ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ - ਉਜਾਗਰ ਸਿੰਘ

ਸੁਭਾਸ਼ ਸ਼ਰਮਾ ਨੂਰ ਦਾ ਪਲੇਠਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ ਮੁਹੱਬਤ ਦੀਆਂ ਬਾਤਾਂ ਪਾ ਰਿਹਾ ਹੈ। ਸ਼ੁਭਾਸ਼ ਸਰਮਾ ਅੰਗਰੇਜ਼ੀ ਦੇ ਸੇਵਾ ਮੁਕਤ ਪ੍ਰੋਫ਼ੈਸਰ ਹਨ। ਪ੍ਰੰਤੂ ਉਨ੍ਹਾਂ ਆਪਣੀ ਇਹ ਪਹਿਲੀ ਪੁਸਤਕ ਹੀ ਹਿੰਦੀ ਵਿਚ ਪ੍ਰਕਾਸ਼ਤ ਕਰਵਾਈ ਹੈ। ਇਸ ਪੁਸਤਕ ਦੇ ਪਹਿਲੇ 52 ਪੰਨਿਆਂ ਵਿਚ 30 ਕਵਿਤਾਵਾਂ ਅਤੇ ਨਜ਼ਮਾ ਅਤੇ 17 ਗ਼ਜ਼ਲਾਂ ਹਨ। ਉਸਤੋਂ ਬਾਅਦ 96 ਪੰਨਿਆਂ ਤੱਕ 79 ਰੁਬਾਈਆਂ ਅਤੇ 53 ਸ਼ੇਅਰ ਹਨ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ, ਨਜ਼ਮਾ ਅਤੇ ਰੁਬਾਈਆਂ, ਮੁਹੱਬਤ, ਸਦਭਾਵਨਾ, ਆਪਸੀ ਮਿਲਵਰਤਨ, ਜ਼ਿੰਦਗੀ, ਸੁਖੀ ਜੀਵਨ, ਸ਼ਾਂਤੀ, ਇਸਤਰੀਆਂ, ਪੰਛੀਆਂ, ਬਜ਼ੁਰਗਾਂ ਦਾ ਸਤਿਕਾਰ, ਆਪਸੀ ਪਿਆਰ, ਭਰਿਸ਼ਟਾਚਾਰ, ਮਿਲਵਰਤਨ, ਜ਼ਾਤੀਵਾਦ, ਰਾਜਨੀਤੀ, ਪਾਰਦਰਸ਼ਤਾ, ਗ਼ਰੀਬਾਂ, ਮਜ਼ਲੂਮਾ, ਹਓਮੈ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਮੁੱਢਲੇ ਤੌਰ ‘ਤੇ ਸ਼ੁਭਾਸ਼ ਸ਼ਰਮਾ ਨੂਰ ਇਕ ਬਿਹਤਰੀਨ ਅਧਿਆਪਕ, ਖ਼ੁਸ਼ਮਿਜ਼ਾਜ਼, ਸਲੀਕੇ ਨਾਲ ਵਿਚਰਨ ਵਾਲੇ ਇਨਸਾਨ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਸਰਬਪ੍ਰਮਾਣਤ ਮੰਚ ਸੰਚਾਲਕ ਹਨ। ਇਸ ਪੁਸਤਕ ਵਿਚਲੀਆਂ ਰੁਬਾਈਆਂ ਅਤੇ ਸ਼ੇਅਰ ਆਮ ਤੌਰ ਜਦੋਂ ਉਹ ਮੰਚ ਸੰਚਾਲਨ ਕਰਦੇ ਹਨ ਤਾਂ ਉਨ੍ਹਾਂ ਦੀ ਵਰਤੋਂ ਕਰਦੇ ਹਨ। ਪੁਸਤਕ ਵਿਚਲੀਆਂ ਰਚਨਾਵਾਂ ਵਿਚ ਉਨ੍ਹਾਂ ਦੇ ਵਿਅਕਤਿਵ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਰਚਨਾਵਾਂ ਨੂੰ ਜੇ ਉਨ੍ਹਾਂ ਦੀ ਰੂਹ ਦੀ ਆਵਾਜ਼ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਹੀ ਆਪਣੀ ਧਰਮ ਪਤਨੀ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਉਸ ਕਵਿਤਾ ਵਿਚ ਲਿਖਿਅ ਹੈ ਕਿ ਉਸਦੀ ਜ਼ਿੰਦਗੀ ਨੂੰ ਸੁਚੱਜੀ ਬਣਾਉਣ ਵਿਚ ਉਨ੍ਹਾਂ ਦੀ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ। ਬਿਹਤਰ ਰਿਸ਼ਤੇ ਬਣਾਉਣ, ਖ਼ੁਸ਼ਹਾਲ ਜੀਵਨ ਬਤੀਤ ਕਰਨ, ਇਨਸਾਨੀਅਤ ਦੀਆਂ ਕਦਰਾਂ ਕੀਮਤ ‘ਤੇ ਪਹਿਰਾ ਦੇਣ, ਸ਼ਾਂਤਮਈ ਵਾਤਾਵਰਨ ਪੈਦਾ ਕਰਨ, ਹਓਮੈ ਤੋਂ ਛੁਟਕਾਰਾ ਪਾਉਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਕੁਲ 46 ਕਵਿਤਾਵਾਂ ਅਤੇ 79 ਰੁਬਾਈਆਂ ਵਿਚੋਂ ਅੱਧ ਤੋਂ ਵੱਧ ਮੁਹੱਬਤ ਦੇ ਗੀਤ ਗਾਉਂਦੀਆਂ ਹਨ। ਬਾਕੀ ਦੀਆਂ ਅੱਧੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਸ਼ਾਇਰੀ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ-
                          ਸ਼ਾਇਰੀ ਹੁਸਨ ਕਾ ਅੰਦਾਜ਼ ਹੂਆ ਕਰਤੀ ਹੈ,
                           ਸ਼ਾਇਰੀ ਵਕਤ ਕੀ ਹਮਰਾਜ਼ ਹੂਆ ਕਰਤੀ ਹੈ।
                           ਸ਼ਾਇਰੀ ਸਿਰਫ਼ ਲਫ਼ਾਜ਼ੀ ਨਹੀਂ ਹੋਤੀ, ਏ ਦੋਸਤ!
                            ਸ਼ਾਇਰੀ ਰੂਹ ਕੀ ਆਵਾਜ਼ ਹੂਆ ਕਰਤੀ ਹੈ।
   ਸ਼ੁਭਾਸ਼ ਸ਼ਰਮਾ ਦੀ ਇਹ ਕਵਿਤਾ ਹੀ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਦਾ ਆਧਾਰ ਹੈ। ਉਹ ਮੁਹੱਬਤ, ਇਸ਼ਕ, ਪਿਆਰ ਅਤੇ ਹੁਸਨ ਨੂੰ ਇਸ਼ਕ ਮਜ਼ਾਜ਼ੀ ਨਹੀਂ ਸਗੋਂ ਇਸ਼ਕ ਹਕੀਕੀ ਮੰਨਦੇ ਹਨ। ਦੁਨੀਆਂ ਇਨਸਾਨ ਦੇ ਚਿਹਰੇ ਮੋਹਰੇ ਦੇ ਮਗਰ ਪਾਗਲ ਹੋਈ ਫਿਰਦੀ ਹੈ। ਦੁਨਿਆਵੀ ਲਾਲਚ ਨੇ ਇਨਸਾਨੀਅਤ ਦੀ ਫਿਤਰਤ ਵਿਚ ਤਬਦੀਲੀ ਲਿਆਕੇ ਇਨਸਾਨ ਨੂੰ ਬੁਰਾਈਆਂ ਵਲ ਧਕੇਲ ਦਿੱਤਾ ਹੈ। ਸਮਾਜ ਵਿਚ ਸੁੱਖ, ਸ਼ਾਂਤੀ ਅਤੇ ਸਦਭਾਵਨਾ ਦਾ ਵਾਤਵਰਨ ਪੈਦਾ ਕਰਨ ਦੇ ਇਰਾਦੇ ਨਾਲ ਸ਼ਾਇਰ ਆਪਣੀ ਇਕ ਰਚਨਾ ਵਿਚ ਲਿਖਦੇ ਹਨ-
                            ਤੁਮਨੇ ਇਸ ਸ਼ਹਿਰ ਕੋ ਸਦੀਓਂ ਸੇ ਨੂਰ ਬਖ਼ਸ਼ਾ ਹੈ,
                            ਇਲਮ ਬਖ਼ਸ਼ਾ ਹੈ ਇਸਕੋ ਸ਼ਾਊਰ ਬਖ਼ਸ਼ਾ ਹੈ।
                            ਤੁਮਨੇ ਇਸ ਸ਼ਹਿਰ ਕੇ ਹਾਥੋਂ ਕੋ ਹਿਨਾ ਬਖ਼ਸ਼ੀ ਹੈ,
                             ਹੁਸਨ ਬਖ਼ਸ਼ਾ ਹੈ ਇਸੇ ਨਾਜ਼-ਅੋ-ਅਦਾ ਬਖ਼ਸ਼ੀ ਹੈ।
   ਸ਼ਾਇਰ ਦਾ ਇਸ ਸ਼ਹਿਰ ਤੋਂ ਭਾਵ ਇਕੱਲੇ ਪਟਿਆਲਾ ਸ਼ਹਿਰ ਬਾਰੇ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਗੱਲ ਕਰ ਰਹੇ ਹਨ। ਸਮੁੱਚੇ ਪੰਜਾਬ/ਦੇਸ਼ ਦੀ ਗੱਲ ਕਰ ਰਹੇ ਹਨ। ਇਸ ਪੁਸਤਕ ਬਾਰੇ ਸ਼ਾਇਰ ਕਹਿੰਦੇ ਹਨ ਕਿ ਇਹ ਪੁਸਤਕ ਮੇਰੀ ਜ਼ਿੰਦਗੀ ਦੇ ਤਜ਼ਰਬਿਆਂ ਦਾ ਸਾਰੰਸ਼ ਹੈ। ਮੇਰੀ ਜ਼ਿੰੰਦਗੀ ਤੋਂ ਉਨ੍ਹਾਂ ਦਾ ਅਰਥ ਹੈ, ਇਨਸਾਨੀਅਤ ਦੀ ਜ਼ਿੰਦਗੀ ਹੈ। ਉਹ ਆਪਣੇ ਨਿੱਜੀ ਤਜ਼ਰਬਿਆਂ ਨੂੰ ਲੋਕਾਈ ਦੇ ਬਣਾਕੇ ਪੇਸ਼ ਕਰਦੇ ਹਨ। ਮਾਨਵਤਾ ਦੁਨਿਆਵੀ ਵਸਤਾਂ ਦੀ ਪ੍ਰਾਪਤੀ ਲਈ ਕਿਸ ਤਰ੍ਹਾਂ ਹਰ ਰੋਜ਼ ਭਟਕਦੀ ਰਹਿੰਦੀ ਹੈ, ਜਦੋਂ ਕਿ ਉਸਨੂੰ ਪਤਾ ਹੈ ਕਿ ਇਹ ਸਭ ਵਸਤਾਂ ਸਥਾਈ ਨਹੀਂ ਹਨ। ਇਸ ਲਈ ਜਿਹੜੀ ਇਹ ਜ਼ਿੰਦਗੀ ਮਿਲੀ ਹੈ, ਇਸਦਾ ਸਦਉਪਯੋਗ ਮਾਨਵਤਾ ਦੀ ਬਿਹਤਰੀ ਲਈ ਕੀਤਾ ਜਾਵੇ। ਇਸ ਨੂੰ ਅਜਾਈਂ ਨਾ ਗੁਆ ਦਿੱਤਾ ਜਾਵੇ। ਵਕਤ ਨੂੰ ਸਾਂਭਣਾ ਹੀ ਇਨਸਾਨੀਅਤ ਦੀ ਮੁੱਢਲੀ ਜ਼ਿੰਮੇਵਾਰੀ ਹੈ।-
               ਮੈਂ ਜੋ ਲਮਹਾ-ਲਮਹਾ ਜੀਆ ਕਭੀ, ਮੈਂ ਜੋ ਕਤਰਾ ਕਤਰਾ ਮਰਾ ਕਭੀ।
               ਮੇਰੀ ਖੁਵਾਹਸ਼ੇਂ, ਮੇਰੀ ਕੋਸ਼ਿਸ਼ੇਂ, ਮੇਰੀ ਸ਼ੋਹਰਤੇਂ, ਮੇਰੀ ਜ਼ਿਲਤੇਂ।
               ਉਨ ਸਭੀ ਪਲੋਂ ਕਾ ਹਿਸਾਬ ਹੈ, ਇਸੇ ਪੜੋ ਜ਼ਰਾ।
     ਸ਼ੁਭਾਸ਼ ਸ਼ਰਮਾ ਇਨਸਾਨ ਨੂੰ ਪੰਛੀਆਂ ਤੋਂ ਪ੍ਰੇਰਨਾ ਲੈਣ ਲਈ ਵੀ ਆਪਣੀਆਂ ਕਵਿਤਾਵਾਂ ਵਿਚ ਕਹਿੰਦਾ ਹੈ। ਪੰਛੀਆਂ ਵਿਚ ਕੋਈ ਵੈਰ ਭਾਵ ਨਹੀਂ ਹੁੰਦਾ, ਉਹ ਸਥਾਈ ਘਰ ਵੀ ਨਹੀਂ ਬਣਾਉਂਦੇ, ਉਨ੍ਹਾਂ ਲਈ ਸਰਹੱਦਾਂ ਦਾ ਕੋਈ ਅਰਥ ਨਹੀਂ, ਕੋਈ ਲਾਲਚ ਨਹੀਂ, ਜੋ ਕੁਝ ਮਿਲ ਗਿਆ ਖਾ ਲਿਆ, ਪੀ ਲਿਆ, ਕੋਈ ਕਬਜ਼ਾ ਨਹੀਂ ਕਰਦੇ, ਫਿਰ ਵੀ ਉਹ ਚਹਿਕਦੇ ਰਹਿੰਦੇ ਹਨ। ਉਨ੍ਹਾਂ ਦੀ ਖ਼ੁਸ਼ੀਆਂ ਭਰੀ ਜ਼ਿੰਦਗੀ ਵੇਖਕੇ ਇਨਸਾਨ ਨੂੰ ਵੀ ਖ਼ੁਸ਼ੀਆਂ ਦਾ ਆਨੰਦ ਮਾਨਣਾ ਚਾਹੀਦਾ ਹੈ। ਲੋਭ, ਮੋਹ ਅਤੇ ਅਹੰਕਾਰ ਦੇ ਚੱਕਰ ਵਿਚੋਂ ਬਾਹਰ ਨਿਕਲਕੇ ਇਨਸਾਨ ਨੂੰ ਪਰਮਾਤਮਾ ਦੀਆਂ ਬਰਕਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਪਤਾ ਨਹੀਂ ਉਹ ਇਨ੍ਹਾਂ ਰਹਿਮਤਾਂ ਦਾ ਲਾਭ ਕਿਉਂ ਨਹੀਂ ਉਠਾ ਰਿਹਾ?
           ਪਰਿੰਦੇ ਆਬ-ਅੋ-ਦਾਨਾ ਢੂੰਡਤੇ ਹੈਂ, ਵੋਹ ਬਸ ਮੌਸਮ ਸੁਹਾਨਾ ਢੂੰਢਤੇ ਹੈ।
           ਪਰਿੰਦੋਂ ਕੀ ਸਿਆਸਤ ਬਸ ਯਹੀ ਹੈ, ਵੋਹ ਮਿਲਨੇ ਕਾ ਬਹਾਨਾ ਢੂੰਢਤੇ ਹੈਂ।
           ਸਰਹੱਦੋਂ ਸੇ ਉਨਹੇਂ ਕਿਆ ਲੇਨਾ ਹੈ, ਵੋਹ ਉੜਨੇ ਕਾ ਬਹਾਨਾ ਢੂੰਢਤੇ ਹੈਂ।
           ਸ਼ਜ਼ਰ ਕੀ ਟਹਿਨੀਅਓਂ ਪਰ ਬੈਠੇ-ਬੈਠੇ, ਮੁਹੱਬਤ ਕਾ ਜ਼ਮਾਨਾ ਢੂੰਢਤੇ ਹੈਂ।
           ਜ਼ਮਾਨੇ ਕੀ ਫ਼ਿਜ਼ਾ ਸੇ ਦੂਰ ਉੜਕਰ, ਖ਼ੁਦਾ ਕਾ ਆਸ਼ਿਆਨਾ ਢੂੰਢਤੇ ਹੈ।
           ‘ਨੂਰ’ ਕੁਛ ਸੀਖ਼ ਲੇ ਪਰਿੰਦੋਂ ਸੇ, ਜੋ ਖ਼ੁਸ਼ੀਓਂ ਕਾ ਖ਼ਜਾਨਾ ਢੂੰਢਤੇ ਹੈ।
    ਸ਼ਾਇਰ ਆਪਣੀ ਸ਼ਾਇਰੀ ਵਿਚ ਇਨਸਾਨ ਨੂੰ ਲੜਾਈ ਝਗੜੇ ਛੱਡ ਕੇ ਕੁਰਕਸ਼ੇਤਰ ਦਾ ਯੁਧ ਖ਼ਤਮ ਕਰਨ ਦੀ ਨਸੀਹਤ ਦੇ ਰਿਹਾ ਹੈ। ਸਾਰਾ ਕੁਝ ਇਥੇ ਹੀ ਰਹਿ ਜਾਣਾ ਹੈ। ਆਪਸੀ ਝਗੜੇ, ਖੁੰਦਕਾਂ ਅਤੇ ਦੁਸ਼ਮਣੀਆਂ ਵਿਚੋਂ ਸੁੱਖ ਨਹੀਂ ਸਗੋਂ ਅਸ਼ਾਂਤੀ ਮਿਲਦੀ ਹੈ, ਸ਼ਾਇਰ ਲਿਖਦੇ ਹਨ-
               ਸ਼ਸ਼ਤਰੋਂ ਕੀ ਹੋੜ ਘਟੇ ਜਗ ਮੇਂ, ਸਬ ਦੇਸ਼ ਕੁਟੁੰਬ ਸਮਾਨ ਰਹੇਂ।
              ਸਾਰੀ ਸਿਰਸ਼ਟੀ ਸੰਗੀਤ ਬਨੇ, ਨਵ ਵਰਸ਼ ਨਯਾ ਸੰਦੇਸ਼ ਲਿਏ।
              ਯੂੰ ਖ਼ੂਨ ਵਹਾਨੇ ਕੇ ਬਹਾਨੇ ਬਹੁਤ ਸੀਖੇ,
              ਕੋਈ ਪਿਆਰ ਮੁਹੱਬਤ ਕਾ ਤਰਾਨਾ ਨਹੀਂ ਸੀਖਾ।
              ਹਮ ਖ਼ੁਸ਼ ਹੈਂ ਜਮਾ ਕਰਕੇ ਸਾਮਾਨੇ-ਏ-ਜੰਗ ਲੇਕਿਨ,
               ਹਮਨੇ ਅਭੀ ਜੰਗੋਂ ਕੋ ਮਿਟਾਨਾ ਨਹੀਂ ਸੀਖਾ।
   ਸ਼ੁਭਾਸ਼ ਸ਼ਰਮਾ ਪਰਮਾਤਮਾ ਨੂੰ ਵੀ ਆਪਣੀ ‘ਭਗਵਾਨ ਤੁਮ ਅਸਤੀਫ਼ਾ ਦੇ ਦੋ’ ਦੇ ਸਿਰਲੇਖ ਵਾਲੀ ਕਵਿਤਾ ਵਿਚ ਵਿਅੰਗ ਕਰਦਾ ਲਿਖਦਾ ਹੈ ਕਿ ਇਨਸਾਨੀਅਤ ਤੇਰੇ ਕਾਬੂ ਵਿਚ ਨਹੀਂ ਹੈ। ਰਾਜਨੀਤੀ ‘ਤੇ ਵਿਅੰਗ ਕਰਦੇ ਲਿਖਦੇ ਹਨ, ਆਪਣੀ ਵਿਰਾਸਤ ਸਾਬਤ ਕਰਨ ਲਈ ਸਬੂਤ ਮੰਗੇ ਜਾ ਰਹੇ ਹਨ। ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਤੁਹਾਡੀ ਕੋਈ ਪਰਵਾਹ ਨਹੀਂ ਕਰ ਰਿਹਾ, ਇਸ ਲਈ ਤੁਹਾਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
      ਪੰਜਾਬ ਦੀ ਮਿੱਟੀ ਦੀ ਮਹਿਕ ਦਾ ਜ਼ਿਕਰ ਕਰਦਾ ਸ਼ਾਇਰ ਕਹਿੰਦਾ ਹੈ ਕਿ ਪੰਜਾਬ ਸ਼ਹੀਦਾਂ, ਗੁਰੂਆਂ, ਪੀਰਾਂ, ਸੂਫ਼ੀ ਫ਼ਕੀਰਾਂ, ਧਰਮ ਗ੍ਰੰਥਾ ਦੀ ਪਾਕਿ ਪਵਿਤਰ ਸਰਜ਼ਮੀ ਹੈ। ਇਨਸਾਨ ਆਪਣੀ ਇਸ ਅਮੀਰ ਵਿਰਾਸਤ ਤੋਂ ਸਿੱਖਣ ਤੋਂ ਭੱਜ ਰਿਹਾ ਹੈ। ਚਿੜੀਆਘਰ ਕਵਿਤਾ ਵਿਚ ਚਿੜੀਆਂ ਦੇ ਰਾਹੀਂ ਪਰਜਾਤੰਤਰ ਵਿਚ ਸ਼ਰੀਫ਼ ਮਾਨਵਤਾ ‘ਤੇ ਹੋ ਰਹੇ ਅਤਿਆਚਾਰਾਂ ਦਾ ਜ਼ਿਕਰ ਕਰਦੇ ਸ਼ਾਇਰ ਲਿਖ ਰਹੇ ਹਨ ਕਿ ਤਕੜੇ ਦਾ ਸਤੀਂ ਵੀਹੀਂ ਸੌ ਹੋ ਰਿਹਾ ਹੈ। ਮਾਜ਼ੀ, ਆਜ ਔਰ ਕਲ੍ਹ ਵਿਚ ਸਪੁੱਤਰਾਂ ਵਲੋਂ ਬਜ਼ੁਰਗਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਬਾਰੇ ਲਿਖਦੇ ਹਨ। ਜ਼ਿੰਦਗੀ ਕਵਿਤਾ ਵਿਚ ਸ਼ਾਇਰ ਲਿਖਦੇ ਹਨ ਕਿ ਖ਼ੁਸ਼ੀਆਂ ਭਾਲਣ ਲਈ ਜੰਗਲ , ਗੁਫ਼ਾ ਅਤੇ ਪਹਾੜਾਂ ਵਿਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ। ਖ਼ੁਸ਼ੀ ਇਨਸਾਨ ਦੇ ਅੰਦਰ ਹੈ। ਇਸ ਲਈ ਉਸਨੂੰ ਆਪਣੇ ਅੰਦਰ ਝਾਕਣਾ ਚਾਹੀਦਾ। ਕਲ ਕਵਿਤਾ ਵਿਚ ਵਰਤਮਾਨ ਨੂੰ ਸਫਲ ਬਣਾਉਣਾ ਜ਼ਰੂਰੀ ਹੈ, ਬੀਤੇ ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਣਾ ਚਾਹੀਦਾ। ਕਰੋਨਾ ਸਿਰਲੇਖ ਵਾਲੀ ਕਵਿਤਾ ਵਿਚ ਇਨਸਾਨੀਅਤ ਨਾਲ ਹੋ ਰਹੇ ਦੁਖਾਂਤ ਦਾ ਜ਼ਿਕਰ ਕੀਤਾ ਹੈ। ਸ਼ਾਇਰ ਲੋਕਾਂ ਨੂੰ ਆਪਣਾ ਭਵਿਖ ਆਪ ਬਣਾਉਣ ਦੀ ਤਾਕੀਦ ਕਰ ਰਿਹਾ ਹੈ।
             ਖ਼ੁਸ਼ਨਸੀਬੀ ਯੂੰ ਹੀ ਨਹੀਂ ਮਿਲਤੀ, ਯੇ ਬਜ਼ੁਰਗੋਂ ਕੀ ਮਿਹਰਬਾਨੀ ਹੈ।
            ਘਰ ਮੇਂ ਖਿਲਤੇ ਗੁਲਾਬ ਹੋਤੀ ਹੈਂ, ਬੇਟੀਆਂ ਲਾਜਵਾਬ ਹੋਤੀ ਹੈਂ।
    ਸ਼ਾਇਰ ਪਿਆਰ ਮੁਹੱਬਤ ਦੇ ਗੀਤ ਗਾਉਂਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਮਨੁੱਖੀ ਜੀਵਨ ਇਨਸਾਨ ਲਈ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਸ ਲਈ ਇਸਨੂੰ  ਮੁਹੱਬਤ ਨਾਲ ਹੀ ਬਸਰ ਕੀਤਾ ਜਾਵੇ। ਮੁਹੱਬਤ ਨਾਲ ਸੰਬੰਧਤ ਕਵਿਤਾਵਾਂ, ਨਜ਼ਮਾ, ਸ਼ੇਅਰ ਅਤੇ ਰੁਬਾਈਆਂ ਵਿਚੋਂ ਕੁਝ ਸ਼ੇਅਰ ਇਸ ਪ੍ਰਕਾਰ ਹਨ-
          ਸੂਰਤੇ ਸ਼ਮਾ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ।
          ਆਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਜਾਉਂਗੀ।
          ਦਿਲ ਕੀ ਨਜ਼ਰੋਂ ਸੇ ਨਿਹਾਰੋ, ਏ ‘ਨੂਰ’, ਜ਼ਲਵਾ-ਏ-ਹੂਰ ਨਜ਼ਰ ਆਉਂਗੀ।
          ਕੋਈ ਕਹਿ ਰਹਾ ਫ਼ਲਸਫ਼ਾ-ਏ-ਮੁਹੱਬਤ, ਵੋਹ ਵਾਈਜ਼ ਕਹੇ ਹੁਸਨ ਫ਼ਾਨੀ ਕੀ ਬਾਤੇਂ।
           ਮੈਨੇ ਏਕ ਤਾਜ ਮਹਲ ਦਿਲ ਮੇਂ ਬਨਾ ਰੱਖਾ ਹੈ,
           ਜਿਸਕੋ ਦੁਨੀਆ ਕੀ ਨਿਗਾਹੋਂ ਸੇ ਛਿਪਾ ਰਖਾ ਹੈ।
            ਤੁਮ ਮੁਹੱਬਤ ਕੇ ਗੀਤ ਗਾਇਆ ਕਰੋ,
             ਔਰ ਨਈ ਨਸਲ ਕੋ ਸੁਨਾਯਾ ਕਰੋ।
             ਯਹਾਂ ਹਰ ਗੁਲ ਕੋ ਮਹਕਨੇ ਕੀ ਅਦਾ ਆਤੀ ਹੈ,
              ਯਹਾਂ ਬੁਲਬੁਲ ਕੋ ਚਹਕਨੇ ਕੀ ਅਦਾ ਆਤੀ ਹੈ।
             ਮੇਰੇ ਮਹਿਬੂਬ! ਮੇਰੇ ਸ਼ਹਿਰ ਕਾ ਆਲਮ ਤੋ ਦੇਖ,
             ਯਹਾਂ ਹਰ ਦਿਲ ਕੋ ਬਹਿਕਨੇ ਕੀ ਅਦਾ ਆਤੀ ਹੈ।
             ਤੁਮਹਾਰੀ ਏਕ ਅਦਾ ਨੇ ਲੂਟ ਲੀ ਮਹਿਫ਼ਲ ਮੇਰੇ ਦਿਲ ਕੀ,
            ਤੁਮਹਾਰੀ ਏਕ ਅਦਾ ਨੇ ਜ਼ਿੰਦਗੀ ਕਾ ਰੁਖ ਬਦਲ ਡਾਲਾ।
             ਵਿਛੜਕਰ ਯਾਰ ਸੇ ਸੋਤਾ ਹੈ ਕੌਨ ਰਾਤੋਂ ਮੇਂ,
             ਜ਼ਮੀਂ ਕਰਵਟ ਬਦਲਤੀ ਹੈ, ਫ਼ਲਕ ਬਸ ਆਹੇਂ ਭਰਤਾ ਹੈ।
             ਜੋ ਇਸ ਦੁਨੀਆ ਕੀ ਏਕ ਔਰਤ ਕੋ ਅਪਨਾ ਨਾ ਬਨਾ ਪਾਯਾ,
               ਉਸੇ ਜ਼ਨਤ ਕੀ ਹੂਰੇਂ ਕਿਸ ਲੀਏ ਆਗੋਸ਼ ਮੇਂ ਲੇਂਗੀ।
                ਏਕ ਲੜਕੀ ਮੁਝੇ ਸਲਾਮ ਲਿਖਕਰ ਭੇਜਤੀ ਹੈ,
                ਕਭੀ ਗੁਮਨਾਮ, ਕਭੀ ਨਾਮ ਲਿਖਕਰ ਭੇਜਤੀ ਹੈ।
                ਕੋਈ ਤੋ ਹੈ ਜੋ ਮੇਰੀ ਆਂਖੋਂ ਸੇ ਸਬ ਦੇਖਤਾ ਹੈ,
                 ਕੋਈ ਤੋ ਹੈ ਜੋ ਕਲਬ-ਅੋ-ਜਿਗਰ ਮੇਂ ਰਹਤਾ ਹੈ।
                 ਸੂਰਤੇ ਸ਼ਮਾਂ ਪਿਘਲ ਜਾਉਂਗੀ, ਵਕਤ ਕੇ ਸਾਂਚੇ ਮੇਂ ਢਲ ਜਾਉਂਗੀ,
                 ਅਪਨੇ ਸੀਨੇ ਸੇ ਲਗਾਕਰ ਦੇਖੋ, ਜ਼ਿੰਦਗੀ ਬਨ ਕੇ ਮਚਲ ਜਾਉਂਗੀ।
     ਇਹ ਸ਼ੁਭਾਸ਼ ਸ਼ਰਮਾ ਨੂਰ ਦੀਆਂ ਮੁਹੱਬਤ ਨਾਲ ਸੰਬੰਧਤ ਕਵਿਤਾਵਾਂ ਦੇ ਸ਼ੇਅਰ ਸਨ। ਉਮੀਦ ਹੈ ਕਿ ਸ਼ੁਭਾਸ਼ ਸ਼ਰਮਾ ਭਵਿਖ ਵਿਚ ਹੋਰ ਨਵੇਂ ਉਤਸ਼ਾਹ ਨਾਲ ਵਧੀਆ ਰਚਨਾਵਾਂ ਲਿਖਕੇ ਪਾਠਕਾਂ ਦੀ ਝੋਲੀ ਵਿਚ ਪਾਉਣਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ 94178 13072
ujagarsingh48@yahoo.com