ਦੀਵੇ ਥੱਲੇ ਹਨੇਰਾ - ਰਵਿੰਦਰ ਸਿੰਘ ਕੁੰਦਰਾ
ਲੋਅ ਭਾਵੇਂ ਲੱਖ ਤਿੱਖੀ ਦੇਵੇ, ਪਰ ਪੈਰਾਂ ਵਿੱਚ ਹਨੇਰਾ,
ਦੀਵਾ ਵੀ ਬੇਵੱਸ ਹੋ ਜਾਂਦਾ, ਛੱਡ ਬਹਿੰਦਾ ਹੈ ਜੇਰਾ।
ਬੰਦਾ ਇਸ ਤੋਂ ਉਲਟ ਬੜਾ ਹੈ, ਅਭਿਮਾਨੀ ਹੰਕਾਰੀ,
ਅਲਪ ਬੁੱਧ ਦਾ ਵਾਜਾ ਅਪਣਾ, ਵਜਾਂਦਾ ਫਿਰੇ ਘਨੇਰਾ।
ਦੇਖੇ ਨੇ ਕਈ ਅਕਲਾਂ ਵੰਡਦੇ, ਪਰ ਆਪਣਾ ਖਾੱਨਾ ਖਾਲੀ,
ਜੀਵਨ ਜਾਚ ਜਗਤ ਨੂੰ ਦੱਸਣ, ਪਰ ਚੌੜ ਹੈ ਝੁੱਗਾ ਵਿਹੜਾ।
ਆਪਣੇ ਘਰ ਜੋਗੀ ਹੈ ਬੁੱਧੂ, ਬਾਹਰ ਸਿੱਧ ਕਹਾਵੇ,
ਸੁਆਹ ਤੋਂ ਸੱਖਣਾ ਚੁੱਲ੍ਹਾ ਉਸਦਾ, ਸ਼ਾਮ ਹੋਵੇ ਜਾਂ ਸਵੇਰਾ।
ਬਹੁਤੀ ਅਕਲ ਵੀ ਹੈ ਅਜ਼ਾਬੀ, ਨਾ ਸਾਂਭ ਸਕੇ ਹਰ ਕੋਈ,
ਪਿਆਲਾ ਵੀ ਜਦ ਭਰ ਕੇ ਉੱਛਲੇ, ਕਰ ਜਾਵੇ ਲੱਗ ਲਬੇੜਾ।
ਥੋਥਾ ਚਨਾ ਛਣ ਛਣ ਛਣਕੇ, ਊਣਾ ਘੜਾ ਵੀ ਬਹੁਤਾ,
ਅਕਲ ਬੇਅਕਲੇ ਮਾਨਸ ਦਾ, ਕੁਦਰਤ ਹੀ ਕਰੇ ਨਬੇੜਾ।
ਮੂਰਖ ਦੇ ਨਾਲ ਮੱਥਾ ਲਾਉਣਾ, ਪੈਂਦਾ ਬੜਾ ਹੈ ਮਹਿੰਗਾ,
ਚੁੱਪ ਕਰਕੇ ਇੱਕ ਪਾਸੇ ਹੋਣਾ, ਸੌਖਿਆਂ ਹੀ ਮੁੱਕੇ ਝੇੜਾ।
ਜ਼ਿੰਦਗੀ ਦੇ ਕਈ ਕੌੜ ਤਜਰਬੇ, ਕਿਹੜੇ ਕਿਹੜੇ ਦੱਸਾਂ,
ਅੜਬ ਅਦੀਬਾਂ ਦੇ ਵਿੱਚ ਘਿਰ ਕੇ, ਦਿਲ ਦੁਖਦਾ ਬੜਾ ਹੈ ਮੇਰਾ।