ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
10 Aug. 2021
ਸਰਹਿੰਦ ਸ਼ਹਿਰ ਦੇ ਮੁਹੱਲਾ ਜੱਟਪੁਰਾ ਦੀ ਨਵੀਂ ਬਣੀ ਸੜਕ ਧਸੀ- ਇਕ ਖ਼ਬਰ
ਸ਼ੁਕਰ ਐ ਬਣ ਕੇ ਧਸੀ ਐ, ਇੱਥੇ ਤਾਂ ਬਿਨਾਂ ਬਣਨ ਤੋਂ ਹੀ ਧਸ ਜਾਂਦੀਆਂ।
ਕੋਈ ਵੀ ਗੁਆਂਢੀ ਮੁਲਕ ਅੱਜ ਭਾਰਤ ਦੀ ਇੱਜ਼ਤ ਨਹੀਂ ਕਰਦਾ- ਸੁਬਰਾਮਨੀਅਮ ਸੁਆਮੀ
ਤੇਰੀ ਹਰ ਮੱਸਿਆ ਬਦਨਾਮੀ, ਨੀ ਸੋਨੇ ਦੇ ਤਵੀਤ ਵਾਲੀਏ।
ਸੁਖਬੀਰ ਵਲੋਂ ਐਲਾਨੇ 13 ਨੁਕਾਤੀ ਏਜੰਡੇ ਨਾਲ਼ ਲੋਕਾਂ ਨੂੰ ਰਾਹਤ ਮਿਲੇਗੀ- ਅਕਾਲੀ ਆਗੂ
ਹਾਂ ਜੀ ਜ਼ਰੂਰ ਮਿਲੇਗੀ, ਬਿਜਲੀ ਸਮਝੌਤੇ ਹੋਰ ਕੀਤੇ ਜਾਣਗੇ।
ਛੋਟਾ ਥਾਣੇਦਾਰ ਸਾਢੇ ਤਿੰਨ ਕਵਿੰਟਲ ਭੁੱਕੀ ਸਣੇ ਕਾਬੂ- ਇਕ ਖ਼ਬਰ
ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।
ਸਰਕਾਰ ਵਲੋਂ ਭਰਿਆ ਆਮਦਨ ਟੈਕਸ ਵਿਧਾਇਕ ਵਾਪਸ ਕਰਨ- ਪੰਜਾਬ ਵਿਚਾਰ ਮੰਚ
ਫ਼ਲ ਟੁੱਟਿਆ ਨਾ ਜੁੜਦਾ ਨਾਲ਼ ਡਾਲੀ, ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ।
ਪ੍ਰਧਾਨਗੀ ਮਿਲਣ ਮਗਰੋਂ ਨਵਜੋਤ ਸਿੱਧੂ ਦਾ ਸਟੈਂਡ ਬਦਲ ਗਿਆ- ਹਰਪਾਲ ਚੀਮਾ
ਲਾਰਾ ਲਾਈਏ ਨਾ ਬਿਗਾਨੇ ਪੁੱਤ ਨੂੰ, ਤੋੜ ਕੇ ਜਵਾਬ ਦੇ ਦੇਈਏ।
ਪੰਜਾਬ ‘ਚ ਭਾਜਪਾ ਸਰਕਾਰ ਆਉਣ ‘ਤੇ ਮਿਲੇਗੀ ਸਸਤੀ ਬਿਜਲੀ- ਅਸ਼ਵਨੀ ਕੁਮਾਰ
ਜਨਾਬ ਨੂੰ ਮਿਰਾਸੀ ਦੀ ਮਾਂ ਵਲੋਂ ਪੁੱਤ ਨੂੰ ਲੰਬੜਦਾਰ ਬਣਨ ਵਾਲੀ ਗੱਲ ਦੱਸੋ ਕੋਈ ਜਣਾ।
ਭਾਜਪਾ ਵੰਡਣ ਲੱਗੀ ਮੋਦੀ ਦੇ ਸਿੱਖਾਂ ਨਾਲ ਰਿਸ਼ਤੇ ਬਾਰੇ ਕਿਤਾਬ- ਇਕ ਖ਼ਬਰ
ਰਿਸ਼ਤੇਦਾਰੀ ਕਰ ਕੇ ਹੀ ਮੋਦੀ ਸਾਹਿਬ ਗੁਜਰਾਤ ਦੇ ਸਿੱਖਾਂ ਖ਼ਿਲਾਫ਼ ਸੁਪਰੀਮ ਕੋਰਟ ‘ਚ ਗਏ ਸੀ।
ਗੁਪਕਾਰ ਗੱਠਜੋੜ ਨੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ- ਇਕ ਖ਼ਬਰ
ਖੇ ਖ਼ੂਬ ਹੁਸ਼ਿਆਰੀ ਨੇ ਨਾਲ਼ ਯਾਰੋ, ਲੱਗੇ ਕਰਨ ਅਫਗਾਨ ਤਿਆਰੀ ਯਾਰੋ।
ਜਥੇਦਾਰ ਸਾਹਿਬ ਭਖਦੇ ਸਿੱਖ ਮਸਲਿਆਂ ਦੇ ਫ਼ੈਸਲੇ ਨਿਰਪੱਖਤਾ ਨਾਲ਼ ਲੈਣ- ਰਵੀਇੰਦਰ ਸਿੰਘ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।
ਵਿਰੋਧੀ ਧਿਰਾਂ ਦਾ ਰਵੱਈਆ ਸੰਸਦ ਦਾ ਅਪਮਾਨ- ਮੋਦੀ
ਧੱਕੇ ਨਾਲ ਬਿੱਲ ਪਾਸ ਕਰਵਾਉਣ ਨੂੰ ਕਿਹੜਾ ਨਾਮ ਦਿਉਗੇ ਜੀ?
ਸੁਖਬੀਰ ਬਾਦਲ ਵਲੋਂ ਕੀਤੇ ਗਏ ਐਲਾਨ ਤੋਂ ਸਾਰੇ ਵਰਗਾਂ ‘ਚ ਖ਼ੁਸ਼ੀ ਦੀ ਲਹਿਰ- ਇਕ ਅਕਾਲੀ ਕਾਰਕੁਨ
ਜਿਹੜੇ ਵਾਅਦਿਆਂ ਦੀ ਲਹਿਰ ‘ਚ ਵਹਿ ਜਾਂਦੇ, ਅੰਤ ਟੱਕਰਾਂ ਕੰਧਾਂ ਨਾਲ਼ ਮਾਰਦੇ ਨੇ।
ਨਿਤੀਸ਼ ਨੇ ਪੈਗਾਸਸ ਮਾਮਲੇ ਦੀ ਜਾਂਚ ਦਾ ਪੱਖ ਪੂਰਿਆ- ਇਕ ਖ਼ਬਰ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।
ਦੁਨੀਆ ਨੂੰ ਨਵੀਂ ਸੇਧ ਦੇਵੇਗਾ ਕਿਸਾਨ ਅੰਦੋਲਨ- ਪੀ.ਸਾਈਂਨਾਥ
ਗਲ਼ੀ ਗਲ਼ੀ ਵਣਜਾਰਾ ਫਿਰਦਾ, ਵੰਙਾਂ ਲੈ ਲਉ ਵੰਙਾਂ।