ਸੰਤਾਪੇ ਦਿਨਾਂ ਦੀ ਦਾਸਤਾਨ - ਸੁਰਿੰਦਰ ਸਿੰਘ ਤੇਜ
ਅਹਿਮ ਦਸਤਾਵੇਜ਼ ਹੈ ਨ੍ਰਿਪਇੰਦਰ ਰਤਨ ਦੀ ਕਿਤਾਬ ‘ਉਪਰੇਸ਼ਨ ਬਲਿਊ ਸਟਾਰ- 84’ (ਚੇਤਨਾ ਪ੍ਰਕਾਸ਼ਨ; 288 ਪੰਨੇ, 395 ਰੁਪਏ)। ਨੀਲਾ ਤਾਰਾ ਸਾਕੇ ਨਾਲ ਜੁੜੇ ਸਿਆਹ ਦਿਨਾਂ ਦਾ ਪ੍ਰਮਾਣਿਕ ਦਸਤਾਵੇਜ਼। ਲੋਕ ਨਜ਼ਰਾਂ ਸਾਹਮਣੇ ਜੋ ਕੁਝ ਵਾਪਰਿਆ, ਉਸ ਦੀ ਤਸਵੀਰ ਦਰਜਨਾਂ ਕਿਤਾਬਾਂ ਵਿਚ ਮੌਜੂਦ ਹੈ। ਜੋ ਲੋਕ ਨਜ਼ਰਾਂ ਸਾਹਮਣੇ ਨਹੀਂ ਵਾਪਰਿਆ, ਉਸ ਦੀ ਬੇਬਾਕ ਤਸਵੀਰ ਇਸ ਕਿਤਾਬ ਵਿਚ ਦਰਜ ਹੈ, ਪੂਰੀ ਬੇਲਾਗ਼ਤਾ ਤੇ ਨਿਰਭੈਤਾ ਨਾਲ। ਲੇਖਕ ਨਾ ਤਾਂ ਹਕੂਮਤ ਨਾਲ ਧਿਰ ਬਣਿਆ, ਨਾ ਫ਼ੌਜ ਨਾਲ ਅਤੇ ਨਾ ਹੀ ਉਨ੍ਹਾਂ ਅਤਿਤਾਈਆਂ ਨਾਲ ਜਿਨ੍ਹਾਂ ਨੂੰ ‘ਖਾੜਕੂ’ ਦਾ ਲਕਬ ਅਸੀਂ ਅੱਜ ਵੀ ਦੇਈਂ ਜਾ ਰਹੇ ਹਾਂ। ਇਨ੍ਹਾਂ ਤਿੰਨਾਂ ਦੀਆਂ ਭੂਮਿਕਾਵਾਂ ਦਾ ਪੋਸਟ-ਮਾਰਟਮ ਅਤੇ ਤਿੰਨਾਂ ਬਾਰੇ ਆਪਣੇ ਪ੍ਰਭਾਵ ਸ੍ਰੀ ਰਤਨ ਨੇ ਪੂਰੀ ਇਮਾਨਦਾਰੀ ਨਾਲ ਕਲਮਬੰਦ ਕੀਤੇ ਹਨ। ਤਿੰਨਾਂ ਬਾਰੇ ਭਾਸ਼ਾ ਵੀ ਅਮੂਮਨ ਖਰ੍ਹਵੀ ਵਰਤੀ ਹੈ, ਬਿਨਾਂ ਕਿਸੇ ਲਿਹਾਜ਼ਦਾਰੀ ਦੇ। ਇਹ ਖਰ੍ਹਵਾਪਣ ਉਸ ਘਟਨਾਕ੍ਰਮ ਦੇ ਕਿਰਦਾਰਾਂ ਅੰਦਰਲੇ ਦੰਭ ਤੇ ਮੱਕਾਰੀ ਤੋਂ ਉਪਜੀ ਅੰਤਰੀਵੀ ਪੀੜਾ ਦਾ ਇਜ਼ਹਾਰ ਹੈ। ਸੱਚਮੁੱਚ ਬੜਾ ਦੰਭ ਦੇਖਿਆ ਉਨ੍ਹੀਂ ਦਿਨੀਂ ਪੰਜਾਬ ਨੇ, ਧਰਮਾਂ ਦੇ ਨਾਂਅ ’ਤੇ, ਹਕੂਮਤੀ ਜਵਾਬ ਦੇ ਨਾਂਅ ’ਤੇ, ਕੌਮਵਾਦ ਤੇ ਰਾਸ਼ਟਰਵਾਦ ਦੇ ਨਾਂਅ ’ਤੇ। ਇਸ ਦੰਭ, ਇਸ ਤੋਂ ਉਪਜੇ ਅਤਿਵਾਦ ਅਤੇ ਸਾਰੀਆਂ ਸਬੰਧਿਤ ਧਿਰਾਂ ’ਚ ਨੇਕਨੀਅਤੀ ਦੀ ਘਾਟ ਨੇ ਸਾਡੇ ਸੂਬੇ ਦੇ ਭਵਿੱਖ ਨੂੰ ਇਸ ਹੱਦ ਤੱਕ ਧੁਆਂਖ ਦਿੱਤਾ ਕਿ ਕਾਲਖ਼ ਅੱਜ ਵੀ ਸਾਡੀ ਤਕਦੀਰ ਬਣੀ ਹੋਈ ਹੈ। ਜਿਨ੍ਹਾਂ ਪੈਮਾਨਿਆਂ ਰਾਹੀਂ ਵਿਕਾਸ ਨੂੰ ਆਂਕਿਆ ਜਾਂਦਾ ਹੈ, ਉਨ੍ਹਾਂ ਮੁਤਾਬਿਕ ਪੰਜਾਬ ਹੁਣ ਮੋਹਰੀ ਰਾਜਾਂ ਵਿਚ ਸ਼ੁਮਾਰ ਨਹੀਂ। ਨਿਘਾਰ ਦਾ ਇਹ ਸਿਲਸਿਲਾ ਰੁਕਣ ਦੀ ਉਮੀਦ ਵੀ ਨਜ਼ਰ ਨਹੀਂ ਆਉਂਦੀ।
ਸ੍ਰੀ ਰਤਨ ਨੇ ਕਿਤਾਬ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ। ਮੇਰੀ ਸੂਝ ਮੁਤਾਬਿਕ ਇਸ ਦੇ ਤਿੰਨ ਅਨੁਭਾਗ ਹਨ। ਪਹਿਲਾ ਭਾਗ 3 ਜੂਨ 1984 ਤੋਂ ਬਾਅਦ ਵਾਪਰੀਆਂ ਘਟਨਾਵਾਂ ਤੇ ਅਨੁਭਵਾਂ ਦੇ ਡਾਇਰੀਨੁਮਾ ਰਿਕਾਰਡ ਦੇ ਰੂਪ ਵਿਚ ਹੈ। ਲੇਖਕ ਕਮਿਸ਼ਨਰ, ਜਲੰਧਰ ਡਿਵੀਜ਼ਨ ਵਜੋਂ 16 ਦਿਨਾਂ ਤੱਕ ਅੰਮ੍ਰਿਤਸਰ ਵਿਚ ਤਾਇਨਾਤ ਰਿਹਾ। ਉਸ ਦਾ ਕੰਮ ਨੀਲਾ ਤਾਰਾ ਸਾਕੇ ਦੇ ਪ੍ਰਸੰਗ ਵਿਚ ਅੰਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ ਵਿਚ ਉਭਰੀਆਂ ਪ੍ਰਸ਼ਾਸਨਿਕ ਚੁਣੌਤੀਆਂ ਨਾਲ ਸਿੱਝਣ ਵਿਚ ਡਿਪਟੀ ਕਮਿਸ਼ਨਰਾਂ ਨੂੰ ਸੇਧ ਦੇਣਾ ਅਤੇ ਫ਼ੌਜ ਤੇ ਸਿਵਿਲ ਪ੍ਰਸ਼ਾਸਨ ਦਰਮਿਆਨ ਤਾਲਮੇਲ ਬਿਠਾਉਣਾ ਸੀ। ਬੜੇ ਤਣਾਅ ਭਰੇ ਦਿਨ ਸਨ ਉਹ। ਫ਼ਿਰਕਾਪ੍ਰਸਤੀ ਨੇ ਸਿਰ ਚੁੱਕਿਆ ਹੋਇਆ ਸੀ। ਨਹੁੰ-ਮਾਸ ਦੀ ਸਾਂਝ ਦਮ ਤੋੜਦੀ ਜਾਪਣ ਲੱਗੀ ਸੀ। ਨੀਲਾ ਤਾਰਾ ਸਾਕੇ ਨੇ ਪੰਜਾਬ ਅਤੇ ਬਾਕੀ ਜਹਾਨ ਵਿਚ ਬੈਠੇ ਸਿੱਖ ਭਾਈਚਾਰੇ ਨੂੰ ਡੂੰਘੀ ਮਾਨਸਿਕ ਸੱਟ ਮਾਰੀ ਸੀ। ਉਸ ਸੱਟ ਦੀ ਸੱਲ੍ਹ ਅੱਜ ਵੀ ਬਰਕਰਾਰ ਹੈ, ਇਹ ਕੋਈ ਅਨਹੋਣੀ ਗੱਲ ਨਹੀਂ। ਆਸਥਾ ਨਾਲ ਜੁੜੇ ਸੰਤਾਪਾਂ ਦੀ ਉਮਰ ਸਦਾ ਹੀ ਬਹੁਤ ਲੰਬੀ ਹੁੰਦੀ ਹੈ। ਬਹਰਹਾਲ, ਉਨ੍ਹੀਂ ਦਿਨੀਂ ਹਾਲਾਤ ਉੱਤੇ ਕਾਬੂ ਪਾਉਣ ਲਈ ਅੰਤਾਂ ਦੀ ਸੰਜੀਦਗੀ ਤੇ ਸੰਵੇਦਨਸ਼ੀਲਤਾ ਦਿਖਾਉਣ ਦੀ ਲੋੜ ਸੀ। ਇਹ ਦੋਵੇਂ ਤੱਤ ਕੇਂਦਰ ਸਰਕਾਰ ਅਤੇ ਫ਼ੌਜ ਦੀ ਪਹੁੰਚ ਵਿਚੋਂ ਗਾਇਬ ਸਨ। ਇਹ ਸਾਰਾ ਬਿਰਤਾਂਤ ਕਿਸੇ ਅਜਿਹੇ ਅਧਿਕਾਰੀ ਦੀ ਕਲਮ ਰਾਹੀਂ ਸਾਹਮਣੇ ਲਿਆਉਣ ਦੀ ਜ਼ਰੂਰਤ ਸੀ ਜੋ ਸਮੁੱਚੇ ਘਟਨਾ-ਚੱਕਰ ਦਾ ਚਸ਼ਮਦੀਦ ਬਣਿਆ ਰਿਹਾ। ਸ੍ਰੀ ਰਤਨ ਨੇ ਇਸ ਕਿਤਾਬ ਦੇ ਪਹਿਲੇ ਅਨੁਭਾਗ ਰਾਹੀਂ ਇਹ ਜ਼ਰੂਰਤ ਬਾਖ਼ੂਬੀ ਪੂਰੀ ਕੀਤੀ ਹੈ।
ਦੂਜਾ ਅਨੁਭਾਗ ਅਨੁਲੱਗਾਂ ਦੇ ਰੂਪ ਵਿਚ ਹੈ। ਇਸੇ ਅਨੁਭਾਗ ਵਿਚ ਲੇਖਕ ਨੇ ਡਾਇਰੀ ਵਾਲੇ ਦਾਇਰੇ ਤੋਂ ਬਾਹਰ ਜਾ ਕੇ ਸਮੁੱਚੇ ਸਾਕੇ ਦੇ ਵੱਖ-ਵੱਖ ਪੱਖਾਂ ਬਾਰੇ ਆਪਣੇ ਨਿੱਜੀ ਵਿਚਾਰ ਤੇ ਪ੍ਰਭਾਵ ਪਾਠਕਾਂ ਨਾਲ ਸਾਂਝੇ ਕੀਤੇ ਹਨ। ਇਸ ਅਨੁਭਾਗ ਵਿਚ ਸ਼ਾਮਲ ਨਿਬੰਧਾਂ ਰਾਹੀਂ ‘ਕੀ ਸਮੁੱਚਾ ਉਪਰੇਸ਼ਨ ਪਹਿਲਾਂ ਤੋਂ ਮਿਥਿਆ ਗਿਆ ਸੀ’, ‘ਕੀ ਇਸ ਉਪਰੇਸ਼ਨ ਦਾ ਕੋਈ ਬਦਲ ਹੋ ਸਕਦਾ ਸੀ’, ‘ਕੀ ਫ਼ੌਜੀ ਜਰਨੈਲ ਸਿੱਖ-ਵਿਰੋਧੀ ਸਨ’ ਵਰਗੇ ਸਵਾਲਾਂ ਉੱਤੇ ਚਿੰਤਨ-ਮੰਥਨ ਕੀਤਾ ਗਿਆ ਹੈ ਅਤੇ ਜਵਾਬ ਵੀ ਤਾਰਕਿਕ ਢੰਗ ਨਾਲ ਸਾਹਮਣੇ ਲਿਆਂਦੇ ਗਏ ਹਨ। ਤੀਜੇ ਅਨੁਭਾਗ ਵਿਚ ਸਾਕਾ ਨੀਲਾ ਤਾਰਾ ਜਾਂ ਉਸੇ ਸਮਾਂ-ਕਾਲ ਨਾਲ ਜੁੜੀਆਂ ਸ੍ਰੀ ਰਤਨ ਦੀਆਂ ਸਾਹਿਤਕ ਰਚਨਾਵਾਂ ਸ਼ਾਮਲ ਹਨ। ਇਹ ਰਚਨਾਵਾਂ ਉਸੇ ਅੰਤਰੀਵੀ ਪੀੜਾ ਦੀ ਤਰਜਮਾਨੀ ਕਰਦੀਆਂ ਹਨ ਜੋ ਪਹਿਲੇ ਦੋ ਅਨੁਭਾਗਾਂ ਵਿਚ ਨਿਹਿੱਤ ਹੈ।
ਸਮੁੱਚੇ ਸਾਕੇ ਦੌਰਾਨ ਮਾਰੇ ਗਏ ਸਿਵਲੀਅਨਾਂ, ਫ਼ੌਜੀਆਂ ਤੇ ਅਤਿਵਾਦੀਆਂ ਦੀ ਗਿਣਤੀ ਅਤੇ ਬੰਦੀ ਬਣਾਏ ਗਏ ਲੋਕਾਂ ਤੇ ਧਰਮੀ ਫ਼ੌਜੀਆਂ ਦੇ ਵੇਰਵੇ ਵੀ ਇਸ ਕਿਤਾਬ ਵਿਚ ਸੰਮਿਲਿਤ ਹਨ। ਸਮਕਾਲੀ ਘਟਨਾਵਾਂ ਤੋਂ ਉੱਭਰੀ ਰੋਹ ਤੇ ਪੀੜ ਵਾਲੀ ਤੰਦ ਤੋਂ ਇਲਾਵਾ ਸਮੇਂ ਦਾ ਸੱਚ ਸਾਹਮਣੇ ਲਿਆਉਣ ਦੀ ਚਾਹਤ ਵੀ ਕਿਤਾਬ ਵਿਚ ਨੁਮਾਇਆਂ ਰੂਪ ਵਿਚ ਮੌਜੂਦ ਹੈ। ਇਹ ਦੋਵੇਂ ਜਜ਼ਬੇ ਕਿਤਾਬ ਦੀ ਪ੍ਰਮਾਣਿਕਤਾ ਤੇ ਪੜ੍ਹਨਯੋਗਤਾ ਵਧਾਉਂਦੇ ਹਨ।
ਭੂਮਿਕਾ ਵਿਚ ਸ੍ਰੀ ਰਤਨ ਨੇ ਕਿਤਾਬ ਛਪਣ ਵਿਚ ਹੋਈ ਦੇਰੀ ਦੀ ਵਜ੍ਹਾ ਬਿਆਨ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 37 ਵਰ੍ਹਿਆਂ ਦੌਰਾਨ ਨੀਲਾ ਤਾਰਾ ਸਾਕੇ ਬਾਰੇ ਅੰਗਰੇਜ਼ੀ, ਪੰਜਾਬੀ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਵਿਚ 100 ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਉਸ ਹਿਸਾਬ ਨਾਲ ਇਹ ਕਿਤਾਬ ਵੀ ਪਹਿਲਾਂ ਛਪ ਜਾਣੀ ਚਾਹੀਦੀ ਸੀ। ਪਰ ਨਾਲ ਹੀ ਉਨ੍ਹਾਂ ਮੰਨਿਆ ਹੈ ਕਿ ਇਤਿਹਾਸਕ ਘਟਨਾ ਜਾਂ ਘਟਨਾਵਾਂ ਨੂੰ ਸਮਝਣ ਤੇ ਵਿਸ਼ਲੇਸ਼ਣ ਕਰਨ ਵਿਚ ਦੋ-ਤਿੰਨ ਸਦੀਆਂ ਦਾ ਸਮਾਂ ਵੀ ਬਹੁਤਾ ਨਹੀਂ ਸਮਝਿਆ ਜਾਂਦਾ। ਇਹ ਕਾਰਨ ਦਰੁਸਤ ਹੈ। ਇਤਿਹਾਸ ਲੇਖਣ ਵਿਚ ਬੇਲਾਗ਼ਤਾ ਲਿਆਉਣ ਲਈ ਘੱਟੋ-ਘੱਟ ਇਕ ਪੀੜ੍ਹੀ ਦਾ ਅੰਤਰ ਜ਼ਰੂਰੀ ਹੁੰਦਾ ਹੈ। ਤੱਤ-ਫੱਟ ਲਿਖਿਆ ਬਿਰਤਾਂਤ ਅਮੂਮਨ ਅੰਤਰਮੁਖੀ (Subjective) ਹੋ ਨਿਬੜਦਾ ਹੈ। ਨਾ ਚਾਹੁੰਦੇ ਹੋਏ ਵੀ ਉਸ ਵਿਚ ਉਲਾਰ ਦਾਖ਼ਲ ਹੋ ਜਾਂਦਾ ਹੈ। ਉਂਜ ਵੀ, ਕਾਹਲ ਕਾਰਨ ਤੱਥਾਂ, ਹਾਲਾਤ ਤੇ ਘਟਨਾਵਾਂ ਦੀ ਗ਼ਲਤ ਵਿਆਖਿਆ ਦੀ ਗੁੰਜਾਇਸ਼ ਲਗਾਤਾਰ ਬਣੀ ਰਹਿੰਦੀ ਹੈ। ਸਾਕਾ ਨੀਲਾ ਤਾਰਾ ਬਾਰੇ ਬਹੁਤੀਆਂ ਕਿਤਾਬਾਂ ਵਿਚ ਉਲਾਰਵਾਦੀ ਰੁਝਾਨ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਰਹੇ ਹਨ। ਸ੍ਰੀ ਰਤਨ ਦੀ ਕਿਤਾਬ ਦਾ ਬੁਨਿਆਦੀ ਖਰੜਾ 1985 ਵਿਚ ਲਿਖਿਆ ਗਿਆ। ਉਸ ਤੋਂ ਬਾਅਦ ਜੇਕਰ ਕਿਤਾਬ ਛਪਣ ਵਿਚ 37 ਵਰ੍ਹਿਆਂ ਦੀ ਦੇਰੀ ਹੋਈ ਤਾਂ ਇਤਿਹਾਸ ਦੀ ਦ੍ਰਿਸ਼ਟੀ ਤੇ ਪਰਿਪੇਖ ਤੋਂ ਇਹ ਲਾਹੇਵੰਦੀ ਰਹੀ। ਇਨ੍ਹਾਂ ਵਰ੍ਹਿਆਂ ਦੌਰਾਨ ਸ੍ਰੀ ਰਤਨ ਨੂੰ ਖੋਜ ਤੇ ਤੱਥਾਂ ਦੀ ਤਸਦੀਕ ਕਰਨ ਵਾਸਤੇ ਵਾਜਬ ਸਮਾਂ ਮਿਲ ਗਿਆ। ਉਹ ਬਲਿਊ ਸਟਾਰ ਦੌਰਾਨ ਮਾਰੇ ਗਏ ਨਾਗਰਿਕਾਂ ਦੀ ਗਿਣਤੀ, ਮ੍ਰਿਤ ਸੈਨਿਕਾਂ ਦੀ ਗਿਣਤੀ, ਬਗ਼ਾਵਤ ਕਰਨ ਵਾਲੇ ਸੈਨਿਕਾਂ (ਧਰਮੀ ਫ਼ੌਜੀਆਂ) ਦੀ ਸੰਖਿਆ, ਬਗ਼ਾਵਤ ਦੀਆਂ ਘਟਨਾਵਾਂ ਦੌਰਾਨ ਮਰਨ ਵਾਲੇ ਜਾਂ ਗੁੰਮਸ਼ੁਦਾ ਸੈਨਿਕਾਂ ਦੀ ਸੰਖਿਆ ਅਤੇ ਸਜ਼ਾਵਾਂ ਭੋਗਣ ਵਾਲੇ ਸੈਨਿਕਾਂ ਦੀ ਗਿਣਤੀ ਨਾਲ ਜੁੜੇ ਸਾਰੇ ਪੱਖਾਂ ਦੀ ਤਸਦੀਕ ਕਰ ਸਕੇ। ਉਨ੍ਹਾਂ ਵੱਲੋਂ ਪੇਸ਼ ਅੰਕੜੇ (ਜਿਵੇਂ ਕਿ ਮ੍ਰਿਤਕ ਨਾਗਰਿਕਾਂ (ਸਿਵਲੀਅਨਾਂ) ਦੀ ਸੰਖਿਆ ਵੱਧ ਤੋਂ ਵੱਧ 800 ਤੇ ਘੱਟ ਤੋਂ ਘੱਟ 543 ਜਾਂ ਮ੍ਰਿਤਕ ਸੈਨਿਕਾਂ ਦੀ ਸਹੀ ਸੰਖਿਆ 79 ਭਰਮ-ਭੁਲੇਖੇ ਦੂਰ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਉੱਤੇ ਉਜ਼ਰ ਅਜੇ ਵੀ ਹੋਣਗੇ। ਦਰਅਸਲ, ਕੈਨੇਡੀਅਨ/ਅਮਰੀਕਾ ਡਾਲਰਾਂ ਦੀ ਚਮਕ ਅਤੇ ਧਾਰਮਿਕ ਉਲਾਰਵਾਦ ਦੋ ਅਜਿਹੇ ਤੱਤ ਹਨ ਜੋ ਸੈਂਕੜਿਆਂ ਨੂੰ ਹਜ਼ਾਰਾਂ ਵਿਚ ਬਦਲਣ ਵਿਚ ਰਤਾ ਵੀ ਦੇਰ ਨਹੀਂ ਲਾਉਂਦੇ। ਬਾਬੇ ਨਾਨਕ ਦੀ ਤਰਕਸ਼ੀਲ ਸਿੱਖੀ ਨੂੰ ਕਰਾਮਾਤੀ ਸਾਖੀਕਾਰੀ ਵਿਚ ਬਦਲਣ ਦੀ ਇਹੋ ਪ੍ਰਥਾ ਤੇ ਵਿਧਾ ਹੀ ਸਿੱਖੀ ਵਿਚੋਂ ਉਸ ਤਰਕ-ਬਿਬੇਕ ਦਾ ਬੀਜ-ਨਾਸ ਕਰਦੀ ਆ ਰਹੀ ਹੈ ਜੋ ਸਿੰਘ ਸਭਾ ਲਹਿਰ ਦੇ ਉਭਾਰ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਮੁੱਢਲੇ ਵਰ੍ਹਿਆਂ ਦੌਰਾਨ ਨਜ਼ਰ ਆਇਆ ਸੀ।
ਤਿੰਨ ਜੂਨ ਤੋਂ 16 ਜੂਨ 1984 ਤੱਕ ਦੀ ਤਫ਼ਸੀਲ ਪੇਸ਼ ਕਰਨ ਵਾਲੇ ਪੰਨੇ ਦਰਸਾਉਂਦੇ ਹਨ ਕਿ ਜਿਨ੍ਹਾਂ ਨੇ ਬਲਿਊ ਸਟਾਰ ਅਪਰੇਸ਼ਨ ਉਲੀਕਿਆ, ਉਹ ਜ਼ਮੀਨੀ ਹਕੀਕਤਾਂ ਤੋਂ ਕਿੰਨੇ ਕੋਰੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾ ਤਾਂ ਫ਼ੌਜ ਤੇ ਸਿਵਿਲ ਪ੍ਰਸ਼ਾਸਨ ਦਰਮਿਆਨ ਤਾਲਮੇਲ ਦੀ ਕੋਈ ਯੋਜਨਾ ਉਲੀਕੀ ਅਤੇ ਨਾ ਹੀ ਅਹਿਮ ਸਿਆਸੀ ਧਿਰਾਂ ਤੇ ਸੂਬਾਈ ਪੱਧਰ ਦੇ ਉੱਚ ਅਧਿਕਾਰੀਆਂ ਨੂੰ ਭਰੋਸੇ ਵਿਚ ਲੈਣਾ ਮੁਨਾਸਿਬ ਸਮਝਿਆ। ਫੌ਼ਜੀ ਅਫ਼ਸਰ, ਸਿਵਿਲ ਪ੍ਰਸ਼ਾਸਨ ਪ੍ਰਤੀ ਆਪਣੀ ਹਿਕਾਰਤ ਅਕਸਰ ਛੁਪਾਉਂਦੇ ਨਹੀਂ। ਉਨ੍ਹਾਂ ਨੂੰ ਹਰ ਬਾਬੂ ਕੰਮਚੋਰ, ਭ੍ਰਿਸ਼ਟ ਅਤੇ ਲਾਲਫੀਤਾਸ਼ਾਹੀ ਦਾ ਪਾਬੰਦ ਨਜ਼ਰ ਆਉਂਦਾ ਹੈ। ਕਸੂਰ ਉਨ੍ਹਾਂ ਦਾ ਨਹੀਂ। ਉਨ੍ਹਾਂ ਨੂੰ ਸਿਖਲਾਈ ਦੌਰਾਨ ਇਹ ਬੋਧ ਹੀ ਨਹੀਂ ਕਰਾਇਆ ਜਾਂਦਾ ਕਿ ਪਲਟਨ ਦੇ ਪ੍ਰਬੰਧ ਅਤੇ ਸਿਵਲੀਅਨ ਪ੍ਰਸ਼ਾਸਨ ਦਰਮਿਆਨ ਜ਼ਮੀਨ ਅਸਮਾਨ ਦਾ ਫ਼ਰਕ ਹੈ। ਬਾਬੂ ਚਾਹੇ ਜਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਉਸ ਨੂੰ ਲੋਕ ਭਾਵਨਾਵਾਂ ਦਾ ਧਿਆਨ ਰੱਖਣਾ ਪੈਂਦਾ ਹੈ। ਸਿਵਿਲ ਅਫ਼ਸਰਾਂ ਦੀ ਸਿਖਲਾਈ ਹੀ ਇਸੇ ਲੀਹ ’ਤੇ ਹੁੰਦੀ ਹੈ। ਸਖ਼ਤੀ ਵਰਗੇ ਹਥਿਆਰ ਉਨ੍ਹਾਂ ਕੋਲ ਵੀ ਹੁੰਦੇ ਹਨ, ਪਰ ਇਹ ਹਥਿਆਰ ਪੁੱਠੇ ਰੱਖਣ ਦੀ ਮਜਬੂਰੀ ਉਨ੍ਹਾਂ ਨੂੰ ਆਪਣੇ ਅੰਦਰ ਵਿਕਸਿਤ ਕਰਨੀ ਹੀ ਪੈਂਦੀ ਹੈ। ਫੌ਼ਜ ਤੇ ਸਿਵਿਲ ਪ੍ਰਸ਼ਾਸਨ ਦੇ ਸੁਭਾਅ ਅੰਦਰਲਾ ਇਹੋ ਬੁਨਿਆਦੀ ਫ਼ਰਕ, ਹੰਗਾਮੀ ਹਾਲਾਤ ਦੌਰਾਨ ਦੋਵਾਂ ਧਿਰਾਂ ਦਰਮਿਆਨ ਤਣਾਅ ਦਾ ਸਬੱਬ ਅਕਸਰ ਹੀ ਬਣ ਜਾਂਦਾ ਹੈ। ਸਾਕਾ ਨੀਲਾ ਤਾਰਾ ਦੇ ਦਿਨਾਂ ਦੌਰਾਨ ਤਾਂ ਇਹ ਤਣਾਅ ਕੁਝ ਜ਼ਿਆਦਾ ਹੀ ਸੀ। ਕੇਂਦਰੀ ਹਾਕਮਾਂ ਵੱਲੋਂ ਫ਼ੌਜ ਦੇ ਅਧਿਕਾਰਾਂ ਤੇ ਅਧਿਕਾਰ ਖ਼ੇਤਰ ਦੀ ਸਪਸ਼ਟ ਨਿਸ਼ਾਨਦੇਹੀ ਨਹੀਂ ਸੀ ਕੀਤੀ ਗਈ। ਲਿਹਾਜ਼ਾ, ਸਿਵਿਲ ਪ੍ਰਸ਼ਾਸਨ ਨੂੰ ਗੁੱਠੇ ਲਾ ਕੇ ਰੱਖਣਾ ਫੌ਼ਜ ਨੂੰ ਆਪਣਾ ਪਰਮ-ਧਰਮ ਜਾਪਣ ਲੱਗਾ ਸੀ। ਇਸ ਨੇ ਸਥਿਤੀ ਦੀ ਪੇਚੀਦਗੀ ਵਧਾਈ। ਸਿਵਿਲ ਪ੍ਰਸ਼ਾਸਨ ਨੇ ਮੂੰਹ ਵੱਟ ਕੇ ਬੈਠਣਾ ਮੁਨਾਸਿਬ ਸਮਝਿਆ। ਪ੍ਰੇਸ਼ਾਨੀ ਆਮ ਲੋਕਾਂ ਨੂੰ ਹੋਈ। ਅੰਮ੍ਰਿਤਸਰ, ਸਮੁੱਚੀ ਫੌ਼ਜੀ ਕਾਰਵਾਈ ਦਾ ਧੁਰਾ ਸੀ। ਉੱਥੇ ਫ਼ਿਰਕੂ ਕਸ਼ੀਦਗੀ ਵੀ ਸਭ ਤੋਂ ਵੱਧ ਸੀ। ਇਕ ਫ਼ਿਰਕੇ ਵਿਚ ਰੋਸਾ ਤੇ ਨਮੋਸ਼ੀ ਸੀ, ਦੂਜੇ ਫ਼ਿਰਕੇ ਵਾਲੇ ਜਸ਼ਨ ਮਨਾ ਰਹੇ ਸਨ। ਫ਼ੌਜ ਇਸ ਸਥਿਤੀ ਦੀ ਨਾਜ਼ੁਕਤਾ ਤੋਂ ਨਾਵਾਕਫ਼ ਸੀ। ਇਤਫ਼ਾਕਵੱਸ, ਸ੍ਰੀ ਰਤਨ 7 ਜੂਨ ਨੂੰ ਇਸ ‘ਗਰਾਊਂਡ ਜ਼ੀਰੋ’ ਉੱਤੇ ਪਹੁੰਚ ਗਏ। ਅੰਮ੍ਰਿਤਸਰ ਦੇ ਜੰਮਪਲ ਹੋਣ ਦੇ ਨਾਤੇ ਉਹ ਸ਼ਹਿਰ ਦੇ ਚੱਪੇ-ਚੱਪੇ ਤੋਂ ਵਾਕਫ਼ ਸਨ। ਬਿਖਰੀਆਂ ਤੰਦਾਂ ਨੂੰ ਸਮੇਟਣ ਅਤੇ ਫੌ਼ਜ ਤੇ ਸਿਵਿਲ ਪ੍ਰਸ਼ਾਸਨ ਦਰਮਿਆਨ ਰਾਬਤਾ ਬਿਹਤਰ ਬਣਾਉਣ ਵਾਸਤੇ ਉਨ੍ਹਾਂ ਨੂੰ ਖ਼ੂਬ ਮੁਸ਼ੱਕਤ ਕਰਨੀ ਪਈ। ਇਹ ਸਾਰਾ ਬਿਰਤਾਂਤ ਇਸ ਕਿਤਾਬ ਦੀ ਜਿੰਦ-ਜਾਨ ਹੈ।
ਦਰਅਸਲ, ਸ੍ਰੀ ਰਤਨ ਸਮੁੱਚੇ ਘਟਨਾਕ੍ਰਮ ਦੇ ਚਸ਼ਮਦੀਦ (ਅਤੇ ਇਕ ਹੱਦ ਤੱਕ ਪਾਤਰ) ਵੀ ਸਬੱਬੀਂ ਹੀ ਬਣੇ। ਇਸ ਦੇ ਪ੍ਰਸੰਗ ਵਿਚ ਉਹ ਲਿਖਦੇ ਹਨ: ‘‘ਕਦੇ-ਕਦੇ ਘਟਨਾ ਚੱਕਰ ਐਨਾ ਤੇਜ਼ ਚਲਦਾ ਹੈ ਅਤੇ ਹਾਲਾਤ ਐਸੇ ਬਣ ਜਾਂਦੇ ਹਨ ਕਿ ਅਣਚਾਹੇ ਹੀ, ਅਣਜਾਣੇ ਹੀ ਜ਼ਿੰਮੇਵਾਰੀ ਦਾ ਬੋਝ ਆ ਪੈਂਦਾ ਹੈ ਅਤੇ ਤੁਸੀਂ ਐਸੇ ਘਟਨਾ-ਚੱਕਰ ਦੇ ਅੱਖੀਂ ਦੇਖੇ ਗਵਾਹ ਬਣ ਜਾਂਦੇ ਹੋ ਜਿਸ ਬਾਰੇ ਕਦੇ ਕਿਸੇ ਨੇ ਸੁਪਨੇ ਵਿਚ ਵੀ ਸੋਚਿਆ ਨਾ ਹੋਵੇ ਅਤੇ ਜਿਸ ਨਾਲ ਤੁਹਾਡਾ, ਆਮ ਜੀਵਨ ਵਿਚ, ਕੋਈ ਦੂਰ-ਨੇੜੇ ਦਾ ਵੀ ਸਬੰਧ ਨਾ ਹੋਵੇ।’’ (ਪੰਨਾ 14)। ਸ੍ਰੀ ਰਤਨ ਦੀ ਨਿਯੁਕਤੀ ਕਮਿਸ਼ਨਰ (ਅਪੀਲ), ਜਲੰਧਰ ਡਿਵੀਜ਼ਨ ਹੋਈ ਸੀ। ਕਮਿਸ਼ਨਰ (ਪ੍ਰਸ਼ਾਸਨ) ਵਾਲਾ ਅਹੁਦਾ ਦਿਨੇਸ਼ ਚੰਦਰ ਆਈਏਐੱਸ ਕੋਲ ਸੀ। ਦਿਨੇਸ਼ ਚੰਦਰ ਤਿੰਨ ਤੋਂ 10 ਜੂਨ ਤੱਕ ਛੁੱਟੀ ਚਲਾ ਗਿਆ। ਉਸ ਦਾ ਚਾਰਜ ਕਮਿਸ਼ਨਰ (ਅਪੀਲ) ਨੂੰ ਸੌਂਪ ਦਿੱਤਾ ਗਿਆ।
ਇਹੋ ਚਾਰਜ ਸ੍ਰੀ ਰਤਨ ਨੂੰ ਅੰਮ੍ਰਿਤਸਰ ਲੈ ਗਿਆ ਜਿੱਥੇ ਉਨ੍ਹਾਂ ਨੂੰ ਕਰੀਬ 12 ਦਿਨ ਕੈਂਪ ਦਫ਼ਤਰ ਬਣਾ ਕੇ ਰਹਿਣਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਹੋਰਨਾਂ ਜ਼ਿੰਮੇਵਾਰੀਆਂ ਤੋਂ ਇਲਾਵਾ ਫ਼ੌਜੀ ਅਫ਼ਸਰਾਂ ਤੇ ਸਿਵਿਲ ਪ੍ਰਸ਼ਾਸਨ ਦਰਮਿਆਨ ਫਾਇਰ ਫਾਈਟਰ ਦੀ ਭੂਮਿਕਾ ਵੀ ਨਿਭਾਉਣੀ ਪਈ। ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਮੁਕਾਬਲੇ ਉਪਰੋਕਤ ਭੂਮਿਕਾ ਕਿਤੇ ਵੱਧ ਅਕਾਊ ਤੇ ਥਕਾਊ ਸੀ।
ਕਿਤਾਬ ਦਾ 8 ਜੂਨ 1984 ਵਾਲਾ ਅਧਿਆਇ ਬੜਾ ਹੌਲਨਾਕ ਮੰਜ਼ਰ ਉਭਾਰਦਾ ਹੈ, ਖ਼ਾਸ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਦਾ। ਸ੍ਰੀ ਰਤਨ ਦੇ ਸ਼ਬਦਾਂ ਵਿਚ ‘‘ਬੜਾ ਭਿਅੰਕਰ ਦ੍ਰਿਸ਼ ਸੀ। ਸ਼ਾਬਦਿਕ ਅਰਥਾਂ ਵਿਚ ਜਿਵੇਂ ਕੂੜਾ ਤੇ ਗੰਦ ਭਰਿਆ ਜਾਂਦਾ ਹੈ, ਉਂਜ ਹੀ ਟ੍ਰਾਲੀਆਂ ਭਰੀਆਂ ਜਾ ਰਹੀਆਂ ਸਨ- ਇਕ ਦੂਜੇ ਉੱਤੇ ਲਾਸ਼ਾਂ ਚੜ੍ਹੀਆਂ ਹੋਈਆਂ ਸਨ। ਕਿਸੇ ਦਾ ਸਿਰ ਫਟਿਆ ਪਿਆ, ਕਿਸੇ ਦੀਆਂ ਆਂਤੜਾ ਨਿਕਲੀਆਂ ਹੋਈਆਂ। … ਮੈਂ ਬਿੰਦ ਦੀ ਬਿੰਦ ਹੀ ਇਹ ਸਭ ਕੁਝ ਦੇਖਿਆ ਅਤੇ ਮੂੰਹ ਫੇਰ ਲਿਆ।’’ (ਪੰਨਾ 31)। ਸਰਕਾਰੀ ਅਧਿਕਾਰੀਆਂ ਜਾਂ ਅਮਲੇ-ਫੈਲੇ ਨੂੰ ਅਜਿਹੇ ਸਮਿਆਂ ਦੌਰਾਨ ਕਿਸ ਹੱਦ ਤੱਕ ਮਨ ਮਾਰਨਾ ਪੈਂਦਾ ਹੈ, ਇਸ ਦੀਆਂ ਦਰਜਨਾਂ ਮਿਸਾਲਾਂ ਇਸ ਕਿਤਾਬ ਦਾ ਹਿੱਸਾ ਹਨ।
ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜਾਂ ਆਪਣੇ ਕੁਝ ਸਹਿਕਰਮੀਆਂ (ਸਾਥੀ ਆਈਏਐੱਸ ਅਫ਼ਸਰਾਂ) ਬਾਰੇ ਸ੍ਰੀ ਰਤਨ ਦੀਆਂ ਟਿੱਪਣੀਆਂ ਸਖ਼ਤ ਕਿਸਮ ਦੀਆਂ ਹਨ, ਪਰ ਹੈਨ ਜਾਇਜ਼। ਹਵਾਵਾਂ ਦੇ ਰੁਖ਼ ਮੁਤਾਬਿਕ ਚੱਲਣ ਵਾਲੇ ਜਾਂ ਅਖੌਤੀ ਕੁਰਬਾਨੀਆਂ ਕਰਨ ਵਾਲੇ ਇਹ ਅਫ਼ਸਰ ਪੰਜਾਬ ਦੇ ਸਿਆਹ ਦਿਨਾਂ ਦੌਰਾਨ ਵੀ ਹਕੂਮਤਕਾਰਾਂ ਵੱਲੋਂ ਪੁਚਕਾਰੇ ਜਾਂਦੇ ਰਹੇ ਅਤੇ ਸਿਆਹ ਦਿਨਾਂ ਤੋਂ ਬਾਅਦ ਵੀ। ਸ੍ਰੀ ਰਤਨ ਨੇ ਆਪਣੀ ਕਲਮ ਦੀ ਧਾਰ ਉਸ ‘ਹਸਤੀ’ ਬਾਰੇ ਵੀ ਓਨੀ ਹੀ ਤਿੱਖੀ ਰੱਖੀ ਹੈ ਜਿਸ ਨੇ ਆਪਣੀ ਧੌਂਸ ਤੇ ਘੁਮੰਡ ਦੀ ਖ਼ਾਤਿਰ ਸਿੱਖ ਧਰਮ ਦੇ ਸਭ ਤੋਂ ਮੁਕੱਦਸ ਅਸਥਾਨ ਅੰਦਰ ਜੰਗੀ ਮੋਰਚਾਬੰਦੀ ਕੀਤੀ। ਅਜਿਹੀ ਪਹੁੰਚ ਇਤਿਹਾਸ ਦੀ ਦ੍ਰਿਸ਼ਟੀ ਤੋਂ ਵੀ ਦਲੇਰੀ ਦੀ ਨਿਸ਼ਾਨੀ ਹੈ ਅਤੇ ਵਿਅਕਤੀਗਤ ਪੱਖੋਂ ਵੀ।
ਸਾਕਾ ਨੀਲਾ ਤਾਰਾ ਨੂੰ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਮੰਨਿਆ ਜਾਣ ਲੱਗਾ ਹੈ। ਬੜੀਆਂ ਤੱਤੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਇਸ ਘਲੂਘਾਰੇ ਦੀ ਬਰਸੀ ਮੌਕੇ। ਹਕੂਮਤਾਂ ਤੇ ਉਨ੍ਹਾਂ ਦੇ ਕਾਰਿੰਦਿਆਂ ਨੂੰ ਕੋਸਣ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਹਕੂਮਤਾਂ ਨੂੰ ਕੋਸਣਾ ਗ਼ਲਤ ਵੀ ਨਹੀਂ, ਪਰ ਨਾਲ ਹੀ ਇਮਾਨਦਾਰੀ ਨਾਲ ਆਤਮ-ਪੜਚੋਲ ਕਰਨ ਅਤੇ ਆਪਣੀਆਂ ਭੁੱਲਾਂ ਦੀ ਨਿਸ਼ਾਨਦੇਹੀ ਕਰਨ ਦਾ ਅਮਲ ਵੀ ਹੁਣ ਸ਼ੁਰੂ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਘੱਲੂਘਾਰੇ ਨੂੰ ਹਵਾ ਦਿੱਤੀ। ਆਪਨੜੇ ਗਿਰੇਬਾਨ ਵਿਚ ਝਾਕਣ ਦਾ ਗੁਰ-ਉਪਦੇਸ਼, ਗੁਰ-ਅਸਥਾਨਾਂ ਵਿਚ ਰਟਾਇਆ ਰੋਜ਼ ਜਾਂਦਾ ਹੈ, ਇਸ ਨੂੰ ਅਸਲੀ ਰੂਪ ਦੇਣ ਦੀ ਸ਼ੁਰੂਆਤ ਵੀ ਹਲੀਮੀ, ਨੇਕਨੀਅਤੀ ਤੇ ਤਨਦੇਹੀ ਨਾਲ ਕੀਤੀ ਜਾਣੀ ਚਾਹੀਦੀ ਹੈ। ਸ੍ਰੀ ਰਤਨ ਦੀ ਕਿਤਾਬ ਅਜਿਹੀ ਆਤਮ-ਪੜਚੋਲ ਵਿਚ ਸਹਾਈ ਹੋਣ ਦੀ ਸਮਰੱਥਾ ਰੱਖਦੀ ਹੈ। ਇਸ ਦਾ ਲਾਭ ਲਿਆ ਜਾਣਾ ਚਾਹੀਦਾ ਹੈ।