ਕੈਲੇਗਾਈਨੇਫੋਬੀਆ - ਡਾ. ਹਰਸ਼ਿੰਦਰ ਕੌਰ, ਐਮ. ਡੀ.
ਜਦੋਂ ਤੋਂ ਧਰਤੀ ਉੱਤੇ ਜੀਵਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਡਰ ਦਾ ਜਨਮ ਹੋ ਗਿਆ ਸੀ। ਇਨਸਾਨ, ਸਮੁੰਦਰੀ ਜੀਵ, ਜਾਨਵਰ, ਪੰਛੀ, ਕੀਟ-ਪਤੰਗੇ, ਕੋਈ ਵੀ ਅਜਿਹਾ ਨਹੀਂ ਜਿਸ ਨੂੰ ਕਿਸੇ ਤੋਂ ਡਰ ਨਾ ਹੋਵੇ।
ਕਿਸੇ ਨੂੰ ਵੱਧ, ਕਿਸੇ ਨੂੰ ਘੱਟ, ਕਿਸੇ ਨੂੰ ਪਾਣੀ ਤੋਂ, ਕੋਈ ਉਚਾਈ ਤੋਂ, ਕੋਈ ਮੌਤ ਤੋਂ, ਕੋਈ ਸੱਪ ਤੋਂ ਤੇ ਕਿਸੇ ਨੂੰ ਕਿਰਲੀ ਜਾਂ ਕਾਕਰੋਚ ਤੋਂ ਡਰ ਲੱਗਦਾ ਹੈ।
ਕਿਸੇ ਨੂੰ ਇੱਕ ਚੀਜ਼ ਬਹੁਤ ਪਸੰਦ ਹੋ ਸਕਦੀ ਤੇ ਦੂਜਾ ਉਸੇ ਚੀਜ਼ ਤੋਂ ਭੈਅਭੀਤ ਹੋ ਸਕਦਾ ਹੈ। ਆਮ ਤੌਰ ਉੱਤੇ ਸੁੰਦਰਤਾ ਦੀ ਸਭ ਤਾਰੀਫ਼ ਕਰਦੇ ਹਨ, ਪਰ ਇਕ ਅਜਿਹੀ ਕਿਸਮ ਦਾ ਡਰ ਵੀ ਹੈ ਜੋ ਸੁੰਦਰਤਾ ਤੋਂ ਉਤਪੰਨ ਹੁੰਦਾ ਹੈ।
ਕੈਲੇਗਾਈਨੇਫੋਬੀਆ ਅਜਿਹੀ ਹੀ ਇਕ ਬੀਮਾਰੀ ਹੈ। ਕੁੱਝ ਪੁਰਸ਼ਾਂ ਨੂੰ ਇਹ ਬੀਮਾਰੀ ਹੁੰਦੀ ਹੈ ਜਿਸ ਵਿਚ ਸੁਹਣੀ ਕੁੜੀ ਨੂੰ ਵੇਖਦੇ ਸਾਰ ਉਨ੍ਰਾਂ ਅੰਦਰ ਸਹਿਮ ਤੇ ਡਰ ਉਪਜ ਪੈਂਦਾ ਹੈ। ਕਈ ਵਾਰ ਇਹ ਡਰ ਏਨਾ ਅਸੀਮ ਹੁੰਦਾ ਹੈ ਕਿ ਘਬਰਾਹਟ ਨਾਲ ਹੱਥ ਪੈਰ ਤੱਕ ਕੰਬਣ ਲੱਗ ਪੈਂਦੇ ਹਨ ਤੇ ਪਸੀਨੇ ਨਾਲ ਮੱਥਾ ਭਰ ਜਾਂਦਾ ਹੈ।
ਕੁੱਝ ਬੰਦਿਆਂ ਨੂੰ ਏਨਾ ਜ਼ਿਆਦਾ ਡਰ ਲੱਗਦਾ ਹੈ ਕਿ ਉਨ੍ਹਾਂ ਦੀ ਰਾਤਾਂ ਦੀ ਨੀਂਦਰ ਤੱਕ ਉੱਡ ਪੁੱਡ ਜਾਂਦੀ ਹੈ।
ਹੋਰ ਲੱਛਣ :-
* ਘਬਰਾਹਟ ਦੇ ਅਟੈਕ (ਪੈਨਿਕ ਅਟੈਕ)
* ਸਾਹ ਰੁੱਕਣਾ
* ਤੇਜ਼ ਸਾਹ ਲੈਣ ਲੱਗ ਪੈਣਾ
* ਲੰਮੇ-ਲੰਮੇ ਸਾਹ ਖਿੱਚ ਕੇ ਇਕਦਮ ਸਾਹ ਰੋਕ ਲੈਣਾ
* ਹੌਂਕਣੀ ਸ਼ੁਰੂ ਹੋ ਜਾਣੀ
* ਧੜਕਨ ਦੀ ਗੜਬੜੀ
* ਪਿਸ਼ਾਬ ਨਿਕਲ ਜਾਣਾ
* ਉਲਟੀ ਆਉਣੀ ਜਾਂ ਜੀਅ ਕੱਚਾ ਹੋਣਾ
* ਮੂੰਹ ਸੁੱਕਣਾ
* ਥਥਲਾਉਣ ਲੱਗ ਜਾਣਾ
* ਗੱਲ ਕਰਦਿਆਂ ਅੜਨ ਲੱਗ ਪੈਣਾ
* ਸਾਰਾ ਸਰੀਰ ਪਸੀਨੇ ਨਾਲ ਭਿੱਜ ਜਾਣਾ
* ਕੰਬਣ ਲੱਗ ਪੈਣਾ
ਕਾਰਨ :-
1. ਛੋਟੇ ਹੁੰਦਿਆਂ ਕਿਸੇ ਖ਼ੂਬਸੂਰਤ ਔਰਤ ਵੱਲੋਂ ਕਾਫ਼ੀ ਝਾੜ ਝੰਬ ਹੋਈ ਹੋਣੀ
2. ਸਰੀਰਕ ਸੰਬੰਧਾਂ ਵਿਚ ਅਣਸੁਖਾਵਾਂ ਇਹਸਾਸ
3. ਸੁਹਣੀ ਕੁੜੀ ਵੱਲੋਂ ਲੋਕਾਂ ਵਿਚ ਦੱਬ ਕੇ ਬੇਇੱਜ਼ਤ ਕੀਤੇ ਜਾਣਾ
4. ਸੁਹਣੀ ਔਰਤ ਵੱਲੋਂ ਮਾਰ ਕੁਟਾਈ ਦਾ ਸ਼ਿਕਾਰ ਹੋਣਾ
5. ਪਿਆਰ ਦਾ ਹੁੰਗਾਰਾ ਨਾ ਮਿਲਣਾ
6. ਸੁਹਣੀ ਔਰਤ ਵੱਲੋਂ ਮਜ਼ਾਕ ਦਾ ਪਾਤਰ ਬਣਨਾ
ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਕਿਸੇ ਕਿਸੇ ਨੂੰ ਸਿਰਫ਼ ਦੂਰੋਂ ਦਿਸਦੀ ਸੁਹਣੀ ਔਰਤ ਵੇਖਦੇ ਹੀ ਢਹਿੰਦੀ ਕਲਾ, ਸ਼ਰਮਿੰਦਗੀ, ਨਿਤਾਣਾਪਨ, ਹੀਣ ਭਾਵਨਾ, ਆਤਮ ਵਿਸ਼ਵਾਸ਼ ਦੀ ਘਾਟ, ਅਸੁਰੱਖਿਅਤ ਮਹਿਸੂਸ ਹੋਣਾ, ਭੀੜ ਤੋਂ ਘਬਰਾਉਣਾ, ਟੋਕਾ ਟੋਕਾਈ ਤੋਂ ਝਟਪਟ ਛਿੱਥੇ ਪੈਣ ਜਾਣਾ, ਆਦਿ ਵਰਗੇ ਪਾਸੇ ਵੱਲ ਤੋਰ ਦਿੰਦੀ ਹੈ।
ਕੁੱਝ ਕੁ ਦੇ ਇਹ ਡਰ ਏਨਾ ਡੂੰਘਾ ਬਹਿ ਜਾਂਦਾ ਹੈ ਕਿ ਅਚੇਤ ਮਨ ਵਿਚਲੇ ਕਿਆਸ ਨਾਲ ਵੀ ਬੰਦੇ ਨੂੰ ਘਬਰਾਹਟ ਹੋਣ ਲੱਗ ਪੈਂਦੀ ਹੈ ਤੇ ਸੁਫ਼ਨੇ ਵਿਚ ਵੀ ਤ੍ਰਭਕ ਕੇ ਉੱਠਣ ਲੱਗ ਪੈਂਦਾ ਹੈ।
ਕਿਵੇਂ ਠੀਕ ਹੋਵੇ ?
* ਸਭ ਤੋਂ ਜ਼ਰੂਰੀ ਹੈ ਕਾਰਨ ਲੱਭਣਾ।
* ਮਨੋਵਿਗਿਆਨਿਕ ਡਾਕਟਰ ਦੀ ਸਲਾਹ ਜ਼ਰੂਰੀ ਹੈ।
* ਹਿਪਨੋਟਿਜ਼ਮ
* ਨਿਊਰੋ ਲਿੰਗੁਇਸਟਿਕ ਪ੍ਰੋਗਰਾਮ
* ਹੱਥੀਂ ਮਿਹਨਤ ਵਾਲਾ ਕੰਮ ਕਰਨਾ ਜਿਸ ਨਾਲ ਥਕਾਵਟ ਹੋ ਜਾਂਦੀ ਹੋਵੇ।
* ਐਕਸਪੋਯਰ ਥੈਰਪੀ :- ਇਸ ਵਿਚ ਬੰਦੇ ਨੂੰ ਹਫ਼ਤੇ ਵਿਚ ਇਕ ਵਾਰ ਔਰਤਾਂ ਨੂੰ ਲੰਘਦੇ ਟੱਪਦੇ ਨੂੰ ਦੂਰੋਂ ਬਹਿ ਕੇ ਡਾਕਟਰੀ ਦੇਖ-ਰੇਖ ਹੇਠਾਂ ਵੇਖਣ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ।
ਇਸ ਨਾਲ ਹੌਲੀ-ਹੌਲੀ ਘਬਰਾਹਟ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ।
* ਡੀਸੈਂਸਟੇਟਾਈਜੇਸ਼ਨ :- ਨਾਰਮਲ ਤਰੀਕੇ ਹਸਪਤਾਲ ਦੀਆਂ ਨਰਸਾਂ ਨਾਲ ਗੱਲਬਾਤ ਕਰਨ ਨਾਲ ਹੌਲੀ-ਹੌਲੀ ਫਰਕ ਪੈਣ ਲੱਗ ਪੈਂਦਾ ਹੈ।
* ਬੀਹੇਵੀਅਰ ਥੈਰਪੀ :- ਮਨੋਵਿਗਿਆਨੀ ਡਾਕਟਰ ਤੋਂ ਹਫ਼ਤੇ ਵਿਚ ਦੋ ਵਾਰ ਸਾਈਕੋਥੈਰਪੀ ਲੈਣੀ ਤੇ ਆਪਣੇ ਆਪ ਨੂੰ ਸਹਿਜ ਰੱਖਣ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ।
* ਘਰ ਅੰਦਰੋਂ ਮਿਲੇ ਪਿਆਰ ਦੁਲਾਰ ਨਾਲ ਬੰਦਾ ਛੇਤੀ ਨਾਰਮਲ ਹੋ ਜਾਂਦਾ ਹੈ।
ਦਿਮਾਗ਼ ਉੱਤੇ ਇਹ ਡਰ ਕਿਵੇਂ ਅਸਰ ਕਰਦਾ ਹੈ :-
ਕਿਸੇ ਇੱਕ ਚੀਜ਼ ਤੋਂ ਲਗਦਾ ਡਰ ਹੋਰ ਬਾਕੀ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਹਨ੍ਹੇਰਾ, ਕਾਕਰੋਚ, ਜੋਕਰ, ਮਕੜੀ, ਆਦਿ ਦੇ ਡਰ ਤੋਂ ਵੱਖ ਤਰ੍ਹਾਂ ਦੀਆਂ ਤਰੰਗਾਂ ਪੈਦਾ ਕਰਦਾ ਹੈ। ਕਿਸੇ ਤੋਂ ਵੱਧ ਤੇ ਕਿਸੇ ਤੋਂ ਘੱਟ ਲੱਗਦੇ ਡਰ ਦੇ ਹਿਸਾਬ ਨਾਲ ਮੂੰਹ ਉੱਤੇ ਡਰ ਦੇ ਹਾਵ ਭਾਵ, ਚੀਕ ਮਾਰਨੀ ਜਾਂ ਘਬਰਾਹਟ ਨਾਲ ਹੱਥ ਪੈਰ ਕੰਬਣੇ ਤੋਂ ਲੈ ਕੇ ਸਿਰਫ਼ ਦਿਲ ਦੀ ਧੜਕਨ ਤੇਜ਼ ਹੋਣੀ ਤਕ ਸੀਮਤ ਹੋ ਸਕਦਾ ਹੈ।
ਸਕੈਨਿੰਗ ਕਰਨ ਉੱਤੇ ਇਸ ਨੁਕਤੇ ਬਾਰੇ ਪਤਾ ਲੱਗਿਆ ਹੈ ਕਿ ਦਿਮਾਗ਼ ਅੰਦਰ ਕਾਫੀ ਹਲਚਲ ਸ਼ੁਰੂ ਹੋ ਜਾਂਦੀ ਹੈ ਤੇ ਸਭ ਤੋਂ ਵੱਧ ਹਲਚਲ ਅਮਿਗਡਲਾ ਹਿੱਸੇ ਵਿਚ ਹੁੰਦੀ ਹੈ। ਅਮਿਗਡਲਾ ਦੇ ਸੱਜੇ ਪਾਸੇ ਡਰ ਨਾਲ ਹਿਲਜੁਲ ਹੁੰਦੀ ਹੈ ਤੇ ਖੱਬੇ ਪਾਸੇ ਵਿਚ ਖ਼ੂਬਸੂਰਤ ਲੱਗਣ ਵਾਲੀ ਚੀਜ਼ ਨਾਲ ਵੱਧ ਹਰਕਤ ਹੁੰਦੀ ਹੈ।
ਜਿੰਨੀ ਸੱਜੇ ਹਿੱਸੇ ਵਿਚ ਹਲਚਲ ਵੱਧ ਹੋਵੇ, ਓਨਾ ਹੀ ਬੰਦਾ ਵੱਧ ਡਰਦਾ ਹੈ। ਦਿਮਾਗ਼ ਵਿਚਲੇ ਸਿੰਗੁਲੇਟ ਕਾਰਟੈਕਸ ਦਾ ਅਗਲਾ ਸਿਰਾ ਤੇ ਇਨਸੂਲਾ ਹਿੱਸਿਆਂ ਸਦਕਾ ਡਰਾਵਣੀ ਤਸਵੀਰ ਦਿਸਣ ਨਾਲ ਡਰ ਲੱਗਦਾ ਹੈ।
ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਪ੍ਰੀ ਫਰੰਟਲ ਕਾਰਟੈਕਸ ਦੇ ਪਾਸੇ ਤੋਂ ਉਠਦੀਆਂ ਤਰੰਗਾਂ ਬੰਦੇ ਨੂੰ ਉਸੇ ਚੀਜ਼ ਦਾ ਇਹਸਾਸ ਕਰਵਾਉਂਦੀਆਂ ਹਨ ਜਿਸ ਤੋਂ ਬੰਦਾ ਡਰਦਾ ਹੈ। ਮਿਸਾਲ ਵਜੋਂ ਰੱਸੀ ਨੂੰ ਸੱਪ ਸਮਝ ਲੈਣਾ, ਕਿਸੇ ਵੀ ਪਰਛਾਵੇਂ ਨੂੰ ਖ਼ੂਬਸੂਰਤ ਔਰਤ ਮੰਨ ਕੇ ਤਹ੍ਰਿਣ ਲੱਗ ਪੈਣਾ, ਦੂਰੋਂ ਹੀ ਕਿਰਲੀ ਜਾਂ ਮਕੜੀ ਨੂੰ ਵੇਖ ਕੇ ਆਪਣੇ ਉੱਪਰ ਰੀਂਗਦੇ ਹੋਏ ਦੇ ਇਹਸਾਸ ਨਾਲ ਕੰਬ ਜਾਣਾ, ਲਾਲ ਰੰਗ ਨੂੰ ਲਹੂ ਮੰਨ ਕੇ ਬੇਹੋਸ਼ ਹੋ ਜਾਣਾ, ਆਦਿ।
ਇਸ ਰੋਗ ਨਾਲ ਹੋਰ ਜੁੜੇ ਡਰ :-
ਸੁਹਣੀਆਂ ਔਰਤਾਂ ਦੇ ਡਰ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੇ ਡਰ ਵੀ ਕੁੱਝ ਮਰੀਜ਼ਾਂ ਨੂੰ ਜਕੜ ਲੈਂਦੇ ਹਨ। ਇਹ ਹਨ :-
* ਨਹਾਉਣ ਤੋਂ ਡਰਨਾ
* ਖ਼ੁਰਕ ਤੋਂ ਘਬਰਾਹਟ (ਅਜਿਹਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਿਵੇਂ ਕੁੱਝ ਰੀਂਗ ਰਿਹਾ ਹੋਵੇ)
* ਉਚਾਈ ਤੋਂ ਡਰ
* ਤੇਜ਼ ਹਵਾ ਤੋਂ ਡਰ
* ਉਲਟੀ ਕਰਨ ਤੋਂ ਡਰ
* ਪੀੜ ਤੋਂ ਡਰ (ਸਰਿੰਜ ਵੇਖਦੇ ਸਾਰ ਬੇਹੋਸ਼ ਹੋ ਜਾਣਾ)
* ਭੀੜ ਤੋਂ ਡਰ
* ਕੁੱਤੇ ਜਾਂ ਬਿੱਲੀਆਂ ਤੋਂ ਡਰ
* ਥੋਮ ਵੇਖ ਕੇ ਘਬਰਾਹਟ ਹੋਣ ਲੱਗ ਪੈਣੀ
* ਭੁੱਲ ਜਾਣ ਦਾ ਡਰ
* ਘੁੰਮਦੇ ਪੱਖੇ ਦੇ ਡਿੱਗਣ ਦਾ ਡਰ
* ਸ਼ਹਿਦ ਦੀਆਂ ਮੱਖੀਆਂ ਤੋਂ ਡਰਨਾ
* ਅੱਗ ਵੇਖ ਕੇ ਘਬਰਾਹਟ ਹੋਣੀ
* ਉੱਚੇ ਤੇਜ਼ ਘੁੰਮਦੇ ਝੂਟਿਆਂ ਤੋਂ ਡਰ
* ਤੇਜ਼ ਸੰਗੀਤ ਤੋਂ ਘਬਰਾਹਟ ਹੋਣੀ
* ਪੌੜੀਆਂ ਚੜ੍ਹਨ ਉਤਰਨ ਤੋਂ ਘਬਰਾਉਣਾ
* ਕੈਂਸਰ ਹੋਣ ਦਾ ਡਰ ਪਾਣ ਲੈਣਾ ਤੇ ਵਾਰ-ਵਾਰ ਟੈਸਟ ਕਰਵਾਉਂਦੇ ਰਹਿਣਾ, ਆਦਿ।
ਇਹੋ ਜਿਹੇ ਅਨੇਕ ਤਰ੍ਹਾਂ ਦੇ ਡਰਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਡਰ ਮਰੀਜ਼ ਨੂੰ ਇੱਕੋ ਵੇਲੇ ਨਾਲੋ ਨਾਲ ਹੋ ਸਕਦੇ ਹਨ।
ਸੁਣੀ, ਵੇਖੀ ਜਾਂ ਕਿਸੇ ਹੋਰ ਨਾਲ ਵਾਪਰੀ ਘਟਨਾ ਵੀ ਕਈ ਲੋਕਾਂ ਦੇ ਮਨਾਂ ਵਿਚ ਡਰ ਬਿਠਾ ਦਿੰਦੀ ਹੈ।
ਇਨ੍ਹਾਂ ਮਰੀਜ਼ਾਂ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਜੇ ਇਲਾਜ ਨਾ ਕੀਤਾ ਜਾਵੇ ਤਾਂ ਕਈ ਵਾਰ ਇਹ ਪੱਕੇ ਮਾਨਸਿਕ ਰੋਗੀ ਬਣ ਜਾਂਦੇ ਹਨ ਤੇ ਖ਼ੁਦਕੁਸ਼ੀ ਤੱਕ ਕਰ ਜਾਂਦੇ ਹਨ ਜਾਂ ਹੱਦੋਂ ਵੱਧ ਛੇੜਖਾਨੀ ਕਰਨ ਉੱਤੇ ਕਤਲ ਤੱਕ ਕਰ ਜਾਂਦੇ ਹਨ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783