ਸਾਡੇ ਦੌਰ ਦੇ ਕਿਸਾਨ ਸੰਘਰਸ਼ਾਂ ਦੇ ਕੌਮਾਂਤਰੀ ਨਕਸ਼ - ਪ੍ਰੋ. ਪ੍ਰੀਤਮ ਸਿੰਘ
ਜ਼ਰਾਇਤੀ ਸੰਘਰਸ਼ਾਂ ਵਿਚ ਜੂਝਣ ਵਾਲੇ ਕਿਸਾਨਾਂ, ਕਾਸ਼ਤਕਾਰਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਦੇ ਹੱਕ ਵਿਚ ਸਰਗਰਮ ਆਲਮੀ ਜਥੇਬੰਦੀ ‘ਲਾ ਵੀਆ ਕੈਂਪੇਸੀਨਾ’ (ਕਿਰਸਾਨੀ ਜਾਚ) ਵੱਲੋਂ ਹਰ ਸਾਲ 17 ਅਪਰੈਲ ਨੂੰ ਕੌਮਾਂਤਰੀ ਕਿਸਾਨ ਸੰਘਰਸ਼ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ 1996 ਵਿਚ ਬ੍ਰਾਜ਼ੀਲ ਦੇ ਅਲਦੋਰਾਦੋ ਦੌਸ ਕਰਾਜਾਸ ਵਿਚ ਬੇਜ਼ਮੀਨੇ ਕਿਸਾਨਾਂ ਦੇ ਕੀਤੇ ਕਤਲੇਆਮ ਦੀ ਯਾਦ ਵਿਚ ਅਤੇ ਵਿਆਪਕ ਖੇਤੀ ਸੁਧਾਰਾਂ ਦੀ ਜੱਦੋਜਹਿਦ ਦੇ ਹੱਕ ਵਿਚ ਮਨਾਇਆ ਜਾਂਦਾ ਹੈ। ਇਸ ਸੰਘਰਸ਼ ਦੌਰਾਨ ਬ੍ਰਾਜ਼ੀਲ ਦੀ ਹਥਿਆਰਬੰਦ ਪੁਲੀਸ ਨੇ ਐਮੇਜ਼ਨ ਖੇਤਰ ਦੇ ਪਾਰਾ ਸੂਬੇ ਅੰਦਰ ਕੌਮੀ ਮਾਰਗ ਰੋਕ ਕੇ ਲੈਂਡਲੈੱਸ ਵਰਕਰਜ਼ ਮੂਵਮੈਂਟ ਦੇ ਕਾਰਕੁਨਾਂ ’ਤੇ ਹਮਲਾ ਕਰ ਕੇ 19 ਕਿਸਾਨਾਂ ਦੀ ਜਾਨ ਲੈ ਲਈ ਸੀ ਤੇ ਸੈਂਕੜੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ।
‘ਲਾ ਵੀਆ ਕੈਂਪੇਸੀਨਾ’ ਵੱਲੋਂ ਇਸ ਸਾਲ ਕੋਵਿਡ-19 ਮਹਾਮਾਰੀ ਦੌਰਾਨ ਦੁਨੀਆ ਭਰ ਵਿਚ ਚੱਲ ਰਹੇ ਕਿਸਾਨ ਸੰਘਰਸ਼ਾਂ ਦੇ ਹੱਕ ਵਿਚ ਇਹ ਦਿਵਸ ਮਨਾਇਆ ਗਿਆ ਜਿਸ ਦੌਰਾਨ ਦੁਨੀਆ ਭਰ ਵਿਚ ਆਮ ਲੋਕਾਂ ਲਈ ਖ਼ੁਰਾਕ ਦੀ ਘਾਟ, ਭੁੱਖਮਰੀ ਅਤੇ ਖੇਤੀ ਨੀਤੀਆਂ ਤੇ ਵਿਧੀਆਂ ਨੂੰ ਉਭਾਰਿਆ ਗਿਆ। ਭਾਰਤ ਵਿਚ ਪਿਛਲੇ ਸਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਮੰਡੀਕਰਨ ਅਤੇ ਖੇਤੀ ਸਬੰਧੀ ਖੇਤੀ-ਕਾਰੋਬਾਰ ਦੀਆਂ ਕੰਪਨੀਆਂ ਦੇ ਹੱਕ ਵਿਚ ਭੁਗਤਾਉਣ ਅਤੇ ਖੇਤੀਬਾੜੀ ਉਪਰ ਹੋਰ ਜ਼ਿਆਦਾ ਕੇਂਦਰੀ ਗ਼ਲਬਾ ਪਾਉਣ ਲਈ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੋਇਆ ਹੈ ਜਿਸ ਨੇ ਆਮ ਤੌਰ ’ਤੇ ਸਮੁੱਚੀ ਦੁਨੀਆ ਤੇ ਖ਼ਾਸ ਤੌਰ ’ਤੇ ਆਲਮੀ ਅਰਥਚਾਰੇ ਵਿਚ ਖੇਤੀਬਾੜੀ ਦੀ ਦਸ਼ਾ ਤੇ ਕਿਸਾਨੀ ਭਾਈਚਾਰੇ ਦੇ ਜੀਵਨ ਦੇ ਹਾਲਾਤ ਵੱਲ ਧਿਆਨ ਖਿੱਚਿਆ ਹੈ।
ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਦੇ ਹਮਾਇਤੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਬੇਮਿਸਾਲ ਲਾਮਬੰਦੀ ਨੇ ਨਾ ਕੇਵਲ ਭਾਰਤੀ ਸਮਾਜ ਦੇ ਵਡੇਰੇ ਤਬਕਿਆਂ - ਭਾਵ ਸਨਅਤੀ ਤੇ ਸੇਵਾ ਖੇਤਰ ਵਿਚ ਲੱਗੇ ਕਾਮਿਆਂ, ਔਰਤਾਂ ਦੀਆਂ ਜਥੇਬੰਦੀਆਂ, ਲੋਕਤੰਤਰ ਪੱਖੀ ਕਾਰਕੁਨਾਂ, ਮਨੁੱਖੀ ਹੱਕਾਂ ਦੇ ਅਲੰਬਰਦਾਰਾਂ, ਆਜ਼ਾਦੀ ਤੇ ਖੁਦਮੁਖ਼ਤਾਰੀ ਦੇ ਤਲਬਗ਼ਾਰ ਕਲਾ ਤੇ ਅਕਾਦਮਿਕ ਮਾਹਿਰਾਂ ਅੰਦਰ ਚਿਣਗ ਜਗਾ ਦਿੱਤੀ ਹੈ ਸਗੋਂ ਇਸ ਨੇ ਭਾਰਤ ਅਤੇ ਦੁਨੀਆ ਦੇ ਹੋਰਨਾਂ ਮੁਲਕਾਂ, ਖ਼ਾਸਕਰ ਵਿਕਾਸਸ਼ੀਲ ਮੁਲਕਾਂ ਅੰਦਰ ਉਭਾਰੇ ਜਾ ਰਹੇ ਮੁੱਦਿਆਂ ਦਰਮਿਆਨ ਸਮਾਨਤਾ ਦਰਸਾ ਕੇ ਕੌਮਾਂਤਰੀ ਮਹੱਤਵ ਵੀ ਹਾਸਲ ਕਰ ਲਿਆ ਹੈ ਜਿੱਥੇ ਅਜੇ ਵੀ ਖੇਤੀਬਾੜੀ ਰੋਜ਼ੀ ਰੋਟੀ ਚਲਾਉਣ ਤੇ ਖੁਰਾਕ ਪ੍ਰਭੂਸੱਤਾ ਯਕੀਨੀ ਬਣਾਉਣ ਦਾ ਮੁੱਖ ਆਧਾਰ ਹੈ।
‘ਲਾ ਵੀਆ ਕੈਂਪੇਸੀਨਾ’ ਦੀ ਪ੍ਰੈੱਸ ਰਿਲੀਜ਼ ਵਿਚ ਕੌਮਾਂਤਰੀ ਕਿਸਾਨ ਸੰਘਰਸ਼ ਦਿਵਸ ਦਾ ਪ੍ਰਸੰਗ ਇੰਜ ਬਿਆਨ ਕੀਤਾ ਗਿਆ ਹੈ : ‘ਐਤਕੀਂ 17 ਅਪਰੈਲ ਸਾਡਾ ਕੌਮਾਂਤਰੀ ਕਿਸਾਨ ਸੰਘਰਸ਼ ਦਿਵਸ ਖੁਰਾਕ ਪ੍ਰਭੂਸੱਤਾ ਦੇ ਸਾਡੇ ਨਜ਼ਰੀਏ ’ਤੇ ਝਾਤ ਮਾਰਨ ਅਤੇ ਸਾਡੇ ਸੰਘਰਸ਼ਾਂ ਨੂੰ ਲਗਾਤਾਰ ਮੁਜਰਮਾਨਾ ਬਣਾਉਣ ਖ਼ਿਲਾਫ਼ ਅਤੇ ਕਿਸਾਨਾਂ, ਕਬਾਇਲੀ ਲੋਕਾਂ ਤੇ ਆਪਣੇ ਭਾਈਚਾਰਿਆਂ ਦੇ ਹੱਕਾਂ, ਸਵੈ-ਮਾਣ ਤੇ ਸਮਾਨਤਾ ਖਾਤਰ ਲੜਨ ਵਾਲਿਆਂ ਦੇ ਕਤਲੇਆਮ ਖ਼ਿਲਾਫ਼ ਸਾਡੀ ਇਕਜੁੱਟਤਾ ਨੂੰ ਮਜ਼ਬੂਤ ਬਣਾਉਣ ਦਾ ਪਲ ਹੈ। ਸਾਡੇ ਹਕੂਕ ਲਈ ਅਤੇ ਬਰਬਰਤਾ, ਅਪਰਾਧੀਕਰਨ ਅਤੇ ਕਤਲੇਆਮ ਦੇ ਖਾਤਮੇ ਲਈ ਜਦੋਂ ਅਸੀਂ ਇਕਜੁੱਟਤਾ ਦਰਸਾ ਰਹੇ ਹਾਂ ਤਾਂ ਅਸੀਂ ਦੁਨੀਆ ਭਰ ਵਿਚ ਅਣਗਿਣਤ ਕਿਸਾਨਾਂ ਤੇ ਲੋਕਾਂ ਨੂੰ ਦਰਪੇਸ਼ ਚਲੰਤ ਔਖੇ ਸਮਾਜਿਕ ਤੇ ਆਰਥਿਕ ਪ੍ਰਸੰਗ ਪ੍ਰਤੀ ਸਚੇਤ ਵੀ ਹਾਂ।’
‘ਲਾ ਵੀਆ ਕੈਂਪੇਸੀਨਾ’ ਦੇ 1993 ਵਿਚ ਜਨਮ ਤੋਂ ਲੈ ਕੇ ਇਹ ਪੈਦਾਵਾਰ ਖ਼ਾਸਕਰ ਖੇਤੀਬਾੜੀ ਵਿਚ ਪੂੰਜੀਵਾਦੀ ਸਾਧਨਾਂ ਦੇ ਬਦਲ ਵਜੋਂ ਖੁਰਾਕ ਪ੍ਰਭੂਸੱਤਾ ਦੇ ਨਜ਼ਰੀਏ ਨੂੰ ਵਿਕਸਤ ਕਰਦੀ ਅਤੇ ਪ੍ਰਚਾਰਦੀ ਰਹੀ ਹੈ। ਜਥੇਬੰਦੀ ਇਹ ਦਰਸਾਉਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ ਕਿ ਖੇਤੀ ਅਰਥਚਾਰਾ ਅਤੇ ਖੁਰਾਕ ਖੇਤਰ ਅੱਡੋ ਅੱਡਰੇ ਤੇ ਖ਼ਾਨਾਬੰਦ ਖੇਤਰ ਨਹੀਂ ਹਨ ਸਗੋਂ ਵਾਤਾਵਰਨੀ, ਆਰਥਿਕ, ਜਮਹੂਰੀ ਅਤੇ ਸਿਹਤ ਦੇ ਸੰਕਟਾਂ ਜਿਹੜੇ ਕੋਵਿਡ-19 ਕਰਕੇ ਸਿਰ ਚੜ੍ਹ ਕੇ ਬੋਲ ਰਹੇ ਹਨ, ਨਾਲ ਗਹਿਰੇ ਜੁੜੇ ਹੋਏ ਹਨ। ਨਵ-ਉਦਾਰਵਾਦ ਦੇ ਖੁਰਾਕ ਅਤੇ ਸਿਹਤ ਨੂੰ ਆਲਮੀ ਤੌਰ ’ਤੇ ਇਕਜੁੱਟ ਕਾਰੋਬਾਰਾਂ ਨਾਲ ਮੁੜ-ਗਠਿਤ ਕਰਨ ਦੇ ਏਜੰਡੇ ਖ਼ਿਲਾਫ਼ ‘ਲਾ ਵੀਆ ਕੈਂਪੇਸੀਨਾ’ ਦਾ ਸੰਕਲਪ ਜਨਤਕ ਸਿਹਤ ਪ੍ਰਣਾਲੀਆਂ, ਖੁਰਾਕ ਪ੍ਰਭੂਸੱਤਾ, ਕਿਰਸਾਨੀ ਖੇਤੀ ਚੌਗਿਰਦੇ ਦੀ ਲੋੜ ਅਤੇ ਭੁੱਖਮਰੀ ਖ਼ਿਲਾਫ਼ ਲੜਾਈ ਲਈ ਅਤੇ ਆਲਮੀ ਤਪਸ਼ ਨਾਲ ਸਿੱਝਣ, ਜੈਵ ਵੰਨ-ਸੁਵੰਨਤਾ ਦੀ ਰਾਖੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਸੁਰੱਖਿਆ ਲਈ ਮੁਕਾਮੀ ਖੁਰਾਕ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਉਭਾਰਦਾ ਹੈ।
‘ਲਾ ਵੀਆ ਕੈਂਪੇਸੀਨਾ’ ਵੱਲੋਂ ਪਿਛਲੇ 28 ਸਾਲਾਂ ਤੋਂ ਚਲਾਈ ਮੁਹਿੰਮ ਅਤੇ ਗੱਠਜੋੜਬੰਦੀ ਦੇ ਕਾਰਜਾਂ ਸਦਕਾ ਸੰਯੁਕਤ ਰਾਸ਼ਟਰ ਵੱਲੋਂ ਕਈ ਅਹਿਮ ਕਦਮ ਉਠਾਏ ਗਏ ਹਨ ਜਿਵੇਂ ਖੁਰਾਕ ਦੇ ਅਧਿਕਾਰ ਬਾਰੇ ਵਿਸ਼ੇਸ਼ ਸੰਯੁਕਤ ਰਾਸ਼ਟਰ ਰੈਪੋਰਟਰ, ਸੰਸਾਰੀ ਖੁਰਾਕ ਸੁਰੱਖਿਆ (ਸੀਐੱਫਐੱਸ)- ਨਾਗਰਿਕ ਸਮਾਜ ਅਤੇ ਇੰਡੀਜਨਸ ਪੀਪਲਜ਼ ਮਕੈਨਿਜ਼ਮ (ਸੀਐੱਸਐੱਮ) ਦੀ ਪ੍ਰਕਿਰਿਆ ਅਤੇ ਕਿਸਾਨਾਂ ਅਤੇ ਦਿਹਾਤੀ ਖੇਤਰਾਂ ਵਿਚ ਕੰਮ ਕਰਦੇ ਹੋਰਨਾਂ ਲੋਕਾਂ ਦੇ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਦਾ ਐਲਾਨਨਾਮਾ। ਇਹ ਪੇਸ਼ਕਦਮੀ ਫੌਰੀ ਤੌਰ ’ਤੇ ਲੋੜੀਂਦੇ ਖੇਤੀ ਸੁਧਾਰਾਂ ਦੇ ਪ੍ਰੋਗਰਾਮ ਨੂੰ ਦੁਨੀਆ ਭਰ ਵਿਚ ਪ੍ਰਚਾਰਨ ਦੀ ਕੜੀ ਵਿਚ ਅਹਿਮ ਹੈ। ਇਹ ਪੇਸ਼ਕਦਮੀ ਨਵ-ਉਦਾਰਵਾਦੀ ਮੰਡੀ ਮੁਖੀ ਨੀਤੀਆਂ ਦੀ ਬਜਾਇ ਜਨਤਕ ਨੀਤੀਆਂ ਅਪਣਾਉਣ ਦੀ ਪੈਰਵੀ ਕਰਦੀ ਹੈ ਜੋ ਦਿਹਾਤੀ ਖੇਤਰਾਂ ਵਿਚ ਬਿਹਤਰ ਗੁਜ਼ਰ-ਬਸਰ ਅਤੇ ਕੰਮ-ਕਾਜੀ ਹਾਲਾਤ ਲਈ ਮੁਲਕਾਂ ਨੂੰ ਆਪੋ-ਆਪਣੇ ਖੇਤਰਾਂ ਅੰਦਰ ਲਾਗੂ ਕਰਨੀਆਂ ਚਾਹੀਦੀਆਂ ਹਨ।
‘ਲਾ ਵੀਆ ਕੈਂਪੇਸੀਨਾ’ ਨੇ ਸੰਯੁਕਤ ਰਾਸ਼ਟਰ ਦੇ ਖੁਰਾਕ ਪ੍ਰਣਾਲੀ ਸੰਮੇਲਨ ਨੂੰ ਆਲਮੀ ਆਰਥਿਕ ਮੰਚ (World Economic Forum) ਵੱਲੋਂ ਹਾਈਜੈਕ ਕਰਨ ਦਾ ਵਿਰੋਧ ਕੀਤਾ ਹੈ ਜੋ ਕਾਰੋਬਾਰੀ ਕੁਲੀਨਾਂ ਤੇ ਉਨ੍ਹਾਂ ਦੇ ਰਾਜਸੀ ਸੰਗੀਆਂ ਦਾ ਮੁੱਖ ਆਰਥਿਕ ਮੰਚ ਹੈ। ਨਵ-ਉਦਾਰਵਾਦ ਵੱਲੋਂ ਆਲਮੀ ਖੁਰਾਕ ਏਜੰਡਾ ਖੋਹਣ ਦੀ ਕੋਸ਼ਿਸ਼ ਦੇ ਵਿਰੋਧ ਵਜੋਂ ਜਥੇਬੰਦੀ ਨੇ ਇਹ ਮੁਹਿੰਮ ਵਿੱਢੀ ਸੀ ਕਿ ਭੁੱਖਮਰੀ, ਖੁਰਾਕ ਦੀ ਘਾਟ ਤੇ ਸਿਹਤ ਦੇ ਸੰਕਟਾਂ ਦਾ ਹੱਲ ਖੁਰਾਕ ਅਤੇ ਸਿਹਤ ਨਾਲ ਸਬੰਧਤ ਜਨਤਕ ਨੀਤੀਆਂ ਘੜਨ ਵਿਚ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਸਰਗਰਮ ਭਿਆਲੀ ਵਿਚ ਨਿਹਿਤ ਹੈ। ਇਸ ਕਿਸਮ ਦੀਆਂ ਜਨਤਕ ਨੀਤੀਆਂ ਘੜਨ ਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਬਹੁਕੌਮੀ ਸਿਹਤ ਕਾਰਪੋਰੇਸ਼ਨਾਂ, ਖੇਤੀ ਕਾਰੋਬਾਰੀ ਤੇ ਵੱਡੇ ਭੂਮੀ-ਪਤੀਆਂ ਖ਼ਿਲਾਫ਼ ਕਿਸਾਨਾਂ, ਕਾਸ਼ਤਕਾਰਾਂ ਅਤੇ ਕਾਮਿਆਂ ਦੇ ਜਥੇਬੰਦਕ ਸੰਘਰਸ਼ ਦੀ ਲੋੜ ਹੈ।
ਸਾਰੇ ਪੱਧਰਾਂ ’ਤੇ ਖੁਰਾਕ ਪ੍ਰਭੂਸੱਤਾ ਯਕੀਨੀ ਬਣਾਉਣ ਵੱਲ ਸੇਧਤ ਜਨਤਕ ਨੀਤੀਆਂ ਲਈ ਕੌਮੀ ਪੈਦਾਵਾਰੀ ਸਮੱਰਥਾ ਹਾਸਲ ਕਰਨਾ ਜ਼ਰੂਰੀ ਹੈ ਜਿਸ ਦੀਆਂ ਜੜ੍ਹਾਂ ਕਿਸਾਨੀ ਅਤੇ ਪਰਿਵਾਰਕ ਖੇਤੀ ਜੋਤ ਸੈਕਟਰ ਵਿਚ ਪਈਆਂ ਹਨ ਅਤੇ ਜਿਸ ਨੂੰ ਜਨਤਕ ਖੇਤਰ ਦੇ ਬਜਟਾਂ, ਗਾਰੰਟੀਸ਼ੁਦਾ ਕੀਮਤਾਂ, ਕਰਜ਼ ਅਤੇ ਉਤਪਾਦਕ ਤੇ ਖਪਤਕਾਰ ਵਿਚਕਾਰ ਸਿੱਧੇ ਮੰਡੀਕਰਨ ਜਿਹੇ ਹੋਰਨਾਂ ਇਮਦਾਦੀ ਉਪਰਾਲਿਆਂ ਅਤੇ ਵਾਜਬ ਜ਼ਮੀਨ ਸੁਧਾਰਾਂ ਰਾਹੀਂ ਸਿੰਜਿਆ ਜਾਣਾ ਚਾਹੀਦਾ ਹੈ। ਖੋਜ ਦੇ ਜਨਤਕ ਅਦਾਰਿਆਂ ਨੂੰ ਮਜ਼ਬੂਤ ਬਣਾਉਣ ਅਤੇ ਛੋਟੇ ਤੇ ਸੀਮਾਂਤਕ ਪਰਿਵਾਰਕ ਖੇਤੀ ਜੋਤਾਂ ਜੋ ਭਾਰਤ ਦੀ ਕੁੱਲ ਖੇਤੀ ਜੋਤਾਂ ਦਾ 86 ਫ਼ੀਸਦ ਹਿੱਸਾ ਹਨ, ਦੀ ਤਕਨੀਕੀ ਮਦਦ ਵਾਸਤੇ ਇਸ ਕਿਸਮ ਦੇ ਵਿਆਪਕ ਖੇਤੀ ਸੁਧਾਰ ਪ੍ਰੋਗਰਾਮ ਦੀ ਲੋੜ ਹੈ ਨਾ ਕਿ ਖੇਤੀ ਕਾਰੋਬਾਰੀ ਕੰਪਨੀਆਂ ਪੱਖੀ ਮੌਜੂਦਾ ਭਾਜਪਾ ਸਰਕਾਰ ਦੇ ਨੁਕਸਦਾਰ ਮੰਡੀਕਰਨ ਸੁਧਾਰਾਂ ਦੀ।
ਕੋਵਿਡ-19 ਦੌਰਾਨ ਪਰਿਵਾਰਕ ਖੇਤੀਬਾੜੀ ਨੂੰ ਦਿੱਤੀ ਆਪਣੀ ਹਮਾਇਤ ਦਾ ਪ੍ਰਸੰਗ ਬਿਆਨਦਿਆਂ ‘ਲਾ ਵੀਆ ਕੈਂਪੇਸੀਨਾ’ ਨੇ ਰੋਕਥਾਮ, ਟੀਕਾਕਰਨ ਅਤੇ ਲੰਮਚਿਰੇ ਇਲਾਜ ਸਮੇਤ ਸਾਰੇ ਲੋਕਾਂ ਦੇ ਜਨਤਕ ਤੇ ਮੁਫ਼ਤ ਸਿਹਤ ਸੰਭਾਲ ਦੇ ਹੱਕਾਂ ਦੀ ਤਰਫ਼ਦਾਰੀ ਕੀਤੀ ਹੈ ਜਿਸ ਦੀ ਕਿਸਾਨਾਂ ਦੇ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਦੀ ਧਾਰਾ 23 ਵਿਚ ਵਿਆਖਿਆ ਕੀਤੀ ਗਈ ਹੈ। ਇਸ ਨੇ ਵੈਕਸੀਨਾਂ ਦੇ ਪੇਟੈਂਟ ਕਰਾਉਣ ਦਾ ਵਿਰੋਧ ਕੀਤਾ ਹੈ ਕਿਉਂਕਿ ਇਸ ਨਾਲ ਵੱਡੀਆਂ ਬਹੁਕੌਮੀ ਕੰਪਨੀਆਂ ਵੱਲੋਂ ਕੰਟਰੋਲ ਜਮਾਉਣ ਤੇ ਮੁਨਾਫ਼ਾ ਕਮਾਉਣ ਅਤੇ ਜ਼ਿੰਦਗੀ ਦੇ ਤਜਾਰਤੀਕਰਨ ਦਾ ਰਾਹ ਖੁੱਲ੍ਹਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਮਾਜ ਦੇ ਸਾਰੇ ਮੈਂਬਰਾਂ ਨੂੰ ਜਾਣਕਾਰੀ ਤੱਕ ਰਸਾਈ ਹੋਵੇ ਅਤੇ ਉਹ ਦਿੱਤੇ ਜਾਂਦੇ ਇਲਾਜ ਦਾ ਮੁਲਾਂਕਣ ਕਰਨ ਦੇ ਯੋਗ ਹੋ ਸਕਣ। ਹੰਢਣਸਾਰ ਸਿਹਤ ਸੰਭਾਲ ਦਾ ਜ਼ਰੂਰੀ ਅੰਗ ਹੈ ਸਿਹਤਮੰਦ ਤੇ ਹੰਢਣਸਾਰ ਖੁਰਾਕ ਜੋ ਰੋਗ ਪ੍ਰਤੀਰੋਧਕ ਸਮੱਰਥਾ ਨੂੰ ਮਜ਼ਬੂਤ ਬਣਾਉਂਦੀ ਹੈ ਜਿਸ ਲਈ ਅਗਾਂਹ ਅਜਿਹੀ ਖੁਰਾਕ ਪ੍ਰਣਾਲੀ ਦੀ ਲੋੜ ਹੈ ਜੋ ਖੇਤੀ ਕਾਰੋਬਾਰੀ ਕੰਪਨੀਆਂ ਦੀ ਬਜਾਇ ਆਵਾਮ ਅਤੇ ਵਾਤਾਵਰਨ ਦੋਵਾਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੋਵੇ।
ਸੰਪਰਕ: +44-7922657957