ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ - ਉਜਾਗਰ ਸਿੰਘ
ਪੰਜਾਬ ਦੀ ਨੌਜਵਾਨੀ ਪਿਛਲੇ 15 ਸਾਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ। ਅਲ੍ਹੜ ਉਮਰ ਦੇ ਲੜਕੇ ਅਤੇ ਲੜਕੀਆਂ ਨੂੰ ਵੀ ਬਾਹਰ ਭੇਜਣ ਲੱਗ ਪਏ ਜਦੋਂ ਕਿ ਉਨ੍ਹਾਂ ਨੂੰ ਅਜੇ ਜ਼ਿੰਦਗੀ ਵਿੱਚ ਅਡਜਸਟ ਕਰਨ ਦੀ ਸਮਝ ਹੀ ਨਹੀਂ ਹੁੰਦੀ। ਪਿਆਰੇ ਨੌਜਵਾਨੋ/ਵਿਦਿਆਰਥੀਓ/ਪੰਜਾਬੀਓ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਦਾਗ਼ ਨਾ ਲਗਾਓ। ਗੁਰੂਆਂ ਪੀਰਾਂ ਦੀ ਪਵਿਤਰ ਧਰਤੀ ਦੇ ਜਾਇਓ ਪਰਵਾਸ ਵਿੱਚ ਜਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਕਰਨ ਦੀ ਥਾਂ ਦਾਗ਼ਦਾਰ ਨਾ ਕਰੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਸਰਦਾਰੀ ਦੀ ਆਭਾ ਨੂੰ ਹੋਰ ਉਚਾ ਚੁੱਕ ਕੇ ਪੰਜਾਬੀਆਂ ਦਾ ਮਾਣ ਵਧਾਓ। ਸੰਸਾਰ ਤੁਹਾਡੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੀ ਵਿਚਾਰਧਾਰਾ ਦੀ ਕਦਰ ਕਰਦਾ ਹੈ। ਇਸ ਵਿਚਾਰਧਾਰਾ ‘ਤੇ ਪਹਿਰਾ ਦੇਣਾ ਤੁਹਾਡਾ ਫ਼ਰਜ਼ ਹੈ ਪ੍ਰੰਤੂ ਫ਼ਰਜ਼ਾਂ ਦੀ ਪਾਲਣਾ ਕਰਨ ਦੀ ਥਾਂ ਉਨ੍ਹਾਂ ਦੀ ਉਲੰਘਣਾ ਕਰ ਰਹੇ ਹੋ। ਪੰਜਾਬੀਆਂ ਦੀਆਂ ਨਸ਼ਿਆਂ ਦੇ ਵਿਓਪਾਰ ਨਾਲ ਸੰਬਧਤ ਖ਼ਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਿਹੜੇ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਰਮਿੰਦਰੀ ਮਹਿਸੂਸ ਹੋ ਰਹੀ ਹੈ। ਪੰਜਾਬ ਵਿੱਚ ਬੇਰੋਜ਼ਗਾਰੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਨੌਜਵਾਨੀ ਦੇ ਫਸ ਜਾਣ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਪਰਵਾਸ ਵਿੱਚ ਭੇਜਣ ਲਈ ਮਜ਼ਬੂਰ ਹਨ। ਇਥੋਂ ਤੱਕ ਕਿ 10+2 ਤੋਂ ਬਾਅਦ ਹੀ ਬੱਚਿਆਂ ਨੂੰ ਅਗਲੇਰੀ ਪੜ੍ਹਾਈ ਦੇ ਬਹਾਨੇ ਪਰਵਾਸ ਵਿੱਚ ਵਸਾਉਣ ਲਈ ਭੇਜ ਰਹੇ ਹਨ। ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਹਨ, ਕਿਉਂਕਿ ਕੈਨੇਡਾ ਦੀਆਂ ਸਰਕਾਰਾਂ ਦੀਆਂ ਨੀਤੀਆਂ ਪੰਜਾਬੀ ਨੂੰ ਉਥੇ ਵਸਣ ਵਿੱਚ ਸਹਾਈ ਹੋ ਰਹੀਆਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਪੰਜਾਬੀਆਂ ਦੇ ਮਾਪੇ ਪੰਜਾਬ ਵਿੱਚ ਆਪ ਨਸ਼ਿਆਂ ਦੇ ਕਾਰੋਬਾਰ ਵਿੱਚ ਗਲਤਾਨ ਹਨ ਅਤੇ ਜੋ ਭਰਿਸ਼ਟਾਚਾਰ ਰਾਹੀਂ ਇਕੱਤਰ ਕੀਤੀ ਕਮਾਈ ਕਰਕੇ ਸਰਦੇ ਪੁਜਦੇ ਬਣ ਗਏ ਹਨ, ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਕਿਤੇ ਉਨ੍ਹਾਂ ਦੀ ਤਰ੍ਹਾਂ ਬੱਚੇ ਵੀ ਅਜਿਹੇ ਕਾਰੋਬਾਰ ਵਿੱਚ ਨਾ ਪੈ ਜਾਣ ਜਾਂ ਕਿਤੇ ਨਸ਼ਿਆਂ ਵਿਚ ਫਸ ਨਾ ਜਾਣ। ਅਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਜਾ ਕੇ ਵੀ ਮਿਹਨਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਸਿਰ ‘ਤੇ ਮੌਜਾਂ ਮਾਣਦਿਆਂ ਗ਼ੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਹਨ। ਪੰਜਾਬ ਵਿੱਚ ਪੈਸੇ ਦੇ ਜ਼ੋਰ ਜਾਂ ਸਿਆਸੀ ਪ੍ਰਭਾਵ ਵਰਤਕੇ ਬਚਦੇ ਰਹੇ ਹਨ। ਪ੍ਰੰਤੂ ਪਰਵਾਸ ਵਿੱਚ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦੇ ਕਿਉਂਕਿ ਤੁਸੀਂ ਤਾਂ ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ ਦੀ ਕਹਾਵਤ ਅਨੁਸਾਰ ਚਲਦੇ ਹੋ।
ਪਰਵਾਸ ਵਿੱਚ ਕੰਮ ਕੀਤੇ ਬਿਨਾ ਗੁਜ਼ਾਰਾ ਨਹੀਂ। ਉਥੇ ਵਰਕ ਕਲਚਰ ਹੈ। ਮਿਹਨਤ ਕਰਨ ਦੀ ਥਾਂ ਅਲ੍ਹੜ੍ਹ ਉਮਰ ਦੇ ਇਹ ਬੱਚੇ ਸ਼ਾਰਟ ਕੱਟ ਮਾਰਕੇ ਅਮੀਰ ਬਣਨ ਦੇ ਸੁਪਨੇ ਸਿਰਜਣ ਲੱਗ ਜਾਂਦੇ ਹਨ। ਫਿਰ ਉਹ ਗੈਂਗਸਟਰਾਂ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਪਿਛੇ ਜਹੇ ਕੈਨੇਡਾ ਦੇ ਟਰਾਂਟੋ ਸ਼ਹਿਰ ਦੇ ਇਲਾਕੇ ਵਿਚ 16 ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਫੜ੍ਹਿਆ ਹੈ ਅਤੇ 140 ਮਾਮਲੇ ਦਰਜ ਕੀਤੇ ਹਨ, ਜਿਹੜੇ ਆਨ ਲਾਈਨ ਸਾਮਾਨ ਦੀ ਡਲਿਵਰੀ ਦਾ ਸਾਮਾਨ ਚੋਰੀ ਕਰਦੇ ਸਨ। ਉਹ ਸਾਰੇ ਹੀ ਪੰਜਾਬੀ ਹਨ, ਉਨ੍ਹਾਂ ਵਿੱਚ ਪਗੜੀਧਾਰੀ ਅਤੇ ਲੰਬੀਆਂ ਦਾੜੀਆਂ ਵਾਲੇ ਅਲੂੰਏਂ ਨੌਜਵਾਨ ਵੀ ਹਨ। ਇਕ ਲੜਕੀ ਵੀ ਹੈ, ਜਿਸਦੀ ਉਮਰ 25 ਸਾਲ ਹੈ। ਹੈਰਾਨੀ ਦੀ ਗੱਲ ਹੈ ਇਕ ਲੜਕਾ ਨਬਾਲਗ ਹੈ। ਅੱਧੇ 25 ਸਾਲ ਤੋਂ ਘੱਟ ਉਮਰ ਦੇ ਹਨ। ਡੇਢ ਮਹੀਨਾ ਜਾਂਚ ਚਲੀ, ਜਿਸ ਵਿੱਚ ਕੈਨੇਡਾ ਦਾ ਡਾਕ ਵਿਭਾਗ ਅਤੇ ਹੋਰ ਖੇਤਰੀ ਅਤੇ ਪ੍ਰਾਂਤਕ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਸਨ। ਸ਼ੱਕੀ ਵਿਅਕਤੀਆਂ ਕੋਲੋਂ ਚੋਰੀ ਦਾ ਸਾਮਾਨ, ਨਸ਼ੇ ਤੇ ਚੋਰੀ ਕੀਤੇ ਕਰੈਡਿਟ ਕਾਰਡ ਵਗੈਰਾ ਬਰਾਮਦ ਹੋਏ ਹਨ। ਪੁਲਿਸ ਨੂੰ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਤੋਂ ਛੇ ਮਹੀਨੇ ਵਿੱਚ ਡਾਕ ਚੋਰੀ ਦੀਆਂ 100 ਸ਼ਿਕਾਇਤਾਂ ਮਿਲੀਆਂ ਹਨ। ਪੁਲਿਸ ਨੈ ਉਨ੍ਹਾਂ ਨੂੰ ਚਾਰਜ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਟਰਾਂਟੋ ਪੁਲਿਸ ਨੇ ਇਕ ਹੋਰ ਕੇਸ ਵਿੱਚ 1000 ਕਿਲੋ ਡਰੱਗ ਪਕੜੀ ਹੈ, ਜਿਸਦੀ ਕੀਮਤ 61 ਮਿਲੀਅਨ ਦੀ ਦੱਸੀ ਜਾਂਦੀ ਹੈ। ਨਵੰਬਰ 2020 ਤੋਂ ਮਈ 2021 ਤੱਕ ਚਲੇ ਇਸ ਓਪ੍ਰੇਸ਼ਨ ਵਿੱਚ 35 ਥਾਵਾਂ ਤੇ ਛਾਪੇ ਮਾਰਕੇ ਇਸ ਡਰੱਗ ਦੀ ਖੇਪ ਪਕੜੀ ਹੈ। ਇਸ ਖੇਪ ਵਿੱਚ 444 ਕਿਲੋ ਕੋਕੀਨ, 182 ਕਿਲੋ ਕਿ੍ਰਸਟਲ, 427 ਕਿਲੋ ਮੇਰੁਆਨਾ ਅਤੇ 300 ਨਸ਼ੀਲੀਆਂ ਗੋਲੀਆਂ ਹਨ। 20 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 13 ਪੰਜਾਬੀ ਹਨ। ਗਿ੍ਰਫ਼ਤਾਰ ਹੋਣ ਵਾਲਿਆਂ ਉਪਰ 182 ਚਾਰਜ ਲਗਾਏ ਗਏ ਹਨ। ਇਸ ਕੇਸ ਵਿੱਚ 18 ਵਿਅਕਤੀ ਪੁਲਿਸ ਨੇ ਪਕੜੇ ਹਨ ਜਿਨ੍ਹਾਂ ਵਿਚੋਂ ਅੱਧੇ ਪੰਜਾਬੀ ਹਨ। ਇਕ ਪੰਜਾਬੀ ਆਪਣੇ ਘਰ ਵਿੱਚ ਹੀ ਸ਼ਰਾਬ ਕੱਢ ਰਿਹਾ ਸੀ, ਉਸਦਾ ਬੁਆਇਲਰ ਫਟ ਗਿਆ ਜਿਸ ਦੇ ਸਿੱਟੇ ਵਜੋਂ ਘਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜੇਕਰ ਬੁਆਇਲਰ ਨਾ ਫਟਦਾ ਤਾਂ ਪਤਾ ਨਹੀਂ ਲੱਗਣਾ ਸੀ। ਜੇਕਰ ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਦੀ ਪਾਲਣਾ ਨਹੀਂ ਕਰਨੀ ਤਾਂ ਉਨ੍ਹਾਂ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ। ਜੇ ਉਥੇ ਜਾਣਾ ਹੈ ਤਾਂ ਉਸ ਦੇਸ਼ ਦੇ ਨਿਯਮਾ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਕਿਹੜਾ ਕੈਨੇਡਾ ਸਰਕਾਰ ਆਪ ਸੱਦਾ ਦਿੰਦੀ ਹੈ। ਉਹ ਤਾਂ ਖ਼ੁਦ ਆਪਣੇ ਸੁਨਹਿਰੇ ਭਵਿਖ ਲਈ ਪਰਵਾਸ ਵਿੱਚ ਜਾਂਦੇ ਹਨ ਪ੍ਰੰਤੂ ਜਲਦੀ ਅਮੀਰ ਬਣਨ ਲਈ ਗ਼ੈਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਕੇ, ਉਹ ਆਪਣਾ ਭਵਿਖ ਖੁਦ ਗੰਧਲਾ ਕਰ ਲੈਂਦੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਦੀ ਪੁਲਿਸ ਐਵੇਂ ਨਹੀਂ ਕਿਸੇ ਦੋਸ਼ੀ ਨੂੰ ਪਕੜਦੀ, ਸੂਚਨਾ ਮਿਲਣ ਤੋਂ ਬਾਅਦ ਪੂਰੀ ਨਿਗਾਹ ਰੱਖਦੀ ਹੈ, ਜਦੋਂ ਉਨ੍ਹਾਂ ਕੋਲ ਪੂਰੇ ਸਬੂਤ ਹੁੰਦੇ ਹਨ ਫਿਰ ਉਨ੍ਹਾਂ ਨੂੰ ਪਕੜਦੀ ਹੈ। ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਚਾਰਜ ਵੀ ਕਰ ਦਿੱਤਾ ਹੈ। ਪੁਲਿਸ ਕੋਲ ਭਾਵੇਂ ਸਬੂਤ ਹੁੰਦੇ ਹਨ ਪ੍ਰੰਤੂ ਜਿਤਨੀ ਦੇਰ ਸਜਾ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਸ਼ੱਕੀ ਹੀ ਕਿਹਾ ਜਾਂਦਾ ਹੈ। ਇਹ ਲੋਕ ਆਪਣਾ ਨੁਕਸਾਨ ਤਾਂ ਕਰਨਗੇ ਹੀ ਪ੍ਰੰਤੂ ਜਿਹੜੇ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸ਼ੱਕੀ ਨਿਗਾਹ ਨਾਲ ਵੇਖਿਆ ਜਾਵੇਗਾ। ਹੋ ਸਕਦਾ ਕੈਨੇਡਾ ਸਰਕਾਰ ਪਰਵਾਸ ਵਿੱਚ ਸੈਟਲ ਹੋਣ ਲਈ ਕਾਨੂੰਨ ਹੋਰ ਸਖ਼ਤ ਕਰ ਦੇਵੇ। ਇਸਤੋਂ ਪਹਿਲਾਂ ਆਮ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਪੰਜਾਬੀ ਟਰਾਂਸਪੋਰਟ ਦੇ ਵਿਓਪਾਰ ਵਿੱਚ ਸ਼ਾਮਲ ਲੋਕ ਆਪਣੇ ਹੋਰ ਸਾਮਾਨ ਵਿਚ ਛੁਪਾਕੇ ਨਸ਼ੀਲੀਆਂ ਦਵਾਈਆਂ ਅਤੇ ਹੋਰ ਸਾਮਾਨ ਲਿਆਉਂਦੇ ਵੀ ਪਕੜੇ ਗਏ ਸਨ। ਕੈਨੇਡਾ ਵਿੱਚ ਪੜ੍ਹਨ ਗਏ ਵਿਦਿਆਰਥੀਆਂ ਦੀ ਹੁਲੜਬਾਜ਼ੀ ਅਤੇ ਲੜਾਈ ਝਗੜਿਆਂ ਦੇ ਕੇਸ ਵੀ ਹੁੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਵੱਲੋਂ ਕੀਤੇ ਜਾ ਰਹੇ ਅਨੈਤਿਕ ਕੰਮਾ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪਰਵਾਸ ਵਿੱਚ ਆਜ਼ਾਦੀ ਦਾ ਭਾਵ ਅਨੈਤਿਕ ਕੰਮਾ ਦੀ ਪ੍ਰਵਾਨਗੀ ਨਹੀਂ। ਆਜ਼ਾਦੀ ਦੇ ਗ਼ਲਤ ਅਰਥ ਕੱਢਕੇ ਐਸ਼ ਆਰਾਮ ਦੀ ਜ਼ਿੰਦਗੀ ਵਿੱਚ ਗਲਤਾਨ ਹੋ ਰਹੇ ਹਨ। ਪੰਜਾਬੀ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਵਿੱਚ ਵਰਕ ਕਲਚਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਆਪਣੀ ਕਮਾਈ ਕਰਕੇ ਆਪਣਾ ਗੁਜ਼ਾਰਾ ਕਰਨ ਲਈ ਵੀ ਤਿਆਰ ਕਰਨਾ ਚਾਹੀਦਾ ਹੈ। ਜੇਕਰ ਅਜੇ ਵੀ ਮਾਪੇ ਨਾ ਸਮਝੇ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਪਰਵਾਸ ਵਿੱਚ ਸਖ਼ਤ ਕਾਨੂੰਨਾ ਦਾ ਸਾਹਮਣਾ ਕਰਦੇ ਹੋਏ ਜੇਲ੍ਹਾਂ ਵਿਚ ਜੀਵਨ ਗੁਜ਼ਾਰਨਾ ਪਵੇਗਾ। ਪੰਜਾਬੀ ਭੈਣੋ ਅਤੇ ਭਰਾਵੋ, ਤੁਹਾਡੇ ਦੇਸ਼ ਦੇ ਲੋਕ ਆਪਣੀ ਮਿਹਨਤ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਮੰਤਰੀ, ਰਾਜ ਸਰਕਾਰਾਂ ਵਿੱਚ ਮੰਤਰੀ ਅਤੇ ਹੋਰ ਉਚ ਅਹੁਦਿਆਂ ਤੇ ਬਿਰਾਜਮਾਨ ਹਨ, ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਥਾਂ ਤੁਸੀਂ ਉਨ੍ਹਾਂ ਦੇ ਕਿਰਦਾਰ ਵੀ ਸ਼ੱਕੀ ਬਣਾ ਰਹੇ ਹੋ। ਸੰਭਲ ਜਾਓ, ਜੇ ਨਾ ਸੰਭਲੇ ਤਾਂ ਕੈਨੇਡਾ ਸਰਕਾਰ ਨੇ ਮੱਖਣ ‘ਚੋਂ ਵਾਲ ਦੀ ਤਰ੍ਹਾਂ ਕੱਢ ਕੇ ਵਾਪਸ ਭੇਜ ਦੇਣਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com