ਹਾਏ ਨੀ ਸਿਆਸਤੇ !! - ਕੇਹਰ ਸ਼ਰੀਫ਼
ਮਿਲੂ ਸਭ ਨੂੰ ਮੁਫਤ ਹੀ ਬਿਜਲੀ
ਪਾਗਲਖਾਨੇ ਪੈਣ ਲੁੱਡੀਆਂ !
ਵੰਡੀ ਜਾਨਾਂ ਐਂ 'ਮਰਾਰਜਾ' ਬਣਕੇ
ਪੈਸੇ ਦੱਸ ਕਿੱਥੋਂ ਆਉਣਗੇ !
ਪਹਿਲਾਂ ਚੋਣਾਂ ਤੋਂ ਵੰਡਣਗੇ ਲਾਰੇ
"ਕਰੰਟ" ਲੱਗੂ ਚੋਣਾਂ ਮਗਰੋਂ !
ਗੱਪਾਂ ਮਾਰਨ ਬੜੀ ਦੂਰੋਂ ਆਇਆ
ਗੱਪਾਂ ਦੇ ਇੱਥੇ ਪਿਉ ਬੈਠੇ ਆ !
ਰਾਜਨੀਤੀ ਦੇ ਵਪਾਰੀ ਨਵੇਂ ਆਏ
ਮੰਡੀ ਵਿਚ ਲੁੱਟ ਮਚ ਗਈ !
ਜਿਹੜੇ ਧੋਬੀ ਆਲੇ ਘਰ ਦੇ ਨਾ ਘਾਟ ਦੇ
ਸਿਆਸਤਾਂ ਦਾ ਭਾਅ ਪੁੱਛਦੇ !
ਆਮ ਆਦਮੀ ਬਣਨ ਦਾ ਨੁਸਖਾ
ਗਲ਼ ਵਿਚੋਂ ਟਾਈ ਲਾਹ ਦਿਉ !
ਜੇ ਤੂੰ ਦੇਖਣੇ ਸਿਆਸਤਾਂ ਦੇ ਰੰਗ ਐ
ਘੁੰਮ ਪਹਿਲਾਂ ਗਲ਼ੀਉ-ਗਲ਼ੀ !
ਆਟਾ ਦਾਲ ਦੇ ਨਸ਼ੇ 'ਤੇ ਲਾ ਕੇ ਲੋਕੀ
"ਸੱਤ ਤਾਰਾ" ਆਪ ਹੋ ਗਏ !
ਇਸ ਧਰਤੀ ਨੂੰ ਸਵਰਗ ਬਨਾਉਣ ਦਾ
ਲਾਰਾ ਲਾ ਕੇ ਵੋਟਾਂ ਲੁੱਟਦੇ !
ਆਮ ਲੋਕ ਨਹੀਂ ਏਜੰਡੇ ਵਿਚ ਇਨ੍ਹਾਂ ਦੇ
ਧਨਾਢਾਂ ਦੀ ਕਰਨ ਚਾਕਰੀ !
ਲੋਕਾ ਕਦੋਂ ਤੱਕ ਦੁੱਖ ਰਹੇਂਗਾ ਭੋਗਦਾ
ਏਕਾ ਕਰ ਜਿੱਤ ਜਾਵੇਂਗਾ !!