ਬੋਹੜ ਵਾਲਿਆਂ ਦਾ ਸਾਧਾ - ਗੁਰਮੀਤ ਕੜਿਆਲਵੀ
ਬੋਹੜ ਵਾਲਿਆਂ ਦਾ ਸਾਧਾ
ਲੋੜੋਂ ਵੱਧ ਪੜ੍ਹ ਗਿਆ ਹੈ
ਅਨਪੜ੍ਹ ਮਾਂ ਉਸਨੂੰ ਪਿਆਰ ਨਾਲ
"ਸਾਡਾ ਪਾੜ੍ਹਾ" ਆਖਦੀ ਹੈ।
ਮਾਂ ਦਾ "ਸਾਡਾ ਪਾੜ੍ਹਾ"
ਸੱਤਵੀਂ ਤੋਂ ਅੱਗੇ ਵੀ ਪੜ੍ਹਦਾ
ਜੇ ਉਸਦਾ ਕੁੱਤਾ ਨਾ ਅੜਦਾ ।
ਮਾਸਟਰ ਨੇ ਬੋਰਡ 'ਤੇ ਚਾਕ ਘਸਾਉਂਦਿਆ
"ਮੰਨ ਲਓ ਮੂਲਧਨ ਸੌ" ਆਖਿਆ
ਸਾਧਾ ਆਕੜ ਗਿਆ,
"ਐਂ ਕਿਮੇ ਮੰਨ ਲਈਏ ?"
ਮਾਸਟਰ ਨੂੰ ਗੁੱਸਾ ਆਇਆ,
"ਮੰਨਣ 'ਚ ਕੀ ਹਰਜ਼ ਐ?"
ਸਾਧਾ ਨੀ ਮੰਨਿਆ
"ਮਾਸਟਰ ਜੀ ਕੱਲ੍ਹ ਨੂੰ ਆਖ ਦਿਉਂਗੇ
ਮੰਨ ਲਓ ਰੁਲਦੂ ਤੇਰਾ ਬਾਪ ਐ;
ਇਹ ਤਾਂ ਜਮਾ ਪਾਪ ਐ।"
ਸਾਧੇ ਨੇ ਭੂਗੋਲ ਵਾਲੇ ਨਾਲ ਵੀ
ਕੁੱਤਾ ਫਸਾ ਲਿਆ
"ਮਾਸਟਰ ਜੀ ਜਮਾ ਝੂਠ ਮਾਰਦੇ ਓਂ
ਧਰਤੀ ਘੁੰਮਦੀ ਨਹੀ ਖੜੀ ਐ
ਘੁੰਮਦੀ ਐ ਤਾਂ ਦਿਖਾਓ"
ਸਾਧੇ ਦਾ ਬਾਪ ਉਸਤੋਂ ਵੀ ਸਲੱਗ
"ਮਾਸਟਰਾ ਗੱਲ ਤਾਂ ਮੁੰਡੇ ਦੀ ਠੀਕ ਐ
ਘੁੰਮਦੀ ਐ ਤਾਂ ਘੁੰਮਦਿਆਂ ਵਿਖਾਦੇ।"
ਪਾਣੀਪਤ ਦੀ ਤੀਜੀ ਲੜਾਈ 'ਚ
ਸਾਧਾ ਮਰਾਠਿਆਂ ਵੱਲ ਹੋ ਖਲੋਤਾ
ਆਂਹਦਾ ਅਹਿਮਦ ਸ਼ਾਹ ਅਬਦਾਲੀ ਨਹੀਂ
ਮਰਾਠੇ ਜਿੱਤੇ ਸਨ
ਮਾਸਟਰ ਮੱਥੇ ਦੀਆਂ ਠੀਕਰੀਆਂ ਭੰਨ੍ਹ ਲਈਆਂ
ਸਾਧਾ ਟੱਸ ਤੋਂ ਮੱਸ ਨਹੀਂ ਹੋਇਆ
ਉਸ ਇਕੋ ਰਟ ਫੜ ਲਈ,
"ਯਾਰ ਤਾਂ ਮਾੜੀ ਧਿਰ ਨਾਲ ਹੀ ਖੜਦੇ ਹੁੰਦੇ।"
ਅੱਜਕਲ੍ਹ ਸਾਧੇ ਦਾ ਕੁੱਤਾ ਦਿੱਲੀ ਵਾਲੇ ਨਾਲ
ਫਸਿਆ ਹੋਇਆ
ਦਿੱਲੀ ਵਾਲਾ ਬਥੇਰਾ ਸਮਝਾਉਂਦਾ ਹੈ,
"ਮੇਰਾ ਆੜੀ ਸ਼ਾਹੂਕਾਰ ਤੇਰੀ ਫਸਲ
ਸਿੱਧੀ ਖੇਤ 'ਚੋਂ ਚੱਕ ਲਿਆ ਕਰੂ
ਸ਼ਾਹੂਕਾਰ ਨਾਲ ਪੱਕਾ ਕਰਾਰ ਹੋਜੂ
ਜੋ ਉਹ ਆਖੂ ਬੀਜ਼ ਲਿਆ ਕਰੀਂ
ਜਿੱਥੇ ਜੀਅ ਕਰੇ ਵੇਚ ਵੱਟ ਲਵੀਂ
ਸ਼ਾਹੂਕਾਰ ਨਾਲ ਪੱਕੀ ਆੜੀ
ਰਾਤ ਦਿਨ ਢੋਲੇ ਦੀਆਂ ਲਾਵੀਂ।
ਸਾਧੇ ਦਾ ਕੁੱਤਾ ਅੜਿਆ ਪਿਆ ਐ
"ਉਏ ਦਿੱਲੀ ਵਾਲਿਆ !
ਸਾਡੇ ਮਨ ਕੀ ਬਾਤ ਵੀ ਸੁਣ ਲਿਆ ਕਰ
ਨਾਲੇ ਇਕ ਗੱਲ ਸੁਣ
ਖੇਤ ਸਾਡੇ
ਫਸਲਾਂ ਸਾਡੀਆਂ
ਤੂੰ ਢੇਕਾ ਲੱਗਦੈਂ ?"
ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰਕੇ
ਡੰਗ ਟਪਾਉਂਦਾ ਹੈ
ਉਸਦਾ ਚੀਲ੍ਹ 'ਚ ਗਿੱਟਾ ਫਸਿਆ ਪਿਆ
ਓਧਰ ਸਾਧੇ ਦਾ ਕੁੱਤਾ ਫਸਿਆ ਪਿਆ
ਦਿੱਲੀ ਵਾਲਾ ਕੀ ਜਾਣੇ
ਸਾਧੇ ਦਾ ਕੁੱਤਾ ਜਿਹੜੀ ਗੱਲ 'ਤੇ
ਅੜ ਗਿਆ ਸੋ ਅੜ ਗਿਆ।
ਉਂਜ ਸਾਧੇ ਨੇ ਸਾਫ ਕਰ ਦਿੱਤਾ
ਮੂਲਧਨ ਵੀ ਸੌ ਮੰਨ ਲੈਂਦਾਂ
ਧਰਤੀ ਘੁੰਮਦੀ ਨਹੀਂ ਛੁਕਾਟੇ ਪਾਉਂਦੀ
ਤੇਰੇ ਕਹੇ ਪਾਣੀਪਤ ਦੀ ਜੰਗ ਵੀ ਅਦਬਾਲੀ ਨੂੰ ਜਿਤਾ ਦਿੰਨਾ
ਪਰ ਭਾਈ ਸਾਹਿਬ
ਆਪਣੀ ਫਸਲ ਦਾ ਫੈਸਲਾ ਸਾਧਾ ਆਪ ਕਰੂ
ਜਮਾਂ ਆਪ ।