ਬਾਪੂ ਦੀ ਫੋਟੋ ਦੇ ਸਾਂਹਵੇਂ - ਰਵੇਲ ਸਿੰਘ ਇਟਲੀ
ਮੈਂ ਬਾਪੂ ਦੀ ਫੋਟੋ ਦੇ ਸਾਂਹਵੇਂ ਜਦ ਵੀ ਕਿਤੇ ਖਲੋਂਦਾ ਹਾਂ।
ਉਸ ਦੀਆਂ ਯਾਦਾਂ ਦੇ ਹੰਝੂ ਉਸ ਗਲ਼ ਹਾਰ ਪ੍ਰੋਂਦਾ ਹਾਂ।
ਵਾਰ ਵਾਰ ਹੈ ਚੇਤਾ ਆਉਂਦਾ,ਬਾਪੂ ਦੀਆਂ ਗੱਲਾਂ ਦਾ,
ਕੀਤੇ ਉਪਕਾਰਾਂ ਦੀਆਂ ਪੰਡਾਂ ਰਹਿੰਦਾ ਹੀ ਮੈਂ ਢੋਂਦਾ ਹਾਂ।
ਉਸ ਦੇ ਤਲਖ ਤਜੁਰਬੇ, ਮੇਹਣਤ ਦੇ ਡੂੰਗੇ ਪਾਣੀ ਵਿੱਚ,
ਮਨ ਨੂੰ ਲੱਗੀ ਰੋਜ਼ ਰੋਜ਼ ਦੀ ਕਾਲਖ ਨੂੰ ਮੈਂ ਧੋਂਦਾ ਹਾਂ।
ਫੌਜ ਚੋਂ ਆ ਕੇ ਬਾਪੂ ਨੇ, ਫਿਰ ਕਿਰਸਾਣੀ ਸੀ ਕੀਤੀ ,
ਨਾਮ ਜਪਨ ਤੇ ਕ੍ਰਿਤ ਕਰਨ ਦੀ ਅਪਣਾਈ ਸੀ ਨੀਤੀ,
ਜਾਂ ਬਾਰਡਰ ਤੇ ਰਾਖੀ ਕਰਨੀ ਜਾਂ ਖੇਤਾਂ ਨੂੰ ਪਾਣੀ ਲਾਣਾ,
ਚੇਤੇ ਕਰ ਕਰ ਝੱਲੇ ਮਨ ਨੂੰ ਐਵੇਂ ਲਾਰੇ ਲਾਉਂਦਾ ਹਾਂ।
ਜੇ ਮਾਂ ਹੁੰਦੀ ਧਰਤੀ ਮਾਤਾ, ਬਾਪੂ ਵੀ ਹੁੰਦਾ ਹੈ ਸਾਗਰ,
ਬਾਪੂ ਦੇ ਹਨ ਪੈਰ ਸਰੋਵਰ ਵਾਰ ਵਾਰ ਹੱਥ ਧੋਂਦਾ ਹਾਂ।
ਜੇ ਮਾਂ ਦੀ ਗੋਦੀ ਹੈ ਜੰਨਤ,ਬਾਪੂ ਦਾ ਵੀ ਉੱਚਾ ਆਦਰ,
ਬੈਠਾਂ ਵਿੱਚ ਇਕਾਂਤਾਂ ਕਿਧਰੇ ,ਸੋਚ ਦੀ ਚੱਕੀ ਝੋਂਦਾ ਹਾਂ।
ਅੱਜ ਮੈਂ ਜਿੱਥੇ ਜਾ ਪਹੁੰਚਾ ਹਾਂ, ਜੋ ਵੀ ਹਾਂ ਬਾਪੂ ਦੇ ਕਰਕੇ, ,
ਬਾਪੂ ਦੀ ਹਿੰਮਤ ਦੇ ਅੱਗੇ,ਮੈਂ ਲਗਦਾ ਬੌਣਾ ਬੰਦਾ ਹਾਂ,
ਵੇਖਣ ਜਾਣਾ ਛਿੰਝ ਅਖਾੜੇ,ਬਾਪੂ ਦੇ ਚੜ੍ਹ ਜਦੋਂ ਕੰਧਾੜੇ,
ਖਾਣ ਪੀਣ ਦੀ ਰੀਝ ਪੁਗਾਣੀ, ਬਾਪੂ ਦੇ ਗੁਣ ਗਾਉਂਦਾ ਹਾਂ।
ਜੋ ਮੰਗਿਆ ਉਸ ਲੈ ਕੇ ਦਿੱਤਾ,ਬਾਪੂ ਸੀ ਅਣਖਾਂ ਦਾ ਪੂਰਾ,
ਕਦੇ ਨਾ ਮੰਨੀ ਈਨ ਕਿਸੇ, ਤੈਥੋਂ ਸਿੱਖਿਆ ਪਾਉਂਦਾਂ ਹਾਂ।
ਜੀਂਦਿਆਂ ਤੇਰੀ ਕਦਰ ਨਾ ਕੀਤੀ,ਬੀਤੇ ਤੇ ਹੁਣ ਪੱਛੋਤਾਵਾਂ
ਮੈਂ ਕੀ ਕੀਤਾ ਤੇਰੀ ਖਾਤਰ, ਵੇਖ ਵੇਖ ਸ਼ਰਮਾਉਂਦਾ ਹਾਂ।
ਬਾਪੂ ਦੀ ਫੋਟੋ ਦੇ ਅੱਗੇ ਜਦ ਮੈਂ ਕਿਤੇ ਖਲੋਂਦਾ ਹਾਂ।
ਉਸ ਦੀਆਂ ਦੇ ਕੁਝ ਹੰਝੂ ਉਸ ਗਲ ਹਾਰ ਪ੍ਰੋਂਦਾ ਹਾਂ।