ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਅਲਵਿਦਾ - ਉਜਾਗਰ ਸਿੰਘ
ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਰਘੂਨੰਦਨ ਲਾਲ ਭਾਟੀਆ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਅੰਮਿ੍ਰਤਸਰ ਵਿਖੇ ਇਕ ਪ੍ਰਾਈਵੇਟ ਹਸਤਪਤਾਲ ਵਿਚ ਸਵਰਗਵਾਸ ਹੋ ਗਏ। ਉੲ ਅੰਮਿ੍ਰਤਸਰ ਦੇ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਅਤੇ ਪਸੰਦੀਦਾ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ੂ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਕਿਹਾ ਜਾਂਦਾ ਸੀ। ਪੰਜਾਬ ਦੇ ਅਤਿ ਨਾਜ਼ੁਕ ਦਿਨਾਂ ਵਿਚ ਵੀ ਉਨ੍ਹਾਂ ਦਾ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਤਿਕਾਰ ਕੀਤਾ ਜਾਂਦਾ ਸੀ। ਰਘੂਨੰਦਨ ਲਾਲ ਭਾਟੀਆ 6 ਵਾਰ ਅੰਮਿ੍ਰਤਸਰ ਤੋਂ ਲੋਕ ਸਭਾ ਦੇ ਮੈਂਬਰ ਰਹੇ ਹਨ। ਉਹ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਵਜਾਰਤ ਵਿਚ ਕੇਂਦਰੀ ਵਿਦੇਸ਼ ਵਿਭਾਗ ਦੇ ਰਾਜ ਮੰਤਰੀ ਰਹੇ ਹਨ। ਉਨ੍ਹਾਂ ਦਾ ਜਨਮ 3 ਜੁਲਾਈ 1921 ਨੂੰ ਅਰੂਰਾ ਮੱਲ ਭਾਟੀਆ ਅਤੇ ਮਾਤਾ ਲਾਲ ਦੇਵੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਵਿਦਿਆ ਅੰਮ੍ਰਿਤਸਰ ਤੋਂ ਅਤੇ ਬੀ.ਏ.ਦੀ ਡਿਗਰੀ ਐਚ.ਐਸ.ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਐਲ.ਐਲ.ਬੀ ਦੀ ਡਿਗਰੀ 1940 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ ਸਰਲਾ ਦੇਵੀ ਨਾਲ 7 ਮਾਰਚ 1943 ਨੂੰ ਹੋਇਆ। ਉਨ੍ਹਾਂ ਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ। ਉਹ ਬਚਪਨ ਤੋਂ ਹੀ ਸਿਆਸਤ ਅਤੇ ਅਜ਼ਾਦੀ ਦੀ ਲੜਾਈ ਵਿਚ ਦਿਲਚਸਪੀ ਲੈਣ ਲੱਗ ਪਏ ਸਨ। ਕਾਲਜ ਦੇ ਦਿਨਾਂ ਵਿਚ ਉਹ ਅਜ਼ਾਦੀ ਦੀ ਲੜਾਈ ਵਿਚ ਕਾਫੀ ਸਰਗਰਮ ਰਹੇ। ਵਿਦਿਆਰਥੀ ਯੂਨੀਅਨ ਦੇ ਉਹ ਸਰਗਰਮ ਨੇਤਾ ਸਨ। ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਮੁਹਿੰਮਾ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਜਿਲ੍ਹੇ ਦੀ ਕਾਂਗਰਸ ਪਾਰਟੀ ਦੇ ਸਰਗਰਮ ਲੀਡਰਾਂ ਵਿਚ ਗਿਣਿਆਂ ਜਾਂਦਾ ਸੀ। ਉਹ ਸ਼ਾਂਤ ਸੁਭਾਅ ਦੇ ਸਬਰ ਸੰਤੋਖ ਵਾਲੇ ਲੀਡਰ ਸਨ। ਕਾਂਗਰਸ ਦੀ ਸਿਆਸਤ ਵਿਚ ਉਹ ਪੌੜੀ ਦਰ ਪੌੜੀ ਚੜ੍ਹਦੇ ਰਹੇ ਤੇ ਅਖੀਰ 1982 ਤੋਂ 84 ਤੱਕ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਬਣ ਗਏ। ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਲਗਾਤਾਰ 6 ਵਾਰ 1972, 80, 85, 91,96 ਅਤੇ ਲੋਕਸਭਾ ਦੇ ਕਾਂਗਰਸ ਪਾਰਟੀ ਦੇ ਮੈਂਬਰ ਰਹੇ। ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਹੁੰਦਿਆਂ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਤਿਕਾਰ ਤੇ ਮਾਣ ਨਾਲ ਮਿਲਦੇ ਹੀ ਨਹੀਂ ਸਨ ਸਗੋਂ ਚੋਣਾਂ ਸਮੇ ਪਾਰਟੀ ਪੱਧਰ ਤੋਂ ਉਪਰ ਉਠਕੇ ਉਨ੍ਹਾਂ ਦੀ ਮੱਦਦ ਵੀ ਕਰ ਦਿੰਦੇ ਸਨ। ਕਹਿਣ ਤੋਂ ਭਾਵ ਕਿ ਉਹ ਇੱਕ ਧਰਮ ਨਿਰਪੱਖ ਲੀਡਰ ਦੇ ਤੌਰ ਤੇ ਸਰਵ ਪ੍ਰਵਾਣਤ ਸਨ। ਇਥੋਂ ਤੱਕ ਕਿ ਪੰਜਾਬ ਦੇ ਕਾਲੇ ਦਿਨਾ ਵਿਚ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਤੇ ਮਾਣ ਹੁੰਦਾ ਰਿਹਾ। ਉਨ੍ਹਾਂ ਦਿਨਾ ਵਿਚ ਵੀ ਦੋਹਾਂ ਸਮੁਦਾਏ ਵਿਚ ਤਾਲਮੇਲ ਅਤੇ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਹ ਨਰਮ ਦਿਲ ਨੇਕ ਇਨਸਾਨ ਹੋਣ ਕਰਕੇ ਹਿੰਦੂਆਂ ਅਤੇ ਸਿਖਾਂ ਵਿਚ ਇੱਕੋ ਜਿੰਨੇ ਹਰਮਨ ਪਿਆਰੇ ਸਨ। ਰਘੂਨੰਦਨ ਲਾਲ ਭਾਟੀਆ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਕੇਂਦਰੀ ਸਿਆਸਤ ਵਿਚ ਹੀ ਵਧੇਰੇ ਸਿਆਸਤ ਕਰਦੇ ਰਹੇ ਭਾਵੇਂ ਪੰਜਾਬ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ। ਉਨ੍ਹਾਂ ਨੂੰ 1991 ਵਿਚ ਸਰਵ ਭਾਰਤੀ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਉਹ ਕਾਂਗਰਸ ਪਾਰਟੀ ਦੀ ਪਾਰਲੀਮੈਂਟਰੀ ਪਾਰਟੀ ਦੀ ਕਾਰਜਕਾਰਨੀ ਦੇ 1975 ਤੋਂ 77 ਤੱਕ ਮੈਂਬਰ ਰਹੇ ਸਨ। ਸੰਵਿਧਾਨ ਵਿਚ ਤਰਮੀਮ ਕਰਨ ਵਾਲੀ ਕਮੇਟੀ ਦੇ ਵੀ ਮੈਂਬਰ ਸਨ। ਉਹ 1983 ਵਿਚ ਲੋਕ ਸਭਾ ਦੀ ਪਟੀਸ਼ਨ ਕਮੇਟੀ ਦੇ ਚੇਅਰਮੈਨ ਵੀ ਰਹੇ ਸਨ। ਉਹ ਬਹੁਤ ਸਾਰੀਆਂ ਰਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁੱਖੀ ਅਤੇ ਮੈਂਬਰ ਰਹੇ ਹਨ। ਉਹ ਕਾਂਗਰਸ ਵਿਚ ਰਹਿੰਦਿਆਂ ਵੀ ਖੱਬੇ ਪੱਖੀ ਲਹਿਰ ਦੇ ਸਮਰਥਕ ਗਿਣੇ ਜਾਂਦੇ ਸਨ। ਇਸ ਤੋ ਇਲਾਵਾ ਫੂਡ ਤੇ ਸਿਵਲ ਸਪਲਾਈ ਦੀ ਲੋਕ ਸਭਾ ਦੀ ਕਮੇਟੀ ਦੇ ਚੇਅਰਮੈਨ ਵੀ ਸਨ। ਉਹ ਪੀ.ਵੀ.ਨਰਮਿਹਾ ਰਾਓ ਪ੍ਰਧਾਨ ਮੰਤਰੀ ਦੀ ਵਜਾਰਤ ਵਿੱਚ 1992 ਤੋਂ 97 ਤੱਕ ਵਿਦੇਸ਼ ਰਾਜ ਮੰਤਰੀ ਰਹੇ। ਇਸ ਅਹੁਦੇ ਰਹਿੰਦਿਆਂ ਉਨ੍ਹਾਂ ਨੇ ਯੂਨਾਈਟਡਨੇਸ਼ਨ ਵਿਚ ਭਾਰਤ ਦੇ ਡੈਲੀਗੇਟ ਵਜੋਂ ਪ੍ਰਤੀਨਿਧਤਾ ਕੀਤੀ, 7ਵੀਂ ਨਾਮ ਸਮਿਟ ਵਿਚ ਵੀ ਦਿੱਲੀ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ, ਕਾਮਨਵੈਲਥ ਹੈਡਜ਼ ਮੀਟਿੰਗ ਵਿਚ ਦਿੱਲੀ ਵਿਖੇ ਨਵੰਬਰ 1983 ਵਿਚ ਹਿੱਸਾ ਲਿਆ, 6ਵੀਂ ਸਾਰਕ ਸਮਿਟ ਕੋਲੰਬੋ ਵਿਖੇ 1991, ਨਾਨ ਅਲਾਈਂਡ ਦੇਸ਼ਾਂ ਦੀ ਇਕਨਾਮਿਕ ਸਹਿਯੋਗ ਲਈ 5ਵੀਂ ਕੋਆਰਡੀਨੇਸ਼ਨ ਮੀਟਿੰਗ 1986 ਵਿਚ ਹਿੱਸਾ ਲਿਆ, ਇੰਡੀਅਨ ਕੌਂਸਲ ਫਾਰ ਕਲਚਰਲ ਰੀਲੇਸ਼ਨਜ ਦੇ ਮੈਂਬਰ 1983 ਤਂੋ 84, ਇੰਡੀਆ ਬਲਗਾਰੀ ਆਫ ਰੈਡਜ਼ ਸੋਸਾਇਟੀ ਦੇ ਚੇਅਰਮੈਨ 1982 ਤੋਂ 90, ਕੋ ਚੇਅਰਮੈਨ ਆਲ ਇੰਡੀਆ ਪੀਸ ਅਤੇ ਸਾਲੀਡਰਟੀ ਆਰਗੇਨਾਈਜੇਸ਼ਨ 1981-83, ਉਪ ਪ੍ਰਧਾਨ ਫਰੈਂਡਜ਼ ਸੋਵੀਅਤ ਯੂਨੀਅਨ 83-84 ਰਹੇ। 23 ਜੂਨ 2004 ਤੋਂ 10 ਜੁਲਾਈ 2008 ਤੱਕ ਕੇਰਲਾ ਅਤੇ ਉਸਤੋਂ ਬਾਅਦ 10 ਜੁਲਾਈ 2008 ਤੋਂ ਬਿਹਾਰ ਦੇ ਰਾਜਪਾਲ ਰਹੇ।
ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ
ਮੋਬਾਈਲ-9417913072
ujagarsingh480yahoo.com