ਖੇਡਾਂ, ਖ਼ੁਸ਼ੀਆਂ ਤੇ ਸੋਚਣ ਦਾ ਵੇਲਾ - ਸਵਰਾਜਬੀਰ
ਭਾਰਤ ਦੇ ਖਿਡਾਰੀਆਂ ਨੇ ਟੋਕੀਓ ਓਲੰਪਿਕ ਵਿਚ ਜੌਹਰ ਦਿਖਾ ਕੇ ਦੇਸ਼ ਵਾਸੀਆਂ ਦੀਆਂ ਜ਼ਿੰਦਗੀਆਂ ਵਿਚ ਖ਼ੁਸ਼ੀਆਂ ਦੇ ਪਲ ਲਿਆਂਦੇ ਹਨ। ਭਾਰਤ ਨੇ ਸੋਨੇ ਦਾ ਇਕ, ਚਾਂਦੀ ਦੇ ਦੋ ਅਤੇ ਕਾਂਸੀ ਦੇ ਚਾਰ ਤਗ਼ਮੇ ਜਿੱਤੇ ਹਨ। ਹਾਕੀ ਦੀਆਂ ਦੋਹਾਂ ਟੀਮਾਂ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਕੇ ਇਤਿਹਾਸ ਰਚਿਆ। ਵੀਰਵਾਰ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਖੇਡ ਰਹੀ ਪੁਰਸ਼ਾਂ ਦੀ ਹਾਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਵਾਸੀਆਂ ਦੇ ਮਨਾਂ ਵਿਚ ਖੇੜਾ ਤੇ ਖ਼ੁਸ਼ੀਆਂ ਭਰ ਦਿੱਤੀਆਂ। ਸ਼ੁੱਕਰਵਾਰ ਕੁੜੀਆਂ ਦੀ ਹਾਕੀ ਦੀ ਟੀਮ ਸੈਮੀਫਾਈਨਲ ਵਿਚ ਇੰਗਲੈਂਡ ਦੀ ਟੀਮ ਤੋਂ ਹਾਰ ਗਈ ਪਰ ਉਹ ਜੁਝਾਰੂ ਭਾਵਨਾ, ਜਿਸ ਨਾਲ ਇਹ ਕੁੜੀਆਂ ਖੇਡੀਆਂ, ਨੇ ਲੋਕਾਂ ਦੇ ਮਨ ਜਿੱਤ ਲਏ। ਉਨ੍ਹਾਂ ਦਾ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨਾ ਇਕ ਵੱਡੀ ਪ੍ਰਾਪਤੀ ਤੇ ਸ਼ੁਰੂਆਤ ਹੈ।
ਦੇਸ਼ ਤਗ਼ਮੇ ਜਿੱਤਣ ਵਾਲੇ ਹੋਰ ਖਿਡਾਰੀਆਂ ਨੂੰ ਵਧਾਈਆਂ ਦੇ ਰਿਹਾ ਹੈ। ਜੈਵਲਿਨ ਥਰੋ ਵਿਚ ਸੋਨੇ ਦਾ ਤਗ਼ਮਾ ਜਿੱਤਣ ਵਾਲਾ ਨੀਰਜ ਚੋਪੜਾ ਅਥਲੈਟਿਕਸ ਵਿਚ ਸੋਨੇ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਪੀਵੀ ਸਿੰਧੂ, ਜਿਸ ਨੇ ਪਿਛਲੀਆਂ ਓਲੰਪਿਕ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਇਸ ਵਾਰ ਕਾਂਸੀ ਦਾ ਤਗ਼ਮਾ ਜਿੱਤ ਕੇ ਦੋ ਓਲੰਪਿਕ ਖੇਡਾਂ ਵਿਚ ਲਗਾਤਾਰ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ ਹੈ। ਮੀਰਾਬਾਈ ਚਾਨੂ ਨੇ ਭਾਰ ਚੁੱਕਣ ਵਿਚ ਚਾਂਦੀ ਦਾ ਤਗ਼ਮਾ, ਲਵਲੀਨਾ ਬੋਰਗੋਹੇਨ ਨੇ ਬਾਕਸਿੰਗ ਵਿਚ ਕਾਂਸੀ ਦਾ ਅਤੇ ਘੋਲਾਂ ਵਿਚ ਰਵੀ ਕੁਮਾਰ ਦਹੀਆ ਨੇ ਚਾਂਦੀ ਦਾ ਅਤੇ ਬਜਰੰਗ ਪੂਨੀਆ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਤਗ਼ਮੇ ਜਿੱਤਣ ਵਾਲਿਆਂ ਦੇ ਨਾਲ ਨਾਲ ਜਿੱਤਣ ਤੋਂ ਖੁੰਝ ਗਏ ਖਿਡਾਰੀਆਂ ਦੀਆਂ ਪ੍ਰਾਪਤੀਆਂ ਵੀ ਕੁਝ ਘੱਟ ਨਹੀਂ; ਉਦਾਹਰਨ ਦੇ ਤੌਰ ’ਤੇ ਪੰਜਾਬ ਦੀ ਕਮਲਪ੍ਰੀਤ ਕੌਰ ਦਾ ਡਿਸਕਸ ਥਰੋ ਵਿਚ ਓਲੰਪਿਕ ਵਿਚ 6ਵੇਂ ਸਥਾਨ ’ਤੇ ਰਹਿਣਾ ਸਾਰੇ ਦੇਸ਼ ਵਾਸੀਆਂ ਅਤੇ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ।
ਬੈਡਮਿੰਟਨ, ਸ਼ੂਟਿੰਗ, ਤੀਰਅੰਦਾਜ਼ੀ, ਅਥਲੈਟਿਕਸ, ਘੋਲਾਂ, ਬਾਕਸਿੰਗ ਆਦਿ ਖੇਡਾਂ ਵਿਚ ਜਿੱਤੇ ਗਏ ਤਗ਼ਮੇ ਅਹਿਮ ਪ੍ਰਾਪਤੀਆਂ ਹਨ ਪਰ ਜੋ ਵਿਆਪਕ ਖੇੜਾ ਲੋਕਾਂ ਦੇ ਮਨਾਂ ਵਿਚ ਹਾਕੀ ਦੀਆਂ ਟੀਮਾਂ ਨੇ ਲਿਆਂਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ। ਸਮੂਹਿਕ ਖੇਡ ਹੋਣ ਕਾਰਨ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨੇ ਹਾਕੀ ਨਾਲ ਜੁੜੇ ਹੋਏ ਹਨ। ਆਧੁਨਿਕ ਹਾਕੀ ਪਹਿਲੀ ਵਾਰ 1908 ਦੀਆਂ ਓਲੰਪਿਕ ਖੇਡਾਂ ਵਿਚ ਖੇਡੀ ਗਈ, 1912 ਤੇ 1916 ਵਿਚ ਗ਼ੈਰਹਾਜ਼ਰ ਰਹੀ ਅਤੇ 1920 ਵਿਚ ਓਲੰਪਿਕ ਖੇਡਾਂ ਵਿਚ ਪਰਤੀ। 1924 ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਮੁਕਾਬਲੇ ਨਹੀਂ ਹੋਏ ਪਰ 1928 ਤੋਂ ਇਹ ਓਲੰਪਿਕ ਖੇਡਾਂ ਦਾ ਲਗਾਤਾਰ ਹਿੱਸਾ ਬਣੀ ਰਹੀ ਹੈ। ਇਤਫ਼ਾਕ ਦੀ ਗੱਲ ਹੈ ਕਿ ਭਾਰਤ ਦੀ ਹਾਕੀ ਟੀਮ ਨੇ 1928 ਵਿਚ ਪਹਿਲੀ ਵਾਰ ਮੁੰਡਾ ਕਬੀਲੇ ਨਾਲ ਸਬੰਧਿਤ ਖਿਡਾਰੀ ਜੈਪਾਲ ਸਿੰਘ ਮੁੰਡਾ ਦੀ ਅਗਵਾਈ ਵਿਚ ਖੇਡਾਂ ਵਿਚ ਹਿੱਸਾ ਲਿਆ। ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਇੱਥੋਂ ਸ਼ੁਰੂ ਹੋਇਆ ਭਾਰਤ ਦੇ ਹਾਕੀ ਖਿਡਾਰੀਆਂ ਦੀ ਜਾਦੂਮਈ ਖੇਡ ਦਾ ਸੁਨਹਿਰੀ ਦੌਰ। 1928 ਤੋਂ 1956 ਤਕ ਸਾਰੀਆਂ ਓਲੰਪਿਕ ਖੇਡਾਂ ਵਿਚ ਭਾਰਤ ਨੇ ਸੋਨੇ ਦੇ ਤਗ਼ਮੇ (6 ਤਗ਼ਮੇ, ਕਿਉਂਕਿ ਦੂਸਰੀ ਆਲਮੀ ਜੰਗ ਕਾਰਨ 1940 ਅਤੇ 1944 ਵਿਚ ਖੇਡਾਂ ਨਹੀਂ ਸਨ ਹੋਈਆਂ) ਜਿੱਤੇ। ਇਹੀ ਕਾਰਨ ਸੀ ਕਿ ਇਹ ਖੇਡ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਵਿਚ ਢਾਕੇ ਤੋਂ ਲੈ ਕੇ ਪਿਸ਼ਾਵਰ ਤਕ ਅਤੇ ਜੰਮੂ-ਕਸ਼ਮੀਰ ਤੋਂ ਲੈ ਕੇ ਤਾਮਿਲ ਨਾਡੂ ਤਕ ਲੋਕਾਂ ਵਿਚ ਮਕਬੂਲ ਹੋਈ ਪਰ ਪੰਜਾਬੀਆਂ ਨੇ ਇਸ ਨੂੰ ਇਸ ਤਰ੍ਹਾਂ ਅਪਣਾਇਆ ਕਿ ਇਹ ਖੇਡ ਉਨ੍ਹਾਂ ਦਾ ਖੇਲ-ਧਰਮ ਬਣ ਗਈ। ਉਨ੍ਹਾਂ ਨੇ ਖੇਡ ਨੂੰ ਸੀਨੇ ਨਾਲ ਲਾਇਆ ਅਤੇ ਇਸ ਦੇ ਅਨੇਕ ਨਗੀਨੇ ਪੰਜਾਬ ਦੀ ਧਰਤੀ ’ਤੇ ਪੈਦਾ ਹੋਏ।
ਭਾਰਤ ਨੇ 1960 ਵਿਚ ਚਾਂਦੀ ਦਾ, 1964 ਵਿਚ ਸੋਨੇ ਦਾ ਅਤੇ 1968 ਅਤੇ 1972 ਵਿਚ ਕਾਂਸੀ ਦੇ ਤਗ਼ਮੇ ਜਿੱਤੇ। 1975 ਵਿਚ ਦੇਸ਼ ਨੇ ਵਿਸ਼ਵ ਹਾਕੀ ਕੱਪ ਜਿੱਤਿਆ। 1976 ਦੀਆਂ ਮੌਂਟਰੀਆਲ ਓਲੰਪਿਕ ਖੇਡਾਂ ਵਿਚ ਪਹਿਲੀ ਵਾਰ ਐਸਟਰੋਟਰਫ਼ ਇਸਤੇਮਾਲ ਕੀਤਾ ਗਿਆ ਅਤੇ ਭਾਰਤ ਦੀ ਹਾਕੀ ਟੀਮ ਉਸ ਸਾਲ ਸੈਮੀਫਾਈਨਲ ਤਕ ਨਾ ਪਹੁੰਚ ਸਕੀ। 1980 ਦੀਆਂ ਮਾਸਕੋ ਓਲੰਪਿਕ ਵਿਚ ਭਾਰਤ ਨੇ ਹਾਕੀ ਵਿਚ ਫਿਰ ਸੋਨੇ ਦਾ ਤਗ਼ਮਾ ਜਿੱਤਿਆ ਪਰ ਬਹੁਤ ਸਾਰੇ ਦੇਸ਼ਾਂ ਨੇ ਸੋਵੀਅਤ ਯੂਨੀਅਨ ਦੇ ਅਫ਼ਗ਼ਾਨਿਸਤਾਨ ਵਿਚ ਫ਼ੌਜਾਂ ਭੇਜਣ ਕਾਰਨ ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਸੀ ਲਿਆ। ਇਨ੍ਹਾਂ ਖੇਡਾਂ ਵਿਚ ਹੀ ਔਰਤਾਂ ਦੀ ਹਾਕੀ ਪਹਿਲੀ ਵਾਰ ਖੇਡੀ ਗਈ ਅਤੇ ਭਾਰਤ ਉੱਥੇ ਚੌਥੇ ਨੰਬਰ ’ਤੇ ਰਿਹਾ ਸੀ। ਮਹਿਲਾ ਟੀਮ ਨੇ 1982 ਦੀਆਂ ਦਿੱਲੀ ਦੀਆਂ ਏਸ਼ੀਅਨ ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਿਆ ਜਦੋਂਕਿ ਪੁਰਸ਼ਾਂ ਦੀ ਟੀਮ ਫਾਈਨਲ ਵਿਚ ਪਾਕਿਸਤਾਨ ਤੋਂ 7-1 ਨਾਲ ਹਾਰ ਗਈ।
1980ਵਿਆਂ ਤੋਂ ਸਾਡੇ ਦੇਸ਼ ਵਿਚ ਹਾਕੀ ਦਾ ਪਤਨ ਸ਼ੁਰੂ ਹੋ ਗਿਆ। ਇਸ ਦਾ ਮੁੱਖ ਕਾਰਨ ਇਸ ਖੇਡ ਦਾ ਐਸਟਰੋਟਰਫ਼ ’ਤੇ ਖੇਡੇ ਜਾਣਾ ਸੀ। ਭਾਰਤ ਜਿਹੇ ਦੇਸ਼ ਵਿਚ ਜ਼ਿਆਦਾ ਐਸਟਰੋਟਰਫ਼ ਨਹੀਂ ਬਣਾਏ ਜਾ ਸਕਦੇ। ਇਸ ਕਾਰਨ ਆਸਟਰੇਲੀਆ ਅਤੇ ਯੂਰੋਪੀਅਨ ਦੇਸ਼ਾਂ ਦੀਆਂ ਟੀਮਾਂ ਦਾ ਗ਼ਲਬਾ ਵਧਿਆ। ਵਿਚ-ਵਿਚਾਲੇ ਭਾਰਤੀ ਟੀਮ ਨੇ ਕਈ ਵਾਰ ਹੰਭਲੇ ਮਾਰੇ ਤੇ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਪਰ 1964 ਤੋਂ ਪਹਿਲਾਂ ਵਾਲੀ ਸ਼ਾਨ ਵਾਪਸ ਨਾ ਆਈ। ਖੇਡ ਵਿਚ ਲਗਾਤਾਰ ਹਾਰਾਂ ਨੇ ਖੇਡ ਪ੍ਰੇਮੀਆਂ ਦੇ ਮਨਾਂ ਵਿਚ ਵੀ ਨਿਰਾਸ਼ਾ ਲਿਆਂਦੀ। ਫਿਰ ਵੀ ਜਦੋਂ ਭਾਰਤ ਦੀ ਟੀਮ ਓਲੰਪਿਕ ਤੇ ਹੋਰ ਮੁਕਾਬਲਿਆਂ ਵਿਚ ਖੇਡਦੀ ਤਾਂ ਲੋਕਾਂ ਦੇ ਮਨਾਂ ਵਿਚ ਵਲਵਲੇ ਉੱਠਦੇ ਕਿ ਸਾਡੀ ਟੀਮ ਜਿੱਤ ਪ੍ਰਾਪਤ ਕਰੇ। ਹਾਲ ਦੇ ਵਰ੍ਹਿਆਂ ਵਿਚ ਟੀਮ ਨੇ 2017 ਵਿਚ ਏਸ਼ੀਆ ਕੱਪ, 2018 ਵਿਚ ਏਸ਼ੀਅਨ ਚੈਂਪੀਅਨ ਟਰਾਫ਼ੀ ਅਤੇ 2019 ਵਿਚ ਐੱਫ਼ਆਈਐੱਚ ਸੀਰੀਜ਼ ਫਾਈਨਲ ਦੇ ਮੁਕਾਬਲੇ ਜਿੱਤੇ ਅਤੇ ਲੋਕਾਂ ਦੇ ਮਨਾਂ ਵਿਚ ਇਹ ਆਸਾਂ ਉੱਭਰੀਆਂ ਕਿ ਭਾਰਤ ਇਸ ਓਲੰਪਿਕ ਵਿਚ ਸੋਨੇ ਦਾ ਤਗ਼ਮਾ ਜਿੱਤੇਗਾ। ਇਸ ਜਿੱਤ ਵਿਚ ਟੀਮ ਦੇ ਕੋਚ ਗ੍ਰਾਹਮ ਰੀਡ ਅਤੇ ਉਸ ਦੇ ਸਹਿਯੋਗੀਆਂ ਦੇ ਨਾਲ ਨਾਲ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਉੜੀਸਾ ਸਰਕਾਰ, ਜਿਸ ਨੇ ਪੁਰਸ਼ਾਂ ਅਤੇ ਔਰਤਾਂ ਦੀ ਹਾਕੀ ਟੀਮ ਨੂੰ ਸਪਾਂਸਰ ਕੀਤਾ, ਦਾ ਵੱਡਾ ਯੋਗਦਾਨ ਹੈ।
ਖ਼ੁਸ਼ੀਆਂ ਮਨਾਉਣ ਦੇ ਨਾਲ ਨਾਲ ਇਹ ਵੇਲਾ ਸੋਚਣ ਦਾ ਵੇਲਾ ਵੀ ਹੈ। 137 ਕਰੋੜ ਤੋਂ ਵੱਧ ਵਸੋਂ ਵਾਲਾ ਸਾਡਾ ਦੇਸ਼ ਆਬਾਦੀ ਦੇ ਆਧਾਰ ’ਤੇ ਦੁਨੀਆਂ ਵਿਚ ਦੂਸਰੇ ਨੰਬਰ ’ਤੇ ਹੈ ਅਤੇ ਓਲੰਪਿਕ ਖੇਡਾਂ ਵਿਚ ਅਸੀਂ 47ਵੇਂ ਸਥਾਨ ’ਤੇ ਹਾਂ। ਖੇਡਾਂ ਵਿਚ ਪਿੱਛੇ ਰਹਿਣਾ ਸਾਡਾ ਧਿਆਨ ਉਸ ਵੱਡੇ ਖੁਰਾਕ ਸੰਕਟ ਵੱਲ ਦਿਵਾਉਂਦਾ ਹੈ ਜਿਸ ਦਾ ਸਾਹਮਣਾ ਘੱਟ ਵਸੀਲਿਆਂ/ਸਾਧਨਾਂ ਵਾਲੇ ਪਰਿਵਾਰ ਕਰ ਰਹੇ ਹਨ। ਦੁਨੀਆਂ ਵਿਚ ਘੱਟ ਭੋਜਨ ਜਾਂ ਘੱਟ ਪੌਸ਼ਟਿਕ ਤੱਤਾਂ ਵਾਲੀ ਖੁਰਾਕ ਮਿਲਣ ਕਾਰਨ ਪੰਜ ਵਰ੍ਹਿਆਂ ਦੀ ਉਮਰ ਤਕ ਆਪਣੀ ਉਮਰ ਦੇ ਹਿਸਾਬ ਨਾਲ ਮਧਰੇ ਰਹਿ ਜਾਣ ਵਾਲੇ (Stunted) ਬੱਚਿਆਂ ਵਿਚੋਂ ਇਕ-ਤਿਹਾਈ ਭਾਰਤ ਦੇ ਵਾਸੀ ਹਨ, ਦੇਸ਼ ਦੇ 38 ਫ਼ੀਸਦੀ ਬੱਚਿਆਂ ਦਾ ਕੱਦ ਉਮਰ ਦੇ ਹਿਸਾਬ ਨਾਲ ਘੱਟ ਹੈ। ਭਾਰਤ ਦੇ ਕੌਮੀ ਪਰਿਵਾਰ ਸਿਹਤ ਸਰਵੇਖਣ (National Family Health Survey) ਅਨੁਸਾਰ 2015-16 ਵਿਚ 5 ਸਾਲ ਦੀ ਘੱਟ ਉਮਰ ਦੇ ਬੱਚਿਆਂ ਵਿਚੋਂ 36 ਫ਼ੀਸਦੀ ਦਾ ਭਾਰ ਆਪਣੀ ਉਮਰ ਦੇ ਹਿਸਾਬ ਨਾਲ ਘੱਟ ਸੀ ਭਾਵ ਉਹ ਕਮਜ਼ੋਰ ਸਨ ਅਤੇ 59 ਫ਼ੀਸਦੀ ਬੱਚਿਆਂ ਵਿਚ ਲਹੂ ਦੀ ਘਾਟ ਸੀ (ਉਹ ਅਨੀਮੀਆ ਤੋਂ ਪ੍ਰਭਾਵਿਤ ਸਨ)। ਵੱਖ ਵੱਖ ਅਨੁਮਾਨਾਂ ਅਨੁਸਾਰ ਦੇਸ਼ ਦੇ ਇਕ-ਤਿਹਾਈ ਬੱਚੇ ਭੁੱਖਮਰੀ ਜਾਂ ਅਰਧ-ਭੁੱਖਮਰੀ ਦਾ ਸ਼ਿਕਾਰ ਹਨ। ਕੁਪੋਸ਼ਣ (ਘੱਟ ਖੁਰਾਕ ਮਿਲਣਾ) ਕਾਰਨ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਕਮੀ ਆਉਂਦੀ ਹੈ। ਭਾਰਤ ਵਿਚ ਬੱਚਿਆਂ ਦੇ ਹਾਲਾਤ ਅਫ਼ਰੀਕਾ ਦੇ ਕੁਝ ਦੇਸ਼ਾਂ ਤੋਂ ਵੀ ਖਰਾਬ ਹਨ। ਜਦ ਦੇਸ਼ ਦੇ 59 ਫ਼ੀਸਦੀ ਬੱਚੇ ਅਨੀਮੀਆ ਦਾ ਸ਼ਿਕਾਰ ਹੋਣ ਤਾਂ ਇਹ ਸਪੱਸ਼ਟ ਹੈ ਕਿ ਬੱਚਿਆਂ ਦਾ ਵੱਡਾ ਹਿੱਸਾ ਛੋਟੀ ਉਮਰ ਵਿਚ ਹੀ ਖਿਡਾਰੀ ਬਣਨ ਦੀਆਂ ਸੰਭਾਵਨਾਵਾਂ ਤੋਂ ਵਿਛੁੰਨਿਆ ਹੋ ਜਾਂਦਾ ਹੈ।
ਖੁਰਾਕ ਸੰਕਟ ਦਾ ਖੇਤੀ, ਵਿੱਦਿਅਕ ਅਤੇ ਜਨਤਕ ਵੰਡ ਪ੍ਰਣਾਲੀ ਦੇ ਖੇਤਰਾਂ ਨਾਲ ਡੂੰਘਾ ਤੇ ਬੁਨਿਆਦੀ ਸਬੰਧ ਹੈ। ਦੇਸ਼ ਵਾਸੀਆਂ ਲਈ ਓਲੰਪਿਕ ਖੇਡਾਂ ਵਿਚ ਹੋਈਆਂ ਪ੍ਰਾਪਤੀਆਂ ’ਤੇ ਖ਼ੁਸ਼ ਹੋਣਾ ਬਣਦਾ ਹੈ, ਦੇਸ਼ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਵਧਾਈਆਂ, ਟਵੀਟਾਂ ਅਤੇ ਐਲਾਨੇ ਗਏ ਇਨਾਮਾਂ ਦਾ ਸਵਾਗਤ ਕਰਨਾ ਵੀ ਬਣਦਾ ਹੈ ਪਰ ਇਸ ਸਭ ਕੁਝ ਦੇ ਨਾਲ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਭਵਿੱਖ ਵਿਚ ਬਣਨ ਵਾਲੇ ਖਿਡਾਰੀਆਂ ਭਾਵ ਆਪਣੇ ਬੱਚਿਆਂ ਲਈ ਕੀ ਕਰ ਰਹੇ ਹਾਂ। ਖੇਡਾਂ ਵਿਚ ਪ੍ਰਾਪਤੀਆਂ ਕਰਨ ਲਈ ਖੇਤੀ ਖੇਤਰ ਦਾ ਖੁਸ਼ਹਾਲ ਅਤੇ ਜਨਤਕ ਵੰਡ ਪ੍ਰਣਾਲੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਵਿੱਦਿਅਕ ਖੇਤਰ ਖੇਡਾਂ ਨਾਲ ਡੂੰਘੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਇਕ ਕਮਜ਼ੋਰ ਤੇ ਜਰਜਰਾ ਵਿੱਦਿਅਕ ਢਾਂਚਾ ਵਿਸ਼ਵ ਪੱਧਰ ਦੇ ਖਿਡਾਰੀ ਪੈਦਾ ਨਹੀਂ ਕਰ ਸਕਦਾ। ਵੱਡੇ ਵਪਾਰਕ ਹਿੱਤ ਵੀ ਖੇਡਾਂ ਨਾਲ ਜੁੜੇ ਹੋਏ ਹਨ। ਖੇਡਾਂ ਵਿਚ ਮੱਲਾਂ ਮਾਰਨ ਲਈ ਅਪਣਾਏ ਗਏ ਵਿਕਾਸ ਮਾਡਲ ਦੀ ਵੀ ਪੜਚੋਲ ਕਰਨ ਦੀ ਲੋੜ ਹੈ।
ਭਾਰਤ ਦੇ ਵੱਡੀ ਪੱਧਰ ’ਤੇ ਸਫ਼ਲਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿਚੋਂ ਬਹੁਤੇ ਘੱਟ ਸਾਧਨਾਂ ਵਾਲੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਪਹੁੰਚਣ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ। ਇਨ੍ਹਾਂ ਖਿਡਾਰੀਆਂ ਦਾ ਮਾਣ-ਸਨਮਾਨ ਕਰਦੇ ਸਮੇਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਿੰਮਤ ਤੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ ਜਿਹੜੇ ਸੀਮਤ ਵਸੀਲਿਆਂ ਦੇ ਬਾਵਜੂਦ ਆਪਣੇ ਬੱਚਿਆਂ ਦੀ ਪਿੱਠ ’ਤੇ ਖਲੋਤੇ ਜਿਸ ਕਾਰਨ ਉਨ੍ਹਾਂ ਨੇ ਵਿਸ਼ਵ ਪੱਧਰ ਦੀਆਂ ਪ੍ਰਾਪਤੀਆਂ ਕੀਤੀਆਂ ਅਤੇ ਸਾਡੀਆਂ ਜ਼ਿੰਦਗੀਆਂ ਵਿਚ ਖ਼ੁਸ਼ੀਆਂ ਬਿਖੇਰੀਆਂ।
ਸਾਡੇ ਦੇਸ਼ ਵਿਚ ਸਰਕਾਰਾਂ ਨੂੰ ਖੇਡਾਂ ਦੇ ਖੇਤਰ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਖਿਡਾਰੀਆਂ ਨੂੰ ਓਲੰਪਿਕ ਜਾਂ ਹੋਰ ਖੇਡਾਂ ਲਈ ਚੁਣੇ ਜਾਣ ਅਤੇ ਮੈਡਲ ਜਿੱਤਣ ’ਤੇ ਨਿੱਜੀ ਇਨਾਮ ਅਤੇ ਨੌਕਰੀਆਂ ਦੇਣ ਦੇ ਨਾਲ ਨਾਲ ਅਜਿਹੀਆਂ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਤਹਿਤ ਵੱਸੋਂ ਦੀ ਵੱਡੀ ਗਿਣਤੀ ਖੇਡਾਂ ਵਿਚ ਲਗਾਤਾਰ ਹਿੱਸਾ ਲਵੇ ਜਿਸ ਨਾਲ ਲੋਕ ਸਿਹਤਮੰਦ ਬਣਨ।