ਮਿਸ਼ਾਲਾਂ ਬਾਲਕੇ ਚੱਲਣ ਦਾ ਹੋਕਾ ਦੇਣ ਵਾਲਾ ਸ਼ਾਇਰ - ਮਹਿੰਦਰ ਸਾਥੀ - ਗੁਰਮੀਤ ਕੜਿਆਲਵੀ

ਮਹਿੰਦਰ ਸਾਥੀ ਅੱਜ ਵੀ ਇਨਕਲਾਬੀ ਹੈ !

ਸਾਥੀ ਨੇ ਇਨਕਲਾਬ ਦਾ ਗੁੱਟ ਉਦੋਂ ਫੜਿਆ ਸੀ ਜਦੋਂ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਤੁਰੀ ਚਿੰਗਾੜੀ ਨੇ ਪੂਰੇ ਭਾਰਤ, ਖਾਸ ਕਰ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਮਾੜੀਆਂ ਮੋਟੀਆਂ ਰੁਮਾਂਟਿਕ ਕਿਸਮ ਦੀਆਂ ਕਵਿਤਾਵਾਂ ਲਿਖਕੇ ਲੁਕੋ ਲੈਣ ਵਾਲੇ ਸਾਥੀ ਨੇ ਉਦੋਂ ਇਸ਼ਕੀਆ ਕਵਿਤਾਵਾਂ ਛੱਡਕੇ ਇਨਕਲਾਬੀ ਕਵੀ ਵਜੋਂ ਸਾਹਿਤ ਦੇ ਅੰਬਰ 'ਤੇ ਉਡਾਰੀ ਭਰਨੀ ਸ਼ੁਰੂ ਕੀਤੀ ਸੀ। ਉਹਨੀ ਦਿਨੀਂ ਤੱਤੀ ਸੁਰ ਵਿਚ ਕਵਿਤਾਵਾਂ ਕਹਾਣੀਆਂ ਲਿਖਣ ਵਾਲਿਆਂ ਦੀ ਝੰਡੀ ਸੀ। ਮਹਿੰਦਰ ਸਾਥੀ ਵੀ ਹੋਰ ਬਹੁਤ ਸਾਰੇ ਨੌਜੁਆਨਾਂ ਵਾਗੂੰ ਵੋਟਾਂ ਰਾਹੀਂ ਪੰਜਾਬ ਨੂੰ ਲੈਨਿਨਗਰਾਡ ਬਣਾ ਦੇਣ ਦੇ ਸੁਪਨੇ ਦਿਖਾਉਣ ਵਾਲਿਆਂ ਨਾਲੋਂ ਵੱਖਰੀ ਲੀਹ ਪਾੜਕੇ ਹਥਿਆਰਾਂ ਨਾਲ ਹੇਠਲੀ ਉੱਤੇ ਲਿਆ ਦੇਣ ਵਾਲਿਆਂ ਦਾ ਹਮਦਰਦ ਬਣ ਗਿਆ ਸੀ।

       ਸਾਥੀ ਉਦੋਂ ਵੀ ਇਨਕਲਾਬੀ ਬਣਿਆ ਰਿਹਾ ਜਦੋਂ ਨਹਿਰਾਂ ਅਤੇ ਕੱਸੀਆਂ ਦੇ ਪੁਲ ਪੁਲਸ ਅਤੇ ਨਕਸਲੀਆਂ ਦੇ ਕਥਿਤ 'ਮੁਕਾਬਲਿਆਂ ` ਦੇ ਚਸ਼ਮਦੀਦ ਗਵਾਹ ਬਣੇ ਹੋਏ ਸਨ। ਆਏ ਦਿਨ ਕਿਸੇ ਨਕਸਲੀ ਆਗੂ ਦੇ ਮੁਕਾਬਲੇ ਦੀ ਝੂਠੀ-ਸੱਚੀ ਖਬਰ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀ ਸੀ। ਪੁਲਸ ਦੇ ਬਹੁਤ ਸਾਰੇ ਥਾਣੇਦਾਰ, ਥਾਣੇਦਾਰ ਨਹੀਂ ਸ਼ਿਕਾਰੀ ਬਣੇ ਹੋਏ ਸਨ। ਸਾਥੀ ਨੂੰ ਵੀ ਸੀ ਆਈ ਡੀ ਨੇ ਪੁਲਸ ਮੁਖਬਰ ਬਣ ਜਾਣ ਲਈ 25000 ਰੁਪਈਆਂ ਦੀ ਮੋਟੀ ਰਾਸ਼ੀ ਦਾ ਚੋਗਾ ਪਾਇਆ। ਉਹਨਾਂ ਵੇਲਿਆਂ `ਚ ਇਹ ਬੜੀ ਵੱਡੀ ਰਕਮ ਸੀ। ਸਾਥੀ ਦੇ ਘਰ ਦੀ ਹਾਲਤ ਗਰੀਬੀ ਨੇ ਬੁਰੀ ਤਰਾਂ ਝੰਬੀ ਹੋਈ ਸੀ। ਵਿਆਹੁਣ ਯੋਗ ਭੈਣ ਘਰੇ ਕੁਆਰੀ ਬੈਠੀ ਸੀ। ਮੁਖਬਰੀ ਬਦਲੇ ਹਾਸਲ ਕੀਤੀ ਰਾਸ਼ੀ ਨਾਲ ਘਰਦੀ ਉਭੜ-ਖਾਬੜ ਹੋਈ ਕਬੀਲਦਾਰੀ ਦੀਆਂ ਕਈ ਖੁੱਡਾਂ ਬੰਦ ਕੀਤੀਆਂ ਜਾ ਸਕਦੀਆਂ ਸਨ।

"ਮੈਨੂੰ ਪੱਚੀ ਹਜਾਰ ਤਾਂ ਕੀ ਪੱਚੀ ਪੈਸੇ ਵੀ ਨਹੀਂ ਚਾਹੀਦੇ। ਬੇਸ਼ਕ ਗੋਲੀ ਮਾਰ ਦਿਓ । ਕੱਲ ਨੂੰ ਮਾਰਦੇ ਹੁਣੇ ਮਾਰ ਦਿਓ। ਭਾਵੇਂ ਫਾਂਸੀ ਲਾਉ ਭਾਵੇਂ ਚੌਂਕ `ਚ ਖੜਾ ਕੇ ਗੋਲੀ ਮਾਰੋ ਪਰ ਮੈਥੋਂ ਗਦਾਰੀ ਦੀ ਆਸ ਨਾ ਰੱਖਿਓ।" ਸਾਥੀ ਅਡੋਲ ਰਿਹਾ ਸੀ।

        ਸਾਥੀ ਉਦੋਂ ਵੀ ਇਨਕਲਾਬੀ ਸੀ ਜਦੋਂ ਮਾਸਕੋ ਤੋਂ ਤੁਰਿਆ, ਵਾਇਆ ਪੀਕਿੰਗ ਹੁੰਦਾ ਹੋਇਆ ਨਕਸਲਵਾੜੀ ਦਾ ਹੁਸੀਨ ਸੁਪਨਾ ਬਿਨਾ ਕਿਸੇ ਠੋਸ ਪ੍ਰਾਪਤੀ ਦੇ ਅੱਧਵਾਟੇ ਹੀ ਟੁੱਟ ਗਿਆ। ਤੱਤੀ ਸੁਰ ਵਿਚ ਲੱਗਦੇ ਨਾਅਰੇ ਖਾਮੋਸ਼ ਹੋ ਗਏ ਸਨ। ਰੋਹਲੇ ਬਾਣ, ਸਿਆੜ, ਹੇਮ ਜਯੋਤੀ, ਕਿੰਤੂ, ਲਲਕਾਰ ਅਤੇ ਅਜਿਹੇ ਹੋਰ ਕਿੰਨੇ ਹੀ ਪਰਚਿਆਂ ਵਿਚ ਅੱਗ ਵਰਗੀਆਂ ਕਵਿਤਾਵਾਂ ਲਿਖਣ ਵਾਲੇ ਕਈ ਕਵੀ ਜਨ ਇਧਰ-ਉਧਰ ਦੇ ਢੰਗ ਤਾਰੀਕੇ ਵਰਤਕੇ ਸਮੁੰਦਰਾਂ ਉਤੋਂ ਦੀ ਉਡਾਰੀ ਭਰਕੇ ਪੱਛਮ ਦੇ ਢਿੱਡੀ ਜਾ ਵੜੇ ਸਨ। ਰੂਸ ਦੀ ਥਾਵੇਂ ਪੱਛੋਂ ਦੇ ਪੂੰਜੀਵਾਦੀ ਮੁਲਕ ਹੀ ਉਹਨਾਂ ਦੀ ਠਾਹਰ ਬਣੇ ਸਨ। ਕਈ ਲੇਖਕ ਅਖਬਾਰਾਂ ਵਿਚ ਜਾ ਬੈਠੇ ਸਨ ਤੇ ਕਈਆਂ ਨੇ ਕਾਲਜ ਤੇ ਯੂਨੀਵਰਸਿਟੀਆਂ ਮੱਲ ਲਈਆਂ ਸਨ। ਮਹਿੰਦਰ ਸਾਥੀ ਦੇ ਹਿੱਸੇ ਇਹਨਾਂ `ਚੋ ਕੁੱਝ ਨਹੀਂ ਸੀ ਆਇਆ। ਉਹ ਮੋਗੇ ਸ਼ਹਿਰ ਵਿਚਲੀਆਂ ਫੈਕਟਰੀਆਂ ਦੀਆਂ ਮਸ਼ੀਨਾਂ ਦੀ ਘਰ -ਘਰ ਵਿਚ ਗੁਆਚਿਆ, ਖੁਰ ਗਈ ਲਹਿਰ ਦਾ ਰੁਦਨ ਕਰਦਾ ਰਿਹਾ :-

    ਜੋ ਨਾਇਕ ਬਨਣ ਨਿਕਲੇ ਸੀ ਉਹ ਰਹਿ ਗਏ ਬਣਕੇ ਖਲਨਾਇਕ ਅਵਾਮੀ-ਥਾਪਨਾਵਾਂ ਨਾਲ ਉਹਨਾਂ ਸੀ ਨਹੀਂ ਲਾਈਆਂ ।

     ਸਾਥੀ ਉਦੋਂ ਵੀ ਇਨਕਲਾਬੀ ਸੀ ਜਦੋਂ ਬਹੁਤ ਸਾਰੇ ਲਿਖਣ ਤੇ ਬੋਲਣ ਵਾਲੇ ਮਾਸ ਖਾਣੀਆਂ ਬੰਦੂਕਾਂ ਦੇ ਢਿੱਡੀਂ ਜਾ ਪਏ ਸਨ। ਉੁਦੋਂ ਕਈ ਕਹਿੰਦੀਆਂ ਕਹਾਉਂਦੀਆਂ ਕਲਮਾਂ ਖਾਮੋਸ਼ ਹੋ ਗਈਆਂ ਸਨ ਜਾਂ ਫਿਰ ਦੁਬਿਧਾ ਵਿਚ ਪੈ ਗਈਆਂ ਸਨ। ਬਹੁਤ ਸਾਰੇ ਕਾਮਰੇਡ ਸਰਕਾਰੀ ਨੀਤੀਆਂ ਦੇ ਢੰਡੋਰਚੀ ਬਣਕੇ ਗੰਨਮੈਨਾਂ ਦੀਆਂ ਧਾੜਾਂ ਲਈ ਫਿਰਦੇ ਸਨ। ਅਜਿਹੇ ਸੈਂਕੜੇ-ਹਜ਼ਾਰਾਂ ਸਿਰਲੱਥ ਲੋਕਾਂ ਦੀ ਵੀ ਕਮੀ ਨਹੀਂ ਸੀ ਜੋ ਨੰਗੇ ਧੜ ਲੜੀ ਜਾਂਦੇ ਸਨ। ਸਾਥੀ ਦੀ ਕਲਮ ਉਦੋਂ ਵੀ ਦਲੇਰੀ ਨਾਲ ਬੇਖੌਫ ਚੱਲਦੀ ਰਹੀ ਸੀ :

ਅਸੀਂ ਨਾ ਭਾਂਜ, ਨਾ ਫਰਿਆਦ ਨਾ ਸੰਧੀ ਬਣਾਂਗੇ ਓ

ਮਸ਼ਾਲਾਂ ਵਾਂਗ ਬਲ ਕੇ ਤੇਰੇ ਕੂਚੇ ਵਿਚ ਤਰਾਂਗੇ ਓ !

ਅਸੀਂ ਮੰਨਿਆ ਸ਼ਿਕਾਰੀ ਬਹੁਤ ਵਹਿਸ਼ੀ ਹੈ, ਜਨੂਨੀ ਹੈ,

ਅਸੀਂ ਚਹਿਕਾਂਗੇ, ਗਾਂਵਾਂਗੇ ਅਤੇ ਫਿਰ ਉੜਾਂਗੇ ਓ !

ਪੁੜਾਂਗੇ ਤੇਰੇ ਪੈਰੀਂ ਕੰਡੇ ਬਣ ਜਦ ਤੀਕ ਜੀਵਾਂਗੇ,

ਮਰਾਂਗੇ ਜਦ ਤੇਰੇ ਤਾਬੂਤ ਕਿੱਲ ਬਣਕੇ ਠੁਕਾਂਗੇ ਓ !

ਅਸੀਂ ਪਹਿਲਾਂ ਵੀ ਮਿੱਧੀਆਂ ਨੇ ਸਰਾਲਾਂ ਸਾਮਰਾਜੀ ਕਈ,

ਤੈਨੂੰ ਵੀ ਮਿੱਧਕੇ ਮਸਤ ਹਾਥੀਆਂ ਵਾਂਗੂੰ ਵਧਾਂਗੇ ਓ !!

      ਸਾਥੀ ਉਸ ਸਮੇਂ ਵੀ ਇਨਕਲਾਬੀ ਹੀ ਬਣਿਆ ਰਿਹਾ ਜਦੋਂ ਉਸਦੇ ਨਾਲ ਦੇ ਕਈ ਇਨਕਲਾਬੀ ਅਖਵਾਉਂਦੇ ਲੇਖਕ ਸਰਕਾਰੀ ਤੰਤਰ ਦੇ ਜਿੰਦੇ ਨੂੰ ਜੁਗਾੜਬੰਦੀ ਦੀ ਚਾਬੀ ਲਾਕੇ ਕਈ ਕਿਸਮ ਦੇ ਵੱਡੇ-ਛੋਟੇ ਐਵਾਰਡ ਡੁੱਕ ਗਏ। ਲੇਖਕੀ ਜਥੇਬੰਦੀਆਂ ਦੀ ਮਹਿੰਗੀ ਵੋਟ ਰਾਜਨੀਤੀ ਵੀ ਸਾਥੀ ਨੂੰ ਰਾਸ ਨਹੀਂ ਆਈ। ਸਾਥੀ ਜੇ ਕਿਸੇ ਧਿਰ ਨਾਲ ਡਟਕੇ ਖਲੋ ਜਾਂਦਾ ਤਾਂ ਕੋਈ ਨਾ ਕੋਈ ਸਰਕਾਰੀ ਇਨਾਮ-ਸਨਮਾਨ ਪੱਕੇ ਬੇਰ ਵਾਂਗ ਝੋਲੀ ਆ ਹੀ ਡਿੱਗਣਾ ਸੀ।

       ਸਾਥੀ ਇੰਜ ਕਿਵੇਂ ਕਰਦਾ? ਉਸਤੋਂ ਇਹ ਹੋਣਾ ਹੀ ਨਹੀਂ ਸੀ, ਤੇ ਇੰਜ ਉਹ ਤਾਅ ਉਮਰ ਇਨਕਲਾਬੀ ਸ਼ਾਇਰ ਬਣਿਆ ਰਿਹਾ। ਇਨਕਲਾਬੀ ਲਹਿਰ ਦੀ ਸੁਰ ਭਲੇ ਹੀ ਮੱਠੀ ਪੈ ਗਈ ਹੋਵੇ ਪਰ ਸਾਥੀ ਦੀਆਂ ਨਜ਼ਮਾਂ ਤੇ ਗ਼ਜ਼ਲ਼ਾਂ ਦੇ ਸ਼ੇਅਰਾਂ ਦੀ ਸੁਰ ਤੱਤੀ ਹੀ ਰਹੀ। ਉਹ ਆਪਣੇ ਸਿਦਕ `ਤੇ ਮਾਣ ਕਰਦਾ ਹੋਇਆ, ਅੱਗ ਵਰਗੇ ਸ਼ੇਅਰ ਆਖਦਾ ਰਿਹਾ। ਉਸਦੇ ਆਪਣੇ ਸ਼ਬਦਾਂ ਵਿਚ :-

ਕੁੱਝ ਨਾ ਕੁੱਝ ਤਾਂ ਨੇਰ ਨੂੰ ਹੈ ਹੂੰਝਦਾ

ਹੋਇਆ ਕੀ ਜੇ ਦੀਵੇ ਜਿਹਾ ਪ੍ਰਕਾਸ਼ ਹੈ

ਨਾਲ ਨੇਰੇ ਦੇ ਲੜੇ ਹਾਂ ਉਮਰ ਭਰ ,

ਬਸ ਸਾਡਾ ਤਾਂ ਇਹੋ ਹੀ ਇਤਿਹਾਸ ਹੈ।

     ਸਾਥੀ ਨੇ ਲੰਮਾ ਸਮਾ ਕਾਰਖਾਨਿਆਂ ਵਿਚ ਲੋਹਾ ਕੁੱਟਿਆ ਹੈ ਪਰ ਲੋਹੇ ਨਾਲ ਲੋਹਾ ਹੋਣ ਵਾਲੇ ਸਾਥੀ ਨੂੰ ਦੇਸ਼ ਦੇ ਹੋਰਨਾਂ ਕਰੋੜਾਂ ਕਿਰਤੀਆਂ ਵਾਂਗ ਲੋਹੇ ਦੀ ਕਾਰ ਝੂਟਣ ਦਾ ਸਬੱਬ ਨਹੀਂ ਮਿਲਿਆ। ਲੋਹਾ ਕੁੱਟਦਿਆਂ ਹੱਥਾਂ `ਤੇ ਪਏ ਅੱਟਣ ਐਨੇ ਕੁ ਸਖਤ ਹੋ ਗਏ ਕਿ ਉਸਦੇ ਹੱਥ ਹੀ ਲੋਹੇ ਦੇ ਹੋ ਗਏ। ਲੋਹੇ ਦੇ ਹੱਥਾਂ ਵਾਲਾ ਸਾਥੀ ਸਾਰੀ ਉਮਰ ਲੋਹੇ ਵਰਗੀ ਹੀ ਗ਼ਜ਼ਲ਼ ਲਿਖਦਾ ਰਿਹਾ। ਇਸੇ ਕਰਕੇ ਉਸਦੇ ਸ਼ੇਅਰਾਂ ਵਿਚ ਲੋਹੇ ਦੀ ਖੜਕਾਰ ਹੈ, ਹਥੌੜੇ ਵਰਗੇ ਭਾਰੇ-ਭਾਰੇ ਸ਼ਬਦ। ਸ਼ਾਇਰੀ ਵਿਚ ਬਗਾਵਤ ਲਈ ਵਰਤੇ ਜਾਣ ਵਾਲੇ ਹਥਿਆਰਾਂ ਅਤੇ ਕਿਰਤੀ ਹੱਥਾਂ ਲਈ ਲੋੜੀਂਦੇ ਉਜ਼ਾਰਾਂ ਦੀ ਗੱਲ ਹੈ। ਉਂਜ ਵੀ ਸਾਥੀ ਦੇ ਅੱਟਣਾ ਵਾਲੇ ਹੱਥਾਂ ਤੋਂ ਕੋਮਲ ਮੁਲਾਇਮ ਤੇ ਸੋਹਜ ਸੁਆਦ ਵਿਚ ਗੜੂੰਦ ਨਜ਼ਮਾਂ ਦੀ ਆਸ ਕਰਨੀ ਬੇਮਾਇਨਾ ਹੈ। ਫੇਰ ਵੀ ਕਲਾਤਮਿਕਤਾ ਅਤੇ ਸੂਖ਼ਮਤਾ ਨੂੰ ਕਿਸੇ ਨਜ਼ਮ ਜਾਂ ਗ਼ਜ਼ਲ਼ ਦਾ ਜਰੂਰੀ ਅੰਗ ਮੰਨਣ ਵਾਲਿਆਂ ਨੂੰ ਉਸਦੇ ਬਹੁਤ ਸਾਰੇ ਸ਼ੇਅਰ ਦਿਖਾਏ ਜਾ ਸਕਦੇ ਹਨ। ਪੂਰੀ ਦਾਲ ਟੋਹਣ ਨਾਲੋਂ ਇਕ ਦਾਣਾ ਹੀ ਵੇਖਿਆ ਜਾ ਸਕਦਾ,

ਉਨਾਂ ਪੁੱਛਿਆ ਕਹਿਰ ਕੱਕਰ ਦਾ ਕਿਹੜੇ ਫੁੱਲ ਨੇ ਸਹਿ ਜਾਂਦੇ

ਮੈਂ ਅੰਮ੍ਰਿਤ ਵੇਲੇ ਕੂੜਾ ਫੋਲਦੇ ਬੱਚੇ ਵਿਖਾ ਦਿੱਤੇ।

      ਸਾਥੀ ਦੇ ਅਜੇ ਲੂੰਈ ਵੀ ਨਹੀਂ ਸੀ ਫੁੱਟੀ ਜਦੋਂ ਉਸਦੇ ਕਿਰਤੀ ਹੱਥ ਵਰਕਸ਼ਾਪ ਵਿਚ ਲੋਹੇ ਨੂੰ ਕੁੱਟ ਕੁੱਟ ਸਿੱਧਾ ਕਰਨ ਲੱਗੇ ਸਨ। ਹਿੰਦੀ -ਚੀਨੀ ਭਾਈ-ਭਾਈ ਦੇ ਨਾਅਰੇ ਲਾਉਣ ਵਾਲਿਆਂ ਵਲੋਂ ਨੇਫ਼ਾ ਵਾਲੇ ਬਾਰਡਰ ਵਲੋਂ ਭਾਰਤ ਉੱਤੇ ਬੋਲੇ ਧਾਵੇ ਵਾਲੇ ਸਾਲ ਤੋਂ ਵੀ ਦੋ ਵਰੇ ਪਹਿਲੋਂ ਉਹ ਦਸਵੀਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਨੂੰ ਮੱਥਾ ਟੇਕ ਕੇ ਟਰੱਕਾਂ ਦੀ ਰਿਪੇਅਰ ਕਰਨ ਵਾਲੀ ਕਿਸੇ ਵਰਕਸ਼ਾਪ ਵਿਚ ਕੰਮ ਸਿੱਖਣ ਜਾ ਲੱਗਾ ਸੀ। ਪੜਾਈ ਉਸਨੇ ਸ਼ੌਕ ਨਾਲ ਨਹੀਂ ਸੀ ਛੱਡੀ ਬਲਕਿ ਹਾਲਾਤਾਂ ਨੇ ਉਸਦੇ ਘਰ ਦੁਆਲੇ ਨਾਗਵਲ ਹੀ ਅਜਿਹਾ ਪਾ ਲਿਆ ਸੀ ਕਿ ਉਸਨੇ ਦਸਵੀਂ ਤੱਕ ਦਾ ਸਫਰ ਵੀ ਬੜੀ ਮੁਸ਼ਕਲ ਨਾਲ ਤਹਿ ਕੀਤਾ ਸੀ। ਦਰਅਸਲ ਸਾਥੀ ਸਕੂਲ ਵਿਚ ਛੇ ਮਹੀਨੇ ਕਿਤਾਬਾਂ ਹੀ ਨਹੀਂ ਸੀ ਖਰੀਦ ਸਕਿਆ। ਕਿਤਾਬਾਂ ਨਾ ਲਿਆਉਣ ਕਾਰਨ ਮਾਸਟਰ ਆਏ ਦਿਨ ਉਸਨੂੰ ਜਮਾਤ ਵਿਚ ਖੜ੍ਹਾ ਕਰ ਲੈਂਦੇ। ਉਹਨਾਂ ਦਿਨਾਂ ਵਿਚ ਸਾਥੀ ਦੇ ਬਾਪ ਦਾ ਲੱਕੜਾਂ ਦੀ ਟਾਲ ਦਾ ਕੰਮ ਉੱਕਾ ਈ ਚੌੜ-ਚੁਪੱਟ ਹੋ ਚੁੱਕਾ ਸੀ । ਉੱਤੋ ਉਸਦੀ ਬਿਮਾਰੀ ਨੇ ਤਾਂ ਘਰ ਦਾ ਮੂੰਹ ਹੀ ਦੂਜੇ ਪਾਸੇ ਲਾ ਦਿੱਤਾ। ਖਰਵੇ ਸੁਭਾਅ ਦਾ ਇੰਦਰ ਸਿੰਘ ਬਾਘੇ ਪੁਰਾਣੇ ਨੇੜਲੇ ਆਪਣੇ ਪਿੰਡ ਕਾਲੇਕੇ ਰਹਿੰਦਿਆਂ ਆਪਣੇ ਜੁਆਕਾਂ ਤੇ ਉਹਨਾਂ ਦੀ ਮਾਂ ਨੂੰ ਬੇਵਜਾਹ ਹੀ ਕੁੱਟਮਾਰ ਕਰਦਾ ਰਹਿੰਦਾ। ਘਰ ਕੁਰੂਕਸ਼ੇਤਰ ਦਾ ਮੈਦਾਨ ਹੀ ਬਣਿਆ ਜਾਪਦਾ। ਮਿੰਦੀ ਨੂੰ ਆਪਣੇ ਬਾਪ ਦੇ ਇਸ ਸੁਭਾਅ ਦੀ ਕੋਈ ਸਮਝ ਨਾ ਪੈਂਦੀ। ਦਰਅਸਲ ਸਾਥੀ ਦਾ ਬਾਪ ਕਮਾਈ ਕਰਨ ਲਈ ਮਲਾਇਆ ਗਿਆ ਦੂਜੀ ਸੰਸਾਰ ਜੰਗ ਦੇ ਵਲਾਵੇਂ ਵਿਚ ਆ ਗਿਆ ਸੀ। ਫਿਰ ਕਈ ਵਰੇ ਉਸਦਾ ਥਹੁ ਪਤਾ ਈ ਨਹੀਂ ਸੀ ਲੱਗਾ। ਲੰਮਾ ਸਮਾਂ ਪਰਿਵਾਰ ਤੋਂ ਪਾਸੇ ਰਹਿਣ ਕਾਰਨ ਹੀ ਸ਼ਾਇਦ ਉਸਦਾ ਸੁਭਾਅ ਇਕੱਲਖੋਰਾ ਤੇ ਖਰਵਾ ਹੋ ਗਿਆ। ਗੱਲ -ਗੱਲ `ਤੇ ਵੱਡੂੰ ਖਾਊਂ ਕਰਨ ਵਾਲਾ। ਸ਼ਾਇਦ ਜਪਾਨੀਆਂ ਦੇ ਤਸ਼ੱਦਦ ਨੇ ਉਸ ਅੰਦਰਲੀ ਸੰਵੇਦਨਾ ਹੀ ਮਾਰ ਦਿੱਤੀ ਹੋਵੇ। ਇਸੇ ਸਮੇਂ `ਚ ਸਾਥੀ ਨੂੰ ਉਸਦੇ ਨਾਨਕੇ ਆਪਣੇ ਕੋਲ ਮੁਕਤਸਰ ਲੈ ਗਏ। ਵੱਡਾ ਮਾਮਾ ਬਸੰਤ ਸਿੰਘ ਪੁਲਸੀਆ ਤੇ ਛੋਟਾ ਜਸਵੰਤ ਸਿੰਘ ਪ੍ਰਚਾਰਕ ਸੀ ਜੋ ਗਿਆਨੀ ਜ਼ੈਲ ਸਿੰਘ ਨਾਲ ਜੱਥੇ ਵਿਚ ਰਿਹਾ। ਕੁੱਝ ਅਰਸਾ ਕਾਮਰੇਡਾਂ ਨਾਲ ਵੀ ਤੁਰਿਆ ਫਿਰਦਾ ਰਿਹਾ। ਮਾਮਿਆਂ ਨੇ ਸਾਥੀ ਨੂੰ ਦਰਬਾਰ ਸਾਹਿਬ ਨੇੜਲੇ ਗੁਰਦੁਆਰੇ ਵਿਚ ਗੁਰਮੁਖੀ ਸਿੱਖਣ ਲਾ ਦਿੱਤਾ ਸੀ। ਪ੍ਰਚਾਰਕ ਮਾਮਾ ਜਦੋਂ ਭਾਣਜੇ ਨੂੰ ਅੱਖਰ ਜੋੜ-ਜੋੜ ਕੇ ਪੰਜ ਗਰੰਥੀ ਪੜਦਿਆਂ ਵੇਖਦਾ-ਸੁਣਦਾ , ਉਸਦੇ ਅੰਦਰਲਾ ਖਿੜ ਜਾਂਦਾ।

        ਦੂਜੀ ਸੰਸਾਰ ਜੰਗ ਦੇ ਖਾਤਮੇ ਦੇ ਕਈ ਵਰਿਆਂ ਬਾਅਦ ਜਦੋਂ ਅਚਾਨਕ ਬਾਪ ਜਪਾਨੀਆਂ ਦੀ ਕੈਦ `ਚੋਂ ਰਿਹਾ ਹੋਕੇ ਘਰ ਆ ਗਿਆ ਤਾਂ ਪਰਿਵਾਰ ਜਿਵੇਂ ਫਿਰ ਜਿਉਂਦਿਆਂ ਵਿਚ ਹੋ ਗਿਆ ਹੋਵੇ। ਘਰ ਵਿਚ ਸੱਸ -ਨੂੰਹ ਦੀ ਬਣਦੀ ਹੀ ਨਹੀਂ ਸੀ। ਇੰਦਰ ਸਿਹੁੰ ਸਾਰੇ ਜੁਆਕ-ਜੱਲੇ ਨੂੰ ਲੈ ਕੇ ਮੋਗੇ ਆ ਗਿਆ ਜਿਥੇ ਉਸਨੇ ਲਕੜੀਆਂ ਦੀ ਟਾਅਲ ਅਤੇ ਤੂੜੀ ਵੇਚਣ ਦਾ ਕੰਮ ਚਲਾ ਲਿਆ। ਸਾਥੀ ਨੂੰ ਭੁਪਿੰਦਰਾ ਖਾਲਸਾ ਸਕੂਲ ਪੜਨੇ ਪਾ ਲਿਆ। ਮੋਗੇ ਸਾਥੀ ਹੋਣਾ ਦੇ ਗੁਆਂਢ ਵਿਚ ਮੁਸਲਮਾਨਾਂ ਦਾ ਘਰ ਸੀ। ਈਦੂ ਚੌਧਰੀ ਦਾ ਮੁੰਡਾ ਸਰਦਾਰ ਖਾਨ ਸਾਥੀ ਦਾ ਜਮਾਤੀ ਸੀ ਜੋ ਸਕੂਲ ਦੇ ਫੰਕਸ਼ਨਾਂ ਵਿਚ ਬਹੁਤ ਸੋਹਣਾ ਡਰੰਮ ਵਜਾਉਂਦਾ। ਸਰਦਾਰੇ ਦੀ ਮਾਂ ਵੀ ਪੁੱਤ ਦੇ ਜਮਾਤੀ "ਮਿੰਦੀ " ਨੂੰ ਡਾਹਢਾ ਪਿਆਰ ਕਰਦੀ। ਕਦੇ ਰੋਟੀ ਸਰਦਾਰੇ ਵੱਲੇ ਤੇ ਕਦੇ ਮਿੰਦੀ ਵੱਲੇ। ਜਿਸ ਸਾਲ ਰੈਡਕਲਿਫ ਦੀਆਂ ਖਿੱਚੀਆਂ ਲਕੀਰਾਂ ਨਾਲ ਭਾਰਤ-ਪਾਕ ਵੰਡ ਹੋਈ, ਸਾਥੀ ਤੀਸਰੀ ਜਮਾਤੇ ਪੜਦਾ ਪਿਆ ਸੀ। ਉਸਦਾ ਲੰਗੋਟੀਆ ਯਾਰ ਨਵੇਂ ਬਣੇ ਮੁਲਕ ਪਾਕਿਸਤਾਨ ਟੁਰ ਗਿਆ ਸੀ। ਉਸਦੀ ਸਲੇਟ ਮਹਿੰਦਰ ਉਰਫ ਮਿੰਦੀ ਕੋਲ ਰਹਿ ਗਈ ਸੀ ਜਿਸਨੂੰ ਮਿੰਦੀ ਇਸ ਆਸ ਨਾਲ ਕਈ ਵਰੇ ਸਾਂਭ-ਸਾਂਭ ਰੱਖਦਾ ਰਿਹਾ ਕਿ ਜਦੋਂ ਕਦੇ ਸਰਦਾਰਾ ਵਾਪਸ ਆਇਆ ਸਲੇਟ ਉਸਨੂੰ ਮੋੜ ਦੇਵੇਗਾ। ਉਸ ਅੰਦਰਲਾ ਬੱਚਾ ਸੋਚਦਾ ਕਿ ਕਿਸੇ ਨਾ ਕਿਸੇ ਦਿਨ ਸਰਦਾਰ ਆਪਣੀ ਸਲੇਟ ਲੈਣ ਜਰੂਰ ਆਵੇਗਾ। ਇਹ ਤਾਂ ਸਾਥੀ ਨੂੰ ਬਹੁਤ ਚਿਰ ਬਾਅਦ ਪਤਾ ਲੱਗਾ ਕਿ ਉਸਦੇ ਅਤੇ ਸਰਦਾਰੇ ਦੇ ਦਰਮਿਆਨ ਦੂਰੀ ਤਾਂ ਭਾਵੇਂ ਕੁੱਝ ਮੀਲਾਂ ਦੀ ਹੈ ਪਰ ਰੋਕਾਂ ਵਾਲੀਆਂ ਦੀਵਾਰਾਂ ਅਸਮਾਨ ਜਡੇਰੀਆਂ ਸਨ। ਬਚਪਨ ਦਾ ਵਿਛੜਿਆ ਯਾਰ ਸਾਥੀ ਨੂੰ ਸਾਰੀ ਉਮਰਾ ਨਾ ਮਿਲਿਆ, ਬਿਲਕੁਲ ਉਸੇ ਤਰਾਂ ਜਿਵੇਂ ਜਵਾਨੀ ਵੇਲੇ ਦਾ ਵਿਛੜਿਆ ਪਿਆਰ ਮੋਗੇ ਤੋਂ ਹਜ਼ਾਰਾਂ ਮੀਲ ਦੂਰ ਅਹਿਮਦਾਬਾਦ ਜਾ ਵਸਿਆ ਤੇ ਫਿਰ ਕਦੇ ਨਾ ਮਿਲ ਸਕਿਆ। ਸਾਥੀ ਸਾਰੀ ਉਮਰ ਨਾ ਕਦੇ ਸਰਦਾਰੇ ਨੂੰ ਭੁਲਾ ਸਕਿਆ ਤੇ ਨਾਹੀˆ "ਕਰਿਸ਼ਨਾ" ਦੀਆਂ ਯਾਦਾਂ ਨੇ ਉਸਦਾ ਖਹਿੜਾ ਛੱਡਿਆ।

       ਘਰਦੀ ਘੋਰ ਗਰੀਬੀ, ਥੁੜਾਂ ਮਾਰੇ ਪਰਿਵਾਰ ਵਿਚ ਚੱਲਦੀ ਰਹਿੰਦੀ ਮਹਾਂਭਾਰਤ, ਨਿੱਤ ਦਿਹਾੜੇ ਹੁੰਦੀ ਕੁੱਟਮਾਰ, ਬਚਪਨ ਦੇ ਆੜੀ ਦਾ ਵਿਛੋੜਾ, ਮਾੜੀ ਆਰਥਿਕਤਾ ਕਾਰਨ ਅੱਧਵਾਟੇ ਹੀ ਛੁੱਟ ਗਈ ਪੜ੍ਹਾਈ, ਕ੍ਰਿਸ਼ਨਾ ਦੀ ਜੁਦਾਈ ਤੇ ਫੈਕਟਰੀਆਂ ਅੰਦਰ ਹੋਏ ਆਰਥਿਕ ਸ਼ੋਸ਼ਣ ਨੇ ਸਾਥੀ ਨੂੰ ਬਗਾਵਤੀ ਸੁਭਾਅ ਵਾਲਾ ਬਣਾ ਦਿੱਤਾ। ਉਹ ਗੱਲ-ਗੱਲ `ਤੇ ਅੜਨ ਤੇ ਲੜਨ ਲੱਗਿਆ ਸੀ। ਕਵਿਤਾਵਾਂ ਵਿਚੋਂ ਅੱਗ ਨਿਕਲਣੀ ਸ਼ੁਰੂ ਹੋਈ। ਚੁੱਪ ਰਹਿਣੇ ਸੁਭਾਅ ਵਾਲੇ ਸਾਥੀ ਨੇ ਬਗਾਵਤ ਦਾ ਪਹਿਲਾ ਝੰਡਾ "ਜੈ ਭਾਰਤ ਮੈਟਲ ਇੰਡਸਟਰੀਜ਼" ਦੇ ਆਪਣੇ ਮਾਲਕਾਂ ਖਿਲਾਫ ਹੀ ਚੁੱਕ ਲਿਆ ਸੀ ਜਿਥੇ ਸਾਥੀ ਟਰਨਰ ਵਜੋਂ ਕੰਮ ਕਰਦਾ ਸੀ। ਇਸ ਫੈਕਟਰੀ ਵਾਲਿਆਂ ਨੇ ਕਾਮਿਆਂ ਨੂੰ ਨਵੇਂ ਸਾਲ `ਤੇ ਬੋਨਸ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਸਾਥੀ ਨੇ ਮੋਗੇ ਦੀ ਮਸ਼ਹੂਰ ਦੁੱਧ ਫੈਕਟਰੀ ਦੇ ਕਾਮਿਆਂ ਦੀ ਸਲਾਹ ਨਾਲ ਆਪਣੀ ਫੈਕਟਰੀ ਦੇ 150 ਕਾਮਿਆਂ ਨੂੰ ਤਿਆਰ ਕਰਕੇ ਮਾਲਕਾਂ ਖਿਲਾਫ ਸੰਘਰਸ਼ ਵਿੱਢ ਦਿੱਤਾ। ਸਾਥੀ ਦੀਆਂ ਜੋਸ਼ੀਲੀਆਂ ਕਵਿਤਾਵਾਂ ਫੈਕਟਰੀ ਕਾਮਿਆਂ ਵਿੱਚ ਜੋਸ਼ ਭਰਦੀਆਂ :-

ਜਦੋਂ ਤੱਕ ਹਥੇਲੀ `ਤੇ ਸਿਰ ਨਾ ਧਰੋਂਗੇ।

ਮੁਹੱਬਤ ਦੀ ਬਾਜ਼ੀ `ਚ ਯਾਰੋ ! ਹਰੋਂਗੇ।

ਤੁਸੀਂ ਨੱਬੇ, ਅਪਣੇ ਇਹ ਮੁੜਕੇ ਦੇ ਮੋਤੀ

ਦਸਾਂ  ਲੁੱਟਦਿਆਂ ਨੂੰ  ਕਦੋਂ  ਤੱਕ ਜਰੋਂਗੇ?

ਉਹ ਮਹਿਲੀਂ ਬਣੇ ਥੋਡੇ ਹੀਟਰ ਨੇ ਮਘਦੇ,

ਇਹ ਫੁੱਟਪਾਥ ਤੇ ਬੈਠੇ ਕਦੋਂ ਤੱਕ ਠਰੋਂਗੇ।

ਅਮਰ ਸਾਥੀਓ ! ਇਹ ਹੋ ਜਾਊ ਹਿਯਾਤੀ,

ਮਨੁੱਖਤਾ  ਲਈ  ਲੜਦੇ-ਲੜਦੇ  ਮਰੋਂਗੇ।

    ਕਾਮਿਆਂ ਦਾ ਜੋਸ਼ ਠਾਠਾਂ ਮਾਰਨ ਲੱਗਦਾ। ਉਹ ਵਧ -ਵਧ ਕੇ ਨਾਅਰੇ ਮਾਰਦੇ। ਫੈਕਟਰੀ ਦੀਆਂ ਕੰਧਾਂ ਗੂੰਜਣ ਲੱਗਦੀਆਂ। ਫੈਕਟਰੀ ਮਾਲਕਾਂ ਦੇ ਅਲਸ਼ੇਸ਼ਨ ਕੁੱਤੇ ਬਿਸਕੁੱਟ ਖਾਣੇ ਛੱਡ ਡਰਦੇ ਮਾਰੇ ਮੇਮ ਸਾਬ ਦੀ ਬੁੱਕਲ ਵਿਚ ਜਾ ਲੁੱਕਦੇ। ਸਾਥੀ ਦਾ ਦੱਬ ਦਬਾ ਵਧਦਾ ਗਿਆ। ਉਸਦੇ ਮਘਦੇ ਅੰਗਿਆਰਾਂ ਵਰਗੇ ਗੀਤਾਂ ਨੇ ਬੋਨਸ ਵਾਲੀ ਜੰਗ ਜਿੱਤ ਲਈ। ਮਾਲਕਾਂ ਨੇ ਹਥਿਆਰ ਛੁੱਟ ਦਿੱਤੇ ਸਨ।

     ਸੰਨ 1966 ਦੀ ਪੱਤਝੜ ਆਉਂਦਿਆਂ ਹੀ ਸਾਥੀ ਨੇ `ਜੈ ਭਾਰਤ ਮੈਟਲ ਇੰਡਸਟਰੀਜ` ਛੱਡ ਕੇ ਵੈਦ ਤੀਰਥ ਰਾਮ ਕਿਆਂ ਵਾਲੀ ਫੈਕਟਰੀ ਵਿੱਚ ਆ ਹਾਜ਼ਰੀ ਲਾਈ। ਇਹ ਕਿੰਨੇ ਹੀ ਚਿਰ ਤੋਂ ਬੰਦ ਪਈ ਫੈਕਟਰੀ ਸਾਥੀ ਦੇ ਭਰਾ ਅਤੇ ਸੁਰਜੀਤ ਕੁਮਾਰ ਨੇ ਠੇਕੇ `ਤੇ ਲੈਕੇ ਚਾਲੂ ਕੀਤੀ ਸੀ। ਨਿਊ ਭਾਰਤ ਫੈਕਟਰੀ ਵਿਚ ਬਲਦਾਂ ਤੇ ਘੋੜਿਆਂ ਦੀਆਂ ਖੁਰੀਆਂ `ਚ ਲੱਗਦੀਆਂ ਮੇਖਾਂ ਤੇ ਕਾਬਲੇ ਵਗੈਰਾ ਬਣਾਏ ਜਾਂਦੇ ਸਨ। ਇਸ ਫੈਕਟਰੀ ਵਿਚ ਮਾੜੀ ਮੋਟੀ ਜਿਹੀ ਤੁਕਬੰਦੀ ਕਰਨ ਵਾਲੇ ਠਾਣਾ ਸਿੰਘ ਨਾਲ ਸਾਥੀ ਦੀ ਨੇੜਤਾ ਬਣ ਗਈ। ਠਾਣੇ ਨੇ ਉਸਨੂੰ ਮਹਿੰਦਰ ਸਿੰਘ ਤੋਂ "ਮਹਿੰਦਰ ਸਾਥੀ" ਬਣਾ ਦਿੱਤਾ। ਫਾਜ਼ਿਲਕਾ ਵੱਲੀਂ ਦੇ ਇਸ ਠਾਣੇ ਨੇ ਹੀ ਸਾਥੀ ਨੂੰ ਮੁਕਤਸਰ ਨੇੜਲੇ ਭਲਾਈ ਆਣੀਏ ਠਾਣਾ ਸਿੰਘ ਨਾਲ ਮਿਲਾਇਆ ਸੀ।

       ਭਲਾਈਆਣੇ ਆਲੇ ਠਾਣਾ ਸਿੰਘ ਨਾਲ ਹੋਏ ਮੇਲ ਨੇ ‘ਨਿਊ ਭਾਰਤ ਇੰਡਸਟਰੀ" ਨੂੰ ਇਨਕਲਾਬੀਆਂ ਦੇ ਆਉਣ ਜਾਣ ਦਾ ਅੱਡਾ ਬਣਾ ਦਿੱਤਾ। ਇਹਨਾਂ ਦਿਨਾਂ ਵਿਚ ਹੀ ਸਾਥੀ ਦੀ ਲਿਖੀ ਨਜ਼ਮ "ਜਨਮ-ਜਨਮ ਦੇ ਸਾਥੀ ਮੇਰੇ" ਕਵਿਤਾ ਰਿਸਾਲੇ ਵਿਚ ਛਪੀ। ਇਹ ਨਜ਼ਮ ਗੁਰਦੀਪ ਘੋਲੀਏ ਨਾਲ ਨੇੜਤਾ ਪੈਦਾ ਕਰ ਗਈ। ਇਹ ਉਹੀ ਗੁਰਦੀਪ ਘੋਲੀਆ ਸੀ ਜਿਸਨੇ ਗੁਰਪਾਲ ਸਿੰਘ ਪਾਲ ਦਾ ਗਾਇਆ ਬਹੁ-ਚਰਚਿਤ ਗੀਤ "ਪਾਲੀ ਪਾਣੀ ਖੂਹ ਤੋਂ ਭਰੇ" ਲਿਖਿਆ ਸੀ। ਫੇਰ ਤਾਂ ਰਾਜੇਆਣੀਏ ਬੰਤ, ਮਾਣੂਕਿਆਂ ਵਾਲੇ ਚਰਨ ਸਿੰਘ, ਤੇ ਹੋਰ ਕਿੰਨੇ ਹੀ ਰੂਪੋਸ਼ ਨਕਸਲਾਈਟਾਂ ਨਾਲ ਸਾਥੀ ਦਾ ਮੇਲ ਹੋਣ ਲੱਗਾ। ਉਹਨੀ ਦਿਨੀ ਪੰਜਾਬ ਦੀਆਂ ਸੱਥਾਂ ਵਿੱਚ "ਮੁੰਡਿਆਂ-ਖੁੰਡਿਆਂ " ਵਲੋਂ ਹੇਠਲੀ ਉੱਤੇ ਲਿਆਉਣ ਦੀਆਂ ਗੱਲਾਂ ਚੱਲਣ ਲੱਗ ਪਈਆਂ ਸਨ। ਮਾਸਕੋ ਦਾ ਲਾਲ ਚੌਂਕ ਸਾਥੀ ਦੇ ਵੀ ਸੁਪਨਿਆਂ ਵਿਚ ਆਉਣ ਲੱਗਾ। ਕਈ ਰਿਸਾਲੇ ਤੇ ਔਖੀਆਂ-ਔਖੀਆਂ ਸਿਧਾਂਤਕ ਪੁਸਤਕਾਂ ਸਾਥੀ ਕੋਲ ਆਉਣ ਲੱਗੀਆਂ। ਮਾਰਕਸ ਦੀ 'ਦਵੰਦਾਤਮਕ ਭੌਤਿਕਵਾਦ' ਵਾਲੀ ਥਿਉਰੀ ਸਾਥੀ ਦੇ ਦਿਮਾਗ ਵਿਚ ਧੱਸਣ ਲੱਗੀ। ਸਾਥੀ ਨੇ ਫੈਕਟਰੀ ਦੇ ਠੇਕੇਦਾਰ ਬਣੇ ਆਪਣੇ ਭਰਾ ਖਿਲਾਫ ਹੀ ਝੰਡਾ ਚੁੱਕ ਲਿਆ। ਸੀ ਪੀ ਆਈ ਦੇ ਸਰਵਣ ਸਿੰਘ ਸਹਿਗਲ ਤੇ ਵੰਨੀ-ਵੰਨੀ ਦੇ ਹੋਰ ਕਈ ਕਾਮਰੇਡਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਫੈਕਟਰੀ ਦੀ ਲੜਾਈ ਘਰ ਤੱਕ ਪੁੱਜਣੀ ਕੁਦਰਤੀ ਸੀ। ਘਰ ਵਿਚ ਕਲੇਸ਼ ਖੜਾ ਹੋ ਗਿਆ ਪਰ ਸਾਥੀ ਨੇ ਸੰਘਰਸ਼ ਨੂੰ ਪਿੱਠ ਨਾ ਵਿਖਾਈ। ਸਾਥੀ ਨੇ ਇਹ ਘੋਲ ਵੀ ਸ਼ਾਨ ਨਾਲ ਜਿੱਤ ਲਿਆ ਸੀ। ਮੋਗੇ ਦਾ ਇਲਾਕਾ ਉਹਨਾਂ ਦਿਨਾਂ `ਚ ਸਰਗਰਮੀਆਂ ਦਾ ਗੜ ਬਣਿਆ ਹੋਇਆ ਸੀ। ਰੂਪੋਸ਼ ਹੋਏ ਫਿਰਦੇ ਨਕਸਲਬਾੜੀਏ ਮੋਗੇ ਦੀ ਬਾਗ-ਗਲੀ ਵਿਚ ਹਲਵਾਈ ਦਾ ਕੰਮ ਕਰਦੇ ਹਵੇਲਾ ਸਿੰਘ ਦੇ ਡੇਰੇ ਗੁਪਤ ਮੀਟਿੰਗਾਂ ਕਰਦੇ। ਸਾਰਿਆਂ ਦੇ ਨਾਂ ਪਤੇ ਫਰਜੀ ਹੁੰਦੇ, ਕਿਸੇ ਦਾ ਅਜਮੇਰ, ਕਿਸੇ ਦਾ ਬਲਵੀਰ ਕਿਸੇ ਦਾ ਕੁੱਝ ਹੋਰ। ਇੱਕ ਛੇ ਫੁੱਟ ਉੱਚੇ ਲੰਮੇ ਤੇ ਸੱਬਲ ਵਰਗੇ ਜਵਾਨ ਨੂੰ ਸਾਰੇ ਬਾਈ-ਬਾਈ ਆਖਦੇ। ਸਿਰੇ ਦਾ ਦਲੇਰ ਪਰ ਬੇਪਰਵਾਹ। ਸਾਥੀ ਨੂੰ ਬਹੁਤ ਬਾਅਦ ਵਿਚ ਪਤਾ ਲੱਗਾ ਕਿ ਇਹ ਜਾਂਬਾਜ਼ ਲੜਾਕੂ ਇਨਾਮ ਯਾਫਤਾ ਬੰਤ ਰਾਜੇਆਣੀਆ ਸੀ।

       "ਪਤਾ ਹੀ ਨਹੀਂ ਲੱਗਿਆ ਜਮਾਤੀ ਦੁਸ਼ਮਣਾਂ ਦੇ ਸਫਾਏ ਵਾਲੀ ਲਾਈਨ ਕਦੋਂ ਵਿਅਕਤੀਗਤ ਕਤਲਾਂ ਵੱਲ ਮੁੜ ਗਈ। ਲੋਕ ਚੇਤਨਾ ਜ਼ਰੂਰੀ ਸੀ। ਬਹੁਤ ਸਾਰੇ ਲੋਕ ਹਮਦਰਦ ਜਰੂਰ ਸਨ ਪਰ ਉਠਕੇ ਨਾਲ ਨਹੀਂ ਤੁਰੇ। ਜੇ ਕਿਧਰੇ ਕਿਸੇ ਨੌਜਵਾਨ ਦਾ ਪੁਲਸ ਮੁਕਾਬਲਾ ਬਣਾਇਆ ਜਾਂਦਾ ਸੀ ਤਾਂ ਲੋਕ ਸੰਘਰਸ਼ ਨਹੀਂ ਸੀ ਕਰਦੇ। ਪੁਲਸ ਥਾਣੇ ਨਹੀਂ ਸੀ ਘੇਰਦੇ, ਉਲਟਾ ਬੂਹੇ-ਬਾਰੀਆਂ ਬੰਦ ਕਰਕੇ ਖੁਦ ਨੂੰ ਘਰਾਂ ਅੰਦਰ ਬੰਦ ਕਰ ਲੈਂਦੇ ਸਨ।" ਸਾਥੀ ਨੂੰ ਸਾਰਾ ਕੁੱਝ ਯਾਦ ਹੈ ਜਿਵੇਂ ਕੱਲ ਹੀ ਵਾਪਰਿਆ ਹੋਵੇ।

        "ਜ਼ੋਸ਼ ਈ ਸੀ ਜ਼ੋਸ਼ ਸੀ--ਹੋਸ਼ ? ਹੋਸ਼ ਤਾਂ ਹੈ ਈ ਨਹੀਂ ਸੀ। ਉਦੋਂ ਤਾਂ ਆਏਂ ਲੱਗਦਾ ਸੀ ਜਿਵੇਂ ਇਨਕਲਾਬ ਬਰੂੰਹਾਂ ਦੇ ਬਾਹਰ ਖੜਾ ਐ ਤੇ ਬਸ ਤੇਲ ਚੋਅ ਕੇ ਹੀ ਅੰਦਰ ਲੰਘਾ ਲੈਣਾ। ਉਦੋਂ ਨਹੀਂ ਸੀ ਜਾਣਦੇ ਕਿ `ਸਟੇਟ` ਕੋਲ ਬੜੀ ਤਾਕਤ ਹੁੰਦੀ ਹੈ। ਬੇਪਨਾਹ ਵਸੀਲੇ। ਸਾਥੋਂ ਤਾਂ ਜਮਾਤੀ ਦੁਸ਼ਮਣ ਦੀ ਪਛਾਣ ਹੀ ਨਹੀਂ ਹੋਈ। ਅਸੀਂ ਤਾਂ ਸਧਾਰਨ ਹੋਮਗਾਰਡੀਏ ਤੇ ਸਿਪਾਹੀ ਨੂੰ ਈ ਜਮਾਤੀ ਦੁਸ਼ਮਣ ਸਮਝੀ ਗਏ। ਭਲਾ ਇਹ ਦੁਸ਼ਮਣ ਕਿਵੇਂ ਹੋਏ? " ਸਾਥੀ ਨੇ ਜਿਵੇਂ ਲਹਿਰ ਦੇ ਸਮੁਚੇ ਕਾਰਕੁੰਨਾਂ ਨੂੰ ਹੀ ਸੁਆਲ ਕੀਤਾ ਸੀ।

"ਉਦੋਂ ਲੀਡਰਸ਼ਿਪ ਅੱਗੇ ਸੁਆਲ ਨੀ ਰੱਖੇ ? "

      "ਚੱਲਦੀ ਜੰਗ ਵਿਚ ਸੁਆਲ ਨੀ ਕੀਤੇ ਜਾਂਦੇ ਹੁੰਦੇ ਮੁੰਡਿਆ। ਫੇਰ ਉੱਤੋਂ ਵਾਅ ਹੀ ਐਸੀ ਵਗਦੀ ਸੀ, ਸੁਆਲ ਕਰਨ ਵਾਲੇ `ਤੇ ਝੱਟ ਈ ਗਦਾਰੀ ਦਾ ਠੱਪਾ ਲਾ ਦਿੱਤਾ ਜਾਂਦਾ ਸੀ । ਜਦੋਂ ਤਾਈਂ ਸੁਆਲ ਹੋਣ ਲੱਗੇ ਉਦੋਂ ਤੱਕ ਤਾਂ ਲਹਿਰ ਖੱਖੜੀਆਂ ਕਰੇਲੇ ਹੋਗੀ ਸੀ।"

       ਸਾਥੀ ਅੰਦਰ ਜਿਵੇਂ ਯਾਦਾਂ ਦੇ ਵੱਡੇ-ਵੱਡੇ ਬੋਹਲ ਲੱਗੇ ਹੋਣ। ਸਾਥੀ ਦੀਆਂ ਗੱਲਾਂ ਸੁਨਣ ਲਈ ਅਸੀਂ ਫੌਜੀ ਮਾਰਕੀਟ ਵਿਚਲੀ "ਪਾਲ ਸਿੰਘ ਯਾਦਗਾਰੀ ਟਰੱਸਟ" ਦੀ ਲਾਇਬਰੇਰੀ ਜਾਂਦੇ ਜਿਥੇ ਸਾਥੀ ਲਾਇਬਰੇਰੀਅਨ ਵਜੋਂ ਕੰਮ ਕਰਦਾ ਸੀ। ਅਸੀਂ ਸਾਥੀ ਤੋਂ ਨਵੀਆਂ ਲਿਖੀਆਂ ਰਚਨਾਵਾਂ ਦੀ ਸੋਧ ਸੁਧਾਈ ਵੀ ਕਰਵਾਉਂਦੇ। ਲਾਇਬਰੇਰੀ ਜਿਵੇਂ ਨਵੇਂ ਲੇਖਕਾਂ ਲਈ ਵਰਕਸ਼ਾਪ ਹੋਵੇ। ਪੰਜਾਬੀ, ਹਿੰਦੀ ਤੇ ਹੋਰ ਭਾਸ਼ਾਵਾਂ ਦੇ ਕਲਾਸਿਕ ਸਾਹਿਤ ਨਾਲ ਜਾਣ-ਪਛਾਣ ਵੀ ਸਾਥੀ ਨੇ ਹੀ ਕਰਾਈ ਸੀ। ਸਾਹਿਤ ਵਿਚਾਰ ਮੰਚ ਦੀ ਮੀਟਿੰਗ ਵੀ ਇਥੇ ਹੀ ਹੁੰਦੀ ਸੀ ਜਿਸਦਾ ਪ੍ਰਧਾਨ ਸੜਕਨਾਮੇ ਆਲਾ ਬਲਦੇਵ ਸਿੰਘ ਤੇ ਜਨਰਲ ਸਕੱਤਰ ਮਹਿੰਦਰ ਸਾਥੀ ਸੀ। ਇਥੇ ਹੀ ਕੇ ਐਲ ਗਰਗ, ਸਤਿਆ ਪਰਕਾਸ਼ ਉੱਪਲ, ਕਾਮਰੇਡ ਸੁਰਜੀਤ ਗਿੱਲ, ਡਾ: ਸੁਰਜੀਤ ਬਰਾੜ, ਅਸ਼ਵਨੀ ਗੁਪਤਾ, ਨਰਿੰਦਰ ਸ਼ਰਮਾ, ਅਮਰਜੀਤ ਵਰਗੇ ਮੋਗੇ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਪਹਿਲੀ ਵਾਰ ਮਿਲਣ ਦਾ ਸਬੱਬ ਬਣਿਆ ਸੀ।

       ਰੋਡੇ ਕਾਲਜ ਵਿਚੋਂ ਜਦੋਂ ਹੀ ਵਿਹਲਾ ਹੁੰਦਾ, ਸਾਥੀ ਦੀ ਲਾਇਬਰੇਰੀ ਵੱਲ ਸ਼ੂਟ ਵੱਟ ਲੈਂਦਾ। ਸਾਥੀ ਨਾਗਮਣੀ, ਆਰਸੀ, ਦ੍ਰਿਸ਼ਟੀ, ਸਿਰਜਣਾ ਤੇ ਹਿੰਦੀ ਦੇ ਸਾਰਿਕਾ ਵਰਗੇ ਮੈਗਜ਼ੀਨਾਂ ਦੇ ਪੁਰਾਣੇ ਅੰਕ ਪੜ੍ਹਨ ਨੂੰ ਦਿੰਦਾ। ਅਸੀਂ ਦੇਸੀ-ਵਿਦੇਸ਼ੀ ਸਾਹਿਤ ਦੀਆਂ ਗੱਲਾਂ ਕਰਦੇ। ਪਿੰਡ ਦੀ ਸਰਪੰਚੀ ਤੋਂ ਗੋਰਬਾਚੇਵ ਤੱਕ ਦੀ ਰਾਜਨੀਤੀ ਨੂੰ ਰਿੜਕਿਆ ਜਾਂਦਾ। ਸਾਥੀ ਗਲੋਟੇ ਵਾਂਗ ਉਧੜਦਾ ਚਲਾ ਜਾਂਦਾ। ਨਕਸਲਬਾੜੀ ਦੌਰ ਬਾਰੇ ਕੀਤੀਆਂ ਗੱਲਾਂ ਨਾਵਲਾਂ-ਕਹਾਣੀਆਂ ਨਾਲੋਂ ਵੀ ਰੌਚਿਕ ਲੱਗਦੀਆਂ।

        ਸਾਲ 1971 ਦੇ ਗਣਤੰਤਰ ਆਲੇ ਦਿਹਾੜੇ ਮੁੰਡਿਆਂ ਨੇ ਅਜੈਬ ਸਿਹੁੰ ਕੋਕਰੀ ਦਾ ਕਤਲ ਕਰ ਦਿੱਤਾ। ਸਮਝਿਆ ਜਾਂਦਾ ਸੀ ਕਿ ਇਸੇ ਨੇ ਹੀ ਸਾਂਡਰਸ ਕਤਲ ਕੇਸ ਵਿੱਚ ਭਗਤ ਸਿੰਘ ਤੇ ਸਾਥੀਆਂ ਖ਼ਿਲਾਫ ਗਵਾਹੀ ਦਿੱਤੀ ਸੀ। ਪੁਲਸ ਦਾ ਖਾਸ ਬੰਦਾ ਹੋਣ ਕਰਕੇ ਉਸਦੇ ਕਤਲ ਨੇ ਪੁਲਸ ਸਫਾਂ ਵਿਚ ਹਲਚਲ ਜਿਹੀ ਮਚਾ ਦਿਤੀ। ਫੜੋ ਫੜੀ ਸ਼ੁਰੂ ਹੋ ਗਈ। ਪੁਲਸ ਨੇ ਫਰਵਰੀ ਦੇ ਸ਼ੁਰੂ `ਚ ਹੀ 66 ਬੰਦੇ ਧਰ ਲਏ। ਸਾਥੀ ਨੇ ਉਦੋਂ ਨਿਹੰਗਾਂ ਦੇ ਕਹਿਣ ਵਾਂਗ ਪਹਿਲੀ ਵਾਰ "ਸਹੁਰੇ" ਵੇਖੇ ਸਨ।

"ਕੀ ਨਾਂ ਉਏ ਤੇਰਾ ਮਹਿੰਗੇ ਜਿਏ ਰੰਗ ਆਲਿਆ ?" ਢਿੱਡਲ ਮੁਨਸ਼ੀ ਨੇ ਰੋਜਨਾਮਚੇ ਆਲਾ ਵਹੀ ਖਾਤਾ ਖੋਲਦਿਆਂ ਪੁੱਛਿਆ ਸੀ ।

"ਮਹਿੰਦਰ ਸਾਥੀ! "

"ਮਹਿੰਦਰ ਸਾਥੀ ? ਥੋਡੇ ਤਾਂ ਨਾਵਾਂ ਦੇ ਮੂਹਰੇ ਸਾਥੀ ਲੱਗਾ ਹੁੰਦਾ ਆਹ ਕੀ ਕਹਿੰਦੇ : ਸਾਥੀ ਰਵੇਲ ਸਿੰਹੁ, ਸਾਥੀ ਸੁਹੇਲ ਸਿਹੁੰ, ਸਾਥੀ ਫਲਾਣਾ ਸਿਹੁੰ, ਸਾਥੀ ਢਿਮਕਾ ਸਿਹੁੰ। ਤੂੰ ਆਹ "ਸਾਥੀ "ਨੂੰ ਮਗਰ ਲਾਈ ਫਿਰਦੈਂ। ਇਹ ਮਾਜਰਾ ਕੀ ਐ ?"

"ਸ਼ਾਇਰ ਐ। ਕਵਿਤਾਵਾ-ਕਵਿਤੂਵਾਂ ਝਰੀਟਦਾ। ਤੇਰੇ ਨ੍ਹੀ ਸਮਝ ਆਉਣੀਆਂ।" ਦੂਰੋਂ ਤੁਰੇ ਆਉਂਦੇ ਗਿੱਟਲ ਠਾਣੇਦਾਰ ਨੇ ਸਾਥੀ ਦੇ ਜੁਆਬ ਤੋਂ ਪਹਿਲਾਂ ਹੀ ਮੁਨਸ਼ੀ ਨੂੰ ਸਮਝਾ ਦਿੱਤਾ ਸੀ।

"ਕੀ ਲਿਖਦੈ ਹੁੰਨੈ ?"

"ਕਵਿਤਾਵਾਂ ਵੀ, ਰੁਬਾਈਆਂ ਵੀ, ਗ਼ਜ਼ਲ਼ਾਂ ਵੀ, ਗੀਤ ਵੀ !"

"ਕਿਹੋ ਜੀਐਂ ਲਿਖਦੈਂ ? ਮਤਬਲ ਫਿਲਮੀ ਕਿ ਮਰਾੜਾਂ ਆਲੇ ਮਾਨ ਅਰਗੇ ?" ਥਾਣੇਦਾਰ ਦੀ ਬੈਂਤ ਮੇਜ਼ `ਤੇ ਗੋਲ ਗੋਲ ਘੁੰਮੀ ਸੀ।

"ਐਵੇਂ ਰੁਮਾਂਟਿਕ ਜਿਏ ਸ਼ੇਅਰ ਲਿਖਦੈ ਹੁੰਨੈ। ਇਸ਼ਕ-ਮੁਸ਼ਕ ਆਲੇ।" ਦਰਅਸਲ ਸਾਥੀ ਵੱਧ ਤੋਂ ਵੱਧ ਸਮਾਂ ਗੱਲਾਂਬਾਤਾਂ ਵਿਚ ਲੰਘਾਉਣਾ ਚਾਹੁੰਦਾ ਸੀ। ਪੁਲਸੀਆਂ ਦੀ `ਆਉ ਭਗਤ` ਤੋਂ ਬਚਣ ਲਈ ਸਾਥੀ ਦੀ ਇਹ ਵੀ ਇਕ "ਸਟਰੈਟਜੀ" ਸੀ।

"ਸੁਣਾ ਫਿਰ ਕੋਈ ਚੋਂਦਾ-ਚੋਂਦਾ ਜਿਹਾ ਸ਼ੇਅਰ, ਪਤਾ ਲੱਗੇ ਤੇਰੀ ਸ਼ਾਇਆਰੀ ਦਾ।" ਥਾਣੇਦਾਰ ਨੇ 'ਸ਼ਾਇਰੀ` ਨੂੰ ਘੋਟ ਕੇ ਬੋਲਿਆ ਸੀ।

ਮੌਕਾ ਤਾੜਦਿਆਂ ਸਾਥੀ ਨੇ ਕਿਸੇ ਵਕਤ `ਕ੍ਰਿਸ਼ਨਾ` ਦੀ ਯਾਦ ਵਿਚ ਲਿਖੀ ਗ਼ਜ਼ਲ ਦੇ ਸ਼ੇਅਰ ਛੋਹ ਲਏ :-

ਤੇਰਾ ਹੁਸਨ ਖੜਾ ਇਸ ਪਾਰ

ਮੇਰਾ ਇਸ਼ਕ ਖੜਾ ਉਸ ਪਾਰ

ਕਾਤਲ ਰਸਮਾਂ ਦੀ ਝਨਾਂਅ

ਸ਼ੂਕੇ ਪਈ ਆਪਣੇ ਵਿਚਕਾਰ।

"ਸਾਲਿਆ ਰੁਮਾਂਟਿਕ ਦਿਆ, ਆਹ ਇਸ਼ਕ-ਮੁਸ਼ਕ ਆਲਾ ਸ਼ੇਅਰ ਐ ? ਆਹ ਕਾਤਲ ਕੀਹਨੂੰ ਕਿਹਾ ?"

ਸਾਥੀ ਨੇ ਭਾਰੇ-ਭਾਰੇ ਸਿਧਾਂਤਕ ਤੇ ਕਾਮਰੇਡੀ ਸ਼ਬਦ ਵਰਤ ਕੇ ਥਾਣੇਦਾਰ ਨੂੰ ਬਥੇਰਾ ਸਮਝਾਇਆ ਪਰ "ਸਾਹਬ ਬਹਾਦਰ" ਜੀਆਂ ਨੂੰ ਤਾਂ ਸਾਥੀ ਦੇ ਸਿੱਧੇ-ਪੱਧਰੇ ਸ਼ੇਅਰ ਵਿਚੋਂ ਵੀ ਕਿਸੇ ਵੱਡੀ ਬਗਾਵਤ ਦੀ ਬੂ ਆਈ ਸੀ।

"ਸਾਲਿਆ ਰਾਣੀ ਖਾਂ ਦਿਆ! ਪੰਜਾਬ ਆਲੀ ਪੁਲਸ ਨੂੰ ਤੂੰ ਪਾਗਲ ਸਮਝਦੈਂ ? ਸਾਨੂੰ ਸਾਰਾ ਪਤਾ ਤੂੰ ਕਿਹੜੇ ਟੇਸ਼ਣ ਤੋਂ ਬੋਲਦੈਂ।"

"ਨਹੀਂ ਜਨਾਬ! ਤੁਸੀਂ ਤਾਂ ਐਨੇ ਰਹਿਮ ਦਿਲ ਅਫਸਰ ਓਂ, ਥੋਨੂੰ ਭਲਾ ਕੋਈ ਕਾਤਲ ਕਿਵੇਂ ਆਖਦੂ ?"

"ਐਮੀ ਫੁੱਦੂ ਨਾ ਬਣਾ, ਸਾਨੂੰ ਕਿਤੇ ਪਤਾ ਨ੍ਹੀ ਵਈ ਕਾਤਲ ਕੌਣ ਐ ?" ਆਖਦਿਆਂ ਥਾਣੇਦਾਰ ਨੇ 'ਮਾਣ–ਤਾਣ' ਕਰਨ ਲਈ ਸਾਥੀ ਨੂੰ ਸਿਪਾਹੀਆਂ ਹਵਾਲੇ ਕਰ ਦਿੱਤਾ ਸੀ।

       ਪੁਲਸੀਏ ਵਾਰ ਵਾਰ ਉਸਤੋਂ ਬੰਤ ਰਾਜੇਆਣੀਏ ਬਾਰੇ ਪੁੱਛਦੇ ਰਹੇ। ਸਾਥੀ ਕੀ ਦੱਸਦਾ ? ਥਾਣੇਦਾਰ ਮੁਕਾਬਲਾ ਬਣਾ ਦੇਣ ਅਤੇ ਅਜੈਬ ਸਿੰਘ ਕੋਕਰੀ ਵਾਲੇ ਦੇ ਕਤਲ ਕੇਸ ਵਿਚ ਧਰ ਲੈਣ ਦੇ ਡਰਾਵੇ ਦਿੰਦਾ ਰਿਹਾ। ਸਾਥੀ ਵਾਰ ਵਾਰ ਕਹਿੰਦਾ ਰਿਹਾ ਕਿ ਉਸਨੂੰ ਇਸ ਐਕਸ਼ਨ ਬਾਰੇ ਕੁੱਝ ਪਤਾ ਨਹੀਂ। ਸਾਥੀ ਆਖਦਾ ਵੀ ਠੀਕ ਸੀ ਕਿਉਂ ਕੇ ਬਹੁਤੇ ਕਾਡਰ ਨੂੰ ਕਿਸੇ ਐਕਸ਼ਨ ਬਾਰੇ ਤਾਂ ਕੀ ਨਾਲਦੇ ਸਾਥੀਆਂ ਦੇ ਅਸਲੀ ਨਾਵਾਂ ਬਾਰੇ ਵੀ ਪਤਾ ਨਹੀਂ ਸੀ ਹੁੰਦਾ।

        ਮਹਿੰਦਰ ਸਾਥੀ ਦੇ ਫੜੇ ਸਾਰੇ ਸਾਥੀ ਹਵਾਲਾਤ ਦੇ ਠੰਡੇ ਫਰਸ਼ `ਤੇ ਹੀ ਰਾਤ ਕੱਟਦੇ। ਇੱਕ ਦਿਨ ਅੱਕੇ ਥਾਣੇਦਾਰ ਨੇ ਕੁੱਝ ਜ਼ਿਆਦਾ ਹੀ ਕੇੜਾ ਚਾੜ ਦਿੱਤਾ। ਉਸ ਦਿਨ ਸ਼ਾਇਦ ਉਪਰੋਂ ਕੁੱਝ ਜਿਆਦਾ ਹੀ ਲਾਹ-ਪਾਹ ਹੋਈ ਹੋਵੇ। ਅਖਬਾਰਾਂ ਵਿਚ ਕੋਕਰੀ ਕਤਲ ਕਾਂਡ ਛਾਇਆ ਪਿਆ ਸੀ। ਅਜੈਬ `ਤੇ ਹਮਲਾ ਕਰਨ ਵਾਲੇ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਸਨ ਆਏ ਜਿਸ ਕਰਕੇ ਉੱਚ ਅਫਸਰਾਂ ਦੀ ਕਿਰਕਿਰੀ ਹੋਈ ਪਈ ਸੀ। ਬੇਇਜ਼ਤੀ ਦੀ ਰੇਲ ਨੇ ਉਪਰੋਂ ਚੱਲਕੇ ਥਾਣੇਦਾਰ ਤੇ ਆਖੀਰ ਮੁਨਸ਼ੀ ਕੋਲ ਆਕੇ ਬਰੇਕ ਮਾਰੀ ਸੀ। ਉਸ ਰਾਤ ਥਾਣੇਦਾਰ ਦੇ ਹੁਕਮ `ਤੇ ਫੜੇ ਗਏ ਸਾਰੇ ਬੰਦਿਆਂ ਦੇ ਲੀੜੇ ਲੁਹਾ ਦਿੱਤੇ ਗਏ। ਤੇੜ ਕੇਵਲ ਡੋਕਲ ਜਿਹੇ ਕੱਛੇ ਹੀ ਰਹਿ ਗਏ। ਪੋਹ ਦੇ ਅਖੀਰਲੇ ਪੱਖ ਦੀ ਹੱਡ ਚੀਰਵੀਂ ਠੰਡ ਸਾਥੀ ਵਰਗਿਆਂ ਦੇ 'ਗਰੀਬੜੇ` ਹੱਡਾਂ ਵਿਚ ਮਧਾਣੀ ਚੀਰਾ ਪਾਈ ਤੁਰੀ ਜਾਂਦੀ ਸੀ। ਥਾਣੇਦਾਰ ਹਵਾਲਾਤ ਦੀ ਬਿਲਕੁਲ ਸਾਹਮਣੀ ਬੈਰਕ ਵਿਚ ਮੋਟੇ-ਮੋਟੇ ਲੋਗੜ ਵਾਲੀਆਂ ਦੋ ਰਜਾਈਆਂ ਜੋੜੀ ਪਿਆ ਸੀ। ਕੰਨਾਂ ਦਾ ਬੜਾ ਪਤਲਾ ਹੋਣ ਕਰਕੇ ਮਾੜੀ ਜਿਹੀ ਬਿੜਕ `ਤੇ ਹੀ ਕੰਨ ਚੁੱਕ ਲੈਂਦਾ ਸੀ।

"ਜੇ ਕੱਪੜਾ ਉੱਤੇ ਲਿਆ ਤਾਂ ਵੇਖਿਓ !" ਤੇ ਥਾਣੇਦਾਰ ਨੇ ਨਾਲ ਦੀ ਨਾਲ ਰਾਤ ਦੀ ਡਿਊਟੀ ਵਾਲੇ ਹੋਮਗਾਰਡੀਏ ਨੂੰ ਹੋਕਰਾ ਮਾਰ ਦਿੱਤਾ ਸੀ,

"ਉਏ ਪਾਨਿਆ ! ਕੰਜਰ ਦਿਆ ਕੰਜਰਾ -- ਖਿਆਲ ਰੱਖੀਂ, ਕੋਈ ਲੀੜਾ ਕੱਪੜਾ ਜਾਂ ਟਾਟ ਬੋਰੀ ਨਾ ਲੈਣ ਉੱਤੇ।"

"ਜੀ ਜਨਾਬ !" ਆਖਦਿਆਂ ਸੰਤਰੀ ਡੰਡਾ ਖੜਕਾਉਂਦਾ ਸੀਖਾਂ ਕੋਲ ਆ "ਸਿੱਧੇ ਹੋਜੋ ਸਿੱਧੇ " ਦਾ ਹੁਕਮ ਚਲਾਉਣ ਲੱਗ ਪਿਆ ਸੀ।

        ਵਕਤ ਦੀਆਂ ਮਾਰਾਂ ਦਾ ਝੰਬਿਆਂ ਸਾਥੀ ਦਾ ਪਤਲ ਚੰਮਾ ਸਰੀਰ ਠੰਡ ਨਾਲ ਆਕੜਿਆ ਜਾਂਦਾ ਸੀ। ਇਸ ਮੌਕੇ `ਤੇ ਸੇਖੇ ਵਾਲਾ ਦਸ ਨੰਬਰੀਆ ਮਲਕੀਤ ਸਿੰਘ ਰੱਬ ਬਣਕੇ ਬਹੁੜਿਆ ਸੀ। ਉਸਦੇ ਸਿਰ `ਤੇ ਇਰਾਦਾ ਕਤਲ ਅਤੇ ਕਤਲ ਵਰਗੇ ਕਈ ਖਤਰਨਾਕ ਕੇਸ ਸਨ। ਜਦੋਂ ਹੀ ਬੈਰਕ ਵਿਚੋਂ ਥਾਣੇਦਾਰ ਦੇ ਘੁਰਾੜਿਆਂ ਦੀ ਚੱਕੀ ਚੱਲਣ ਲੱਗੀ, ਮਲਕੀਤ ਨੇ ਆਪਣੇ ਆਲਾ ਭਾਰਾ ਕੰਬਲ ਠੁਰ-ਠੁਰ ਕਰਦੇ ਸਾਥੀ `ਤੇ ਇਹ ਕਹਿੰਦਿਆਂ ਪਾ ਦਿੱਤਾ, "ਸਾਡੇ ਵਰਗੇ ਲੜੇ ਲੰਡੇ ਬਦਮਾਸ਼ਾਂ ਦਾ ਕੀ ਐ ? ਥੋੜੀਆਂ ਜਾਨਾਂ ਬਾਹਲੀਆਂ ਕੀਮਤੀ ਐ। "

        ਸੱਚਮੁਚ ਜੇਕਰ ਉਸ ਰਾਤ ਸੇਖੇ ਵਾਲੇ ਮਲਕੀਤ ਵਰਗਾ ਬਦਮਾਸ਼ ਕੁਰਬਾਨੀ ਨਾ ਕਰਦਾ ਤਾਂ ਪੰਜਾਬੀ ਸਾਹਿਤ ਖਾਸ ਕਰ ਇਨਕਲਾਬੀ ਸਾਹਿਤ ਨੂੰ ਬੜਾ ਵੱਡਾ ਘਾਟਾ ਪੈ ਜਾਂਦਾ। " ਮਿਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਚੱਕਣਾ ਜਦੋਂ ਤੱਕ ਰਾਤ ਬਾਕੀ ਹੈ" ਵਰਗੀ ਸ਼ਾਹਕਾਰ ਰਚਨਾ ਨਮੂੰਨੀਏ ਦੀ ਭੇਟ ਚੜ ਜਾਣੀ ਸੀ। ਸਾਥੀ ਜਿੰਦਾ ਰਿਹਾ, ਸਾਥੀ ਨੇ ਜਿੰਦਾ ਹੀ ਰਹਿਣਾ ਸੀ ਕਿਉਂਕੇ ਅੱਗੇ ਚੱਲਕੇ ਉਸਨੇ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਵਾਲੇ ਸ਼ੇਅਰਾਂ ਦੀ ਸਿਰਜਣਾ ਕਰਨੀ ਸੀ।

"ਸਾਥੀ ਸਾਬ ਪੁਲਸ ਨੇ ਕੁੱਟਿਆ ਤਾਂ ਹੋਊ, ਕਿ ਨਹੀਂ ? "

ਸਾਡੀ ਪੁੱਛ `ਤੇ ਸਾਥੀ ਫੁੱਲਝੜੀ ਵਾਂਗ ਖਿੜ ਖਿੜਾਇਆ ਸੀ,

"ਕੁੱਟਣਾ ਤਾਂ ਸੀਗਾ ਈ, ਹੋਰ ਉਥੇ ਮੈਂ ਭੂਆ ਕੋਲੇ ਗਿਆ ਸੀ।"

      ਇੱਕ ਦਿਨ ਥਾਣੇਦਾਰ ਸਾਥੀ ਹੋਰਾਂ `ਤੇ ਦੰਦੀਆਂ ਕਰੀਚਣ ਲੱਗਾ, "ਆਹ ਜਿਹੜਾ ਤੁਸੀਂ ਕੰਧਾਂ ਲਾਲ ਕੀਤੀਆਂ ਪਈਆਂ ਨਾਅਰੇ ਲਿਖ-ਲਿਖਕੇ ਅਖੇ ਇਨਕਲਾਬ ਬੰਦੂਕ ਦੀ ਨਾਲੀ `ਚੋਂ ਨਿਕਲਦਾ ਐ, ਪੁੱਤ ਮੇਰਿਓ ਇਨਕਲਾਬ ਦਾ ਤਾਂ ਪਤਾ ਨਹੀਂ ਕਿਥੋਂ ਨਿਕਲੂ-ਕਦੋਂ ਨਿਕਲੂ -ਕਿਵੇਂ ਨਿਕਲੂ। ਖੌਰੇ ਨਿਕਲੂ ਵੀ ਕਿ ਵਿੱਚੇ ਰਹਿਜੂ ਪਰ ਮੈਂ ਥੋਡੇ ਢਿੱਡਾਂ `ਚੋਂ `ਮਾਓ ਜਰੂਰ ਕੱਢੂੰ।"

      ਹਿਰਾਸਤ ਦੇ ਉਹਨੀਂ ਦਿਨੀ ਥਾਣੇਦਾਰ ਤੇ ਉਸਦੀ ਪੁਲਸ ਸਾਥੀ ਵਰਗਿਆਂ ਦੇ ਢਿੱਡ ਵਿੱਚੋˆ "ਮਾਓ" ਕੱਢਣ ਲਈ ਚਾਰਾ ਮਾਰਦੀ ਰਹੀ "ਸ਼ੈਅਰਾ ! ਲੈ ਅੱਜ ਤੋਂ ਬਾਅਦ ਤੈਨੂੰ ਨੀ ਹੱਥ ਲਾਉਂਦੇ, ਪਰ ਇੱਕ ਗੱਲ ਸਮਝਾਦੇ, ਆਹ ਸਾਲਾ ਐਨਕਲਾਬ-ਉਨਕਲਾਬ ਹੈ ਕਿਹੜੀ ਸ਼ੈਅ ਦਾ ਨਾਂ ? " ਇੱਕ ਦਿਨ ਹੌਲਦਾਰ ਨੇ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਸਾਥੀ ਨੂੰ ਪੁੱਛਿਆ ਸੀ।

      "ਜਦੋਂ ਪਰੋਲੋਤਾਰੀ ਜਮਾਤ ਇੱਕਮੁਠ ਹੋਕੇ ਬੁਰਜ਼ਆਜ਼ੀ ਦੇ ਖਿਲਾਫ਼ ਵਿਦਰੋਹ ਕਰ ਉੱਠਦੀ ਐ, ਉਦੋਂ ਇੱਕ ਵਾਰ ਤਾਂ ਆਰਾਜਕਤਾ ਦਾ ਮਾਹੌਲ ਬਣ ਜਾਂਦਾ। ਸਟੇਟ ਪਰੋਲੋਤਾਰੀਆਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਤਰਾਂ ਦਾ ਤਾਰੀਕਾ ਅਪਨਾਉਂਦੀ ਹੈ। ਸਟੇਟ ਇੱਕ ਤਰ੍ਹਾਂ---।"

"ਬੱਸ ----ਬਾ---ਸ। ਹੁਣ ਭਾਸ਼ਣ ਨਾ ਕਰਨ ਲੱਗਜੀਂ। ਇਹ ਪੁਲਸ ਥਾਣਾ ਐ, ਬਿਜਲੀ ਬੋਰਡ ਜਾਂ ਰੋਡਵੇ ਆਲੇ ਮੁਲਾਜ਼ਮਾਂ ਦਾ ਜਲਸਾ ਨੀ। ਤੈਨੂੰ ਤਾਂ ਐਨਾ ਪੁੱਛਿਆ ਵਈ ਇਹ ਭੈਣਨਾ -- ਐਨਕਲਾਬ ਹੈ ਕੀ ਚੀਜ਼ ਜੀਹਨੇ ਸਾਲੀ ਸਾਰੀ ਪੁਲਸ ਨੂੰ ਟਿੰਡੀ ਆਲੇ ਬੀਅ `ਤੇ ਚੜਾਇਆ ਪਿਆ।" ਹੌਲਦਾਰ ਨੇ ਸਾਥੀ ਦੀ ਗੱਲ ਵਿਚਾਲਿਓਂ ਹੀ ਟੋਕ ਦਿੱਤੀ ਸੀ।

      "ਜਨਾਬ ਉਹੀ ਤਾਂ ਦੱਸੀ ਜਾਨੈ। ਹੁਣ ਸਟੇਟ ਦਾ ਖਾਸਾ ਈ ਹੁੰਦਾ ਹਰ ਲਹਿਰ ਨੂੰ ਡੰਡੇ ਦੇ ਜੋਰ `ਤੇ ਦਬਾਉਣਾ। ਸਟੇਟ ਆਪਣਾ ਦਮਨ ਚੱਕਰ ਚਲਾਉਂਦੀ ਐ ਪਰ ਮਿਹਨਤਕਸ਼ ਜਮਾਤ ਦੀ ਏਕਤਾ ਅੱਗੇ ਪੂੰਜੀਵਾਦ ਦੀ ਪਾਲਕ ਸਟੇਟ ਨੂੰ ਗੋਡੇ ਟੇਕਣੇ ਪੈਂਦੇ ਨੇ। ਬੁਰਜ਼ਆਜੀ ਦਾ ਅਜਿੱਤ ਜਾਪਦਾ ਕਿਲਾ ਢਹਿ ਢੇਰੀ ਹੋ ਜਾਂਦਾ ਹੈ। ਕਿਰਤੀਆਂ ਦੀ ਜਿੱਤ ਹੁੰਦੀ ਹੈ। ਲੁੱਟ ਆਧਾਰਿਤ ਨਿਜ਼ਾਮ ਦਾ ਖਾਤਮਾ ਹੋ ਜਾਂਦਾ ਹੈ । ਕਿਰਤੀਆਂ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਂਦੀ ਹੈ । ਕਿਰਤੀ ਜਮਾਤ ਆਪਣੀ ਤਕਦੀਰ ਆਪ ਘੜਦੀ ਐ।"

"ਤੇਰੀ ਹਾਅ ਸੰਸਕ੍ਰਿਤ ਜਿਈ ਮੇਰੇ ਤਾਂ ਪੱਲੇ ਨ੍ਹੀ ਪਈ। ਜੇ ਸਾਲਾ ਐਨਾ ਦਮਾਗ ਹੁੰਦਾ ਤਾਂ ਕਿਸੇ ਯੂਨੀਬਰੱਸਟੀ ਵਿਚ ਪਰੂਫੈਅਸਰ ਲੱਗੇ ਹੁੰਦੇ, ਆਹ ਕਸਾਈਆਂ ਆਲੇ ਕਿੱਤੇ ਅੱਲੀਂ ਨ੍ਹੀ ਸੀ ਆਉਂਦੇ। ਪੰਜਾਬ ਆਲੀ ਪੁਲਸ ਨੂੰ ਤਾਂ ਪੰਜਾਬੀ `ਚ ਸਮਝਾ। ਜਮਾਂ ਠੇਠ ਪੇਂਡੂ ਭਾਸ਼ਾ `ਚ ।"

"ਜਦੋਂ ਹੇਠਲੀ ਉੱਤੇ ਆਜੇ, ਉਹਨੂੰ ਕਹਿੰਦੇ ਆ ਇਨਕਲਾਬ।"

"ਹਾਂਅ ! ਆਹ ਹੋਈ ਨਾ ਗੱਲ ; ਐਵੇਂ ਡੂਢ ਘੰਟੇ ਤੋਂ ਛੱਡੀ ਜਾਨੈ ਉੱਘ ਦੀਆਂ ਪਤਾਲ।" ਸਾਥੀ ਨੇ ਹੌਲਦਾਰ ਦੇ ਸਮਝ ਆ ਜਾਣ `ਤੇ ਸੰਤੁਸ਼ਟੀ ਦਾ ਲੰਮਾ ਸਾਹ ਲਿਆ ਸੀ।

"ਮੈਂ ਵੀ ਲਿਖ ਲੈਨਾ ਹੁੰਨਾ ਸ਼ੇਅਰ -ਸ਼ੂਅਰ ਜਿਏ। ਸੁਣਾਊਂ ਤੈਨੂੰ ਕਿਸੇ ਦਿਨ।" ਹੌਲਦਾਰ ਨੇ ਆਵਦੇ ਕਵੀ ਹੋਣ ਦਾ ਖੁਲਾਸਾ ਕਰ ਦਿੱਤਾ ਸੀ ।

"ਕਿਸੇ ਦਿਨ ਕਿਉਂ------ਅੱਜ ਈ ਸੁਣਾ। ਫੇਰ ਕੀਹਨੇ ਵੇਖਿਆ ? ਚੱਕ ਦੇ ਫੱਟੇ। ਲਾ ਲੈਨੇ ਆਂ ਐਥੇ ਈ ਕਵੀ ਦਰਬਾਰ।"

ਫਿਰ ਕਈ ਦਿਨ ਕਵੀ ਦਰਬਾਰ ਲੱਗਦਾ ਰਿਹਾ। ਹੌਲਦਾਰ ਦੀਆਂ ਕਵਿਤਾਵਾਂ ਨੇ ਸਾਥੀ ਨੂੰ ਕੁੱਟ ਤੋਂ ਬਚਾਈ ਰੱਖਿਆ ਸੀ। ਫੇਰ ਤਾਂ ਚੱਲ ਸੋ ਚੱਲ। ਹੁੰਗਾਰਾ ਭਰਨ ਲਈ ਵਿਚ-ਵਿਚ ਸਾਥੀ ਆਪਣਾ ਕੋਈ ਸ਼ੇਅਰ ਵੀ ਸੁਣਾ ਦਿੰਦਾ ਸੀ,

ਜੀ ਚਾਹੁੰਦਾ ਹੈ ਬਦਲ ਦੇਵਾਂ ਏਸ ਸਮਾਜ ਨੂੰ।

ਤੇਰੇ ਸਾਥ ਦੀ ਲੋੜ ਹੈ ਮੇਰੇ ਜ਼ਹਾਦ ਨੂੰ।

     ਵਾਹ ! ਵਾਹ !! ਆਖਦਿਆਂ ਹੌਲਦਾਰ ਆਪਣੇ ਇਸ਼ਕੀਆਂ ਕਿਸਮ ਦੇ ਥਰਡ ਕਲਾਸ ਸ਼ੇਅਰ ਸੁਣਾ ਦਿੰਦਾ। ਉਸਦਾ ਤਾਂ ਜਿਵੇਂ ਕੜ ਹੀ ਪਾਟ ਗਿਆ ਸੀ। ਛੇਤੀ ਹੀ ਸਾਥੀ ਨੂੰ ਮਹਿਸੂਸ ਹੋ ਗਿਆ ਕਿ ਹੌਲਦਾਰ ਦੇ ਸ਼ੇਅਰ ਸੁਨਣ ਨਾਲੋਂ ਕੁੱਟ ਖਾਣੀ ਕਿਤੇ ਸੌਖੀ ਤੇ ਬੇਹਤਰ ਹੈ।

      "ਮਾਰਚ ਮਹੀਨੇ ਬੰਤ ਰਾਜੀਆਣੀਏ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀਆਂ ਖਬਰਾਂ ਆ ਗਈਆਂ। ਬਾਅਦ `ਚ ਪਤਾ ਲੱਗਾ ਕਿ ਉਹ ਫਿਰੋਜਪੁਰ ਆਈ ਟੀ ਆਈ `ਚੋਂ ਫੜਿਆ ਗਿਆ ਸੀ। ਹਰਸ਼ਰਨ ਧੀਦੋ ਉਥੇ ਆਈ ਟੀ ਆਈ ਕਰਦਾ ਸੀ, ਬੰਤ ਉਸੇ ਕੋਲ ਹੀ ਰਹਿ ਰਿਹਾ ਸੀ। ਬੰਤ ਵਾਲੀਵਾਲ ਦਾ ਬਹੁਤ ਚੰਗਾ ਖਿਡਾਰੀ ਸੀ। ਕੱਦ ਆਮ ਨਾਲੋਂ ਕਿਤੇ ਜ਼ਿਆਦਾ। ਰੂਪੋਸ਼ ਰਹਿਣਾ ਬੜਾ ਔਖਾ ਐਹੋ ਜਿਹੇ ਬੰਦੇ ਦਾ। ਬੰਤ ਆਪਣੇ ਅੰਦਰੋਂ ਖੇਡਣ ਵਾਲੀ ਭੁੱਖ ਨਾ ਮਾਰ ਸਕਿਆ ਤੇ ਇਕ ਦਿਨ ਵਾਲੀਵਾਲ ਖੇਡਦਿਆਂ ਹੀ ਫੜਿਆ ਗਿਆ। ਬੰਤ ਦੇ ਸ਼ਹੀਦ ਹੋ ਜਾਣ ਬਾਅਦ ਸਾਡੇ `ਤੇ ਪੁਲਸੀਆ ਜ਼ਬਰ ਬੰਦ ਹੋ ਗਿਆ।" ਮਹਿੰਦਰ ਸਾਥੀ ਬੀਤੇ ਦੀਆਂ ਤੰਦਾਂ ਫੜਨ ਲੱਗਾ ਦੂਰ ਨਿਕਲ ਗਿਆ ਸੀ।

     "ਗੁਰਮੀਤ ਕੇਰਾਂ ਅਸੀਂ ਇਕ ਘਰ ਠਹਿਰੇ ਹੋਏ ਸਾਂ, ਨਾਲਦੇ ਘਰ ਮਿਸਤਰੀ-ਮਜ਼ਦੂਰ ਲੱਗੇ ਹੋਏ ਸਨ। ਉਹ ਆਪਸ ਵਿਚ ਲਹਿਰ ਬਾਰੇ ਗੱਲਾਂ ਕਰ ਰਹੇ ਸਨ। ਕਹਿੰਦੇ , ਮੁੰਡਿਆਂ ਨੇ ਆਪਣੀਆਂ ਜਵਾਨੀਆਂ ਲਾਤੀਆਂ। ਮਾੜਾ ਕੰਮ ਨੀ ਕੀਤਾ ਪਰ ਹਜੇ ਤਿਆਰੀ ਨ੍ਹੀ ਸੀ ਕੀਤੀ। ਕਾਹਲੀ ਕਰਗੇ। ਹਜੇ ਠਹਿਰ ਜਾਂਦੇ ਤਾਂ ਚੰਗਾ ਸੀ। ਐਹੋ ਜਿਹੀਆਂ ਗੱਲਾਂ ਕਰਦੇ ਸੀ ਅਨਪੜ੍ਹ ਲੋਕ, ਬਿਲਕੁਲ ਆਮ ਲੋਕ। ਬਿਨਾਂ ਲੋਕਾਂ ਨੂੰ ਜਥੇਬੰਦ ਕੀਤਿਆਂ, ਬਿਨਾਂ ਕਿਸੇ ਤਿਆਰੀ ਦੇ ਐਡੀ ਵੱਡੀ ਸਟੇਟ ਨਾਲ ਜੰਗ ਵਿੱਢ ਲੈਣੀ ਕਿਵੇਂ ਵੀ ਵਾਜ਼ਬ ਨਹੀਂ ਸੀ। ਹੀਰਿਆਂ ਵਰਗੇ ਕਿੰਨੇ ਹੀ ਟੇਲੈਂਟਡ ਮੁੰਡੇ ਮਰਵਾਲੇ, ਐਵੇਂ ਭੰਗ ਦੇ ਭਾੜੇ।"

      ਫਿਰ ਸਾਥੀ ਲਹਿਰ ਦੇ ਅਸਫਲ ਹੋਣ ਦੇ ਕਾਰਨ ਗਿਣਾਉਣ ਲੱਗਦਾ। ਦੱਸਦਾ ਕਿ ਕਿਵੇਂ ਗੈਰ-ਸਿਧਾਂਤਕ ਤੇ ਲੁਟੇਰੇ ਕਿਸਮ ਦੇ ਫੁੱਕਰੇ ਬੰਦੇ ਲਹਿਰ ਵਿਚ ਘੁਸਪੈਂਠ ਕਰ ਗਏ ਸਨ ।

      "ਮੋਗੇ ਬਾਗ ਗਲੀ ਵਿਚ ਹਵੇਲੇ ਨਾਂ ਦੇ ਹਲਵਾਈ ਦੀ ਦੁਕਾਨ ਹੁੰਦੀ ਸੀ। ਵਾਹਵਾ ਮਸ਼ਹੂਰ ਸੀ ਉਦੋਂ। ਨਿਹੰਗਾਂ ਦਾ ਇਕ ਆਗੂ ਸੰਤਾ ਸਿੰਘ ਇਹਦਾ ਭਰਾ ਸੀ। ਹਵੇਲਾ ਸਿੰਘ ਦਾ ਮਕਾਨ ਸ਼ੇਖਾਂ ਵਾਲੇ ਚੌਂਕ ਵਿਚ ਸੀ। ਹਵੇਲਾ ਵਿਆਹ-ਸ਼ਾਦੀਆਂ `ਤੇ ਹਲਵਾਈ ਦਾ ਕੰਮ ਕਰਦਾ ਸੀ। ਉਸਦੇ ਸ਼ੇਖਾਂ ਆਲੇ ਚੌਂਕ ਵਿਚਲੇ ਚੁਬਾਰੇ `ਚ ਅੰਡਰ ਗਰਾਊਂਡ ਕਾਮਰੇਡ ਇਕੱਠੇ ਹੁੰਦੇ ਸਨ। ਹਵੇਲੇ ਦਾ ਇਕ ਭਰਾ ਰਾਮ ਸਿੰਘ ਬੀ ਏ ਬੀ ਐਡ ਸੀ। ਭਰਾ ਦੀ ਬਦੌਲਤ ਰਾਮ ਸਿੰਘ ਵੀ ਕਾਮਰੇਡਾਂ ਕੋਲ ਬਹਿਣ ਉਠਣ ਲੱਗ ਗਿਆ। ਇਕ ਦਿਨ ਕਿਸੇ ਵਿਆਹ `ਚ ਨਾਲ ਦੇ ਹਲਵਾਈਆਂ ਨੇ ਝਗੜਾ ਹੋਣ `ਤੇ ਹਵੇਲੇ ਨੂੰ ਖੁਰਚਣਿਆਂ ਨਾਲ ਫੈਂਟ ਦਿੱਤਾ। ਬਾਅਦ `ਚ ਉਹਦੀ ਮੌਤ ਹੋਗੀ। ਰਾਮ ਸਿੰਘ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕਿਧਰੋਂ ਹਥਿਆਰ ਲੈ ਆਇਆ। ਦਿਲੋਂ ਉਹ ਲਹਿਰ ਦੇ ਨਾਲ ਨ੍ਹੀ ਸੀ। ਇਨਕਲਾਬੀ ਵਿਚਾਰਧਾਰਾ ਨਾਲ ਵੀ ਉਹਦਾ ਕੋਈ ਲਾਗਾ-ਦੇਗਾ ਹੈਨੀ ਸੀ। ਬੱਸ ਐਵੇਂ ਫੁਕਰਾਪੰਥੀ `ਚ ਈ ਹਥਿਆਰ ਚੱਕੀ ਫਿਰਦਾ ਸੀ। ਲੁੰਪਨ ਕਲਾਸ ਦੇ ਐਹੋ ਜਿਹੇ ਬੰਦਿਆਂ ਨੂੰ ਪਾਰਟੀ `ਚ ਲੈਣਾ ਸਰਾਸਰ ਹੀ ਗਲ਼ਤੀ ਸੀ। ਇਹ ਘਾਤਕ ਸਾਬਤ ਹੋਏ। ਇਹਨਾਂ ਫੂਹੜ ਤੇ ਲੁਟੇਰੇ ਕਿਸਮ ਦੇ ਬੰਦਿਆਂ ਦੀਆਂ ਕਾਰਵਾਈਆਂ ਕਰਕੇ ਸਰਕਾਰ ਨਕਸਲੀਆਂ ਨੂੰ ਬਦਨਾਮ ਕਰਨ ਤੇ ਲੋਕਾਂ ਨਾਲੋਂ ਨਿਖੇੜਨ ਵਿਚ ਕਾਮਯਾਬ ਹੋਈ।"

       ਫਿਰ ਸਾਥੀ ਵਿਛੜ ਗਏ ਆਪਣੇ ਸਾਥੀਆਂ ਨੂੰ ਯਾਦ ਕਰਨ ਲੱਗਦਾ ਹੈ, " ਕੜਿਆਲਵੀ , ਰਾਜੇਆਣੀਏ ਬੰਤ, ਘੋਲੀਏ ਵਾਲੇ ਗੁਰਦੀਪ , ਮਾਣੂਕਿਆਂ ਆਲੇ ਚਰਨ ਵਰਗੇ ਕਿੰਨੇ ਹੀ ਮੁੰਡੇ ਅੱਜ ਵੀ ਮੇਰੀਆਂ ਅੱਖਾਂ ਅੱਗੇ ਤੁਰੇ ਫਿਰਦੇ ਹਨ । ਉਵੇਂ-ਜਿਵੇਂ। ਉਡੂੰ-ਉਡੂੰ ਕਰਦੇ । ਜਾਨ ਤਲੀ `ਤੇ ਰੱਖੀ ਫਿਰਦੇ । ਮੌਤੋਂ ਬੇਪਰਵਾਹ । ਤਖ਼ਤਾ ਪਲਟ ਦੇਣ ਦੀਆਂ ਗੱਲਾਂ ਕਰਦੇ। ਗੁਰਦੀਪ ਘੋਲੀਆ ਬੜਾ ਹੋਣਹਾਰ ਮੁੰਡਾ ਸੀ । ਕਿਤਾਬਾਂ ਬਹੁਤ ਪੜ੍ਹਦਾ ਸੀ । "ਪਾਲੀ ਪਾਣੀ ਖੂਹ ਤੋਂ ਭਰੇ " ਵਰਗੇ ਪਿਆਰੇ ਗੀਤ ਲਿਖੇ ਉਸਨੇ । ਥਾਣੇ ਵਿਚ ਬੜਾ ਟਾਰਚਰ ਕੀਤਾ ਸੀ ਉਸਨੂੰ, ਜਿਸ ਕਰਕੇ ਦਿਮਾਗੀ ਤੌਰ 'ਤੇ ਬੜਾ ਅੱਪਸੈਟ ਹੋ ਗਿਆ ਸੀ । ਪੁਲਸ ਉਸਨੂੰ ਵਾਰ- ਵਾਰ ਪ੍ਰੇਸ਼ਾਨ ਤੇ ਜ਼ਲੀਲ ਕਰਦੀ ਸੀ । ਉਹ ਤੰਗ ਆ ਗਿਆ । ਇਕ ਵਾਰ ਪੁਲਸ ਉਸਨੂੰ ਫੜਨ ਗਈ , ਗੁਰਦੀਪ ਉਦੋˆ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ । ਉਸਨੂੰ ਪਤਾ ਲੱਗਾ ਤਾਂ ਪੁਲਸ ਦੇ ਹੱਥ ਆਉਣ ਤੋਂ ਪਹਿਲਾਂ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਬੜਾ ਵਧੀਆ ਮਨੁੱਖ ਚਲਾ ਗਿਆ । ਜਿਉਂਦਾ ਰਹਿੰਦਾ , ਬੜੇ ਉੱਚ ਪਾਏ ਦੇ ਗੀਤ ਮਾਂ-ਬੋਲੀ ਨੂੰ ਦੇਣੇ ਸਨ ।"

ਸਾਥੀ ਐਨਕ ਲਾਹ ਕੇ ਅੱਖਾਂ ਦੇ ਕੋਇਆਂ ਵਿਚ ਉਤਰ ਆਇਆ ਪਾਣੀ ਸਾਫ ਕਰਦਾ ਹੈ ।

     "ਗੁਰਦੀਪ ਮੇਰੇ ਕੋਲ ਅਕਸਰ ਹੀ ਫੈਕਟਰੀ ਆਉਂਦਾ । ਅਸੀˆ ਲੰਮੀਆਂ-ਲੰਮੀਆਂ ਗੱਲਾਂ ਕਰਦੇ । ਠਾਣਾ ਵੀ ਆ ਜਾਂਦਾ । ਉਹ ਅੰਗਰੇਜ਼ੀ ਦੀ ਐਮ ਏ ਸੀ ।ਉਸਦਾ ਗਿਆਨ ਬਹੁਤ ਵਸੀਹ ਸੀ, ਇਕ ਤਰ੍ਹਾਂ ਮੇਰਾ ਸਿਧਾਂਤਕ ਗੁਰੂ ਹੀ ਸਮਝ ਲੈ । ਅਸੀˆ ਸਾਰੇ ਉਸਨੂੰ ਬਲਵੀਰ ਹੀ ਆਖਦੇ ਸਾਂ । ਉਹ ਦੋਵੇˆ ਸਾਹਿਤਕ ਬੰਦੇ ਹੋਣ ਕਾਰਨ ਮੇਰੀ ਉਹਨਾਂ ਨਾਲ ਨੇੜਤਾ ਹੋ ਗਈ", ਉਸ ਦੌਰ ਦੀਆਂ ਬਹੁਤ ਸਾਰੀਆਂ ਗੱਲਾਂ ਪੰਜ ਦਹਾਕੇ ਲੰਘ ਜਾਣ `ਤੇ ਵੀ ਸਾਥੀ ਦੇ ਦਿਲ ਦੀ ਸਲੇਟ ਉਪਰ ਉਕਰੀਆਂ ਪਈਆਂ ਹਨ ।

      "ਗੁਰਮੀਤ ! ਭਲੇ ਹੀ ਲਹਿਰ ਕਾਮਯਾਬ ਨਹੀˆ ਹੋਈ ਪਰ ਇਸਨੇ ਬਹੁਤ ਸਾਰੇ ਬੁਧੀਜੀਵੀ ਪੈਦਾ ਕੀਤੇ। ਸੰਤ ਰਾਮ ਉਦਾਸੀ, ਅਵਤਾਰ ਪਾਸ਼, ਦਰਸ਼ਨ ਖਟਕੜ, ਲਾਲ ਸਿੰਘ ਦਿਲ, ਕਰਨੈਲ ਸਿੰਘ ਬਾਗੀ , ਸਾਡਾ ਵੱਡਾ ਕਹਾਣੀਕਾਰ ਵਰਿਆਮ ਸੰਧੂ …. ਗੱਲ ਕੀ ਲੇਖਕਾਂ ਦੀ ਤਾਂ ਇਕ ਪੀੜੀ ਹੀ ਪੈਦਾ ਕਰ ਦਿੱਤੀ। ਡਾ: ਜਗਤਾਰ ਤੇ ਸੁਰਜੀਤ ਪਾਤਰ ਨੇ ਵੀ ਲਹਿਰ ਦੇ ਪ੍ਰਭਾਵ ਵਿਚ ਆਕੇ ਲਿਖਿਆ। ਬੜਾ ਸਾਹਿਤ ਲਿਖਿਆ ਗਿਆ। ਬਹੁਤ ਸਾਰੇ ਸਾਹਿਤਕ ਰਿਸਾਲੇ ਨਿਕਲੇ । ਪਰ ਸਾਰੇ ਕੁੱਝ ਦੇ ਬਾਵਜੂਦ ਲੋਕਾਂ ਨੂੰ ਸਿਧਾਂਤ ਨਾਲ ਨਹੀਂ ਜੋੜ ਸਕੇ । ਦਰਅਸਲ ਗੋਲੀ ਚਲਾਉਣੀ ਕੋਈ ਔਖਾ ਕੰਮ ਨੀ, ਔਖਾ ਐ ਲੋਕਾਂ ਨੂੰ ਸਿਧਾਂਤਕ ਗਿਆਨ ਨਾਲ ਲੈਸ ਕਰਨਾ। ਲਹਿਰ ਵਿਚ ਮਿਡਲ ਕਲਾਸ ਦੇ ਮੁੰਡੇ ਜ਼ਿਆਦਾ ਆਗੇ, ਇਹ ਆਪਣੀ ਕਲਾਸ ਵਾਲੀਆਂ ਵਹਿਬਤਾਂ ਵੀ ਨਾਲ ਹੀ ਲੈ ਆਏ। ਪਰੋਲਤਾਰੀ ਜਮਾਤ ਨੂੰ ਤਾਂ ਅਸੀਂ ਲਿਆ ਹੀ ਨਹੀਂ ਨਾਲ। ਜਾਗਰੂਕ ਹੀ ਨਹੀਂ ਕੀਤਾ । ਫਿਰ ਪਾਰਟੀ ਦਾ ਕੋਈ ਜਥੇਬੰਦਕ ਢਾਂਚਾ ਵੀ ਨਹੀਂ ਸੀ । ਐਵੇਂ ਮਾਅਰਕੇਬਾਜ਼ੀ ਨੂੰ ਹੀ ਪਰਾਪਤੀਆਂ ਸਮਝੀ ਗਏ। ਹੁਣ ਵੇਖਲੋ , ਬੰਤ ਹੋਰਾਂ ਨੇ ਬਿਨਾਂ ਕਾਡਰ ਨੂੰ ਸੁਚੇਤ ਕੀਤਿਆਂ ਐਡਾ ਵੱਡਾ ਐਕਸ਼ਨ ਕਰਤਾ ਕੋਕਰੀ ਆਲਾ, ਨਤੀਜਾ ਕੀ ਨਿਕਲਿਆ? ਅਗਲੇ ਦਿਨ ਸਾਨੂੰ ਸੁੱਤੇ ਪਿਆਂ ਹੀ ਨੱਪ ਲਿਆ। ਇਹ ਮਾਅਰਕੇਬਾਜ਼ੀ ਨਹੀਂ ਤਾਂ ਹੋਰ ਕੀ ਸੀ ? " ਚਾਹ ਦੀ ਆਖਰੀ ਘੁੱਟ ਭਰਦਿਆਂ ਸਾਥੀ ਆਪਣੀ ਮਾਅਰਕੇਬਾਜ਼ੀ ਵਾਲੀ ਇਕ ਹੋਰ ਘਟਨਾ ਛੂਹ ਲੈਂਦਾ ਹੈ :

"ਅਜਮੇਰ ਗਿੱਲ ਮੇਰਾ ਬਹੁਤ ਪਿਆਰਾ ਯਾਰ ਸੀ ! ਆਰਟ ਫਿਲਮਾਂ ਵੇਖਣ ਦਾ ਪੁੱਜ ਕੇ ਸ਼ੌਕੀਨ। ਅਸੀˆ ਰਾਤ ਦੇ ਸ਼ੋਅ ਦੀਆਂ ਟਿਕਟਾਂ ਲੈ ਲੈਣੀਆਂ। ਇਕ ਵਾਰ ਰਾਜ ਕਪੂਰ ਤੇ ਨਰਗਿਸ ਦੀ ਫਿਲਮ "ਜਾਗਤੇ ਰਹੋ" ਵੇਖਣ ਚਲੇ ਗਏ। ਇਸ ਸਾਰੀ ਫਿਲਮ ਵਿਚ ਰਾਜ ਕਪੂਰ ਇਕ ਹੀ ਡਾਇਲਾਗ ਬੋਲਦਾ ਹੈ, ਜਦੋˆ ਨਰਗਿਸ ਤੋਂ ਪਾਣੀ ਮੰਗਦਾ ਹੈ। ਫਿਲਮ ਸਮਾਜ ਦੇ ਭਿੰਨ-ਭਿੰਨ ਵਰਗਾ `ਤੇ ਬੜਾ ਕਰਾਰਾ ਵਿਅੰਗ ਕਰਦੀ ਹੈ। ਰਾਜ ਕਪੂਰ ਉਹਨਾਂ ਦਿਨਾਂ `ਚ ਸਟਾਰ ਸੀ। ਉਸਦੀ ਫਿਲਮ ਹੋਣ ਕਰਕੇ ਕਈ ਮਨਚਲੇ ਵੀ ਫਿਲਮ ਵੇਖਣ ਆਏ ਸੀਗੇ। ਹੁਣ ਫਿਲਮ ਦਾ ਹੀਰੋ ਚੁੱਪ। ਲਾਲਿਆਂ ਦੇ ਜੁਆਕਾਂ ਨੂੰ ਮਸਾਲਾ ਫਿਲਮਾਂ ਆਲਾ ਮਸਾਲਾ ਮਿਲਿਆ ਨਾ। ਲਉ ਜੀ ਉਹ ਤਾਂ ਲੱਗਗੇ ਰੌਲਾ ਪਾਉਣ। ਐਵੇਂ ਹਾਤ-ਹੂਤ। ਅਸੀਂ ਦੋ -ਤਿੰਨ ਵਾਰ ਸਮਝਾਇਆ ਵੀ ਪਰ ਨਾ ਜੀ, ਉਹ ਤਾਂ ਸਗੋˆ ਹੋਰ ਚਾਮਲਗੇ। ਫੇਰ ਕੀ ? ਫੇਰ ਅਸੀਂ ਕਰਤਾ ਐਕਸ਼ਨ। ਅਜਮੇਰ ਨੇ ਇਕ ਨੂੰ ਧੌਲ ਮਾਰ ਕੇ ਸਿੱਟ ਲਿਆ। ਇਕ ਨੂੰ ਮੈਂ ਸਾਂਭ ਲਿਆ। ਉਥੇ ਤਾਂ ਹੋਗੀ ਚੱਕਲੋ-ਚੱਕਲੋ। ਕੁੱਛ ਬੰਦੇ ਛੁਡਾਉਣ ਵੀ ਲੱਗਪੇ। ਅਸੀਂ ਵਾਪਸੀ `ਤੇ ਆਪਣੀ ਮੂਰਖਤਾ ਦੀਆਂ ਗੱਲਾˆ ਕਰਨ ਲੱਗੇ ਕਿ ਇਹ ਨਿਰੀ ਆਪਣੀ ਮਾਅਰਕੇਬਾਜ਼ੀ ਸੀ। ਜੇ ਭਲਾ ਮੁੰਡੀਹਰ ਕੋਲ ਚਾਕੂ-ਛੁਰਾ ਜਾਂ ਕੋਈ ਹੋਰ ਹਥਿਆਰ ਹੁੰਦਾ ਫੇਰ ਸਾਡਾ ਕੀ ਬਣਦਾ?"

        ਸਾਥੀ ਨੇ ਪੂਰੇ ਛੇ ਦਹਾਕੇ ਸਾਹਿਤਕ ਸਫ਼ਰ ਤਹਿ ਕੀਤਾ ਹੈ । ਸੈਂਕੜੇ ਲੇਖਕਾਂ ਨਾਲ ਉਸਦੇ ਦੂਰ ਜਾਂ ਨੇੜੇ ਦੇ ਸਬੰਧ ਰਹੇ ਹਨ । ਉਹ 1966 ਵਿਚ ਲਿਖਾਰੀ ਸਭਾ ਮੋਗਾ ਦਾ ਮੈਂਬਰ ਬਣ ਗਿਆ ਸੀ । ਇਹ ਸਭਾ ਉਹਨਾਂ ਸਮਿਆਂ ਵਿਚ ਬਹੁਤ ਸਰਗਰਮ ਸੀ। ਜਸਵੰਤ ਸਿੰਘ ਕੰਵਲ, ਪਰੀਤਮ ਪੰਧੇਰ, ਗੁਰਚਰਨ ਚੀਮਾ, ਕਹਾਣੀਕਾਰ ਅਜੀਤ ਪੱਤੋ, ਹਰਪਾਲਜੀਤ ਪਾਲੀ, ਭਾਗ ਸਿੰਘ ਉਪਾਸ਼ਕ, ਸੁਖਦੇਵ ਸੰਧੂ, ਦੇਸ ਰਾਜ, ਹਰਨੇਕ ਸਿੰਘ ਰਾਜੇਆਣਾ, ਅਜਮੇਰ ਗਿੱਲ, ਤੇ ਸਤਿਆ ਪ੍ਰਕਾਸ਼ ਉੱਪਲ ਆਦਿ ਉਸਦੇ ਨੇੜਲੇ ਘੇਰੇ ਵਿਚ ਰਹੇ ਨੇ। ਅਜਮੇਰ ਗਿੱਲ ਨਾਲ ਬੜੀ ਗੂਹੜੀ ਯਾਰੀ ਸੀ। ਉਸਦਾ ਪਿੰਡ ਤਾਂ ਝੰਡੇਆਣਾ ਸੀ ਪਰ ਪੜ੍ਹਨ ਲਿਖਣ ਤੇ ਮਹਿਫ਼ਲ ਜਮਾਉਣ ਲਈ ਹੀ ਅਜਮੇਰ ਗਿੱਲ ਨੂੰ ਮੋਗੇ ਚੁਬਾਰਾ ਕਿਰਾਏ `ਤੇ ਲੈ ਕੇ ਦਿੱਤਾ ਸੀ। ਦੇਰ ਰਾਤ ਗਈ ਤੱਕ ਇਸ ਚੁਬਾਰੇ ਵਿਚ ਲੇਖਕਾਂ ਦੀਆਂ ਮਹਿਫ਼ਲਾˆ ਜੰਮਦੀਆਂ। ਮਾਝੇ ਵਾਲਾ ਕਹਾਣੀਕਾਰ ਮੁਖਤਾਰ ਗਿੱਲ, ਸ਼ਾਇਰ ਪ੍ਰਮਿੰਦਰਜੀਤ ਅਤੇ ਖੁਰਸ਼ੀਦ ਵਰਗੇ ਰੰਗਲੇ ਲੇਖਕ ਇਹਨਾਂ ਸਾਹਿਤਕ ਮਹਿਫਲਾਂ ਵਿਚ ਰੰਗ ਭਰਦੇ। ਪਿੰਗਲ ਆਰੂਜ ਤੋˆ ਲੈ ਕੇ "ਇਨਕਲਾਬ" ਤੱਕ ਇਹਨਾˆ ਮਹਿਫਲਾਂ ਵਿਚ ਰਿੜਕਿਆ ਜਾਂਦਾ। ਕਈਆਂ ਨੂੰ ਅਜਮੇਰ ਗਿੱਲ ਦੇ ਹੁਜ਼ਰੇ `ਤੇ ਸਜਦੀਆਂ ਇਹ ਮਹਿਫਲਾਂ ਚੰਗੀਆਂ ਵੀ ਨਹੀਂ ਸਨ ਲੱਗਦੀਆਂ। ਉਹ ਅਜਮੇਰ ਤੇ ਸਾਥੀ ਵਿਚਾਲੇ ਡੱਕਾ ਸੁੱਟਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ। ਅਜਿਹੇ ਕਿਸੇ ਸਾਂਝੇ ਦੋਸਤ ਦੀ ਮੇਹਰਬਾਨੀ ਸਦਕਾ ਸਾਥੀ ਕਾਫੀ ਚਿਰ ਅਜਮੇਰ ਗਿੱਲ ਨਾਲ ਗੁੱਸੇ-ਗਿਲੇ ਵੀ ਹੋਇਆ ਰਿਹਾ ਪਰ ਅਜਮੇਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਪਹਿਲਾਂ-ਪਹਿਲਾਂ ਦੋ ਯਾਰਾਂ ਦੀ ਟੁੱਟੀ ਹੋਈ ਯਾਰੀ ਗੰਢੀ ਗਈ ਸੀ ।

       ਸੜਕਨਾਮੇ ਵਾਲੇ ਬਲਦੇਵ ਸਿੰਘ ਦੇ ਕਲਕੱਤਾ ਛੱਡ ਕੇ ਪੱਕੇ ਤੌਰ ਹੀ ਮੋਗੇ ਆ ਵਸਣ `ਤੇ ਮਹਿੰਦਰ ਸਾਥੀ ਨੇ ਅਜਮੇਰ ਗਿੱਲ ਤੇ ਉਪਾਸ਼ਕ ਵਰਗਿਆਂ ਨਾਲ ਮਿਲਕੇ ਸਾਹਿਤ ਵਿਚਾਰ ਮੰਚ ਬਣਾ ਲਿਆ ਸੀ। ਬਲਦੇਵ ਸਿੰਘ ਨੂੰ ਇਸਦਾ ਪ੍ਰਧਾਨ ਬਣਾਕੇ ਸਾਹਿਤਕ ਸਰਗਰਮੀਆਂ ਦੀ ਹਨੇਰੀ ਹੀ ਲਿਆ ਦਿੱਤੀ। ਮਹਿੰਦਰ ਸਾਥੀ ਜਨਰਲ ਸਕੱਤਰ ਹੋਣ ਦੇ ਨਾਤੇ ਲੇਖਕਾਂ ਨੂੰ ਮੀਟਿੰਗ ਲਈ ਸੁਨੇਹੇ ਲਾਉਣ, ਪੱਤਰ ਲਿਖਣ, ਖਬਰਾˆ ਭੇਜਣ, ਕਾਰਵਾਈ ਲਿਖਣ ਤੋਂ ਲੈਕੇ ਦਰੀਆਂ ਵਿਛਾਉਣ ਤੱਕ ਦੇ ਸਾਰੇ ਕੰਮ ਪੂਰੇ ਸਿਰੜ ਨਾਲ ਕਰਦਾ। ਪੰਜਾਬ ਦੇ ਸੰਤਾਪੇ ਦੌਰ ਵਿਚ ਸਾਥੀ ਨੇ ਬੁੱਘੀਪੁਰੀਏ ਨਾਟ ਨਿਰਦੇਸ਼ਕ ਪਰਮਜੀਤ ਗਿੱਲ ਦੇ ਨਾਲ ਨਾਟਕ ਕਰਨੇ ਸ਼ੁਰੂ ਕੀਤੇ ਪਰਮਜੀਤ ਗਿੱਲ ਨਾਲ ਕੀਤੇ ਨਾਟਕਾਂ ਵਿਚ ਸਾਥੀ ਨੇ ਹੀ ਨਹੀਂ, ਉਸਦੀ ਸਾਥਣ ਰਾਮ ਦੁਲਾਰੀ ਤੇ ਬੇਟੀ ਸੰਜੂ ਨੇ ਵੀ ਅਦਾਕਾਰੀ ਕੀਤੀ। ਕੁੱਸੇ ਦੀ ਧਰਤੀ `ਤੇ ਖੇਡੇ ਗਏ ਨਾਟਕ ਦੋ ਮਾਵਾਂ, ਪੰਜਾਬੀ ਭਵਨ ਲੁਧਿਆਣਾ ਦੇ ਮੰਚ `ਤੇ ਪੇਸ਼ "ਤੂਤਾਂ ਵਾਲਾ ਖੂਹ” ਅਤੇ ਫਰੀਦਕੋਟ ਬਾਬਾ ਫਰੀਦ ਮੇਲੇ `ਤੇ ਖੇਡੇ ਨਾਟਕ "ਕਾਲੇ ਲਿਖ ਨਾ ਲੇਖ " ਨਾਲ ਸਾਥੀ ਨੇ ਅਦਾਕਾਰੀ ਦਾ ਸ਼ੌਕ ਵੀ ਪੂਰਾ ਕੀਤਾ। `ਸੂਹੀ ਸਵੇਰ` ਇਕ ਹੋਰ ਯਾਦਗਾਰੀ ਪੇਸ਼ਕਾਰੀ ਸੀ। ਰਾਮ ਦੁਲਾਰੀ ਵਲੋˆ ਸਾਥੀ ਦੇ ਲਿਖੇ ਗੀਤ ਉਪਰ ਬਹੁਤ ਹੀ ਪ੍ਰਭਾਵਸ਼ਾਲੀ ਸਮੂਹ ਗਾਣ ਤਿਆਰ ਕੀਤਾ ਗਿਆ। ਇਹ ਗੀਤ ਵੀ ਲੋਕਾˆ ਵਲੋˆ ਬੜਾ ਪਸੰਦ ਕੀਤਾ ਜਾਂਦਾ ਸੀ :-

ਪੱਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਅਕਸਰ।

ਜੀਵਨ ਤੋਂ ਮੌਤ ਖਾਂਦੀ, ਆਈ ਹੈ ਹਾਰ ਅਕਸਰ

ਇਹ ਸਹਿਮ ਦਾ ਸਮੁੰਦਰ, ਲਹਿਣਾ ਹੀ ਲਹਿਣਾ ਇੱਕ ਦਿਨ

ਚਿੜੀਆਂ ਨੇ ਬਾਜਾਂ ਦੇ ਗਲ, ਪੈਣਾ ਹੀ ਪੈਣਾ ਇੱਕ ਦਿਨ।

ਸਤਿਆਂ ਦੇ ਰੋਹ ਦੇ ਹੜ ਨੇ, ਵਹਿਣਾ ਹੀ ਵਹਿਣਾ ਇੱਕ ਦਿਨ।

ਜ਼ੁਲਮੋ-ਸਿਤਮ ਦਾ ਧੌਲਰ, ਢਹਿਣਾ ਹੀ ਢਹਿਣਾ ਇੱਕ ਦਿਨ।

ਉਠਣਗੇ "ਸਾਥੀ" ਖਾਕੋਂ ਇਹ ਖਾਕਸਾਰ ਆਖਰ

ਪੱਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਆਖਰ ।

ਜੀਵਨ ਤੋਂ ਮੌਤ ਖਾਂਦੀ ਆਈ ਹੈ ਹਾਰ ਆਖਰ।

      ਬਲਦੇਵ ਸਿੰਘ ਦੀ ਨਾਟਕ ਮੰਡਲੀ ਲੋਕ ਕਲਾ ਮੰਚ ਮੋਗਾ ਦੀ ਟੀਮ ਵਿਚ ਸਾਥੀ ਨੇ "ਕਿੱਸਾ ਇਕਬਾਲ ਕਾ" ਨਾਟਕ ਕਈ ਵਾਰ ਖੇਡਿਆ। ਹੋਰ ਕਲਾਕਾਰਾਂ ਵਾਂਗ ਨਾਟਕ ਕਰਦਿਆਂ ਦਰਸ਼ਕਾˆ ਦੀਆਂ ਤਾੜੀਆਂ ਸਾਥੀ ਨੂੰ ਵੀ ਚੰਗੀਆਂ ਲੱਗਦੀਆਂ ਸਨ ਪਰ ਲੰਬੇ-ਲੰਬੇ ਸੰਵਾਦ ਕੌਣ ਚੇਤੇ ਕਰੇ ? ਸਾਥੀ ਨੂੰ ਇਹ ਕੰਮ ਬੜਾ ਔਖਾ ਲੱਗਦਾ ਸੀ। ਸੰਵਾਦ ਚੇਤੇ ਕਰਦਿਆਂ ਆਪਣੀਆਂ ਕਵਿਤਾਵਾਂ ਉਹਨਾਂ ਵਿਚ ਰਲਗੱਡ ਹੁੰਦੀਆਂ ਰਹਿੰਦੀਆਂ। ਸਾਥੀ ਨੇ ਅਦਾਕਾਰੀ ਵਾਲੇ ਸ਼ੌਕ ਨੂੰ ਛੱਡਣਾ ਹੀ ਬਿਹਤਰ ਸਮਝਿਆ ਸੀ।

       ਸਾਥੀ ਦੇ ਨਵੇˆ -ਪੁਰਾਣੇ ਚੇਲਿਆˆ ਦੀ ਗਿਣਤੀ ਚੰਗੀ ਖਾਸੀ ਹੈ ਜਿਹੜੇ ਉਸ ਕੋਲੋਂ ਅਕਸਰ ਬਹਿਰ ਵਜ਼ਨ ਅਤੇ ਉਰਦੂ ਸ਼ਬਦਾਵਲੀ ਬਾਰੇ ਗਿਆਨ ਪਰਾਪਤ ਕਰਦੇ ਰਹਿੰਦੇ ਨੇ ਪਰ ਇਸਦੇ ਬਾਵਜੂਦ ਮਹਿੰਦਰ ਸਾਥੀ ਨੂੰ ਆਪਣੇ ਕਈ ਸਮਕਾਲੀਆਂ ਵਾਂਗ `ਉਸਤਾਦ ਸ਼ਾਇਰ` ਹੋਣ ਦਾ ਦਰਜਾ ਹਾਸਲ ਨਹੀˆ ਹੋ ਸਕਿਆ । ਰਣਜੀਤ ਸਰਾਂ ਵਾਲੀ, ਅਮਰਜੀਤ ਢੁੱਡੀਕੇ, ਮੁਰੀਦ ਸੰਧੂ, ਧਾਮੀ ਗਿੱਲ, ਅਵਤਾਰ ਅਵੀ, ਦਲਜੀਤ ਕੁਸ਼ਲ, ਗੁਰਪਰੀਤ ਧਰਮਕੋਟ , ਤੇ ਸਤਪਾਲ ਖੁੱਲਰ ਵਰਗੇ ਅਨੇਕਾਂ ਸ਼ਾਇਰ ਸਾਥੀ ਦੇ ਤਕੀਏ ਦੀ ਗਾਹੇ-ਬਗਾਹੇ ਹਾਜ਼ਰੀ ਭਰ ਜਾਂਦੇ ਨੇ । ਸਾਥੀ ਤੋˆ ਗ਼ਜ਼ਲ਼ ਦੀਆਂ ਬਾਰੀਕੀਆਂ ਸਮਝਦੇ, ਉਸ ਨਾਲ ਉਸਦੀ ਪਹਿਲ - ਪਲੇਠੀ ਦੀ ਮੁਹੱਬਤ ਬਾਰੇ ਵੀ ਗੱਲਾਂ ਕਰ ਜਾਂਦੇ ਨੇ ਤੇ ਨਾਲ ਦੀ ਨਾਲ ਆਪਣੇ ਕੋਈ ਨਵੇˆ -ਪੁਰਾਣੇ ਕਿੱਸੇ ਵੀ ਸਾਂਝੇ ਕਰ ਲੈਂਦੇ ਹਨ । ਆਪਣੇ ਬੱਚਿਆਂ ਵਰਗੇ ਦੋਸਤਾˆ ਨਾਲ ਗੱਲਾਂ ਕਰਦਿਆਂ ਸਾਥੀ ਨਵੇˆ ਸਿਰਿਉਂ ਊਰਜਾ ਹਾਸਲ ਕਰ ਲੈਂਦਾ ਹੈ ।

       ਆਪਣੇ ਨਾਲੋˆ ਕਈ ਦਹਾਕੇ ਛੋਟੇ ਮੁੰਡਿਆਂ ਨਾਲ ਵਿਚਰਦਿਆਂ ਸਾਥੀ ਉਹਨਾਂ ਵਰਗਾ ਹੀ ਹੋ ਜਾਂਦਾ ਹੈ। ਬਿਲਕੁਲ ਹਮਉਮਰ। ਇਹ ਹਮਉਮਰ ਗਭਰੇਟਾˆ ਦੀ ਸੰਗਤ ਹੀ ਉਸਨੂੰ ਬੁੱਢਾ ਨਹੀਂ ਹੋਣ ਦਿੰਦੀ । ਨੌਜੁਆਨ ਚੇਲਿਆਂ ਵਲੋਂ ਦਿੱਤੀ ਊਰਜਾ ਆਸਰੇ ਤਾਂ ਸਾਥੀ ਨੇ ਕਈ ਵਾਰ ਮੌਤ ਨੂੰ ਵੀ ਝਕਾਨੀ ਦੇ ਦਿੱਤੀ ਹੈ। ਪਿੱਛੇ ਜਿਹੇ ਤਾਂ ਉਸਨੇ ਨਾਗਰਾਜ ਨਾਲ ਵੀ ਪੰਗਾ ਪਾ ਲਿਆ ਸੀ।

"ਸਾਥੀ ਸਾਹਿਬ, ਤੁਹਾਡੇ ਡੰਗ ਮਾਰਕੇ ਤਾਂ ਸੱਪ ਵੀ ਪਛਤਾਉਂਦਾ ਹੋਊ, ਕਿ ਨਹੀˆ? "ਮੈˆ ਮੋਗੇ ਦੇ ਕਿਸੇ ਹਸਪਤਾਲ ਵਿਚ ਸੱਪ ਤਂ ਡੰਗ ਖਾਕੇ ਬੈੱਡ `ਤੇ ਪਏ ਸਾਥੀ ਨੂੰ ਛੇੜਿਆ ਸੀ।

"ਜਾਣਦੇ ਅਪਸਰਾ ਜਾਣਦੇ । ਐਵੇˆ ਨਾ ਟਾਂਚਾˆ ਕਰਿਆ ਕਰ ।"

"ਗੱਲ ਤਾਂ ਕੜਿਆਲਵੀ ਦੀ ਠੀਕ ਐ। ਸੱਪ ਵੀ ਕਹਿੰਦਾ ਹੋਊ ਕਿ ਇਹ ਤਾਂ ਮੇਰੇ ਨਾਲੋˆ ਵੀ ਵੱਧ ਜ਼ਹਿਰੀ ਐ। ਹੋ ਸਕਦਾ ਵਿਚਾਰਾ ਸੁਰਗ ਈ ਸਿਧਾਰ ਗਿਆ ਹੋਵੇ!" ਅਮਰ ਸੂਫੀ ਨੇ ਵਿਚਾਲਿਉਂ ਆਰ ਲਾ ਦਿੱਤੀ ਸੀ।

"ਊਂ ਸਾਥੀ ਸਾਬ ਇਹਨਾਂ ਗੱਲਾਂ ਨੂੰ ਮੰਨਦੇ ਤਾਂ ਹੈਨੀ ਪਰ ਹੈ ਸੋਲਾਂ ਆਨੇ ਸੱਚੀ। ਸੱਪ ਜੀ ਮਾਰਾਜ ਦਾ ਸਾਥੀ ਨਾਲ ਕੋਈ ਪੁਰਾਣਾ ਹਿਸਾਬ ਕਿਤਾਬ ਲੱਗਦੈ। ਕੀ ਪਤਾ ਕਿਸੇ ਪਿਛਲੇ ਜਨਮ ਦਾ ਈ … ਹੋਵੇ ? " ਸਾਰੀ ਰਾਤ ਸਾਥੀ ਦੇ ਸਿਰਹਾਣੇ ਬੈਠ ਜਾਗਦਿਆਂ ਰਾਤ ਕੱਟਣ ਵਾਲਾ ਦਲਜੀਤ ਕੁਸ਼ਲ ਵੀ ਟਾਂਚ ਲਾਉਣੋ ਨਹੀˆ ਸੀ ਟਲਿਆ । ਸਾਥੀ ਖਿੜ -ਖਿੜ ਕਰਕੇ ਹੱਸਿਆ ਸੀ, ਜਿਵੇˆ ਕੌਲੀ ਵਿਚ ਰੋੜ ਛਣਕਦੇ ਹੋਣ,

"ਹਾਆ …. ਹਾ .. ਹਾਅ ….ਠੀਕ ਐ। ਸੱਪ ਕੋਈ ਪੂੰਜੀਪਤੀ ਹੋਊ ਤੇ ਮੈਤੋਂ ਨੱਪੀ ਗਈ ਹੋਊ ਸੰਘੀ ਇਹਦੀ। ਹੁਣ ਅਗਲੇ ਨੇ ਕੱਢ ਲਿਆ ਗੁੱਸਾ ਮੌਕਾ ਤਾੜਕੇ।" ਸਾਥੀ ਵੀ ਹਾਸੇ ਮਜ਼ਾਕ ਵਿਚ ਸ਼ਾਮਲ ਹੋ ਗਿਆ ਸੀ।

"ਸਾਥੀ ਸਾਬ ਸੱਪ ਹੋਊ ਕੋਈ ਸੱਜੇ ਪੱਖੀ ਈ।"

"ਹਾਆ … ਹਾ ... ਅ … ਅ ਠੀਕ ਐ।" ਸਾਥੀ ਦੇ ਹਾਸੇ ਨਾਲ ਹਸਪਤਾਲ ਦੇ ਮਰੀਜ਼ ਵੀ ਸਾਡੇ ਵੱਲੀ ਗਹੁ ਨਾਲ ਦੇਖਣ ਲੱਗੇ ਸਨ। ਮੈਨੂੰ ਕਈ ਵਰੇ ਪਹਿਲਾਂ ਵਾਪਰੀ ਘਟਨਾ ਯਾਦ ਆ ਗਈ। ਉਦੋˆ ਮਹਿੰਦਰ ਸਾਥੀ ਭਾਰਤ ਸਰਕਾਰ ਦੀ ਬੁੱਢਿਆਂ ਨੂੰ ਪੜਾਉਣ ਵਾਲੀ "ਸਾਖਰਤਾ ਮੁਹਿੰਮ" ਵਿਚ ਕੰਮ ਕਰਦਾ ਸੀ। ਇੱਕ ਦਿਨ ਉਹ ਡਾ: ਸੁਰਜੀਤ ਦੌਧਰ ਦੇ ਦੁਪਹੀਆ ਸਕੂਟਰ ਪਿੱਛੇ ਬੈਠਕੇ ਕਿਧਰੇ ਜਾ ਰਿਹਾ ਸੀ ਕਿ ਐਕਸੀਡੈਂਟ ਹੋ ਗਿਆ। ਸਾਥੀ ਦੀ ਸੱਜੀ ਲੱਤ ਦਾ ਕੜਾਕਾ ਪੈ ਗਿਆ। ਸਾਥੀ ਨੂੰ ਟੁੱਟੀ ਲੱਤ `ਤੇ ਪਲੱਸਤਰ ਲੁਆਈ ਕਈ ਦਿਨ ਹਸਪਤਾਲ ਦੇ ਬੈੱਡ ਉਪਰ ਪੈਣਾ ਪਿਆ। ਮਿਜ਼ਾਜ਼ ਪੁਰਸ਼ੀ ਲਈ ਹਸਪਤਾਲ ਆਏ ਵਿਅੰਗਕਾਰ ਕੇ. ਐਲ. ਗਰਗ ਨੇ ਸਾਥੀ ਨੂੰ ਛੇੜਿਆ ਸੀ

"ਕਾਮਰੇਡ ! ਸੱਜਿਆਂ ਦੇ ਸਕੂਟਰ ਪਿੱਛੇ ਬੈਠ ਕੇ ਝੂਟੇ ਲੈਨਾ, ਸੱਜੀ ਲੱਤ ਤਾਂ ਤੁੜਵਾਉਣੀ ਈ ਸੀ।"

"ਇਕੱਲਾ ਸਾਥੀ ਈ ਨੀ ਸੱਜਿਆਂ ਪਿਛੇ ਬੈਠਕੇ ਝੂਟੇ ਲੈਂਦਾ, ਹੁਣ ਤਾˆ ਕਾਮਰੇਡਾˆ ਦੀਆਂ ਪਾਰਟੀਆਂ ਵੀ ਸੱਜਿਆਂ ਨਾਲ ਰਲਕੇ ਸੱਤਾ ਦੇ ਝੂਟੇ ਲਈ ਜਾਂਦੀਆਂ", ਨੇੜੇ ਖੜੇ ਰਵੀ ਕਾਂਤ ਸ਼ੁਕਲੇ ਨੇ ਸੱਟ ਟਿਕਾਣੇ ਮਾਰ ਦਿੱਤੀ ਸੀ।

"ਪਾਰਟੀਆਂ-ਪੂਰਟੀਆਂ ਦਾ ਤਾਂ ਸ਼ੁਕਲਾ ਸਾਬ ਮੈਨੂੰ ਪਤਾ ਨੀ … ਪਰ ਸਾਥੀ ਅੱਜ ਤੱਕ ਵੀ ਡਟਿਆ ਆਉਂਦਾ ਆਵਦੀ ਵਿਚਾਰਧਾਰਾ `ਤੇ। ਐਨ ਸਿਰ ਪਰਨੇ। ਆਪਾਂ ਤਾˆ ਲੋਕਾˆ ਨਾਲ ਖੜੇ ਆਂ। ਇਨਾਮਾˆ-ਸ਼ਨਾਮਾ ਖਾਤਰ ਨੀ ਲਿਖਿਆ। ਕਦੇ ਐਵਾਰਡਾਂ-ਅਵੂਰਡਾਂ ਦੀ ਝਾਕ ਨ੍ਹੀ ਰੱਖੀ। ਪਲਸ ਮੰਚ ਨੇ ਭਾਜੀ ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਹਜ਼ਾਰਾˆ ਲੋਕਾˆ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ, ਇਹ ਲੋਕਾˆ ਦਾ ਸਨਮਾਨ ਸੀ। ਇਹ ਸਨਮਾਨ ਲੈਂਦਿਆˆ ਮਾਣ ਵੀ ਮਹਿਸੂਸ ਹੁੰਦਾ ਸੀ। ਭਾਈ ਸਾਹਬ! ਸਰਕਾਰਾਂ ਦੀਆਂ ਬੁਰਕੀਆਂ ਦੀ ਝਾਕ ਰੱਖਣ ਆਲੇ ਹਾਕਮਾˆ ਦੀ ਅੱਖ `ਚ ਅੱਖ ਪਾਕੇ ਗੱਲ ਨ੍ਹੀ ਕਰ ਸਕਦੇ, ਮੇਰਾ ਸ਼ੇਅਰ ਸੁਣਲੋ ਮਾੜਾ ਜਿਆ:-

ਜੋ ਗੱਲ ਗੁਲਦਾਉਦੀਆਂ ਦੀ ਗਾਉਂਦੇ ਹਾਹਾਕਾਰ ਦੀ ਰੁੱਤੇ,

ਐ ! 'ਸਾਥੀ` ਭੰਡ, ਖੁਸਰੇ, ਸ਼ੁਗਲੀਏ ਨੇ, ਉਹ ਕਵੀ ਕਿੱਥੇ?

ਉਹ ਜਿਹੜੇ ਰਾਜੇ ਦੀ ਬੁਰਕੀ `ਤੇ ਪਲਦੇ ਨੇ ਪਏ ਯਾਰੋ,

ਉਹਨਾਂ ਵਿਚ ਰਾਜੇ ਨੂੰ ਸ਼ੀਂਹ ਕਹਿਣ ਦੀ ਮਰਦਾਨਗੀ ਕਿੱਥੇ?

ਐਵੇˆ ਗੱਲਾˆ ਮਾਰੀ ਜਾਂਦੇ ਐ!" ਸਾਥੀ ਜੋਸ਼ ਵਿਚ ਆ ਗਿਆ ਸੀ। ਲੱਤ ਵਿਚੋˆ ਨਿਕਲਦੀ ਚੀਸ ਉਸਨੇ ਦੰਦਾਂ ਥੱਲੇ ਜੀਭ ਦੇਕੇ ਦੱਬ ਲਈ।

"ਗਰਗ ਸਾਹਬ ਇਹ ਗੱਲ ਤਾਂ ਪੱਕੀ ਐ ਸਾਥੀ ਦੀ, ਭਾਵੇˆ ਕਿੰਨੀਆਂ ਈ ਚੰਗੀਆਂ -ਮਾੜੀਆਂ ਵਾਵਾਂ ਵਗੀਆਂ, ਡੋਲਿਆ ਨੀ, ਨਾ ਈ ਕਿਸੇ ਤੋਂ ਡਰਿਆ ਐ। ਕਿਸੇ ਦੀ ਝੇਪ ਵੀ ਨੀ ਮੰਨੀ। ਫਿਰ ਲਿਖਿਆ ਵੀ ਠੋਕ ਕੇ  … ਏਸ ਗੱਲੋਂ ਤਾਂ ਸਾਥੀ ਜਾਂਬਾਜ਼ ਐ ਪੂਰਾ!" ਘੋਲੀਏ ਵਾਲੇ ਨਰਿੰਦਰ ਸ਼ਰਮੇ ਨੇ ਜਿਵੇਂ ਸਾਥੀ ਦੇ ਬੋਲਾਂ `ਤੇ ਮੋਹਰ ਲਾ ਦਿੱਤੀ ਸੀ। ਸਾਥੀ ਹੋਰ ਗੜਕੇ ਵਿੱਚ ਹੋ ਗਿਆ ਸੀ।

"ਜਿਵੇˆ ਪਾਰਟੀਆਂ ਮੈਨੀਫੈਸਟੋ ਜਾਰੀ ਕਰਦੀਆਂ ਉਵੇਂ ਜਿਵੇਂ ਮੇਰਾ ਵੀ ਮੈਨੀਫੈਸਟੋ ਐ। ਸੁਣਲੋ ਮਾੜਾ ਜਿਆ :-

ਹਯਾਤੀ ਘਾਇਲ ਹੈ, ਗੀਤਾਂ ਦੀ ਮਰਹਮ ਲਾਉਣ ਦੇ ਸਾਥੀ।

ਲਿਖਾਂਗਾ ਹੁਸਨ ਦੇ ਨਗਮੇ ਵੀ ਵੇਲਾ ਆਉਣ ਦੇ ਸਾਥੀ।

ਆਵਾਮੀ ਸ਼ਾਇਰ ਹਾਂ ਮੈਂ, ਢਾਰਿਆਂ ਦੇ ਗੀਤ ਗਾਵਾਂਗਾ,

ਨਹੀ ਮੈˆ ਗੀਤ ਗਾਉਣੇ, ਮਹਿਲਾਂ ਨੂੰ ਪਰਚਾਉਣ ਦੇ ਸਾਥੀ।"

"ਬਾਕਮਾਲ ! ਬਾਕਮਾਲ !!" ਆਖਦਿਆਂ ਪਤਾ ਲੈਣ ਆਏ ਲੇਖਕ ਵਿਸਮਾਦ ਵਿਚ ਸਿਰ ਹਿਲਾਉਣ ਲੱਗੇ ਸਨ।

ਸਾਹਿਤਕ ਹਲਕਿਆਂ ਵਿਚ ਸਾਥੀ ਦਾ ਸਤਿਕਾਰ ਹੈ। ਨਵੇˆ ਮੁੰਡਿਆਂ ਦੇ ਨਾਲ -ਨਾਲ ਪੁਰਾਣੇ ਯਾਰਾˆ ਬੇਲੀਆਂ ਨਾਲ ਵੀ ਗੰਢ ਪੀਡੀ ਐ। ਫਿਰੋਜ਼ਪੁਰੀਏ ਗ਼ਜ਼ਲ਼ਗੋ ਜਸਪਾਲ ਘਈ, ਲੇਖਕਾਂ ਦਾ ਪਟਵਾਰੀ ਹਰਮੀਤ ਵਿਦਿਆਰਥੀ, ਬਰਨਾਲੇ ਆਲਾ ਗ਼ਜ਼ਲ਼ਕਾਰ ਬੂਟਾ ਸਿੰਘ ਚੌਹਾਨ, ਹਿਮਾਚਲੀ ਪਹਾੜੀਆਂ ਦੀ ਗੋਦੀ `ਚ ਬੈਠਾ ਡਾ: ਸੰਦੀਪ ਦਾਖਾ ਤੇ ਹੋਰ ਅਨੇਕਾਂ ਦੂਰ-ਨੇੜੇ ਦੇ ਲੇਖਕ ਮਿੱਤਰ ਲੰਘਦੇ ਕਰਦੇ ਸਾਥੀ ਦਾ ਹਾਲ-ਹਵਾਲ ਪਤਾ ਕਰ ਜਾਂਦੇ ਹਨ। ਸਾਥੀ ਅਜਕਲ ਆਪਣੀ ਕੋਈ ਰਚਨਾ ਘੱਟ ਹੀ ਸੁਣਾਉਂਦਾ ਹੈ, ਵਧੇਰੇ ਕਰਕੇ ਸੁਣਦਾ ਹੈ।

ਸਾਥੀ ਨੂੰ ਆਪਣੇ ਪ੍ਰਤੀਬੱਧ ਲੇਖਕ ਹੋਣ `ਤੇ ਮਾਣ ਹੈ ਕਿ ਉਸਨੇ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾˆ ਸਮਾਜ ਦੇ ਦੱਬੇ-ਕੁਚਲੇ ਕਿਸਾਨ-ਮਜ਼ਦੂਰ ਲੋਕਾਂ ਦੀ ਗੱਲ ਕੀਤੀ ਹੈ। ਮਹਿੰਦਰ ਸਾਥੀ ਤਾਂ ਉਸ ਲੇਖਕ ਨੂੰ ਲੇਖਕ ਮੰਨਣੋ ਹੀ ਇਨਕਾਰੀ ਹੈ ਜਿਸਦੀਆਂ ਰਚਨਾਵਾਂ ਵਿਚ ਪੀੜਤ ਧਿਰਾˆ ਦੇ ਦੁੱਖਾਂ ਦਰਦਾਂ ਦੀ ਬਾਤ ਨਹੀˆ ਹੁੰਦੀ। ਜਿਨ੍ਹਾਂ ਵਿਚ ਜਾਬਰਾਂ ਨੂੰ ਵੰਗਾਰਿਆ ਨਹੀਂ ਹੁੰਦਾ। ਸਾਥੀ ਆਖਦਾ ਹੈ ਕਿ ਲੇਖਕ ਕਦੇ ਨਿਰਪੱਖ ਨਹੀˆ ਹੋ ਸਕਦਾ। ਉਸਨੂੰ ਤਾਂ ਕਿਸੇ ਨਾ ਕਿਸੇ ਧਿਰ ਨਾਲ ਖੜਨਾ ਹੀ ਪੈਣਾ ਹੈ --- ਲਾਲੋਆਂ ਨਾਲ ਜਾਂ ਮਲਿਕ ਭਾਗੋਆਂ ਨਾਲ। ਇਸੇ ਕਰਕੇ ਸਾਥੀ ਪ੍ਰਤੀਬੱਧਤਾ ਨੂੰ ਬੜਾ ਜਰੂਰੀ ਸਮਝਦਾ ਹੈ। ਉਹ ਅਕਸਰ ਆਖਦਾ ਹੈ :"ਆਵਾਰਾ ਪਸ਼ੂ ਕਿਸੇ ਦਾ ਕੀ ਸੁਆਰਦੇ ਨੇ? ਕੁੱਝ ਨਹੀਂ ਸੁਆਰਦੇ, ਐਵੇˆ ਲੋਕਾˆ ਦੀਆਂ ਫਸਲਾਂ ਈ ਉਜਾੜਦੇ ਐ।"

ਸਮਾਜ ਨੂੰ ਬਦਲਣ ਦੀ ਰੀਝ ਸਾਥੀ ਅੰਦਰ ਅਜੇ ਵੀ ਪ੍ਰਬਲ ਹੈ। ਇਨਕਲਾਬੀ ਜ਼ਜ਼ਬਾ ਅਜੇ ਵੀ ਉਸ ਅੰਦਰ ਜੁਆਨ ਹੈ। ਪੰਜ ਦਹਾਕਿਆਂ ਦੇ ਆਪਣੇ ਸਾਹਿਤਕ ਤੇ ਸੰਘਰਸ਼ੀ ਸਫ਼ਰ `ਤੇ ਸਾਥੀ ਨੂੰ ਮਾਣ ਹੈ। ਬਸ ਕਦੇ-ਕਦੇ ਗਿਲ਼ਾ ਜਰੂਰ ਜ਼ਾਹਰ ਕਰਦਾ ਹੈ।

"ਕਾਡਰ ਬੜਾ ਇਮਾਨਦਾਰ ਸੀ, ਹੁਣ ਵੀ ਇਮਾਨਦਾਰ ਐ। ਲੋਕਾˆ ਨੇ ਜ਼ਿੰਦਗੀਆਂ ਲਾ ਦਿੱਤੀਆਂ ਪਰ ਲੀਡਰਾˆ ਨੇ ਬੰਦੇ ਨਹੀਂ ਸੰਭਾਲੇ। ਸਾਰੀ ਉਮਰ ਲਾ ਦੇਣ ਵਾਲੇ ਰੁਲਦੇ ਰਹੇ। ਇਹਨਾਂ ਦੇ ਜਲਸਿਆਂ ਜਲੂਸਾਂ, ਧਰਨਿਆਂ-ਮੁਜ਼ਾਹਿਰਿਆਂ ਵਿਚ ਕਵਿਤਾਵਾਂ ਪੜਨ ਵਾਲਿਆਂ ਦਾ ਕੁੱਝ ਨਾ ਕੁੱਝ ਤਾਂ ਹੱਕ ਬਣਦਾ ਈ ਐ ਨਾ? ਗੁਰਮੀਤ ! ਉਮਰ ਦੇ ਐਸ ਪੜਾਅ `ਤੇ ਆਕੇ ਇਹ ਗੱਲਾਂ ਕਰਨੀਆਂ ਨੀ ਚਾਹੁੰਦਾ, ਪਰ ਕਰਨੀਆਂ ਪੈਂਦੀਆਂ। ਸਾਨੂੰ ਸਤਾਰਵੀਂ ਸਦੀ ਦੇ ਸਿੱਖਾਂ ਵਰਗੇ ਮਿਸਾਲੀ ਕਿਰਦਾਰ ਚਾਹੀਦੇ ਸਨ। ਅਫਸੋਸ ਕਿ ਕਈ ਲੋਕਾਂ ਦੇ ਕਿਰਦਾਰ ਨੀਵੇਂ ਰਹਿ ਗਏ। ਜਾਤੀਵਾਦ ਵੀ ਨਹੀਂ ਗਿਆ ਅੰਦਰੋਂ, ਗੱਲਾਂ ਸਮਾਜਵਾਦ ਦੀਆਂ ਕਰਦੇ ਰਹੇ ਪਰ ਆਪਣੇ ਅੰਦਰਲਾ ਜੰਗੀਰਦਾਰ ਮਾਰਿਆ ਨਹੀˆ।"

      ਸਾਥੀ ਦੀਆਂ ਗੱਲਾˆ ਕੌੜੀਆਂ ਜਰੂਰ ਨੇ ਪਰ ਹੈਨ ਚਿੱਟੇ ਦਿਨ ਵਰਗੀਆਂ, "ਲੈਨਿਨ ਤੇ ਮਾਉ ਮਹਾਨ ਨੇ । ਬਹੁਤ ਮਹਾਨ ਨੇ, ਇਹਦੇ `ਚ ਕੋਈ ਦੋ ਰਾਵਾਂ ਨਈਂ। ਅਸੀਂ ਇਹਨਾਂ ਤੋˆ ਪਰੇਰਨਾ ਲੈ ਸਕਦੇ ਹਾਂ ਪਰ ਹਜਾਰਾਂ ਮੀਲ ਦੂਰ ਦੇ ਸਿਧਾਂਤਾਂ ਨੂੰ ਇਥੇ ਲਾਗੂ ਕਰੀ ਜਾਣਾ ਕਿੰਨਾ ਕੁ ਤਰਕ ਸੰਗਤ ਸੀ? ਸਾਡਾ ਆਵਦਾ ਇਤਿਹਾਸ ਨਾਇਕਾਂ ਨਾਲ ਭਰਿਆ ਪਿਆ, ਔਰ ਦੁੱਖ ਦੀ ਗੱਲ ਇਹ ਕਿ ਅਸੀਂ ਆਵਦੇ ਨਾਇਕਾਂ ਨੂੰ ਪੁੱਛਿਆ ਈ ਨਈਂ। ਇਥੋˆ ਦੀ ਜ਼ਮੀਨ ਨਾਲ ਜੁੜਕੇ ਹੀ ਤਬਦੀਲੀ ਲਿਆਉਣ ਦੀ ਗੱਲ ਕੀਤੀ ਜਾ ਸਕਦੀ ਐ। ਵਕਤ ਬਹੁਤ ਅੱਗੇ ਲੰਘ ਗਿਆ, ਅਸੀਂ ਬੜੇ ਪਿੱਛੇ ਰਹਿ ਗਏ ਆਂ ਪਰ ਮੈਂ ਅੱਜ ਵੀ ਇਸ ਗੱਲ ਦਾ ਮੁਦਈ ਹਾਂ ਕਿ ਇਨਕਲਾਬ ਬਿਨਾਂ ਇਸ ਮੁਲਕ ਦਾ ਸਰਨਾ ਨਈਂ । ਆਹ ਹੁਣ ਕਨਈਏ ਵਰਗੇ ਨਵੇਂ ਮੁੰਡਿਆਂ ਅੰਦਰ ਬਲਦੀ ਹੋਈ ਅੱਗ ਵੇਖਕੇ ਦਿਲ ਨੂੰ ਧਰਵਾਸ ਹੁੰਦਾ ਕਿ ਅਸੀˆ ਹਾਰੇ ਨਹੀਂ ਆਂ। ਅਸੀਂ  ਲੜ ਰਹੇ ਹਾਂ ! ਸਾਥੀ ਸ਼ੇਅਰ ਗੁਣਗਨਾਉਣ ਲੱਗਦਾ ਹੈ :-

ਮਸ਼ਾਲਾਂ ਹਾˆ ਅਸੀਂ ਰਾਹਾਂ ਦੀਆਂ, ਦੀਵੇ ਘਰਾਂ ਦੇ ਹਾਂ,

ਨਹੀਂ ਹਾˆ ਚੰਦ ਅਰਸ਼ਾਂ ਦੇ , ਅਸੀਂ ਤਾਰੇ ਨਹੀਂ ਯਾਰੋ।

ਮੁਹਾਜ਼ਾਂ ਨਾਲੋˆ ਘਰ ਸਾਨੂੰ, ਹੋਏ ਪਿਆਰੇ ਨਹੀਂ ਯਾਰੋ,

ਅਸੀˆ ਜਿੱਤੇ ਨਹੀਂ ਹਾਂ ਜੇ, ਅਸੀਂ ਹਾਰੇ ਨਹੀਂ ਯਾਰੋ।

ਸਾਥੀ ਦੀਆਂ ਅੱਖਾਂ ਵਿਚਲੀ ਲਿਸ਼ਕ ਹੋਰ ਚਮਕਣ ਲੱਗਦੀ ਹੈ !

*****************

ਸੰਪਰਕ : 9872640994