ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ - ਅਵਿਜੀਤ ਪਾਠਕ
ਅਜਿਹੇ ਸਮਾਜ ਦਾ ਤਸੱਵਰ ਕਰੋ, ਜਿਥੇ ਸ਼ਹਿਰੀਆਂ ਦੀ ਨਿਗਾਹਬਾਨੀ ਆਮ ਗੱਲ ਹੈ ਅਤੇ ਸਿਆਸੀ ਤੇ ਸੱਭਿਆਚਾਰਕ ਵਿਰੋਧੀਆਂ ਖ਼ਿਲਾਫ਼ ਦੇਸ਼ ਧਰੋਹ ਦੇ ਮੁਕੱਦਮੇ ਅਕਸਰ ਹੀ ਦਾਇਰ ਕੀਤੇ ਜਾਂਦੇ ਹਨ। ਨਾਲ ਹੀ ਉਸ ਹਕੂਮਤ ਵੱਲ ਵੀ ਗ਼ੌਰ ਕਰੋ, ਜਿਹੜੀ ਚਾਹੁੰਦੀ ਹੈ ਕਿ ਅਸੀਂ ਇਹ ਮੰਨ ਲਈਏ ਕਿ ਪੈਗਾਸਸ ਸਪਾਈਵੇਅਰ ਰਾਹੀਂ ਨਿਗਾਹਬਾਨੀ/ਜਾਸੂਸੀ ਦੇ ਲਾਏ ਜਾ ਰਹੇ ਇਲਜ਼ਾਮ ਗ਼ਲਤ ਹਨ ਅਤੇ ਮੁਲਕ ਵਿਚ ਸਾਰਾ ਕੁਝ ਠੀਕ ਚੱਲ ਰਿਹਾ ਹੈ, ਬੱਸ ਐਵੇਂ ਕੁਝ ‘ਅੜਿੱਕਾ-ਪਾਊ’/‘ਦੇਸ਼-ਵਿਰੋਧੀ’ ਸਾਜ਼ਿਸ਼ੀ ਖ਼ਾਹਮਖ਼ਾਹ ਖੱਪ ਪਾ ਰਹੇ ਹਨ। ਕੀ ਇਹ ਉਸ ਸੁਪਨੇ ਦਾ ਟੁੱਟ ਜਾਣਾ ਨਹੀਂ, ਜਿਸ ਲਈ ਸਾਡੇ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਜੂਝਦੇ ਰਹੇ – ਇਕ ਨਵੇਂ ਭਾਰਤ ਦਾ ਸੁਪਨਾ, ਜਿਹੜਾ ਗ਼ੈਰ-ਬਸਤੀਵਾਦੀ ਭਾਵਨਾ ਦੇ ਵਿੱਚੋਂ ਵਿਕਸਤ ਹੋਇਆ ਅਤੇ ਜਿਹੜਾ ਬਰਾਬਰੀ, ਇਨਸਾਫ਼ ਤੇ ਇਖ਼ਲਾਕੀ, ਬੌਧਿਕ, ਸਿਆਸੀ ਆਜ਼ਾਦੀ ਦੀ ਗੱਲ ਕਰਦਾ ਸੀ ਅਤੇ ਨਾਲ ਹੀ ਮਿਲੇ-ਜੁਲੇ ਬਹੁਲਤਾਵਾਦੀ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਸੀ? ਕੀ ਹੁਣ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਇਤਿਹਾਸ ਦੇ ਕੂੜੇਦਾਨ ਵਿਚ ਸੁੱਟ ਦੇਣ ਦਾ ਵਕਤ ਨਹੀਂ ਆ ਗਿਆ ਅਤੇ ਨਾਲ ਹੀ ਸਾਡੇ ਡਿਸਟੋਪੀਅਨ ਦੌਰ ਭਾਵ ਮਨਹੂਸ ਸਮੇਂ ਵਿਚ ਦਾਖ਼ਲ ਹੋਣ ਦਾ ਵੀ ਸਮਾਂ ਆ ਗਿਆ ਹੈ। (Dystopian age ਭਾਵ ਡਿਸਟੋਪੀਆ ਨਾਮੀ ਡਰਾਉਣੀ, ਦਹਿਸ਼ਤ ਤੇ ਸਹਿਮ ਭਰੀ ਮਨਹੂਸ ਮੰਨੀ ਜਾਂਦੀ ਖ਼ਿਆਲੀ ਦੁਨੀਆਂ।)
ਹਾਂ ਇਹ ਬਹੁਤ ਡਰਾਉਣੇ ਹਾਲਾਤ ਹਨ। ਤਾਂ ਵੀ, ਸਾਨੂੰ ਇਨ੍ਹਾਂ ਨੂੰ ਪਰਵਾਨ ਕਰਨਾ ਪਵੇਗਾ। ਨਾਲ ਹੀ ਸੰਭਵ ਤੌਰ ’ਤੇ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਪਵੇਗੀ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਇਹ ਡਿਸਟੋਪੀਆ ਇੰਨਾ ਸਾਕਾਰ ਰੂਪ ਕਿਉਂ ਧਾਰਦਾ ਜਾ ਰਿਹਾ ਹੈ। ਆਓ ਅਸੀਂ ਸੱਤਾ ਦੇ ਜ਼ੁਲਮਾਂ ਅਤੇ ਬੁਨਿਆਦੀ ਜਮਹੂਰੀ ਕਦਰਾਂ-ਕੀਮਤਾਂ ਨੂੰ ਨਕਾਰਾ ਬਣਾਉਂਦੇ ਜਾਣ ਦੇ ਅਮਲ ਉਤੇ ਗ਼ੌਰ ਕਰੀਏ। ਅੱਜ ਵਿਚਾਰ-ਵਟਾਂਦਰੇ ਤੇ ਸੰਵਾਦ ਨੂੰ ਸੁਪਰੀਮ (ਸਿਖਰਲੇ) ਆਗੂ ਦੇ ਆਤਮ-ਭਾਸ਼ਣ ਵਿਚ ਬਦਲ ਦਿੱਤਾ ਗਿਆ ਹੈ; ਬਹੁਗਿਣਤੀਵਾਦ ਨੂੰ ਆਖ਼ਰੀ ਨੈਤਿਕ ਸੱਚ ਬਣਾ ਦਿੱਤਾ ਗਿਆ ਹੈ, ਵਿਰੋਧ ਦੀ ਹਰੇਕ ਆਵਾਜ਼ ਨੂੰ ਦੇਸ਼ ਖ਼ਿਲਾਫ਼ ਸਾਜ਼ਿਸ਼ ਵਜੋਂ ਦੇਖਿਆ ਤੇ ਪ੍ਰਚਾਰਿਆ ਜਾਂਦਾ ਹੈ, ਅਤੇ ਇਸ ਪ੍ਰਚਾਰ ਮਸ਼ੀਨਰੀ ਦਾ ਇਕ ਵਿਆਪਕ ਨੈਟਵਰਕ ਆਪਣੀ ਤਕਨੀਕੀ ਚਮਕ-ਦਮਕ ਤੇ ਦੇਸ਼-ਭਗਤੀ ਦੇ ਸ਼ੋਰ-ਸ਼ਰਾਬੇ ਰਾਹੀਂ ਸਭ ਕਾਸੇ ਨੂੰ ਇਸ ਦੇ ਵਿਰੋਧ ਵਿਚ ਖੜ੍ਹਾ ਕਰ ਦੇਣਾ ਚਾਹੁੰਦਾ ਹੈ – ਜਿਵੇਂ ਕਿ ਹੱਕਾਂ ਦੇ ਹਮਾਇਤੀ ਕਾਰਕੁਨਾਂ ਨੂੰ ਦਹਿਸ਼ਤਗਰਦ ਬਣਾ ਦੇਣਾ, ਕਿਸੇ ਜ਼ਮੀਰ ਦੀ ਆਵਾਜ਼ ਸੁਣਨ ਵਾਲੇ ਪ੍ਰੋਫੈਸਰ ਨੂੰ ਸਾਜ਼ਿਸ਼ਕਾਰ ਬਣਾ ਦੇਣਾ ਜਾਂ ਫਿਰ ਨੌਜਵਾਨ/ਆਦਰਸ਼ਵਾਦੀ ਵਿਦਿਆਰਥੀਆਂ ਨੂੰ ਦੇਸ਼ ਦੇ ਦੁਸ਼ਮਣ ਕਰਾਰ ਦੇਣਾ। ਕੀ ਇੰਝ ਨਹੀਂ ਹੈ ਕਿ ਅੱਜ ਤੁਸੀਂ ਤੇ ਨਾਲ ਹੀ ਮੈਂ ਵੀ ਇਸ ਸੱਭਿਆਚਾਰ ਦੇ ਵੱਧ ਤੋਂ ਵੱਧ ਆਦੀ ਬਣਦੇ ਜਾ ਰਹੇ ਹਾਂ? ਕੀ ਅਸੀਂ ਆਜ਼ਾਦੀ ਤੋਂ ਲੁਕ ਨਹੀਂ ਰਹੇ ਤੇ ਹੰਕਾਰੀ ਸੋਚ ਨੂੰ ਪਰਵਾਨ ਨਹੀਂ ਕਰਨ ਲੱਗ ਪਏ? ਜਾਂ ਫਿਰ ਇਹ ਕਿ ਆਪਣੀ ਸੱਤਾ ਦੇ ਜ਼ੁਲਮਾਂ ਅਤੇ ਉੱਭਰਦੀਆਂ ਤਾਨਾਸ਼ਾਹ ਸ਼ਖ਼ਸੀਅਤਾਂ ਰਾਹੀਂ ਸਟੇਟ/ਰਿਆਸਤ ਦੇਸ਼ ਵਾਸੀਆਂ ਵਿਚ ਡਰ ਤੇ ਸਹਿਮ ਦੀ ਮਨੋਬਿਰਤੀ ਹੀ ਸਿਰਜ ਦੇਣੀ ਚਾਹੁੰਦੀ ਹੈ ?
ਅਸੀਂ ਡਰ ਦੇ ਮਾਹੌਲ ਵਿਚ ਜੀਅ ਰਹੇ ਹਾਂ – ਇਹ ਡਰ ਕਿ ਕਿਤੇ ਅਸੀਂ ਹਕੂਮਤ ਦਾ ਨਿਸ਼ਾਨਾ ਨਾ ਬਣ ਜਾਈਏ ਤੇ ਕਿਤੇ ਸਾਨੂੰ ‘ਸਾਜ਼ਿਸ਼ੀ’ ਨਾ ਗਰਦਾਨ ਦਿੱਤਾ ਜਾਵੇ, ਨਿਗਾਹਬਾਨੀ ਦੀਆਂ ਨਵੀਆਂ ਵਿਕਸਿਤ ਅਤਿ-ਆਧੁਨਿਕ ਤਕਨਾਲੋਜੀਆਂ ਦੀ ਮਦਦ ਨਾਲ ਨਿਗਰਾਨੀ ਤੇ ਨਿਗਾਹਬਾਨੀ ਵਿਚ ਰੱਖੇ ਜਾਣ ਦਾ ਡਰ, ਅਸਵੱਛਤਾ ਭਰੀ ਤੇ ਬਹੁਤ ਹੀ ਭੀੜ-ਭੜੱਕੇ ਵਾਲੀ ਜੇਲ੍ਹ ਦੀ ਕਿਸੇ ਕਾਲ ਕੋਠੜੀ ਵਿਚ ਸੁੱਟ ਦਿੱਤੇ ਜਾਣ ਅਤੇ ਫਿਰ ਕਦੇ ਵੀ ਜ਼ਮਾਨਤ ਨਾ ਦਿੱਤੇ ਜਾਣ ਦਾ ਡਰ। ਖ਼ੈਰ, ਮਹਾਤਮਾ ਗਾਂਧੀ, ਡਾ. ਬੀ.ਆਰ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਵਰਗੇ ਆਗੂਆਂ ਨੇ ਜ਼ਰੂਰ ਆਜ਼ਾਦੀ ਦੇ ਸਿਧਾਂਤ ਨੂੰ ਸੰਭਾਲ ਕੇ ਅੱਗੇ ਵਧਾਇਆ ਹੋਵੇਗਾ ਅਤੇ ਇਨ੍ਹਾਂ ਆਧੁਨਿਕ/ਗਿਆਨਵਾਨ ਫਿਲਾਸਫਰਾਂ ਨੇ ਹੀ ਇਸ ਚਾਹਤ ਨੂੰ ਪੈਦਾ ਕੀਤਾ ਹੋਵੇਗਾ। ਪਰ ਹੁਣ, ਇਸ ਡਿਸਟੋਪੀਅਨ ਦੌਰ ਵਿਚ ਆਜ਼ਾਦੀ ਮਹਿਜ਼ ਮਿੱਥ ਜਾਪਦੀ ਹੈ। ਕੀ ਅਸੀਂ ਆਜ਼ਾਦੀ ਦਾ ਅਸਲੀ ਖ਼ਿਆਲ ਨੂੰ ਤਿਆਗ ਨਹੀਂ ਰਹੇ ਅਤੇ ਅਸੀਂ ਮਹਿਜ਼ ਕੁਝ ਵੀ ਖ਼ਰੀਦ ਸਕਣ ਤੇ ਖ਼ਪਤ ਕਰ ਸਕਣ, ਜਾਂ ਟੀਵੀ ਦੇ ਰਿਮੋਟ ਕਰੰਟੋਲ ਦੇ ਬਟਨ ਨੱਪਦਿਆਂ ਵੱਖੋ-ਵੱਖ ਚੈਨਲ ਘੁਮਾਉਣ ਅਤੇ ਕ੍ਰਿਕਟ ਮੈਚ, ਰੋਜ਼ਾਨਾ ਕਿਸ਼ਤਾਂ ਵਾਲੇ (ਸੋਪ ਓਪੇਰਾ) ਟੀਵੀ ਲੜੀਵਾਰ ਜਾਂ ਬਾਲੀਵੁੱਡ ਦੀਆਂ ਮਸਾਲੇਦਾਰ ਖ਼ਬਰਾਂ ਤੇ ਕਹਾਣੀਆਂ ਦੇਖ ਸਕਣ ਦੀ ਹੀ ਆਜ਼ਾਦੀ ਮਾਨਣ ਤੱਕ ਸੀਮਤ ਹੋ ਕੇ ਨਹੀਂ ਰਹਿ ਗਏ?
ਜਿਵੇਂ ਕਿ ਪੈਗਾਸਸ ਪ੍ਰਾਜੈਕਟ ਦੀਆਂ ਲੱਭਤਾਂ ਤੋਂ ਸਹਮਣੇ ਆਇਆ ਹੈ, ਅੱਜ ਪਰਦੇਦਾਰੀ ਜਾਂ ਨਿੱਜਤਾ ਨਾਂ ਦੀ ਕੋਈ ਧਾਰਨਾ ਬਾਕੀ ਨਹੀਂ ਬਚੀ, ਅਤੇ ਹਾਲਾਤ ਇਹ ਹਨ ਕਿ ਅੱਜ ਕਿਸੇ ਦਾ ਵੀ ਟੈਲੀਫੋਨ ਨੰਬਰ ਵਰਤ ਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਭਾਵੇਂ ਉਹ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਮੁਲਾਜ਼ਮ ਹੋਵੇ, ਜਿਸ ਨੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਉਤੇ ਜਿਨਸੀ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦਾ ਇਲਜ਼ਾਮ ਲਾਇਆ ਸੀ ਜਾਂ ਫਿਰ ਰਾਹੁਲ ਗਾਂਧੀ। ਇਹ ਵੀ ਸਾਫ਼ ਹੀ ਹੈ ਕਿ ਅਜਿਹੀਆਂ ਨਿਗਾਹਬਾਨ ਤਕਨਾਲੋਜੀਆਂ ਮੁਲਕ ਵਿਚ ਤਾਨਾਸ਼ਾਹੀ ਆਧਾਰਤ ਸੱਭਿਆਚਾਰ ਨੂੰ ਹੋਰ ਹੁਲਾਰਾ ਹੀ ਦੇਣਗੀਆਂ।
ਫਿਰ ਨਾਲ ਹੀ ਲਗਾਤਾਰ ਵਧ ਰਹੀ ਨਿਗਾਹਬਾਨੀਆਂ ਦੀ ਇਸ ਲੜੀ ਦਾ ਵਰਤਾਰਾ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਇਕ ਹੋਰ ਅਹਿਮ ਸਵਾਲ ਵੀ ਖੜ੍ਹਾ ਕਰਦਾ ਹੈ। ਕੀ ਅਜਿਹਾ ਨਹੀਂ ਹੈ ਕਿ ਅੱਜ ਮਹਿਜ਼ ਸਟੇਟ/ਰਿਆਸਤ ਹੀ ਨਹੀਂ, ਸਗੋਂ ਤੁਸੀਂ ਅਤੇ ਇਥੋਂ ਤੱਕ ਕਿ ਮੈਂ ਵੀ ਨਿਗਾਹਬਾਨੀ ਦੇ ਇਸ ਵਿਚਾਰ ’ਤੇ ਖ਼ੁਸ਼ੀ ਮਨਾਉਣੀ ਤੇ ਇਸ ਨੂੰ ਆਪਣੇ ਦਿਲ ਵਿਚ ਵਸਾਉਣਾ ਤੇ ਜ਼ਿੰਦਗੀ ਵਿਚ ਸ਼ਾਮਲ ਕਰ ਲੈਣਾ ਸ਼ੁਰੂ ਕਰ ਦਿੱਤਾ ਹੈ? ਹਾਂ ਬਿਲਕੁਲ, ਸੀਸੀਟੀਵੀ ਕੈਮਰੇ ਅੱਜ ਸਾਡੀ ਆਤਮਾ ਦੇ ਅੰਦਰ ਤੱਕ ਜਾ ਵੜੇ ਹਨ। ਕਿਸੇ ਸਕੂਲ ਦੀ ਪ੍ਰਿੰਸੀਪਲ ਆਪਣੇ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਉਤੇ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਰੱਖ ਰਹੀ ਹੈ, ਉਨ੍ਹਾਂ ਨੂੰ ਦੇਖ ਰਹੀ ਹੈ, ਜ਼ਾਬਤਾਬੰਦ ਬਣਾ ਰਹੀ ਤੇ ਉਨ੍ਹਾਂ ਉਤੇ ਰੋਅਬ ਪਾ ਰਹੀ ਹੈ। ਇਸੇ ਤਰ੍ਹਾਂ ਕੁਝ ‘ਚੌਕਸ’ ਮਾਪੇ ਵੀ ਸੀਸੀਟੀਵੀ ਕੈਮਰਿਆਂ ਰਾਹੀਂ ਆਪਣੇ ਬੱਚਿਆਂ ਦੀ ਨਿਗਰਾਨੀ ਕਰਦੇ ਹਨ। ਰੇਲਵੇ ਸਟੇਸ਼ਨਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ, ਮਾਰਕੀਟ ਕੰਪਲੈਕਸਾਂ ਤੋਂ ਲੈ ਕੇ ਸਿਨਮਾ ਹਾਲਾਂ ਤੱਕ – ਅਸੀਂ ਹਰ ਥਾਂ ਨਿਗਾਹਬਾਨੀ ਹੇਠ ਹਾਂ। ਜਾਪਦਾ ਹੈ ਕਿ ਅਸੀਂ ‘ਸੁਰੱਖਿਆ’ ਤੇ ‘ਸਲਾਮਤੀ’ ਦੇ ਨਾਂ ਉਤੇ ਇਸ ਨੂੰ ਪਰਵਾਨ ਕਰ ਲਿਆ ਹੈ, ਸਗੋਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਸੀਂ ਖ਼ੁਦ ਵੱਧ ਤੋਂ ਵੱਧ ਨਿਗਾਹਬਾਨੀ ਰੱਖੇ ਜਾਣ ਦੀ ਮੰਗ ਕਰ ਰਹੇ ਹਾਂ। ਇਹ ਸਾਡੇ ਦੌਰ ਦੀ ਵਿਅੰਗਾਤਮਕ ਸਥਿਤੀ ਹੈ। ਇਸ ਤਰ੍ਹਾਂ, ਅਸੀਂ ਖ਼ੁਦ ਹੀ ਅਜਿਹਾ ਰਾਹ ਪੱਧਰਾ ਕੀਤਾ ਹੈ, ਜਿਸ ਰਾਹੀਂ ਸਟੇਟ/ਰਿਆਸਤ ਸਿੱਧਿਆਂ ਸਾਡੇ ਬੈੱਡਰੂਮ ਤੱਕ ਪੁੱਜ ਤੇ ਇਸ ਵਿਚ ਝਾਕ ਸਕਦੀ ਹੈ।
ਇਸ ਦੇ ਨਾਲ ਹੀ ਸਾਨੂੰ ਇਹ ਸਵਾਲ ਵੀ ਪੁੱਛਣਾ ਪਵੇਗਾ: ਕੀ ਸਾਨੂੰ ਸੱਚਮੁੱਚ ਆਪਣੀ ਨਿੱਜਤਾ ਦੀ ਕਦਰ ਹੈ ਤੇ ਅਸੀਂ ਇਸ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ? ਲਗਾਤਾਰ ਵਧਦੀਆਂ ਜਾ ਰਹੀਆਂ ਸੰਚਾਰ ਤਕਨਾਲੋਜੀਆਂ ਨਾਲ ਸਾਡੀ ਜਨੂੰਨੀ ਸਾਂਝ ਨੂੰ ਹੀ ਦੇਖ ਲਓ, ਅੱਜ ਸਾਡੀ ਜ਼ਿੰਦਗੀ ਦਾ ਜੋ ਕੁਝ ਵੀ ਨਿਜੀ ਹੈ, ਉਹ ਸਾਰਾ ਜਨਤਕ ਖ਼ਪਤ ਲਈ ਇਕ ਚੀਜ਼ ਦਾ ਰੂਪ ਧਾਰਦਾ ਜਾ ਰਿਹਾ ਹੈ, ਭਾਵੇਂ ਇਹ ਹਨੀਮੂਨ ਦੀਆਂ ਤਸਵੀਰਾਂ ਹੋਣ ਜਾਂ ਫਿਰ ਦੀਵਾਲੀ ਮੌਕੇ ਖ਼ਰੀਦੀ ਗਈ ਨਵੀਂ ਕਾਰ। ਬਹੁਤ ਸਾਰੇ ਲੋਕਾਂ ਲਈ ‘ਨਿੱਜੀ’ ਤੇ ‘ਜਨਤਕ’ ਵਿਚਕਾਰਲਾ ਫ਼ਰਕ ਰੱਖਣਾ ਆਸਾਨ ਨਹੀਂ ਰਹਿ ਗਿਆ, ਖ਼ਾਸਕਰ ਉਦੋਂ ਫੇਸਬੁੱਕ/ਵਟਸਟੈਪ ਨੇ ਸਾਨੂੰ ‘ਸ਼ੇਅਰ’ ਕਰਨ, ‘ਫਾਲੋ’ ਕਰਨ ਅਤੇ ‘ਸਬਸਕ੍ਰਾਈਬ’ ਕਰਨ ਦੇ ਰਾਹ ਤੋਰ ਦਿੱਤਾ ਹੈ। ਜਿਉਂ-ਜਿਉਂ ਤਕਨਾਲੋਜੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਮੋਹਿਤ ਕਰਦੀ ਜਾਂਦੀ ਹੈ, ਅਸੀਂ ਉਂਨਾ ਹੀ ਵੱਧ ਨਿਗਾਹਬਾਨੀ ਦੀਆਂ ਜ਼ੰਜੀਰਾਂ ਵਿਚ ਜਕੜੇ ਜਾਂਦੇ ਹਾਂ। ਡਿਸਟੋਪੀਅਨ ਦੌਰ ਵਿਚ ਤਕਨਾਲੋਜੀ ਸਾਨੂੰ ਖੁੱਲ੍ਹ ਨਹੀਂ ਦਿੰਦੀ, ਸਗੋਂ ਸਾਨੂੰ ਨਿਗਾਹਬਾਨੀ ਦੀਆਂ ਜ਼ੰਜੀਰਾਂ ਵਿਚ ਜਕੜਦੀ ਹੈ।
ਇਹ ਡਿਸਟੋਪੀਅਨ ਸੁਨੇਹਾ ਆਖ਼ਰ ਕੀ ਕਹਿਣਾ ਚਾਹੁੰਦਾ ਹੈ ? ਆਜ਼ਾਦੀ ਨੂੰ ਭੁੱਲ ਜਾਓ। ਸਗੋਂ ਵਫ਼ਾਦਾਰ ਪਿਛਲੱਗੂ ਬਣ ਜਾਓ। ਆਪਣੀ ਰਚਨਾਤਮਕ ਸੋਚ ਨੂੰ ਨਕਾਰ ਦਿਓ ਅਤੇ ਸੁਪਰੀਮ ਆਗੂ ਵੱਲੋਂ ਕੀਤੇ ਜਾਣ ਵਾਲੇ ਕ੍ਰਿਸ਼ਮੇ ਦੀ ਉਡੀਕ ਕਰੋ। ਤੁਹਾਨੂੰ ਦਿੱਤੀ ਜਾ ਰਹੀ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਪਾਲਣ ਕਰੋ – ਇਸ ਦੇ ਪ੍ਰਤੀਕਾਂ, ਇਸ ਦੇ ਲਿਬਾਸ ਤੇ ਫ਼ੌਜੀ ਸੁਪਨਿਆਂ ਦਾ ਪਾਲਣ। ‘ਲਾਭਕਾਰੀ’/‘ਉਪਜਾਊ’ ਬਣੋ, ਦੇਸ਼ ਦੀ ਆਰਥਿਕ ਤਰੱਕੀ ਨੂੰ ਹੁਲਾਰਾ ਦੇਣ ਤੇ ਸਮਾਰਟ ਸਿਟੀਜ਼ ਕਾਇਮ ਕਰਨ ਵੱਲ ਸੇਧਿਤ ਕਾਰਪੋਰੇਟ ਸਾਮਰਾਜ ਦੇ ‘ਨੇਕ ਇਰਾਦਿਆਂ’ ’ਤੇ ਹਰਗਿਜ਼ ਸਵਾਲ ਨਾ ਕਰੋ, ਜਿਹੜੇ ਲੋਕ ਗਾਂਧੀ ਤੇ ਮਾਰਕਸ ਸਬੰਧੀ ਸੋਚਦੇ ਹਨ, ਟੈਗੋਰ ਅਤੇ ਯਾਂ ਪਾਲ ਸਾਰਤਰ ਵਰਗਿਆਂ ਨੂੰ ਪਿਆਰ ਕਰਦੇ ਹਨ, ਜੌਰਜ ਔਰਵੈੱਲ ਤੇ ਮਿਸ਼ੇਲ ਫੂਕੋ ਨੂੰ ਪੜ੍ਹਦੇ ਹਨ ਅਤੇ ਨਾਲ ਹੀ ਆਜ਼ਾਦੀ, ਸੱਤਿਆਗ੍ਰਹਿ ਅਤੇ ਰਚਨਾਤਮਕ ਮਾਣ ਦੀਆਂ ਗੱਲਾਂ ਕਰਦੇ ਹਨ, ਉਹ ‘ਫ਼ਜ਼ੂਲ’ ਹਨ, ‘ਗ਼ੈਰ-ਉਤਪਾਦਕ’ ਅਤੇ ‘ਖ਼ਤਰਨਾਕ’ ਹਨ। ਨਾਲ ਹੀ ਨਿਗਾਹਬਾਨੀ ਦੇ ਤਰਕ ਨੂੰ ਮੰਨ ਲਵੋ। ਇਸੇ ਵਿਚ ਤੁਹਾਡਾ ਫ਼ਾਇਦਾ ਤੇ ਭਲਾ ਹੈ। ‘ਸੁਰੱਖਿਆ’ ਤੇ ‘ਸਲਾਮਤੀ’ ਨੂੰ ਯਕੀਨੀ ਬਣਾਓ, ਕਿਉਂਕਿ ਇਸ ਨਾਲ ਉਨ੍ਹਾਂ ਸਾਰੇ ਖ਼ਤਰਿਆਂ ਦਾ ਖ਼ਦਸ਼ਾ ਮੁੱਕ ਜਾਂਦਾ ਹੈ, ਜਿਹੜੇ ‘ਦਹਿਸ਼ਤਗਰਦਾਂ’, ‘ਮਾਓਵਾਦੀਆਂ’, ‘ਵਾਤਾਵਰਨ ਬੁਨਿਆਦਪ੍ਰਸਤਾਂ’, ‘ਨਾਫੁਰਮਾਨ ਪੱਤਰਕਾਰਾਂ’ ਅਤੇ ਯੂਨੀਵਰਸਿਟੀਆਂ ਦੇ ‘ਖ਼ਰੂਦੀ’ ਵਿਦਿਆਰਥੀਆਂ ਵੱਲੋਂ ਪੈਦਾ ਕੀਤੇ ਜਾ ਸਕਦੇ ਹਨ!
ਹੁਣ ਫ਼ੈਸਲਾ ਅਸੀਂ ਕਰਨਾ ਹੈ ਕਿ ਕੀ ਅਸੀਂ ਇਸ ਡਿਸਟੋਪੀਅਨ ਦੌਰ ਵਿਚ ਦਾਖ਼ਲ ਹੋਣ ਲਈ ਤਿਆਰ ਹਾਂ, ਜਾਂ ਅਸੀਂ ਇਹ ਕਹਿਣ ਦਾ ਜੇਰਾ ਕਰ ਸਕਦੇ ਹਾਂ ਕਿ ਸਾਨੂੰ ਆਪਣੀ ਆਜ਼ਾਦੀ ਪਿਆਰੀ ਹੈ। ਇੱਜ਼ਤ-ਮਾਣ ਦੀ ਜ਼ਿੰਦਗੀ ਨਾਲ ਹੀ ਖੁੱਲ੍ਹੇ ਅਸਮਾਨ ਵਿਚ ਉਡਾਰੀ ਭਰੀ ਜਾ ਸਕਦੀ ਹੈ।
* ਲੇਖਕ ਸਮਾਜਸ਼ਾਸਤਰੀ ਹੈ।