ਬਾਦਸ਼ਾਹ ਸਲਾਮਤ ਦਾ ਨਵਾਂ ਮਹੱਲ - ਗੁਰਬਚਨ ਜਗਤ

ਇਹ ਲੇਖ ਲਿਖਣ ਦੀ ਜ਼ਰੂਰਤ ਸਾਡੇ ਵਿੱਤ ਮੰਤਰਾਲੇ ਦੇ ਉਸ ਦਾਅਵੇ ਤੋਂ ਪਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਅਰਥਚਾਰੇ ’ਤੇ ਬਹੁਤਾ ਅਸਰ ਨਹੀਂ ਪਵੇਗਾ (ਦਿ ਇਕੋਨੌਮਿਕ ਟਾਈਮਜ਼, ਪਹਿਲਾ ਪੰਨਾ, 8 ਮਈ 2021)। ਉਂਜ, ਜਿਹੜੀ ਦੁਨੀਆ ਵਿਚ ਉਹ ਰਹਿੰਦੇ ਹਨ, ਵਾਕਈ ਉਸ ’ਚ ਕੋਈ ਅਸਰ ਪੈਂਦਾ ਵੀ ਨਹੀਂ ਹੈ ਕਿਉਂਕਿ ਉਂਜ ਵੀ ਉਹ ਦੁਨੀਆ ਕਰੋਨਾ ਅਤੇ ਇਸ ਦੀ ਤਬਾਹੀ ਤੋਂ ਅਭਿੱਜ ਜਾਪਦੀ ਹੈ। ਜਦੋਂ ਚਾਰੇ ਪਾਸੇ ਸਾਡੀਆਂ ਜ਼ਿੰਦਗੀਆਂ ਤੇ ਅਰਥਚਾਰੇ ਦੀ ਬਰਬਾਦੀ ਦਾ ਤਾਂਡਵ ਚੱਲ ਰਿਹਾ ਹੋਵੇ ਤਾਂ ਕੋਈ ਸੂਝਵਾਨ ਸ਼ਖ਼ਸ ਇਸ ਕਿਸਮ ਦੇ ਬਿਆਨ ਨਹੀਂ ਦੇ ਸਕਦਾ। ਪ੍ਰਵਾਨਤ ਕੌਮਾਂਤਰੀ ਏਜੰਸੀਆਂ ਸਾਡੇ ਦੇਸ਼ ਦੇ ਆਰਥਿਕ ਵਿਕਾਸ ਦੇ ਅਨੁਮਾਨ ਲਗਾਤਾਰ ਘਟਾਉਂਦੀਆਂ ਆ ਰਹੀਆਂ ਹਨ।
       ਮਹਾਮਾਰੀ ਨਾਲ ਸਿੱਝਣ ਲਈ ਸਾਡਾ ਪਹਿਲਾ ਜਵਾਬ ਇਵੇਂ ਦਾ ਹੀ ਸੀ ਜਿਵੇਂ ਟਰੰਪ ਨੇ ਦਿੱਤਾ ਸੀ, ਉਹ ਇਹ ਕਿ ਸਾਡੇ ਲਈ ਇਹ ਕੋਈ ਵੱਡਾ ਖ਼ਤਰਾ ਨਹੀਂ ਹੈ। ਉਂਜ, ਫਿਰ ਯਕਦਮ ਅਸੀਂ ਦੇਸ਼ਵਿਆਪੀ ਤਾਲਾਬੰਦੀ ਲਗਾ ਦਿੱਤੀ ਸੀ ਜਿਸ ਕਰਕੇ ਸਾਡੀ ਕਿਰਤ ਅਤੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਸ ਤੋਂ ਬਾਅਦ ਮਹਾਮਾਰੀ ਦੇ ਪਸਾਰ ਵਿਚ ਕੁਝ ਕਮੀ ਆ ਗਈ ਤਾਂ ਸਾਡੀ ਕੇਂਦਰੀ ਲੀਡਰਸ਼ਿਪ ਨੇ ਇਸ ’ਤੇ ਜਿੱਤ ਪਾ ਲੈਣ ਦਾ ਐਲਾਨ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਅਸੀਂ ਮਹਾਮਾਰੀ ਨੂੰ ਹਰਾਉਣ ਲਈ ਸਮੁੱਚੀ ਦੁਨੀਆ ਲਈ ਯੋਜਨਾਬੰਦੀ ਦੀ ਮਿਸਾਲ ਪੇਸ਼ ਕੀਤੀ ਹੈ। ਭਾਰਤ ‘ਵਿਸ਼ਵ ਗੁਰੂ’ ਬਣ ਗਿਆ ਹੈ। ਇਸ ਮਸਲੇ ’ਤੇ ਕਾਬੂ ਪਾਉਣ ਮਗਰੋਂ ਕੇਂਦਰੀ ਲੀਡਰਸ਼ਿਪ ਨੇ ਸੂਬਾਈ ਚੋਣਾਂ ਦੇ ਰੂਪ ਵਿਚ ਮਹਾਮਾਰੀ ਤੋਂ ਵੀ ਵੱਡੀ ਚੁਣੌਤੀ ਸਰ ਕਰਨ ਲਈ ਪੱਛਮੀ ਬੰਗਾਲ ਦਾ ਰੁਖ਼ ਕੀਤਾ। ਦੂਜੇ ਪਾਸੇ ਕਰੋਨਾ ਦੀ ਦੂਜੀ ਲਹਿਰ ਆਉਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ ਪਰ ਸਰਕਾਰ ਨੇ ਇਸ ’ਤੇ ਕੰਨ ਨਹੀਂ ਧਰਿਆ। ਕੋਈ ਕੰਟਰੋਲ ਰੂਮ ਸਥਾਪਤ ਨਹੀਂ ਕੀਤਾ ਗਿਆ ਜਿੱਥੋਂ ਸਮੁੱਚੇ ਦੇਸ਼ ਦੇ ਹਾਲਾਤ ’ਤੇ ਨਜ਼ਰ ਰੱਖੀ ਜਾ ਸਕਦੀ ਸੀ, ਕੋਈ ਵਿਸ਼ੇਸ਼ ਸੰਕਟ ਮੋਚਕ ਟੀਮ ਨਹੀਂ ਬਣਾਈ ਗਈ, ਹਸਪਤਾਲਾਂ ’ਚ ਬੈੱਡਾਂ, ਵੈਂਟੀਲੇਟਰਾਂ, ਆਕਸੀਜਨ, ਵੈਕਸੀਨ, ਐਂਬੂਲੈਂਸਾਂ ਆਦਿ ਬਾਰੇ ਕੋਈ ਆਰਡਰ ਨਹੀਂ ਦਿੱਤਾ ਗਿਆ। ਅਸਲ ’ਚ ਮਾਮਲਾ ਨਿਪਟਾ ਕੇ ਕੋਵਿਡ ਦੀ ਫਾਈਲ ਬੰਦ ਕੀਤੀ ਜਾ ਚੁੱਕੀ ਸੀ।
        ਦੂਜੇ ਬੰਨੇ, ਬੰਗਾਲ ਦੇ ਚੋਣ ਦੰਗਲ ’ਚ ਸ਼ੇਰ ਗੱਜ ਰਹੇ ਸਨ ਤੇ ਆਪਣੇ ਭਗਤਾਂ ਸਾਹਮਣੇ ਦੋ ਸੌ ਸੀਟਾਂ ਜਿੱਤਣ ਦੇ ਦਾਅਵੇ-ਵਾਅਦੇ ਕੀਤੇ ਜਾ ਰਹੇ ਸਨ। ਉਨ੍ਹਾਂ ਨੂੰ ਯਕੀਨ ਸੀ ਕਿ ਬੰਗਾਲ ਤਾਂ ਹਰ ਹਾਲ ਵਿਚ ਉਨ੍ਹਾਂ ਦੀ ਝੋਲੀ ’ਚ ਪੈ ਜਾਣਾ ਹੈ ਜਿਸ ਕਰਕੇ ਕਿਸੇ ਨੂੰ ਪ੍ਰਵਾਹ ਨਹੀਂ ਸੀ ਕਿ ਇਹ ਰੈਲੀਆਂ ਵੱਡੇ ਪੱਧਰ ’ਤੇ ਕਰੋਨਾਵਾਇਰਸ ਫੈਲਾਉਣ ਦਾ ਜ਼ਰੀਆ ਬਣ ਰਹੀਆਂ ਹਨ। ਰਹਿੰਦੀ ਖੂੰਹਦੀ ਕਸਰ ਕੁੰਭ ਮੇਲੇ ਨੇ ਪੂਰੀ ਕਰ ਦਿੱਤੀ ਜਿੱਥੇ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਲੱਖਾਂ ਦੀ ਤਾਦਾਦ ’ਚ ਸ਼ਰਧਾਲੂ ਇਕੱਠੇ ਕਰ ਲਏ ਗਏ। ਇਸ ਦੌਰਾਨ ਕੁਦਰਤ ਕਹਿਰਵਾਨ ਹੋ ਗਈ ਜੋ ਬਦਲਾ ਲੈਣ ’ਤੇ ਉੱਤਰੀ ਹੋਈ ਸੀ। ਇਕ ਤੋਂ ਬਾਅਦ ਇਕ ਸੂਬੇ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਕੇਸ ਆ ਰਹੇ ਸਨ ਤੇ ਮੌਤਾਂ ਦੀ ਸੰਖਿਆ ਲਗਾਤਾਰ ਵਧ ਰਹੀ ਸੀ। ਪਰ ਉਹ (ਆਗੂ) ਪਿਛਾਂਹ ਮੁੜਨ ਲਈ ਤਿਆਰ ਨਹੀਂ ਸਨ ਤੇ ਮਮਤਾ ਦੀਦੀ ਨੂੰ ਬੁਰੀ ਤਰ੍ਹਾਂ ਖਦੇੜ ਦੇਣ ਲਈ ਉਤਾਵਲੇ ਸਨ। ਹਾਲਾਂਕਿ ‘ਦੀਦੀ’ ਸ਼ਬਦ ਹਰ ਥਾਂ ਬਹੁਤ ਇਹਤਰਾਮ ਨਾਲ ਲਿਆ ਜਾਂਦਾ ਹੈ ਪਰ ਐਤਕੀਂ ਉਸ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਗਿਆ।
       ਜਦੋਂ ਹਕੀਕਤ ਸਾਹਮਣੇ ਆਉਣ ਲੱਗੀ ਤਾਂ ਦੁਨੀਆ ਨੇ ਰੁਕ ਕੇ ਇਸ ਵੱਲ ਤੱਕਣਾ ਸ਼ੁਰੂ ਕੀਤਾ। ਕੌਮਾਂਤਰੀ ਮੀਡੀਆ ਨੇ ਇਸ ਨੂੰ ਆਫ਼ਤ ਅਤੇ ਬਦਇੰਤਜ਼ਾਮੀ ਦੀ ਸਿਖਰ ਕਰਾਰ ਦਿੱਤਾ। ਹਸਪਤਾਲਾਂ ’ਚ ਆਕਸੀਜਨ, ਆਈਸੀਯੂ ਬੈੱਡਾਂ, ਵੈਂਟੀਲੇਟਰਾਂ ਤੇ ਵੈਕਸੀਨਾਂ- ਗੱਲ ਕੀ ਜ਼ਿੰਦਗੀ ਨੂੰ ਬਚਾਉਣ ਦੇ ਹਰ ਹੀਲੇ ਦੀ ਕਮੀ ਨੂੰ ਲੈ ਕੇ ਚੀਕ-ਪੁਕਾਰ ਹੋ ਰਹੀ ਸੀ। ਪਰ ਸਾਡੇ ਕੋਲ ਕੋਈ ਭੰਡਾਰ ਹੀ ਨਹੀਂ ਸੀ, ਅਸੀਂ ਕੋਈ ਆਰਡਰ ਹੀ ਨਹੀਂ ਦਿੱਤਾ ਸੀ, ਅਸੀਂ ਇਨ੍ਹਾਂ ਚੀਜ਼ਾਂ ਦਾ ਕੋਈ ਉਤਪਾਦਨ ਨਹੀਂ ਵਧਾਇਆ। ਇਸ ਲਈ ਅਸੀਂ ਉਹ ਕੁਝ ਸੋਚਣਾ ਸ਼ੁਰੂ ਕਰ ਦਿੱਤਾ ਜੋ ਅਸੀਂ ਆਪਣੇ ਪਿੱਛੇ ਛੱਡ ਆਏ ਸਾਂ। ਪੀਐਲ 480 ਵਾਲੇ ਦਿਨਾਂ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਭਾਵ ਦੂਜੇ ਮੁਲਕਾਂ ਅੱਗੇ ਹਰ ਕਿਸਮ ਦੀ ਮਦਦ ਵਾਸਤੇ ਹੱਥ ਅੱਡਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਦੁਨੀਆ ਹੁੰਗਾਰਾ ਭਰਨ ਲੱਗੀ ਪਰ ਕਿਉਂਕਿ ਸਾਡੀ ਲੀਡਰਸ਼ਿਪ ਕਰੋਨਾ ’ਤੇ ਫਤਿਹ ਦਾ ਡੰਕਾ ਵਜਾ ਚੁੱਕੀ ਸੀ, ਇਸ ਲਈ ਦੂਜੇ ਦੇਸ਼ ਸੰਭਲ ਕੇ ਹੁੰਗਾਰਾ ਭਰ ਰਹੇ ਸਨ। ਬਾਹਰਲੇ ਦੇਸ਼ਾਂ ਤੋਂ ਕਾਫ਼ੀ ਸਾਰਾ ਸਾਜ਼ੋ-ਸਾਮਾਨ ਦਿੱਲੀ ਪਹੁੰਚ ਗਿਆ ਪਰ ਉੱਥੇ ਕੌਮਾਂਤਰੀ ਹਵਾਈ ਅੱਡੇ ’ਤੇ ਇਸ ਨੂੰ ਸੰਭਾਲਣ ਦੇ ਇੰਤਜ਼ਾਮ ਨਾਂਮਾਤਰ ਸਨ। ਉੱਥੇ ਕੋਈ ਕੰਟਰੋਲ ਰੂਮ ਨਹੀਂ ਸੀ, ਇਮਦਾਦ ਨੂੰ ਤਰਤੀਬ ’ਚ ਭੰਡਾਰ ਕਰਨ ਦੀ ਕੋਈ ਯੋਜਨਾ ਨਹੀਂ ਸੀ ਤੇ ਨਾ ਹੀ ਅਜਿਹੀ ਕੋਈ ਤਿਆਰੀ ਸੀ ਕਿ ਕਿਹੜਾ ਸਾਜ਼ੋ-ਸਾਮਾਨ ਕਿੱਥੇ ਭੇਜਿਆ ਜਾਣਾ ਹੈ ਅਤੇ ਟਰਾਂਸਪੋਰਟ ਦਾ ਕੀ ਪ੍ਰਬੰਧ ਕੀਤਾ ਜਾਵੇ। ਦਿੱਲੀ ਤੋਂ ਅਗਾਂਹ ਇਮਦਾਦ ਭੇਜਣ ਬਾਰੇ ਸਵਾਲ ਵ੍ਹਾਈਟ ਹਾਊਸ ਦੀ ਪ੍ਰੈਸ ਕਾਨਫਰੰਸ ’ਚ ਵੀ ਉੱਠ ਰਹੇ ਸਨ। ਮਾੜੀ ਯੋਜਨਾਬੰਦੀ ਦੇ ਇਸ ਧੁੰਦਲਕੇ ਕਾਰਨ ਸੂਬਿਆਂ ਵਿਚ ਵੀ ਤਰਥੱਲੀ ਮੱਚੀ ਹੋਈ ਸੀ ਅਤੇ ਇਮਦਾਦ ਭੇਜਣ ਵਾਲੀਆਂ ਏਜੰਸੀਆਂ ਨੂੰ ਕੋਈ ਖ਼ਬਰ ਨਹੀਂ ਹੈ ਕਿ ਇਮਦਾਦ ਕਿੱਥੇ ਜਾ ਰਹੀ ਹੈ।
      ਸੂਬਿਆਂ ਦਰਮਿਆਨ ਵਧ ਚੜ੍ਹ ਕੇ ਮੰਗਾਂ ਰੱਖਣ ਦੀ ਹੋੜ ਲੱਗੀ ਹੋਈ ਹੈ ਪਰ ਦਿੱਲੀ ’ਚ ਕੋਈ ਬੰਦਾ ਅਜਿਹਾ ਨਹੀਂ ਹੈ ਜੋ ਸੂਬਿਆਂ ਨੂੰ ਹਿਸਾਬ ਨਾਲ ਇਮਦਾਦ ਵੰਡ ਕੇ ਦੇਣ ਅਤੇ ਸਾਡੇ ਵਸੀਲਿਆਂ ਤੇ ਸਾਨੂੰ ਮਿਲ ਰਹੀ ਕੌਮਾਂਤਰੀ ਇਮਦਾਦ ’ਚ ਤਾਲਮੇਲ ਬਿਠਾ ਸਕੇ। ਮੁੜ ਘਿੜ ਗੱਲ ਸਿਆਸਤ ’ਤੇ ਆ ਪੈਂਦੀ ਹੈ- ਪੱਖਪਾਤ ਦੇ ਦੋਸ਼ ਤੇ ਮੋੜਵੇਂ ਦੋਸ਼ ਲੱਗਦੇ ਹਨ। ਡਿਜ਼ਾਸਟਰ ਮੈਨੇਜਮੈਂਟ ਫੋਰਸ ਅਤੇ ਹੋਰਨਾਂ ਸਬੰਧਤ ਵਿਭਾਗਾਂ ਵੱਲੋਂ ਸਾਡੇ ਆਪਣੇ ਵਸੀਲਿਆਂ ਨੂੰ ਜੁਟਾਉਣ ਬਾਰੇ ਕੋਈ ਖ਼ਬਰਸਾਰ ਸੁਣਨ ਨੂੰ ਨਹੀਂ ਮਿਲ ਰਹੀ। ਫ਼ੌਜ ਨੂੰ ਫੀਲਡ ਹਸਪਤਾਲ ਕਾਇਮ ਕਰਨ ਲਈ ਕਿਉਂ ਨਹੀਂ ਆਖਿਆ ਜਾ ਰਿਹਾ ਜਿਵੇਂ ਕਿ 2001 ਵਿਚ ਭੁਜ ਵਿਚ ਆਏ ਭੂਚਾਲ ਵੇਲੇ ਕੀਤਾ ਗਿਆ ਸੀ। ਇਜ਼ਰਾਇਲੀ ਫ਼ੌਜ ਨੇ ਚੌਵੀ ਘੰਟੇ ਅੰਦਰ ਇਕ ਫੀਲਡ ਹਸਪਤਾਲ ਬਣਾ ਦਿੱਤਾ ਸੀ ਜਿੱਥੇ ਸਾਧਾਰਨ ਚੋਟ ਤੋਂ ਲੈ ਕੇ ਦਿਲ ਦੇ ਮਰਜ਼ ਤੱਕ ਹਰ ਕਿਸਮ ਦਾ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਸੀ। ਜਿੱਥੇ ਇਹ ਹਸਪਤਾਲ ਬਣਾਇਆ ਜਾਣਾ ਸੀ, ਉਸ ਲਈ ਜ਼ਮੀਨ ਤੋਂ ਇਲਾਵਾ ਉਨ੍ਹਾਂ ਇਕ ਵੀ ਚੀਜ਼ ਸਾਥੋਂ ਨਹੀਂ ਮੰਗੀ ਸੀ। ਹਾਲਾਂਕਿ ਅਸੀਂ ਖ਼ੁਦ ਵੀ ਇਹ ਕੰਮ ਕਰ ਸਕਦੇ ਹਾਂ, ਸਾਡੇ ਕੋਲ ਬੰਦੇ ਹਨ, ਮਾਹਿਰ ਹਨ, ਸੰਸਥਾਵਾਂ ਮੌਜੂਦ ਹਨ ਪਰ ਮੁਸ਼ਕਲ ਇਹ ਹੈ ਕਿ ਇਨ੍ਹਾਂ ਨੂੰ ਵਿਗਸਣ ਅਤੇ ਆਜ਼ਾਦਾਨਾ ਤੌਰ ’ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਸਾਡੇ ਦੇਸ਼ ਅੰਦਰ ਕ੍ਰਿਕਟ ਤੋਂ ਲੈ ਕੇ ਮਹਾਮਾਰੀ ਤੱਕ ਹਰ ਫ਼ੈਸਲਾ ਸਿਆਸਤ ਤੈਅ ਕਰਦੀ ਹੈ ਅਤੇ ਸਾਡੀ ਸਿਆਸਤ ਪੂਰੀ ਤਰ੍ਹਾਂ ਨਿੱਘਰ ਚੁੱਕੀ ਹੈ। ਭ੍ਰਿਸ਼ਟਾਚਾਰ ਨੇ ਸਾਡੇ ਰਾਜਸੀ ਤੰਤਰ ਦਾ ਹਰ ਅੰਗ ਖੋਖਲਾ ਕਰ ਛੱਡਿਆ ਹੈ ਅਤੇ ਸਾਲ-ਦਰ-ਸਾਲ ਇਸ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ।
      ਜਦੋਂ ਬਿਮਾਰੀ ਨੇ ਘਮਸਾਣ ਮਚਾ ਰੱਖਿਆ ਹੈ ਤਾਂ ਸਰਕਾਰ ਦੇ ਅਨੇਕਾਂ ਸਤੰਭਾਂ ਤੋਂ ਮਿਲ ਕੇ ਬਣੀ ਸਾਡੀ ਲੀਡਰਸ਼ਿਪ ਨੇ ਸ਼ੁਤਰਮੁਰਗ ਦੀ ਤਰ੍ਹਾਂ ਰੇਤ ’ਚ ਸਿਰ ਦੇ ਰੱਖਿਆ ਹੈ ਜਾਂ ਫਿਰ ਡੌਨ ਕਿਹੋਤੇ (Don Quixote) (ਸਪੇਨੀ ਨਾਵਲਕਾਰ ਮਿਗਲ ਡੀ ਸਰਵੈਂਟਜ ਦੇ ਵਿਸ਼ਵ ਪ੍ਰਸਿੱਧ ਨਾਵਲ ਵਿਚ ਇਸੇ ਨਾਂ ਦਾ ਮੁੱਖ ਕਿਰਦਾਰ ਜੋ ਖ਼ਿਆਲੀ ਜ਼ਿੰਦਗੀ ਜਿਊਂਦਾ ਹੈ ਤੇ ਅਸਲੀਅਤ ਤੋਂ ਦੂਰ ਹੈ) ਦੀ ਤਰ੍ਹਾਂ ਪੌਣਚੱਕੀਆਂ ਚਲਾਉਣ ਦੇ ਫ਼ਰਮਾਨ-ਦਰ-ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ। ਲੀਡਰਸ਼ਿਪ ਦਾ ਇਕੋ ਇਕ ਬ੍ਰਹਮ ਅਸਤਰ ਹੈ - ਸਭ ਕੁਝ ਬੰਦ ਕਰ ਦਿਓ... ਤੁਹਾਨੂੰ ਸਾਰਿਆਂ ਨੂੰ ਮੁਬਾਰਕਵਾਦ, ਤੁਸੀਂ ਅੱਗ ਬੁਝਾਉਣ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ। ਉਂਜ, ਤੁਹਾਨੂੰ ਇਨ੍ਹਾਂ ਤੱਥਾਂ ’ਤੇ ਗ਼ੌਰ ਫ਼ਰਮਾਉਣੀ ਚਾਹੀਦੀ ਹੈ ਕਿ ਤੁਸੀਂ ਕਰੋਨਾ ਦੇ ਫਰਾਟੇ ਛੱਡਣ ਵਾਲੇ ਮੇਲਿਆਂ ਤੇ ਰੈਲੀਆਂ ਨੂੰ ਇਜਾਜ਼ਤ ਦੇ ਕੇ ਇਸ ਅੱਗ ਨੂੰ ਹਵਾ ਦੇ ਰਹੇ ਸਓ। ਤੁਹਾਨੂੰ ਬੇਰੁਜ਼ਗਾਰੀ, ਭੁੱਖਮਰੀ, ਸਕੂਲਾਂ ਦੀਆਂ ਫੀਸਾਂ, ਕਰਜ਼ੇ ਦੀਆਂ ਕਿਸ਼ਤਾਂ, ਕਿਰਾਏ ਅਤੇ ਤਨਖ਼ਾਹਾਂ ਵਰਗੇ ਮਾਮੂਲੀ ਮਸਲਿਆਂ ਦੀ ਕੋਈ ਚਿੰਤਾ ਨਹੀਂ ਹੈ... ਇਸੇ ਕਰਕੇ ਤੁਹਾਨੂੰ ਲਗਦਾ ਹੈ ਕਿ ਅਰਥਚਾਰੇ ’ਤੇ ਕੋਈ ਖ਼ਾਸ ਅਸਰ ਨਹੀਂ ਪਵੇਗਾ।’ ਸਾਰਾ ਕੁਝ ਬੰਦ ਕਰਨਾ ਆਸਾਨ ਹੈ, ਨੌਕਰਸ਼ਾਹਾਂ ਤੇ ਸਿਆਸਤਦਾਨਾਂ ਕੋਲ ਅਜਿਹਾ ਕਰਨ ਦੀ ਤਾਕਤ ਹੈ। ਕਿਸੇ ਵੀ ਪੱਧਰ ’ਤੇ ਲੀਡਰਸ਼ਿਪ ਇਸ ਗੱਲ ਤੋਂ ਪਛਾਣੀ ਜਾਂਦੀ ਹੈ ਕਿ ਇਹ ਸਮਾਜ ਨੂੰ ਕੀ ਦਿੰਦੀ ਹੈ ਨਾ ਕਿ ਸਮਾਜ ਤੋਂ ਕੀ ਖੋਂਹਦੀ ਹੈ। ਇਸ ਕਿਸਮ ਦੀ ਲੀਡਰਸ਼ਿਪ ਗਾਂਧੀ, ਮੰਡੇਲਾ, ਲਿੰਕਨ ਵਰਗੇ ਬੰਦਿਆਂ ਦੇ ਰੂਪ ਵਿਚ ਸਾਕਾਰ ਹੁੰਦੀ ਹੈ। ਉਨ੍ਹਾਂ ਦੀ ਲੀਡਰਸ਼ਿਪ ਨੇ ਅਮਨ, ਧਰਵਾਸ, ਨਿਆਂ ਲੈ ਕੇ ਦਿੱਤਾ ਸੀ- ਤੁਹਾਡੇ ਕੋਲ ਤਕਲੀਫ਼ ਦੇਣ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਤੇ ਫਿਰ ਤੁਸੀਂ ਕਿਸੇ ਨਿਰੰਕੁਸ਼ ਸ਼ਾਸਕ ਦੀ ਤਰ੍ਹਾਂ ਉਦਾਰਤਾ ਤੇ ਆਜ਼ਾਦੀ ਵੀ ਖੋਹਣਾ ਚਾਹੁੰਦੇ ਹੋ।
* ਜਿਨ੍ਹਾਂ ਲੋਕਾਂ ਦੀ ਇਸ ਕਰਕੇ ਰੋਜ਼ੀ ਰੋਟੀ ਖੁੱਸ ਗਈ ਹੈ, ਉਨ੍ਹਾਂ ਨੂੰ ਸਰਕਾਰ ਕੀ ਦੇਣਾ ਚਾਹੁੰਦੀ ਹੈ?
* ਬਰਬਾਦ ਹੋਏ ਉਨ੍ਹਾਂ ਸਾਰੇ ਛੋਟੇ ਕਾਰੋਬਾਰੀਆਂ ਤੇ ਤਡਥ-ਪਾਈ ਲਈ ਮੁਥਾਜ ਹੋਏ ਸਵੈ-ਰੁਜ਼ਗਾਰ ਚਲਾਉਣ ਵਾਲੇ
   ਪਰਿਵਾਰਾਂ ਲਈ ਸਰਕਾਰ ਕੀ ਦੇ ਰਹੀ ਹੈ?
* ਵਕੀਲਾਂ, ਲੇਖਾਕਾਰਾਂ, ਹੇਅਰਡ੍ਰੈਸਰਾਂ, ਖਾਣਾ ਪਕਾਉਣ ਵਾਲਿਆਂ, ਸੇਲਜ਼ਮੈਨਾਂ ਤੇ ਅਧਿਆਪਕਾਂ ... ਜਿਨ੍ਹਾਂ ਸਾਰਿਆਂ
   ਦੀ ਬਹੁਤ ਲੰਮੀ ਫ਼ਹਿਰਿਸਤ ਹੈ, ਲਈ ਸਰਕਾਰ ਕੀ ਕਰਨਾ ਚਾਹੁੰਦੀ ਹੈ।
* ਘਰਾਂ ’ਚ ਰਹਿ ਕੇ ਫੋਨਾਂ ਸਹਾਰੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਰਕਾਰ ਦੀ ਕੀ ਪੇਸ਼ਕਸ਼ ਹੈ। ਕੁਝ ਵੀ ਨਹੀਂ,
   ਨਿੱਲ।
ਇਹ ਫ਼ਹਿਰਿਸਤ ਬਹੁਤ ਲੰਮੀ ਹੋ ਸਕਦੀ ਹੈ ਪਰ ਹਾਕਮ ਆਪਣੇ ਵਿਸਟੇ (ਪਾਰਲੀਮੈਂਟ ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ਦਾ ਨਵਾਂ ਭਵਨ) ਉਸਾਰਨ, ਠਾਠ-ਬਾਠ ਵਾਲੇ ਉੱਡਣ ਖਟੋਲੇ ਖਰੀਦਣ, ਆਮ ਲੋਕਾਂ ਨੂੰ ਮੂਰਖ ਬਣਾਉਣ ਲਈ ਚੋਣ ਪ੍ਰਚਾਰ ਤੇ ਸਰਕਾਰੀ ਸਕੀਮਾਂ ਦੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਉਡਾਉਣ ’ਚ ਮਸ਼ਰੂਫ਼ ਹਨ। ਪਰ ਮਰ ਚੁੱਕੇ ਤੇ ਮਰਦੇ ਜਾ ਰਹੇ ਲੋਕਾਂ ਨੂੰ ਮੂਰਖ ਕਿਵੇਂ ਬਣਾਓਗੇ, ਜਿਹੜੇ ਪਰਿਵਾਰ ਆਪਣੇ ਜੀਅ ਗੁਆ ਚੁੱਕੇ ਹਨ, ਉਨ੍ਹਾਂ ਨੂੰ ਮੂਰਖ ਕਿਵੇਂ ਬਣਾ ਸਕਦੇ ਹੋ? ਮੈਨੂੰ ਉਮੀਦ ਹੈ ਕਿ ਜੇ ਸੈਂਟਰਲ ਵਿਸਟਾ ਦਾ ਨਿਰਮਾਣ ਪੂਰ ਚੜ੍ਹ ਗਿਆ ਤਾਂ ਇਹ ਅਜਿਹੀ ਵਿਰਲੀ ਤਰਾਸਦੀ ਦੇ ਦੌਰ ’ਚ ਸਾਡੀ ਲੀਡਰਸ਼ਿਪ ਦੀਆਂ ਪੁੱਠੀਆਂ ਤਰਜੀਹਾਂ ਦੀ ਇਕ ਅਜਿਹੀ ਯਾਦਗਾਰ ਬਣ ਕੇ ਰਹਿ ਜਾਵੇਗੀ ਜਿਸ ਦੀ ਬਾਤ ਸਦੀਆਂ ਤੱਕ ਪੈਂਦੀ ਰਹੇਗੀ। ਇਸ ਦੇ ਨਾਲ ਹੀ ਇਹ ਸਾਡੇ ਦੇਸ਼ ਨੂੰ ਇਹ ਚੇਤਾ ਕਰਾਉਂਦਾ ਰਹੇਗਾ ਕਿ ਸਾਡੇ ਆਗੂਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।