ਜਲੇਬੀ ਸਿੱਧੂ - ਰਵਿੰਦਰ ਸਿੰਘ ਕੁੰਦਰਾ
ਸਿੱਧਾ ਮੈਂ ਜਲੇਬੀ ਵਰਗਾ, ਸਿੱਧੂ ਮੈਨੂੰ ਕਹਿੰਦੇ,
ਜਦੋਂ ਜਦੋਂ ਵੀ ਮੂੰਹ ਮੈਂ ਖੋਲ੍ਹਾਂ ਬੜੇ ਪੁਆੜੇ ਪੈਂਦੇ।
ਲੱਛੇਦਾਰ ਕਈ ਗੱਲਾਂ ਮੇਰੀਆਂ, ਲੋਕੀਂ ਕਰ ਕਰ ਹੱਸਦੇ,
ਠੋਕਣ ਤਾੜੀ ਖਟਾਕ ਕਰਕੇ, ਜੁਮਲੇ ਮੇਰੇ 'ਤੇ ਕੱਸਦੇ।
ਸੋਚਣ ਤੋਂ ਪਹਿਲਾਂ ਹੀ, ਬੋਲ ਜਾਵੇ ਮੇਰੀ ਲੁਤਰੋ,
ਗੱਲਂ ਗੱਲਾਂ ਵਿੱਚ ਹੋ ਜਾਂਦੀ, ਕਾਫੀ ਉਥਲੋ ਪੁਥਲੋ।
ਕਿਸ ਨੂੰ ਮੈਂ ਕੀ, ਕਦੋਂ ਕਿਹਾ ਸੀ, ਮੈਨੂੰ ਯਾਦ ਨਹੀਂ ਰਹਿੰਦਾ,
ਸੱਚ 'ਤੇ ਝੂਠ ਨੂੰ ਪਰਖਣ ਵਿੱਚ, ਮੈਨੂੰ ਬੜਾ ਭੁਲੇਖਾ ਪੈਂਦਾ।
ਥੁੱਕ ਕੇ ਚੱਟਣ ਦਾ ਮੈਨੂੰ, ਸੁਆਦ ਬੜਾ ਹੀ ਆਉਂਦਾ,
ਪੈਰ ਪੈਰ 'ਤੇ ਰੰਗ ਬਦਲਣਾ, ਸ਼ੌਂਕ ਮੇਰਾ ਮਨ ਭਾਉਂਦਾ।
ਸਾਂਭ ਸਾਂਭ ਮੈਂ ਰਿਸ਼ਤੇ ਗੰਢਾਂ, ਸੁਆਰਥ ਵਿੱਚ ਲਪੇਟੇ,
ਤੋੜ ਦੇਵਾਂ ਉਸੇ ਹੀ ਵੇਲੇ, ਜਦੋਂ ਚੜ੍ਹ ਜਾਣ ਮੇਰੇ ਟੇਟੇ।
ਬਦਨਾਮ ਮੁੰਨੀ ਅੱਜ ਮੇਰੀ ਮਾਂ ਹੈ, ਪੱਪੂ ਮੇਰਾ ਭਾਈ,
ਪ੍ਰੀਅ ਮੇਰੀ ਭੈਣ ਹੈ ਅੰਕਾ, ਮੁੰਨੀ ਦੀ ਜੋ ਜਾਈ।
ਨਿਮਰਤਾ ਹੈ ਹੁਣ ਮਾਸੀ ਮੇਰੀ, ਹਿੱਕ ਠੋਕ ਕੇ ਕਹਿਨਾਂ,
ਮਤਲਬ ਅਪਣਾ ਕੱਢਣ ਲਈ, ਖੋਤਿਆਂ ਦੇ ਪੈਰੀਂ ਪੈਨਾਂ।
ਬਾਪੂ ਵੀ ਮੈਂ ਕਈ ਨੇ ਬਦਲੇ, ਰਾਜਨੀਤੀ ਵਿੱਚ ਵੜ ਕੇ,
ਕਈਆਂ ਤੋਂ ਮੈਂ ਕਰੇ ਕਿਨਾਰੇ, ਜੋ ਮੇਰੀ ਅੱਖ ਵਿੱਚ ਰੜਕੇ।
ਚੌਕੇ ਛਿੱਕੇ ਗੱਲੀਂ ਬਾਤੀਂ, ਮੂਰਖਾਂ ਵਰਗੇ ਹਾਸੇ,
ਵਿੰਗੇ ਟੇਢੇ ਸ਼ਿਅਰ ਸੁਣਾ ਕੇ, ਲਾਵਾਂ ਖ਼ੂਬ ਠਹਾਕੇ।
ਮੂਰਖਾਂ ਦੀ ਇਸ ਦੁਨੀਆ ਵਿੱਚ, ਮੇਰਾ ਸਿੱਕਾ ਚੱਲਦਾ,
ਛਲੇਡੇ ਵਾਂਗੂੰ ਰੂਪ ਬਦਲਣ ਤੋਂ, ਮੈਂ ਕਦੀ ਨਹੀਂ ਟਲਦਾ।