ਮੇਰੇ ਵਰਗੇ ਬੰਦੇ - ਰਵਿੰਦਰ ਸਿੰਘ ਕੁੰਦਰਾ
ਸ਼ੁਕਰ ਹੈ ਦੁਨੀਆ ਦੇ ਵਿੱਚ ਨੇ, ਕੁੱਝ ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ ਸਦਕੇ ਚੱਲਦੇ ਨੇ ਕੁੱਝ, ਮੇਰੇ ਕੰਮ ’ਤੇ ਧੰਦੇ।
ਸਾਹ ਮੈਨੂੰ ਕੁੱਝ ਸੁੱਖ ਦਾ ਆਉਂਦਾ, ਜੇ ਕੋਈ ਅੱਖ ਮਿਲਾਵੇ,
ਹੈਰਤ ਹੁੰਦੀ ਹੈ ਮਨ ਦੇ ਵਿੱਚ, ਕੋਈ ਅੱਖ ਬਚਾ ਜੇ ਲੰਘੇ।
ਅਜੀਬ ਹੈ ਦੁਨੀਆ ਚਾਲਾਂ ਚੱਲਦੀ, ਸਮਝ ਨਹੀਂ ਕੋਈ ਪੈਂਦੀ,
ਖੋਹ ਲੈਣ ਲਈ ਸਭ ਨੇ ਤਕੜੇ, ਦੇਣ ਵੇਲੇ ਸਭ ਨੰਗੇ।
ਮੂੰਹ ’ਤੇ ਹੋਰ ਪਰ ਪਿੱਠ ਪਿੱਛੇ, ਕੱਢ ਲੈਣ ਉਹ ਛੁਰੀਆਂ,
ਖੋਟੀ ਨੀਅਤ ਦੇ ਕੁੱਝ ਪਾਂਧੀ, ਲੁੱਟਦੇ ਲਾ ਲਾ ਫੰਧੇ।
ਵਿਰਲਾ ਹੀ ਕੋਈ ਸਾਊ ਦਿਸਦਾ, ਬਹੁਤੇ ਦਿਸਣ ਫ਼ਰੇਬੀ,
ਪੈਰ, ਪੈਰ ’ਤੇ ਧੋਖੇ ਦਿੰਦੇ, ਕਈ ਚਾਲਬਾਜ਼ ਲਫੰਗੇ।
ਸੂਰਤ ਮੋਮਨ ਸੀਰਤ ਕਾਫ਼ਰ, ਤਰਕੋਂ ਤਰਜ਼ ਹੈ ਵੱਖਰੀ,
ਪਏ ਨੇ ਮੇਰੇ ਕਈ ਹੀ ਵਾਰੀ, ਐਸਿਆਂ ਦੇ ਨਾਲ ਪੰਗੇ।
ਵਿਰਲੇ ਹੀ ਨੇ ਜੋ ਨਾ ਪਹਿਨਣ, ਚਿਹਰਿਆਂ ਉੱਤੇ ਮਖੌਟੇ,
ਚਿੱਟੇ ਦਿਨ ਦੀ ਤਰ੍ਹਾਂ ਜਿਨ੍ਹਾਂ ਦੇ, ਚਮਕਣ ਕਰਮ ਨਿਸ਼ੰਗੇ।
ਸਿਰ ਝੁਕਾਵਾਂ ਮੈਂ ਉਨ੍ਹਾਂ ਲਈ, ਜੋ ਕਹਿਣੀ ਕਰਨੀ ਦੇ ਪੱਕੇ,
ਸ਼ਮ੍ਹਾਂ ਦੀ ਖ਼ਾਤਿਰ ਜਲ ਮਰਦੇ ਨੇ, ਐਸੇ ਕਈ ਪਤੰਗੇ।
ਸ਼ੁਕਰ ਹੈ ਦੁਨੀਆ ਦੇ ਵਿੱਚ ਨੇ, ਕੁੱਝ ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ ਸਦਕੇ ਚੱਲਦੇ ਨੇ ਕੁੱਝ, ਮੇਰੇ ਕੰਮ ’ਤੇ ਧੰਦੇ।