ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ - ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਬਹੁਪੱਖੀ ਸਾਹਿਤਕਾਰ ਹੈ। ਉਨ੍ਹਾਂ ਨੇ ਸਾਹਿਤ ਦੀਆਂ ਕਈ ਵਿਧਾਵਾਂ ਵਿਚ ਲਿਖਿਆ ਹੈ। ਉਨ੍ਹਾਂ ਦੀ ਇਹ 11ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਬੱਚਿਆਂ ਲਈ ਕਾਵਿ ਸੰਗ੍ਰਹਿ, ਦੋ ਬਾਲ ਕਹਾਣੀਆਂ ਦੇ ਸੰਗ੍ਰਹਿ ਅਤੇ ਇਕ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋ ਚੁਕੀਆਂ ਹਨ। ਇਸ ਪੁਸਤਕ ਵਿਚ 63 ਮਿੰਨੀ ਕਹਾਣੀਆਂ ਹਨ, ਜਿਨ੍ਹਾਂ ਦੇ ਵਿਸ਼ੇ ਗ਼ਰੀਬੀ, ਭੁੱਖਮਰੀ, ਵਹਿਮ ਭਰਮ, ਅੰਧਵਿਸ਼ਵਾਸ਼, ਭਰਿਸ਼ਟਾਚਾਰ, ਬੇਰੋਜ਼ਗਾਰੀ, ਜ਼ਾਤ ਪਾਤ , ਹਾਜ਼ਰੀ ਹੀ ਹਾਜ਼ਰੀ ਅਤੇ ਬੇਈਮਾਨੀ ਹਨ। ਇਹ ਸਾਰੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਰਿਸ਼ਤੇਦਾਰੀ, ਸ਼ਗਨ, ਸਹਾਰਾ, ਵਿਦਾਇਗੀ ਅਤੇ ਰਿਸ਼ਤੇ ਕਾਗਜ਼ ਦੇ ਮਿੰਨੀ ਕਹਾਣੀਆਂ ਸਮਾਜਿਕ ਰਿਸ਼ਤਿਆਂ ਵਿਚ ਆਈ ਗਿਰਾਵਟ ਦੀ ਨਿਸ਼ਾਨੀ ਹਨ। ਰਿਸ਼ਤੇਦਾਰੀ ਕਹਾਣੀ ਵਿਚ ਚਾਰ ਸਾਲ ਦਾ ਬੱਚਾ ਆਪਣੇ ਦਾਦਾ ਦੀ ਉਡੀਕ ਸਿਰਫ਼ ਇਸ ਕਰਕੇ ਕਰਦਾ ਹੈ ਕਿ ਉਹ ਆਉਣਗੇ ਤਾਂ ਉਨ੍ਹਾਂ ਦੇ ਫ਼ੋਨ ਉਪਰ ਗੇਮਾ ਖੇਡੇਗਾ। ਦਾਦਾ ਨਾਲ ਹੋਰ ਕੋਈ ਪਿਆਰ ਅਤੇ ਲਗਾਓ ਨਹੀਂ ਹੈ। ਏਸੇ ਤਰ੍ਹਾਂ ਰਿਸ਼ਤੇ ਕਾਗ਼ਜ਼ ਦੇ ਵਿਚ ਸਪੁਤਰੀ ਆਪਣੀ ਮਾਂ ਦੇ ਸਸਕਾਰ ਅਤੇ ਭੋਗ ‘ਤੇ ਨਹੀਂ ਪਹੁੰਚਦੀ ਪ੍ਰੰਤੂ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਮਾਂ ਨੇ ਆਪਣੀ ਜਾਇਦਾਦ ਵੀ ਵਸੀਅਤ ਵਿਚ ਉਸਦਾ ਹਿੱਸਾ ਲਿਖਿਆ ਹੋਇਆ ਹੈ ਤਾਂ ਉਹ ਆਪਣੀ ਮਾਂ ਦਾ ਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੰਦੀ ਹੈ ਕਿ ਮਾਂ ਵਰਗਾ ਘਣਛਾਵਾਂ ਬੂਟਾ ਹੋਰ ਕੋਈ ਨਹੀਂ ਹੁੰਦਾ। ਭਾਵ ਇਨਸਾਨ ਵਿਚ ਇਨਸਾਨੀਅਤ ਅਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਸਿਰਫ ਪੈਸੇ ਨਾਲ ਪਿਆਰ ਹੈ। ਸਹਾਰਾ ਕਹਾਣੀ ਬਜ਼ੁਰਗਾਂ ਨੂੰ ਖਾਂਦੇ ਪੀਂਦੇ ਪਰਿਵਾਰਾਂ ਵੱਲੋਂ ਬਿਰਧ ਘਰਾਂ ਵਿਚ ਭੇਜਣ ਬਾਰੇ ਹੈ ਕਿਉਂਕਿ ਸਾਡੇ ਸਮਾਜ ਦੇ ਸਮਾਜਿਕ ਰਿਸ਼ਤਿਆਂ ਵਿਚ ਗਿਰਾਵਟ ਆ ਇਤਨੀ ਆ ਗਈ ਹੈ ਕਿ ਉਹ ਆਪਣੇ ਮਾਪਿਆਂ ਤੋਂ ਵੀ ਨਾਤਾ ਤੋੜ ਲੈਂਦੇ ਹਨ। ਸ਼ਗਨ ਕਹਾਣੀ ਵਿਚ ਵੀ ਇਨਸਾਨ ਦੀ ਮਾਨਸਿਕਤਾ ਅਤੇ ਗਿਰਾਵਟ ਦੀ ਬਾਤ ਪਾਉਂਦੀ ਹੈ। ਜਦੋਂ ਸ਼ਗਨ ਵਿਚ ਤਾਂ 21 ਰੁਪਏ ਦਿੰਦੇ ਹਨ ਪ੍ਰੰਤੂ ਸਾਰਾ ਟੱਬਰ ਖਾਣਾ ਖਾਣ ਲਈ ਪਹੁੰਚ ਜਾਂਦੇ ਹਨ। ਪਰਵਚਨ ਅਤੇ ਅੰਨ੍ਹੀ ਵਕਾਲਤ ਦੋਵੇਂ ਕਹਾਣੀਆਂ ਧਾਰਮਿਕ ਬਾਬਿਆਂ ਦੇ ਪਦਾਰਥਵਾਦੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ, ਕਿਉਂਕਿ ਬਾਬੇ ਧਾਰਮਿਕ ਕੰਮ ਕਰਨ ਦੀ ਥਾਂ ਜਾਇਦਾਦਾਂ ਬਣਾਉਣ ਵਿਚ ਮਸਰੂਫ਼ ਹਨ। ਇਨ੍ਹਾਂ ਬਾਬਿਆਂ ਦੇ ਚੁੰਗਲ ਵਿਚ ਫਸੇ ਹੋਏ ਲੋਕ ਵੀ ਬਾਹਰ ਨਿਕਲਣ ਨੂੰ ਤਿਆਰ ਨਹੀਂ ਹਨ। ਧਾਰਮਿਕ ਬਾਬੇ ਵੀ ਹੁਣ ਆਧੁਨਿਕ ਕਿਸਮ ਦੇ ਖਾਦ ਪਦਾਰਥ ਖਾਣ ਨੂੰ ਪਹਿਲ ਦਿੰਦੇ ਹਨ। ਜ਼ਿੰਦਗੀ ਦੀ ਵਾਪਸੀ ਇਸਤਰੀਆਂ ਦੇ ਗਹਿਣਿਆਂ ਨਾਲ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ਤਰਸ ਨਾਮ ਦੀ ਕਹਾਣੀ ਵੀ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ, ਜਦੋਂ ਇਨਸਾਨ ਗ਼ਰੀਬ ਰਿਕਸ਼ੇ ਵਾਲੇ ਨੂੰ ਉਸਦੀ ਮਿਹਨਤ ਦਾ ਮੁੱਲ ਦੇਣ ਲਈ ਤਿਆਰ ਨਹੀਂ,ਸਗੋਂ ਇਸਤਰੀ ਵੁਲਟਾ ਕਹਿੰਦੀ ਹੈ ਕਿ ਸਰਦੀ ਵਿਚ ਇਹ ਵਿਚਾਰੇ ਨੂੰ ਰਿਕਸ਼ੇ ਨੂੰ ਚਲਾਉਣਾ ਮੁਸ਼ਕਲ ਹੋਵੇਗਾ । ਸਿਖਿਆ ਕਹਾਣੀ ਦਰਸਾਉਂਦੀ ਹੈ ਕਿ ਜਿਹੋ ਜਿਹਾ ਤੁਸੀਂ ਆਪਣੇ ਬੱਚਿਆਂ ਸਾਹਮਣੇ ਵਿਵਹਾਰ ਕਰੋਗੇ, ਉਹੋ ਜਿਹਾ ਹੀ ਬੱਚੇ ਨਕਲ ਕਰਕੇ ਕਰਨਗੇ। ਭਾਵ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਹੀ ਵੱਢੋਗੇ। ਲੜਾਈ ਕਹਾਣੀ ਵੀ ਸਾਡੇ ਸਮਾਜ ਵਿਚ ਆਪਣੇ ਆਪ ਨੂੰ ਵੱਡਾ ਵਿਖਾਉਣ ਦੇ ਘੁਮੰਡ ਬਾਰੇ ਜਾਣਕਾਰੀ ਦਿੰਦੀ ਹੈ ਕਿ ਅਸੀਂ ਕਿਸੇ ਇਨਸਾਨ ਨੂੰ ਆਪਣੇ ਨਾਲੋਂ ਵੱਡਾ ਬਣਦੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਮੀਤੋ ਦਾ ਚੰਗੇ ਖਾਂਦੇ ਪੀਂਦੇ ਘਰ ਵਿਚ ਵਿਆਹੇ ਜਾਣ ਤੇ ਵੀ ਖੁੰਦਕ ਹੋ ਜਾਂਦੀ ਹੈ। ਨਜ਼ਰੀਆ, ਮਾਂ ਦੀ ਸਿੱਖਿਆ, ਪੈਮਾਨਾ, ਬੇਈਮਾਨ ਲੋਕ, ਸਟਾਕ ਦੀ ਪੜਤਾਲ ਅਤੇ ਪੁੱਛ ਕਹਾਣੀਆਂ ਭਰਿਸ਼ਟਾਚਾਰ ਦੀ ਬਿਮਾਰੀ ਬਾਰੇ ਹਨ। ਰਿਸ਼ਵਤ ਦੀ ਕਮਾਈ ਬਾਰੇ ਹਰ ਇਕ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ। ਪਤਨੀ, ਪਤੀ ਦੇ ਬਿਮਾਰ ਹੋਣ ਨੂੰ ਰਿਸ਼ਵਤ ਲੈਣ ਕਰਕੇ ਪਰਮਾਤਮਾ ਦੀ ਕਰੋਪੀ ਮੰਨਕੇ ਰਿਸ਼ਵਤ ਦੀ ਕਮਾਈ ਨਾ ਲੈਣ ਲਈ ਆਪਣੇ ਪਤੀ ਨੂੰ ਕਹਿੰਦੀ ਹੈ ਪ੍ਰੰਤੂ ਪਤੀ ਕਹਿੰਦਾ ਜੇ ਰਿਸ਼ਵਤ ਦੀ ਕਮਾਈ ਨਾ ਹੁੰਦੀ ਤਾਂ ਇਲਾਜ ਨਹੀਂ ਹੋ ਸਕਣਾ ਸੀ।  ਇਸ ਲਈ ਇਹ ਕੰਮ ਬਾਦਸਤੂਰ ਜ਼ਾਰੀ ਰਹੇਗਾ। ਇਸੇ ਤਰ੍ਹਾਂ ਮਾਂ ਦੀ ਸਿਖਿਆ ਕਹਾਣੀ ਵਿਚ ਬੱਚੇ ਬਾਪ ਨੂੰ ਪਾਪ ਦੀ ਕਮਾਈ ਖਾਣ ਤੋਂ ਇਨਕਾਰ ਕਰਦੇ ਹਨ, ਜੋ ਆਧੁਨਿਕ ਸਮੇਂ ਦੇ ਬੱਚਿਆਂ ਦੀ ਸੋਚ ਵਿਚ ਆਈ ਤਬਦੀਲੀ ਦਾ ਲਖਾਇਕ ਹੈ। ਪੈਮਾਨਾ ਕਹਾਣੀ ਵਿਚ ਸਾਹਿਤਕ ਆਲੋਚਕਾਂ ਦਾ ਸ਼ਰਾਬਾਂ ਪੀ ਕੇ ਘਟੀਆ ਸਾਹਿਤ ਦੀ ਪ੍ਰਸੰਸਾ ਵਿਚ ਲੇਖ ਲਿਖਣੇ ਵੀ ਸਾਹਿਤਕ ਭਰਿਸ਼ਟਾਚਾਰ ਦਾ ਇਕ  ਨਮੂਨਾ ਹੈ। ਜੋੜੀ ਕਹਾਣੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿਆਹ ਸੰਬੰਧੀ ਵਿਚਾਰਾਂ ਦੀ ਆਧੁਨਿਕਤਾ ਦਾ ਪ੍ਰਤੀਕ ਹੈ। ਤਸਵੀਰਾਂ ਕਹਾਣੀ ਅਖ਼ਬਾਰ ਵਿਚ ਗ਼ਰੀਬ ਬੱਚਿਆਂ ਦੀ ਤਸਵੀਰ ਪ੍ਰਕਾਸ਼ਤ ਹੋਣ ‘ਤੇ ਬੱਚੇ ਆਪਣੇ ਮਾਂ ਬਾਪ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਨ ਪ੍ਰੰਤੂ ਮਾਂ ਬਾਪ ਬੱਚਿਆਂ ਨੂੰ ਦੱਸਣ ਤੋਂ ਇਨਕਾਰੀ ਹੋ ਰਹੇ ਹਨ। ਇਨਾਮ ਦਾ ਮੁੱਲ ਕਹਾਣੀ ਦਰਸਾਉਂਦੀ ਹੈ ਕਿ ਵਿਓਪਾਰੀਆਂ ਨੂੰ ਇਨਾਮ ਨਾਲ ਕੋਈ ਮਤਲਬ ਸਗੋਂ ਇਨਾਮ ਵਿਚ ਕਿਤਨੀ ਰਕਮ ਮਿਲਣੀ ਹੈ, ਉਸ ਨਾਲ ਪਿਆਰ ਹੈ। ਇਹ ਵਿਓਪਾਰੀਆਂ ਦੀ ਪ੍ਰਵਿਰਤੀ ਦਰਸਾਉਂਦੀ ਹੈ। ਚੀਜ਼ਾਂ ਦਾ ਮੁੱਲ ਦਾ ਭਾਵ ਹਰ ਚੀਜ਼ ਦੀ ਚੋਰੀ ਹੋ ਸਕਦੀ ਹੈ ਪ੍ਰੰਤੂ ਸਿਖਿਆ ਅਜਿਹਾ ਗਹਿਣਾ ਹੈ, ਜਿਹੜਾ ਚੋਰੀ ਨਹੀਂ ਹੋ ਸਕਦਾ। ਬੇਰੋਜ਼ਗਾਰੀ ਕਹਾਣੀ ਨੌਕਰੀ ਮਿਲਣ ਵਾਲਿਆਂ ਦਾ ਬਦਲਿਆ ਨਜ਼ਰੀਆ ਦਰਸਾਉਂਦੀ ਹੈ। ਤਰੱਕੀ ਅਧਿਆਪਕਾਂ ਦੀ ਬੱਚਿਆਂ ਨੂੰ ਪੜ੍ਹਾਉਣ ਵਿਚ ਦਿਲਚਸਪੀ ਨਾ ਹੋਣ ਦਾ ਪ੍ਰਗਟਾਵਾ ਕਰਦੀ ਹੈ ਪ੍ਰੰਤੂ ਜਦੋਂ ਤਰੱਕੀ ਮਿਲਦੀ ਹੈ ਤਾਂ ਖ਼ੁਸ਼ ਹੋ ਜਾਂਦੇ ਹਨ। ਭਾਵ ਫ਼ਰਜ਼ਾਂ ਤੋਂ ਕੋਤਾਹੀ ਕਰ ਰਹੇ ਹਨ। ਸਰਪੰਚੀ ਕਹਾਣੀ ਸਾਡੇ ਪਰਜਾਤੰਤਰ ਵਿਚ ਇਸਤਰੀਆਂ ਦੇ ਰਾਖਵੇਂ ਕਰਨ ਸਮੇਂ ਵੀ ਮਰਦ ਆਪਣੀ ਹਓਮੈ ਛੱਡਣ ਨੂੰ ਤਿਆਰ ਨਹੀਂ। ਇਸਤਰੀਆਂ ਨਾਂ ਦੀਆਂ ਹੀ ਸਰਪੰਚ ਹੁੰਦੀਆਂ ਹਨ। ਉਨ੍ਹਾਂ ਦੇ ਘਰ ਵਾਲੇ ਹੀ ਸਾਰਾ ਕੰਮ ਕਰਦੇ ਹਨ। ਭਾਵ ਭਾਰਤ ਵਿਚ ਇਸਤਰੀ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕਦੀ। ਨਵਾਂ ਆਦਮੀ ਕਹਾਣੀ ਜਿਸਦੇ ਨਾਮ ‘ਤੇ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ, ਸਮਾਜ ਵਿਚੋਂ ਭਰਿਸ਼ਟਾਚਾਰ ਖ਼ਤਮ ਹੋਣ ਦਾ ਸੰਕੇਤ ਕਰਦੀ ਹੈ। ਕਰੰਸੀ ਕਹਾਣੀ ਡਾਲਰਾਂ ਦੀ ਚਕਾਚੌਂਧ ਦਾ ਪਰਦਾ ਫਾਸ਼ ਕਰਦੀ ਹੈ। ਗੁਰੂ ਦੀ ਸਿਖਿਆ ਵਰਤਮਾਨ ਸਮੇਂ ਵਿਚ ਬੱਚਿਆਂ ਨੂੰ ਪਰਵਾਸ ਵਿਚ ਭੇਜਣ ਲਈ ਕੁੜੀਆਂ ਦੇ ਮੁੱਲ ਪੈ ਰਹੇ ਹਨ, ਅਜਿਹੇ ਮੌਕੇ ਜ਼ਾਤ ਪਾਤ ਨੂੰ ਭੁਲ ਜਾਂਦੇ ਹਨ। ਇਸ ਤੋਂ ਪਹਿਲਾਂ ਉਚੀ ਜ਼ਾਤ ਦੀ ਹਓਮੈ ਦਾ ਸ਼ਿਕਾਰ ਹੁੰਦਾ ਹੈ। ਬੇਅਦਬੀ, ਕਲਾ-ਕਾਰਾ, ਸਾਂਝ, ਬਾਹਰਲਾ ਤੋਹਫ਼ਾ, ਰਾਮ ਬਾਣ, ਵਿਦੇਸ਼ੀ ਭਾਸ਼ਾ, ਆਪਣਾ ਸਾਲ, ਮਾਂ ਬੋਲੀ ਦੀ ਕਰਾਮਾਤ, ਸਵੈਮਾਨ ਦੀ ਰਾਖੀ, ਮਹਿੰਗਾਈ, ਡਿਗਰੀ, ਵਧੀਆ ਜ਼ਿੰਦਗੀ, ਆਦਿ ਕਹਾਣੀਆਂ ਪਰਵਾਸ ਦੀ ਜ਼ਿੰਦਗੀ ਨਾਲ ਸੰਬੰਧਤ ਹਨ। ਪਰਵਾਸ ਵਿਚ ਸਾਡੇ ਲੋਕ ਕਿਸ ਤਰ੍ਹਾਂ ਵਿਚਰਦੇ ਅਤੇ ਭਾਰਤ ਆ ਕੇ ਕਿਹੋ ਜਿਹਾ ਵਿਵਹਾਰ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਉਥੋਂ ਦੀ ਪ੍ਰਣਾਲੀ ਅਤੇ ਚਕਾ ਚੌਂਧ ਬਾਰੇ ਦੱਸਿਆ ਗਿਆ ਹੈ। ਪਰਵਾਸ ਵਿਚ ਸੈਟ ਹੋਣ ਦੇ ਦੁੱਖਾਂ ਦਰਦਾਂ ਅਤੇ ਕੀਰਤਨੀਆਂ ਵੱਲੋਂ ਉਥੇ ਸੈਟ ਹੋਣ ਲਈ ਵਰਤੇ ਜਾਂਦੇ ਹੱਥ ਕੰਡਿਆਂ ਦਾ ਪ੍ਰਗਟਾਵਾ ਵੀ ਹੈ। ਸਬਰ ਕਹਾਣੀ ਦਸਦੀ ਹੈ ਕਿ ਸਬਰ ਵਾਲੇ ਲੋਕ ਕਰੋਨਾ ਦੌਰਾਨ ਲੋਕਾਂ ਵੱਲੋਂ ਬਿਨਾ ਵਜਾਹ ਸਾਮਾਨ ਇਕੱਠਾ ਕਰਨ ਨੂੰ ਚੰਗਾ ਨਹੀਂ ਸਮਝਦੇ ਜਿਸਦੀ ਉਦਾਹਰਣ ਇਕ ਸਾਧਾਰਣ ਕਬਾੜੀਏ ਦੇ ਪਰਿਵਾਰ ਦੇ ਸਬਰ ਬਾਰੇ ਜਾਣਕਾਰੀ ਦਿੰਦੀ ਹੈ। ਕੁਝ ਲੋਕ ਅਜਿਹੇ ਹਾਲਾਤ ਸਾਮਾਨ ਇਕੱਠਾ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਹਨ। ਕੋਈ ਹਰਿਆ ਬੂਟਟ ਰਹਿਓ ਰੀ ਕਹਾਣੀ ਵਿਚ ਦੱਸਿਆ ਗਿਆ ਹੈ ਭਰਿਸ਼ਟਾਚਾਰ ਦੇ ਯੁਗ ਵਿਚ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ ਪ੍ਰੰਤੂ ਇਮਾਨਦਾਰ ਲੋਕਾਂ ਮਗਰ ਦਲਾਲ ਫਿਰਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਵਰਗਲਾਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿਣ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072 

ujagarsingh48@yahoo.com