ਵਧਿ ਥੀਵਹਿ ਦਰੀਆਉ ... - ਸਵਰਾਜਬੀਰ
‘‘ਇਹ (ਕਿਸਾਨ ਅੰਦੋਲਨ) ਬਹੁਤ ਮਹੱਤਵਪੂਰਨ ਵਿਰੋਧ-ਅੰਦੋਲਨ ਹੈ ਅਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਤਸ਼ੱਦਦ, ਹਿੰਸਾ ਅਤੇ ਮੀਡੀਆ ਦੇ ਹਰ ਤਰ੍ਹਾਂ ਦੇ ਹਮਲਿਆਂ ਦੇ ਬਾਵਜੂਦ ਉਨ੍ਹਾਂ (ਕਿਸਾਨ) ਨੇ ਇਸ ਨੂੰ ਜਾਰੀ ਰੱਖਿਆ ਹੈ… ਉਹ ਉੱਥੇ ਰਹਿ ਰਹੇ ਹਨ, ਉਹ ਕਿਸਾਨੀ ਭਾਈਚਾਰੇ ਦੇ ਹੱਕਾਂ ਵਾਸਤੇ ਹੀ ਨਹੀਂ ਲੜ ਰਹੇ ਸਗੋਂ ਇਸ ਲਈ ਵੀ ਲੜ ਰਹੇ ਨੇ ਕਿ ਭਾਰਤ ਆਪਣੇ ਨਾਗਰਿਕਾਂ ਦੇ ਹੱਕਾਂ ਅਤੇ ਭਲਾਈ ਦੀ ਫ਼ਿਕਰ ਕਰਨ ਵਾਲਾ ਸਮਾਜ ਬਣਿਆ ਰਹੇ।’’ ਭਾਵ ਦਿੱਲੀ ਦੀਆਂ ਬਰੂਹਾਂ ’ਤੇ 7 ਮਹੀਨਿਆਂ ਤੋਂ ਬੈਠੇ ਕਿਸਾਨ ਆਪਣੇ ਹੱਕਾਂ ਵਾਸਤੇ ਲੜਨ ਦੇ ਨਾਲ ਨਾਲ ਅਜਿਹੀ ਲੜਾਈ ਲੜ ਰਹੇ ਹਨ ਜਿਸ ਦਾ ਮਕਸਦ ਇਹ ਹੈ ਕਿ ਭਾਰਤ ਸੱਭਿਆ ਸਮਾਜ ਰਹਿ ਸਕੇ। ਇਹ ਸ਼ਬਦ 93 ਸਾਲਾਂ ਦੇ ਅਮਰੀਕਨ ਬਜ਼ੁਰਗ-ਵਿਦਵਾਨ ਨੋਮ ਚੌਮਸਕੀ ਦੇ ਹਨ ਜਿਸ ਨੇ ਪਿਛਲੇ 60 ਸਾਲਾਂ ਤੋਂ ਲਗਾਤਾਰ ਅਮਰੀਕੀ ਹਕੂਮਤ ਅਤੇ ਦੁਨੀਆ ਦੀਆਂ ਤਾਨਾਸ਼ਾਹ ਤਾਕਤਾਂ ਨੂੰ ਚੁਣੌਤੀ ਦਿੱਤੀ ਹੈ, ਜਿਹੜਾ ਅਮਰੀਕਾ ਦੀਆਂ ਸਿਖ਼ਰਲੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਉਂਦਾ ਰਿਹਾ ਹੈ, ਜਿਸ ਨੇ ਭਾਸ਼ਾ ਵਿਗਿਆਨ ਵਿਚ ਯੁੱਗ-ਪਲਟਾਊ ਖੋਜਾਂ ਕੀਤੀਆਂ ਹਨ (ਉਸ ਦੀਆਂ ਖੋਜਾਂ ਕੰਪਿਊਟਰ ਵਿਗਿਆਨ ਵਿਚ ਵੀ ਵਰਤੀਆਂ ਗਈਆਂ ਹਨ)। ਵੀਅਤਨਾਮ ਦੀ ਜੰਗ ਦਾ ਵਿਰੋਧ ਕਰਨ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੇਲ੍ਹਾਂ ਵਿਚ ਸੁੱਟਿਆ ਗਿਆ। ਇਹ ਸ਼ਬਦ ਉਸ ਨੇ ਬੇਦਬ੍ਰਤ ਪਾਈਨ (Bedabrata Pain) ਨਾਲ ਵੀਡਿਓ-ਮੁਲਾਕਾਤ ਵਿਚ ਕਹੇ ਜਿਹੜੀ ਖ਼ਬਰਾਂ ਦੇਣ ਵਾਲੀ ਪੋਰਟਲ ‘ਦਿ ਵਾਇਰ’ ’ਤੇ ਪ੍ਰਸਾਰਿਤ ਕੀਤੀ ਗਈ। ਬੇਦਬ੍ਰਤ ਪਾਈਨ ਉੱਘਾ ਵਿਗਿਆਨੀ ਤੇ ਫ਼ਿਲਮਸਾਜ਼ ਹੈ। ਉਸ ਨੇ ਆਜ਼ਾਦੀ ਸੰਘਰਸ਼ ਦੇ ਬਹੁਤ ਸਜੀਵ ਕਾਂਡ ਜਿਸ ਨੂੰ ‘‘ਚਿਟਾਗਾਂਗ (ਹੁਣ ਬੰਗਲਾਦੇਸ਼ ਵਿਚ) ਦੇ ਅਸਲਾਖ਼ਾਨੇ ’ਤੇ ਹਮਲਾ’’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ’ਤੇ ਫ਼ਿਲਮ ਬਣਾਈ ਸੀ। 1930 ਵਿਚ ਮਸ਼ਹੂਰ ਇਨਕਲਾਬੀ ਆਗੂਆਂ ਸੂਰਿਆ ਸੇਨ ਅਤੇ ਤਰਕੇਸ਼ਵਰ ਦਸਤੀਦਾਰ ਦੀ ਅਗਵਾਈ ਹੇਠ ਦੇਸ਼ ਭਗਤਾਂ ਦੇ ਟੋਲੇ ਨੇ ਅੰਗਰੇਜ਼ਾਂ ਦੇ ਚਿਟਾਗਾਂਗ ਦੇ ਅਸਲੇਖ਼ਾਨੇ ’ਤੇ ਹਮਲਾ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਸਾਡੇ ਆਪਣੇ ਦੇਸ਼ ਅਤੇ ਪੱਛਮੀ ਦੇਸ਼ਾਂ ਦੀ ਕੌਮਾਂਤਰੀ ਪ੍ਰਸਿੱਧੀ ਵਾਲੇ ਵਿਦਵਾਨਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਉਠਾਈ ਪਰ ਨੋਮ ਚੌਮਸਕੀ ਉਨ੍ਹਾਂ ’ਚੋਂ ਨਿਵੇਕਲਾ ਹੈ। ਉਸ ਨੇ ਅਮਰੀਕਾ ਦੀ ਸਰਕਾਰ ਅਤੇ ਸਥਾਪਤੀ ਦੀਆਂ ਲੋਕ-ਵਿਰੋਧੀ ਨੀਤੀਆਂ ਵਿਰੁੱਧ ਲਗਾਤਾਰ ਆਢਾ ਲਾਇਆ ਹੈ। ਸਾਡੀ ਪੀੜ੍ਹੀ ਨੇ ਉਸ ਨੂੰ 1970ਵਿਆਂ ਤੇ 1980ਵਿਆਂ ਵਿਚ ਪੜ੍ਹਿਆ ਜਦ ਮਨੋਵਿਗਿਆਨ ਪੜ੍ਹਦਿਆਂ ਇਹ ਪੜ੍ਹਾਈ ਕਰਨੀ ਪੈਂਦੀ ਸੀ ਕਿ ਮਨੁੱਖ ਅਤੇ ਭਾਸ਼ਾ ਵਿਚਲੇ ਰਿਸ਼ਤੇ ਦੀ ਨੌਈਅਤ ਕਿਹੋ ਜਿਹੀ ਹੈ। ਚੌਮਸਕੀ ਅਨੁਸਾਰ ਮਨੁੱਖੀ ਵਿਕਾਸ ਦੌਰਾਨ ਮਨੁੱਖੀ ਦਿਮਾਗ਼ ਵਿਚ ਭਾਸ਼ਾ ਗ੍ਰਹਿਣ ਕਰਨ ਲਈ ਖ਼ਾਸ ਤਰ੍ਹਾਂ ਦੀਆਂ ਬਣਤਰਾਂ ਬਣ ਗਈਆਂ ਹਨ, ਸਭ ਭਾਸ਼ਾਵਾਂ ਦੀ ਇਕ ਖ਼ਾਸ ਤਰ੍ਹਾਂ ਦੀ ਸਰਬਵਿਆਪੀ ਤੇ ਸਾਂਝੀ ਵਿਆਕਰਨ ਹੁੰਦੀ ਹੈ ਤੇ ਇਸੇ ਕਾਰਨ ਕੋਈ ਵੀ ਬੱਚਾ ਉਹ ਭਾਸ਼ਾ ਸਿੱਖ ਸਕਦਾ ਹੈ ਜੋ ਬਚਪਨ ਵਿਚ ਉਸ ਦੇ ਕੰਨਾਂ ਵਿਚ ਪਵੇ (ਉਦਾਹਰਨ ਦੇ ਤੌਰ ’ਤੇ ਜੇ ਇਕ ਖੇਤਰ ਦੇ ਬੱਚੇ ਨੂੰ ਦੂਸਰੇ ਖੇਤਰ ਦੇ ਲੋਕਾਂ ਵਿਚ ਪਾਲਿਆ ਜਾਵੇ ਤਾਂ ਉਹ ਦੂਸਰੇ ਖੇਤਰ ਦੀ ਭਾਸ਼ਾ ਸਿੱਖੇਗਾ)। ਚੌਮਸਕੀ ਦਾ ਕਹਿਣਾ ਸੀ ਕਿ ਹਰ ਭਾਸ਼ਾ ਵਿਚ ਕੁਝ ਡੂੰਘੀਆਂ ਬਣਤਰਾਂ (Deep Structures) ਹੁੰਦੀਆਂ ਹਨ ਅਤੇ ਕੁਝ ਸਤਹੀ (Surface Structures)। ਚੌਮਸਕੀ ਦੇ ਸਿਧਾਂਤ ਭਾਸ਼ਾ, ਹਿਸਾਬ, ਅਲਜ਼ਬਰੇ ਤੇ ਕੰਪਿਊਟਰ ਵਿਗਿਆਨ ਨਾਲ ਮਿਲ ਕੇ ਅਦਭੁੱਤ ਸੰਸਾਰ ਬਣਾਉਂਦੇ ਹਨ ਅਤੇ ਉਸ ਦੇ ਸਿਧਾਂਤਾਂ ਨੇ ਕੰਪਿਊਟਰ ਦੀਆਂ ਭਾਸ਼ਾਵਾਂ ਬਣਾਉਣ ਵਿਚ ਵੱਡੀ ਸਹਾਇਤਾ ਕੀਤੀ, ਖ਼ਾਸ ਕਰਕੇ ਉਸ ਦੇ ਵਿਆਕਰਨਾਂ ਦੀ ਦਰਜਾਬੰਦੀ ਦੇ ਸਿਧਾਂਤ ਨੇ।
1928 ਵਿਚ ਜੰਮਿਆ ਚੌਮਸਕੀ ਉਸ ਸਮੇਂ ਜਵਾਨ ਹੋਇਆ ਜਦ ਅਮਰੀਕਾ ਕੋਰੀਆ, ਵੀਅਤਨਾਮ ਤੇ ਹੋਰ ਦੇਸ਼ਾਂ ਵਿਚ ਜੰਗਾਂ ਵਿਚ ਉਲਝਿਆ ਹੋਇਆ ਸੀ ਅਤੇ ਤਾਨਾਸ਼ਾਹ ਹਕੂਮਤਾਂ ਦੀ ਹਮਾਇਤ ਕਰ ਰਿਹਾ ਸੀ। ਵੀਅਤਨਾਮ ਵਿਚ ਅਮਰੀਕਨ ਫ਼ੌਜਾਂ ਦੇ ਜ਼ੁਲਮਾਂ ਅਤੇ ਅਮਰੀਕਨ ਨੌਜਵਾਨਾਂ ਦੀਆਂ ਮੌਤਾਂ ਨੇ ਅਮਰੀਕਾ ਵਿਚ ਆਪਣੀ ਹਕੂਮਤ ਦੇ ਵਿਰੁੱਧ ਵਿਦਰੋਹ ਪੈਦਾ ਕੀਤਾ। ਵਿਦਿਆਰਥੀ, ਨੌਜਵਾਨ, ਚਿੰਤਕ, ਸਮਾਜਿਕ ਕਾਰਕੁਨ, ਕਲਾਕਾਰ, ਲੇਖਕ, ਸਭ ਇਸ ਵਿਦਰੋਹ ਵਿਚ ਹਿੱਸਾ ਲੈ ਰਹੇ ਸਨ। ਚੌਮਸਕੀ ਨੇ ਇਨ੍ਹਾਂ ਅੰਦੋਲਨਾਂ ਵਿਚ ਹਿੱਸਾ ਲਿਆ ਅਤੇ 1967 ਵਿਚ ਮਸ਼ਹੂਰ ਲੇਖ ‘‘ਬੁੱਧੀਜੀਵੀਆਂ ਦੀ ਜ਼ਿੰਮੇਵਾਰੀ (The Responsibility of Intellectuals)’’ ਲਿਖਿਆ। ਇਸ ਲੇਖ ਦਾ ਬੁਨਿਆਦੀ ਮੁੱਦਾ ਇਹ ਸੀ ਕਿ ਜੇਕਰ ਅਮਰੀਕਨ ਹਕੂਮਤ ਵੀਅਤਨਾਮ ਵਿਚ ਜ਼ੁਲਮ ਕਰ ਰਹੀ ਹੈ ਤਾਂ ਇਸ ਬਾਰੇ ਅਮਰੀਕਨ ਲੋਕਾਂ ਦੀ ਕੀ ਜ਼ਿੰਮੇਵਾਰੀ ਹੈ। ਰਾਸ਼ਟਰਵਾਦੀ ਦ੍ਰਿਸ਼ਟੀਕੋਣ ਅਨੁਸਾਰ ਅਮਰੀਕਨ ਲੋਕਾਂ ਨੂੰ ਅਮਰੀਕਨ ਫ਼ੌਜ, ਜਿਹੜੀ ਵੀਅਤਨਾਮ ਵਿਚ ਅਮਰੀਕਾ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਲੜ ਅਤੇ ਕੁਰਬਾਨੀਆਂ ਦੇ ਰਹੀ ਸੀ, ਦੇ ਹੱਕ ਵਿਚ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਸਰਕਾਰੀ ਬਿਰਤਾਂਤ/ਬਿਆਨੀਏ ਕਿ ਵੀਅਤਨਾਮ ਅਤੇ ਹੋਰ ਦੇਸ਼ਾਂ ਵਿਚ ਸਾਮਵਾਦ/ਸਮਾਜਵਾਦ (ਕਮਿਊਨਿਜ਼ਮ) ਦਾ ਫੈਲਣਾ ਅਮਰੀਕਾ ਅਤੇ ਸਾਰੀ ਦੁਨੀਆ ਦੀ ਜਮਹੂਰੀਅਤ ਲਈ ਖ਼ਤਰਾ ਹੈ, ਨੂੰ ਸਵੀਕਾਰ ਕਰ ਲੈਣਾ ਚਾਹੀਦਾ। ਦੂਸਰੇ ਪਾਸੇ ਸਵਾਲ ਮਨੁੱਖਤਾ ਦੇ ਦ੍ਰਿਸ਼ਟੀਕੋਣ ਤੋਂ ਸਨ : ਕੀ ਇਹ ਜੰਗ ਸਹੀ ਹੈ, ਕੀ ਇਹ ਸੱਚਮੁੱਚ ਜਮਹੂਰੀਅਤ ਅਤੇ ਅਮਰੀਕਾ ਦੀ ਰਾਖੀ ਲਈ ਲੜੀ ਜਾ ਰਹੀ ਹੈ? ਕੀ ਇਹ ਜੰਗ ਅਣਮਨੁੱਖੀ ਨਹੀਂ ਹੈ? ਉਸ ਸਮੇਂ ਲੋਕਾਂ ਦੇ ਮਨਾਂ ਵਿਚ ਦੂਸਰੀ ਆਲਮੀ ਜੰਗ ਦੌਰਾਨ ਨਾਜ਼ੀਆਂ ਵੱਲੋਂ ਯਹੂਦੀਆਂ ’ਤੇ ਕੀਤੇ ਗਏ ਅਕਹਿ ਜ਼ੁਲਮਾਂ ਅਤੇ ਜਬਰ ਬਾਰੇ ਇਹ ਸਵਾਲ ਵੀ ਉੱਭਰ ਰਿਹਾ ਸੀ ਕਿ ਉਨ੍ਹਾਂ ਜ਼ੁਲਮਾਂ ਲਈ ਹਿਟਲਰ ਅਤੇ ਨਾਜ਼ੀਆਂ ਦੇ ਨਾਲ ਨਾਲ ਜਰਮਨੀ ਦੇ ਲੋਕ ਵੀ ਜ਼ਿੰਮੇਵਾਰ ਸਨ। ਚੌਮਸਕੀ ਦਾ ਕਹਿਣਾ ਸੀ ਕਿ ਬੁੱਧੀਜੀਵੀਆਂ ਤੇ ਹੋਰਨਾਂ ਨੂੰ ਸੱਚ ਦਾ ਸਾਥ ਦੇਣਾ ਅਤੇ ਸਰਕਾਰਾਂ ਦੇ ਝੂਠ ਨੂੰ ਨੰਗਿਆਂ ਕਰਨਾ ਚਾਹੀਦਾ ਹੈ। ਅੰਦੋਲਨ ਵਿਚ ਹਿੱਸਾ ਲੈਣ ਕਾਰਨ ਉਹ ਕਈ ਵਾਰ ਗ੍ਰਿਫ਼ਤਾਰ ਹੋਇਆ। ਰਿਚਰਡ ਨਿਕਸਨ ਦੇ ਸਹਿਯੋਗੀਆਂ ਚਾਰਲਸ ਕੋਲਸਨ ਅਤੇ ਜਾਰਜ ਬੈਲ ਨੇ ਨਿਕਸਨ ਦੇ ਦੁਸ਼ਮਣਾਂ ਦੀਆਂ ਦੋ ਸੂਚੀਆਂ ਬਣਾਈਆਂ ਸਨ : ਛੋਟੀ ਸੂਚੀ ਤੇ ਵੱਡੀ ਸੂਚੀ। ਚੌਮਸਕੀ ਦਾ ਨਾਂ ਵੱਡੀ ਸੂਚੀ ਵਿਚ ਸ਼ਾਮਲ ਸੀ। ਇੱਥੇ ਇਹ ਗੱਲ ਵੀ ਸਪੱਸ਼ਟ ਕਰਨੀ ਬਣਦੀ ਹੈ ਕਿ ਚੌਮਸਕੀ ਦੀ ਉਦਾਹਰਨ ਦੱਸਦੀ ਹੈ ਕਿ ਆਪਣੀ ਹਕੂਮਤ ਦੀਆਂ ਗ਼ਲਤ ਕਾਰਵਾਈਆਂ ਦੇ ਆਲੋਚਕ ਅਤੇ ਆਪਣੇ ਰਾਜ-ਮੁਖੀ (ਰਾਸ਼ਟਰਪਤੀ/ਪ੍ਰਧਾਨ ਮੰਤਰੀ) ਦੇ ਵਿਰੋਧੀ ਹੋਣ ਕਾਰਨ ਕੋਈ ਦੇਸ਼-ਵਿਰੋਧੀ ਜਾਂ ਦੇਸ਼-ਧ੍ਰੋਹੀ ਨਹੀਂ ਹੋ ਜਾਂਦਾ।
ਚੌਮਸਕੀ ਅਮਰੀਕਨ ਅਤੇ ਹੋਰ ਸਰਕਾਰਾਂ ਦੀਆਂ ਤਾਨਾਸ਼ਾਹੀ ਕਾਰਵਾਈਆਂ, ਕਾਰਪੋਰੇਟ ਅਦਾਰਿਆਂ ਦੀ ਲੁੱਟ, ਸਰਕਾਰਾਂ ਤੇ ਮੀਡੀਆ ਦੀ ਮਿਲੀਭੁਗਤ ਅਤੇ ਹੋਰ ਲੋਕ-ਵਿਰੋਧੀ ਕਦਮਾਂ ਦਾ ਵਿਰੋਧ ਕਰਦਾ ਰਿਹਾ। 1973 ਵਿਚ ਉਸ ਦੀ ਆਪਣੇ ਦੋਸਤ-ਸਾਥੀ ਐਡਵਰਡ ਹਰਮਨ ਨਾਲ ਮਿਲ ਕੇ ਲਿਖੀ ਕਿਤਾਬ ‘ਇਨਕਲਾਬ-ਵਿਰੋਧੀ/ਪ੍ਰਤੀਕਿਰਿਆਵਾਦੀ ਹਿੰਸਾ’ (Counter-Revolutionary Violence: Bloodbaths in Facts and Propaganda) ਨੂੰ ਪ੍ਰਕਾਸ਼ਨ ਵਾਲੀ ਕੰਪਨੀ ਵਾਰਨਰ ਮਾਡੂਲਰ ਪਬਲੀਕੇਸ਼ਨਜ਼ ਦੇ ਮੁੱਖ ਮਾਲਕ ਅਤੇ ਵਾਰਨਰ ਕਮਿਊਨੀਕੇਸ਼ਨਜ਼ ਦੇ ਮੁਖੀ ਡੇਵਿਡ ਸਾਇਨੋਫ (David Saranoff) ਨੇ ਖ਼ੁਦ ਹੀ ਜ਼ਬਤ ਕਰ ਲਿਆ। ਲਗਭਗ 20,000 ਕਾਪੀਆਂ ਸਾੜ ਦਿੱਤੀਆਂ ਅਤੇ ਪ੍ਰਕਾਸ਼ਨ ਕਰਨ ਵਾਲੀ ਉੱਪ-ਕੰਪਨੀ ਬੰਦ ਕਰ ਦਿੱਤੀ। ਇਹ ਕਿਤਾਬ ਬਾਅਦ ਵਿਚ 1979 ਵਿਚ ਪ੍ਰਕਾਸ਼ਿਤ ਹੋਣ ਵਾਲੀ ਵੱਡੀ ਕਿਤਾਬ ‘ਮਨੁੱਖੀ ਅਧਿਕਾਰਾਂ ਦੀ ਆਰਥਿਕਤਾ (The Political Economy of Human Rights)’ ਦਾ ਆਧਾਰ ਬਣੀ।
ਚੌਮਸਕੀ ਦੇ ਸਰਕਾਰਾਂ ਅਤੇ ਖ਼ਾਸ ਕਰਕੇ ਅਮਰੀਕਨ ਸਰਕਾਰ ਦੇ ਲਗਾਤਾਰ ਵਿਰੋਧ ਅਤੇ ਲਿਖਤਾਂ ਦੀ ਕਹਾਣੀ ਇਕ ਲੇਖ ਵਿਚ ਦੱਸਣੀ ਮੁਸ਼ਕਿਲ ਹੈ (ਉਦਾਹਰਨ ਦੇ ਤੌਰ ’ਤੇ ਨਿਕਾਰਾਗੂਆ ਇਨਕਲਾਬੀਆਂ ਦੀ ਹਮਾਇਤ, ਇਰਾਕ ਯੁੱਧ ਦਾ ਵਿਰੋਧ ਆਦਿ) ਪਰ ਉਸ ਦੀ ਐਡਵਰਡ ਹਰਮਨ ਨਾਲ ਮਿਲ ਕੇ ਲਿਖੀ ਕਿਤਾਬ ‘Manufacturing Consent’ (ਤਾਮੀਰ-ਏ-ਰਜ਼ਾਮੰਦੀ / ਸਹਿਮਤੀ ਦਾ ਉਤਪਾਦਨ) ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਵਿਚ ਲੇਖਕਾਂ ਨੇ ਦਿਖਾਇਆ ਕਿ ਕਿਵੇਂ ਸਰਕਾਰਾਂ ਅਤੇ ਕਾਰਪੋਰੇਟ ਅਦਾਰੇ ਮੀਡੀਆ, ਇਸ਼ਤਿਹਾਰਬਾਜ਼ੀ ਅਤੇ ਆਪਣੇ ਆਪ ਨੂੰ ਖ਼ੁਦਮੁਖ਼ਤਿਆਰ ਅਖਵਾਉਣ ਵਾਲੇ (ਪਰ ਅਸਲ ਵਿਚ ਲੁਕਵੇਂ ਰੂਪ ਵਿਚ ਸਰਕਾਰੀ ਪ੍ਰਚਾਰ ਅਤੇ ਕਾਰਪੋਰੇਟ ਹਿੱਤਾਂ ਦੀ ਪੂਰਤੀ ਕਰਨ ਵਾਲੇ) ਗਰੁੱਪਾਂ (ਵਿਚਾਰ ਮੰਚਾਂ - Think Tanks) ਰਾਹੀਂ ਲੋਕਾਂ ’ਤੇ ਪ੍ਰਭਾਵ ਪਾ ਕੇ ਉਨ੍ਹਾਂ ਨੂੰ ਸਰਕਾਰੀ ਨੀਤੀਆਂ ਨਾਲ ਇਉਂ ਸਹਿਮਤ ਕਰਵਾ ਲੈਂਦੇ ਹਨ ਜਿਵੇਂ ਉਹ ਆਪਣੀ ਮਰਜ਼ੀ ਨਾਲ ਉਨ੍ਹਾਂ ਨੀਤੀਆਂ ਨਾਲ ਸਹਿਮਤ ਹੋ ਰਹੇ ਹਨ। ਲੇਖਕ ਉਦਾਹਰਨਾਂ ਦਿੰਦੇ ਹਨ ਕਿ ਕਮਿਊਨਿਸਟਾਂ ਅਤੇ ਦਹਿਸ਼ਤਗਰਦਾਂ ਵਿਰੁੱਧ ਲੜਨ ਦੀਆਂ ਦਲੀਲਾਂ ਦੇ ਕੇ ਦੂਸਰੇ ਦੇਸ਼ਾਂ ਵਿਚ ਅਮਰੀਕਾ ਦੁਆਰਾ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਸਹੀ ਠਹਿਰਾਇਆ ਜਾਂਦਾ ਰਿਹਾ ਹੈ ਅਤੇ ਵੱਡੇ ਪੱਧਰ ’ਤੇ ਕੀਤੇ ਪ੍ਰਚਾਰ ਕਾਰਨ ਲੋਕ ਸਰਕਾਰ ਦੀਆਂ ਨੀਤੀਆਂ ਬਾਰੇ ਇਉਂ ਸੋਚਣ ਲੱਗ ਪੈਂਦੇ ਹਨ ਜਿਵੇਂ ਇਹ (ਉਨ੍ਹਾਂ ਦੀ ਪ੍ਰਭਾਵਿਤ ਹੋਈ ਸੋਚ) ਉਨ੍ਹਾਂ ਦੀ ਮੌਲਿਕ ਸੋਚ ਹੋਵੇ। ਇੱਥੇ ਚੌਮਸਕੀ ਇਤਾਲਵੀ ਦਾਰਸ਼ਨਿਕ ਅੰਨਤੋਨੀਓ ਗਰਾਮਸ਼ੀ ਤੋਂ ਪ੍ਰਭਾਵਿਤ ਲੱਗਦਾ ਹੈ ਜਿਸ ਦੀ ਧਾਰਨਾ ਹੈ ਕਿ ਹਾਕਮ ਜਮਾਤਾਂ ਸਮਾਜ ਦੇ ਵੱਖ ਵੱਖ ਵਰਗਾਂ ਦੀ ਸੋਚ ਨੂੰ ਸਮਾਜਿਕ ਸੂਝ ਅਤੇ ਸੱਭਿਆਚਾਰ ਦੀ ਪੱਧਰ ’ਤੇ ਇਉਂ ਪ੍ਰਭਾਵਿਤ ਕਰਦੀਆਂ ਹਨ ਕਿ ਉਨ੍ਹਾਂ ਨੂੰ ਹਾਕਮ ਵਰਗ ਦੀ ਸੋਚ (ਜਿਵੇਂ ਸਾਡੇ ਪ੍ਰਸੰਗ ਵਿਚ ਜਾਤ ਪਾਤ ਸਬੰਧੀ ਸਮਝ, ਧੀਆਂ ਨੂੰ ਜਾਤ ਅੰਦਰ ਤੇ ਮਾਪਿਆਂ ਦੀ ਆਗਿਆ ਅਨੁਸਾਰ ਵਿਆਹ ਕਰਨ ਦੀ ਸੋਚ) ਆਪਣੀ ਸੋਚ ਅਤੇ ਜਿਊਣ ਦਾ ਇਕੋ ਇਕ ਤਰੀਕਾ ਲੱਗਣ ਲੱਗ ਪੈਂਦੇ ਹਨ।
ਜਦ ਦੇਬਬ੍ਰਤ ਨੇ ਚੌਮਸਕੀ ਨੂੰ ਸਰਕਾਰ ਅਤੇ ਕਾਰਪੋਰੇਟ ਅਦਾਰਿਆਂ ਦੇ ਇਨ੍ਹਾਂ ਦਾਅਵਿਆਂ ਕਿ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਅਦਾਰੇ ਖੇਤੀ ਖੇਤਰ ਵਿਚ ਸਰਮਾਇਆ, ਕਾਰਜਕੁਸ਼ਲਤਾ ਅਤੇ ਖੁਸ਼ਹਾਲੀ ਲਿਆਉਣਗੇ, ਬਾਰੇ ਪੁੱਛਿਆ ਤਾਂ ਚੌਮਸਕੀ ਨੇ ਰੈਂਡ ਕਾਰਪੋਰੇਸ਼ਨ ਦੁਆਰਾ ਕੀਤੀ ਗਏ ਅਧਿਐਨ/ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ 40 ਸਾਲਾਂ ਵਿਚ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ (ਜਿਨ੍ਹਾਂ ਦੀ ਗਿਣਤੀ ਵਸੋਂ ਦਾ 90 ਫ਼ੀਸਦੀ ਹੈ), ਦੀ ਮਲਕੀਅਤ ਵਾਲੀ ਲਗਭੱਗ 470 ਖਰਬ (47 ਟ੍ਰਿਲੀਅਨ) ਡਾਲਰ ਦੌਲਤ ਸਿਖ਼ਰਲੇ ਅਮੀਰਾਂ (ਜਿਨ੍ਹਾਂ ਦੀ ਵਸੋਂ ’ਚ ਗਿਣਤੀ 1 ਫ਼ੀਸਦੀ ਹੈ) ਦੇ ਖਾਤਿਆਂ ਵਿਚ ਪਹੁੰਚੀ ਹੈ। ਚੌਮਸਕੀ ਦਾ ਕਹਿਣਾ ਇਹ ਇਕ ਤਰ੍ਹਾਂ ਡਕੈਤੀ ਹੈ ਅਤੇ ਕੌਮਾਂਤਰੀ ਮੁਦਰਾ ਕੋਸ਼ (ਇੰਟਰਨੈਸ਼ਨਲ ਮੋਨੇਟਰੀ ਫੰਡ-ਆਈਐਮਐਫ਼) ਸੰਸਥਾ ਅਨੁਸਾਰ ਸਿਖ਼ਰਲੇ ਅਮੀਰਾਂ ਨੇ ਇਸ ਅਨੁਮਾਨ ਤੋਂ ਕਿਤੇ ਜ਼ਿਆਦਾ ਪੈਸੇ ਹਥਿਆਏ ਹਨ। ਉਸ ਨੇ ਕਿਹਾ ਕਿ ਵਿਦੇਸ਼ੀ (ਭਾਵ ਕਾਰਪੋਰੇਟ) ਅਦਾਰੇ ਤਾਨਾਸ਼ਾਹੀ ਬਣਤਰਾਂ ਵਾਲੀਆਂ ਸੰਸਥਾਵਾਂ ਹਨ ਅਤੇ ਜਦੋਂ ਤੁਸੀਂ ਆਪਣੇ ਦੇਸ਼ ਵਿਚ ਉਨਾਂ ਦੇ ਪੈਸੇ ਦਾ ਨਿਵੇਸ਼ ਸਵੀਕਾਰ ਕਰਦੇ ਹੋ ਤਾਂ ਤੁਸੀਂ ਆਪਣਾ ਦੇਸ਼ ਉਨ੍ਹਾਂ ਤਾਨਾਸ਼ਾਹੀ ਸੰਸਥਾਵਾਂ ਨੂੰ ਸੌਂਪ ਰਹੇ ਹੁੰਦੇ ਹੋ।
ਵਿਆਪਕ ਬੌਧਿਕ ਅਤੇ ਹਕੀਕੀ ਲੜਾਈਆਂ ਲੜਨ ਵਾਲੇ ਪੱਛਮ ਦੇ ਇਸ ਬਾਬੇ ਨੋਮ ਚੌਮਸਕੀ ਦਾ ਸਾਡੇ ਦੇਸ਼ ਦੇ ਕਿਸਾਨ ਅੰਦੋਲਨ ਦੇ ਹੱਕ ਵਿਚ ਬੋਲਣਾ ਸੁਭਾਗਾ ਅਤੇ ਉਤਸ਼ਾਹ ਵਧਾਉਣ ਵਾਲਾ ਹੈ। ਉਸ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਇਸ ਕਿਸਾਨ ਅੰਦੋਲਨ ਨੂੰ ਹੱਕੀ ਤੇ ਨਿਆਂਪੂਰਨ ਦੱਸਿਆ। ਉਸ ਨੇ ਕਿਸਾਨਾਂ ਦੀ ਹਿੰਮਤ, ਜੇਰੇ ਤੇ ਜੀਰਾਂਦ ਨੂੰ ਸਲਾਮ ਕਿਹਾ ਹੈ। ਮੁਲਾਕਾਤ ਦੇ ਆਖ਼ਰੀ ਹਿੱਸੇ ਵਿਚ ਉਸ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਹੈ, ‘‘ਉਨ੍ਹਾਂ (ਕਿਸਾਨਾਂ) ਨੂੰ, ਉਸ (ਸੰਘਰਸ਼) ’ਤੇ ਜੋ ਉਹ ਕਰ ਰਹੇ ਹਨ, ਬਹੁਤ ਮਾਣ ਹੋਣਾ ਚਾਹੀਦਾ ਹੈ। ਉਹ ਹਿੰਮਤ ਅਤੇ ਇਮਾਨਦਾਰੀ ਨਾਲ ਉਹ ਕੁਝ ਕਰ ਰਹੇ ਹਨ ਜੋ ਉਨ੍ਹਾਂ ਦੇ ਪਰਿਵਾਰਾਂ, ਭਾਰਤ ਦੇ ਕਿਸਾਨਾਂ ਅਤੇ ਭਾਰਤ ਦੇ ਲੋਕਾਂ ਲਈ ਸਹੀ ਹੈ। ਸਾਰੀ ਦੁਨੀਆ ਨੂੰ ਸੰਘਰਸ਼ ਦੇ ਇਸ ਤਰੀਕੇ (ਮਾਡਲ) ਦੀ ਜ਼ਰੂਰਤ ਹੈ ਤਾਂ ਕਿ ਲੋਕ ਆਪਣੇ ਹਾਲਾਤ ਅਨੁਸਾਰ ਜਿਹੜੇ ਭਾਰਤ ਦੇ ਕਿਸਾਨਾਂ ਦੇ ਹਾਲਾਤ ਨਾਲ ਕਾਫ਼ੀ ਮਿਲਦੇ ਜੁਲਦੇ ਹਨ, ਇਸੇ ਤਰ੍ਹਾਂ ਦੇ ਸੰਘਰਸ਼ (ਐਕਸ਼ਨ) ਕਰ ਸਕਣ। ਜੋ ਤੁਸੀਂ ਕਰ ਰਹੇ ਹੋ, ਉਸ ’ਤੇ ਮਾਣ ਕਰੋ… ਤੇ ਇਹ (ਸੰਘਰਸ਼) ਕਰਦੇ ਰਹੋ। ਇਨ੍ਹਾਂ ਹਨੇਰੇ ਸਮਿਆਂ ਵਿਚ ਇਹ (ਕਿਸਾਨ ਸੰਘਰਸ਼) ਚਾਨਣ ਮੁਨਾਰੇ ਵਾਂਗ ਹੈ।’’ ਜਦ ਮੁਲਾਕਾਤ ਕਰਨ ਵਾਲੇ ਬੇਦਬਰਤ ਪਾਈਨ ਨੇ ਉਸ ਨੂੰ ਕਿਹਾ ਕਿ ਉਹ ਧੰਨਵਾਦੀ ਹੈ ਅਤੇ ਚੌਮਸਕੀ ਦੇ ਸ਼ਬਦ ਕਿਸਾਨਾਂ ਨੂੰ ਉਤਸ਼ਾਹਿਤ ਕਰਨਗੇ ਤਾਂ ਚੌਮਸਕੀ ਨੇ ਕਿਹਾ, ‘‘ਉਤਸ਼ਾਹਿਤ ਕਰਨ ਵਾਲੀ ਚੀਜ਼ ਕਿਸਾਨਾਂ ਦਾ ਸੰਘਰਸ਼ ਹੈ।’’
ਕਿਸਾਨ ਸੰਘਰਸ਼ ਨੇ ਆਪਣੇ ਸਿਦਕ, ਸਬਰ, ਸਿਰੜ, ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨ ਦੇ ਤਰੀਕੇ, ਏਕਤਾ, ਦੁੱਖ ਜਰਨ ਦੀ ਸਮਰੱਥਾ, ਆਪਣੀ ਅਸੀਮ ਹਿੰਮਤ, ਹੌਸਲੇ ਤੇ ਜੇਰੇ ਸਦਕਾ ਨਵਾਂ ਇਤਿਹਾਸ ਰਚਿਆ ਹੈ। ਪੱਛਮ ਦੇ ਇਸ ਮਹਾਨ ਚਿੰਤਕ ਬਾਬੇ ਦੀ ਸ਼ਾਬਾਸ਼ੀ ਇਸ ਸੰਘਰਸ਼ ਨੂੰ ਨਾ ਸਿਰਫ਼ ਹੁਲਾਰਾ ਦਿੰਦੀ ਹੈ ਸਗੋਂ ਉਨ੍ਹਾਂ ਚਿੰਤਕਾਂ, ਅਰਥ ਸ਼ਾਸਤਰੀਆਂ, ਯੋਜਨਾਕਾਰਾਂ ਅਤੇ ਵਿਦਵਾਨਾਂ ਨੂੰ ਸ਼ੀਸ਼ਾ ਵੀ ਦਿਖਾਉਂਦੀ ਹੈ ਜਿਹੜੇ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ। ਪੂਰਬ ਤੇ ਪੱਛਮ, ਉੱਤਰ ਤੇ ਦੱਖਣ ਦੇ ਸਾਰੇ ਬਾਬੇ ਮਨੁੱਖ ਨੂੰ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੇ ਆਏ ਹਨ। ਸਾਡੇ ਆਪਣੇ ਆਦਿ-ਬਾਬੇ ਬਾਬਾ ਫ਼ਰੀਦ ਨੇ ਅੱਠ ਸਦੀਆਂ ਪਹਿਲਾਂ ਕਿਹਾ ਸੀ :
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ।।
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ।।
ਭਾਵ ਜੇ ਬੰਦਾ ਸਬਰ ਅਤੇ ਦ੍ਰਿੜਤਾ ਨਾਲ ਕੰਮ ਕਰੇ ਤਾਂ ਉਹ ਵਧ ਕੇ ਦਰਿਆ ਹੋ ਜਾਵੇਗਾ, ਘਟ ਕੇ ਨਿੱਕਾ ਜਿਹਾ ਵਹਿਣ ਨਹੀਂ ਬਣੇਗਾ। ਆਪਣੇ ਸਬਰ ਤੇ ਸਿਦਕ ਕਾਰਨ ਕਿਸਾਨ ਅੰਦੋਲਨ ਅੱਜ ਮਹਾਂ ਦਰਿਆ ਬਣ ਚੁੱਕਾ ਹੈ ਅਤੇ ਨਿੱਕਾ ਜਿਹਾ ਵਹਿਣ ਬਣਨ ਤੋਂ ਇਨਕਾਰੀ ਹੈ। ਚੌਮਸਕੀ ਨੇ ਜੇਰੇ ਦੇ ਇਸ ਮਹਾਂ ਦਰਿਆ ਨੂੰ ਸਲਾਮ ਕੀਤਾ ਹੈ।