ਵੀਰ ਮੇਰਿਆ ਜੁਗਨੀ ਕਹਿੰਦੀ ਏ - ਰਵੇਲ ਸਿੰਘ ਇਟਲੀ

 ਪੰਜਾਬੀ ਸਭਿਆਚਾਰ ਗੀਤਾਂ ਦੀਆਂ ਅਨੇਕ ਕਿਸਮਾਂ ਦੇ ਅਨਮੁੱਲੇ ਭੰਡਾਰ ਨਾਲ ਮਾਲਾ ਮਾਲ ਹੈ। ਜਿਸ ਵਿਚ ਬੈਂਤ , ਮਾਹੀਆ, ਢੋਲਾ,ਟੱਪੇ, ਛੱਲਾ, ਬੋਲੀਆਂ, ਮਿਰਜ਼ਾ, ਵਾਰ,ਜਿੰਦੂਆ,ਦੋਹੜੇ, ਜੁਗਨੀ, ਅਤੇ ਹੋਰ ਵੀ ਕਈ ਕਿਸਮ ਦੇ ਗੀਤਾਂ ਦੇ ਰੰਗ ਵੇਖਣ ਸੁਣਨ ਨੂੰ ਮਿਲਦੇ ਹਨ। ਆਓ ਅੱਜ ਇਨ੍ਹਾਂ  ਵਿੱਚੋਂ ਜੁਗਨੀ ਬਾਰੇ ਕੋਈ ਗੱਲ ਕਰਦੇ ਹਾਂ।ਕਈ ਕਿਹੰਦੇ ਹਨ ਕਿ ਜੁਗਨੀ ਗਾਉਣ ਦਾ ਆਰੰਭ ਅੰਗਰੇਜ਼ ਰਾਜ ਵੇਲੇ ਹੋਇਆ ਸੀ।
ਇੱਕ ਨਮੂਨਾ ਮਾਤ੍ਰ  ਜੁਗਨੀ ਦਾ ਰੰਗ ਵੇਖੋ,
ਜੁਗਨੀ ਜਾ ਵੜੀ ਮੁਲਤਾਨ.
ਜਿੱਥੇ ਬੜੇ ਬੜੇ ਭਲਾਵਾਨ.
ਖਾਂਦੇ ਗਿਰੀਆਂ ਤੇ ਬਦਾਮ
ਮਾਰਦੇ ਮੁਕੀ ਤੇ ਕੱਢਦੇ ਜਾਨ
ਓ ਵੀਰ ਮੇਰਿਆ ਜੁਗਨੀ ਕਹਿੰਦੀ ਏ , ਜਿਹੜੀ ਨਾਮ ਸਾਈਂ ਦਾ ਲੈਂਦੀ ਏ, ਜਿਹੜੀ ਨਾਮ ਰੱਬ ਦਾ ਲੈਂਦੀ ਏ ਜਿਹੜੀ ਨਾਮ ਅੱਲਾ ਦਾ ਲੈਂਦੀ ਏ।
ਪੱਛਮੀ ਪੰਜਾਬ ਦੇ ਗੀਤਾਂ ਦੀ ਰੂਹ, ਆਲਮ ਲੁਹਾਰ-ਲੰਮੀ ਹੇਕ ਨਾਲ ਚਿਮਟੇ ਢੋਲਕੀ ਨਾਲ ਗਾਈ ਜੁਗਨੀ ਬਾਰੇ ਉਨ੍ਹਾਂ ਨੂੰ ਕੌਣ ਨਹੀਂ ਜਾਣਦਾ, ਲੰਮੀ ਹੇਕ ਵਾਲੀ ਗੁਰਮੀਤ ਬਾਵਾ ਭਾਂਵੇਂ ਅੱਜ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਚੁਕੀ ਦੀ, ਗਾਈ ਜੁਗਣੀ ਨੂੰ ਅਜੇ ਵੀ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ। ਗੁਰਦਾਸ ਮਾਨ ਦੀ ਡਫਲੀ ਨਾਲ ਗਾਈ ਜੁਗਨੀ ਕਈ ਵਾਰ ਸਟੇਜਾਂ ਦੀ ਸ਼ਾਨ ਬਣ ਚੁਕੀ ਹੈ।
ਜੁਗਨੀ ਪਿਆਰ,ਪ੍ਰੇਮ ,ਹਿਜਰ ਵਸਲ, ਹੁਸਨ, ਦੀਆਂ ਗੱਲਾਂ ਦਾ ਸੁਮੇਲ ਤਾਂ ਹੈ ਈ, ਪਰ ਇਹ ਸਮੇਂ ਸਮੇਂ ਸਿਰ ਨਵੇਂ ਨਵੇਂ ਰੂਪ ਅਤੇ  ਭਾਵ ਵੀ ਬਦਲਦੀ ਆ ਰਹੀ ਹੈ।ਜੁਗਨੀ ਨਿਰੇ ਪਿੰਡਾਂ ਵਿੱਚ ਹੀ ਨਹੀਂ ਗਈ ਇਹ ਮੁਲਤਾਨ ਗਈ, ਬੰਬਈ ਗਈ, ਬੰਗਾਲ ਗਈ, ਕਲਕੱਤੇ ਗਈ ਦੇਸ਼ ਵਿਦੇਸ਼ੀਂ ਗਈ ਇਸ ਦੇ ਗਾਉਣ ਵਾਲੇ ਜਿੱਥੇ ਗਏ ਇਸ ਨੂੰ ਨਾਲ ਹੀ ਲੈ ਕੇ ਗਏ ਕਿਉਂ ਜੋ ਇਹ ਜੁਗਨੀ ਬਿਨਾਂ ਅਧੂਰੇ ਹਨ ਤੇ ਜੁਗਨੀ ਵੀ ਇਨ੍ਹਾਂ ਬਿਨਾਂ ਵੀ ਰਹਿ ਨਹੀਂ ਸਕਦੀ।
 ਆਓ ਇਸ਼ਕ ਬਾਰੇ ਜੁਗਨੀ ਦੇ ਦੁਖ ਦਰਦ ਦੀ ਇੱਕ ਹੋਰ ਵੰਨਗੀ  ਪਾਠਕਾਂ ਨਾਲ ਸਾਂਝਾਂ ਕਰੀਏ,
 ਮੇਰੀ ਜੁਗਨੀ ਦੇ ਧਾਗੇ ਬੱਗੇ ,
ਜੁਗਨੀ ਉਹਦੇ ਮੂਹੋਂ ਸੱਜੇ ,
ਜੀਹਨੂੰ ਸੱਟ ਇਸ਼ਕ ਦੀ ਲੱਗੇ,
ਵੀਰ ਮੇਰਿਆ ਜੁਗਨੀ ਕਹਿੰਦੀ ਏ,ਤੇ ਨਾਮ ਸਾਈਂ ਦਾ ਲੈਂਦੀ ਏ, ਨਾਮ ਰੱਬ ਦਾ ਲੈਂਦੀ ਏ,
ਕਿਸਾਨੀ ਅੰਦੋਲਣ ਵਿੱਚ ਜਿਥੇ ਹਰ ਮਾਈ, ਭਾਈ, ਭੈਣ, ਹਰ ਉਮਰ ਦੇ ਕਿਸਾਨ ਖੇਤੀ ਮਜ਼ਦੂਰ, ਕਲਾਕਾਰ, ਫਨਕਾਰ, ਬੁੱਧੀ ਜੀਵੀ ਆਪਣਾ ਆਪਣਾ  ਬਣਦਾ ਯੋਗਦਾਨ ਪਾ ਰਹੇ ਹਨ ਓਥੇ ਜੁਗਨੀ ਪਿੱਛੇ ਕਿਉਂ ਰਹੇ।
ਜੁਗਨੀ ਪਹੁੰਚੀ ਵਿੱਚ ਅੰਦੋਣਲਣ,
ਲਗ ਪਈ ਗੀਤ ਕਿਸਾਨੀ ਬੋਲਣ।
ਲੱਗ ਪਈ ਭੇਦ ਦਿਲਾਂ ਦੇ ਖੋਲ੍ਹਣ,
 ਲੱਗੀ ਪਈ ਜੋਸ਼ ਹੋਸ਼ ਨੂੰ ਟੋਲਣ,
ਵੀਰ ਮੇਰਿਆ ਜੁਗਣੀ, ਕਹਿੰਦੀ ਏ
ਤੇ ਨਾਮ ਗੁਰਾਂ ਦਾ ਲੈਂਦੀ ਏ।
ਜੁਗਨੀ ਡਾਢੀ ਹੋ ਬੇਫਿਕਰੀ,
ਜਾ ਕੇ ਵਿੱਚ ਅੰਦੋਲ ਨਿੱਤਰੀ,
ਸੱਚੋ ਸੱਚ ਕਹਿਨ ਨੂੰ ਨਿਕਲੀ
ਪੁੱਜੀ ਸਿੰਘੂ ਬਾਰਡਰ ਟਿੱਕਰੀ,
ਵੀਰ ਮੇਰਿਆ ਜੁਗਨੀ ਕਹਿੰਦੀ ਏ ਤੇ ਨਾਮ ਗੁਰਾਂ ਦਾ ਲੈਂਦੀ ਏ
ਜੁਗਨੀ ਜਾ ਪਹੁੰਚੀ ਵਿੱਚ ਦਿੱਲੀ,
ਹੋ ਗਈ ਵੇਖ ਕੇ ਕੇਂਦਰ ਢਿੱਲੀ,
ਜਿਉਂਕਰ ਹੁੰਦੀ ਭਿੱਜੀ ਬਿੱਲੀ,
 ਸਾਰੇ ਖੂਬ ਉਡਾਵਣ ਖਿੱਲੀ,
ਵੀਰ ਮੇਰਿਆ ਜੁਗਨੀ ਕਹਿੰਦੀ ਏ ,ਪਈ  ਨਾਮ ਗੁਰਾਂ ਦਾ ਲੈਂਦੀ ਏ,
ਜੁਗਨੀ ਕਹੇ ਕਿਸਾਨੋ ਜੁੜੋ,
ਲੈ ਕੇ ਜਿੱਤ ਘਰਾਂ ਨੂੰ ਮੁੜੋ,
ਰੱਖੋ ਸਿਦਕ ਕਦੇ ਨਾ ਥੁੜੋ,
ਰੱਖੋ  ਜੋਸ਼ ਹੋਸ਼ ਤੇ ਤੁਰੋ
ਵੀਰ ਮੇਰਿਆ ਜੁਗਨੀ ਕਹਿੰਦੀ ਏ,ਪਈ ਨਾਮ ਗੁਰਾਂ ਦਾ ਲੈਂਦੀ ਏ।
ਪਰ ਇਸ ਕਿਸਾਨੀ ਮਸਲੇ ਦੇ ਨਾਲ  ਜੁਗਨੀ ਨੂੰ ਵੀ ਦੇਸ਼ ਵਿਦੇਸ਼ ਦੇ ਕੋਵਿੱਡ- ਉਨੀ ਦੇ ਕਰੋਨਾ ਰੋਗ ਦੀ ਮਹ੍ਹਾਂ ਮਾਰੀ ਦੇ ਰੋਗ ਦਾ ਵੀ ਸਾਮ੍ਹਨਾ ਕਰਨਾ  ਪੈ ਰਿਹਾ ਹੈ,ਉਹ ਵੀ ਆਪਣੇ ਹੱਕਾਂ ਲਈ ਲੋਕਾਂ ਨੂੰ ਵੀ ਇਸ ਮਹਾਮਾਰੀ ਬਾਰੇ ਸੁਚੇਤ ਵੀ ਕਰਦੀ ਜਾਪਦੀ ਹੈ।
 ਜੁਗਨੀ ਫਿਰਦੀ ਮਾਸਕ ਲਾਈ,
ਜਾਂਦੀ ਦੂਰੋਂ ਫਤਿਹ ਗਜਾਈ,
ਕਹਿੰਦੀ ਦੂਰੀ ਰਹਿਓ ਬਣਾਈ,
ਹਰ ਥਾਂ ਰੱਖੋ ਸਾਫ ਸਫਾਈ,
ਕਹਿੰਦੀ ਜੱਟ ਬੀਜ ਕੇ ਝੋਨਾ,
ਮਿੱਟੀ ਫੋਲ ਕੇ ਕੱਢਣ ਸੋਨਾ,
ਉੱਤੋਂ ਕਰਦਾ ਕਹਿਰ ਕਰੋਨਾ,
ਕਹਿੰਦੀ ਉਹੀ ਹੈ ਜੋ ਕੁਝ ਹੋਣਾ,
 ਹੱਕਾਂ ਲਈ ਜੂਝਦੀ ਰਹਿੰਦੀ ਏ ,ਤੇ ਨਾਮ ਗੁਰਾਂ ਦਾ ਲੈਂਦੀ ਏ,ਪਈ ਨਾਮ ਸਾਈਂ ਦਾ ਲੈਂਦੀ ਏ ,ਤੇ ਨਾਮ ਅੱਲਾ ਦਾ ਲੈਂਦੀ ਏ..
 ਵੀਰ ਮੇਰਿਆ ਜੁਗਨੀ ਕਹਿੰਦੀ ਏ, ਤੇ ਨਾਮ ਗੁਰਾਂ ਦਾ ਲੈਂਦੀ ਏ, ਪਈ ਨਾਮ ਰੱਬ ਦਾ ਲੈਂਦੀ ਏ, ਤੇ ਨਾਮ ਸਾਈਂ ਦਾ ਲੈਂਦੀ ਏ ,ਜਦ ਪਿੰਡੀਂ ਸ਼ਹਿਰੀਂ ਜਾਂਦੀ ਏ,ਪਈ ਸਭ ਦੀ ਖੈਰ ਮਨਾਂਦੀ ਏ ਤੇ ਕੇਂਦਰ ਨੂੰ ਸਮਝਾਂਦੀ ਏ।
ਰੱਬ ਕਰੇ ਜੁਗਨੀ ਦੀ ਸੁਣੀ ਜਾਏ ਤੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਇਹ ਹੱਠੀ ਵਤੀਰਾ  ਬਦਲੇ  ਅਤੇ ਉਹ ਕਿਸਾਨ  ਜਿਸ ਨੂੰ ਹਰ ਕੋਈ ਬੜੇ ਮਾਣ ਨਾਲ ਦੇਸ਼ ਦਾ ਅੰਨ ਦਾਤਾ ਕਹਿੰਦਾ ਹੈ ।ਕਾਸ਼ ਕਿਤੇ  ਕਿਸਾਨੀ ਦੇ ਵਿਕਾਸ ਦੇ ਨਾਂ ਤੇ ਕਿਸਾਨ ਮਾਰੂ  ਬਣਾਏ ਕਾਲੇ ਤੇ ਕੋਝੇ ਕਾਨੂੰਨ ਨੂੰ ਰੱਦ ਕਰਕੇ ਕੇ  ਕਿਸਾਨੀ ਦੇ ਦੁੱਖ ਦਰਦ ਨੂੰ ਸਮਝਦੇ ਹੋਏ  ਸਾਰੇ ਗੁੱਸੇ ਗਿਲੇ ਮਿਟਾ ਕੇ ਇਨ੍ਹਾਂ ਨੂੰ ਆਪਣੇ ਗਲ਼ ਲਾ ਕੇ ਇਸ ਲੰਮੇ ਸਮੇਂ ਚਲ ਰਹੇ  ਕਿਸਾਨੀ ਅੰਦੋਲਣ ਦੀ ਸਮਾਪਤੀ ਕਰੇ।
ਅਤੇ ਫਿਰ ਜੁਗਨੀ ਵੀ ਖੁਸ਼ੀ ਹੋਕੇ ਨਿੱਤ ਨਵੇਂ ਨਵੇਂ ਅੰਦਾਜ਼ ਲੈਕੇ ਲੋਕਾਂ ਸਾਮ੍ਹਨੇ ਆਵੇ ਤੇ ਹਰ ਕੋਈ ਇਸ ਦੇ  ਨਵੇਂ ਤੋਂ ਨਵੇਂ ਰੰਗ ਰੂਪਾਂ ਦਾ ਅਨੰਦ ਮਾਣੇ।