ਸਿਆਸੀ ਚੀਕੂ ~ A Political Love Story - Mintu Brar Australia

ਚੀਕੂ ਦਾ ਇਤਿਹਾਸ ਕੀ ਹੈ ਇਹ ਕਿਥੋਂ ਆਇਆ, ਦੁਨੀਆ ਦੇ ਕਿਹੜੇ ਖ਼ਿੱਤੇ ‘ਚ ਇਸ ਦੀ ਕਾਸ਼ਤ ਹੁੰਦੀ ਹੈ ਤੇ ਕਿੱਥੇ ਨਹੀਂ ਹੁੰਦੀ ਅਤੇ ਕਿਹੜੇ ਮੌਸਮ ‘ਚ ਹੁੰਦਾ ਆਦਿ।  ਇਹਨਾਂ ਸਾਰੀਆਂ ਗੱਲਾਂ ਤੇ ਸਮਾਂ ਜਾਇਆ ਨਹੀਂ ਕਰਾਂਗਾ ਇਹ ਤੁਸੀਂ ਆਪ ਗੂਗਲ ਤੋਂ ਪੜ੍ਹ ਲਓ ਕਿਉਂਕਿ ਮੈਂ ਵੀ ਉੱਥੋਂ ਹੀ ਨਕਲ ਮਾਰ ਕੇ ਆਪਣੇ ਆਪ ਨੂੰ ਵਿਦਵਾਨ ਦਰਸਾਉਣ ਦੀ ਅਸਫਲ ਕੋਸ਼ਿਸ਼ ਕਰਨੀ ਸੀ।
ਬੱਸ ਚੀਕੂ ਬਾਰੇ ਜੋ ਹੁਣ ਤੱਕ ਸੱਚ ਦਾ ਗਿਆਨ ਮੇਰੇ ਜ਼ਿਹਨ ‘ਚ ਹੈ ਉਹ ਸਿਰਫ਼ ਇਕ ਲਾਈਨ ਦਾ ਹੈ ਕਿ ਜਦੋਂ ਕਦੇ ਬਚਪਨ ‘ਚ ਤਾਪ ਚੜ੍ਹ ਜਾਂਦਾ ਤਾਂ ਚਾਅ ਨਹੀਂ ਸੀ ਚੁੱਕਿਆ ਜਾਂਦਾ। ਇਸ ਪਿੱਛੇ ਕਾਰਨ ਹੁੰਦਾ ਸੀ ਕਿ ਇਕ ਤਾਂ ਗੁਲੂਕੋਸ ਦੇ ਬਿਸਕੁਟ ਖਾਣ ਨੂੰ ਮਿਲਣਗੇ, ਦੂਜੀ ਡਬਲਰੋਟੀ ਅਤੇ ਤੀਜੇ ਚੀਕੂ। ਸੋ ਇਸ ਦਾ ਮਤਲਬ ਇਹ ਹੋਇਆ ਕਿ ਚੀਕੂ ਬਿਮਾਰਾਂ ਦੇ ਲਈ ਕਾਫ਼ੀ ਲਾਹੇਵੰਦ ਫਲ ਹੈ।
ਕੱਲ੍ਹ ਦਾ ਚੀਕੂ ਇਕ ਬਾਰ ਫੇਰ ਚਰਚਾ ‘ਚ ਹੈ। ਸੋਚਿਆ ਚਰਚਾ ਛੇੜਨ ਵਾਲੇ ਤਾਂ ਬਿਮਾਰ ਵੀ ਨਹੀਂ ਜਾਪਦੇ! ਫੇਰ ਹੁਣ ਅਚਾਨਕ ਇਹ ਚੀਕੂ ਹਰ ਇਕ ਦੀ ਜ਼ੁਬਾਨ ਤੇ ਕਿਵੇਂ ਆ ਚੜ੍ਹਿਆ। ਹਰ ਕੋਈ ਇਸ ਤੇ ਵਿਅੰਗ ਕਰਨ ਲਈ ਕਾਹਲਾ, ਵੀ ਕੀਤੇ ਮੈਂ ਨਾ ਪਿੱਛੇ ਰਹਿ ਜਾਵਾਂ।
ਬਹੁਤ ਸਾਰੇ ਸੱਜਣ ਕਹਿ ਰਹੇ ਹਨ ਕਿ ਰਾਜਾ ਸਾਹਿਬ ਦੀ ਫ਼ੋਨ ਕਾਲ ਲੀਕ ਹੋ ਗਈ। ਬੜੀ ਤੇਜ਼ੀ ਨਾਲ ਇਕ ਵੀਡੀਓ ਇਕ ਫ਼ੋਨ ਤੋਂ ਦੂਜੇ ਫ਼ੋਨ ‘ਚ ਜਾ ਰਹੀ ਹੈ।  ਪਰ ਮੇਰੀ ਪੁੱਠੀ ਖੋਪੜੀ ਦੂਜੇ ਪੱਖ ਲੱਭਣ ਤੁਰੀ ਹੋਈ ਆ। ਮੈਨੂੰ ਲਗਦਾ ਤੁਸੀਂ ਭੁੱਲ ਗਏ ਪਿਛਲੇ ਦਿਨੀਂ ਇਕ ਡਰਾਮਾ ਹੋਇਆ ਸੀ। ਜਿਸ ‘ਚ ਕਪਤਾਨ ਦਾ ਨੀਤੀ ਘਾੜਾ ਕਾਫ਼ੀ ਚਰਚਾ ‘ਚ ਰਿਹਾ।
ਸੋਚਣ ਵਾਲੀ ਗੱਲ ਹੈ ਕਿਤੇ ਇਹ ਵੀ ਇਕ ਚੋਣ ਨੀਤੀ ਤਾਂ ਨਹੀਂ? ਚੋਣਾਂ ਅਕਸਰ ਮੁੱਦਿਆਂ ਤੇ ਲੜੀਆਂ ਜਾਂਦੀਆਂ ਹਨ। ਜਦੋਂ ਜਨਤਾ ਰੋ ਪਿੱਟ ਕੇ ਕੋਈ ਮੁੱਦਾ ਚੁੱਕਦੀ ਹੈ ਤਾਂ ਫੇਰ ਸਿਆਸੀ ਲੋਕ ਉਸ ਦੇ ਮੂੰਹ ‘ਚ ਚੁੰਘਣੀ ਪਾ ਦਿੰਦੇ ਹਨ। ਐਤਕੀਂ ਲਗਦਾ ਜਨਤਾ ਥੋੜ੍ਹੀ ਜਿਹੀ ਬਿਮਾਰ ਸੀ ਤੇ ਰਾਜੇ ਨੇ ਸੋਚਿਆ ਕਿ ਬਿਮਾਰਾਂ ਲਈ ਚੁੰਘਣੀ ਨਾਲੋਂ ਚੀਕੂ ਕਾਫ਼ੀ ਲਾਹੇਵੰਦ  ਰਹੇਗਾ।
ਸੋ ਹੁਣ ਮੇਰੀ ਪਿਆਰੀ ਜਨਤਾ ਅਤੇ ਵਿਰੋਧੀਆਂ ਨੂੰ ਚੀਕੂ ਮਿਲ ਗਿਆ ਤੇ ਚੋਣਾਂ ਤੱਕ ਚੀਕੂ-ਚੀਕੂ ਦੀ ਆਵਾਜ਼ ‘ਚ ਵਿਕਾਸ, ਵਾਅਦੇ ਅਤੇ ਮੁੱਦੇ ਵਿਚਾਰੇ ਖੁੱਡੇ ਲੱਗ ਜਾਣਗੇ। ਰਾਜੇ ਦੇ ਪਿਛਲੇ ਰਾਜ ਵੇਲੇ ਵੀ ਵਿਰੋਧੀਆਂ ਕੋਲ ਰਾਜੇ ਦੇ ਖ਼ਿਲਾਫ਼ ਸਿਰਫ਼ ਚੁਟਕਲੇ ਹੀ ਤਾਂ ਸੀ। ਕੋਈ ਰਾਜੇ ਦੀ ਪਜਾਮੀ ‘ਚ ਚੂਹੇ ਛੱਡ-ਛੱਡ ਭੋਲੀ ਭਾਲੀ ਜਨਤਾ ਦੇ ਦਿਲ ਲੁੱਟੀ ਜਾਂਦਾ ਸੀ ਕੋਈ ਰਾਜੇ ਦੇ ਪਜਾਮੀ ਪਾਉਣ ਤੋਂ ਲੈ ਕੇ ਢਾਠੀ ਬੰਨ੍ਹਣ ਤੱਕ ਦੇ ਸੀਨ ਦੀ ਰਾਸ-ਲੀਲ੍ਹਾ ਸਟੇਜ ‘ਤੇ ਪਰੋਸ ਰਿਹਾ ਸੀ।
ਹੁਣ ਚੀਕੂ ਦੇ ਚਾਅ ‘ਚ ਕਿਥੇ ਯਾਦ ਰਹਿਣਾ ਕਿ ਪੰਜਾਬ ਦਾ ਵਾਲ-ਵਾਲ ਕਰਜ਼ਾਈ ਹੈ, ਕਿਸ ਨੇ ਦਿੱਲੀ ਬੈਠੇ ਕਿਸਾਨਾਂ ਦੀ ਆਵਾਜ਼ ਬਣਨਾ, ਕਿਸ ਨੇ  ਨਸ਼ਿਆਂ ‘ਚ ਗ਼ਲਤਾਨ ਜਵਾਨੀ ਬਾਰੇ ਸੋਚਣਾ ਅਤੇ ਕਿਸ ਨੇ ਜਹਾਜ਼ ਚੜ੍ਹ ਰਹੀ ਜਵਾਨੀ ਨੂੰ ਰੋਕਣ ਦਾ ਉਪਰਾਲਾ ਕਰਨਾ? ਖੁਦਕੁਸ਼ੀਆਂ ਦੇ ਮਸਲੇ ਤਾਂ ਬੀਤੇ ਯੁੱਗ ਦੀਆਂ ਗੱਲਾਂ ਜਾਪਣ ਲੱਗ ਜਾਣੀਆਂ ਹਨ, ਇਸ ਚੀਕੂ ਕਾਂਡ ਮੂਹਰੇ।
ਹੁਣ ਛੋਟੇ ਬਾਦਲ ਸਾਹਿਬ ਸਟੇਜਾਂ ਤੇ ਲਲਕਾਰੇ ਮਾਰਨਗੇ ਕਿ ਭਾਵੇਂ ਕਿਹੋ ਜਿਹੇ ਮਰਜ਼ੀ ਕਾਂਡ ਅਸੀਂ ਕਿਤੇ ਪਰ ਕਦੇ ਪਰਾਈ ਜ਼ਨਾਨੀਆਂ ਲਈ ਚੀਕੂ ਨਹੀਂ ਤੋੜੇ। ਮਾਨ ਸਾਹਿਬ ਕੋਲੇ ਵੀ ਹੁਣ ਪੰਚ ਜਿਹੇ ਮੁੱਕੇ ਪਏ ਸੀ। ਚਲੋ ਚੀਕੂ ਨੇ ਉਹਨਾਂ ਦੇ ਚੁਟਕਲਿਆਂ ਦੀ ਪਟਾਰੀ ਵੀ ਫੇਰ ਭਰ ਦਿੱਤੀ। ਜਨਤਾ ਜਨਾਰਧਨ ਵਿਚਾਰੀ ਜੋ ਹਰ ਵਕਤ ਚੱਕੀ ਦੇ ਪੁੜਾਂ ‘ਚ ਪਿਸਦੀ ਹੈ, ਚੀਕੂ ਕੁਝ ਦਿਨਾਂ ਲਈ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ‘ਚ ਜ਼ਰੂਰ ਕਾਮਯਾਬ ਹੋ ਜਾਣਾ।
ਅੱਜ ਮੇਰਾ ਇਕ ਅਣਭੋਲ ਮਿੱਤਰ ਮੈਨੂੰ ਕਹਿੰਦਾ ਯਾਰ ਤੈਨੂੰ ਨਹੀਂ ਲਗਦਾ ਰਾਜੇ ਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ। ਮੈਂ ਪੁੱਛਿਆ ਕਾਹਦੇ ਲਈ? ਕਹਿੰਦਾ ਆਹ ਚੀਕੂ ਕਾਂਡ ਲਈ। ਹੁਣ ਉਸ ਭਲੇ ਮਾਣਸ ਨੂੰ ਕੀ ਦੱਸੀਏ! ਓਏ ਭਰਾਵਾ ਮੈਂ ਵੀ ਇਕ ਵਾਰ ਭਾਵੁਕ ਪਣੇ ‘ਚ ਇਹ ਸਵਾਲ ਇਕ ਮੁਲਾਕਾਤ ਦੌਰਾਨ ਮਹਾਰਾਣੀ ਸਾਹਿਬਾ ਨੂੰ ਅਸਿੱਧੇ ਰੂਪ ‘ਚ ਪੁੱਛ ਲਿਆ ਸੀ ਕਿ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਜਦੋਂ ਪੱਤਰਕਾਰ ਰਾਜਾ ਸਾਹਿਬ ਦਾ ਨਾਂ ਐਵੇਂ ਕਿਸੇ ਹੋਰ ਔਰਤ ਨਾਲ ਜੋੜਦੇ ਹਨ? ਮੂਹਰੋਂ ਮਹਾਰਾਣੀ ਸਾਹਿਬਾ ਨੇ ਬੜੇ ਸਹਿਜਤਾ ਨਾਲ ਮੇਰੀ ਬੋਲਤੀ ਇਹ ਕਹਿ ਕੇ ਬੰਦ ਕਰ ਦਿੱਤੀ ਕਿ ਭਾਈ ਇਸ ‘ਚ ਕੀ ਗ਼ਲਤ ਹੈ? ਇਹ ਤਾਂ ਰਾਜੇ ਮਹਾਰਾਜਿਆਂ ਦੇ ਮੁੱਢ ਕਦੀਮੋਂ ਸ਼ੌਕ ਰਹੇ ਹਨ। ਸੋ ਇਹ ਕੁਝ ਕਰਨ ਦੀ ਤਾਂ ਕਪਤਾਨ ਸਾਹਿਬ ਨੂੰ ਘਰੋਂ ਵੀ ਖੁੱਲ ਮਿਲੀ ਹੋਈ ਹੈ, ਤੂੰ ਨਾ ਫ਼ਿਕਰ ਕਰ।
ਰਾਜਾ ਤਾਂ ਕੱਲ੍ਹ ਦਾ ਮੁੱਛਾਂ ਥਾਣੀ ਹੱਸਦਾ ਹੋਣਾ। ਇਕ ਤਾਂ ਸੋਚਦਾ ਹੋਣਾ ਕਿ ਜਨਤਾ ਮੈਨੂੰ ਐਵੇਂ ਬੁੱਢਾ ਸਮਝੀ ਬੈਠੀ ਸੀ ਹੁਣ ਗੱਲਬਾਤ ਸੁਣ ਕੇ ਕਹਿੰਦੀ ਫਿਰਦੀ ਹੈ ਕਿ ਯਾਰ ਇਹ ਤਾਂ ਕਾਲਜਾਂ ਵਾਲੇ ਜੁਆਕਾਂ ਵਾਂਗੂ ਗੱਲ ਕਰਦੇ ਹਨ। ਦੂਜਾ ਰਾਜੇ ਦੇ ਖ਼ੁਸ਼ੀ ਦਾ ਕਾਰਨ ਇਹ ਵੀ ਹੋਣਾ ਕਿ ਜੋ ਲੋਕ ਕਹਿੰਦੇ ਸਨ ਕਿ ਰਾਜਾ ਐਵੇਂ ਸਲਾਹਕਾਰ ਤੇ ਪੈਸੇ ਬਰਬਾਦ ਕਰ ਰਿਹਾ। ਉਸ ਪਤੰਦਰ ਨੇ ਆਪਣੀ ਪਹਿਲੀ ਚਾਲ ‘ਚ ਹੀ ਲੋਕਾਂ ਦੇ ਮੂੰਹ ‘ਚ ਚੀਕੂ ਦੇ ਕੇ ਉਹਨਾਂ ਦੀ ਸਵਾਲ ਪੁੱਛਣ ਦੀ ਬਿਮਾਰੀ ਦਾ ਹੱਲ ਕਰ ਦਿੱਤਾ।
ਓਏ ਭਰਾਵੋ ਜਿਹੜੀਆਂ ਕਹਾਵਤਾਂ ਬਣਦੇ-ਬਣਦੇ ਯੁੱਗ ਲੱਗ ਜਾਂਦੇ ਆ, ਉਹਨਾਂ ਦਾ ਸਤਿਕਾਰ ਕਰ ਲਿਆ ਕਰੋ। ਸਾਡੀਆਂ ਕਹਾਵਤਾਂ ‘ਲੰਡੇ’ ਅਤੇ ‘ਲੁੱਚੇ’ ਨੂੰ ਚੌਧਰੀ ਦੱਸਦਿਆਂ। ਸੋ ਇਹੋ ਜਿਹੇ ਚੌਧਰੀਆਂ ਨੂੰ ਕੀ ਫ਼ਰਕ ਪੈਂਦਾ ਸਿਰਫ਼ ਇਕ ਆਵਾਜ਼ ਦੀ ਵੀਡੀਓ ਲੀਕ ਹੋਣ ਦਾ। ਜਿਹੜੇ ਲੋਕ ਗੁਟਕੇ ਫੜ ਕੇ ਸੌਂਹ ਖਾ ਕੇ ਉਸ ਤੇ ਪੂਰੇ ਨਹੀਂ ਉੱਤਰਦੇ।  ਉਹਨਾਂ ਦੀ ਤਾਂ ਭਾਵੇਂ ਨਗਨ ਵੀਡੀਓ ਲੀਕ ਕਰ ਦਿਓ ਉਸ ਦਾ ਵੀ ਕੀ ਫ਼ਰਕ ਪੈਣਾ। ਆਹ ਸਾਲ ਕੁ ਪਹਿਲਾਂ ਉੱਤੋਂ ਫੜਿਆ ਗਿਆ ਅਕਾਲੀ ਮੰਤਰੀ ਕਿਹੜਾ ਚੱਪਣੀ ਭਾਲਦਾ ਫਿਰਦਾ ਨੱਕ ਡਬੋਣ ਨੂੰ।
ਚੀਕੂ ਵਾਲਾ ਕੜਾ ਵਿਰੋਧੀਆਂ ਦੇ ਵੀ ਸੂਤ ਆ ਗਿਆ। ਉਹ ਵੀ ਕਿਥੋਂ ਚਾਹੁੰਦੇ ਹਨ ਕਿ ਜਨਤਾ ਉਹਨਾਂ ਨੂੰ ਸਵਾਲ ਕਰੇ ਤੇ ਵੱਡੇ ਵੱਡੇ ਵਾਅਦੇ ਕਰਨੇ ਪੈਣ,  ਜੋ ਬਾਅਦ ‘ਚ ਉਹਨਾਂ ਦੀ ਗਲੇ ਦੀ ਹੱਡੀ ਬਣਨ। ਹੈਰਾਨ ਨਾ ਹੋਇਓ ਜੇ ਐਤਕੀਂ ਚੋਣਾਂ ‘ਚ ਵਿਰੋਧੀ ਧਿਰ ਇਹ ਵਾਅਦਾ ਕਰੇ ਕਿ “ਸਾਨੂੰ ਰਾਜ ਦਿਓ ਅਸੀਂ ਇਕ ਵੀ ਚੀਕੂ ਬਾਰਡਰ ਨਹੀਂ ਟੱਪਣ ਦੇਵਾਂਗੇ।”
ਸਿਆਣੇ ਬਣੋ ਮਿੱਤਰੋ, ਉਹ ਰਾਜੇ ਦੀ ਨਿੱਜੀ ਜ਼ਿੰਦਗੀ ਹੈ ਉਹ ਭਾਵੇਂ ਚੀਕੂ ਭੇਜੇ ਭਾਵੇਂ ਸੀਤਾ ਫਲ। ਉਹ ਜਨਤਾ ਦਾ ਪਤੀ ਨਹੀਂ ਕਿ ਅਸੀਂ ਉਸ ਦੀ ਰਾਖੀ ਰੱਖੀਏ ਤੇ ਏਧਰ ਉੱਧਰ ਮੂੰਹ ਮਾਰਨ ਤੋਂ ਰੋਕੀਏ।  ਉਹ ਤਾਂ ਸਾਡਾ ਮੁੱਖਮੰਤਰੀ ਹੈ ਤੇ ਉਹ ਸਾਡੀ ਵੋਟ ਕੁਝ ਵਾਅਦਿਆਂ ਬਦਲੇ ਲੈ ਕੇ ਗਿਆ ਸੀ। ਬੱਸ ਥੋੜ੍ਹਾ ਜਿਹਾ ਚਿਰ ਰਹਿ ਗਿਆ, ਆਉਣਾ ਹੀ ਪੈਣਾ ਤੁਹਾਡੀ ਕਚਹਿਰੀ ‘ਚ ਫੇਰ ਉਸ ਨੂੰ।  ਸੋ ਹੁਣ ਸਮਾਂ ਹੈ ਆਪਣੇ ਸਵਾਲ ਸਾਣ ‘ਤੇ ਲਾਉਣ ਦਾ। ਦੰਦੇ ਕਢਾ ਲਵੋ ਸਵਾਲਾਂ ਰੂਪੀ ਦਾਤੀਆਂ ਦੇ। ਚੀਕੂ ਦੇ ਚੱਕਰ ‘ਚ ਫੇਰ ਨਾ ਪੰਜ ਸਾਲ ਲਈ ਗੋਡਣੀਆਂ ਲਵਾ ਲਿਓ। ਇਹ ਨੀਲੇ ਚਿੱਟੇ ਅਤੇ ਪੀਲੇ ਤੁਹਾਡੀ ਵੋਟ ਦੇ ਯਾਰ ਹਨ, ਉਂਜ ਤਾਂ ਇਹਨਾਂ ਸਾਡਾ ਖ਼ੂਨ ਹੀ ਚੂਸਣਾ। ਜੇ ਕਰ ਤੁਸੀਂ ਰਾਜੇ ਨੂੰ ਇਸ ਬਾਰ ਸਿਰਫ਼ ਇਸ ਲਈ ਵੋਟ ਨਹੀਂ ਪਾਉਂਦੇ ਕਿ ਉਹਨੇ ਚੀਕੂ ਕਾਂਡ ਕੀਤਾ ਤਾਂ ਤੁਹਾਨੂੰ ਆਪਣੀ ਯਾਦਦਾਸ਼ਤ ਦਾ ਇਲਾਜ ਕਰਵਾਉਣਾ ਚਾਹੀਦਾ।
ਇਸ ਬਾਰ ਜਦੋਂ ਕੋਈ ਵੀ ਸਿਆਸੀ ਬੰਦਾ ਵੋਟ ਮੰਗਣ ਆਵੇ ਭੁੱਲ ਜਾਓ ਉਸ ਨੇ ਕੀ ਕੀਤਾ। ਬੱਸ ਸਿਰਫ਼ ਯਾਦ ਰੱਖਿਓ ਜੋ ਉਸ ਨੇ ਵਾਅਦਾ ਕਰ ਕੇ ਪੂਰਾ ਨਹੀਂ ਕੀਤਾ। ਯਾਦ ਰੱਖਿਓ ਬਰਗਾੜੀ ਕਾਂਡ। ਯਾਦ ਰੱਖਿਓ ਪੋਹ ‘ਚ ਬਾਰਡਰ ‘ਤੇ ਠਰੇ ਕਿਸਾਨ। ਪੁੱਛਿਓ ਇਹਨਾਂ ਨੂੰ ਜਹਾਜ਼ਾਂ ‘ਚ ਚੜ੍ਹਦੀ ਜਵਾਨੀ ਨੂੰ ਠੱਲ੍ਹਣ ਲਈ ਕੀ ਸਕੀਮ ਹੈ ਤੁਹਾਡੇ ਕੋਲ। ਯਾਦ ਰੱਖਿਓ ਰੱਸਿਆਂ ਨਾਲ ਲਟਕਦੇ ਉਹ ਸਰੀਰ ਜੋ ਵੀ ਕਦੇ ਇਹਨਾਂ ਦੀ ਵੋਟ ਹੁੰਦੇ ਸਨ।
ਅੰਤ ‘ਚ ਰਾਜਾ ਸਾਹਿਬ ਨੂੰ ਸਵਾਲ ਹੈ ਕਿ ਰਾਜਾ ਸਾਹਿਬ ਤੁਹਾਨੂੰ ਨਹੀਂ ਲਗਦਾ ਜੇ ਐਨਾ ਫ਼ਿਕਰ ਤੁਸੀਂ ਆਪਣੀ ਪਰਜਾ ਦਾ ਕਰ ਲੈਂਦੇ ਜਿੰਨਾਂ ਆਪਣੀ ਪਰਦੇਸਣ ਮਿੱਤਰ ਦਾ ਕਰ ਰਹੇ ਹੋ ਤਾਂ ਪਰਜਾ ਤੁਹਾਨੂੰ  ਫੇਰ ਅੱਖਾਂ ਤੇ ਬਿਠਾ ਲੈਂਦੀ?
Mintu Brar Australia
mintubrar@gmail.com
+61 434 289 905