੀਮਤ ਹੋਣ ਬਾਰੇ ਉੱਘੇ ਚਿੰਤਕ ਸਤਿਆਪਾਲ ਗੌਤਮ ਨੇ ਲਿਖਿਆ ਸੀ, ‘‘ਇਨਸਾਨੀ ਜ਼ਿੰਦਗੀ ਦੀਆਂ ਅਨੇਕਾਂ ਸੀਮਾਵਾਂ ਹਨ। ਇਨ੍ਹਾਂ ਵਿਚੋਂ ਤਿੰਨ ਪ੍ਰਮੁੱਖ ਹਨ। ਪਹਿਲੀ ਸੀਮਾ ਇਹ ਹੈ ਕਿ ਮੌਤ ਸਾਡੀ ਜ਼ਿੰਦਗੀ ਦਾ ਪਰਮ ਸੱਚ ਹੈ। ਸਾਡੀ ਵਿਅਕਤੀਗਤ ਹੋਂਦ ਸਦੀਵੀ ਨਹੀਂ ਹੈ। ਮਰਨਾ ਲਾਜ਼ਮੀ ਹੈ ਪਰ ਅਸੀਂ ਕਿਹੜੀ ਮੌਤ ਮਰਾਂਗੇ, ਇਸ ਬਾਰੇ ਸਾਨੂੰ ਪਹਿਲਾਂ ਤੋਂ ਪਤਾ ਨਹੀਂ ਹੁੰਦਾ। ਸਾਡੀ ਮੌਤ ਸਾਡੀ ਜ਼ਿੰਦਗੀ ਵਿਚ ਵਾਪਰੀ ਕੋਈ ਘਟਨਾ ਨਹੀਂ ਹੁੰਦੀ। ਸਾਡੀ ਮੌਤ ਨਾਲ ਸਾਡੀ ਜ਼ਿੰਦਗੀ ਦਾ ਅੰਤ ਹੁੰਦਾ ਹੈ। ਕਿਸੇ ਦਾ ਵੀ ਅਚਾਨਕ ਮਾਰੇ ਜਾਣਾ ਜਾਂ ਮਰ ਜਾਣਾ ਉਸ ਦੇ ਪਿਆਰਿਆਂ ਦੀ ਜ਼ਿੰਦਗੀ ’ਚ ਸੋਗ ਤੇ ਕਸ਼ਟ ਲਿਆਉਂਦਾ ਹੈ। ਸਾਡੀ ਦੂਜੀ ਸੀਮਾ ਸਾਡੇ ਗਿਆਨ ਦਾ ਹਮੇਸ਼ਾਂ ਸੀਮਤ ਅਤੇ ਅਧੂਰੇ ਹੋਣਾ ਹੈ। ਅਸੀਂ ਕੁਦਰਤ ਅਤੇ ਆਪਣੇ ਆਲੇ-ਦੁਆਲੇ ਤੇ ਆਪਣੇ-ਆਪ ਨੂੰ ਕਦੀ ਵੀ ਪੂਰਾ ਜਾਣ-ਸਮਝ ਨਹੀਂ ਸਕਦੇ। ਅਧੂਰੀ, ਕੱਚੀ-ਪੱਕੀ ਸਮਝ ਕਾਰਨ ਅਸੀਂ ਅਕਸਰ ਗ਼ਲਤੀਆਂ ਕਰਦੇ ਹਾਂ ਅਤੇ ਉਨ੍ਹਾਂ ਦੇ ਨਤੀਜੇ ਭੋਗਦੇ ਹਾਂ। ਸਾਡੀ ਤੀਜੀ ਸੀਮਾ ਇਹ ਹੈ ਕਿ ਅਸੀਂ ਸਰਬ-ਸ਼ਕਤੀਮਾਨ ਨਹੀਂ ਹਾਂ ਅਤੇ ਇਸ ਕਾਰਨ ਸਾਡੀਆਂ ਸਾਰੀਆਂ ਇੱਛਾਵਾਂ, ਉਮੰਗਾਂ ਤੇ ਖ਼ਾਹਿਸ਼ਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ... ਇਨ੍ਹਾਂ ਸੀਮਾਵਾਂ ਜਾਂ ਹੱਦਾਂ ਤੋਂ ਪਾਰ ਜਾਣ ਦੀ ਮਨੁੱਖੀ ਲਾਲਸਾ ਸਾਡਾ ਸੁਭਾਅ ਹੈ ਪਰ ਮਨੁੱਖੀ ਕਮਜ਼ੋਰੀਆਂ ਤੇ ਸੀਮਾਵਾਂ ਵੀ ਇਕ ਸਦੀਵੀ ਸੱਚ ਹੈ।’’
ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਇਹ ਦੁਨੀਆਂ ‘ਮੰਝਿ ਵਿਸੂਲਾ ਬਾਗੁ’ ਹੈ ਭਾਵ ਇਹ ਧਰਤੀ ’ਤੇ ਮਨੁੱਖ ਦੇ ਲਾਲਚ ਕਾਰਨ ਵਿਹੁ (ਵਿਸ/ਜ਼ਹਿਰ) ਭਰਿਆ ਬਾਗ਼ ਲੱਗਿਆ ਹੋਇਆ ਹੈ। ਇਸ ਲਾਲਚ ਦੇ ਵਿਰੁੱਧ ਲੜਾਈ ਹੀ ਮਨੁੱਖ ਦੀ ਮਨੁੱਖ ਬਣਨ ਦੀ ਲੜਾਈ ਹੈ। ਅੱਜ ਜਦੋਂ ਅਸੀਂ ਕੋਵਿਡ-19 ਵਿਰੁੱਧ ਲੜ ਰਹੇ ਹਾਂ ਤਾਂ ਅਸੀਂ ਮਨੁੱਖਤਾ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਵੀ ਲੜ ਰਹੇ ਹਾਂ। ਇਹ ਭੈਣ-ਭਰਾਵਾਂ ਦਾ ਹੱਥ ਫੜਨ ਅਤੇ ਇਕ ਦੂਸਰੇ ਦਾ ਦੁੱਖ-ਦਰਦ ਵੰਡਾਉਣ ਦਾ ਵੇਲਾ ਹੈ, ਲੋੜ ਸਮੇਂ ਉਨ੍ਹਾਂ ਕੋਲ ਪਹੁੰਚਣ ਦਾ ਵੇਲਾ ਹੈ। ਮਨੁੱਖਤਾ ਅਜਿਹੇ ਸਮਿਆਂ ਵਿਚੋਂ ਲੰਘਦੀ ਅਤੇ ਅਮਨੁੱਖਤਾ ਦੇ ਰੁਝਾਨਾਂ ਨੂੰ ਹਰਾਉਂਦੀ ਆਈ ਹੈ।
ਕੋਵਿਡ-19 ਦੌਰਾਨ ਇੰਗਲੈਂਡ ਦਾ ਤਜਰਬਾ ਦੱਸਦਾ ਹੈ ਕਿ ਉਹ ਦਸੰਬਰ 2020 ਵਿਚ ਅਜਿਹੇ ਸਮੇਂ ’ਚੋਂ ਗੁਜ਼ਰੇ ਹਨ, ਜਿਸ ਤਰ੍ਹਾਂ ਦਾ ਹੁਣ ਸਾਡੇ ਸਾਹਮਣੇ ਹੈ। ਉਨ੍ਹਾਂ ਦੀ ਵਸੋਂ ਘੱਟ ਹੈ ਅਤੇ ਸਿਹਤ-ਸੰਭਾਲ ਪ੍ਰਬੰਧ ਸਾਡੇ ਨਾਲੋਂ ਕਿਤੇ ਬਿਹਤਰ ਅਤੇ ਜਨਤਕ ਖੇਤਰ ਵਿਚ ਹਨ। ਮਾਹਿਰਾਂ ਦੇ ਅੰਦਾਜ਼ਿਆਂ ਅਨੁਸਾਰ ਸਾਨੂੰ ਇਸ ਸੰਕਟ ਵਿਚੋਂ ਬਾਹਰ ਨਿਕਲਣ ਲਈ ਕੁਝ ਸਮਾਂ ਲੱਗੇਗਾ। ਸਾਡੇ ਸਾਰਿਆਂ ਲਈ ਚੁਣੌਤੀ ਹੈ ਕਿ ਨਾਕਾਰਾਤਮਕ ਰੁਝਾਨਾਂ ਵਿਰੁੱਧ ਲੜਦੇ ਹੋਏ ਅਸੀਂ ਇਸ ਬਿਪਤਾ ਦਾ ਸਾਹਮਣਾ ਇਕੱਠੇ ਹੋ ਕੇ ਕਰੀਏ। ਇਹੀ ਸਮਾਂ ਹੈ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਮੰਨ ਕੇ ਲੋਕ-ਪੱਖੀ ਕਦਮ ਚੁੱਕਣ ਦੀ ਸਦਭਾਵਨਾ ਦਿਖਾਏ। ਇਸ ਅੰਦੋਲਨ ਵਿਚ ਸੈਂਕੜੇ ਬੇਸ਼ਕੀਮਤੀ ਜਾਨਾਂ ਗਈਆਂ ਹਨ। ਇਹ ਵੇਲਾ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਸਮਾਜਿਕ ਸਮਤਾ ਤੇ ਏਕਤਾ ਵੱਲ ਵਧਣ ਦਾ ਸਮਾਂ ਹੈ ਨਾ ਕਿ ਆਪਸੀ ਕੁੜੱਤਣ ਅਤੇ ਟਕਰਾਉ ਵਧਾਉਣ ਦਾ। ਸਾਡਾ ਸਮੂਹਿਕ ਇਮਤਿਹਾਨ ਹੋ ਰਿਹਾ ਹੈ। ਸਾਨੂੰ ਡਰ ਤੇ ਸਹਿਮ ਦੇ ਨਾਲ ਨਾਲ ਵਧ ਰਹੀ ਉਦਾਸੀ ਅਤੇ ਉਪਰਾਮਤਾ ਨਾਲ ਵੀ ਲੜਨਾ ਪੈਣਾ ਹੈ। ਸਮਾਂ ਮੰਗ ਕਰਦਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ, ਸਥਾਨਿਕ ਸੰਸਥਾਵਾਂ, ਜਨਤਕ ਜਥੇਬੰਦੀਆਂ, ਐੱਨਜੀਓ, ਧਾਰਮਿਕ ਸੰਸਥਾਵਾਂ, ਸਭ ਕੋਵਿਡ-19 ਨਾਲ ਲੜਨ ਲਈ ਸਾਂਝਾ ਮੁਹਾਜ਼ ਬਣਾਉਣ। ਕੇਂਦਰ ਸਰਕਾਰ ਨੂੰ ਇਸ ਵਿਚ ਮੋਹਰੀ ਭੂਮਿਕਾ ਨਿਭਾਉਂਦਿਆਂ ਪਾਰਦਰਸ਼ਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ।