ਇੰਜ ਪਿਆ ਯੂਟਿਊਬ ਦਾ ਚਸਕਾ … - ਰਾਮਚੰਦਰ ਗੁਹਾ
ਯੂਟਿਊਬ ਦੇ ਸੰਗੀਤ ਧਨੰਤਰਾਂ ਦੀ ਸੰਗਤ ਨਾਲ ਮੇਰੇ ਜੁੜਨ ਦਾ ਸਫ਼ਰ ਸਬੱਬੀ ਹੋਇਆ ਸੀ। ਦਰਅਸਲ, ਇਕ ਸੜਕ ਹਾਦਸੇ ਵਿਚ ਮੇਰਾ ਇਕ ਗਿੱਟਾ ਟੁੱਟ ਗਿਆ ਤੇ ਇਕ ਮੋਢਾ ਵੀ ਉਤਰ ਗਿਆ ਸੀ ਅਤੇ ਮੈਂ ਕਈ ਹਫ਼ਤੇ ਬਿਸਤਰੇ ’ਤੇ ਪਿਆ ਰਿਹਾ ਸਾਂ। ਕਿਤਾਬ ਕੋਈ ਪੜ੍ਹੀ ਨਹੀਂ ਜਾਂਦੀ ਸੀ ਪਰ ਮੈਂ ਆਪਣਾ ਲੈਪਟਾਪ ਖੋਲ੍ਹ ਕੇ ਆਪਣੀਆਂ ਈ-ਮੇਲਾਂ ਪੜ੍ਹ ਲੈਂਦਾ ਸਾਂ ਤੇ ਲੋੜ ਪੈਣ ’ਤੇ ਇਕ ਹੱਥ ਦੀਆਂ ਉਂਗਲਾਂ ਨਾਲ ਟਾਈਪ ਕਰ ਕੇ ਛੋਟੇ ਮੋਟੇ ਜਵਾਬ ਵੀ ਦੇ ਦਿੰਦਾ ਸਾਂ।
ਇਹ ਹਾਦਸਾ 2012 ਦੀ ਬਹਾਰ ਰੁੱਤੇ ਵਾਪਰਿਆ ਸੀ। ਇਸ ਤੋਂ ਪਹਿਲੇ ਕੁਝ ਸਾਲਾਂ ਤੋਂ ਸੰਗੀਤ ਸ਼ਾਸਤਰੀ ਅਤੇ ਮਲਿਆਲਮ ਲੇਖਕ ਐਸ ਗੋਪਾਲਕ੍ਰਿਸ਼ਨਨ ਬਹੁਤ ਸਾਰੇ ਲੋਕਾਂ ਨੂੰ ਨਿਰੰਤਰ ਇੰਟਰਨੈੱਟ ਪੋਸਟਾਂ ਪਾਇਆ ਕਰਦੇ ਸਨ ਤੇ ਉਨ੍ਹਾਂ ਲਾਭਪਾਤਰੀਆਂ ’ਚ ਮੈਂ ਵੀ ਸ਼ਾਮਲ ਸਾਂ। ਹਫ਼ਤੇ ’ਚ ਦੋ ਜਾਂ ਤਿੰਨ ਵਾਰ ਗੋਪਾਲ ਸਾਨੂੰ ਸ਼ਾਸਤਰੀ ਸੰਗੀਤ ਦੀ ਕੋਈ ਰਚਨਾ ਭੇਜਿਆ ਕਰਦੇ ਸਨ ਤੇ ਨਾਲ ਹੀ ਇਸ ਦੇ ਭਾਵ ਅਤੇ ਮਹੱਤਵ ਬਾਰੇ ਕੁਝ ਸਤਰਾਂ ਵੀ ਲਿਖੀਆਂ ਹੁੰਦੀਆਂ ਸਨ। ਸੂਰਜ ਦੀ ਟਿੱਕੀ ਚੜ੍ਹਨ ਸਾਰ ਸਿਫ਼ਾਰਸ਼ ਪੁੱਜ ਜਾਂਦੀ ਸੀ ਤੇ ਅਸੀਂ ਇਸ ਨੂੰ ਕਿਸੇ ਵੀ ਸਮੇਂ ਸੁਣ ਸਕਦੇ ਸਾਂ।
ਹਾਦਸੇ ਤੋਂ ਪਹਿਲਾਂ ਮੇਰੀਆਂ ਸਵੇਰਾਂ ਭੱਜ ਨੱਸ ’ਚ ਹੀ ਲੰਘਦੀਆਂ ਸਨ ਜਿਸ ਕਰਕੇ ਮੈਂ ਗੋਪਾਲ ਦੀਆਂ ਇੰਟਰਨੈੱਟ ਪੋਸਟਾਂ ਅਕਸਰ ਆਉਣ ਸਾਰ ਨਹੀਂ ਸੁਣ ਪਾਉਂਦਾ ਸਾਂ। ਕਦੇ ਕਦੇ ਇਨ੍ਹਾਂ ਦਾ ਢੇਰ ਲੱਗ ਜਾਂਦਾ ਸੀ ਤੇ ਫਿਰ ਵਿਹਲ ਕੱਢ ਕੇ ਇਕੋ ਵਾਰ ਸੁਣ ਲੈਂਦਾ। ਜਦੋਂ ਮੇਰੇ ਕੰਪਿਊਟਰ ’ਤੇ ਰਿਸਰਚ ਦੇ ਨੋਟਸ ਉਤਾਰਨ ਦੀ ਲੋੜ ਪੈਂਦੀ ਤਾਂ ਮੇਰੇ ਉਸ ਦੋਸਤ ਦਾ ਸੁਝਾਇਆ ਸੰਗੀਤ ਬਹੁਤ ਕੰਮ ਆਉਂਦਾ ਸੀ ਤੇ ਹਮੇਸ਼ਾ ਬੈਕਗ੍ਰਾਊਂਡ ਵਿਚ ਸ਼ਾਸਤਰੀ ਸੰਗੀਤ ਚਲਦਾ ਰਹਿੰਦਾ ਸੀ।
ਹੁਣ ਜਦੋਂ ਮੇਰੇ ਗਿੱਟੇ ’ਤੇ ਪਲੱਸਤਰ ਕੀਤਾ ਹੋਇਆ ਸੀ ਤੇ ਮੇਰਾ ਮੋਢਾ ਵੀ ਨੂੜਿਆ ਪਿਆ ਸੀ ਤਾਂ ਸਵੇਰੇ ਉੱਠਣ ਸਾਰ ਮੇਰਾ ਮਿਜਾਜ਼ ਕੁਝ ਉੱਖੜਿਆ-ਉੱਖੜਿਆ ਰਹਿਣ ਲੱਗਿਆ। ਦਿਨ ਬਹੁਤ ਲੰਮਾ ਲੱਗਦਾ ਸੀ ਤੇ ਸਰੀਰ ਵਿਚ ਕੱਬਨ ਪਾਰਕ ਦਾ ਚੱਕਰ ਮਾਰਨ ਜੋਗੀ ਵੀ ਤਾਕਤ ਨਹੀਂ ਹੁੰਦੀ ਸੀ। ਇਸ ਦੀ ਬਜਾਏ ਮੈਂ ਸਵੇਰੇ ਉੱਠ ਕੇ ਸੰਗੀਤ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ। ਕੰਪਿਊਟਰ ਖੋਲ੍ਹ ਕੇ ਸਭ ਤੋਂ ਪਹਿਲਾਂ ਮੈਂ ਗੋਪਾਲ ਦੀ ਮੇਲ ਲੱਭਣੀ ਤੇ ਫਿਰ ਪੜ੍ਹ ਕੇ ਇਸ ਦੇ ਲਿੰਕ ’ਤੇ ਕਲਿਕ ਕਰ ਕੇ ਇਸ ਨੂੰ ਸੁਣਨਾ। ਜਦੋਂ ਮੈਂ ਇਹ ਅਭਿਆਸ ਕਰਨਾ ਸ਼ੁਰੂ ਕੀਤਾ ਤਾਂ ਮੈਂ ਮਹਿਸੂਸ ਕੀਤਾ ਕਿ ਸਕਰੀਨ ਨਾਲ ਇਸ ਲੁੱਕਣਮੀਟੀ ਵਿਚ ਉਹ ਮੈਨੂੰ ਹੋਰ ਰਚਨਾਵਾਂ ਵੀ ਸੁਣਨ ਲਈ ਬੁਲਾ ਰਹੀ ਸੀ। ਇਸ ਤੋਂ ਪਹਿਲਾਂ ਮੈਂ ਗੋਪਾਲ ਦੀ ਸਿਫ਼ਾਰਸ਼ਸ਼ੁਦਾ ਰਚਨਾਵਾਂ ਹੀ ਸੁਣਿਆ ਕਰਦਾ ਸਾਂ ਤੇ ਇਕ ਵਾਰ ਲਿੰਕ ਖੋਲ੍ਹ ਕੇ ਸਕਰੀਨ ਤੋਂ ਨਜ਼ਰ ਹਟਾ ਲੈਂਦਾ ਸਾਂ। ਹੁਣ ਮੈਂ ਆਪਣੇ ਸੁੰਨ ਹੋਏ ਗਿੱਟੇ ਤੇ ਸੁੱਜੇ ਹੋਏ ਮੋਢੇ ਨਾਲ ਬਿਸਤਰੇ ’ਤੇ ਬੈਠਦਾ ਸਾਂ ਤਾਂ ਯੂਟਿਊਬ ਦੇ ਤਲਿੱਸਮ ਵਿਚ ਇੰਨਾ ਗੁਆਚ ਜਾਂਦਾ ਸੀ ਕਿ ਦਰਦ ਦਾ ਚਿੱਤ-ਚੇਤਾ ਹੀ ਨਹੀਂ ਰਹਿੰਦਾ ਸੀ।
ਐਸ. ਗੋਪਾਲਕ੍ਰਿਸ਼ਨਨ ਦੀ ਇਕ ਖ਼ਾਸ ਸਿਫ਼ਾਰਸ਼ ਸੀ ਜਿਸ ਨੇ ਮੈਨੂੰ ਯੂਟਿਊਬ ਦਾ ਚਸਕਾ ਪਾਇਆ ਸੀ। ਉਸ ਸਵੇਰ, ਉਸ ਨੇ ‘ਕ੍ਰਿਸ਼ਨਾ ਨੀ ਬੇਗਾਨੇਬਾਰੋ’ ਦੀ ਰਿਕਾਰਡਿੰਗ ਦਾ ਲਿੰਕ ਭੇਜਿਆ ਸੀ ਜੋ ਕਰਨਾਟਕ ਸੰਗੀਤ ਦੀ ਉੱਘੀ ਗਾਇਕਾ ਐਮ ਐਲ ਵਸੰਤਕੁਮਾਰੀ ਨੇ ਗਾਇਆ ਸੀ। ਇਹ ਮੇਰਾ ਪਸੰਦੀਦਾ ਗੀਤ ਹੈ ਤੇ ‘ਐਮਐਲਵੀ’ ਦੀ ਆਵਾਜ਼ ਵਿਚ ਸੁਣਨ ਤੋਂ ਬਾਅਦ ਮੈਂ ਸਮਕਾਲੀ ਗਾਇਕਾ ਬੌਂਬੇ ਜੈਸ਼੍ਰੀ ਵੱਲੋਂ ਗਾਏ ਇਸੇ ਗੀਤ ਦਾ ਇਕ ਲਿੰਕ ਦੇਖਿਆ ਤੇ ਉਹ ਵੀ ਸੁਣਿਆ।
ਜਿਵੇਂ ਜਿਵੇਂ ਮੈਂ ਇਸ ਨੂੰ ਸੁਣ ਰਿਹਾ ਸੀ ਤਾਂ ਮੈਨੂੰ ਇਸ ਗੀਤ ਨਾਲ ਜੁੜੀ ਇਕ ਘਟਨਾ ਅਤੇ ਇਸ ਦੇ ਅਮਰੀਕੀ ਪਿਛੋਕੜ ਵਾਲੇ ਗਾਇਕ ਜੌਨ ਹਿਗਿਨਜ਼ ਦਾ ਚੇਤਾ ਆ ਗਿਆ। ਹਿਗਿਨਜ਼ ਜਦੋਂ ਉੜੂਪੀ ਕਸਬੇ ’ਚ ਆਇਆ ਤਾਂ ਪੁਜਾਰੀਆਂ ਨੇ ਉਸ ਦੀ ਚਮੜੀ ਦੇ ਰੰਗ ਕਰ ਕੇ ਉਸ ਨੂੰ ਕ੍ਰਿਸ਼ਨ ਮੰਦਰ ਵਿਚ ਵੜਨ ਤੋਂ ਮਨ੍ਹਾਂ ਕਰ ਦਿੱਤਾ। ਉਹ ਗਲੀ ਦੇ ਦੂਜੇ ਪਾਸੇ ਖੜ੍ਹ ਕੇ ‘ਕ੍ਰਿਸ਼ਨਾ ਨੀ ਬੇਗਾਨੇਬਾਰੋ’ ਗੀਤ ਗਾ ਕੇ ਪੁਜਾਰੀਆਂ ਨੂੰ ਲਾਹਨਤਾਂ ਪਾਉਣ ਲੱਗ ਪਿਆ। ਹਿਗਿਨਜ਼ ਨੇ ਇਸ ਮੰਦਰ ਨਾਲ ਜੁੜੀ ਇਕ ਪੁਰਾਣੀ ਕਹਾਣੀ ਦਾ ਚੇਤਾ ਕਰਵਾ ਦਿੱਤਾ ਕਿ ਕਿਵੇਂ ਸੋਲਵੀਂ ਸਦੀ ਦੇ ਕੰਨੜ ਕਵੀ ਕਨਕਦਾਸ ਨੂੰ ਉਸ ਦੀ ਨੀਵੀਂ ਜਾਤ ਹੋਣ ਕਰਕੇ ਮੰਦਰ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਉਦੋਂ ਵੀ ਪੁਜਾਰੀਆਂ ਹੱਥੋਂ ਦੁਰਕਾਰੇ ਗਏ ਸ਼ਰਧਾਲੂਆਂ ਨੇ ਕ੍ਰਿਸ਼ਨ ਦੀ ਮਹਿਮਾ ਵਿਚ ਗੀਤ ਗਾਇਆ ਸੀ ਜਿਸ ਬਾਰੇ ਇਕ ਕਹਾਣੀ ਚਲੀ ਆ ਰਹੀ ਹੈ ਕਿ ਕਿਵੇਂ ਭਗਵਾਨ ਕ੍ਰਿਸ਼ਨ ਦੇ ਬੁੱਤ ਨੇ ਮੰਦਰ ਦੀ ਦੀਵਾਰ ਤੋੜ ਕੇ ਆਪਣੇ ਸੱਚੇ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਸਨ।
ਇਸ ਕਹਾਣੀ ਦਾ ਚੇਤਾ ਕਰ ਕੇ ਮੈਂ ਹੁਣ ਯੂਟਿਊਬ ’ਤੇ ਹਿਗਿਨਜ਼ ਵੱਲੋਂ ਗਾਏ ਗੀਤ ‘ਕ੍ਰਿਸ਼ਨਾ ਨੀ ਬੇਗਾਨੇਬਾਰੋ’ ਸੁਣਨ ਦੀ ਫ਼ਰਮਾਇਸ਼ ਕੀਤੀ ਜੋ ਝਟਪਟ ਪੂਰੀ ਹੋ ਗਈ ਅਤੇ ਇਸ ਤੋਂ ਬਾਅਦ ਇਕ ਇਸਾਈ ਘਰ ਵਿਚ ਜਨਮੇ ਇਕ ਨਫ਼ੀਸ ਗਾਇਕ ਕੇ ਜੇ ਯਸੂਦਾਸ ਵੱਲੋਂ ਗਾਏ ਗੀਤ ਦੀ ਵੀ ਫਰਮਾਇਸ਼ ਕੀਤੀ। ਇਸ ਤਰ੍ਹਾਂ ਮੇਰੀ ਸਵੇਰ ਬਹੁਤ ਮਜ਼ੇ ਨਾਲ ਗੁਜ਼ਰੀ ਅਤੇ ਸਰੀਰ ਦੇ ਸਾਰੇ ਦਰਦ ਛੂਮੰਤਰ ਹੋ ਗਏ।
ਯੂਟਿਊਬ ਨਾਲ ਜੁੜਨ ਤੋਂ ਪਹਿਲਾਂ ਮੈਂ ਆਪਣੀ ਸੰਗੀਤਕ ਖੁਰਾਕ ਪਿਛਲੇ ਕਈ ਸਾਲਾਂ ਤੋਂ ਕੌਮੀ ਪ੍ਰੋਗਰਾਮਾਂ ਦੀਆਂ ਰਿਕਾਰਡਿੰਗਾਂ ਦੇ ਸੀਡੀਜ਼ ਅਤੇ ਕੈਸਟਾਂ ਦੇ ਸੰਗ੍ਰਹਿ ਤੋਂ ਪੂਰੀ ਕਰ ਲੈਂਦਾ ਸਾਂ। ਲੰਮੇ ਹਵਾਈ ਸਫ਼ਰ ਦੌਰਾਨ ਇਹ ਬਹੁਤ ਸਹਾਈ ਹੁੰਦੀਆਂ ਸਨ। ਜਦੋਂ ਸੰਗੀਤਕ ਸਾਜ਼ ਸੁਣਨ ਦਾ ਮੂਡ ਹੁੰਦਾ ਤਾਂ ਅਲੀ ਅਕਬਰ ਖ਼ਾਨ, ਨਿਖਿਲ ਬੈਨਰਜੀ, ਰਵੀ ਸ਼ੰਕਰ, ਵਿਲਾਇਤ ਖ਼ਾਨ, ਐਨ ਰਾਜਮ ਤੇ ਬਿਸਮਿੱਲ੍ਹਾ ਖ਼ਾਨ ਦੀ ਸੰਗਤ ਮਾਣ ਲਈ ਜਾਂਦੀ ਤੇ ਜੇ ਗਾਇਨ ਸੁਣਨਾ ਹੁੰਦਾ ਤਾਂ ਫਿਰ ਭੀਮਸੈਨ ਜੋਸ਼ੀ, ਕੁਮਾਰ ਗੰਧਰਵ, ਮਲਿਕਾਰਜੁਨ ਮਨਸੂਰ, ਮਾਲਿਨੀ ਰਾਜੁਰਕਰ, ਕਿਸ਼ੋਰੀ ਅਮੋਨਕਰ ਅਤੇ ਬਾਸਵਰਾਜ ਰਾਜਗੁਰੂ ਨੂੰ ਸੁਣ ਲੈਂਦਾ। ਹਾਦਸੇ ਤੋਂ ਬਾਅਦ ਮੇਰੇ ਸਾਹਮਣੇ ਇਕ ਨਵੀਂ ਦੁਨੀਆ ਖੁੱਲ੍ਹਣ ਤੋਂ ਬਾਅਦ ਮੈਂ ਕਦੇ ਕਦੇ ਸਾਰੇ ਲੋਕਾਂ ਲਈ ਉਪਲਬਧ ਇਸ ਅਥਾਹ ਖ਼ਜ਼ਾਨੇ ਵਿਚ ਟੁੱਭੀ ਲਾ ਕੇ ਆਪਣੇ ਜ਼ਾਤੀ ਖਜ਼ਾਨੇ ਨੂੰ ਹੋਰ ਭਰਨਾ ਸ਼ੁਰੂ ਕਰ ਦਿੱਤਾ ਸੀ।
ਯੂਟਿਊਬ ਨਾਲ ਖ਼ਰਮਸਤੀ ਦਾ ਜਦੋਂ ਖ਼ਾਸ ਚੇਤਾ ਕਰਦਾ ਹਾਂ ਤਾਂ ਮੈਨੂੰ ਜਨਵਰੀ 2018 ਦੇ ਦੂਜੇ ਅੱਧ ਦੀ ਇਕ ਘਟਨਾ ਯਾਦ ਆਉਂਦੀ ਹੈ। ਇਹ ਸਰੋਦ ਵਾਦਕ ਬੁੱਧਦੇਵ ਦਾਸਗੁਪਤਾ ਦੇ ਦੇਹਾਂਤ ਦੀ ਖ਼ਬਰ ਤੋਂ ਪ੍ਰੇਰਿਤ ਸੀ। ਵਿਦਿਆਰਥੀ ਹੁੰਦਿਆਂ 1980ਵਿਆਂ ਵਿਚ ਕੋਲਕਾਤਾ ਵਿਚ ਮੈਂ ਅਕਸਰ ਦਾਸਗੁਪਤਾ ਦੇ ਪ੍ਰੋਗਰਾਮ ਸੁਣਨ ਜਾਇਆ ਕਰਦਾ ਸਾਂ। ਦਾਸਗੁਪਤਾ ਨੇ ਬਹੁਤਾ ਕਰਕੇ ਆਪਣੇ ਸ਼ਹਿਰ ਵਿਚ ਹੀ ਸਰੋਦ ਦੇ ਪ੍ਰੋਗਰਾਮ ਕੀਤੇ ਸਨ ਕਿਉਂਕਿ ਕੁੱਲ ਵਕਤੀ ਇੰਜੀਨੀਅਰ ਪ੍ਰੋਫੈਸ਼ਨਲ ਹੋਣ ਕਰਕੇ ਉਹ ਆਪਣੇ ਸਮਕਾਲੀ ਅਲੀ ਅਕਬਰ ਖ਼ਾਨ ਅਤੇ ਅਮਜਦ ਅਲੀ ਖ਼ਾਨ ਵਾਂਗ ਦੇਸ਼ ਭਰ ਅਤੇ ਪੱਛਮ ਦੇ ਦੇਸ਼ਾਂ ਵਿਚ ਹੁੰਦੇ ਸੰਗੀਤ ਸੰਮੇਲਨਾਂ ਵਿਚ ਸ਼ਾਮਲ ਨਹੀਂ ਹੋ ਪਾਉਂਦੇ ਸਨ। ਆਪਣੀ ਜਵਾਨੀ ਦੇ ਦਿਨਾਂ ਵਿਚ ਉਨ੍ਹਾਂ ਸੰਮੇਲਨਾਂ ਦੀ ਯਾਦ ਮੇਰੇ ਚੇਤਿਆਂ ਵਿਚ ਵਸੀ ਹੋਈ ਸੀ ਜਿਸ ਕਰਕੇ ਜਦੋਂ 2010 ਵਿਚ ਬੁੱਧਦੇਵਬਾਬੂ ਬੰਗਲੌਰ ਵਿਚ ਆਪਣਾ ਪ੍ਰੋਗਰਾਮ ਦੇਣ ਆਏ ਤਾਂ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਪਹੁੰਚ ਗਿਆ। ਉਸਤਾਦ ਸਰੋਦ ਵਾਦਕ ਹੁਣ ਤੱਕ ਕਾਫ਼ੀ ਉਮਰਦਰਾਜ਼ ਹੋ ਚੁੱਕੇ ਸਨ ਤੇ ਉਹ ਵੀ ਇਹ ਚੰਗੀ ਤਰ੍ਹਾਂ ਜਾਣਦੇ ਸਨ ਤੇ ਉਨ੍ਹਾਂ ਚਾਓਡੀਆ ਮੈਮੋਰੀਅਲ ਹਾਲ ਵਿਚ ਸੰਗੀਤ ਸੰਮੇਲਨ ਦੇ ਆਗਾਜ਼ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਇੰਜ ਹੀ ਆਖਿਆ : ‘ਇਹ ਉਹ ਬੁੱਧਦੇਵ ਦਾਸਗੁਪਤਾ ਨਹੀਂ ਹੈ ਜਿਸ ਨੂੰ ਤੁਸੀਂ ਕਦੇ ਜਾਣਦੇ ਹੁੰਦੇ ਸੀ ਪਰ ਜਦੋਂ ਸੱਦਾ ਬੰਗਲੌਰ ਤੋਂ ਆਇਆ ਤਾਂ ਮੈਂ ਨਾਂਹ ਨਾ ਕਰ ਸਕਿਆ।’
15 ਜਨਵਰੀ 2018 ਨੂੰ ਜਦੋਂ ਉਨ੍ਹਾਂ ਦੇ ਪਚਾਸੀਵੇਂ ਜਨਮ ਦਿਨ ਵਿਚ ਕੁਝ ਹਫ਼ਤੇ ਹੀ ਬਚੇ ਸਨ ਤਾਂ ਬੁੱਧਦੇਵ ਦਾਸਗੁਪਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਮੈਂ ਆਪਣਾ ਆਈਪੌਡ ਲਾਇਆ ਤੇ ਗੋਰਖ਼ ਕਲਿਆਣ ਅਤੇ ਜੈਜਾਵੰਤੀ ਵਿਚ ਉਨ੍ਹਾਂ ਦੀਆਂ ਰਿਕਾਰਡਿੰਗਾਂ ਸੁਣੀਆਂ। ਫਿਰ ਮੈਂ ਆਪਣੀਆਂ ਕੈਸਟਾਂ ਦੀ ਫਰੋਲਾ-ਫਰਾਲੀ ਕਰ ਕੇ 1980ਵਿਆਂ ਦੇ ਇਕ ਕੌਮੀ ਪ੍ਰੋਗਰਾਮ ਦੀ ਕੈਸਟ ਲੱਭੀ ਜਿਸ ਵਿਚ ਉਨ੍ਹਾਂ ਉਮਦਾ ਫ਼ਨ ਨਾਲ ਕੇਦਾਰ ਰਾਗ ਦੀ ਪੇਸ਼ਕਾਰੀ ਦਿੱਤੀ ਸੀ। ਮੈਂ ਉਹ ਸਭ ਸੁਣਿਆ ਜੋ ਪਹਿਲਾਂ ਵੀ ਬਹੁਤ ਵਾਰੀ ਸੁਣ ਚੁੱਕਿਆ ਸਾਂ ਤੇ ਫਿਰ ਯੂਟਿਊਬ ਦਾ ਚੇਤਾ ਆਇਆ। ਇੱਥੇ ਵੀ ਉਨ੍ਹਾਂ ਦੇ ਨਿੱਜੀ ਸੰਮੇਲਨਾਂ ਦੀਆਂ ਕੁਝ ਬਹੁਤ ਹੀ ਦੁਰਲੱਭ ਰਿਕਾਰਡਿੰਗਾਂ ਪਈਆਂ ਸਨ, ਉਨ੍ਹਾਂ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਪ੍ਰਸ਼ੰਸਕਾਂ ਵੱਲੋਂ ਕਈ ਹੋਰ ਰਿਕਾਰਡਿੰਗਾਂ ਅਪਲੋਡ ਕਰ ਦਿੱਤੀਆਂ ਸਨ। ਇਨ੍ਹਾਂ ਵਿਚ ਇਕ ਘੰਟੇ ਭਰ ਦੀ ਛਾਇਆ ਬਿਹਾਗ ਦੀ ਬਹੁਤ ਹੀ ਸ਼ਾਨਦਾਰ ਰਿਕਾਰਡਿੰਗ ਵੀ ਸੀ ਜੋ ਬਹੁਤ ਹੀ ਘੱਟ ਵਜਾਇਆ ਜਾਂਦਾ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਕਈ ਵਾਰ ਸੁਣ ਚੁੱਕਿਆ ਹਾਂ।
‘ਕ੍ਰਿਸ਼ਨਾ ਨੀ ਬੇਗਾਨੀਬਾਰੋ’ ਗੀਤ ਪਹਿਲੀ ਵਾਰ ਮੇਰੀ ਯੂਟਿਊਬ ਖ਼ਰਮਸਤੀ ਦਾ ਜ਼ਰੀਆ ਬਣਿਆ ਸੀ ਜਦਕਿ ਦੂਜੀ ਦਾ ਇਕ ਖ਼ਾਸ ਸੰਗੀਤਕਾਰ ਬੁੱਧਦੇਵ ਦਾਸਗੁਪਤਾ ਸੀ। ਜਦੋਂ ਤੋਂ ਮਹਾਮਾਰੀ ਦਾ ਦੌਰ ਸ਼ੁਰੂ ਹੋਇਆ ਤਦ ਤੋਂ ਯੂਟਿਊਬ ਦਾ ਭੁਸ ਸਵਾਰ ਹੋ ਗਿਆ ਹੈ। ਇਨ੍ਹਾਂ ’ਚੋਂ ਕੁਝ ਕ੍ਰਿਕਟ ਨਾਲ ਜੁੜੇ ਹਨ- ਮਸਲਨ ਸ਼ੇਨ ਵਾਰਨ ਅਤੇ ਮਾਇਕਲ ਐਥਰਟਨ ਵਿਚਕਾਰ ਮੁਲਾਕਾਤ ਮੈਨੂੰ ਬਹੁਤ ਪਸੰਦ ਹੈ। ਇਸੇ ਤਰ੍ਹਾਂ ਕੁਝ ਸਾਹਿਤਕ ਭੁਸ ਵੀ ਹਨ ਜਿਨ੍ਹਾਂ ਵਿਚ ਮੇਰੀ ਚੋਣ ਸੀ.ਐਲ.ਆਰ. ਜੇਮਜ਼ ਅਤੇ ਸਟੂਅਰਟ ਹਾੱਲ ਵਿਚਕਾਰ ਮੁਲਾਕਾਤ ਦੀ ਹੈ। ਬਹਰਹਾਲ, ਜ਼ਿਆਦਾਤਰ ਭੁਸ ਸੰਗੀਤ ਦੇ ਹੀ ਹਨ। ਦਰਅਸਲ ਇਹ ਯੂਟਿਊਬ ਹੀ ਹੈ ਜਿਸ ਰਾਹੀਂ ਮੈਂ ਪੱਛਮੀ ਕਲਾਸੀਕਲ ਸੰਗੀਤ ਵੱਲ ਖਿੱਚਿਆ ਗਿਆ ਹਾਂ। ਤੇ ਯੂਟਿਊਬ ਹੀ ਹੈ ਜਿਸ ਰਾਹੀਂ ਮੈਂ ਆਪਣੇ ਜਵਾਨੀ ਪਹਿਰੇ ਦੇ ਸੰਗੀਤਕਾਰਾਂ ਪ੍ਰਤੀ ਖਿੱਚ ਤੋਂ ਪਾਰ ਜਾ ਸਕਿਆ ਹਾਂ ਤੇ ਵੈਂਕਟੇਸ਼ ਕੁਮਾਰ, ਕਲਪਿਨੀਕੋਮਿਲੀ, ਅਸ਼ਵਿਨੀ ਭਿੜੇ ਦੇਸ਼ਪਾਂਡੇ ਅਤੇ ਪ੍ਰਿਆ ਪੁਰਸ਼ੋਤਮਨ ਜਿਹੇ ਸਮਕਾਲੀਆਂ ਦੀ ਗਾਇਕੀ ਨੂੰ ਵੀ ਮਾਣ ਸਕਿਆ ਹਾਂ।
ਹਾਲ ਹੀ ਵਿਚ ਮੈਨੂੰ ਯੂਟਿਊਬ ’ਤੇ ਕਿਰਾਨਾ ਘਰਾਣੇ ਦੀ ਅਜ਼ੀਮ ਗਾਇਕਾ ਰੌਸ਼ਨ ਆਰਾ ਬੇਗ਼ਮ ਦੀ ਇਕ ਰਿਕਾਰਡਿੰਗ ਲੱਭੀ ਹੈ। ਰੌਸ਼ਨ ਆਰਾ ਨੇ ਸਿੱਧੇ ਉਸਤਾਦ ਅਬਦੁਲ ਕਰੀਮ ਖ਼ਾਨ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ ਸੀ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਲਾਹੌਰ ਜਾ ਵੱਸੀ ਸੀ ਜਿੱਥੇ ਉਹ 1982 ਵਿਚ ਆਪਣੇ ਆਖ਼ਰੀ ਸਮਿਆਂ ਤੱਕ ਆਪਣੇ ਫ਼ਨ ਦਾ ਜਾਦੂ ਬਖੇਰਦੇ ਰਹੇ ਸਨ। 2009 ਵਿਚ ਜਦੋਂ ਮੈਂ ਲਾਹੌਰ ਗਿਆ ਸੀ ਤਾਂ ਅਨਾਰਕਲੀ ਬਾਜ਼ਾਰ ਵਿਚ ਰੌਸ਼ਨ ਆਰਾ ਦੇ ਸੰਗੀਤ ਦੀ ਤਲਾਸ਼ ਕਰਦਾ ਰਿਹਾ ਤੇ ਉੱਥੋਂ ਕੁਝ ਕੈਸਟਾਂ ਮਿਲੀਆਂ ਸਨ ਜਿਨ੍ਹਾਂ ਵਿਚ ਸ਼ੰਕਰ ਦੀ ਇਕ ਨਾਯਾਬ ਸੰਗੀਤਕ ਪੇਸ਼ਕਾਰੀ ਵੀ ਸ਼ਾਮਲ ਸੀ ਜੋ ਮੈਂ ਹੁਣ ਤਕ ਪਤਾ ਕਿੰਨੀ ਵਾਰ ਸੁਣ ਚੁੱਕਿਆ ਹਾਂ। ਹਾਲੇ ਪਿਛਲੇ ਹਫ਼ਤੇ ਮੈਨੂੰ ਦਿੱਲੀ ’ਚ ਕਰਵਾਏ ਗਏ ਸੰਗੀਤ ਸੰਮੇਲਨ ਦੀ ਰਿਕਾਰਡਿੰਗ ਸੁਣਨ ਦਾ ਮੌਕਾ ਮਿਲਿਆ ਜੋ 1950ਵਿਆਂ ਦੇ ਅਖੀਰ ਵਿਚ ਹੋਇਆ ਸੀ ਜਿਸ ਦਾ ਕੇਂਦਰਬਿੰਦੂ ਇਕ ਬੇਹੱਦ ਘੱਟ ਗਾਇਆ ਜਾਣ ਵਾਲਾ ਰਾਗ ਨੂਰਾਨੀ ਸੀ। ਇਸ ਨਾਯਾਬ ਸੰਗੀਤ ਦੇ ਨਾਲ ਹੀ ਸੁਰਜੀਤ ਸੇਨ ਦੀ ਪੁਰਕਸ਼ਿਸ਼ ਆਵਾਜ਼ ਵੀ ਘੁਲੀ ਮਿਲੀ ਹੋਈ ਸੀ ਜੋ ਕਹਿੰਦੇ ਸਨ : ‘ਇਹ ਆਲ ਇੰਡੀਆ ਰੇਡੀਓ ਹੈ। ਸੰਗੀਤ ਦੇ ਕੌਮੀ ਪ੍ਰੋਗਰਾਮ ਵਿਚ ਅੱਜ ਤੁਸੀਂ ਸੁਣੋਗੇ ਪਾਕਿਸਤਾਨ ਦੀ ਰੌਸ਼ਨ ਆਰਾ ਬੇਗ਼ਮ ਦਾ ਗਾਇਨ।’
ਇਨ੍ਹਾਂ ਸਾਲਾਂ ਦੌਰਾਨ ਮੈਂ ਬਹੁਤਾ ਸੰਗੀਤ ਯੂਟਿਊਬ ’ਤੇ ਹੀ ਸੁਣਿਆ ਹੈ ਤੇ ਮੈਂ ਉਨ੍ਹਾਂ ਲੋਕਾਂ ਦੀ ਦਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਆਪਣੀਆਂ ਕੁਲੈਕਸ਼ਨਾਂ ਹੋਰਨਾਂ ਲੋਕਾਂ ਦੇ ਰਸ ਲਈ ਇੰਜ ਨਿਰਸਵਾਰਥ ਢੰਗ ਨਾਲ ਸਾਂਝੀਆਂ ਕੀਤੀਆਂ ਹਨ। ਹਾਲਾਂਕਿ ਮੈਂ ਇੱਥੇ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ ਸਾਂ ਪਰ ਮੈਂ ਇਹ ਵੀ ਨਹੀਂ ਚਾਹਾਂਗਾ ਕਿ ਕੁਝ ਤੰਗਨਜ਼ਰ ਏਕਾਧਿਕਾਰਵਾਦੀ ਤੇ ਉਨ੍ਹਾਂ ਦੇ ਲਾਲਚੀ ਵਕੀਲ ਉਨ੍ਹਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ। ਮੇਰੇ ਜਿਹਾ ਕੋਈ ਵੀ ਸ਼ਖ਼ਸ ਜੋ ਆਪਣੀਆਂ ਸੰਗੀਤਕ ਲੋੜਾਂ ਦੀ ਪੂਰਤੀ ਲਈ ਯੂਟਿਊਬ ’ਤੇ ਜਾਂਦਾ ਹੈ ਤਾਂ ਉਹ ਉਨ੍ਹਾਂ ਦਾਨੀਆਂ ਨੂੰ ਜ਼ਰੂਰ ਜਾਣਦਾ ਹੋਵੇਗਾ ਤੇ ਮੇਰੀ ਤਰ੍ਹਾਂ ਉਹ ਵੀ ਉਨ੍ਹਾਂ ਲੋਕਾਂ ਦਾ ਸ਼ੁਕਰਗੁਜ਼ਾਰ ਹੁੰਦਾ ਹੋਵੇਗਾ। ਨਫ਼ਰਤ ਤੇ ਬਦਅਮਨੀ, ਈਰਖਾ ਤੇ ਵੈਰਭਾਵ, ਹੰਕਾਰ ਤੇ ਭੇਦਭਾਵ ਨਾਲ ਗ੍ਰਸੀ ਇਸ ਦੁਨੀਆ ਅੰਦਰ ਜਿਹੜੇ ਲੋਕ ਬਹੁਤ ਹੀ ਮੁਸ਼ੱਕਤਾਂ ਘਾਲ ਕੇ ਬਣਾਏ ਆਪਣੇ ਸੰਗੀਤਕ ਖਜ਼ਾਨੇ ਅਜਿਹੇ ਕਿਸੇ ਜਨਤਕ ਮੰਚ ’ਤੇ ਨਿਛਾਵਰ ਕਰ ਦਿੰਦੇ ਹਨ, ਉਹ ਵਾਕਈ ਹੀਰੇ ਮਾਨਸ ਹਨ।