ਨਿਰਭਉ ਦਾ ਸਫ਼ਰ - ਸਵਰਾਜਬੀਰ
ਸਾਰੀ ਦੁਨੀਆਂ ਵਿਚ ਗੁਰੂ ਤੇਗ ਬਹਾਦਰ ਜੀ ਦਾ 400-ਸਾਲਾ ਪ੍ਰਕਾਸ਼ ਪੁਰਬ ਇਕ ਵਿਸ਼ੇਸ਼ ਤਰ੍ਹਾਂ ਦੀ ਸ਼ਰਧਾ ਤੇ ਸਮਰਪਣ ਦੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਵਨਾ ਦਾ ਕਾਰਨ ਗੁਰੂ ਤੇਗ ਬਹਾਦਰ ਜੀ ਦੀ ਅਜ਼ੀਮ ਸ਼ਹਾਦਤ ਹੈ ਜਿਸ ਨੇ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਇਤਿਹਾਸ ਨੂੰ ਇਕ ਨਿਰਣਾਇਕ ਮੋੜ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਵਿਚ ਸ਼ਸਤਰ ਧਾਰਨ ਕੀਤੇ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ 24 ਵਰ੍ਹੇ ਬਾਅਦ ਉਨ੍ਹਾਂ ਸ਼ਸਤਰਧਾਰੀਆਂ ਨੂੰ ਖ਼ਾਲਸੇ ਦੀ ਸਿਰਜਣਾ ਦੇ ਨਾਲ ਨਵਾਂ ਰੂਪ, ਸਰੂਪ, ਪਛਾਣ ਤੇ ਜਥੇਬੰਦ ਹੋਣ ਦਾ ਵਿਚਾਰਧਾਰਕ ਆਧਾਰ ਮਿਲਿਆ। ਸ਼ਹਾਦਤਾਂ ਤੇ ਸ਼ਸਤਰੀਕਰਨ ਦੇ ਇਹ ਸੰਗਮ ਇਤਿਹਾਸਕ ਸਚਾਈਆਂ ਹਨ। ਸ਼ਹਾਦਤਾਂ ਦਾ ਵਿਚਾਰਧਾਰਕ ਆਧਾਰ ਕਰੁਣਾ, ਸੇਵਾ, ਵੈਰਾਗ, ਸਿਦਕ, ਸਬਰ ਤੇ ਸਮਰਪਣ ਦਾ ਉਹ ਅਧਿਆਤਮ ਹੈ ਜਿਸ ਦਾ ਵਰਣਨ ਇਨ੍ਹਾਂ (ਸ਼ਹੀਦੀ ਦੇਣ ਵਾਲੇ) ਗੁਰੂਆਂ ਅਤੇ ਇਨ੍ਹਾਂ ਤੋਂ ਪਹਿਲੇ ਗੁਰੂਆਂ ਅਤੇ ਭਗਤੀ ਲਹਿਰ ਦੇ ਸੰਤਾਂ ਦੀ ਬਾਣੀ ਵਿਚ ਮਿਲਦਾ ਹੈ।
ਗੁਰੂ ਤੇਗ ਬਹਾਦਰ ਜੀ ਪ੍ਰਤੀ ਸ਼ਰਧਾ ਅਤੇ ਸਮਰਪਣ ਦਾ ਸਭ ਤੋਂ ਵੱਡਾ ਸਬੂਤ ਸਰੋਤਿਆਂ ਦੀ ਉਸ ਮਾਨਸਿਕ ਅਵਸਥਾ ਤੋਂ ਮਿਲਦਾ ਹੈ ਜਦ ਉਹ ਅਖੰਡ ਪਾਠ ਦੇ ਅਖ਼ੀਰ ਵਿਚ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਸੁਣਦੇ ਹਨ। ਉਨ੍ਹਾਂ ਸਲੋਕਾਂ ਨੂੰ ਸੁਣਦਿਆਂ ਸਰੋਤਿਆਂ ਦੇ ਮਨਾਂ ਵਿਚ ਵੈਰਾਗ, ਸੰਸਾਰ ਦੀ ਨਾਸ਼ਵਾਨਤਾ, ਮਾਇਆ ਦੀ ਤੁੱਛਤਾ, ਤਿਆਗ ਅਤੇ ਸਦਾਚਾਰੀ ਜੀਵਨ ਜਿਊਣ ਦੀਆਂ ਭਾਵਨਾਵਾਂ ਉੱਭਰਦੀਆਂ ਹਨ ਪਰ ਨਾਲ ਹੀ ਉਨ੍ਹਾਂ ਦੇ ਮਨ ਵਿਚ ਇਹ ਭਾਵ ਵੀ ਤਾਰੀ ਰਹਿੰਦੇ ਹਨ ਕਿ ਇਹ ਸਲੋਕ ਉਸ ਗੁਰੂ ਸਾਹਿਬ ਦੇ ਹਨ ਜਿਨ੍ਹਾਂ ਨੇ ਅਨਿਆਂ ਵਿਰੁੱਧ ਲੜਦਿਆਂ ਸ਼ਹੀਦੀ ਪਾਈ, ਧਰਮ ਹੇਤ ਸੀਸ ਦਿੱਤਾ, ਜਬਰ ਦਾ ਟਾਕਰਾ ਕਰਦਿਆਂ ਜਾਬਰਾਂ ਅੱਗੇ ਝੁਕਣ ਦੀ ਥਾਂ ਮੌਤ ਨੂੰ ਚੁਣਿਆ ਅਤੇ ਈਨ ਨਾ ਮੰਨੀ। ਗੁਰੂ ਸਾਹਿਬ ਦੀ ਬਾਣੀ ਪੜ੍ਹਦਿਆਂ ਉਨ੍ਹਾਂ ਦੀ ਸ਼ਹਾਦਤ ਦੀ ਯਾਦ ਲੋਕ-ਮਨ ਵਿਚ ਹਮੇਸ਼ਾਂ ਮੌਜੂਦ ਰਹਿੰਦੀ ਹੈ। ਇਸ ਸ਼ਹਾਦਤ ਦਾ ਪੰਜਾਬ ਦੀ ਲੋਕ-ਚੇਤਨਾ ਅਤੇ ਅਵਚੇਤਨਾ ਵਿਚ ਸਥਾਨ ਬਹੁਤ ਵਿਲੱਖਣ ਹੈ।
ਜਿੱਥੇ ਗੁਰੂ ਸਾਹਿਬ ਦੀ ਬਾਣੀ ਵਿਚ ਵੈਰਾਗ, ਤਿਆਗ, ਮਾਇਆ ਅਤੇ ਜੀਵਨ ਦੇ ਹੋਰ ਪਹਿਲੂਆਂ ਦਾ ਵਰਣਨ ਹੈ, ਉੱਥੇ ਉਸ ਵੈਰਾਗਮਈ ਸਥਿਤੀ ਵਿਚੋਂ ਬਾਹਰ ਨਿਕਲਣ ਦੀ ਦਿਸ਼ਾ ਵੀ ਦੱਸੀ ਗਈ ਹੈ: ‘‘ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ।। ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ।।’’ ਭਾਵ ਜੋ ਮਨੁੱਖ ਮਮਤਾ, ਲੋਭ, ਮੋਹ ਅਤੇ ਅਹੰਕਾਰ ਦਾ ਤਿਆਗ ਕਰਦਾ ਹੈ, ਉਹ ਆਪਣਾ ਤੇ ਹੋਰਨਾਂ ਦਾ ਉਧਾਰ ਕਰ ਲੈਂਦਾ ਹੈ। ਨਿਰਾਸ਼ਾ ਤੋਂ ਬਾਹਰ ਆਉਣ ਦੇ ਦਰਸ਼ਨ/ਵਿਚਾਰਧਾਰਾ ਦੀ ਸਿਖ਼ਰ ਦੋਹਰੇ ਵਿਚ ਮਿਲਦੀ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਹਨ, ‘‘ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ।।’’ ਕਈ ਵਾਰ ਇਸ ਸਤਰ ਨੂੰ ਇਕੱਲਿਆਂ ਵਰਤ ਕੇ ਸਿਰਫ਼ ਬਲ ਦੇ ਮਹੱਤਵ ’ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਗੁਰੂ ਸਾਹਿਬ ਦੀ ਬਾਣੀ ਦੱਸਦੀ ਹੈ ਕਿ ਬਲ ਹਾਸਲ ਕਰਨ ਤੋਂ ਪਹਿਲਾਂ ਲੋਭ, ਮੋਹ ਅਤੇ ਅਹੰਕਾਰ ਦਾ ਤਿਆਗ ਕਰਨਾ ਬੁਨਿਆਦੀ ਹੈ।
ਸਿੱਖ ਧਰਮ ਵਿਚ ਅਨਿਆਂ ਦਾ ਵਿਰੋਧ ਕਰਨ ਦੀ ਰਵਾਇਤ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ ਜਦ ਉਹ ਪੰਡਿਤਾਂ ਤੇ ਕਾਜ਼ੀਆਂ ਦੇ ਸਮਾਜਿਕ ਅਨਿਆਂ, ਵਰਣ-ਆਸ਼ਰਮ ਤੇ ਜਾਤ-ਪਾਤ ’ਤੇ ਆਧਾਰਿਤ ਸਮਾਜਿਕ ਵਿਤਕਰਿਆਂ ਅਤੇ ਬਾਬਰ ਦੇ ਹਿੰਦੋਸਤਾਨ ’ਤੇ ਹਮਲੇ ਦਾ ਵਿਰੋਧ ਕਰਦੇ ਹਨ। ਬਾਬਾ ਨਾਨਕ ਜੀ ਦੀ ਬਾਣੀ ਵਿਚ ਸ਼ਹਾਦਤ ਤੇ ਕੁਰਬਾਨੀ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਰਾਗ ਆਸਾ ਵਿਚ ਗੁਰੂ ਜੀ ਕਹਿੰਦੇ ਹਨ, ‘‘ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ।।’’ ਅਤੇ ਫਿਰ ਸਲੋਕ ਵਾਰਾਂ ਤੇ ਵਧੀਕ ਵਿਚ ਕੁਰਬਾਨੀ ਦਾ ਮਹਾਂ-ਮਾਰਗ ਉਲੀਕਦੇ ਹਨ, ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।’’ ਕੁਝ ਵਿਦਵਾਨਾਂ ਅਨੁਸਾਰ ਕੁਰਬਾਨੀ/ਸ਼ਹਾਦਤ ਦਾ ਸੰਕਲਪ ਸਾਰੇ ਗੁਰੂਆਂ ਦੀ ਬਾਣੀ ਵਿਚ ਸਮਾਇਆ ਹੋਇਆ ਹੈ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਦੇ ਮੂਲ ਮੰਤਰ ਵਿਚ ਅਕਾਲ ਪੁਰਖ ਦੇ ਗੁਣਾਂ ਦੇ ਵਰਣਨ ਵਿਚ ‘ਨਿਰਭਉ’ ਦਾ ਜ਼ਿਕਰ ਕੁਰਬਾਨੀ/ਸ਼ਹਾਦਤ ਦੀ ਇਮਾਰਤ/ਇਬਾਰਤ ਦਾ ਆਧਾਰ ਹੈ। ਇਸ ਦਲੀਲ ਅਨੁਸਾਰ ਜੇ ਅਕਾਲ ਪੁਰਖ ਨਿਰਭੈ/ਨਿਡਰ ਹੈ ਤਾਂ ਉਸ ਦੀ ਲੋਕਾਈ ਵੀ ਨਿਰਭੈ ਹੋਣੀ ਚਾਹੀਦੀ ਹੈ ਅਤੇ ਨਿਰਭੈ ਮਨੁੱਖ ਹੀ ਕੁਰਬਾਨੀ/ਸ਼ਹਾਦਤ ਦੇ ਰਸਤੇ ’ਤੇ ਅਗਾਂਹ ਵਧ ਸਕਦਾ ਹੈ। ਨਿਰਭਉ ਦਾ ਇਹ ਸਫ਼ਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਇਸ ਮੁਕਾਮ ’ਤੇ ਪਹੁੰਚਦਾ ਹੈ, ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।’’ ਇਸੇ ਤਰ੍ਹਾਂ ਮਨੁੱਖ ਦੇ ਗਿਆਨਵਾਨ ਹੋਣ ਦੀ ਅਵਸਥਾ ਨੂੰ ਭੈਅ ਨਾਲ ਜੋੜਦਿਆਂ ਗੁਰੂ ਜੀ ਨੇ ਉਸ ਮਨੁੱਖ ਨੂੰ ਗਿਆਨੀ ਦੱਸਿਆ ਹੈ ਜੋ ਨਾ ਤਾਂ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਹੀ ਕਿਸੇ ਦਾ ਭੈਅ/ਡਰ ਮੰਨਦਾ ਹੈ। ਇਹ ਸਫ਼ਰ ਨਿਰਭਉ ਸ਼ਬਦ ਅਤੇ ਸੰਕਲਪ ਦੇ ਸਫ਼ਰ ਦੇ ਨਾਲ ਨਾਲ ਗੁਰੂ ਸਾਹਿਬਾਨ ਦੁਆਰਾ ਲੋਕਾਈ ਨੂੰ ਨਿਡਰ ਬਣਾਉਣ ਦਾ ਸਫ਼ਰ ਵੀ ਹੈ। ‘‘ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿ ਬੈਠੇ ਸੁਤੇ।।’’ ਜਿਹੇ ਕਥਨ ਕਹਿਣ ਵਾਲੇ ਬਾਬਾ ਨਾਨਕ ਜੀ ਦੀ ਲੋਅ ਵਿਚ ਬਾਅਦਲੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਅਜਿਹੇ ਰਾਜਿਆਂ ਤੇ ਮੁਕੱਦਮਾਂ ਨਾਲ ਲੋਹਾ ਲਿਆ। ਗੁਰੂ ਨਾਨਕ ਦੇਵ ਜੀ ਨੇ ਰਾਗ ਵਡਹੰਸ ਵਿਚ ਕਿਹਾ ਹੈ ਹੱਕ-ਸੱਚ ਲਈ ਲੜਨ ਵਾਲੇ ਸੂਰਮੇ ਹੀ ਸ਼ਹਾਦਤ ਨੂੰ ਗਲੇ ਲਗਾਉਂਦੇ ਹਨ, ‘‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।।’’
ਇਸ ਸਫ਼ਰ ਨੇ ਅਨੰਤ ਮੰਜ਼ਿਲਾਂ ਤੈਅ ਕੀਤੀਆਂ ਤੇ ਕਈ ਪੜਾਅ ਦੇਖੇ। ਰਵਾਇਤ ਅਨੁਸਾਰ ਮੁਗ਼ਲ ਬਾਦਸ਼ਾਹ ਹਮਾਯੂੰ ਸ਼ੇਰ ਸ਼ਾਹ ਸੂਰੀ ਤੋਂ ਹਾਰਨ ਬਾਅਦ ਪੱਛਮ ਵੱਲ ਜਾਂਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ। ਵਿਚਾਰਾਂ ਵਿਚ ਵਖਰੇਵੇਂ ਜਾਂ ਤਕਰਾਰ ਕਾਰਨ ਜਦ ਹਮਾਯੂੰ ਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਤਾਂ ਦੱਸਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਹਮਾਯੂੰ ਨੂੰ ਕਿਹਾ ਕਿ ਇਹ ਤੇਗ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਕੱਢਣੀ ਸੀ। ਗੁਰੂ ਅਰਜਨ ਦੇਵ ਜੀ ਨੇ ਆਦਿ-ਗ੍ਰੰਥ ਦੀ ਸੰਪਾਦਨਾ ਕਰਦਿਆਂ ਉਸ ਵਿਚ ਭਗਤ ਕਬੀਰ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਜਿਨ੍ਹਾਂ ਦੇ ਸ਼ਹਾਦਤ/ਕੁਰਬਾਨੀ ਬਾਰੇ ਕਥਨਾਂ ਦੀ ਪੰਜਾਬੀ ਲੋਕ-ਮਾਣਸ ’ਤੇ ਛਾਪ ਅਮਿੱਟ ਹੈ, ‘‘ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ।। ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।।1।। ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।’’ ਰਵਾਇਤ ਤੇ ਲੋਕ-ਨਿਸ਼ਠਾ ਵਿਚ ਗੁਰੂ ਨਾਨਕ ਦੇਵ ਜੀ ਦੇ ਕਥਨ, ‘‘ਸਿਰੁ ਧਰਿ ਤਲੀ ਗਲੀ ਮੇਰੀ ਆਉ।।’’ ਨੂੰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ ਤੇ ਹੋਰ ਸਿੱਖਾਂ ਦੀਆਂ ਸ਼ਹਾਦਤਾਂ ਅਤੇ ਖ਼ਾਸ ਕਰਕੇ ਭਾਈ ਦੀਪ ਸਿੰਘ (ਸਿਰ ਤਲੀ ’ਤੇ ਰੱਖ ਕੇ ਲੜਨ ਦਾ ਬਿਆਨ) ਦੀ ਸ਼ਹਾਦਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸੇ ਤਰ੍ਹਾਂ ਕਬੀਰ ਜੀ ਦੇ ਕਥਨ ‘‘ਪੁਰਜਾ ਪੁਰਜਾ ਕਟਿ ਮਰੈ’’ ਨੂੰ ਭਾਈ ਮਨੀ ਸਿੰਘ ਦੀ ਸ਼ਹਾਦਤ ਵਿਚ ਸਾਕਾਰ ਹੋਇਆ ਸਮਝਿਆ ਜਾਂਦਾ ਹੈ। 18ਵੀਂ ਸਦੀ ਦੇ ਸਿੱਖ ਸੰਘਰਸ਼ ਵਿਚ ਸ਼ਹਾਦਤਾਂ ਅਤੇ ਕੁਰਬਾਨੀਆਂ ਦੀਆਂ ਮਿਸਾਲਾਂ ਲਾਸਾਨੀ ਹਨ।
ਕੁਰਬਾਨੀਆਂ ਅਤੇ ਨਿਰਭੈ ਹੋਣ ਦੇ ਇਸ ਸਫ਼ਰ ਵਿਚ ਸਿੱਖ ਭਾਈਚਾਰੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਇਕ ਮਹਾਨ ਸਮਾਜਿਕ ਇਨਕਲਾਬ ਨੂੰ ਜਨਮ ਦਿੱਤਾ। ਵੀਹਵੀਂ ਸਦੀ ਵਿਚ ਗ਼ਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ ਤੇ ਕਈ ਹੋਰ ਅੰਦੋਲਨਾਂ ਨਾਲ ਇਹ ਸਫ਼ਰ ਜਾਰੀ ਰਿਹਾ। ਅਜੋਕਾ ਕਿਸਾਨ ਸੰਘਰਸ਼ ਵੀ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਅਤੇ ਹੋਰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਅਤੇ ਊਰਜਾ ਪ੍ਰਾਪਤ ਕਰ ਰਿਹਾ ਹੈ।
ਗੁਰੂ ਤੇਗ ਬਹਾਦਰ ਜੀ ਨੇ ਲੰਮੀਆਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਅਨਿਆਂ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ। ਔਰੰਗਜ਼ੇਬ ਦੇ ਸਮੇਂ ਫੈਲੇ ਹੋਏ ਸਹਿਮ, ਦਹਿਸ਼ਤ ਅਤੇ ਧਾਰਮਿਕ ਕੱਟੜਤਾ ਦੇ ਮਾਹੌਲ ਵਿਚ ਉਨ੍ਹਾਂ ਨੇ ਲੋਕਾਂ ਨੂੰ ਆਤਮਕ ਬਲ ਗ੍ਰਹਿਣ ਕਰਨ ਲਈ ਪ੍ਰੇਰਿਆ। ਉਨ੍ਹਾਂ ਦੇ ਜੀਵਨ ਤੇ ਕੁਰਬਾਨੀ ਸਦਕਾ ਹੀ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਅਤੇ ‘ਸਗਲ ਸ੍ਰਿਸ਼ਟੀ ਦੀ ਚਾਦਰ’ ਕਿਹਾ ਗਿਆ। ਗੁਰ ਸੋਭਾ ਦਾ ਲੇਖਕ ਸੈਨਾਪਿਤ ਲਿਖਦਾ ਹੈ, ‘‘ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸਟਿ ਪੈ ਢਾ ਪੀ ਚਾਦਰ।’’ ਰਤਨ ਸਿੰਘ ਭੰਗੂ ਅਨੁਸਾਰ ਮੁਗ਼ਲ ਰਾਜ ਦਾ ਪਤਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਹੀ ਸ਼ੁਰੂ ਹੋਇਆ ਸੀ, ‘‘ਤਬ ਤੇ ਘਟੀ ਪਾਤਿਸ਼ਾਹੀ ਦਿਲੀ। ਤਬ ਤੇ ਤੁਰਕ ਕਲਾ ਪਈ ਢਿਲੀ।’’ ਗੁਰੂ ਜੀ ਵੱਲੋਂ ਲੋਕਾਂ ਨੂੰ ਸਹਾਰਾ ਦੇਣ ਤੇ ਉਨ੍ਹਾਂ ਦੀ ਬਾਂਹ ਪਕੜਨ ਦਾ ਬਿੰਬ ਵੀ ਲੋਕ-ਮਨ ਵਿਚ ਡੂੰਘਾ ਉੱਕਰਿਆ ਹੋਇਆ ਹੈ, ‘‘ਗੁਰ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨ ਛੋੜੀਐ। ਬਾਂਹਿ ਜਿਨਾ ਦੀ ਪਕੜੀਐ ਸਿਰਿ ਦੀਜੈ ਬਾਹਿ ਨ ਛੋੜੀਐ।’’
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਮੁੱਚੀ ਮਾਨਵਤਾ ਅਤੇ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਨਿਆਂ ਵਿਰੁੱਧ ਲੜਨ ਦੀ ਪ੍ਰੇਰਨਾ ਦਿੱਤੀ। ਪੰਜਾਬੀਆਂ ਦੀ ਨਾਬਰੀ ਦੀ ਰਵਾਇਤ ਦੀ ਉਸਾਰੀ ਅਜਿਹੀਆਂ ਕੁਰਬਾਨੀਆਂ ਸਦਕਾ ਹੋਈ ਹੈ। ਇਹੀ ਕਾਰਨ ਹੈ ਕਿ ਅਸੀਂ ਗੁਰੂ ਸਾਹਿਬ ਦੇ 400-ਸਾਲਾ ਪ੍ਰਕਾਸ਼ ਪੁਰਬ ’ਤੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਜ਼ਿਆਦਾ ਯਾਦ ਕਰਦੇ ਹਾਂ। ਗੁਰੂ ਸਾਹਿਬ ਦੇ ਵਾਰਸਾਂ ਨੇ ਉਨ੍ਹਾਂ ਦੇ ਦਿਖਾਏ ਰਸਤੇ ’ਤੇ ਚੱਲਦੇ ਹੋਏ ਜ਼ੁਲਮ, ਜਬਰ ਅਤੇ ਅਨਿਆਂ ਵਿਰੁੱਧ ਲਗਾਤਾਰ ਲੜਾਈ ਕੀਤੀ। ਅੱਜ ਦਾ ਪੰਜਾਬ ਵੀ ਅਜਿਹੀ ਲੜਾਈ ਵਿਚ ਰੁੱਝਿਆ ਹੋਇਆ ਹੈ। ਪੰਜਾਬ ਦੇ ਕਿਸਾਨ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹਨ। ਸਦੀਆਂ ਪਹਿਲਾਂ ਸ਼ੁਰੂ ਹੋਇਆ ਨਿਰਭਉ ਦਾ ਸਫ਼ਰ ਅੱਜ ਵੀ ਜਾਰੀ ਹੈ।