ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ - ਪ੍ਰੋ. ਰੌਣਕੀ ਰਾਮ
ਇਸ ਵੇਲੇ ਪੂਰਬੀ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਸੂਬੇ ਦੀ ਕੁੱਲ ਜਨਸੰਖਿਆ ਦਾ ਇਕ ਤਿਹਾਈ ਹਿੱਸਾ ਬਣਦੀ ਹੈ ਜੋ ਜਨਸੰਖਿਆ ਦੇ ਲਿਹਾਜ਼ ਤੋਂ ਭਾਰਤ ਦੇ ਹੋਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲੋਂ ਸਭ ਤੋਂ ਵੱਧ ਹੈ। ਉਂਜ, ਸੂਬੇ ਦੀ ਖੇਤੀਬਾੜੀ ਭੂਮੀ ਵਿਚ ਇਨ੍ਹਾਂ ਦਾ ਹਿੱਸਾ ਸਭ ਤੋਂ ਘੱਟ ਹੈ, ਭਾਵ ਇਨ੍ਹਾਂ ਦੇ ਪੰਜ ਫ਼ੀਸਦੀ ਤੋਂ ਛੋਟੇ ਕਾਸ਼ਤਕਾਰ ਹਨ। ਪ੍ਰਸ਼ਾਸਕੀ ਢਾਂਚੇ ਦੇ ਲਿਹਾਜ਼ ਤੋਂ ਪੂਰਬੀ ਪੰਜਾਬ ਦੇ ਪਿੰਡਾਂ ਦੀ ਮਰਦਮਸ਼ੁਮਾਰੀ ਦੇ ਰਿਕਾਰਡ ਮੁਤਾਬਿਕ ਇਨ੍ਹਾਂ ਦੀ ਹੋਰ ਜਾਤਾਂ ਦੇ ਲੋਕਾਂ ਨਾਲ ਹੀ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ ਪਰ ਅਸਲ ਵਿਚ ਉਹ ਪਿੰਡਾਂ ਦੀ ਮੁੱਖ ਆਬਾਦੀ ਤੋਂ ਵੱਖਰੇ ਅਲੱਗ ਵੱਸਦੇ ਹਨ। ਕੁਝ ਵੀ ਹੋਵੇ, ਪੂਰਬੀ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਹੋਰਨਾਂ ਭਾਈਚਾਰਿਆਂ ਵਾਂਗ ਹੀ ਸਭ ਤੋਂ ਪਹਿਲਾਂ ਪੰਜਾਬੀ ਹਨ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਦੀ ਜਾਤ ਜਾਂ ਵਸੇਵੇ ਦੀ ਜਗ੍ਹਾ ਦੀਆਂ ਪਛਾਣਾਂ ਆਉਂਦੀਆਂ ਹਨ। ਇਕਜੁੱਟ ਪੰਜਾਬੀ ਕੌਮ ਦੇ ਹੋਰ ਅਟੁੱਟ ਅੰਗਾਂ ਵਾਂਗ ਹੀ ਅਨੁਸੂਚਿਤ ਜਾਤੀਆਂ ਵੀ ਬੇਇਨਸਾਫ਼ੀ ਤੇ ਸਮਾਜੀ ਦਮਨਕਾਰੀ ਹਕੂਮਤਾਂ ਖਿ਼ਲਾਫ਼ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਦੀ ਖ਼ਾਲਸਾ ਸੈਨਾ ਵਿਚ ਨਿਭਾਏ ਬਹਾਦਰੀ ਭਰੇ ਕਿਰਦਾਰ ਸਦਕਾ ਜਾਣੀਆਂ ਜਾਂਦੀਆਂ ਹਨ। ਸਵੈਮਾਣ ਨਾਲ ਜਿਊਣ ਦੀ ਖ਼ਾਹਿਸ਼ ਤਹਿਤ ਉਨ੍ਹਾਂ 1920ਵਿਆਂ ਦੌਰਾਨ ਆਦਿ ਧਰਮ ਲਹਿਰ (11-12 ਜੂਨ 1926) ਜਥੇਬੰਦ ਕੀਤੀ ਜੋ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੀ ਪਹਿਲ ਪਲੇਠੀ ਦਲਿਤ ਲਹਿਰ ਸੀ। ਆਦਿ ਧਰਮ ਲਹਿਰ ਉਸ ਵੇਲੇ ਦੱਖਣੀ ਭਾਰਤ ਵਿਚ ਉੱਭਰੀਆਂ ਹੋਰ ਆਦਿ ਦਲਿਤ ਲਹਿਰਾਂ ਤੋਂ ਸੁਤੰਤਰ ਤੇ ਸਮਾਨੰਤਰ ਲਹਿਰ ਸੀ।
ਬਾਬੂ ਮੰਗੂ ਰਾਮ ਮੁੱਗੋਵਾਲੀਆ (14 ਜਨਵਰੀ 1886-22 ਅਪਰੈਲ 1980) ਆਦਿ ਧਰਮ ਲਹਿਰ ਦੇ ਮੋਢੀਆਂ ਵਿਚੋਂ ਇਕ ਸਨ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੁੱਗੋਵਾਲ ਵਿਚ ਚਮੜੇ ਦਾ ਕਾਰੋਬਾਰ ਕਰਨ ਵਾਲੇ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦੇ ਸਨ ਤਾਂ ਕਿ ਉਹ ਅੰਗਰੇਜ਼ੀ ਵਿਚ ਲਿਖੇ ਚਿੱਠੀ ਪੱਤਰ ਆਦਿ ਪੜ੍ਹ ਕੇ ਚਮੜੇ ਦੇ ਕਾਰੋਬਾਰ ਵਿਚ ਉਨ੍ਹਾਂ ਦਾ ਹੱਥ ਵਟਾ ਸਕਣ। ਮੰਗੂ ਰਾਮ ਦਾ ਪਰਿਵਾਰ ਚੰਗਾ ਖਾਂਦਾ ਪੀਂਦਾ ਪਰਿਵਾਰ ਸੀ ਪਰ ਜਦੋਂ ਉਨ੍ਹਾਂ ਨੂੰ ਨੇੜਲੇ ਪਿੰਡ ਬਜਵਾੜਾ ਦੇ ਸਕੂਲ ਪੜ੍ਹਨੇ ਪਾਇਆ ਤਾਂ ਨੀਵੀਂ ਜਾਤ ਨਾਲ ਸਬੰਧਤ ਹੋਣ ਕਰ ਕੇ ਉਨ੍ਹਾਂ ਨੂੰ ਸਮਾਜਿਕ ਭੇਦ-ਭਾਵ ਦਾ ਸਾਹਮਣਾ ਕਰਨਾ ਪਿਆ। ਦਸਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ। ਇਸ ਤੋਂ ਬਾਅਦ ਉਨ੍ਹਾਂ ਦੋਆਬੇ ਦੇ ਹੋਰ ਪਰਵਾਸੀਆਂ ਵਾਂਗ ਬਿਹਤਰ ਜ਼ਿੰਦਗੀ ਖ਼ਾਤਰ 1909 ਵਿਚ ਅਮਰੀਕਾ ਦਾ ਰੁਖ਼ ਕੀਤਾ ਜਿੱਥੇ ਉਨ੍ਹਾਂ ਲੱਕੜ ਦੇ ਕਾਰਖ਼ਾਨਿਆਂ ਅਤੇ ਖੇਤੀ ਫਾਰਮਾਂ ਵਿਚ ਕੰਮ ਕਰ ਕੇ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਲਿਆ। ਇਹ ਉਹ ਸਮਾਂ ਸੀ ਜਦੋਂ ਉੱਤਰੀ ਅਮਰੀਕਾ ਵਿਚ ਰਹਿੰਦੇ ਪਰਵਾਸੀ ਪੰਜਾਬੀ ਬਸਤੀਵਾਦੀ ਭਾਰਤ ਦੀ ਆਜ਼ਾਦੀ ਲਈ ਇਨਕਲਾਬੀ ਜਥੇਬੰਦੀ ਬਣਾਉਣ ਦੀਆਂ ਵਿਉਂਤਾਂ ਬਣਾ ਰਹੇ ਸਨ। 1913 ਵਿਚ ‘ਗ਼ਦਰ ਲਹਿਰ’ ਦਾ ਆਗਾਜ਼ ਹੋ ਗਿਆ ਤੇ ਮੰਗੂ ਰਾਮ ਇਸ ਦੇ ਸਰਗਰਮ ਕਾਰਕੁਨ ਬਣ ਗਏ। ਉਹ ਗ਼ਦਰ ਪਾਰਟੀ ਦੇ ਉਸ ਗਰੁੱਪ ਦੇ ਪੰਜ ਮਾਣਮੱਤੇ ਮੈਂਬਰਾਂ ਵਿਚੋਂ ਇਕ ਸਨ ਜਿਸ ਨੂੰ ਬਰਤਾਨਵੀ ਸ਼ਾਸਨ ਖਿ਼ਲਾਫ਼ ਹਥਿਆਰਬੰਦ ਵਿਦਰੋਹ ਸ਼ੁਰੂ ਕਰਨ ਲਈ ਸਮੁੰਦਰੀ ਰਸਤੇ ਭਾਰਤ ਵਿਚ ਹਥਿਆਰ ਪਹੁੰਚਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ ਪਰ ‘ਐੱਸ ਐੱਸ ਮੈਵਰਿਕ’ ਨਾਮੀ ਉਹ ਜਹਾਜ਼ ਰਸਤੇ ਵਿਚ ਹੀ ਫੜਿਆ ਗਿਆ ਅਤੇ ਹੋਣੀ ਨੇ ਮੰਗੂ ਰਾਮ ਨੂੰ ਫਿਲਪੀਨਜ਼ ਦਾ ਰਾਹ ਫੜਾ ਦਿੱਤਾ ਜਿੱਥੇ ਉਨ੍ਹਾਂ ਗੁੰਮਨਾਮੀ ਦੀ ਹਾਲਤ ਵਿਚ ਕਰੀਬ 12 ਸਾਲ ਬਿਤਾਏ। ਅਖੀਰ ਉਹ 1925 ਵਿਚ ਆਪਣੇ ਜ਼ੱਦੀ ਪਿੰਡ ਪਰਤੇ ਜਿੱਥੇ ਸਾਰੇ ਲੋਕ ਉਨ੍ਹਾਂ ਨੂੰ ਜ਼ਿੰਦਾ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਕਥਿਤ ਤੌਰ ਤੇ ਫ਼ਾਂਸੀ ਦੇਣ ਦੀ ਖ਼ਬਰ ਹਰ ਕਿਸੇ ਨੇ ਸੁਣੀ ਹੋਈ ਸੀ।
ਬਾਬੂ ਮੰਗੂ ਰਾਮ ਦਾ ਪੰਜਾਬ ’ਚ ਉਹੀ ਰੁਤਬਾ ਸੀ ਜੋ ਮਹਾਰਾਸ਼ਟਰ ’ਚ ਜਯੋਤੀਰਾਓ ਫੂਲੇ ਦਾ ਸੀ, ਜਿਵੇਂ ਮਹਾਰਾਸ਼ਟਰ ਵਿਚ ਦਲਿਤ ਲਹਿਰ ਦਾ ਸਿਹਰਾ ਮਹਾਤਮਾ ਜਯੋਤੀਰਾਓ ਫੂਲੇ ਸਿਰ ਬੱਝਦਾ ਸੀ, ਉਵੇਂ ਹੀ ਪੰਜਾਬ ਵਿਚ ਆਦਿ ਧਰਮ ਲਹਿਰ ਸ਼ੁਰੂ ਕਰਨ ਦਾ ਸਿਹਰਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਸਿਰ ਬੱਝਦਾ ਹੈ। ਮਹਾਤਮਾ ਜਯੋਤੀਰਾਓ ਫੂਲੇ ਉਨੀਵੀਂ ਸਦੀ ਦੇ ਉੱਘੇ ਅਮਰੀਕੀ ਸਿਆਸੀ ਕਾਰਕੁਨ, ਸਿਧਾਂਤਕਾਰ, ਦਾਰਸ਼ਨਿਕ ਤੇ ਇਨਕਲਾਬੀ ਥਾਮਸ ਪੇਨ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਏ ਸਨ ਤਾਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਬਰਾਬਰੀ ਤੇ ਆਜ਼ਾਦੀ ਦੇ ਸਬਕ ਅਮਰੀਕਾ ਦੀਆਂ ਜਮਹੂਰੀ ਅਤੇ ਉਦਾਰਵਾਦੀ ਕਦਰਾਂ-ਕੀਮਤਾਂ ਤੋਂ ਹਾਸਿਲ ਕੀਤੇ ਸਨ ਜਿੱਥੇ ਉਹ ਗ਼ਦਰ ਲਹਿਰ ਦੇ ਇਨਕਲਾਬੀ ਆਜ਼ਾਦੀ ਘੁਲਾਟੀਆਂ ਦੇ ਸੰਪਰਕ ਵਿਚ ਆਏ ਸਨ। ਵਾਪਸ ਆ ਕੇ ਉਨ੍ਹਾਂ ਆਪਣੇ ਜ਼ੱਦੀ ਪਿੰਡ ਵਿਚ ਕਥਿਤ ਨੀਵੀਆਂ ਜਾਤਾਂ ਦੇ ਬੱਚਿਆਂ ਲਈ ਪ੍ਰਾਇਮਰੀ ਸਕੂਲ ਖੋਲ੍ਹਿਆ। ਮਹਾਰਾਸ਼ਟਰ ਵਿਚ ਆਪਣੇ ਪੂਰਬਲੇ ਸਾਥੀਆਂ ਵਾਂਗ ਉਨ੍ਹਾਂ ਨੂੰ ਵੀ ਛੂਤ-ਛਾਤ ਜਿਹੀਆਂ ਦਮਨਕਾਰੀ ਵਿਵਸਥਾਵਾਂ ਖਿ਼ਲਾਫ਼ ਜੱਦੋਜਹਿਦ ਵਿਚ ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਾਬੂ ਮੰਗੂ ਰਾਮ ਦੀ ਚਲਾਈ ਆਦਿ ਧਰਮ ਲਹਿਰ ਦਾ ਨਾਂ ਜਲਦੀ ਹੀ ਪੰਜਾਬ ਦੇ ਦਲਿਤ ਘਰਾਂ ਵਿਚ ਗੂੰਜਣ ਲੱਗ ਪਿਆ ਜਿਵੇਂ ਮਹਾਰਾਸ਼ਟਰ ਵਿਚ ਫੂਲੇ ਦੀ ‘ਸਤਿਆਸ਼ੋਧਕ ਸਮਾਜ’ ਲਹਿਰ ਦਾ ਨਾਂ ਗੂੰਜ ਰਿਹਾ ਸੀ।
ਬੂਟਾ ਮੰਡੀ ’ਚ ਚਮੜੇ ਦੇ ਉੱਘੇ ਵਪਾਰੀ ਸੇਠ ਕਿਸ਼ਨ ਦਾਸ ਨੇ ਜਲੰਧਰ ਵਿਚ ਆਦਿ ਧਰਮ ਮੰਡਲ ਦਾ ਮੁੱਖ ਦਫ਼ਤਰ ਸਥਾਪਿਤ ਕਰਨ ਵਿਚ ਮਦਦ ਕੀਤੀ। ਮੰਗੂ ਰਾਮ ਆਪਣੀਆਂ ਅਣਥੱਕ ਕੋਸ਼ਿਸ਼ਾਂ ਦੇ ਬਲਬੂਤੇ ਇਸ ਲਹਿਰ ਨੂੰ ਖਿੱਤੇ ਦੇ ਹਰ ਦਲਿਤਾਂ ਦੇ ਦਰਾਂ ਤੱਕ ਲੈ ਗਏ ਅਤੇ ਜਲਦੀ ਹੀ ਉਨ੍ਹਾਂ ਦੀ ਵੱਡੀ ਹਸਤੀ ਬਣ ਗਏ। ਆਦਿ ਧਰਮ ਲਹਿਰ ਦੇ ਝੰਡੇ ਹੇਠ ਉਨ੍ਹਾਂ ਨੀਵੀਆਂ ਜਾਤਾਂ ਦੇ ਲੰਮੇ ਸਮੇਂ ਤੋਂ ਨਕਾਰੇ ਜਾਂਦੇ ਜ਼ਮੀਨੀ ਹੱਕਾਂ ਲਈ ਲੜਾਈ ਲੜੀ ਕਿਉਂਕਿ ਜ਼ਮੀਨੀ ਵੰਡ ਕਾਨੂੰਨ-1900 ਤਹਿਤ ਦਲਿਤਾਂ ਤੇ ਹੋਰ ਗ਼ੈਰ ਕਾਸ਼ਤਕਾਰੀ ਜਾਤਾਂ ਤੇ ਜ਼ਮੀਨ ਹਾਸਿਲ ਕਰਨ ਦੀ ਪਾਬੰਦੀ ਸੀ। ਇਸ ਤੋਂ ਇਲਾਵਾ ‘ਰਈਅਤ ਨਾਮਿਆਂ’ ਦੀ ਪ੍ਰਥਾ ਤਹਿਤ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਆਪਣੇ ਅਲੱਗ ਥਲੱਗ ਵਸੇਬਿਆਂ ਵਿਚਲੇ ਰਿਹਾਇਸ਼ੀ ਪਲਾਟਾਂ ਦੇ ਮਾਲਿਕਾਨਾ ਹੱਕ ਤੋਂ ਵੀ ਵਿਰਵੇ ਕੀਤਾ ਗਿਆ ਸੀ। ਉਨ੍ਹਾਂ ਨੂੰ ਇਨ੍ਹਾਂ ਦਲਿਤ ਬਸਤੀਆਂ ਵਿਚ ਪੱਕੇ ਘਰ ਬਣਾਉਣ ਦੀ ਆਗਿਆ ਨਹੀਂ ਸੀ। ਆਦਿ ਧਰਮ ਲਹਿਰ ਵਲੋਂ ਅਛੂਤ ਜਾਤਾਂ ਦੇ ਲੋਕਾਂ ਦੇ ਆਰਥਿਕ ਉਥਾਨ ਲਈ ਵਿੱਢਿਆ ਗਿਆ ਅਹਿਮ ਕਾਰਜ ਇਨ੍ਹਾਂ ਦੀ ਸਿੱਖਿਆ ਤੇ ਸਰਕਾਰੀ ਰੁਜ਼ਗਾਰ ਲਈ ਰਾਖਵਾਂਕਰਨ ਵਾਸਤੇ ਵਿਸ਼ੇਸ਼ ਕਾਨੂੰਨ ਦਾ ਪ੍ਰਬੰਧ ਸੀ।
ਆਦਿ ਧਰਮ ਉਸ ਵੇਲੇ ਦੀ ਸਿਆਸੀ ਤੌਰ ਤੇ ਧਿਆਨ ਖਿੱਚਣ ਵਾਲੀ ਸ਼ਕਤੀਸ਼ਾਲੀ ਲਹਿਰ ਬਣ ਗਈ ਸੀ ਜਿਸ ਦੇ ਪਿੱਛੇ ਇਸ ਦੇ ਆਗੂਆਂ ਦੀ ਦੂਰਅੰਦੇਸ਼ੀ ਕੰਮ ਕਰ ਰਹੀ ਸੀ, ਜਿਨ੍ਹਾਂ ਨੇ ਨੀਵੀਆਂ ਜਾਤਾਂ ਦੇ ਵੱਖੋ ਵੱਖਰੇ ਤਬਕਿਆਂ ਨੂੰ ਇਕੋ ਝੰਡੇ ਹੇਠ ਲਾਮਬੰਦ ਕਰ ਕੇ ਇਨ੍ਹਾਂ ਲੋਕਾਂ ਨੂੰ ਉਵੇਂ ਹੀ ਇਕ ਭਾਈਚਾਰੇ ਵਿਚ ਤਬਦੀਲ ਕਰ ਦਿੱਤਾ ਸੀ ਜਿਵੇਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਆਦਿ ਵਿਚਰਦੇ ਸਨ। ਬਾਬੂ ਮੰਗੂ ਰਾਮ ਦਾ ਇਹ ਸਭ ਤੋਂ ਵੱਡਾ ਸਿਆਸੀ ਮਾਅਰਕਾ ਸੀ ਜਿਨ੍ਹਾਂ ਅਜਿਹੇ ਨਾਜ਼ੁਕ ਸਮੇਂ ਤੇ ਦਖ਼ਲ ਦਿੱਤਾ ਸੀ ਜਦੋਂ ਸੂਬੇ ਅੰਦਰ ਸੀਮਤ ਸਿੱਧੀਆਂ ਚੋਣਾਂ ਹੋਣ ਵਾਲੀਆਂ ਸਨ। ਉਨ੍ਹਾਂ 1931 ਦੀ ਮਰਦਮਸ਼ੁਮਾਰੀ ਵਿਚ ਪੰਜਾਬ ਦੀਆਂ ਤਥਾਕਥਿਤ ਨੀਵੀਆਂ ਜਾਤਾਂ ਲਈ ਵੱਖਰਾ ਧਰਮ ਦਰਜ ਕਰਨ ਦੀ ਮੰਗ ਤੇ ਜ਼ੋਰ ਦਿੱਤਾ ਜੋ ਉਨ੍ਹਾਂ ਦੀ ਮੱਤ ਵਿਚ ਨਾ ਹਿੰਦੂ, ਸਿੱਖ ਜਾਂ ਮੁਸਲਮਾਨ ਸਨ ਤੇ ਨਾ ਹੀ ਈਸਾਈ। ਬਾਬੂ ਮੰਗੂ ਰਾਮ ਨੇ ਇਹ ਗੱਲ ਦ੍ਰਿੜਾਈ ਕਿ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕ ਇਸ ਦੇਸ਼ ਦੇ ਮੂਲ ਨਿਵਾਸੀ ਹਨ। ਉਨ੍ਹਾਂ ਆਖਿਆ ਸੀ ਕਿ ਆਰੀਆ ਨਸਲ ਦੇ ਧਾੜਵੀਆਂ ਨੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਰਾਜ ਤੋਂ ਵਿਰਵੇ ਕਰ ਕੇ, ਉਨ੍ਹਾਂ ਨੂੰ ਲੁੱਟਿਆ ਤੇ ਅੰਤ ਨੂੰ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ ਸੀ। ਭਗਤ ਸਿੰਘ ਨੇ ਆਪਣੇ ਬੇਮਿਸਾਲ ਲੇਖ ‘ਅਛੂਤ ਦਾ ਸਵਾਲ’ (ਜੋ 1929 ਵਿਚ ਮਾਸਿਕ ਪਰਚੇ ‘ਕਿਰਤੀ’ ਵਿਚ ‘ਵਿਦਰੋਹੀ’ ਦੇ ਕਲਮੀ ਨਾਂ ਹੇਠ ਪ੍ਰਕਾਸ਼ਿਤ ਹੋਇਆ ਸੀ) ਵਿਚ ਵਰਣ ਵਿਵਸਥਾ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ, ਉਹ ਵੱਖਰੇ ਧਰਮ ਦੀ ਕਾਇਮੀ ਲਈ ਆਦਿ ਧਰਮ ਲਹਿਰ ਦੀ ਜੱਦੋਜਹਿਦ ਦੇ ਹਮਾਇਤੀ ਸਨ ਪਰ ਨਾਲ ਹੀ ਉਨ੍ਹਾਂ ਲਹਿਰ ਨੂੰ ਅੰਗਰੇਜ਼ਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ ਸੀ। ਬਾਬੂ ਮੰਗੂ ਰਾਮ ਦੀ ਅਗਵਾਈ ਹੇਠ ਆਦਿ ਧਰਮ ਲਹਿਰ ਨੇ ਦਲਿਤਾਂ ਨੂੰ ਹਿੰਦੂ ਧਰਮ ਦੀ ਵਲਗਣ ਵਿਚੋਂ ਪੂਰੀ ਤਰ੍ਹਾਂ ਕੱਢ ਕੇ ਆਪਣਾ ਪ੍ਰਾਚੀਨ (ਆਦਿ) ਧਰਮ ਮੁੜ ਸਥਾਪਿਤ ਕਰ ਕੇ ਉਨ੍ਹਾਂ ਦਾ ਮਾਣ ਸਨਮਾਨ ਬਹਾਲ ਕੀਤਾ ਸੀ। ਉਂਜ, ਆਦਿ ਧਰਮ ਮੁੜ ਸਥਾਪਿਤ ਕਰਨਾ ਸੌਖਾ ਕੰਮ ਨਹੀਂ ਸੀ। ਮੂਲ ਨਿਵਾਸੀਆਂ ਨੂੰ ਧਾੜਵੀਆਂ ਦੇ ਲੰਮੇ ਸ਼ਾਸਨ ਅਧੀਨ ਰਹਿੰਦਿਆਂ ਆਪਣੇ ਗੁਰੂ ਅਤੇ ਧਾਰਮਿਕ ਬਿੰਬ ਵੀ ਭੁੱਲ ਭੁਲਾ ਗਏ ਸਨ।
ਬਾਬੂ ਮੰਗੂ ਰਾਮ ਨੇ ਆਪਣੇ ਲੋਕਾਂ ਲਈ ਵੱਖਰੇ ਧਰਮ ਦੀ ਮੰਗ ਉਭਾਰੀ ਤਾਂ ਕਿ ਉਨ੍ਹਾਂ ਨੂੰ ਮੂਲ ਨਿਵਾਸੀਆਂ ਦੇ ਭਾਈਚਾਰੇ ’ਚ ਜਥੇਬੰਦ ਕੀਤਾ ਜਾ ਸਕੇ। ਆਦਿ ਧਰਮ ਨੂੰ ਸੁਰਜੀਤ ਕਰਨਾ ਮੂਲ ਨਿਵਾਸੀਆਂ ਲਈ ਨਵਾਂ ਧਰਮ ਵਿਕਸਤ ਕਰਨ ਦੇ ਤੁੱਲ ਸੀ। ਅੰਗਰੇਜ਼ਾਂ ਨੇ ਉਨ੍ਹਾਂ ਦੀ ਮੰਗ ਮੁਤਾਬਕ ਵੱਖਰੇ ਆਦਿ ਧਰਮ ਦਾ ਦਰਜਾ ਦਿੱਤਾ ਸੀ। ਆਦਿ ਧਰਮ ਉੱਤਰੀ ਭਾਰਤ ਦੀ ਭਗਤੀ ਲਹਿਰ ਦੇ ਸੰਤਾਂ ਖ਼ਾਸ ਕਰ ਗੁਰੂ ਰਵਿਦਾਸ, ਭਗਵਾਨ ਵਾਲਮੀਕ, ਸੰਤ ਕਬੀਰ ਤੇ ਸੰਤ ਨਾਮਦੇਵ ਦੇ ਉਪਦੇਸ਼ਾਂ ਤੇ ਸਿਖਿਆਵਾਂ ’ਤੇ ਆਧਾਰਿਤ ਸੀ। ਆਦਿ ਧਰਮ ਦੇ ਆਗੂਆਂ ਨੇ ਗੁਰੂ ਰਵਿਦਾਸ ਦੀ ਰੂਹਾਨੀ ਹਸਤੀ ਆਪਣੇ ਪ੍ਰਵਚਨਾਂ ਦੇ ਕੇਂਦਰ ਵਿਚ ਰੱਖੀ ਜਿਸ ਦੇ ਦੁਆਲੇ ਲਹਿਰ ਦਾ ਸਮੁੱਚਾ ਸਮਾਜਿਕ, ਸਿਆਸੀ ਤੇ ਰੂਹਾਨੀ ਚੌਖਟਾ ਅਤੇ ਵੱਖਰੇ ਦਲਿਤ ਧਰਮ ਦਾ ਤਾਣਾ-ਬਾਣਾ ਬੁਣਿਆ ਗਿਆ ਸੀ। ਇਸ ਤਰ੍ਹਾਂ ਬਾਬੂ ਮੰਗੂ ਰਾਮ ਨੇ ਦਲਿਤ ਪਛਾਣ ਦੇ ਵੱਖੋ ਵੱਖਰੇ ਤਿਣਕਿਆਂ ਨੂੰ ਜੋੜ ਕੇ ਮੂਲ ਨਿਵਾਸੀਆਂ ਦੇ ਨਾਇਕਾਂ, ਗੁਰੂਆਂ ਤੇ ਉਨ੍ਹਾਂ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੁਰਜੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਲਿਤਾਂ ਅੰਦਰ ਖ਼ੁਦ ਸ਼ਾਸਕ ਬਣਨ ਦੀ ਖਾਹਿਸ਼ ਪੈਦਾ ਕੀਤੀ।
1931 ਦੀ ਮਰਦਮਸ਼ੁਮਾਰੀ ਵੇਲੇ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਦੇ ਕਰੀਬ ਪੰਜ ਲੱਖ ਲੋਕਾਂ ਨੇ ਆਪਣਾ ਧਰਮ ‘ਆਦਿ ਧਰਮ’ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਆਦਿ ਧਰਮ ਦੇ ਪੈਰੋਕਾਰ ਇਕ ਦੂਜੇ ਨੂੰ ‘ਆਦਿ ਧਰਮੀ’ ਬੁਲਾਉਣ ਲੱਗ ਪਏ। ਇਸ ਤੋਂ ਇਲਾਵਾ ਆਦਿ ਧਰਮ ਲਹਿਰ ਦੀ ਇਕ ਹੋਰ ਅਹਿਮ ਪ੍ਰਾਪਤੀ ਇਹ ਸੀ ਕਿ ਇਸ ਨੇ 1937 ਤੋਂ 1946 ਤੱਕ ਹੋਈਆਂ ਅਸੈਂਬਲੀ ਚੋਣਾਂ ਵਿਚ ਹੰਝਾ ਫੇਰੂ ਜਿੱਤਾਂ ਦਰਜ ਕੀਤੀਆਂ ਸਨ ਤੇ ਇੰਜ ਇਹ ਪੰਜਾਬ ਅਸੈਂਬਲੀ ਵਿਚ ਅਹਿਮ ਧਿਰ ਬਣ ਕੇ ਉੱਭਰੀ ਸੀ ਜੋ ਬਸਤੀਵਾਦੀ ਭਾਰਤ ਵਿਚ ਕਥਿਤ ਨੀਵੀਆਂ ਜਾਤਾਂ ਦੇ ਇਤਿਹਾਸ ਵਿਚ ਅਜਿਹੀ ਪਹਿਲੀ ਘਟਨਾ ਸੀ।
ਬਾਬੂ ਮੰਗੂ ਰਾਮ ਅਤੇ ਆਦਿ ਧਰਮ ਲਹਿਰ ਨੇ ਪੰਜਾਬ ’ਚ ਡਾ. ਅੰਬੇਡਕਰ ਦੇ ਮਿਸ਼ਨ ਦੇ ਬੀਜ ਲਈ ਜ਼ਰਖ਼ੇਜ਼ ਜ਼ਮੀਨ ਤਿਆਰ ਕਰ ਦਿੱਤੀ ਸੀ। ਅਛੂਤ ਜਾਤਾਂ ਲਈ ਵੱਖਰੇ ਚੁਣਾਵੀ ਦਰਜੇ ਦੀ ਜੱਦੋਜਹਿਦ ਲਈ ਲੰਡਨ ਗੋਲਮੇਜ਼ ਕਾਨਫ਼ਰੰਸ ਦੌਰਾਨ ਡਾ. ਅੰਬਦੇਕਰ ਦੇ ਸਟੈਂਡ ਦੇ ਹੱਕ ਵਿਚ ਬਾਬੂ ਮੰਗੂ ਰਾਮ ਨੇ ਉਨ੍ਹਾਂ ਨੂੰ ਕਈ ਤਾਰਾਂ ਭੇਜ ਕੇ ਹਮਾਇਤ ਦਿੱਤੀ ਸੀ ਜਦੋਂ ਡਾ. ਅੰਬੇਡਕਰ ਅਤੇ ਮਹਾਤਮਾ ਗਾਂਧੀ ਭਾਰਤ ਦੇ ਅਛੂਤਾਂ ਦੀ ਅਗਵਾਈ ਦੇ ਸਵਾਲ ਤੇ ਇਕ ਦੂਜੇ ਵਿਰੁੱਧ ਡਟੇ ਹੋਏ ਸਨ। ਉੱਘੇ ਅਮਰੀਕੀ ਸਮਾਜ ਸ਼ਾਸਤਰੀ ਮਾਰਕ ਜਰਗਨਸਮਾਇਰ ਨੇ ਆਪਣੀ ਸ਼ਾਹਕਾਰ ਰਚਨਾ ‘ਰਿਲੀਜੀਅਸ ਰੈਬਲਜ਼ ਇਨ ਦਿ ਪੰਜਾਬ : ਦਿ ਆਦਿ ਧਰਮ ਚੈਲੇਂਜ ਟੂ ਕਾਸਟ’ ਵਿਚ ਆਦਿ ਧਰਮ ਲਹਿਰ ਵਲੋਂ ਸਦੀਆਂ ਪੁਰਾਣੀ ਵਰਣ ਵਿਵਸਥਾ ਦੇ ਜੂਲੇ ਹੇਠੋਂ ਨਿਕਲਣ ਅਤੇ ਦਲਿਤਾਂ ਵਿਚ ਸਮਾਜਿਕ ਤੇ ਸਿਆਸੀ ਚੇਤਨਾ ਪੈਦਾ ਕਰਨ ਵਿਚ ਪਾਏ ਯੋਗਦਾਨ ਨੂੰ ਦਰਜ ਕੀਤਾ ਹੈ।
* ਪ੍ਰੋਫੈਸਰ, ਰਾਜਨੀਤੀ ਸ਼ਾਸਤਰ, ਸ਼ਹੀਦ ਭਗਤ ਸਿੰਘ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ।