ਬਲੈਕ ਫੰਗਸ : ਕਾਰਨ, ਲੱਛਣ ਤੇ ਇਲਾਜ - ਡਾ. ਪਿਆਰਾ ਲਾਲ ਗਰਗ
ਅੱਜਕੱਲ੍ਹ ਕਰੋਨਾ ਮਰੀਜ਼ਾਂ ਲਈ ਕਰੋਨਾ ਦੇ ਨਾਲ ਹੀ ਇਕ ਹੋਰ ਬਿਮਾਰੀ ਨੇ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਹੈ, ਉਹ ਹੈ ਕਾਲੀ ਉੱਲੀ। ਬਨਸਪਤੀ ਵਿਗਿਆਨ ਵਿਚ ਇਸ ਨੂੰ ਮਿਊਕਰਮਾਈਸਿਟੀਜ਼ ਕਿਹਾ ਜਾਂਦਾ ਹੈ। ਇਸ ਬਿਮਾਰੀ ਦਾ ਡਾਕਟਰੀ ਨਾਮ ਮਿਊਕਰਮਾਈਕੋਸਿਸ ਹੈ। ਦੇਸ਼ ਵਿਚ ਬਲੈਕ ਫੰਗਸ ਦੇ ਹਜ਼ਾਰਾਂ ਮਾਮਲੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 200 ਤੋਂ ਵੱਧ ਦੀ ਮੌਤ ਹੋ ਗਈ ਹੈ। ਹਰਿਆਣਾ, ਰਾਜਸਥਾਨ, ਤਾਮਿਲ ਨਾਡੂ, ਉੜੀਸਾ, ਗੁਜਰਾਤ, ਮਹਾਰਾਸ਼ਟਰ, ਚੰਡੀਗੜ੍ਹ ਨੇ ਤਾਂ ਇਸ ਨੂੰ ਮਹਾਮਾਰੀ ਕਾਨੂੰਨ 1897 ਦੀ ਸੈਕਸ਼ਨ (2) ਤਹਿਤ ਨੋਟੀਫਾਈਏਬਲ ਬਿਮਾਰੀ ਵੀ ਐਲਾਨ ਦਿੱਤਾ ਹੈ।
ਉਂਜ ਇਹ ਬਿਮਾਰੀ ਕੋਈ ਨਵੀਂ ਨਹੀਂ ਹੈ। ਇਕ ਖੋਜ ਅਨੁਸਾਰ ਇਸ ਨਾਲ ਸੰਸਾਰ ਵਿਚ ਹਰ ਸਾਲ 15 ਲੱਖ ਮੌਤਾਂ ਹੁੰਦੀਆਂ ਹਨ। ਅਮਰੀਕਾ ਵਿਚ ਇਹ ਬਿਮਾਰੀ 2005, 2008, 2011, 2014 ਅਤੇ 2018 ਵਿਚ ਰਿਪੋਰਟ ਕੀਤੀ ਗਈ ਸੀ। ਅਮਰੀਕਾ ਵਿਚ 2019 ਦੇ ਵਿਸ਼ਲੇਸ਼ਣ ਮੁਤਾਬਕ ਹਰ ਸਾਲ ਕਰੀਬ 330 ਮਾਮਲੇ ਯਾਨੀ ਇਕ ਮਾਮਲਾ ਪ੍ਰਤੀ ਮਿਲੀਅਨ ਆਬਾਦੀ ਪਾਇਆ ਜਾਂਦਾ ਹੈ। ਇਹ ਬਿਮਾਰੀ ਮਨੁੱਖੀ ਸਰੀਰ ਦੇ ਅੰਦਰ ਬਹੁਤ ਘੱਟ ਹੁੰਦੀ ਹੈ, ਪਰ ਚਮੜੀ ਰੋਗ ਤਾਂ ਆਮ ਹੀ ਚਿੱਟੀ ਉੱਲੀ ਵਾਲੇ ਧਦਰ ਆਦਿ ਹੁੰਦੇ ਹਨ, ਜਿਸ ’ਤੇ ਲੋਕ ਰਿੰਗ ਕਟਰ ਜਾਂ ਰਿੰਗ ਗਾਰਡ ਵਗੈਰਾ ਆਮ ਹੀ ਵਰਤਦੇ ਹਨ। ਆਓ, ਇਸ ਬਿਮਾਰੀ ਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਗੱਲ ਕਰਦੇ ਹਾਂ:
ਕਾਲੀ ਉੱਲੀ ਕੀ ਹੈ ?
ਉੱਲੀਆਂ ਜਿਨ੍ਹਾਂ ਨਾਲ ਸਾਡਾ ਵਾਹ ਰੋਜ਼ ਪੈਂਦਾ ਹੈ, ਸੰਸਾਰ ਵਿਚ 40 ਕਰੋੜ ਸਾਲ ਤੋਂ ਹੋਂਦ ਵਿਚ ਹਨ। ਸਾਉਣ ਭਾਦੋਂ ਦੇ ਮਹੀਨੇ ਪਿੰਡਾਂ ਦੀਆਂ ਰੂੜੀਆਂ ਉੱਪਰ ਉੱਗੀਆਂ ਚਿੱਟੀਆਂ-ਚਿੱਟੀਆਂ ਖੁੰਭਾਂ ਤੇ ਕਾਲੀ ਛਤਰੀ ਵਾਲੀਆਂ ਉੱਲੀਆਂ ਆਮ ਹੀ ਹੁੰਦੀਆਂ ਹਨ। ਇਹ ਮਿਊਕਰਮਾਈਕੋਸਿਟੀਜ਼ ਵੀ ਇਕ ਉੱਲੀ ਹੈ, ਜਿਹੋ ਜਿਹੀ ਕਾਲੀ ਜਾਂ ਚਿੱਟੀ ਉੱਲੀ ਸਾਡੇ ਅਚਾਰ ਬਰੈੱਡ ਆਦਿ ਉੱਪਰ ਲੱਗ ਜਾਂਦੀ ਹੈ। ਇਸ ਦੇ ਧਾਗੇ ਭੂਰੇ ਕਾਲੇ ਰੰਗ ਦੇ ਹੁੰਦੇ ਹਨ ਅਤੇ ਸਰੀਰ ਅੰਦਰ ਵੀ ਇਹ ਕਾਲੇ ਕਾਲੇ ਪਿੰਨੇ ਜਿਹੇ ਬਣਾ ਦਿੰਦੀ ਹੈ। ਇਸੇ ਕਰਕੇ ਇਸ ਨੂੰ ਕਾਲੀ ਉੱਲੀ ਜਾਂ ਬਲੈਕ ਫੰਗਸ ਕਿਹਾ ਜਾਂਦਾ ਹੈ।
ਇਹ ਉੱਲੀ ਕਿੱਥੇ ਪਾਈ ਜਾਂਦੀ ਹੈ ?
ਇਸ ਦੇ ਸਪੋਰ ਹਵਾ ਤੇ ਮਿੱਟੀ ਵਿਚ ਮਿਲਦੇ ਹਨ। ਗਲ ਸੜ ਰਹੇ ਆਰਗੈਨਿਕ ਪਦਾਰਥਾਂ ਜਿਵੇਂ ਆਲੂ, ਸਬਜ਼ੀਆਂ, ਫ਼ਲਾਂ ਆਦਿ ਉੱਪਰ, ਸਿੱਲ੍ਹੀਆਂ ਕੰਧਾਂ, ਰੂੜੀਆਂ, ਗੋਹੇ, ਗਲ ਸੜ ਰਹੇ ਪੱਤਿਆਂ ਜਾਂ ਕੰਪੋਜ਼ਿਟ ਉੱਪਰ ਵੀ ਬਲੈਕ ਫੰਗਸ ਪਾਈ ਜਾਂਦੀ ਹੈ। ਸਿੱਲ੍ਹੀਆਂ ਥਾਵਾਂ ਜਿਵੇਂ ਪਾਣੀ ਦੀਆਂ ਪਾਈਪਾਂ ਦੇ ਨਾਲ-ਨਾਲ, ਸਿੱਲ੍ਹੇ ਗਲੀਚੇ ਦੇ ਹੇਠ, ਪਾਣੀ ਦੇ ਲੀਕ ਕਰਦੇ ਟੈਂਕਾਂ ਦੇ ਸੰਪਰਕ ਵਿਚ ਇਸ ਦੇ ਬੀਜਾਣੂ (ਸਪੋਰਜ਼) 24 ਤੋਂ 48 ਘੰਟੇ ਵਿਚ ਉੱਗ ਕੇ ਵਧਣਾ ਫੈਲਣਾ ਸ਼ੁਰੂ ਕਰ ਦਿੰਦੇ ਹਨ।
ਇਹ ਮਨੁੱਖੀ ਸਰੀਰ ਵਿਚ ਕਿਵੇਂ ਦਾਖਲ ਹੁੰਦੇ ਹਨ ?
ਇਹ ਸਪੋਰ ਯਾਨੀ ਬੀਜਾਣੂ ਹਵਾ ਵਿਚ ਹੁੰਦੇ ਹਨ ਜੋ ਸਾਹ ਲੈਣ ਵੇਲੇ ਨੱਕ ਤੇ ਮੂੰਹ ਰਾਹੀਂ ਸਰੀਰ ਵਿਚ ਦਾਖਲ ਹੁੰਦੇ ਹਨ। ਇਹ ਗਰਮੀਆਂ ਵਿਚ ਹਵਾ ਵਿਚ ਜ਼ਿਆਦਾ ਹੁੰਦੇ ਹਨ ਜਦੋਂਕਿ ਸਰਦੀਆਂ ਜਾਂ ਬਸੰਤ ਰੁੱਤੇ ਇਹ ਥੱਲੇ ਬੈਠ ਜਾਂਦੇ ਹਨ। ਡੂੰਘੇ ਜ਼ਖ਼ਮਾਂ ਰਾਹੀਂ ਬਾਗਬਾਨੀ ਵਾਲਿਆਂ ਦੇ ਜਾਂ ਹਸਪਤਾਲ ਦੇ ਅਮਲੇ ਦੇ ਅੰਦਰ ਚਲੇ ਜਾਂਦੇ ਹਨ। ਇਸ ਲਈ ਨੰਗੇ ਪੈਰਾਂ ਜਾਂ ਹੱਥਾਂ ਨਾਲ ਬਾਗਬਾਨੀ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਆਮ ਤੌਰ ’ਤੇ ਤੰਦਰੁਸਤ ਵਿਅਕਤੀਆਂ ਵਿਚ ਇਹ ਬਿਮਾਰੀ ਪੈਦਾ ਨਹੀਂ ਕਰਦੇ, ਪਰ ਸਰੀਰ ਵਿਚ ਰੋਗ ਰੋਧਕਤਾ ਘਟਣ ’ਤੇ ਇਹ ਮੌਕਾ ਪਾ ਕੇ ਹਮਲਾ ਕਰ ਦਿੰਦੀ ਹੈ। ਤੰਦਰੁਸਤ ਵਿਅਕਤੀਆਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ।
ਇਸ ਤੋਂ ਕਿਨ੍ਹਾਂ ਨੂੰ ਖ਼ਤਰਾ ਹੈ?
ਕੋਵਿਡ ਦੇ ਗੰਭੀਰ ਮਰੀਜ਼ ਜਿਨ੍ਹਾਂ ਨੂੰ ਆਈਸੀਯੂ ਵਿਚ ਜ਼ਿਆਦਾ ਮਾਤਰਾ ਵਿਚ ਸਟੀਰਾਇਡ ਦੇਣੇ ਪੈਂਦੇ ਹਨ ਜਾਂ ਜਿਨ੍ਹਾਂ ਦੀ ਅੰਗ ਜਾਂ ਸਟੈਮ ਸੈੱਲ ਬਦਲੀ (ਟਰਾਂਸਪਲਾਂਟ) ਬਾਅਦ ਜ਼ਿਆਦਾ ਮਾਤਰਾ ਵਿਚ ਜ਼ਿਆਦਾ ਸਮੇਂ ਲਈ ਸਟੀਰਾਇਡ ਵਰਗੀਆਂ ਦਵਾਈਆਂ (ਇਮਿਊਨੋ ਸੁਪਰੈਸੈਂਟਸ) ਦੇਣ ਕਾਰਨ ਰੋਗ ਰੋਧਕਤਾ ਘਟੀ ਹੋਵੇ। ਡਾਇਬਟੀਜ਼ (ਸ਼ੂਗਰ ਰੋਗ) ਵਿਚ ਸ਼ੂਗਰ ਕੰਟਰੋਲ ਨਾ ਹੋਈ ਹੋਵੇ ਜਾਂ ਗੁਰਦੇ ਦੇ ਰੋਗਾਂ ਵਾਲਿਆਂ ਨੂੰ ਵੀ ਵੱਧ ਖ਼ਤਰਾ ਹੈ। ਕੈਂਸਰ, ਅੰਗ ਤੇ ਸਟੈਮ ਸੈੱਲ ਬਦਲੀ ਦੇ ਮਰੀਜ਼ਾਂ ਵਿਚ ਇਹ ਫੇਫੜਿਆਂ ਉੱਪਰ ਹਮਲਾ ਕਰਦੀ ਹੈ। ਜ਼ਿਆਦਾ ਦੇਰ ਆਈਸੀਯੂ ਵਿਚ ਵੈਂਟੀਲੇਟਰ ਆਦਿ ’ਤੇ ਰਹਿਣ ਵਾਲਿਆਂ ਨੂੰ ਵੀ ਕਾਲੀ ਉੱਲੀ ਤੋਂ ਖ਼ਤਰਾ ਹੈ। ਵੈਂਟੀਲੇਟਰ ਦੀ ਲਾਜ਼ਮੀ ਲੋੜ ਵਾਲੇ ਕੋਵਿਡ-19 ਦੇ ਮਰੀਜ਼ਾਂ ਨੂੰ ਇਸ ਤੋਂ ਵੱਧ ਖ਼ਤਰਾ ਹੈ।
ਇਹ ਸਰੀਰ ਦੇ ਕਿਹੜੇ ਹਿੱਸਿਆਂ ਉੱਪਰ ਹਮਲਾ ਕਰਦੀ ਹੈ ?
ਇਸ ਦੇ ਬੀਜਾਣੂ ਨੱਕ ਰਾਹੀਂ ਦਿਮਾਗ਼ ਤੱਕ ਪਹੁੰਚ ਜਾਂਦੇ ਹਨ। ਇਸ ਨੂੰ ਰਹੀਨੋਸੈਰੀਬਰਲ ਮਿਊਕਰਮਾਈਕੋਸਿਸ ਕਹਿੰਦੇ ਹਨ। ਇਹ ਸਾਹ ਰਾਹੀਂ ਫੇਫੜਿਆਂ ਵਿਚ ਪਹੁੰਚ ਕੇ ਕਾਲੀ ਉੱਲੀ ਬਣ ਜਾਂਦੀ ਹੈ, ਇਸ ਬਿਮਾਰੀ ਨੂੰ ਪਲਮੋਨਰੀ ਮਿਊਕਰਮਾਈਕੋਸਿਸ ਕਹਿੰਦੇ ਹਨ। ਇਹ ਮੂੰਹ ਰਾਹੀਂ ਪੇਟ ਵਿਚ ਪ੍ਰਵੇਸ਼ ਕਰਕੇ ਮਿਹਦੇ ਅਤੇ ਭੋਜਨ ਨਲੀ ਯਾਨੀ ਆਂਤ ਦੀ ਬਿਮਾਰੀ ਗੈਸਟਰੋ ਇੰਟਸਟਾਈਨਲ ਮਿਊਕਰਮਾਈਕੋਸਿਸ ਦਾ ਕਾਰਨ ਬਣਦੀ ਹੈ। ਚਮੜੀ ਉੱਪਰ ਇਹ ਕੁਟੇਨੀਅਸ ਮਿਊਕਰਮਾਈਕੋਸਿਸ ਪੈਦਾ ਕਰਦੀ ਹੈ। ਕੇਂਦਰੀ ਨਾੜੀ ਤੰਤੂ ਅਤੇ ਗੁਰਦੇ ਦਾ ਮਿਊਕਰਮਾਈਕੋਸਿਸ ਵੀ ਹੋ ਸਕਦਾ ਹੈ। ਇਹ ਰੋਗ ਸਾਰੇ ਸਰੀਰ ਵਿਚ ਵੀ ਫੈਲਿਆ ਹੋ ਸਕਦਾ ਹੈ ਜਾਂ ਫਿਰ ਕਿਸੇ ਬਹੁਤ ਹੀ ਅਜੀਬੋ ਗਰੀਬ ਹਾਲਤ ਵਿਚ ਆਸਾਧਾਰਨ ਰੂਪ ਵਿਚ ਪ੍ਰਗਟ ਹੋ ਸਕਦਾ ਹੈ। ਨੱਕ ਵਾਲਾ ਰੋਗ ਦਿਮਾਗ਼ ਵਿਚ ਵੀ ਜਾ ਸਕਦਾ ਹੈ।
ਕੋਵਿਡ-19 ਦੇ ਮਰੀਜ਼ਾਂ ਵਿਚ ਇਹ ਰੋਗ ਕਿਵੇਂ ਹੁੰਦਾ ਹੈ ?
ਕੋਵਿਡ-19 ਦੇ ਮਰੀਜ਼ਾਂ ਵਿਚ ਇਹ ਜ਼ਿਆਦਾਤਰ ਰਹੀਨੋਸੈਰੀਬਰਲ ਕਿਸਮ ਦਾ ਰੋਗ ਹੈ। ਯਾਨੀ ਇਹ ਨੱਕ, ਮੂੰਹ, ਗੱਲ੍ਹਾਂ, ਜਬਾੜੇ, ਦੰਦਾਂ ਤੇ ਅੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਆਮ ਤੌਰ ’ਤੇ ਨੱਕ ਦੇ ਆਲੇ ਦੁਆਲੇ, ਗੱਲ੍ਹਾਂ ਦੇ ਅੰਦਰ ਦੀਆਂ ਖੋਖਲੀਆਂ ਹੱਡੀਆਂ ਵਿਚ ਸ਼ੁਰੂ ਹੁੰਦਾ ਹੈ, ਉਨ੍ਹਾਂ ਨੂੰ ਖੋਰਦਾ ਖੋਰਦਾ ਯਾਨੀ ਗਾਲਦਾ ਹੋਇਆ ਨੱਕ, ਜਬਾੜਾ, ਦੰਦਾਂ ਤੇ ਅੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਰੋਗ ਦਿਮਾਗ਼ ਤਕ ਵੀ ਪਹੁੰਚ ਜਾਂਦਾ ਹੈ।
ਕਾਲੀ ਉੱਲੀ ਦੇ ਕੀ ਲੱਛਣ ਹਨ ?
ਇਸ ਨਾਲ ਨੱਕ ਬੰਦ ਹੋ ਜਾਂਦਾ ਹੈ ਜਾਂ ਨੱਕ ਵਗਦਾ ਹੈ, ਨੱਕ ਵਿਚੋਂ ਕਾਲਾ ਜਾਂ ਲਹੂ ਯੁਕਤ ਬਹੁਤ ਦੁਰਗੰਧ ਵਾਲਾ ਮਵਾਦ ਨਿਕਲਦਾ ਹੈ। ਸੁੰਘਣ ਸ਼ਕਤੀ ਘਟ ਜਾਂਦੀ ਹੈ ਜਾਂ ਖ਼ਤਮ ਹੋ ਜਾਂਦੀ ਹੈ, ਚਿਹਰੇ ਦੇ ਇਕ ਪਾਸੇ ਦਰਦ, ਭਾਰਾਪਣ, ਸੁੰਨ ਹੋ ਜਾਣਾ ਜਾਂ ਸੁੱਜ ਜਾਣਾ ਅਤੇ ਸਬੰਧਤ ਹਿੱਸਾ ਗਰਮ ਹੋ ਜਾਂਦਾ ਹੈ। ਕਈ ਵਾਰ ਮੂੰਹ ਵਿਚੋਂ ਦੁਰਗੰਧ ਆਉਂਦੀ ਹੈ, ਨੱਕ ਉੱਪਰ ਕਾਲਾਪਣ, ਤਾਲੂਏ ਉੱਪਰ ਕਾਲਾਪਣ, ਦੰਦ ਹਿਲਣ ਲੱਗ ਜਾਣੇ, ਜਬਾੜੇ ਦਾ ਗਲਣਾ, ਅੱਖਾਂ ਦੁਆਲੇ ਲਾਲੀ ਜਾਂ ਕਾਲਾਪਣ, ਦੋ-ਦੋ ਵਸਤਾਂ ਨਜ਼ਰ ਆਉਣੀਆਂ, ਦਰਦ, ਨਜ਼ਰ ਦਾ ਧੁੰਦਲਾਪਣ, ਬੁਖਾਰ, ਸਿਰ ਪੀੜ, ਚਿਹਰੇ ਦੀ ਚਮੜੀ ਉੱਪਰ ਕਾਲੇ ਧੱਬੇ, ਚਮੜੀ ਦਾ ਗਲ ਜਾਣਾ ਆਦਿ। ਬਾਕੀ ਅੰਗਾਂ ਦੇ ਰੋਗ ਵਿਚ ਖੂਨ ਦੇ ਗਤਲੇ ਬਣ ਜਾਣਾ, ਛਾਤੀ ਵਿਚ ਦਰਦ, ਖੰਘ, ਸਾਹ ਚੜ੍ਹਨਾ, ਪੇਟ ਦਰਦ, ਖੂਨ ਦੀ ਉਲਟੀ, ਤੌਰ ਭੌਰ ਹੋ ਜਾਣਾ ਯਾਨੀ ਸੁੱਧ ਬੁੱਧ ਨਾ ਰਹਿਣਾ ਆਦਿ ਲੱਛਣ ਸ਼ਾਮਲ ਹਨ।
ਕਾਲੀ ਉੱਲੀ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ ?
ਮਰੀਜ਼ ਦੀ ਕਹਾਣੀ ਸੁਣ ਕੇ ਉਸ ਦੇ ਸਰੀਰ ਦਾ ਮੁਆਇਨਾ ਕਰਕੇ ਬਿਮਾਰੀ ਦੀਆਂ ਸਾਹਮਣੇ ਨਜ਼ਰ ਆਉਂਦੀਆਂ ਨਿਸ਼ਾਨੀਆਂ ਵੇਖ ਕੇ ਚਮੜੀ ਜਾਂ ਮਾਸ ਦੀ ਬਾਇਓਪਸੀ ਕਰਕੇ ਯਾਨੀ ਚਮੜੀ ਦਾ ਟੁਕੜਾ ਟੈਸਟ ਕਰਕੇ, ਮਵਾਦ ਦੀ ਪਰਖ ਕਰਕੇ ਰੋਗ ਦਾ ਪਤਾ ਲਗਾਇਆ ਜਾਂਦਾ ਹੈ। ਖੂਨ ਟੈਸਟ ਕਰਕੇ ਇਸ ਦਾ ਕੋਈ ਬਹੁਤਾ ਪਤਾ ਨਹੀਂ ਲੱਗਦਾ। ਹਾਂ, ਸੀਟੀ ਸਕੈਨ ਅਤੇ ਐੱਮਆਰਆਈ ਕਰਨੇ ਪੈ ਸਕਦੇ ਹਨ।
ਇਸ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਮੂੰਹ ’ਤੇ ਮਾਸਕ ਪਹਿਨ ਕੇ ਰੱਖਣਾ, ਬਾਗਬਾਨੀ ਵੇਲੇ ਜਾਂ ਉਸਾਰੀ ਅਧੀਨ ਸਥਾਨਾਂ ਉੱਪਰ ਜਾਣ ਵੇਲੇ ਜੁੱਤੇ ਜ਼ੁਰਾਬਾਂ ਤੇ ਦਸਤਾਨੇ ਪਾ ਕੇ ਰੱਖਣਾ, ਪੂਰੀਆਂ ਬਾਹਵਾਂ ਦਾ ਕਮੀਜ਼ ਅਤੇ ਪਜਾਮਾ ਪਾ ਕੇ ਰੱਖਣਾ। ਜ਼ਖ਼ਮ ਹੋਣ ’ਤੇ ਮਿਟੀ ਗੋਹੇ ਆਦਿ ਵਿਚ ਹੱਥ ਪੈਰ ਨਾ ਪਾਉਣਾ, ਆਕਸੀਜਨ ਲਾਉਣ ਵੇਲੇ ਬੋਤਲ ਵਿਚ ਪਾਣੀ ਪ੍ਰੈਸ਼ਰ ਸਟਰਲਾਈਜ਼ ਕਰਕੇ ਪਾਉਣਾ, ਕੋਵਿਡ ਬਾਅਦ ਵੀ ਮਾਸਕ ਪਹਿਨਣਾ, ਬਿਨਾਂ ਵੱਡੇ ਹਸਪਤਾਲ ਦੀ ਰਾਏ ਦੇ ਸਟੀਰਾਇਡ ਨਾ ਲਓ, ਜਿਮ ਆਦਿ ਵਿਚ ਐਨਾਬੌਲਿਕ ਸਟੀਰਾਇਡ ਨਾ ਵਰਤੋ, ਤਕਲੀਫ਼ ਹੋਣ ’ਤੇ ਤੁਰੰਤ ਡਾਕਟਰ ਦੀ ਸਲਾਹ ਲਓ। ਇਹ ਬਿਮਾਰੀ ਉਂਜ ਕਰੋਨਾ ਦੀ ਤਰ੍ਹਾਂ ਖੰਘ ਆਦਿ ਰਾਹੀਂ ਇਨਫੈਕਸ਼ਨ ਨਹੀਂ ਕਰਦੀ। ਹਵਾ ਵਿਚੋਂ ਹੀ ਇਸ ਦੇ ਸਪੋਰ ਹਮਲਾ ਕਰਦੇ ਹਨ।
ਇਸ ਦਾ ਇਲਾਜ ਕੀ ਹੈ ?
ਇਸ ਦਾ ਇਲਾਜ ਉੱਲੀਆਂ ਵਿਰੁੱਧ ਵਰਤੀ ਜਾਂਦੀ ਐਫੋਟੈਰੇਸੀਨ-ਬੀ ਹੀ ਹੈ ਜੋ ਨਾੜੀ ਰਾਹੀਂ ਹੌਲੀ ਹੌਲੀ 2 ਤੋਂ 6 ਘੰਟੇ ਵਿਚ ਦੇਣੀ ਹੁੰਦੀ ਹੈ, ਪਰ ਟੀਕਾ ਲਾਉਣ ਤੋਂ ਪਹਿਲਾਂ ਟੈਸਟ ਕਰ ਲੈਣਾ ਜ਼ਰੂਰੀ ਹੈ। ਪਿਛਲੇ ਪੰਜ ਦਹਾਕਿਆਂ ਵਿਚ ਇਸ ਦਿਸ਼ਾ ਵਿਚ ਕੋਈ ਬਹੁਤੀ ਪ੍ਰਗਤੀ ਨਹੀਂ ਹੋਈ। ਸਮੇਂ ਸਿਰ ਜਾਂਚ ਅਤੇ 4-6 ਹਫ਼ਤੇ ਦੇ ਇਲਾਜ ਅਤੇ ਲੋੜ ਅਨੁਸਾਰ ਸਰਜਰੀ ਨਾਲ ਮਰੀਜ਼ ਠੀਕ ਹੋ ਜਾਂਦੇ ਹਨ। ਸਾਰੇ ਸੰਸਾਰ ਵਿਚ ਹੀ ਬਲੈਕ ਫੰਗਸ ਰੋਗ ਨਾਲ ਮੌਤ ਦਰ ਕਾਫ਼ੀ ਉੱਚੀ ਹੈ (54%)। ਚਮੜੀ ਰੋਗ ਦੌਰਾਨ ਚਮੜੀ ਉੱਪਰ ਲਗਾਉਣ ਵਾਲੀਆਂ ਦਵਾਈਆਂ ਜੋ ਕਿ ਮਾਈਕੋਨਾਜ਼ੋਲ ਗਰੁੱਪ ਦੀਆਂ ਹਨ, ਵੀ ਵਰਤੀਆਂ ਜਾਂਦੀਆਂ ਹਨ। ਪੋਸਾਕੋਨਾਜ਼ੋਲ ਅਤੇ ਇਸਾਵੂਕੋਨਾਜ਼ੋਲ ਵੀ ਐਂਫੋਟੈਰੇਸੀਨ-ਬੀ ਵਾਂਗ ਹੀ ਦਿੱਤੀਆਂ ਜਾਂਦੀਆਂ ਹਨ।