ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ ! - ਅਵਿਜੀਤ ਪਾਠਕ
ਮੈਂ ਅਕਸਰ ਮਹਿਸੂਸ ਕਰਦਾ ਹਾਂ ਕਿ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਣੀ ਲਾਜ਼ਮੀ ਸੀ ਕਿਉਂਕਿ ਫਿਰਕੂ ਅਤੇ ਹਿੰਸਕ ਬਣ ਚੁੱਕਿਆ ਭਾਰਤੀ ਸਮਾਜ ਮਹਾਤਮਾ ਦੀ ਜ਼ਮੀਰ - ਉਨ੍ਹਾਂ ਦੀ ਆਤਮਿਕ ਰਾਜਨੀਤੀ ਲਈ ਤਾ-ਜ਼ਿੰਦਗੀ ਖੋਜ ਅਤੇ ਤਾਕਤਾਂ ਦੇ ਵਿਕੇਂਦਰੀਕਰਨ ਲਈ ਸਵਰਾਜ ਜਾਂ ਫਿਰ ਸਾਦਗੀ ਭਰਪੂਰ ਤੇ ਵਾਤਾਵਰਨ ਜ਼ਾਵੀਏ ਤੋਂ ਹੰਢਣਸਾਰ ਤੌਰ ਤਰੀਕੇ ਮੁਤਾਬਕ ਜ਼ਿੰਦਗੀ ਜਿਊਣ ਲਈ ਤਿਆਰ ਨਹੀਂ ਸੀ। ਇਸ ਲਿਹਾਜ਼ ਤੋਂ ਨਾਥੂਰਾਮ ਗੋਡਸੇ ਉਸ ਵਹਿਸ਼ੀ ਤਾਕਤ, ਆਧੁਨਿਕ ਰਾਸ਼ਟਰਵਾਦ ਦੇ ਧੱਕੜ ਸੁਪਨੇ ਅਤੇ ਵਿਕਾਸ ਦੇ ਧਾਵੇ ਦਾ ਪ੍ਰਤੀਕ ਬਣ ਗਿਆ ਸੀ। ਇਸ ਲਿਹਾਜ਼ ਤੋਂ ਗਾਂਧੀ ਦੇ ਸੁਪਨਿਆਂ ਨੂੰ ਮਲੀਆਮੇਟ ਕਰਨਾ ਜ਼ਰੂਰੀ ਸੀ। ਸੱਤਾ ਦੀ ਭੁੱਖੀ ਸਿਆਸੀ ਜਮਾਤ, ਠੇਕੇਦਾਰਾਂ, ਵਪਾਰੀਆਂ ਦੇ ਗਰੋਹਾਂ ਅਤੇ ਉਭਰਦੇ ਕੁਲੀਨ ਵਰਗ ਲਈ ਗਾਂਧੀ ਸ਼ਰਮਿੰਦਗੀ ਦਾ ਵਾਇਸ ਬਣ ਗਏ ਸਨ।
ਇਸੇ ਤਰ੍ਹਾਂ ਅੱਜ ਕੱਲ੍ਹ ਇਕ ਹੋਰ ਸਵਾਲ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ : ਕੀ ਸਮਾਜ ਦੇ ਤੌਰ ‘ਤੇ ਅਸੀਂ ਇਸ ਗੱਲ ਦੇ ਲਾਇਕ ਹਾਂ ਕਿ ਫਾਦਰ ਸਟੈਨ ਸਵਾਮੀ ਵਰਗਾ ਕੋਈ ਸ਼ਖ਼ਸ ਸਾਡੇ ਦਰਮਿਆਨ ਰਹੇ? ਉਸ ਦੀ ਮੌਤ ਜਾਂ ਫਿਰ ਉਸ ਦੀ ਅਥਾਹ ਨਿਰਸਵਾਰਥ ਅਤੇ ਸਮਾਜਿਕ ਤੌਰ ‘ਤੇ ਪ੍ਰਤੀਬੱਧ ਜ਼ਿੰਦਗੀ ਦੀ ਪਰਵਾਜ਼ - ਇਕੋ ਸਮੇਂ ਬਹੁਤ ਸਾਰੀਆਂ ਸ਼ੈਆਂ ਦਾ ਖੁਲਾਸਾ ਕਰਦੀ ਹੈ, ਮਸਲਨ, ਰਹੱਸਮਈ ਤੇ ਗੁੰਝਲਦਾਰ ਕਾਨੂੰਨੀ ਪ੍ਰਣਾਲੀ ਦੀ ਬੇਹੂਦਗੀ (ਸੋਚੋ ਕਿਵੇਂ ਹਿੰਦ ਸਵਰਾਜ ਨੇ ਇਸ ਵੱਲ ਧਿਆਨ ਖਿੱਚਿਆ ਸੀ ਤੇ ਗਾਂਧੀ ਨੇ ਇਸ ਨੂੰ ਕਿੰਨਾ ਖ਼ੂਬਸੂਰਤ ਚਿਤਰਿਆ ਸੀ) ਜਾਂ ਉਹ ਮਨਹੂਸ ਤੇ ਦਮਨਕਾਰੀ ਨੌਕਰਸ਼ਾਹੀ ਦਾ ਕਹਿਰ (ਕੀ ਸਟੈਨ ਸਵਾਮੀ ਫਰਾਂਜ਼ ਕਾਫ਼ਕਾ ਦੀ ਰਚਨਾ ‘ਦਿ ਟ੍ਰਾਇਲ’ ਦੇ ਪਾਤਰ ਜੋਸਫ ਕੇ ਵਾਂਗ ਸੀ ?), ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਰੂਪ ਵਿਚ ਸਾਕਾਰ ਹੋ ਰਹੀ ਸੱਤਾ ਦੀ ਤਾਨਾਸ਼ਾਹੀ, ਸੰਵੇਦਨਹੀਣਤਾ ਜਾਂ ਅਮਾਨਵੀਕਰਨ ਦੀ ਪ੍ਰਕਿਰਿਆ ਜਿਸ ਨੇ ਛੋਟੇ ਮੋਟੇ ਅਫ਼ਸਰਾਂ ਨੂੰ ਭ੍ਰਿਸ਼ਟ ਕਰ ਕੇ ਰੱਖ ਦਿੱਤਾ ਅਤੇ ਸਭ ਤੋਂ ਵਧ ਕੇ ਲੋਕਰਾਜ ਦੀਆਂ ਸਾਰੀਆਂ ਰਹੁ-ਰੀਤਾਂ ਦੇ ਹੁੰਦੇ ਸੁੰਦੇ ਨਿਰੰਕੁਸ਼ਵਾਦ ਦਾ ਪਸਾਰ। ਜੀ ਹਾਂ, ਯਕੀਨ ਕਰੋ ਕਿ ਸਵਾਮੀ ਨੇ ਮਰਨਾ ਹੀ ਸੀ। ਗਾਂਧੀ ਵਾਂਗ ਉਹ ਵੀ ਸਾਡੇ ਲਈ ਨਮੋਸ਼ੀ ਦਾ ਸਬਬ ਸੀ।
ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ ਕਿ ਸਿਆਸੀ ਸਮੀਖਿਅਕ ਉਸ ਨੂੰ ਗਾਂਧੀਵਾਦੀ ਜਾਂ ਅੰਬੇਡਕਰਵਾਦੀ ਆਖਣਗੇ ਜਾਂ ਨਹੀਂ, ਉਂਜ, ਸਟੇਟ ਦੀਆਂ ਨਜ਼ਰਾਂ ਵਿਚ ਉਹ ਕਿਸੇ ‘ਦਹਿਸ਼ਤਗਰਦ’ ਵਾਂਗ ਹੀ ਸੀ ਜਿਸ ਦੇ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨਾਲ ਸਬੰਧ ਸਨ। ਖ਼ੈਰ, ਮੇਰੇ ਲਈ ਇਹ ਗੱਲ ਲੇਬਲਾਂ ਤੇ ਵੰਨਗੀਆਂ ਤੋਂ ਕਿਤੇ ਪਰ੍ਹੇ ਹੈ। ਗਾਂਧੀ ਵਾਂਗ ਉਹ ਵੀ ਨੇਕ ਰੂਹ ਸੀ। ਆਦਿਵਾਸੀਆਂ ਅਤੇ ਹੋਰਨਾਂ ਮਹਿਰੂਮ ਤਬਕਿਆਂ ਦੇ ਹੱਕਾਂ ਲਈ ਲੜਨ ਦਾ ਉਸ ਦਾ ਸਿਰੜ, ਜ਼ਮੀਨ, ਜੰਗਲਾਂ ਅਤੇ ਕਿਰਤੀਆਂ ਦੇ ਹੱਕਾਂ ਦੇ ਮੁਤੱਲਕ ਉਸ ਵਲੋਂ ਬੁਲੰਦ ਕੀਤੀ ਜਾਣ ਵਾਲੀ ਗਰਜਵੀਂ ਆਵਾਜ਼, ਨਜ਼ਰਬੰਦਾਂ (ਜਿਨ੍ਹਾਂ ਨਾਲ ਸਾਡੀਆਂ ਪਹਿਲਾਂ ਤੋਂ ਹੀ ਤੂੜੀਆਂ ਪਈਆਂ ਜੇਲ੍ਹਾਂ ਭਰੀਆਂ ਪਈਆਂ ਹਨ) ਦੀ ਰਿਹਾਈ ਲਈ ਉਸ ਦੀ ਗਹਿਰੀ ਮਾਨਵਵਾਦੀ/ਰੂਹਾਨੀ ਧੂਹ ਜਾਂ ਉਸ ਦੀ ਸਾਦਗੀ ਅਤੇ ਇਮਾਨਦਾਰੀ ਦੀ ਰੂਹਾਨੀ ਤਾਕਤ ਨੂੰ ਵਿੰਹਦਿਆਂ ਆਪਣੇ ਵਿਕਾਸ ਦੇ ਡਾਢੇ ਏਜੰਡੇ ਦੀ ਹੋੜ ਵਿਚ ਜੁਟਿਆ ਸਾਡਾ ਬਾਹੂਬਲੀ ਰਾਸ਼ਟਰ, ਫਾਦਰ ਸਟੈਨ ਸਵਾਮੀ ਦੇ ਇਸ ਰਾਜਸੀ-ਰੂਹਾਨੀ ਖਜ਼ਾਨੇ ਦੀ ਕਦਰ ਜਾਣਨ ਦੇ ਸਮੱਰਥ ਨਹੀਂ ਹੈ। ਇਸ ਕਰ ਕੇ 84 ਸਾਲਾਂ ਦੇ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਇਸ ਜੀਸਸਵਾਦੀ ਪਾਦਰੀ ਨੂੰ ਸਾਜਿ਼ਸ਼ਕਾਰ, ਤਾਕਤਵਰ ਭਾਰਤੀ ਸਟੇਟ ਲਈ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਸੀ। ਉਸ ਨੂੰ ਤਾਂ ਮਰਨਾ ਹੀ ਪੈਣਾ ਸੀ। ਫਿਰ ਭਾਵੇਂ ਇਹ ਕੋਵਿਡ ਕਰ ਕੇ ਆਮ ਮੌਤ ਹੁੰਦੀ ਜਾਂ ਫਿਰ ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਬਿਸਤਰ ‘ਤੇ ਫ਼ੌਤ ਹੋ ਜਾਣਾ - ਇਹ ਤਾਂ ਸਰਕਾਰੀ ਅੰਕੜਿਆਂ ਵਿਚ ਮਹਿਜ਼ ਇਕ ਵਾਧਾ ਹੈ, ਜਾਂ ਫਿਰ ਐੱਨਆਈਏ ਅਫਸਰਾਂ, ਜੇਲ੍ਹ ਜਾਂ ਅਦਾਲਤਾਂ ਦੇ ਅਹਿਲਕਾਰਾਂ ਨੇ ਮਿਲ ਜੁਲ ਕੇ ਉਸ ਦਾ ਮਰਨਾ ਸੌਖਾ ਬਣਾ ਦਿੱਤਾ ਸੀ? ਇਸ ਸਵਾਲ ਤੋਂ ਅੱਖਾਂ ਚੁਰਾਉਣੀਆਂ ਸੰਭਵ ਨਹੀਂ। ਇਸ ਬਾਰੇ ਸੋਚੋ। ਸਵਾਮੀ ਨੇ ਪਾਣੀ ਪੀਣ ਲਈ ਸਿਰਫ਼ ਇਕ ਨਲੀ (ਸਟ੍ਰਾਅ) ਮੰਗੀ ਸੀ ਅਤੇ ਐੱਨਆਈਏ ਨੇ ਇਸ ਦਾ ਜਵਾਬ ਦੇਣ ਲਈ ਵੀਹ ਦਿਨ ਲਾ ਦਿੱਤੇ ਸਨ। ਫਾਦਰ ਸਵਾਮੀ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਤਾਂ ਕੇਸ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਦਲੀਲਾਂ ਸੁਣਨ ਲਈ ਚਾਰ ਮਹੀਨੇ ਲਾ ਦਿੱਤੇ ਤੇ ਅੰਤ ਨੂੰ ਅਰਜ਼ੀ ਰੱਦ ਕਰ ਦਿੱਤੀ। ਇਹੀ ਨਹੀਂ, ਐੱਨਆਈਏ ਨੇ ਤਾਂ ਇਹ ਗੱਲ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਕਿ ਪਾਰਕਿਨਸਨ ਜਿਹੀ ਨਾਮੁਰਾਦ ਬਿਮਾਰੀ ਦਾ ਉਨ੍ਹਾਂ ਦੇ ਕਮਜ਼ੋਰ ਸਰੀਰ ‘ਤੇ ਕਿੰਨਾ ਘਾਤਕ ਅਸਰ ਪੈ ਰਿਹਾ ਸੀ।
ਬਹਰਹਾਲ, ਇਕ ਹੋਰ ਸਵਾਲ ਹੈ ਜੋ ਸਾਨੂੰ ਪੁੱਛਣ ਦੀ ਲੋੜ ਹੈ। ਕੀ ਸਮਾਜ ਦੇ ਨਾਤੇ ਸਾਡਾ ਨਿਘਾਰ ਮੁਕੰਮਲ ਹੋ ਚੁੱਕਿਆ ਹੈ, ਜਾਂ ਸਾਡੀਆਂ ਕਦਰਾਂ ਕੀਮਤਾਂ, ਖ਼ਾਹਸ਼ਾਂ ਹੀ ਬਿਲਕੁੱਲ ਬਦਲ ਗਈਆਂ ਹਨ ਅਤੇ ਸਾਡਾ ਨੈਤਿਕ ਅੰਬਰ ਪੂਰੀ ਤਰ੍ਹਾਂ ਬਿਖਰ ਚੁੱਕਿਆ ਹੈ? ਦੇਖੋ ਧੜਵੈਲ ਰਾਸ਼ਟਰਵਾਦ ਦੇ ਪ੍ਰਵਚਨ ਨੇ ਸਭ ਕੁਝ ਉਲਟਾ ਕਰ ਕੇ ਰੱਖ ਦਿੱਤਾ ਹੈ : ਖਰੂਦੀ/ਹਿੰਸਕ ਮਰਦ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਮਦਹੋਸ਼ ਹੋਈ ਭੀੜ ਵਿਚ ਪੱਥਰ ਦਿਲ ਬਣਿਆ ਆਦਮੀ ਸੱਚਾ ਦੇਸ਼ਭਗਤ ਗਿਣਿਆ ਜਾਂਦਾ ਹੈ ਜਦਕਿ ਫਾਦਰ ਸਵਾਮੀ ਵਰਗਿਆਂ ਨੂੰ ਦੇਸ਼-ਧ੍ਰੋਹੀ ਤੇ ਸਾਜਿ਼ਸ਼ਘਾੜਿਆਂ ਦਾ ਲਕਬ ਦਿੱਤਾ ਜਾਂਦਾ ਹੈ। ਦੇਖੋ ਅਸੀਂ ਕਿਵੇਂ ਹਰ ਬੜਬੋਲੀ, ਸ਼ੋਰੀਲੀ ਅਤੇ ਬੱਜਰ ਚੀਜ਼ ਜਿਵੇਂ ਸ਼ੋਰੀਲੇ ਧਰਮ, ਸ਼ੋਰੀਲੇ ਰਾਸ਼ਟਰਵਾਦ, ਸ਼ੋਰੀਲੀ ਭਾਸ਼ਣਬਾਜ਼ੀ, ਬੜਬੋਲੇ ਸਿਆਸਤਦਾਨ ਅਤੇ ਬੜਬੋਲੇ ਟੈਲੀਵਿਜ਼ਨ ਐਂਕਰਾਂ ਦੀ ਬੇਹੱਦ ਕਦਰ ਕਰਨ ਲੱਗ ਪਏ ਹਾਂ। ਇਸ ਸ਼ੋਰ ਸ਼ਰਾਬੇ ਵਿਚ ਅਸੀਂ ਸਵਾਮੀ ਨੂੰ ਕਿਵੇਂ ਸੁਣ ਸਕਦੇ ਸਾਂ, ਜਾਂ ਸੁਧਾ ਭਾਰਦਵਾਜ ਤੇ ਪ੍ਰੋਫੈਸਰ ਹਨੀ ਬਾਬੂ ਦਾ ਗੁੱਸਾ ਕਿਵੇਂ ਸਮਝ ਸਕਦੇ ਹਾਂ? ਤੇ ਦੇਖੋ ਕਿਵੇਂ ਅਸੀਂ ਅਡਾਨੀਆਂ ਅਤੇ ਅੰਬਾਨੀਆਂ ਨੂੰ ਸਾਡੇ ਵਿਕਾਸ ਦੇ ਪ੍ਰਵਚਨ ਨੂੰ ਵਿਉਂਤਣ ਦਾ ਜ਼ਿੰਮਾ ਸੌਂਪ ਦਿੱਤਾ ਹੈ। ਫਿਰ ਸਟੈਨ ਸਵਾਮੀ ਨਾਲ ਸੰਵਾਦ ਅਤੇ ਉਸ ਦੀ ਸਬਾਲਟਰਨ ਦੀ ਦਲੀਲ ਲਈ ਗੁੰਜਾਇਸ਼ ਕਿੱਥੇ ਬਚੀ ਹੈ?
ਤੇ ਦੇਖੋ ਅਸੀਂ, ਭਾਵ ਮੱਧ ਵਰਗ ਕਿਵੇਂ ਬਦਲ ਗਿਆ ਹੈ : ਕਿਵੇਂ ਅਸੀਂ ਆਪਣੇ ਆਪ ਨੂੰ ਮਾਨਸਿਕ ਜ਼ਹਿਰ ਨਾਲ ਭ੍ਰਿਸ਼ਟ ਕਰ ਲਿਆ ਹੈ, ਉਸ ਵਾਇਰਸ ਨਾਲ ਜੋ ਸੱਤਾਧਾਰੀ ਨਿਜ਼ਾਮ ਦੀ ਪ੍ਰਾਪੇਗੰਡਾ ਮਸ਼ੀਨਰੀ ਫੈਲਾਉਂਦੀ ਹੈ, ਜਾਂ ਕਿਵੇਂ ਅਸੀਂ ਖ਼ੁਦਪ੍ਰਸਤੀ ਦੇ ਬਿੰਬ ਨੂੰ ਸਾਡੀ ਮੌਲਿਕ ਤੇ ਆਲੋਚਨਾਤਮਿਕ ਸੋਚ ਨੂੰ ਖੁੰਢਾ ਕਰਨ ਦੀ ਆਗਿਆ ਦੇ ਦਿੱਤੀ। ਦੇਖੋ ਕਿਵੇਂ ਅਸੀਂ ਇਮਾਨਦਾਰੀ ‘ਤੇ ਪੈਸੇ ਨੂੰ, ਲਾਹੇਵੰਦੀ ਨੂੰ ਨੈਤਿਕਤਾ ‘ਤੇ, ਫੋਕੀ ਦਲੀਲਬਾਜ਼ੀ ਨੂੰ ਕਿਸੇ ਨੇਕ ਕਾਜ ਪ੍ਰਤੀ ਜ਼ਿੰਦਗੀ ਭਰ ਦੀ ਪ੍ਰਤੀਬੱਧਤਾ ‘ਤੇ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਮੰਨ ਲਵੋ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਟੈਨ ਸਵਾਮੀ ਜਾਂ ਮੇਧਾ ਪਟਕਰ ਵਰਗੇ ਬਣਨ, ਨਾ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਗਾਂਧੀ ਵਾਂਗ ਸੱਚ ਨਾਲ ਅੱਖਾਂ ਮਿਲਾਉਣ ਜਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਪੰਨੇ ਪਲਟ ਕੇ ਦੇਖਣ। ਇਸ ਦੀ ਬਜਾਇ ਅਸੀਂ ਚਾਹੁੰਦੇ ਹਾਂ ਕਿ ਉਹ ਬਹੁਤ ਹੀ ਚਤਰ ਚਲਾਕ ਅਤੇ ਸਫ਼ਲ ਬਣਨ - ਜੀ ਹਾਂ, ਚੰਗਾ ਖਾ, ਪੀ ਤੇ ਪਹਿਨ ਕੇ ਦਿਓਕੱਦ ਕਾਰਪੋਰੇਟ ਕੰਪਨੀਆਂ ਦੇ ਗ਼ੁਲਾਮ ਬਣਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਉਹੀ ਕੁਝ ਪਾਇਆ ਹੈ ਜਿਸ ਦੇ ਅਸੀਂ ਹੱਕਦਾਰ ਹਾਂ : ਸੰਤਾਂ ਦੇ ਭੇਸ ਵਿਚ ਗੁੰਡੇ ਬਦਮਾਸ਼, ਦਾਨਵੀਰ ਦਾ ਸਵਾਂਗ ਰਚਦੇ ਲਾਲਚ ਵਿਚ ਅੰਨ੍ਹੇ ਪੂੰਜੀਪਤੀ ਅਤੇ ਟੈਕਨੋ-ਕਾਰਪੋਰੇਟ ਸਾਮਰਾਜ ਦੇ ਲਫਟੈਣ ਬਣੇ ਫਿਰਦੇ ਮੁੱਖਧਾਰਾ ਦੇ ਸਿਆਸਤਦਾਨ।
ਸੰਭਵ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਆਪਣੇ ਆਕਾਵਾਂ ਨੂੰ ਚੁਣਦੇ ਰਹਾਂਗੇ, ਅਸੀਂ ਅਰਬਾਂਪਤੀਆਂ, ਫਿਲਮੀ ਸਿਤਾਰਿਆਂ, ਕ੍ਰਿਕਟਰਾਂ, ਖ਼ੁਦਪ੍ਰਸਤ ਸਿਆਸਤਦਾਨਾਂ ਅਤੇ ਇਹੋ ਜਿਹੇ ਹਰ ਕਿਸਮ ਦੇ ‘ਦੇਸ਼ਭਗਤਾਂ ਦੀਆਂ ਸਫ਼ਲਤਾਵਾਂ’ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹੁੰਦੇ ਰਹਾਂਗੇ। ਤੇ ਕੁਝ ‘ਨਾਸਮਝ ਆਦਰਸ਼ਵਾਦੀ’ ਉਨ੍ਹਾਂ ਰਾਹਾਂ ‘ਤੇ ਤੁਰਦੇ ਰਹਿਣਗੇ ਜਿਨ੍ਹਾਂ ‘ਤੇ ਸਟੈਨ ਸਵਾਮੀ ਨੇ ਚੱਲ ਕੇ ਦਿਖਾਇਆ ਸੀ, ਅਸੀਂ ਸਿਆਸੀ ਜੁਅਰਤਮੰਦੀ ਅਤੇ ਦਹਿਸ਼ਤਵਾਦ ਵਿਚਾਲੇ ਫ਼ਰਕ ਕਰਨ ਦੀ ਕੁੱਵਤ ਖੋਂਦੇ ਜਾਵਾਂਗੇ। ਫਿਰ ਵੀ ਸਾਡੇ ਬੱਚਿਆਂ ਨੂੰ ਸਰਕਾਰੀ ਵਿਦਿਆਦਾਨੀ, ਸੈਲੇਬ੍ਰਿਟੀ ਬਾਬੇ ਅਤੇ ਸਟਾਰ ਟੈਲੀਵਿਜ਼ਨ ਐਂਕਰ ਪਾਠ ਪੜ੍ਹਾਉਂਦੇ ਰਹਿਣਗੇ ਕਿ ਭਾਰਤ ਦਾ ਲੋਕਤੰਤਰ - ਇਸ ਦੀ ਨੌਕਰਸ਼ਾਹੀ, ਇਸ ਦੀ ਪੁਲੀਸ, ਕਾਨੂੰਨੀ ਪ੍ਰਬੰਧ ਸਭ ਕੁਝ ਬਾਕਮਾਲ ਹੈ। ਰਾਸ਼ਟਰਵਾਦ ਅਮਰ ਰਹੇ!
ਮੁਆਫ਼ ਕਰਨਾ, ਫਾਦਰ ਸਟੈਨ ਸਵਾਮੀ! ਅਸੀਂ ਤੁਹਾਡੇ ਲਾਇਕ ਨਹੀਂ ਹਾਂ। ਤੁਸੀਂ ਸਾਡੇ ਲਈ ਸ਼ਰਮਿੰਦਗੀ ਦਾ ਸਬਬ ਬਣ ਗਏ ਸਓ।
* ਲੇਖਕ ਸਮਾਜ ਸ਼ਾਸਤਰੀ ਹੈ।