ਸਭ ਕਾਰਵਾਈਆਂ ਕਾਨੂੰਨ ਅਨੁਸਾਰ - ਸਵਰਾਜਬੀਰ

"ਕੌਮੀ ਜਾਂਚ ਏਜੰਸੀ ਨੇ ਫਾਦਰ ਸਟੈਨ ਸਵਾਮੀ ਨੂੰ ਕਾਨੂੰਨ ਦੁਆਰਾ ਨਿਰਧਾਰਤ ਕੀਤੀ ਗਈ ਸਹੀ ਪ੍ਰਕਿਰਿਆ ਅਨੁਸਾਰ ਗ੍ਰਿਫ਼ਤਾਰ ਕੀਤਾ ਅਤੇ ਹਿਰਾਸਤ ਵਿਚ ਲਿਆ ਸੀ। ਉਸ ਵਿਰੁੱਧ ਲਾਏ ਗਏ ਦੋਸ਼ਾਂ ਦੀ ਵਿਸ਼ੇਸ਼ ਤਾਸੀਰ/ਖ਼ਾਸੇ ਦੇ ਕਾਰਨ, ਅਦਾਲਤਾਂ ਨੇ ਉਸ ਦੀਆਂ ਜ਼ਮਾਨਤ ਲਈ ਦਿੱਤੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ। ਭਾਰਤ ਵਿਚ ਅਧਿਕਾਰੀ ਕਾਨੂੰਨ ਦੀਆਂ ਉਲੰਘਣਾਵਾਂ ਲਈ ਕਾਰਵਾਈਆਂ ਕਰਦੇ ਹਨ ਨਾ ਕਿ ਅਧਿਕਾਰਾਂ ਨੂੰ ਵਾਜਬ ਤੌਰ ’ਤੇ ਵਰਤਣ ਦੇ ਵਿਰੁੱਧ। ਅਜਿਹੀਆਂ ਸਭ ਕਾਰਵਾਈਆਂ ਕਾਨੂੰਨ ਅਨੁਸਾਰ (ਕੀਤੀਆਂ ਗਈਆਂ) ਹਨ।’’
       ਇਹ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਦੇ 6 ਜੁਲਾਈ 2021 ਨੂੰ ਦਿੱਤੇ ਅਧਿਕਾਰਤ ਬਿਆਨ/ਟਿੱਪਣੀ ਦਾ ਦੂਸਰਾ ਪੈਰਾ ਹੈ। ਇਹ ਟਿੱਪਣੀ ਉਦੋਂ ਕੀਤੀ ਗਈ ਜਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਦੇ ਮੁਖੀ ਮਿਸ਼ੈਲ ਬੈਚਲਟ (Michelle Bachelet) ਨੇ ਨਜ਼ਰਬੰਦੀ ਦੌਰਾਨ ਸਟੈਨ ਸਵਾਮੀ ਦੀ ਮੌਤ ਬਾਰੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੂੰ ਦਹਿਸ਼ਤਗਰਦੀ/ਅਤਿਵਾਦ ਦੇ ‘ਝੂਠੇ’ ਦੋਸ਼ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਕਮਿਸ਼ਨ ਦੀ ਇਕ ਹੋਰ ਅਧਿਕਾਰੀ ਲਿਜ਼ ਥਰੋਸੈਲ ਨੇ ਕਮਿਸ਼ਨ ਦੇ ਵਿਚਾਰ ਇਸ ਤਰ੍ਹਾਂ ਦੱਸੇ ਹਨ, ‘‘ਪਿਛਲੇ ਤਿੰਨ ਸਾਲਾਂ ਦੌਰਾਨ ਹਾਈ ਕਮਿਸ਼ਨਰ ਮਿਸ਼ੈਲ ਬੈਚਲਟ ਅਤੇ ਸੰਯੁਕਤ ਰਾਸ਼ਟਰ ਦੇ ਨਿਰਪੱਖ ਮਾਹਿਰਾਂ ਨੇ ਫਾਦਰ ਸਟੈਨ ਸਵਾਮੀ ਅਤੇ ਇਸੇ ਕੇਸ ਨਾਲ ਜੁੜੇ ਹੋਏ 15 ਹੋਰ ਮੁਲਜ਼ਮਾਂ ਦੇ ਕੇਸਾਂ ਬਾਰੇ ਭਾਰਤ ਸਰਕਾਰ ਨਾਲ ਕਈ ਵਾਰ ਚਰਚਾ ਕਰਕੇ ਇਹ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਮੁਕੱਦਮੇ ਤੋਂ ਪਹਿਲਾਂ (pre-trial) ਹਿਰਾਸਤ ਵਿਚ ਨਾ ਰੱਖਿਆ ਜਾਵੇ।’’
       ਸੰਯੁਕਤ ਰਾਸ਼ਟਰ ਦਾ ਮਨੁੱਖੀ ਅਧਿਕਾਰ ਕਮਿਸ਼ਨ ਸ਼ਾਇਦ ਨਹੀਂ ਜਾਣਦਾ ਕਿ ਭਾਰਤ ਵਿਚ ਇਕ ਮਜ਼ਬੂਤ ਸਰਕਾਰ ਹੈ, ਭਾਰਤ ਇਕ ਆਜ਼ਾਦ ਦੇਸ਼ ਹੈ ਅਤੇ ਆਜ਼ਾਦ ਤੇ ਮਜ਼ਬੂਤ ਦੇਸ਼ ਆਪਣੇ ਅੰਦਰੂਨੀ ਮਾਮਲਿਆਂ ਵਿਚ ਬਾਹਰਲਿਆਂ ਦਾ ਦਖ਼ਲ ਪਸੰਦ ਨਹੀਂ ਕਰਦੇ। ਇਸੇ ਕਾਰਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਫਿਰ ਇਹ ਦੱਸਿਆ ਗਿਆ ਹੈ ਕਿ ‘‘ਸਭ ਕਾਰਵਾਈਆਂ ਕਾਨੂੰਨ ਅਨੁਸਾਰ ਕੀਤੀਆਂ ਗਈਆਂ ਹਨ।’’
      ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨ ਬੀ. ਲੋਕੁਰ ਨੇ ਸਵਾਮੀ ਦੇ ਦੇਹਾਂਤ ’ਤੇ ਲਿਖੇ ‘‘ਉਸ ਨੂੰ ਸੂਖ਼ਮਤਾ ਨਾਲ ਉਸ ਦੇ ਗੀਤ ਰਾਹੀਂ ਮਾਰਦਿਆਂ ਹੋਇਆਂ : ਫਾਦਰ ਸਟੈਨ ਸਵਾਮੀ ਦੀ ਮੌਤ ਬਾਰੇ ਸੋਗ-ਗੀਤ’’ ਨਾਂ ਦੇ ਲੇਖ ਵਿਚ ਜੇਲ੍ਹ ਪ੍ਰਸ਼ਾਸਨ ਨਾਲ ਸਬੰਧਿਤ ਕਈ ਮੁੱਦੇ ਅਤੇ ਕਾਨੂੰਨੀ ਨੁਕਤੇ ਉਠਾਏ ਹਨ। ਸਵਾਮੀ ਪਾਰਕਿਨਸੋਨਿਜ਼ਮ ਦੇ ਮਾਰੂ ਰੋਗ ਤੋਂ ਪ੍ਰਭਾਵਿਤ ਸੀ, ਉਸ ਦਾ ਤੰਤੂ-ਪ੍ਰਬੰਧ (Nervous System) ਕਮਜ਼ੋਰ ਹੋ ਚੁੱਕਾ ਸੀ, ਉਸ ਦੇ ਹੱਥ ਕੰਬਦੇ ਸਨ, ਹੱਥ ਵਿਚ ਫੜੇ ਪਾਣੀ ਦੇ ਗਲਾਸ ’ਚੋਂ ਪਾਣੀ ਡੁੱਲ੍ਹ ਡੁੱਲ੍ਹ ਜਾਂਦਾ ਸੀ, ਉਸ ਨੂੰ 8 ਅਕਤੂਬਰ 2020 ਨੂੰ ਗ੍ਰਿਫ਼ਤਾਰ ਕਰਕੇ ਮਹਾਰਾਸ਼ਟਰ ਦੀ ਤਲੋਜਾ ਜੇਲ੍ਹ ਵਿਚ ਨਜ਼ਰਬੰਦ ਕੀਤਾ ਗਿਆ। ਉਸ ਨੇ ਅੰਤਰਿਮ ਜ਼ਮਾਨਤ ਲਈ ਅਰਜ਼ੀ ਦਿੱਤੀ ਜਿਹੜੀ ਅਦਾਲਤ ਨੇ 22 ਅਕਤੂਬਰ 2020 ਨੂੰ ਨਾਮਨਜ਼ੂਰ ਕਰ ਦਿੱਤੀ। ਉਸ ਨੇ ਬੇਨਤੀ ਕੀਤੀ ਕਿ ਉਸ ਨੂੰ ਪਾਣੀ ਪੀਣ ਵਾਸਤੇ ਇਕ ਖ਼ਾਸ ਤਰ੍ਹਾਂ ਦਾ ਗਲਾਸ ‘ਸਿੱਪਰ’ (ਜਿਸ ਨਾਲ ਬੱਚਿਆਂ ਨੂੰ ਪਾਣੀ ਪਿਲਾਇਆ ਜਾਂਦਾ ਹੈ) ਅਤੇ ‘ਨਲਕੀ’ (straw) ਦਿੱਤੀ ਜਾਵੇ। ਤਫ਼ਤੀਸ਼ ਕਰਨ ਵਾਲੀ ਏਜੰਸੀ ਨੇ ਅਦਾਲਤ ਤੋਂ ਇਸ ਬੇਨਤੀ ਬਾਰੇ ਜਵਾਬ ਦੇਣ ਲਈ ਸਮਾਂ ਮੰਗਿਆ। ਜਸਟਿਸ ਲੋਕੁਰ ਲਿਖਦਾ ਹੈ, ‘‘ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਵਿਦਵਾਨ ਜੱਜ ਨੇ ਸਜ਼ਾ ਦਿਵਾਉਣ ਲਈ ਪੈਰਵੀ ਕਰਨ ਵਾਲਿਆਂ (Prosecution) ਨੂੰ ਜਵਾਬ ਦੇਣ ਲਈ 20 ਦਿਨ ਦਿੱਤੇ! ... ਅਖ਼ੀਰ ਵਿਚ ਇਨ੍ਹਾਂ ਤਾਕਤਾਂ ਨੇ ਸਵਾਮੀ ਨੂੰ ਇਕ ਸਿੱਪਰ (Sipper) ਦੇ ਦਿੱਤਾ।’’
       ਉੱਪਰਲੀ ਇਕ ਉਦਾਹਰਨ ਹੀ ਸਪੱਸ਼ਟ ਕਰ ਸਕਦੀ ਹੈ ਕਿ ਸਾਡੇ ਦੇਸ਼ ਵਿਚ ਕਾਨੂੰਨ ਅਤੇ ਸੰਵਿਧਾਨ ਦੀ ਕਿੰਨੇ ਨਿਯਮਬੱਧ ਤਰੀਕੇ ਨਾਲ ਪਾਲਣਾ ਹੁੰਦੀ ਹੈ। ਜੇ ਕਿਸੇ 84 ਸਾਲਾ ਬਿਰਧ ਸਿਆਸੀ ਕੈਦੀ ਨੂੰ ਇਕ ਸਿੱਪਰ ਅਤੇ ਪਾਣੀ ਪੀਣ ਵਾਲੀ ਨਲਕੀ ਚਾਹੀਦੀ ਹੋਵੇ ਤਾਂ ਮਾਮਲਾ ਅਦਾਲਤ ਵਿਚ ਜਾਂਦਾ ਹੈ। ਅਦਾਲਤ ਐਵੇਂ ਕਾਹਲੀ ਨਹੀਂ ਕਰਦੀ। ਮਾਮਲੇ ਦੇ ਹਰ ਪੱਖ ’ਤੇ ਗ਼ੌਰ ਕੀਤਾ ਜਾਂਦਾ ਹੈ ਅਤੇ ਫਿਰ ਕੈਦੀ ਨੂੰ ਉਸ ਖ਼ਾਸ ਤਰ੍ਹਾਂ ਦਾ ਗਲਾਸ (sipper) ਅਤੇ ਨਲਕੀ (straw) ਦੇ ਦਿੱਤੇ ਜਾਂਦੇ ਹਨ, ਜਿਵੇਂ ਵਿਦੇਸ਼ ਵਿਭਾਗ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਹਰ ਕੰਮ ਕਾਨੂੰਨ ਅਨੁਸਾਰ ਕੀਤਾ ਜਾਂਦਾ ਹੈ।
      ਕਿਹਾ ਜਾ ਸਕਦਾ ਹੈ ਕਿ ਉੱਪਰ ਲਿਖੀ ਲਿਖ਼ਤ ਦੀ ਸੁਰ ਵਿਅੰਗਾਤਮਕ ਹੈ ਜਦੋਂਕਿ ਅਜਿਹੀ ਮੌਤ ਸਮੇਂ ਬੰਦਾ ਦੁਹੱਥੜ ਮਾਰ ਕੇ ਰੋਂਦਾ ਹੈ ਜਾਂ ਉਸ ਦੇ ਦੀਦੇ ਪਥਰਾ ਜਾਂਦੇ ਹਨ, ਉਹ ਧੁਰ ਅੰਦਰ ਤਕ ਚੁੱਪ ਹੋ ਜਾਂਦਾ ਹੈ, ਕਲਮ ਲਿਖਣ ਤੋਂ ਇਨਕਾਰ ਕਰ ਦਿੰਦੀ ਹੈ, ਹਰ ਪਾਸੇ ਸੁੰਝ ਦਿਖਾਈ ਦਿੰਦੀ ਹੈ। ਇਹ ਵੀ ਸੱਚ ਹੈ ਕਿ ਅਸੀਂ ਨੈਤਿਕ ਵੀਰਾਨਗੀ ਦੇ ਅਜਿਹੇ ਦਸ਼ਤ (ਮਾਰੂਥਲ) ਵਿਚ ਭਟਕ ਰਹੇ ਹਾਂ ਕਿ ਆਸ ਦਾ ਕੋਈ ਨਖ਼ਲਿਸਤਾਨ ਦਿਖਾਈ ਨਹੀਂ ਦਿੰਦਾ। ਸਾਡੇ ਮਨਾਂ ਵਿਚ ਦੁੱਖ ਦੇ ਨਾਲ ਨਾਲ ਕੁੜੱਤਣ ਹੈ ਅਤੇ ਵਿਦੇਸ਼ ਵਿਭਾਗ ਦੇ ਬੁਲਾਰੇ ਦੀ ਟਿੱਪਣੀ ਜ਼ਖ਼ਮਾਂ ’ਤੇ ਨਮਕ ਛਿੜਕਣ ਵਾਲਾ ਕਾਰਾ ਹੈ ਜਿਸ ਵਿਚ ਸਾਨੂੰ ਅਤੇ ਸਾਰੀ ਦੁਨੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਹਰ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾ ਰਹੀ ਹੈ।
        ਦੁੱਖ ਨਾਲ ਯਾਦ ਕਰੀਏ, ਸੋਗ ਨਾਲ ਜਾਂ ਵਿਅੰਗ ਨਾਲ, ਰੋਹ ਨਾਲ ਜਾਂ ਕੁੜੱਤਣ ਨਾਲ, ਗੱਲ ਯਾਦ ਕਰਨ ਦੀ ਹੈ। ਸਟੈਨ ਸਵਾਮੀ ਨੇ 20 ਨਵੰਬਰ 2020 ਨੂੰ ਬਾਕਾਇਦਾ/ਪੱਕੀ ਜ਼ਮਾਨਤ ਲਈ ਅਰਜ਼ੀ ਦਿੱਤੀ। ਚਾਰ ਮਹੀਨਿਆਂ ਬਾਅਦ 22 ਮਾਰਚ 2021 ਨੂੰ ਮੁਕੱਦਮਾ ਸੁਣ ਰਹੀ ਅਦਾਲਤ (Trial Court) ਦੇ ਜੱਜ ਡੀਈ ਕੋਥਾਲੀਕਰ ਨੇ ਜ਼ਮਾਨਤ ਦੀ ਅਰਜ਼ੀ ਨਾਮਨਜ਼ੂਰ ਕਰ ਦਿੱਤੀ। ਜਸਟਿਸ ਮਦਨ ਬੀ. ਲੋਕੁਰ ਸਵਾਲ ਪੁੱਛਦਾ ਹੈ ਕਿ ‘‘ਜ਼ਮਾਨਤ ਦੀ ਅਰਜ਼ੀ ਬਾਰੇ ਫ਼ੈਸਲਾ ਕਰਨ ਲਈ ਇੰਨੇ ਮਹੀਨੇ ਕਿਉਂ ਲਗਾਏ ਗਏ ?’’ ਇਸ ਸਵਾਲ ਦਾ ਜਵਾਬ ਵੀ ਅਰਿੰਦਮ ਬਾਗਚੀ ਦੀ ਟਿੱਪਣੀ ਵਿਚ ਹੀ ਨਿਹਿਤ ਹੈ ਕਿ ‘‘ਹਰ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਗਈ।’’ ਸ਼ਾਇਦ ਇਸੇ ਲਈ ਜਸਟਿਸ ਲੋਕੁਰ ਨੇ ਇਹ ਪ੍ਰਸ਼ਨ ਪੁੱਛਿਆ ਹੈ, ‘‘ਕੀ ਮੁਕੱਦਮਾ ਭੁਗਤ ਰਹੇ ਹਰ ਕੈਦੀ ਨੂੰ (ਇਸ ਤਰ੍ਹਾਂ) ਸੂਖ਼ਮਤਾ ਨਾਲ ਮਾਰਿਆ ਜਾਣਾ ਚਾਹੀਦਾ ਹੈ ?’’ ਜਸਟਿਸ ਲੋਕੁਰ ਇਸ ਨਤੀਜੇ ’ਤੇ ਪਹੁੰਚਦਾ ਹੈ, ‘‘ਮੁਕੱਦਮਾ ਚਲਾਏ ਅਤੇ ਦੋਸ਼ ਆਇਦ ਕੀਤੇ ਜਾਣ ਤੋਂ ਬਿਨਾਂ ਹੀ ਉਸ ਨੂੰ ਜ਼ਬਰਦਸਤੀ ਨਾਲ (Thrust) ਮੌਤ ਦੀ ਸਜ਼ਾ ਦਿੱਤੀ ਗਈ ਹੈ।’’ ‘ਸੂਖ਼ਮਤਾ’ ਤੋਂ ਜਸਟਿਸ ਲੋਕੁਰ ਦਾ ਭਾਵ ਇਹ ਹੈ ਕਿ ਦੇਸ਼ ਦੇ ਨਿਆਂ ਪ੍ਰਬੰਧ ਨੇ ਉਸ ਨੂੰ ਸਜ਼ਾ ਨਹੀਂ ਦਿੱਤੀ ਸਗੋਂ ਨਿਆਂ ਪ੍ਰਕਿਰਿਆ ਅਤੇ ਨਿਆਂ ਕਰਨ ਵਿਚ ਹੋ ਰਹੀ ਦੇਰੀ ਉਸ ਲਈ ਸੂਖ਼ਮ ਹਿੰਸਾ ਹੋ ਨਿੱਬੜੀ। ਇਹ ਇਸ ਦੇਸ਼ ਵਿਚ ਹਜ਼ਾਰਾਂ ਕੈਦੀਆਂ ਨਾਲ ਹੁੰਦਾ ਹੈ, ਬੇਦੋਸ਼ੇ ਜੇਲ੍ਹਾਂ ਵਿਚ ਡੱਕੇ ਰਹਿੰਦੇ ਹਨ, ਨਿਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੀ ਸਜ਼ਾ ਬਣ ਜਾਂਦੀ ਹੈ।
ਸਵਾਮੀ ਜੈਸੁਇਸਟ ਪਾਦਰੀ ਸੀ, ਉਹ ਸਾਰੀ ਉਮਰ ਸਮਾਜ ਦੇ ਦੱਬੇ-ਕੁਚਲੇ ਲੋਕਾਂ ਅਤੇ ਖ਼ਾਸ ਕਰਕੇ ਝਾਰਖੰਡ ਦੇ ਕਬਾਇਲੀ ਲੋਕਾਂ ਦੇ ਹੱਕਾਂ ਲਈ ਲੜਦਾ ਰਿਹਾ। ਉਸ ਨੇ ਸਮਾਜ ਦੀ ਸੇਵਾ ਕੀਤੀ ਅਤੇ ਇਸ ਦੇ ਇਵਜ਼ ਵਿਚ ਦੇਸ਼ ਦੇ ਸਮਾਜ, ਰਿਆਸਤ/ਸਟੇਟ/ਸਰਕਾਰ ਨੇ ਉਸ ਨੂੰ ਸਜ਼ਾ ਦਿੱਤੀ।
        ਇਸ ਮੌਤ ਕਾਰਨ ਦੇਸ਼ ਦੇ ਸੂਝਵਾਨ ਲੋਕਾਂ ਵਿਚ ਗੁੱਸੇ, ਰੋਹ ਤੇ ਨਿਰਾਸ਼ਾ ਦੀਆਂ ਭਾਵਨਾਵਾਂ ਪੈਦਾ ਹੋਈਆਂ ਹਨ। ਭੀਮਾ ਕੋਰੇਗਾਉਂ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਹੋਰ ਚਿੰਤਕਾਂ, ਵਿਦਵਾਨਾਂ, ਵਕੀਲਾਂ, ਕਲਾਕਾਰਾਂ ਅਤੇ ਸਮਾਜਿਕ ਕਾਰਕੁਨਾਂ ਦੇ ਪਰਿਵਾਰਾਂ ਨੇ ਇਸ ਮੌਤ ਨੂੰ ‘‘ਸੰਸਥਾਤਮਕ (ਸੰਸਥਾਵਾਂ ਭਾਵ ਤਫ਼ਤੀਸ਼ ਏਜੰਸੀਆਂ, ਨਿਆਂਪਾਲਿਕਾ, ਜੇਲ੍ਹ ਆਦਿ) ਕਤਲ’’ ਕਿਹਾ ਹੈ। ਰੋਹ ਵਿਚ ਆਏ ਹੋਰ ਚਿੰਤਕਾਂ ਨੇ ਇਸ ਨੂੰ ‘‘ਅਦਾਲਤੀ (Judicial) ਕਤਲ’’ ਕਿਹਾ ਹੈ। ਅਰਨਬ ਗੋਸਵਾਮੀ ਦੇ ਜ਼ਮਾਨਤ ਦੇ ਕੇਸ ਨੂੰ ਸੁਣਦਿਆਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਸੀ ਕਿ ਕਿਸੇ ਮਨੁੱਖ ਨੂੰ ਵੀ ‘‘ਆਜ਼ਾਦੀ ਤੋਂ ਇਕ ਦਿਨ ਲਈ ਵਿਰਵਿਆਂ ਕਰਨਾ ਅਸਲ ਵਿਚ ਉਸ ਨੂੰ ਬਹੁਤ ਦੇਰ ਤਕ ਆਜ਼ਾਦੀ ਤੋਂ ਵਿਰਵਿਆਂ ਕਰਨਾ ਹੈ।’’ ਜਸਟਿਸ ਚੰਦਰਚੂੜ ਦੀ ਟਿੱਪਣੀ ਸੁਣਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ ਪਰ ਹਕੀਕਤ ਤੋਂ ਬਹੁਤ ਦੂਰ ਹੈ। ਹਾਲਾਤ ਸੁਰਜੀਤ ਪਾਤਰ ਦੇ ਸ਼ਬਦਾਂ ‘‘ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ/ ਫ਼ੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ/ ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ/ ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ।’’ ਤੋਂ ਵੀ ਬਦਤਰ ਹੋ ਗਏ ਹਨ। ਹੁਣ ਬੰਦੇ ਅਦਾਲਤਾਂ ਵਿਚ ਖੜ੍ਹੇ ਨਹੀਂ ਹਨ, ਜੇਲ੍ਹਾਂ ਵਿਚ ਸੜ ਰਹੇ ਹਨ। ਸਵਾਮੀ ਨੇ ਅਦਾਲਤ ਵਿਚ ਦੁਹਾਈ ਦਿੱਤੀ ਸੀ ਕਿ ਉਸ ਨੂੰ ਰਾਂਚੀ ਵਿਚ ਉਸ ਦੇ ਉੱਜੜੇ ਘਰ ਵਿਚ ਜਾਣ ਦਿੱਤਾ ਜਾਵੇ, ਉਹ ਆਪਣੇ ਆਖ਼ਰੀ ਦਿਨ ਆਪਣੇ ਲੋਕਾਂ ਨਾਲ ਰਹਿ ਕੇ ਬਿਤਾਉਣਾ ਚਾਹੁੰਦਾ ਸੀ ਪਰ ਉਸ ਨੂੰ ਇਸ ਦੀ ਇਜਾਜ਼ਤ ਵੀ ਨਾ ਦਿੱਤੀ ਗਈ ਕਿਉਂਕਿ ਸਾਡੇ ਦੇਸ਼ ਵਿਚ ਹਰ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਂਦੀ ਹੈ।
        ਸੁਰਜੀਤ ਪਾਤਰ ਨੇ ਉਪਰੋਕਤ ਗ਼ਜ਼ਲ ਵਿਚ ਲਿਖਿਆ ਹੈ, ‘‘ਯਾਰ ਮੇਰੇ ਜੁ ਇਸ ਆਸ ’ਤੇ ਮਰ ਗਏ/ ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ।’’ ਕੀ ਸਟੈਨ ਸਵਾਮੀ ਜਿਹੇ ਯਾਰਾਂ-ਬਜ਼ੁਰਗਾਂ ਬਾਰੇ ਕੋਈ ਗੀਤ ਬਣ ਸਕਦਾ ਹੈ, ਜੋ ਅਜਿਹੇ ਸੰਘਰਸ਼ੀਲ ਵਿਅਕਤੀਆਂ ਦੀ ਯਾਦ ਦੇ ਨਾਲ ਨਾਲ ਆਮ ਲੋਕਾਂ ਦੀਆਂ ਭਾਵਨਾਵਾਂ, ਦੁੱਖਾਂ-ਦੁਸ਼ਵਾਰੀਆਂ, ਪ੍ਰੇਸ਼ਾਨੀਆਂ, ਮਜਬੂਰੀਆਂ, ਦਿੱਕਤਾਂ, ਮੁਸੀਬਤਾਂ, ਇੱਛਾਵਾਂ, ਤਾਂਘਾਂ, ਲਾਲਸਾਵਾਂ, ਸੰਘਰਸ਼ਾਂ, ਹਾਰਾਂ, ਜਿੱਤਾਂ, ਆਸਾਂ, ਉਮੀਦਾਂ, ਸਭ ਨੂੰ ਕਲਾਵੇ ਵਿਚ ਲੈ ਸਕੇ। ਅਜਿਹਾ ਗੀਤ ਸਿਰਫ਼ ਸ਼ਾਬਦਿਕ ਨਹੀਂ ਹੋ ਸਕਦਾ; ਅਜਿਹਾ ਗੀਤ ਸੰਘਰਸ਼ ਕਰਦੇ ਲੋਕਾਂ ਦੇ ਸਰੀਰਾਂ ਅਤੇ ਰੂਹਾਂ ਵਿਚੋਂ ਉਗਮ ਸਕਦਾ ਹੈ, ਜਬਰ ਤੇ ਜ਼ੁਲਮ ਵਿਰੁੱਧ ਉੱਠਦੀ ਸਮੂਹਿਕ ਆਵਾਜ਼ ਵਿਚੋਂ ਜਨਮ ਲੈ ਸਕਦਾ ਹੈ, ਅਜਿਹਾ ਗੀਤ ਜੋ ਸੰਸਾਰ ਦੇ ਕੁਹਜ ਤੇ ਸਿਸਟਮ ਅਤੇ ਜਬਰ ਵਿਰੁੱਧ ਖੜ੍ਹਾ ਹੋਵੇ, ਜੋ ਸਾਡੇ ਸਮਾਜ ਵਿਚ ਵਧ ਰਹੇ ਲਾਲਚ, ਅਨਿਆਂ, ਓਪਰੇਪਣ ਅਤੇ ਕੁਟਿਲਤਾ ਨੂੰ ਖ਼ਤਮ ਕਰਨ ਦੀਆਂ ਭਾਵਨਾਵਾਂ ਦਾ ਗੀਤ ਹੋਵੇ। ਮੌਜੂਦਾ ਕਿਸਾਨ ਸੰਘਰਸ਼ ਅਜਿਹਾ ਗੀਤ ਸਿਰਜਣ ਲਈ ਹੋ ਰਿਹਾ ਸਭ ਤੋਂ ਊਰਜਾਮਈ ਉੱਦਮ ਹੈ : ਅਜਿਹੇ ਸੰਘਰਸ਼ ਹੀ ਸਮਾਜ ਵਿਚ ਜਮਹੂਰੀਅਤ ਦੀ ਬੁਨਿਆਦ ਰੱਖਦੇ ਹਨ।
ਅਜਿਹੇ ਸਮੂਹਿਕ ਗੀਤਮਈ ਸੰਘਰਸ਼ ਹੀ ਸਟੈਨ ਸਵਾਮੀ ਨੂੰ ਸੱਚੀ ਸ਼ਰਧਾਂਜਲੀ ਹਨ।