ਗੁਰੂ ਅਰਜਨ ਸਾਹਬਿ ਨੂੰ ਸ਼ਹੀਦ ਕਿਉਂ ਕੀਤਾ ਗਿਆ ਅਤੇ ਇਸ ਦਾ ਪ੍ਰਤੀਕਰਮ ਕੀ ਹੋਇਆ? - ਅਵਤਾਰ ਸਿੰਘ ਮਿਸ਼ਨਰੀ
ਗੁਰੂ ਜੀ ਦੀ ਸ਼ਹੀਦੀ ਦੇ ਕਾਰਨ-ਗੁਰੂ ਨਾਨਕ ਸਾਹਿਬ ਤੋਂ ਬਲਕਿ ਭਗਤਾਂ ਤੋਂ ਲੈ ਕੇ ਹੁਣ ਗੁਰੂ ਅਰਜਨ ਸਾਹਿਬ ਤੱਕ ਸਭ ਗੁਰੂਆਂ-ਭਗਤਾਂ ਨੇ ਸੱਚ ਦਾ ਪ੍ਰਚਾਰ, ਰੱਬੀ ਗਿਆਨ ਦੁਆਰਾ ਸ਼ਾਂਤਮਈ ਢੰਗ ਨਾਲ ਕੀਤਾ ਪਰ ਫਿਰ ਵੀ ਵਕਤੀਆ ਹਕੂਮਤਾਂ, ਉਨ੍ਹਾਂ ਦੇ ਝੋਲੀ ਚੁੱਕਾਂ, ਕਟੜਵਾਦੀ ਬ੍ਰਾਹਮਣਾਂ ਅਤੇ ਮੁਲਾਂ ਮੌਲਾਣਿਆਂ ਨੇ ਹਮੇਸ਼ਾਂ ਇਸ ਦਾ ਵਿਰੋਧ ਕੀਤਾ। ਕਟੜਵਾਦੀ ਬ੍ਰਾਹਮਣਾਂ ਅਤੇ ਮੁਲਾਂ ਮੌਲਾਣਿਆਂ ਨੇ ਤਾਂ ਇਸ ਕਰਕੇ ਕੀਤਾ ਕਿ ਉਨ੍ਹਾਂ ਦੁਆਰਾ ਫੈਲਾਏ ਭਰਮਜਾਲ-ਕਰਮਕਾਂਡਾਂ ਦਾ ਗੁਰੂਆਂ-ਭਗਤਾਂ ਨੇ ਕਰੜਾ ਵਿਰੋਧ ਕਰਕੇ ਭੋਲੀ-ਭਾਲੀ ਜਨਤਾ ਨੂੰ ਜਾਗਰੂਕ ਕੀਤਾ। ਇਸ ਨਾਲ ਇਨ੍ਹਾਂ ਲੋਕਾਂ ਦੀ ਧਰਮ ਦੇ ਨਾਂ ਤੇ ਚਲਾਈ ਹੋਈ ਰੋਜੀ-ਰੋਟੀ ਵਾਲੀ ਦੁਕਾਨਦਾਰੀ ਤੇ ਅਸਰ ਪਿਆ ਅਤੇ ਅਜਿਹੇ ਲੋਕਾਂ ਵਲੋਂ ਹੀ ਹਕੂਮਤ ਦੇ ਕੰਨ ਭਰੇ ਗਏ ਕਿ ਜੇ ਵੇਲੇ ਸਿਰ ਗੁਰੂਆਂ-ਭਗਤਾਂ ਦੀਆਂ ਸਰਗਰਮੀਆਂ ਤੇ ਕਰੜੀ ਨਿਗ੍ਹਾ ਨਾਂ ਰੱਖੀ ਗਈ ਤਾਂ ਇਹ ਲੋਕ ਹਕੂਮਤ ਦਾ ਤਖ਼ਤਾ ਉਲਟਾ ਸਕਦੇ ਹਨ।ਇਸ ਮਾਮਲੇ ਵਿੱਚ ਸਿੱਧ, ਜੋਗੀ, ਉਦਾਸੀ, ਬ੍ਰਾਹਮਣ, ਮੌਲਾਣੇ, ਸ਼੍ਰੀ ਚੰਦੀਏ, ਪ੍ਰਿਥੀ ਚੰਦੀਏ, ਚੰਦੂਸ਼ਾਹੀਏ, ਬੀਰਬਲ ਬ੍ਰਾਹਮਣ ਆਦਿਕ ਜਿੱਥੇ ਵਕਤੀਆ ਹਕੂਮਤ ਦੇ ਕੰਨ ਭਰਦੇ ਰਹੇ ਓਥੇ ਤੁਰਾਨ ਦੇ ਰਹਿਣਵਾਲੇ ਮੁਹੰਮਦ ਬਾਕੀ ਬਿਲਾ ਦੇ ਚੇਲੇ ਸ਼ੇਖ ਅਹਿਮਦ ਸਰਹੱਦੀ ਅਤੇ ਉਸ ਦੇ ਚੇਲੇ ਮੁਰਤਜ਼ਾ ਖਾਂ ਜੋ ਅਤਿ ਕਟੜਵਾਦੀ ਚਿਸ਼ਤੀ ਮੁਸਲਮਾਨ ਅਤੇ ਜੋ ਸਿਰਫ ਤੇ ਸਿਰਫ ਹਰ ਪਾਸੇ ਇਸਲਾਮ ਹੀ ਇਸਲਾਮ ਦੇਖਣਾ ਚਾਹੁੰਦੇ ਸਨ, ਏਨਾਂ ਦਾ ਵੀ ਸਿੱਧਾ ਹੱਥ ਸੀ। ਇਵੇਂ ਸੌੜੀ ਸੋਚ ਵਾਲੇ ਧਾਰਮਿਕ ਆਗੂ ਅੱਗ-ਬਲੂਲੇ ਹੋ ਉੱਠੇ ਜੋ ਪਹਿਲੇ ਵੀ ਆਪਸ ਵਿੱਚ ਲੜ ਰਹੇ ਸਨ-ਖਹਿ ਮਰਦੇ ਬਹੁ ਬਾਹਮਣ ਮੌਲਾਣੇ (ਭਾ.ਗੁ.) ਸਾਡੇ ਬਹੁਤੇ ਢਾਡੀ ਤੇ ਪ੍ਰਚਾਰਕ ਇਕੱਲੇ ਚੰਦੂ ਤੇ ਦੋਸ਼ ਲਾਉਂਦੇ ਨੇ ਪਰ ਚੰਦੂ ਤਾਂ ਇੱਕ ਮਾਮੂਲੀ ਅਹਿਲਕਾਰ ਸੀ। ਚੰਦੂ ਨੇ ਰਿਸ਼ਤਾ ਕਰਨ ਵੇਲੇ ਗੁਰੂ-ਕਿਆਂ ਵਿਰੁੱਧ ਕਬੋਲ ਬੋਲੇ ਕਿ ਚਉਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਸਿੱਖ ਸੰਗਤ ਨੇ ਇਸ ਦਾ ਕਰੜਾ ਵਿਰੋਧ ਕੀਤਾ ਸੀ।
ਗੁਰੂਆਂ-ਭਗਤਾਂ ਦੇ ਸੱਚੇ-ਸੁੱਚੇ ਤੇ ਸਿਧੇ-ਸਾਦੇ ਸੁਨਹਿਰੀ ਉਪਦੇਸ਼ਾਂ ਕਰਕੇ ਧੜਾ-ਧੜ ਹਿੰਦੂ ਅਤੇ ਮੁਸਲਮਾਨ ਸਿੱਖ ਬਣ ਰਹੇ ਸਨ ਇਹ ਗੱਲ ਉਸ ਵੇਲੇ ਦਾ ਇਤਿਹਾਸਕਾਰ ਮੋਹਸਨਫਾਨੀ ਵੀ ਲਿਖਦਾ ਹੈ। ਭਾਵੇਂ ਜਾਤ ਅਭਿਮਾਨੀਆਂ ਅਤੇ ਕਟੜਵਾਦੀਆਂ ਨੇ ਅਕਬਰ ਬਾਦਸ਼ਾਹ ਦੇ ਵੀ ਕੰਨ ਭਰੇ ਪਰ ਅਕਬਰ ਖੁਲ੍ਹ-ਦਿਲਾ ਹੋਣ ਕਰਕੇ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਕਿਉਂਕਿ ਅਕਬਰ ਬਾਦਸ਼ਾਹ ਕਈ ਵਾਰ ਗੁਰੂ-ਦਰਬਾਰ ਆਇਆ, ਸਿੱਖ-ਗੁਰੂਆਂ ਦੀ ਸਿਖਿਆ ਤੋਂ ਪ੍ਰਭਾਵਿਤ ਹੋਇਆ ਤੇ ਕਿਰਸਾਨਾਂ ਦਾ ਮਾਲੀਆ ਅਤੇ ਹਿੰਦੂਆਂ ਦੇ ਤੀਰਥਾਂ ਦਾ ਟੈਕਸ ਵੀ ਮੁਆਫ ਕਰ ਗਿਆ। ਹੁਣ ਅਕਬਰ ਦੀ ਮੌਤ ਤੋਂ ਬਾਅਦ ਉਸ ਦੇ ਸ਼ਰਾਬੀ-ਕਬਾਬੀ ਪੁੱਤਰ ਜਹਾਂਗੀਰ ਨੂੰ ਇਨ੍ਹਾਂ ਕਟੜਵਾਦੀਆਂ ਨੇ ਇਸ ਕਰਕੇ ਰਾਜ ਗੱਦੀ ਤੇ ਬੈਠਾਇਆ ਕਿ ਉਹ ਇਸਲਾਮ ਦਾ ਪ੍ਰਚਾਰ ਕਰੇਗਾ ਅਤੇ ਸਿੱਖ ਲਹਿਰ ਨੂੰ ਖਤਮ ਕਰ ਦੇਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਲਹਿਰ ਸਗੋਂ ਹੋਰ ਵਧੇ ਫੁੱਲੇਗੀ।
ਇਸ ਸਬੰਧ ਵਿੱਚ ਜਹਾਂਗੀਰ ਖੁਦ ਵੀ ਆਪਣੀ ਸਵੈ ਜੀਵਨੀ "ਤੁਜ਼ਕਿ ਜਹਾਂਗੀਰੀ" ਵਿੱਚ ਲਿਖਦਾ ਹੈ ਕਿ "ਬਿਆਸ ਦਰਿਆ ਕੰਡੇ ਗੋਇੰਵਾਲ ਨਗਰ ਵਿੱਚ ਇੱਕ ਪੀਰਾਂ ਬਜੁਰਗਾਂ ਦੇ ਭੇਸ ਵਿੱਚ ਅਰਜਨ ਨਾਮ ਦੇ ਹਿੰਦੂ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ ਲੋਕ ਉਸ ਨੂੰ ਗੁਰੂ ਆਖਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ ਚਿਰ ਤੋਂ ਮੈਂ ਸੋਚ ਰਿਹਾ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ ਜਾਂ ਇਸ "ਗੁਰੂ" (ਗੁਰੂ ਅਰਜਨ) ਨੂੰ ਇਸਲਾਮ ਵਿੱਚ ਲੈ ਆਂਦਾ ਜਾਵੇ। ਇਨ੍ਹਾਂ ਦਿਨਾਂ ‘ਚ ਹੀ ਹਕੂਮਤ ਦਾ ਬਾਗੀ ਖੁਸਰੋ ਇਧਰ ਆਇਆ ਤੇ ਇਸ “ਗੁਰੂ” ਨੇ ਉਸ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾ ਕੇ ਜਿੱਥੇ ਉਸ ਦੀ ਕਾਮਯਾਬੀ ਦੀ ਅਰਦਾਸ ਕੀਤੀ ਓਥੇ ਮਾਲੀ ਸਹਾਇਤਾ ਵੀ ਕੀਤੀ। ਜਦੋਂ ਮੈਨੂੰ ਇਸ ਦਾ ਪਤਾ ਲਗਾ ਤਾਂ ਮੈ ਹੁਕਮ ਕੀਤਾ ਕਿ ਇਸ "ਗੁਰੂ" ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ, ਉਸ ਦਾ ਘਰ ਘਾਟ ਬੱਚੇ ਤੇ ਮਾਲ ਅਸਬਾਬ ਮੁਰਤਜਾ ਖਾਂ ਦੇ ਹਵਾਲੇ ਕਰਕੇ ਇਸ ਨੂੰ "ਯਾਸਾ ਦੰਡ" ਦੇ ਕੇ ਮਾਰ ਦਿੱਤਾ ਜਾਵੇ (ਯਾਸਾ ਦੰਡ ਪੁਰਾਣੇ ਮੰਗੋਲੀਆ ਲੋਕ ਜਿਨ੍ਹਾਂ ਦਾ ਵਹਿਸ਼ੀਪੁਣਾ ਮਸ਼ਹੂਰ ਹੈ, ਦਿਆ ਕਰਦੇ ਸਨ, ਜਿਸ ਵਿੱਚ ਕਿਸੇ ਮਹਾਂਪੁਰਖ ਨੂੰ ਬਿਨਾ ਖੂਨ ਡੋਲੇ ਮਾਰਿਆ ਜਾਂਦਾ, ਡਰ ਹੁੰਦਾ ਕਿ ਉਸ ਦੇ ਖੂਨ ਤੋਂ ਹੋਰ ਸ਼ਹੀਦ ਨਾਂ ਪੈਦਾ ਹੋ ਜਾਣ) ਇਸ ਤਰੀਕੇ ਨਾਲ ੩੦ ਮਈ ਸੰਨ ੧੬੦੬ ਨੂੰ ਗੁਰੂ ਅਰਜਨ ਸਾਹਿਬ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਸ਼ਹੀਦੀ ਦਾ ਪ੍ਰਤੀਕਰਮ-ਜਿਸ ਦਾ ਅਸਰ ਇਹ ਹੋਇਆ ਕਿ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਗੁਰੂ ਪਿਤਾ ਦੇ ਆਦੇਸ਼ ਤੇ ਚਲਦਿਆਂ ਅਕਾਲ ਤਖ਼ਤ ਦੀ ਰਚਨਾ ਕੀਤੀ, ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਣ ਲਈਆਂ ਤੇ ਦੂਰ ਦੂਰ ਹੁਕਮਨਾਮੇ ਭੇਜ ਦਿੱਤੇ ਕਿ ਹੁਣ ਸਿੱਖ ਰਸਤਾਂ-ਬਸਤਾਂ ਦੇ ਨਾਲ ਜਵਾਨੀਆਂ, ਸ਼ਸ਼ਤਰ ਅਤੇ ਘੋੜੇ ਭੇਟ ਕਰਨ, ਸ਼ਸ਼ਤਰ ਵਿਦਿਆ ਦਾ ਅਭਿਆਸ ਕਰਨ ਅਤੇ ਸ਼ਿਕਾਰ ਖੇਡਣ। ਇਸ ਤਰ੍ਹਾਂ ਥੋੜੇ ਚਿਰ ਵਿੱਚ ਹੀ ਗੁਰੂ ਦੀ ਫੌਜ ਤਿਆਰ ਹੋ ਗਈ। ਗੁਰੂ ਜੀ ਨੇ ਜ਼ਾਲਮ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਜਿਨ੍ਹਾਂ ਵਿੱਚ ਸਰਕਾਰ ਨੂੰ ਕਰਾਰੀ ਹਾਰ ਹੋਈ। ਲੋਕ ਇਨਸਾਫ ਲਈ ਦਿੱਲੀ ਦਾ ਤਖ਼ਤ ਛੱਡ ਅਕਾਲ-ਤਖ਼ਤ ‘ਤੇ “ਗੁਰੂ” ਦੀ ਸ਼ਰਣ ਆਉਣ ਲੱਗ ਪਏ। ਮੁਗਲੀਆਂ ਹਕੂਮਤ ਦੀਆਂ ਜੜਾਂ ਖੋਖਲੀਆਂ ਹੋ ਗਈਆਂ। ਜਹਾਂਗੀਰ ਨੂੰ ਸੁਲਾਹ ਲਈ ਗੁਰੂ ਦੀ ਸ਼ਰਣ ਆਉਣਾ ਪਿਆ। ਸਤਵੇਂ ਅਤੇ ਅਠਵੇਂ ਗੁਰੂ ਤੱਕ ਸ਼ਾਂਤੀ ਰਹੀ ਪਰ ਗੁਰੂ ਦਰਬਾਰ ਵਿੱਚ ਸਿੱਖ ਫੌਜ ਹਮੇਸ਼ਾਂ ਬਰਕਰਾਰ ਰਹੀ। ਨੌਵੇਂ ਗੁਰੂ ਨੇ ਵੀ ਧਰਮ ਦੀ ਖਾਤਰ ਮਜ਼ਲੂਮ ਦੀ ਰੱਖਿਆ ਲਈ ਆਪਾ ਕੁਰਬਾਨ ਕੀਤਾ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਖੰਡੇ ਦੀ ਪਹੁਲ ਦੇ ਕੇ ਖ਼ਾਲਸਾ ਫੌਜ ਦਾ ਲਕਬ ਦਿੱਤਾ ਅਤੇ ਸਦਾ ਤਿਆਰ ਬਰ ਤਿਆਰ ਰਹਿਣ ਦਾ ਆਦੇਸ਼ ਦਿੱਤਾ। ਔਰੰਗਜ਼ੇਬ ਦੀ ਜ਼ਾਲਮ ਹਕੂਮਤ ਅਤੇ ਅਕਿਰਤਘਣ ਪਹਾੜੀ ਰਾਜਿਆਂ ਨਾਲ ੧੪ ਜੰਗਾਂ ਬੇਇਨਸਾਫੀ ਅਤੇ ਜ਼ੁਲਮ ਦੇ ਵਿਰੁੱਧ ਲੜੀਆਂ। ਜਿਸਦੇ ਫਲਸਰੂਪ ਬਾਬਾ ਬੰਦਾ ਸਿੰਘ ਬਹਾਦਰ ਨੇ ੮ ਸਾਲ ਰਾਜ ਕੀਤਾ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਲਾਇਆ, ਜ਼ਾਲਮ ਹਕੂਮਤ ਤੋਂ ਗਿਣ-ਗਿਣ ਕੇ ਬਦਲੇ ਲੈ, ਖਾਸ ਕਰਕੇ ਮਸੂਮ ਬੱਚਿਆਂ ਸਾਹਿਬਜ਼ਾਦਿਆਂ ਨੂੰ ਬੇਇਨਸਾਫੀ ਤੇ ਬੇਕਿਰਕੀ ਨਾਲ ਸ਼ਹੀਦ ਕਰਨ ਵਾਲੇ ਵਜ਼ੀਰ ਖਾਂ ਸੂਬਾ ਸਰਹੰਦ ਨੂੰ ਕੀਤੀ ਦਾ ਫਲ ਭੁਗਤਾਉਂਦੇ ਹੋਏ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਅੱਠ ਸਾਲ ਬਹੁਤ ਹੀ ਵਧੀਆ ਰਾਜ ਪ੍ਰਬੰਧ ਕੀਤਾ ਜਿਸ ਵਿੱਚ ਸਭ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਵਾਹੀਯੋਗ ਜ਼ਮੀਨਾਂ ਕਿਰਤੀ ਕਿਸਾਨਾਂ ਵਿੱਚ ਵੰਡੀਆਂ, ਸਿੱਖ ਫੌਜ ਵਿੱਚ ਅਕੀਦਤਮੰਦ ਹਿੰਦੂ ਅਤੇ ਮੁਸਲਮਾਨ ਵੀ ਭਰਤੀ ਕੀਤੇ ਅਤੇ ਧਰਮ ਅਸਥਾਨਾਂ ਦੀ ਸੇਵਾ ਕਰਦੇ ਹੋਏ ਗੁਰਦੁਆਰੇ, ਮਸਜਿਦਾਂ ਅਤੇ ਮੰਦਰ ਵੀ ਬਣਵਾਏ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ ਸਿੱਖਾਂ ਦੇ ੬੫ ਜਥੇ ਬਣ ਗਏ ਜਿਨ੍ਹਾਂ ਨੇ ਸ੍ਰ. ਕਪੂਰ ਸਿੰਘ ਨੂੰ ਨਵਾਬੀ ਅਤੇ ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੂੰ "ਸੁਲਤਾਨਲ-ਕੌਮਿ" ਭਾਵ “ਕੌਮ ਦਾ ਬਾਦਸ਼ਾਹ” ਥਾਪਿਆ। ਇਨ੍ਹਾਂ ਬਹਾਦਰ ਤੇ ਸੇਵਾ ਦੇ ਪੁੰਜ ਮਹਾਂਨ ਆਗੂਆਂ ਦੀ ਸੁਜੋਗ ਅਗਵਾਈ ਵਿੱਚ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਜ਼ਾਲਮ ਸਰਕਾਰ ਨੂੰ ਭੜਥੂ ਪਾਈ ਰੱਖਿਆ। ਫਿਰ ੬੫ ਜਥਿਆਂ ਤੋਂ ੧੨ ਮਿਸਲਾਂ ਬਣ ਗਈਆਂ। ਸਿੱਖ ਮਿਸਲਾਂ ਵੀ ਨੇ ਵੀ ਜ਼ਾਲਮ ਹਕੂਮਤ ਨੂੰ ਸੁਖ ਦੀ ਨੀਂਦ ਨਾ ਸੌਣ ਦਿੱਤਾ ਅਤੇ ਮਹਾਂਰਾਜਾਂ ਰਣਜੀਤ ਸਿੰਘ ਦੀ ਅਗਵਾਈ ਵਿੱਚ ੫੦ ਸਾਲ ਰਾਜ ਕੀਤਾ ਜੋ ਫੁੱਟ ਕਰਕੇ ਜਾਂਦਾ ਰਿਹਾ ਤੇ ਅੱਜ ਤੱਕ ਨਹੀ ਮਿਲਿਆ। ਗੁਰਦੁਆਰਿਆਂ ਉੱਤੇ ਮਹੰਤ ਕਾਬਜ਼ ਹੋ ਗਏ ਜੋ ਭਾਰੀ ਕੁਰਬਾਨੀਆਂ ਕਰਕੇ ਕੱਢਣੇ ਪਏ। ਫਿਰ ਸਿੰਘ ਸਭਾ ਲਹਿਰ ਪੈਦਾ ਹੋਈ, ਸਿੱਖੀ ਦਾ ਪ੍ਰਚਾਰ ਹੋਇਆ ਪਰ ਇਨ੍ਹਾਂ ਕਰਮਕਾਂਡੀ ਮਹੰਤਾਂ ਦਾ ਅਸਰ ਖਤਮ ਨਹੀਂ ਹੋਇਆ। ਜੂਨ ੧੯੮੪ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਇਕੱਤਰ ਹੋਈਆਂ ਹਜਾਰਾਂ ਸੰਗਤਾਂ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਭਾਰਤੀ ਹਕੂਮਤ ਨੇ ਹਮਲਾ ਕਰ ਦਿੱਤਾ ਜਿਵੇਂ ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਤੇ ਨਿਹੱਥੇ ਸਿੰਘਾਂ ਤੇ ਕੀਤਾ ਸੀ। ਪਰ ਬਾਬਾ ਜਰਨੈਲ ਸਿੰਘ ਦੀ ਅਗਵਾਈ ਅਤੇ ਜਨਰਲ ਸ਼ੁਬੇਗ ਸਿੰਘ ਦੀ ਕਮਾਨ ਹੇਠ ਮੁਠੀ ਭਰ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਮੁਕਾਬਲਾ ਕਰਕੇ ਦੱਸ ਦਿੱਤਾ ਕਿ ਅਜੇ ਸਾਡੇ ਵਿੱਚ ਸਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਦੀ ਕੁਰਬਾਨੀ, ਸਾਹਿਬਜ਼ਾਦੇ ਅਤੇ ਅਨੇਕਾਂ ਅਕੀਦਤਮੰਦ ਤੇ ਬਹਾਦਰ ਸਿੰਘ ਸਿੰਘਣੀਆਂ ਦੀ ਸ਼ਹੀਦੀ ਦਾ ਖੂਨ ਗਰਮ ਹੈ।
ਦੇਖੋ! ਗੁਰੂਆਂ-ਭਗਤਾਂ ਨੇ ਤਾਂ ਜ਼ੁਲਮ ਅੱਗੇ ਗੋਡੇ ਨਹੀਂ ਸਨ ਟੇਕੇ ਪਰ ਅੱਜ ਅਸੀਂ ਗੁਰ-ਹੁਕਮਾਂ ਨੂੰ ਛਿੱਕੇ ਟੰਗ ਡੇਰੇਦਾਰ ਸਾਧਾਂ-ਸੰਤਾਂ ਅੱਗੇ ਹੱਥ ਜੋੜੀ ਖੜੇ ਹਾਂ। ਖ਼ਾਲਸਾ ਪੰਥ ਨੂੰ ਕਈ ਸੰਪ੍ਰਦਾਵਾਂ ਵਿੱਚ ਵੰਡੀ ਬੈਠੇ ਹਾਂ ਜੋ ਆਏ ਦਿਨ ਸਾਨੂੰ ਲੁੱਟ ਕੇ ਸਾਡਾ ਸ਼ੋਸ਼ਣ ਕਰ ਰਹੇ ਹਨ। ਗੁਰੂ ਅਰਜਨ ਸਾਹਿਬ ਦੀ ਸਭ ਤੋਂ ਵੱਡੀ ਦੇਣ ਸੰਸਾਰ ਵਾਸਤੇ ਭਗਤਾਂ ਅਤੇ ਗੁਰਆੂਂ ਦੀ ਬਾਣੀ ਦੀ ਸੰਪਾਦਨਾ ਜੋ ਸਾਇੰਟੇਫਿਕ ਰੱਬੀ ਗਿਆਨ ਜਿਸ ਨੂੰ "ਪੋਥੀ ਪਰਮੇਸ਼ਰ ਕਾ ਥਾਨ" ਕਿਹਾ ਅਤੇ ਫੁਰਮਾਇਆ "ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਊਤਮ ਹੈ ਸਬ ਥਾਂਨ ਰਹੈ ਹੈਂ" ਕਿਉਂਕਿ ਦੇਹ ਸਰੀਰ ਹਰ ਵੇਲੇ ਹਰ ਥਾਂ ਨਹੀਂ ਹੋ ਸਕਦੇ ਅਤੇ ਬਿਨਸਣਹਾਰ ਹਨ। ਜਿਸ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ ਦਸਵੇਂ ਪਾਤਸ਼ਾਹ ਨੇ ਗੁਰ ਗੱਦੀ ਦੇ ਕੇ “ਸ਼ਬਦ ਗੁਰੂ ਗ੍ਰੰਥ ਸਾਹਿਬ” ਕਹਿ ਸੀਸ ਨਿਵਾਇਆ। ਇਸ ਗ੍ਰੰਥ ਦਾ ਸਿਧਾਂਤ ਸਰਬੱਤ ਦਾ ਭਲਾ ਮੰਗਦਾ ਹੋਇਆ ਫੁਰਮਾਂਦਾ ਹੈ-ਜਗਤ ਜਲੰਦਾ ਰਖ ਲੈ ਆਪਣੀ ਕ੍ਰਿਪਾਧਾਰ॥.. ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ..॥ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕੋ ਬਨਿ ਆਈ॥.. ਵਿਦਿਆ ਵੀਚਾਰੀ ਤਾ ਪਰਉਪਕਾਰੀ॥.. ਘਾਲਿ ਖਾਇ ਕਿਛ ਹਥਹੁ ਦੇਇ ਨਾਨਕ ਰਾਹੁ ਪਛਾਣੈ ਸੇਇ॥ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥ (ਸ਼ਬਦ ਗੁਰੂ ਗ੍ਰੰਥ)
ਸੱਚ ਨਾਲ ਝੂਠ ਹਮੇਸ਼ਾਂ ਟਕਰਾਂਦਾ ਰਿਹਾ ਤੇ ਟਕਰਉਂਦਾ ਰਹੇਗਾ ਪਰ ਜੋ ਕੌਮਾਂ ਇੱਠੀਆਂ ਹੋ ਕੇ ਮੁਕਾਬਲਾ ਕਰਦੀਆਂ ਨੇ ਉਹ ਸਦਾ ਜੇਤੂ ਰਹਿੰਦੀਆਂ ਹਨ। ਸੋ ਸਾਨੂੰ ਵੀ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਦਿਲੋਂ ਯਾਦ ਕਰਦੇ ਹੋਏ ਆਪਣੇ ਸਾਰੇ ਮਤ-ਭੇਦ ਖ਼ਤਮ ਕਰਕੇ ਡੇਰੇ ਅਤੇ ਸੰਪ੍ਰਦਾਵਾਂ ਨੂੰ ਛੱਡ, ਖ਼ਾਲਸਾ ਪੰਥ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਫਿਰ ਬਾਬਰ, ਮੁਹੰਮਦ ਬਾਕੀ ਬਿੱਲਾ, ਮੁਰਤਜਾ ਖਾਂ, ਜਹਾਂਗੀਰ, ਬੀਰਬਲ ਬ੍ਰਾਹਮਣ, ਚੰਦੂ ਸ਼ਵਾਹੀਆ, ਔਰੰਗਜ਼ੇਬ, ਜ਼ਕਰੀਆ ਖਾਂ, ਮੀਰ ਮੰਨੂੰ, ਅਜੋਕੇ ਆਰ. ਐਸ. ਐਸ. ਵਰਗੇ ਹਿੰਦੂ, ਡੇਰੇਦਾਰ ਸਾਧ ਅਤੇ ਉਨ੍ਹਾਂ ਦੇ ਪਿਛਲੱਗ ਲੀਡਰ, ਸਿੱਖ ਕੌਮ ਦਾ ਨੁਕਸਾਨ ਨਹੀਂ ਕਰ ਸੱਕਣਗੇ ਜੋ ਅੱਜ ਸਰਬਸਾਂਝੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਵੀ ਕਰ ਰਹੇ ਹਨ। ਇਸ ਮਾਜਰੇ ਨੂੰ ਸਮਝਣ ਦੀ ਅਤਿਅੰਤ ਲੋੜ ਹੈ।
ਅਵਤਾਰ ਸਿੰਘ ਮਿਸ਼ਨਰੀ (5104325827)