ਵੈਂਟੀਲੇਟਰ - ਸਵਰਾਜਬੀਰ

ਦਰਦ, ਪੀੜ, ਸਹਿਮ ਤੇ ਖ਼ੌਫ਼ ਦੀ ਜਿਸ ਸਥਿਤੀ ’ਚੋਂ ਸਾਡਾ ਦੇਸ਼ ਇਸ ਸਮੇਂ ਗੁਜ਼ਰ ਰਿਹਾ ਹੈ, ਉਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਇਕ ਪਾਸੇ ਲੋਕ ਹਨ ਬੇਬਸ, ਲਾਚਾਰ, ਘਬਰਾਏ ਤੇ ਤੜਪਦੇ ਹੋਏ ਜਿਨ੍ਹਾਂ ਦੇ ਸਰੀਰ ਤੇ ਰੂਹਾਂ ਏਨੀਆਂ ਵਲੂੰਧਰੀਆਂ ਗਈਆਂ ਹਨ ਕਿ ਉਨ੍ਹਾਂ ਦੀ ਵੇਦਨਾ ਬਿਆਨ ਨਹੀਂ ਕੀਤੀ ਜਾ ਸਕਦੀ। ਦੂਸਰੇ ਪਾਸੇ ਦੇਸ਼ ਦੇ ਸਿਖਰਲੇ ਆਗੂ ਹਨ ਜੋ ਕੁਝ ਦਿਨ ਪਹਿਲਾਂ ਘੁਮੰਡ ਭਰੇ ਬਿਆਨ ਦਿੰਦੇ ਨਹੀਂ ਸਨ ਥੱਕਦੇ ਅਤੇ ਜਿਹੜੇ ਹੁਣ ਵੀ ਲੋਕਾਂ ਦਾ ਕਸੂਰ ਕੱਢ ਰਹੇ ਹਨ ਕਿ ਲੋਕ ਉਨ੍ਹਾਂ ਦਾ ਕਿਹਾ ਨਹੀਂ ਮੰਨਦੇ, ਮਾਸਕ ਨਹੀਂ ਪਹਿਨਦੇ, ਸਰੀਰਕ ਦੂਰੀ ਕਾਇਮ ਨਹੀਂ ਰੱਖਦੇ ਆਦਿ। ਇਹ ਉਹੀ ਆਗੂ ਹਨ ਜਿਨ੍ਹਾਂ ਨੇ ਪਿਛਲੇ ਸਾਲ ਮਾਹਿਰਾਂ, ਸੂਬਾ ਸਰਕਾਰਾਂ ਤੇ ਜਨਤਕ ਜਥੇਬੰਦੀਆਂ ਨਾਲ ਕੋਈ ਸਲਾਹ-ਮਸ਼ਵਰਾ ਕੀਤੇ ਬਗ਼ੈਰ ਸਾਢੇ ਚਾਰ ਘੰਟੇ ਦੀ ਮੁਹਲਤ ’ਤੇ ਪੂਰੇ ਦੇਸ਼ ਵਿਚ ਲੌਕਡਾਊਨ ਕਰਨ ਦਾ ਐਲਾਨ ਕਰਕੇ ਕਰੋੜਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ, ਉਨ੍ਹਾਂ ਨੂੰ ਨਿਮਾਣੇ ਤੇ ਨਿਤਾਣੇ ਬਣਾ ਦਿੱਤਾ, ਕਰੋੜਾਂ ਪਰਿਵਾਰ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਧੱਕੇ ਗਏ ਅਤੇ ਰੋਟੀ-ਰੋਜ਼ੀ ਲਈ ਆਤੁਰ ਹੋ ਗਏ। ਇਹ ਉਹੀ ਆਗੂ ਹਨ ਜਿਨ੍ਹਾਂ ਵਾਅਦਾ ਕੀਤਾ ਸੀ ਕਿ ਕੋਵਿਡ-19 ਦੀ ਵੈਕਸੀਨ 15 ਅਗਸਤ 2020 ਤੋਂ ਪਹਿਲਾਂ ਆ ਜਾਵੇਗੀ ਅਤੇ ਮਾਹਿਰਾਂ ਨੂੰ, ਜਿਹੜੇ ਅੱਜਕੱਲ੍ਹ ਜ਼ਿਆਦਾ ਨਹੀਂ ਬੋਲਦੇ, ਨੂੰ ਕਹਿਣਾ ਪਿਆ ਸੀ, ਵੈਕਸੀਨ ਏਨੀ ਜਲਦੀ ਨਹੀਂ ਆ ਸਕਦੀ, ਇਹ ਇਕ ਜਟਿਲ ਪ੍ਰਕਿਰਿਆ ਹੈ। ਪ੍ਰਧਾਨ ਮੰਤਰੀ ਨੇ 28 ਜਨਵਰੀ 2021 ਵਿਚ ਵਿਸ਼ਵ ਆਰਥਿਕ ਮੰਚ (World Economic Forum) ਦੀ ਡਾਵੋਸ, ਸਵਿਟਜ਼ਰਲੈਂਡ ਵਿਚ ਹੋਈ ਮੀਟਿੰਗ (ਵਰਚੂਅਲ) ਵਿਚ ਬੋਲਦਿਆਂ ਦਾਅਵਾ ਕੀਤਾ ਸੀ ਕਿ ਭਾਰਤ ਨੇ ਦੋ ਵੈਕਸੀਨਾਂ ਬਣਾ ਲਈਆਂ ਹਨ ਅਤੇ ਹੋਰ ਬਣਾ ਰਿਹਾ ਹੈ।
       ਇਸ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਈ ਦਾਅਵੇ ਕੀਤੇ ਸਨ। ਉਨ੍ਹਾਂ ਦੇ ਆਪਣੇ ਸ਼ਬਦ ਹਨ, ‘‘... ਤੇ ਅੱਜ ਭਾਰਤ ਹੀ ਹੈ ਜਿਸ ਨੇ ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ (ਮੁਹਿੰਮ) ਵੀ ਸ਼ੁਰੂ ਕੀਤਾ ਹੈ। ਪਹਿਲੀ ਫੇਜ਼ ਵਿਚ ਅਸੀਂ ਆਪਣੇ ਹੈਲਥ (ਸਿਹਤ) ਅਤੇ ਫਰੰਟਲਾਈਨ ਵਰਕਰਜ਼ (ਮੂਹਰਲੀ ਕਤਾਰ ਦੇ ਕਾਮਿਆਂ) ਦੀ ਵੈਕਸੀਨੇਸ਼ਨ (ਟੀਕਾਕਰਨ) ਕਰ ਰਹੇ ਹਾਂ। ਭਾਰਤ ਦੀ ਸਪੀਡ (ਗਤੀ) ਦਾ ਅੰਦਾਜ਼ਾ ਤੁਸੀਂ ਇਸੇ ਤੋਂ ਲਗਾ ਸਕਦੇ ਹੋ ਕਿ ਸਿਰਫ਼ 12 ਦਿਨਾਂ ਵਿਚ ਭਾਰਤ 2.3 ਮਿਲੀਅਨ (20 ਲੱਖ 30 ਹਜ਼ਾਰ) ਤੋਂ ਜ਼ਿਆਦਾ ਹੈਲਥ ਵਰਕਰਜ਼ (ਸਿਹਤ ਸੰਭਾਲ ਕਰਨ ਵਾਲੇ ਕਾਮਿਆਂ) ਨੂੰ ਵੈਕਸੀਨੇਟ (ਟੀਕਾਕਰਨ) ਕਰ ਚੁੱਕਾ ਹੈ ... ਅੱਜ ਭਾਰਤ ਕੋਵਿਡ ਦੀ ਵੈਕਸੀਨ ਅਨੇਕਾਂ ਦੇਸ਼ਾਂ ਨੂੰ ਭੇਜ ਕੇ, ਉੱਥੇ ਵੈਕਸੀਨੇਸ਼ਨ (ਵੈਕਸੀਨ ਬਣਾਉਣ ਤੇ ਲਾਉਣ) ਨਾਲ ਜੁੜੀ ਇਨਫਰਾਸਟਰੱਕਚਰ (ਬੁਨਿਆਦੀ ਢਾਂਚੇ) ਨੂੰ ਤਿਆਰ ਕਰਕੇ, ਦੂਸਰੇ ਦੇਸ਼ਾਂ ਦੇ ਨਾਗਰਿਕਾਂ ਦਾ ਜੀਵਨ ਬਚਾ ਰਿਹਾ ਹੈ ਅਤੇ ਇਹ ਸੁਣ ਕੇ WEF (ਵਿਸ਼ਵ ਆਰਥਿਕ ਮੰਚ) ਨੂੰ ਤਸੱਲੀ ਹੋਵੇਗੀ ਕਿ ਅਜੇ ਤਕ ਸਿਰਫ਼ ਦੋ Made in India Corona Vaccinate (ਮੇਡ ਇਨ ਇੰਡੀਆ ਕਰੋਨਾ ਵੈਕਸੀਨ : ਭਾਰਤ ਵਿਚ ਬਣੀ ਕਰੋਨਾ ਵੈਕਸੀਨ) ਦੁਨੀਆਂ ਵਿਚ ਆਈਆਂ ਹਨ।’’
      ਇਹ ਸ਼ਬਦ ਇੰਨ-ਬਿੰਨ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਹਨ। ਪ੍ਰਧਾਨ ਮੰਤਰੀ ਨੂੰ ਆਪਣੀਆਂ ਪ੍ਰਾਪਤੀਆਂ ਬਿਆਨ ਕਰਨ ਦਾ ਪੂਰਾ ਹੱਕ ਹੈ ਪਰ ਲੋਕਾਂ ਨੂੰ ਵੀ ਪ੍ਰਸ਼ਨ ਪੁੱਛਣ ਦਾ ਪੂਰਾ ਅਧਿਕਾਰ ਹੈ। ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਵਿਚ ਸਵੀਕਾਰ ਕੀਤਾ ਹੈ ਕਿ ਉਸ ਨੇ ਕੋਵਿਡ-19 ਦੀ ਵੈਕਸੀਨ ’ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ। ਦੇਸ਼ ਦੀ ਜਨਤਾ ਦਾ ਸਵਾਲ ਪੁੱਛਣਾ ਬਣਦਾ ਹੈ ‘‘ਕਿਉਂ ਖ਼ਰਚ ਨਹੀਂ ਕੀਤਾ, ਜਦ ਕੋਵਿਡ-19 ਲਈ ਇਕ ਵਿਰਾਟ ‘ਪੀਐੱਮ ਕੇਅਰਜ਼ ਫੰਡ’ ਬਣਾਇਆ ਗਿਆ (ਜਿਸ ’ਤੇ ਦੇਸ਼ ਦੀ ਕੋਈ ਸੰਵਿਧਾਨਕ ਸੰਸਥਾ ਨਜ਼ਰਸਾਨੀ ਨਹੀਂ ਕਰਦੀ), ਜਦ ਬਜਟ ਵਿਚ ਕੋਵਿਡ-19 ਦੀ ਵੈਕਸੀਨ ਲਈ 30,000 ਕਰੋੜ ਰੁਪਏ ਰੱਖੇ ਗਏ, ਜਦ ਸਰਕਾਰ ਲੂਣ, ਤੇਲ ਤੋਂ ਲੈ ਕੇ ਹਰ ਵਸਤ ’ਤੇ ਟੈਕਸ ਲਾਉਂਦੀ ਹੈ, ਜਦ ਕਾਰਪੋਰੇਟ ਅਦਾਰਿਆਂ ਦੇ ਲੱਖਾਂ-ਕਰੋੜਾਂ ਰੁਪਏ ਦੇ ਕਰਜ਼ ਮੁਆਫ਼ ਕੀਤੇ ਜਾਂਦੇ ਹਨ, ਤਾਂ ਵੈਕਸੀਨ ਦੀ ਖੋਜ ’ਤੇ ਪੈਸਾ ਖ਼ਰਚ ਕਿਉਂ ਨਹੀਂ ਕੀਤਾ ਗਿਆ?’’
       ਭਾਰਤ ਵਿਚ ਸਿਰਫ਼ ਕੋਵੈਕਸੀਨ ਨਿੱਜੀ ਖੇਤਰ ਦੀ ਕੰਪਨੀ ਭਾਰਤ ਬਾਇਓਟੈੱਕ ਨੇ ਬਣਾਈ ਹੈ। ਵੱਡੀ ਪੱਧਰ ’ਤੇ ਲਗਾਈ ਜਾ ਰਹੀ ਕੋਵੀਸ਼ੀਲਡ ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜ਼ੈਨੇਕਾ ਕੰਪਨੀ ਨੇ ਬਣਾਈ ਹੈ ਜਿਨ੍ਹਾਂ ਤੋਂ ਲਾਈਸੈਂਸ ਲੈ ਕੇ ਨਿੱਜੀ ਖੇਤਰ ਦਾ ਪੁਣੇ ਸਥਿਤ ਅਦਾਰਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਭਾਰਤ ਵਿਚ ਬਣਾ ਰਿਹਾ ਹੈ। ਸਵਾਲ ਇਹ ਹੈ ਕਿ ਭਾਰਤ ਨੇ ਦੂਸਰੀ ਕਿਹੜੀ ਵੈਕਸੀਨ ਬਣਾਈ ਹੈ ਅਤੇ ਹੋਰ ਕਿਹੜੀਆਂ ਬਣਾ ਰਿਹਾ ਹੈ। ਉਸ ਭਾਸ਼ਣ ਵਿਚ ਅਨੇਕ ਦਾਅਵੇ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ‘‘ਅਸੀਂ Covid specific health infrastructure develop (ਖ਼ਾਸ ਤੌਰ ’ਤੇ ਕੋਵਿਡ ਇਲਾਜ ਨਾਲ ਸਬੰਧਿਤ ਸਿਹਤ-ਸੰਭਾਲ ਦੇ ਢਾਂਚੇ ਨੂੰ ਵਿਕਸਿਤ) ਕਰਨ ਵਿਚ ਪੂਰਾ ਜ਼ੋਰ ਲਗਾਇਆ, ਅਸੀਂ ਆਪਣੇ human resources (ਮਨੁੱਖੀ ਸਰੋਤਾਂ ਭਾਵ ਕੋਵਿਡ-19 ਦਾ ਇਲਾਜ ਕਰਨ ਵਾਲੇ ਡਾਕਟਰ, ਨਰਸਾਂ, ਪੈਰਾ-ਮੈਡੀਕਲ ਕਾਮੇ ਆਦਿ) ਨੂੰ train ਕੀਤਾ (ਸਿੱਖਿਆ ਦਿੱਤੀ) ਅਤੇ Testing (ਟੈਸਟ ਕਰਨ) ਲਈ Tracing (ਮਰੀਜ਼ਾਂ ਨਾਲ ਸੰਪਰਕ ਵਿਚ ਆਏ ਲੋਕਾਂ ਨੂੰ ਲੱਭਣ) ਲਈ Technology (ਤਕਨਾਲੋਜੀ) ਦਾ ਭਰਪੂਰ ਇਸਤੇਮਾਲ ਕੀਤਾ।’’
       ‘ਖ਼ਾਸ ਤੌਰ ’ਤੇ ਕੋਵਿਡ ਦੇ ਇਲਾਜ ਲਈ ਵਿਕਸਿਤ ਕੀਤੇ ਗਏ ਸਿਹਤ-ਸੰਭਾਲ ਦੇ ਢਾਂਚੇ’ ਅਤੇ ‘ਤਕਨਾਲੋਜੀ ਦੇ ਭਰਪੂਰ ਇਸਤੇਮਾਲ’ ਦੇ ਨਤੀਜੇ ਸਾਡੇ ਸਾਹਮਣੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਸੀ ‘‘ਜਿਸ ਦੇਸ਼ ਵਿਚ ਸੰਸਾਰ ਦੀ 18 ਪ੍ਰਤੀਸ਼ਤ ਆਬਾਦੀ ਰਹਿੰਦੀ ਹੈ, ਉਸ ਦੇਸ਼ ਨੇ ਕਰੋਨਾ ’ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਪਾ ਕੇ, ਪੂਰੀ ਦੁਨੀਆਂ, ਪੂਰੀ ਮਾਨਵਤਾ ਨੂੰ ਵੱਡੀ ਤ੍ਰਾਸਦੀ ਤੋਂ ਬਚਾ ਲਿਆ।’’ ਸਾਰੀ ਮਾਨਵਤਾ ਨੂੰ ਤ੍ਰਾਸਦੀ ਤੋਂ ਬਚਾਉਣਾ ਇਕ ਵੱਡੀ ਗੱਲ ਹੈ, ਸਾਡੀ ਆਪਣੀ ਤ੍ਰਾਸਦੀ ਸਾਡੇ ਸਾਹਮਣੇ ਹੈ, ਸੈਂਕੜੇ ਮਰੀਜ਼ਾਂ ਦਾ ਆਕਸੀਜਨ ਨਾ ਮਿਲਣ ਕਾਰਨ ਦੇਹਾਂਤ ਹੋ ਗਿਆ, ਮਰੀਜ਼ ਹਸਪਤਾਲਾਂ ਤੋਂ ਬਾਹਰ ਬੈੱਡ ਲੈਣ ਲਈ ਤੜਪਦੇ ਰਹੇ, ਦਵਾਈਆਂ, ਵੈਕਸੀਨ, ਆਕਸੀਜਨ, ਬੈੱਡ, ਹਰ ਚੀਜ਼ ਦੀ ਕਮੀ ਦਿਖਾਈ ਦਿੱਤੀ। ਸਿਵਿਆਂ ਦੇ ਬਾਹਰ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਲਈ ਇੰਤਜ਼ਾਰ ਕਰ ਰਹੇ ਹਨ, ਕਈ ਪਰਿਵਾਰ ਨਿਰਾਸ਼ਾ, ਦੁੱਖ ਅਤੇ ਗ਼ਰੀਬੀ ਦੀ ਅਜਿਹੀ ਖਾਈ ਵਿਚ ਜਾ ਡਿੱਗੇ ਕਿ ਆਪਣੇ ਪਿਆਰਿਆਂ ਦਾ ਸਸਕਾਰ ਵੀ ਨਾ ਕਰ ਸਕੇ, ਉਨ੍ਹਾਂ ਨੇ ਲਾਸ਼ਾਂ ਦਰਿਆਵਾਂ ਵਿਚ ਵਹਾ ਦਿੱਤੀਆਂ।
      ਅਜਿਹੀ ਤ੍ਰਾਸਦੀ ਤਦ ਸਾਹਮਣੇ ਆਉਂਦੀ ਹੈ ਜਦ ਅਸੀਂ ਸਥਿਤੀ ਅਤੇ ਜ਼ਮੀਨੀ ਹਕੀਕਤਾਂ ਨੂੰ ਸਵੀਕਾਰ ਨਹੀਂ ਕਰਦੇ। ਮਨੁੱਖਤਾ ਦੇ ਵੱਡੇ ਦੁਖਾਂਤ ਉਦੋਂ ਹੀ ਵਾਪਰੇ ਹਨ ਜਦ ਵੱਖ ਵੱਖ ਦੇਸ਼ਾਂ ਦੇ ਆਗੂਆਂ ਨੇ ਆਪਣੇ ਅਭਿਮਾਨ ਕਾਰਨ ਆਪਣੀਆਂ ਕਮਜ਼ੋਰੀਆਂ, ਕਚਿਆਈਆਂ, ਅਸਫ਼ਲਤਾਵਾਂ, ਹਾਰਾਂ ਅਤੇ ਅਸਮਰੱਥਾ ਨੂੰ ਸਵੀਕਾਰ ਨਹੀਂ ਕੀਤਾ। ਅਭਿਮਾਨ ਕਦੇ ਵੀ ਕਿਸੇ ਦੇਸ਼, ਸਰਕਾਰ, ਸੰਸਥਾ ਜਾਂ ਵਿਅਕਤੀ ਦੀ ਪ੍ਰਾਪਤੀ ਨਹੀਂ ਹੋ ਸਕਦਾ। ਬਾਬਾ ਨਾਨਕ ਜੀ ਦਾ ਕਥਨ ਹੈ, ‘‘ਹਉ ਮੁਆ ਮੈ ਮਾਰਿਆ ਪਉਣ ਵਹੈ ਦਰੀਆਉ।।’’ ਭਾਵ ਪ੍ਰਾਣੀ ਹੰਕਾਰ ਕਾਰਨ ਮਰਦਾ ਹੈ, ਉਸ ਦੀ ਮੈਂ ਉਸ ਨੂੰ ਮਾਰ ਸੁੱਟਦੀ ਹੈ, ਸੁਆਸ ਦਰਿਆ ਵਾਂਗ ਵਹਿੰਦੇ ਹਨ। ਸਾਡੇ ਦੇਸ਼ ਦੀ ਸੱਤਾਧਾਰੀ ਧਿਰ ਵਿਚ ਅਭਿਮਾਨ ਏਨਾ ਜ਼ਿਆਦਾ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੁਝਾਵਾਂ ਦਾ ਮਖੌਲ ਉਡਾਇਆ ਗਿਆ। ਸੋਨੀਆ ਗਾਂਧੀ ਦੇ ਲਿਖੇ ਪੱਤਰ ਦਾ ਤ੍ਰਿਸਕਾਰ ਕਰਨ ਦੀ ਜ਼ਿੰਮੇਵਾਰੀ ਕੇਂਦਰੀ ਸਿਹਤ ਮੰਤਰੀ ਨੂੰ ਦਿੱਤੀ ਗਈ।
       ਸਾਡੇ ਦੇਸ਼ ਵਿਚ ਵਾਪਰ ਰਹੀ ਤ੍ਰਾਸਦੀ ਸਭ ਸੀਮਾਵਾਂ ਪਾਰ ਕਰਦੀ ਜਾ ਰਹੀ ਹੈ। ਦਵਾਈਆਂ, ਆਕਸੀਜਨ ਸਿਲੰਡਰਾਂ, ਆਕਸੀਜਨ ਕੰਨਸੈਂਟਰੇਟਰਾਂ ਅਤੇ ਹੋਰ ਵਸਤਾਂ ਦੀ ਕਾਲਾ-ਬਾਜ਼ਾਰੀ ਹੋ ਰਹੀ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚ ‘ਪੀਐੱਮ ਕੇਅਰਜ਼ ਫੰਡ’ ਵਿਚੋਂ ਭੇਜੇ ਗਏ ਵੈਂਟੀਲੇਟਰਾਂ ਬਾਰੇ ਖਿੱਚੋਤਾਣ ਹੋਈ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੁਆਰਾ ਭੇਜੇ ਗਏ ਵੈਂਟੀਲੇਟਰ ਘਟੀਆ ਹਨ ਅਤੇ ਬਹੁਗਿਣਤੀ ਵਿਚ ਕਈ ਤਰ੍ਹਾਂ ਦੇ ਨੁਕਸ ਹਨ। ਕੇਂਦਰ ਸਰਕਾਰ ਅਨੁਸਾਰ ਪੰਜਾਬ ਕੋਲ ਵੈਂਟੀਲੇਟਰ ਚਲਾਉਣ ਲਈ ਬੁਨਿਆਦੀ ਸਹੂਲਤਾਂ (Infrastructure) ਅਤੇ ਮੁਹਾਰਤ ਦੀ ਕਮੀ ਹੈ।
     ਵੈਂਟੀਲੇਟਰਾਂ ਦੀ ਕਹਾਣੀ ਵੱਖਰੀ ਹੈ। ਕਈ ਹਸਪਤਾਲਾਂ ਵਿਚ ਆਕਸੀਜਨ ਖ਼ਤਮ ਹੋ ਜਾਣ ਕਾਰਨ ਵੈਂਟੀਲੇਟਰਾਂ ਵਿਚ ਆਕਸੀਜਨ ਨਾ ਗਈ ਅਤੇ ਉਨ੍ਹਾਂ ’ਤੇ ਪਏ ਮਰੀਜ਼ ਲਾਸ਼ਾਂ ਬਣ ਗਏ, ਬਹੁਤਿਆਂ ਨੂੰ ਵੈਂਟੀਲੇਟਰ ਨਸੀਬ ਹੀ ਨਾ ਹੋਏ। ਗੱਲ ਸਿਰਫ਼ ਵੈਂਟੀਲੇਟਰਾਂ ਤਕ ਸੀਮਤ ਨਹੀਂ, ਹੁਣ ਦੇਸ਼ ਦੇ ਦਿਹਾਤੀ ਇਲਾਕਿਆਂ ਵਿਚ ਕਰੋਨਾ ਫੈਲਣ ਕਾਰਨ ਲੋਕਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਵੀ ਨਹੀਂ ਮਿਲ ਰਹੀ। ਇਕ ਲੇਖਕ ਅਨੁਸਾਰ ਵੈਂਟੀਲੇਟਰ ਇਸ ਮਹਾਮਾਰੀ ਦਾ ਪ੍ਰਤੀਕ ਬਣ ਗਿਆ ਹੈ : ਮਰੀਜ਼ ਵੈਂਟੀਲੇਟਰ ’ਤੇ ਹਨ, ਸਿਹਤ ਪ੍ਰਬੰਧ ਵੈਂਟੀਲੇਟਰ ’ਤੇ ਹੈ, ਸਰਕਾਰਾਂ ਵੈਂਟੀਲੇਟਰ ’ਤੇ ਹਨ। ਲੇਖਕ ਅਨੁਸਾਰ ਵੈਂਟੀਲੇਟਰਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸਾਡੇ ਆਗੂਆਂ ਦੇ ਝੂਠ ਨੂੰ ਹੈ।
       ਇਹ ਸਹੀ ਹੈ ਕਿ ਸਰਕਾਰਾਂ, ਸਿਹਤ ਪ੍ਰਬੰਧ ਅਤੇ ਬੁਨਿਆਦੀ ਢਾਂਚੇ ਦੇ ਕਈ ਹਿੱਸੇ ਵੈਂਟੀਲੇਟਰ ’ਤੇ ਹਨ ਪਰ ਇਹ ਵੀ ਸੱਚ ਹੈ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼, ਸਫ਼ਾਈ ਕਰਮਚਾਰੀਆਂ, ਸਨਅਤੀ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਦਿਨ-ਰਾਤ ਕੰਮ ਕਰਕੇ ਲੱਖਾਂ ਜਾਨਾਂ ਬਚਾਈਆਂ ਹਨ। ਪ੍ਰਸ਼ਾਸਨ ਦੀ ਸਮੁੱਚੀ ਇਕਾਈ ’ਤੇ ਸਵਾਲ ਉਠਾਏ ਗਏ ਹਨ ਪਰ ਕੁਝ ਪ੍ਰਸ਼ਾਸਕਾਂ ਨੇ ਆਪਣੀ ਯੋਗਤਾ, ਸਮਰੱਥਾ ਅਤੇ ਮਿਹਨਤ ਦਾ ਸਬੂਤ ਦਿੰਦਿਆਂ ਵਸੀਲਿਆਂ ਦੇ ਸੀਮਤ ਹੋਣ ਦੇ ਬਾਵਜੂਦ ਵਧੀਆ ਵਿਉਂਤਬੰਦੀ ਕੀਤੀ ਹੈ। ਧਾਰਮਿਕ, ਜਨਤਕ ਅਤੇ ਸਮਾਜਿਕ ਜਥੇਬੰਦੀਆਂ ਲੋਕਾਂ ਦਾ ਦੁੱਖ ਵੰਡਾਉਣ ਲਈ ਨਿੱਤਰੀਆਂ ਹਨ, ਰੋਟੀ ਦੇ ਨਾਲ ਨਾਲ ਆਕਸੀਜਨ ਦੇ ਲੰਗਰ ਲਗਾਏ ਗਏ ਹਨ। ਇਸ ਦ੍ਰਿਸ਼ਟੀਕੋਣ ਤੋਂ ਦੇਖਦਿਆਂ ਲੋਕਾਈ ਨੂੰ ਬਚਾਉਣ ਵਾਲਾ ਸਭ ਤੋਂ ਵੱਡਾ ਵੈਂਟੀਲੇਟਰ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਹੈ। ਲੋਕਾਈ ਨੂੰ ਆਗੂਆਂ ਦੇ ਹੰਕਾਰ ਤੇ ਅਭਿਮਾਨ ਦਾ ਪਰਦਾਫਾਸ਼ ਕਰਨ ਲਈ ਲੜਨਾ ਪਵੇਗਾ। ਲੋਕ-ਘੋਲ ਭਾਈਚਾਰਕ ਸਾਂਝ ਤੋਂ ਉਪਜਦੇ ਹਨ। ਇਹ ਘੋਲ ਹੀ ਆਗੂਆਂ ਦੇ ਝੂਠ ਨੂੰ ਬੇਨਕਾਬ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਭਾਈਚਾਰਕ ਸਾਂਝ ਵੈਂਟੀਲੇਟਰ ਨਹੀਂ, ਇਹ ਤਾਂ ਸਮੂਹ ਮਨੁੱਖਾਂ ਦੀਆਂ ਹਿੱਕਾਂ ਵਿਚ ‘ਭਰ ਵਗਦਾ ਦਰਿਆ’ ਹੈ, ਅਸੀਂ ਸ਼ਬਦ ਕੋਈ ਵੀ ਵਰਤ ਲਈਏ, ਲੋਕਾਈ ਨੂੰ ਭਾਈਚਾਰਕ ਸਾਂਝ ਤੇ ਜਥੇਬੰਦ ਹੋ ਕੇ ਅਨਿਆਂ ਵਿਰੁੱਧ ਲੜਨ ਦੀ ਆਪਣੀ ਸਮਰੱਥਾ ਦੇ ਸਹਾਰੇ ਹੀ ਜੂਝਣਾ ਪੈਣਾ ਹੈ।