ਪ੍ਰਯਾਵਰਣ ਦੇ ਸ੍ਰੋਤ ਰੁੱਖ : ਤੂਤ - ਰਵੇਲ ਸਿੰਘ ਇਟਲੀ
ਪੰਜਾਬ ਪੰਜਾਂ ਪਾਣੀਆਂ ਦੀ ਧਰਤੀ, ਇਹ ਦੇਸ਼ ਦੀ ਵੰਡ ਕਰਕੇ ਭਾਂਵੇਂ ਦੋ ਹਿੱਸਿਆਂ ਵਿੱਚ ਵੰਡੀ ਤਾਂ ਗਈ ਪਰ, ਸ਼ੁਕਰ ਹੈ ਏਨਾ ਕੁਝ ਹੋਣ ਤੇ ਵੀ ਵੰਡੇ ਗਏ ਦੋਹਵਾਂ ਹਿੱਸਿਆਂ ਵਿੱਚ ਅਜੇ ਇਹ ਧਰਤੀ ਆਪਣਾ ਪੁਰਾਣਾ ਨਾਮ ਸੰਭਾਲੀ ਬੈਠੀ ਹੈ।
ਪੰਜਾਬ ਪੈਗੰਬਰਾਂ, ਰਿਸ਼ੀਆਂ, ਮੁਨੀਆਂ, ਗੁਰੂਆਂ ,ਪੀਰਾਂ, ਫਕੀਰਾਂ, ਦੀ ਸਾਂਝੀ ਮਾਂਝੀ ਧਰਤੀ ਤਾਂ ਹੈ ਈ, ਪਰ ਪ੍ਰਯਾਵਰਣ ਅਤੇ ਸਭਿਆਚਾਰ ਪੱਖੋਂ ਵੀ ਬਹੁਤ ਕੁਝ ਆਪਸ ਵਿੱਚ ਮਿਲਦਾ ਜੁਲਦਾ ਹੈ। ਤੇ ਇਸੇ ਤਰਾਂ ਇਸ ਧਰਤੀ ਦੇ ਰੁੱਖ ਵੀ ਜਿਵੇਂ ਆਪਸ ਵਿਚ ਆਪਣੀਆਂ ਸਾਂਝਾਂ ਦੀ ਕੜਿੰਗੜੀ ਪਈ ਬੈਠੇ ਹਨ। ਸਮੇਂ ਨੇਂ ਭਾਂਵੇ ਅਨੇਕਾਂ ਰੰਗ ਇਸ ਬਹਾਦਰਾ ਯੋਧਿਆਂ ਦੀ ਧਰਤੀ ਨੂੰ ਵਿਖਾਏ ਹਨ, ਪਰ ਇਸ ਬਹੁਰੰਗੀ ਧਰਤੀ ਦੇ ਰੁੱਖਾਂ ਨੇ ਆਪਣੀ ਸਾਖ ਅਤੇ ਚੱਸ ਅਜੇ ਵੀ ਨਹੀਂ ਛੱਡੀ।
ਅਜੇ ਵੀ ਬਹੁਤ ਸਾਰੇ ਪੁਰਾਣੇ ਰੁੱਖ ਦੋਹਾਂ ਪਾਸਿਆਂ ਦੀ ਜ਼ੀਨਤ ਬਣੇ ਹੋਏ ਹਨ ।ਜਿਨ੍ਹਾਂ ਦੇ ਕੁਦਰਤੀ ਗੁਣਾਂ ਅਤੇ ਸਿਫਤਾਂ ਸਮੇਂ ਸਮੇਂ ਸਿਰ ਵਿਸਥਾਰ ਕਰਦੇ ਰਹਿਣਾ ਆਪੋ ਆਪਣੀ ਜਾਣਕਾਰੀ ਅਨੁਸਾਰ ਕਰਦੇ ਰਹਿਣਾ ਹਰ ਲੇਖਕ ਦਾ ਬਣਦਾ ਹੈ।
ਹੁਣ ਕੁਦਰਤ ਨਾਲ ਛੇੜ ਛਾੜ ਕਰਨ ਦਾ ਦੂਸਰਾ ਪਾਸਾ ਕਰੋਨਾ ਨਾਂ ਦੀ ਮਹਾਮਾਰੀ, ਕੁਦਰਤ ਨੇ ਖੌਰੇ ਅਜੋਕੇ ਮਨੁੱਖ ਨੂੰ ਇਸੇ ਕਰਕੇ ਹੀ ਵਿਖਾਇਆ ਹੈ।ਪਰ ਪਤਾ ਨਹੀਂ ਮਨੁੱਖ ਨੂੰ ਕਦੋਂ ਇਸ ਨੂੰ ਸਮਝ ਆਇਗੀ।
ਆਓ ਅੱਜ ਪੰਜਾਬ ਦੀ ਧਰਤੀ ਦੇ ‘ਤੂਤ’ ਦੇ ਰੁੱਖ ਬਾਰੇ ਜੋ ਇਕ ਸੰਘਣੀ ਛਾਂ ਦੇਣ ਵਾਲਾ ਪੱਤਝੜੀ ਰੁੱਖ ਹੋਣ ਦੇ ਨਾਲ ਨਾਲ ਬਹੁਗੁਣੀ ਅਤੇ ਫਲ਼ਦਾਰ ਰੁੱਖ ਵੀ ਹੈ। ਜਿਸ ਦਾ ਵਰਨਣ ਪੰਜਾਬ ਦੇ ਸਭਿਆਚਾਰਕ ਗੀਤਾਂ ਕਹਾਣੀਆਂ ਵਿੱਚ ਵੀ ਥਾਂ ਥਾਂ ਆਉਂਦਾ ਹੈ।
ਕੋਈ ਵੇਲਾ ਸੀ ਜਦੋਂ ਦੋ ਜੋਬਣ- ਮੱਤੇ ਦਿਲਾਂ ਦੀ ਹਵਾੜ ਤੇ ਗਿਲੇ ਸ਼ਿਕਵੇ ਕਰਨ ਬਾਰੇ ਕਿਸੇ ਗੀਤਕਾਰ ਦਾ ਲਿਖਿਆ ਇਹ ਗੀਤ ਵੀ ਕਦੇ ਸੁਣਦੇ ਹੁੰਦੇ ਸਾਂ:-
ਆ ਜਮਾਲੋ ਬੈਠ ਤੂਤਾਂ ਵਾਲੇ ਖੂਹ ਤੇ,
ਗੱਲਾਂ ਹੋਣ ਦਿਲਾਂ ਦੀਆਂ ਇੱਕ ਦੂਸਰੇ ਦੇ ਮੂੰਹ ਤੇ।
ਅਤੇ ਮਸ਼ਹੂਰ ਗਾਇਕ ਕਲਾਕਾਰ ਮਲਕੀਅਤ ਸਿੰਘ ਦਾ ਚੁਲਬੁਲਾ ਜਿਹਾ ਗਾਇਆ ਗੀਤ ‘ਤੂਤਕ ਤੂਤਕ ਤੂਤੀਆਂ’------------
ਤਾਂ ਲਗ ਪਗ ਅਸੀਂ ਸਾਰਿਆਂ ਨੇ ਸੁਣਿਆ ਹੋਣਾ।ਉਸ ਨੂੰ ਕਿਸੇ ਇੰਟਰ ਵੀਊ ਵੇਲੇ ਇਨ੍ਹਾਂ “ਤੂਤਕ ਤੂਤੀਆਂ” ਦੇ ਅਰਥ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਹਸਦੇ ਹੋਇ ਕਿਹਾ ਸੀ ਕੀ ਤੂਤ ਦੇ ਫਲਾਂ ਨੂੰ ਕਈ ਤੂਤਕਾਂ ਵੀ ਕਹਿੰਦੇ ਹਨ ਬਾਕੀ ਮੈਂ ਗੀਤ ਨੂੰ ਹੋਰ ਵਧੀਆ ਧੁਨ ਬਣਾਉਣ ਲਈ ਜੋੜ ਲਿਆ ਸੀ।
ਇਸੇ ਰੁੱਖ ਦੇ ਨਾਂ ਤੇ ਪੰਜਾਬੀ ਦੇ ਨਾਮਵਰ ਨਾਵਲਕਾਰ ਬਹੁਪੱਖੀ ਸ਼ਖਸੀਅਤ ਸਵ. ਸੋਹਣ ਸਿੰਘ ਸੀਤਲ ਦਾ ਨਾਵਲ’ ਤੂਤਾਂ ਵਾਲਾ ਖੂਹ’ ਜਿਸ ਨੂੰ ਸਕੂਲਾਂ ਵਿੱਚ ਦਸਵੀਂ ਕਲਾਸ ਦੇ ਸਲੇਬਸ ਵਿੱਚ ਲੱਗਣ ਦਾ ਮਾਣ ਪ੍ਰਾਪਤ ਹੈ। ਜਿਸ ਨੂੰ ਪੜ੍ਹਨੋਂ ਸ਼ਾਇਦ ਹੀ ਕੋਈ ਪਾਠਕ ਹੀ ਰਹਿ ਗਿਆ ਹੋਵੇ, ਜਿਸ ਨੇ ਨਹੀਂ ਪੜ੍ਹਿਆ ਜ਼ਰੂਰ ਕਿਤੋਂ ਦੇਖ ਭਾਲ ਕਰਕੇ ਆਪਣਾ ਕੀਮਤੀ ਸਮਾ ਕੱਢ ਕੇ ਪੜ੍ਹਨ ਦਾ ਯਤਨ ਕਰੇ।
ਇਸ ਦੇ ਇਲਾਵਾ ਤੂਤ ਦੇ ਪੱਤੇ ਰੇਸ਼ਮ ਦੇ ਕੀੜੇ ਦੀ ਮਨ ਭਾਉਂਦੀ ਖੁਰਾਕ ਹੋਣ ਕਰਕੇ ਰੇਸ਼ਮ ਦੇ ਕੀੜੇ ਪਾਲਣ ਲਈ ਇਹ ਰੁੱਖ ਉਚੇਚੇ ਤੌਰ ਤੇ ਲਾਏ ਜਾਂਦੇ ਹਨ। ਪੱਤ ਝੜ ਦੀ ਰੁੱਤੇ ਜਦੋਂ ਇਸ ਰੁੱਖ ਦੇ ਪੱਤੇ ਝੜ ਜਾਂਦੇ ਹਨ ਤਾਂ ਇਸ ਦੀਆਂ ਪੱਕੀਆਂ ਡਾਲੀਆਂ ਜਿਨ੍ਹਾਂ ਨੂੰ ਛਮਕਾਂ ਕਹਿੰਦੇ ਹਨ ,ਉਨ੍ਹਾਂ ਦੀਆਂ ਆਮ ਵਰਤੋਂ ਲਈ ਟੋਕਰੀਆਂ ਤੇ ਟੋਕਰੇ ਬਣਾਏ ਜਾਂਦੇ ਹਨ।
ਤੂਤ ਦੀ ਲੱਕੜ ਲਚਕਦਾਰ ਤੇ ਸੌਖੀ ਮੁੜ ਜਾਣ ਤੇ ਵੀ ਨਾ ਟੁੱਟਣ ਕਰਕੇ ਖੇਡਾਂ ਦੇ ਸਾਮਾਨ ਉਚੇਚੇ ਤੌਰ ਤੇ ਹਾਕੀਆਂ ਬਣਾਉਣ ਦੇ ਕੰਮ ਵੀ ਆਉਂਦੀ ਹੈ। ਪੰਜਾਬ ਦੇ ਵੱਡੇ ਸਨਅਤੀ ਸ਼ਹਿਰ ਜਲੰਧਰ ਵਿੱਚ ਇਸ ਕੰਮ ਲਈ ਥਾਂ ਥਾਂ ਆਬਾਦੀਆਂ ਜਿਵੇਂ ਬਸਤੀ ਦਾਨਸ਼ ਮੰਦਾਂ, ਬਸਤੀ ਗੁਜ਼ਾਂ ਵਿੱਚ ਇਸ ਦੇ ਛੋਟੇ ਵੱਡੇ ਕਾਰਖਾਨੇ ਅਤੇ ਘਰ ਘਰ ਵੀ ਆਮ ਵੇਖੇ ਜਾ ਸਕਦੇ ਨੇ।
ਤੂਤ ਦੀਆਂ ਦੋ ਕਿਸਮਾਂ ਤੂਤ ਤੇ ਸ਼ਹਿਤੂਤ ਆਮ ਕਰਕੇ ਹੁੰਦੀਆਂ ਹਨ। ਇਨ੍ਹਾਂ ਨੂੰ ਵੱਖ ਵੱਖ ਰੰਗਾਂ ਦੇ ਗੂੜ੍ਹੇ ਜਾਮਣੀ, ਜਾਂ ਚਿੱਟੇ ਰੰਗ ਦੇ ਫਲ਼ ਲਗਦੇ ਹਨ। ਤੂਤ ਦੇ ਗੋਲ ਗੋਲ ਨਿੱਕੇ ਫਲ਼ਾਂ ਨੂੰ ਤੂਤ ਜਾਂ ਗੁਲ੍ਹਾਂ ਕਹਿੰਦੇ ਹਨ। ਜੋ ਖਟ- ਮਿਠੇ ਸੁਆਦ ਵਾਲਾ ਦਾ ਗਰਮੀਆਂ ਦਾ ਫਲ਼ ਹੈ।ਜਿਸ ਦੀ ਤਾਸੀਰ ਗਰਮ ਹੁੰਦੀ ਹੈ। ਇਸੇ ਤਰ੍ਹਾਂ ਸ਼ਹਿਤੂਤ ਦੋ ਦੋਹਾਂ ਰੰਗਾਂ ਦੇ ਉੰਗਲ ਉੰਗਲ ਜਿੱਡੇ ਲੰਮੇ ਸੁਆਦੀ ਮਿੱਠੇ ਫਲ ਹੁੰਦੇ ਹਨ।
ਤੂਤ ਦੇ ਫ਼ਲਾਂ ਦੇ ਰੱਸ ਦਾ ਸ਼ਰਬਤ ਵੀ ਤਿਆਰ ਕੀਤਾ ਜਾਂਦਾ ਹੈ ਜੋ ਵੈਦ ਹਕੀਮ ਗਲੇ ਦੀ ਬੀਮਾਰੀ ਜਿਸ ਨੂੰ ਖੁਨਾਕ ਕਿਹਿੰਦੇ ਹਨ, ਲਈ ਬੜਾ ਲਾਭ ਦਾਇਕ ਹੁੰਦਾ ਹੈ। ਗਰਮੀਆਂ ਦੀ ਰੁੱਤ ਵਿੱਚ ਇਸ ਦੀਆਂ ਸੰਘਣੀਆਂ ਧਰਤੀ ਨੂੰ ਛੋਹੰਦੀਆਂ ਡਾਲੀਆਂ ਨਾਲ ਲੱਗੇ ਮੋਤੀਆਂ ਦੀ ਮਾਲਾ ਵਾਂਗ ਪ੍ਰੋਏ ਗੋਲ ਗੋਲ ਫਲ਼ ਬਹੁਤ ਹੀ ਸੁੰਦਰ ਲਗਦੇ ਹਨ।ਪੰਛੀ ਇਨ੍ਹਾਂ ਰੁੱਖਾਂ ਦੀ ਟਹਿਣੀਆਂ ਤੇ ਬੈਠੇ ਹੋਏ ਕਈ ਤਰ੍ਹਾਂ ਦੀਆਂ ਮਨਮੋਹਣੀਆਂ ਆਵਾਜ਼ਾਂ ਬੋਲਦੇ ਕਲੋਲ ਕਰਦੇ ਵੇਖੀਦੇਹਨ। ਇਧਰ ਓਧਰ ਨੱਚਦੇ ਟੱਪਦੇ ਗਾਲ੍ਹੜ ਇਨ੍ਹਾਂ ਨੂੰ ਖਾਂਦੇ ਹਨ ਤਾਂ ਬੜੇ ਚੰਗੇ ਲੱਗਦੇ ਇਵੇਂ ਲਗਦੇਂ ਹੈ ਜਿਵ ਇਨ੍ਹਾਂ ਨੂੰ ਕੁਦਰਤ ਦੀ ਕੋਈ ਵੱਡੀ ਸੌਗਾਤ ਮਿਲ ਗਈ ਹੋਵੇ।
ਪਰ ਬੰਦਾ ਤਾਂ ਕੁਦਰਤ ਤੋਂ ਏਨਾ ਕੁਝ ਲੈ ਕੇ ਵੀ ਸੰਤੁਸ਼ਟ ਨਹੀਂ ਹੁੰਦਾ ਤੇ ਬਜਾਏ ਕੁਦਰਤ ਦਾ ਸ਼ੁਕਰ ਗੁਜ਼ਾਰ ਹੋਣ ਇਸ ਨਾਲ ਕਈ ਤਰਾਂ ਨਾਲ ਛੇੜ ਛਾੜ ਅਤੇ ਧੱਕਾ ਕਰਕੇ ਉਸ ਦੀ ਹੋਂਦ ਮਿਟਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।ਤੇ ਖੌਰੇ ਕੁਦਰਤ ਨਾਲ ਇਸੇ ਵਧੀਕੀ ਕਰਨ ਕਰਕੇ ਹੀ ਹੁਣ ਕਰੋਨਾ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਦੇ ਡਰੋਂ ਮੂੰਹਾਂ ਤੇ ਮਾਸਕ ਲਗਾ ਕੇ ਜਿਵੇਂ ਸ਼ਰਮਸਾਰ ਜਿਹਾ ਹੋ ਰਿਹਾ ਜਾਪਦਾ ਹੈ।
ਮੈਂ ਕੇਨੇਡਾ ਦੀ ਫੇਰੀ ਵੇਲੇ ਇਹ ਰੁੱਖ ਵੇਖਿਆ ਸੀ ਕਿਤੇ ਗੋਰੇ ਲੋਕਾਂ ਦੀ ਆਬਾਦੀ ਵਿੱਚ, ਜਿਸ ਨੂੰ ਉਸ ਦੀ ਡਾਲੀਆਂ ਕੱਟਣ ਦੀ ਬਜਾਏ ਉਨ੍ਹਾਂ ਨੂੰ ਹੇਠਾਂ ਵੱਲ ਨੂੰ ਝੁਕਾ ਜੇ ਇਸ ਰੁੱਖ ਦੀ ਸ਼ਕਲ ਇਵੇਂ ਬਣਾਈ ਹੋਈ ਸੀ ਜਿਵੇ ਕੋਈ ਜੜਾਂਵਾਂ ਵਾਲਾ ਸਾਧੂ ਆਪਣੀਆਂ ਜੜਾਵਾਂ ਖਿਲਾਰੀ ਚੌਕੜਾ ਮਾਰ ਸਮਾਧੀ ਲਾਈ ਧਰਤੀ ਤੇ ਬੈਠਾ ਹੋਵੇ।
ਮੈਂ ਜਿੱਥੇ ਰਹਿ ਰਿਹਾ ਹਾਂ ਵੇਖ ਕੇ ਹੈਰਾਨ ਹੁੰਦਾ ਅਤੇ ਇਨ੍ਹਾਂ ਲੋਕਾਂ ਦੀ ਪ੍ਰਯਾਵਰਨ ਨੂੰ ਸੰਭਾਲ ਵੇਖ ਕੇ ਇੱਥੇ ਕਾਫੀ ਲੰਮੇ ਚੌੜੇ ਜੰਗਲ ਨੁਮਾ ਇਨ੍ਹਾਂ ਸੈਰ ਗਾਹਾਂ ਤੇ ਰਸਤੇ ਬੜੀ ਵਿਉਂਤ ਨਾਲ ਬਣਾਏ ਹੋਏ ਹਨ।ਜਿਨ੍ਹਾਂ ਵਿੱਚ ਨਿਰੇ ਜੰਗਲੀ ਰੁੱਖ ਹੀ ਨਹੀਂ ਸਗੋਂ ਕਈ ਅਲੂਚਿਆਂ ਦੇ ਤੇ ਕਈ ਹੋਰ ਕਿਸਮਾਂ ਦੇ ਫਲਦਾਰ ਰੁੱਖ ਵੀ ਲਾਏ ਹੋਏ ਹਨ।ਜਿਨਾਂ ਦੀ ਸਾਫ ਸਫਾਈ ਵੀ ਸਮੇਂ ਸਿਰ ਹੁੰਦੀ ਰਹਿੰਦੀ ਹੈ। ਅਤੇ ਕਿਸੇ ਨੂੰ ਇਹ ਫਲ਼ ਖਾਣ ਦੀ ਕੋਈ ਮਨਾਹੀ ਨਹੀਂ।
ਮੈਂ ਸੈਰ ਵੇਲੇ ਬੜੀ ਨੀਝ ਨਾਲ ਇੱਥੇ ਲੱਗੇ ਰੁਖਾਂ ਵਿੱਚ ਇਸ ਪਿਆਰੇ ਜਿਹੇ ਰੁੱਖਾਂ ਵਿਚੋਂ ਵੀ ਤੂਤ ਦੀ ਦੀ ਭਾਲ ਕਰਦਾ ਰਹਿਦਾਂ ਹਾਂ । ਇਸੇ ਤਰ੍ਹਾਂ ਵੇਖਦੇ ਹੋਏ ਇੱਕ ਦਿਨ ਏਥੇਵੀ ਇਸ ਰੁੱਖ ਦੇ ਕੁੱਝ ਛੋਟੇ ਛੋਟੇ ਰੁੱਖ ਵੇਖ ਕੇ ਮੈਨੂੰ ਆਪਣੇ ਪਿਆਰੇ ਪੰਜਾਬ ਦੀ ਯਾਦ ਆਏ ਬਿਣਾਂ ਨਹੀਂ ਰਹਿ ਸਕੀ ਤੇ ਨਾਲਹੀ ਇਨ੍ਹਾਂ ਰੁੱਖਾਂ ਦੇ ਫਲਾਂ ਨਾਲ ਭਰੀਆਂ ਡਾਲੀਆ ਦਾ ਨਜ਼ਾਰਾ ਤਾਂ ਇਕ ਵਾਰ ਤਾਂ ਮੇਰੀਆਂ ਯਾਦਾਂ ਦੀਆਂ ਕੋਮਲ ਪਲਕਾਂ ਅੱਗਿਉਂ ਲੰਘ ਤੁਰਿਆ।ਇਸ ਸੈਗਾਹ ਵਿੱਚ ਬਹੁਤ ਸਾਰੇ ਝਾੜੀਆਂ ਨਾਲ ਤੂਤ ਦੀਆਂ ਗੁਲ੍ਹਾਂ ਵਰਗੇ ਫਲ ਲਗੇ ਹੋਏ ਤੋੜ ਕੇ ਇਨ੍ਹਾਂ ਦਾ ਸੁਆਦ ਚਖਿਆ।ਪਰ ਤੂਤ ਦੇ ਰੁਖਾਂ ਨਾਲ ਇਨ੍ਹਾਂ ਕੰਡਿਆਲੀਆਂ ਝਾੜੀਆਂ ਦਾ ਮੁਕਾਬਲਾ ਕਰਨਾ ਕਿੱਥੇ’ ਰਾਮ ਰਾਮ ,ਕਿੱਥੇ ਟੈਂ, ਟੈਂ’ ਵਾਲੀ ਗੱਲ ਹੀ ਹੋਵੇ ਗੀ।
ਮੈ ਪੰਜਾਬ ਤੋਂ ਵਾਪਸੀ ਵੇਲੇ ਤੂਤ ਵਰਗੇ ਅਤੇ ਕੁਝ ਹੋਰ ਰੁੱਖ ਆਪਣੇ ਖੇਤ ਦੇ ਇਕ ਪਾਸੇ ਹੱਥੀਂ ਲਾ ਕੇ ਆਇਆ ਸਾਂ ਜਿਨ੍ਹਾਂ ਬਾਰੇ ਉਨ੍ਹਾਂ ਦਾ ਹਾਲ ਚਾਲ ਮੈਂ ਉਥੇ ਰਹਿੰਦੇ ਆਪਣੇ ਭਤੀਜੇ ਨੂੰ ਗਾਹੇ ਬਗਾਹੇ ਪੁੱਛਦਾ ਵੀ ਰਹਿੰਦਾ ਹਾਂ।ਤੂਤ ਦੇ ਵੱਡੇ ਵੱਡੇ ਰੁੱਖ ਤਾਂ ਸਾਡੇ ਖੇਤਾਂ ਦੀ ਇੱਕ ਵੱਟ ਤੇ ਬਾਪੂ ਦੇ ਆਪਣੇ ਹੱਥੀਂ ਲਾਏ ਰੁੱਖ ਅਜੇ ਵੀ ਹਨ।ਜਿਨ੍ਹਾਂ ਨੂੰ ਬਾਪੂ ਦੀ ਪਰਾਣੀ ਯਾਦ ਵਜੋਂ ਅਸਾਂ ਅਜੇ ਵੀ ਸੰਭਾਲਿਆ ਹੋਇਆ ਹੈ।
ਰੱਬ ਕਰੇ ਕੋਵਿਡ-19 ਨਾਂ ਦੀ ਇਸ ਮਹਾਂਮਾਰੀ ਤੋਂ ਸੰਸਾਰ ਦਾ ਖਹਿੜਾ ਸਦਾ ਵਾਸਤੇ ਛੇਤੀ ਤੋਂ ਤੇ ਮੈਂ ਮੁੜ ਆਪਣੇ ਪਿਆਰੇ ਪੰਜਾਬ ਵਿੱਚ ਪੁੱਜ ਕੇ ਉਨ੍ਹਾਂ ਨੂੰ ਜੀਅ ਭਰਕੇ ਵੇਖ ਸਕਾਂ।