ਪੰਜਾਬ ਦੇ ਖੇਤ ਮਜ਼ਦੂਰਾਂ ਦੇ ਹਾਲਾਤ - ਡਾ. ਗਿਆਨ ਸਿੰਘ
09 ਤੋਂ 11 ਅਗਸਤ ਤੱਕ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਪਟਿਆਲਾ ਵਿਚ ਰੋਸ ਧਰਨਾ ਲਾ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਦੀਆਂ ਮੁੱਖ ਮੰਗਾਂ ਵਿਚ ਕੇਂਦਰ ਸਰਕਾਰ ਦੇ ਮੜ੍ਹੇ ਖੇਤੀਬਾੜੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਰੱਦ ਕਰਵਾਉਣੇ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਪੇਂਡੂ ਤੇ ਖੇਤ ਮਜ਼ਦੂਰਾਂ ਸਮੇਤ ਸ਼ਹਿਰੀ ਗ਼ਰੀਬਾਂ ਤੇ ਸਭ ਲੋੜਵੰਦਾਂ ਲਈ ਸਸਤਾ ਰਾਸ਼ਨ ਤੇ ਰਸੋਈ ਵਰਤੋਂ ਦੀਆਂ ਸਾਰੀਆਂ ਵਸਤਾਂ ਸਸਤੀਆਂ ਕੀਮਤਾਂ ਉੱਤੇ ਮੁਹਈਆ ਕਰਵਾਉਣੀਆਂ, ਕਿਰਤ ਕਾਨੂੰਨਾਂ ਵਿਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਨਾ, ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ਸਿਰ ਖੜ੍ਹੇ ਸਾਰੇ ਸੰਸਥਾਈ ਅਤੇ ਗ਼ੈਰ-ਸੰਸਥਾਈ ਕਰਜ਼ੇ ਮੁਆਫ਼ ਕਰਨਾ ਅਤੇ ਉਨ੍ਹਾਂ ਨੂੰ ਬਿਨਾ ਵਿਆਜ ਤੇ ਗਰੰਟੀ ਲੰਮੀ ਮਿਆਦ ਦੇ ਕਰਜ਼ੇ ਦੇਣ ਦੀ ਵਿਵਸਥਾ ਕਰਨਾ, ਸਹਿਕਾਰੀ ਸਭਾਵਾਂ ਵਿਚ ਬੇਜ਼ਮੀਨੇ ਮਜ਼ਦੂਰਾਂ ਦੇ ਹਿੱਸੇ ਪੁਆਉਣਾ, ਖ਼ੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦੇਣ ਦਾ ਪ੍ਰਬੰਧ ਕਰਨਾ, ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਤੇ ਮਕਾਨ ਉਸਾਰੀ ਲਈ ਪੰਜ ਲੱਖ ਰੁਪਏ ਗਰਾਂਟ ਦੇਣਾ, ਪਹਿਲਾਂ ਅਲਾਟ ਪਲਾਟਾਂ ਦੇ ਕਬਜ਼ੇ ਦੇਣਾ, ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨਾ, ਮਗਨਰੇਗਾ ਅਧੀਨ ਪੂਰੇ ਪਰਿਵਾਰ ਨੂੰ ਸਾਲ ਭਰ ਲਈ ਕੰਮ ਤੇ ਮਜ਼ਦੂਰੀ 600 ਰੁਪਏ ਪ੍ਰਤੀ ਦਿਨ ਕਰਨਾ, ਸਿਹਤ ਸੇਵਾਵਾਂ ਵਿਚ ਸੁਧਾਰ, ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਲੋਕਾਂ ਵਿਚ ਵੰਡਣੀਆਂ, ਪੰਚਾਇਤੀ ਜ਼ਮੀਨਾਂ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਦਲਿਤਾਂ ਨੂੰ ਠੇਕੇ ਉੱਪਰ ਦੇਣ ਨੂੰ ਯਕੀਨੀ ਬਣਾਉਣਾ, ਦਲਿਤਾਂ ਉੱਪਰ ਜਾਤਪਾਤੀ ਦਾਬੇ ਤਹਿਤ ਕੀਤਾ ਜਾਂਦਾ ਸਮਾਜਿਕ ਤੇ ਸਰਕਾਰੀ ਜਬਰ ਬੰਦ ਕਰਨਾ ਅਤੇ ਲੋੜਵੰਦਾਂ ਲਈ ਸਮਾਜਿਕ ਸੁਰੱਖਿਆ ਵਧਾਉਣਾ ਸ਼ਾਮਲ ਹਨ।
ਲੇਖਕ ਦੀ ਅਗਵਾਈ ਵਿਚ ਪੰਜਾਬ ਦੇ ਸਾਰੇ ਤਿੰਨ ਖੇਤੀਬਾੜੀ ਜਲਵਾਯੂ ਖੇਤਰਾਂ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਕਰਜ਼ੇ ਤੇ ਗ਼ਰੀਬੀ ਦਾ ਅਧਿਐਨ ਕਰਨ ਲਈ 27 ਵਿਕਾਸ ਖੰਡਾਂ ਦੇ 27 ਪਿੰਡਾਂ ਵਿਚੋਂ 1007 ਕਿਸਾਨ ਅਤੇ 301 ਖੇਤ ਮਜ਼ਦੂਰ ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਤੋਂ ਇਹ ਸਾਹਮਣੇ ਆਇਆ ਕਿ ਕਿਸਾਨਾਂ ਦੇ ਮਾਮਲੇ ਵਿਚ ਜਿਵੇਂ ਜਿਵੇਂ ਅਸੀਂ ਵੱਡੇ ਕਿਸਾਨ ਸ਼੍ਰੇਣੀ ਤੋਂ ਸੀਮਾਂਤ ਕਿਸਾਨ ਸ਼੍ਰੇਣੀ ਵੱਲ ਹੇਠਾਂ ਆਉਂਦੇ ਹਾਂ ਤਾਂ ਉਨ੍ਹਾਂ ਦੀਆਂ ਕਰਜ਼ੇ ਤੇ ਗ਼ਰੀਬੀ ਦੇ ਸਬੰਧ ਵਿਚ ਹਾਲਾਤ ਮਾੜੇ ਹੁੰਦੇ ਜਾਂਦੇ ਹਨ। ਖੇਤ ਮਜ਼ਦੂਰ ਪੇਂਡੂ ਖੇਤੀਬਾੜੀ ਆਰਥਿਕਤਾ ਦੀ ਪੌੜੀ ਦਾ ਸਭ ਤੋਂ ਹੇਠਲਾ ਡੰਡਾ ਹੈ ਜੋ ਘਸਦਾ ਵੀ ਜ਼ਿਆਦਾ ਤੇ ਟੁੱਟਦਾ ਵੀ ਜ਼ਿਆਦਾ ਹੈ ਅਤੇ ਇਸ ਨੂੰ ਠੁੱਡੇ ਵੀ ਜ਼ਿਆਦਾ ਮਾਰੇ ਜਾਂਦੇ ਹਨ। ਅੰਕੜੇ ਅਤੇ ਤੱਥ ਬੋਲਦੇ ਹਨ ਕਿ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਖੀਸੇ ਖਾਲ਼ੀ, ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾਂ ਹਨ।
ਖੇਤ ਮਜ਼ਦੂਰ ਪਰਿਵਾਰਾਂ ਦੇ 31 ਫ਼ੀਸਦ ਦੇ ਕਰੀਬ ਜੀਅ ਕਮਾਊ, 27 ਫ਼ੀਸਦ ਦੇ ਕਰੀਬ ਅਰਧ-ਕਮਾਊ ਅਤੇ ਬਾਕੀ ਦੇ 48 ਫ਼ੀਸਦ ਨਿਰਭਰ ਸ਼੍ਰੇਣੀ ਵਿਚ ਆਉਂਦੇ ਹਨ। ਖੇਤ ਮਜ਼ਦੂਰ ਪਰਿਵਾਰਾਂ ਵਿਚੋਂ 94.68 ਫ਼ੀਸਦ ਅਨੁਸੂਚਿਤ ਜਾਤੀਆਂ, 4.32 ਫ਼ੀਸਦ ਪਛੜੀਆਂ ਜਾਤੀਆਂ ਅਤੇ ਸਿਰਫ਼ 1 ਫ਼ੀਸਦ ਜਨਰਲ ਜਾਤੀਆਂ ਨਾਲ ਸਬੰਧਿਤ ਹਨ। ਖੇਤ ਮਜ਼ਦੂਰਾਂ ਵਿਚੋਂ 19.6 ਫ਼ੀਸਦ ਕੱਚੇ ਮਕਾਨਾਂ, 72.43 ਫ਼ੀਸਦ ਅਰਧ-ਪੱਕੇ ਮਕਾਨਾਂ ਅਤੇ ਸਿਰਫ਼ 7.79 ਫ਼ੀਸਦ ਪੱਕੇ ਮਕਾਨਾਂ ਵਿਚ ਰਹਿੰਦੇ ਹਨ। ਇਨ੍ਹਾਂ ਮਜ਼ਦੂਰਾਂ ਦੇ 41.2 ਫ਼ੀਸਦ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਨਹਾਉਣ ਲਈ ਗੁਸਲਖਾਨਾ ਤੱਕ ਨਹੀਂ। ਇਨ੍ਹਾਂ ਪਰਿਵਾਰਾਂ ਦੇ 42.06 ਫ਼ੀਸਦ ਜੀਅ ਕੋਰੇ ਅਨਪੜ੍ਹ ਹਨ ਅਤੇ ਸਿਰਫ਼ 2.7 ਫ਼ੀਸਦ ਨੇ ਗ੍ਰੈਜੂਏਸ਼ਨ, 0.7 ਫ਼ੀਸਦ ਨੇ ਪੋਸਟ-ਗ੍ਰੈਜੂਏਸ਼ਨ ਪੱਧਰ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ। ਇਨ੍ਹਾਂ ਪਰਿਵਾਰਾਂ ਦੇ 23.28 ਫ਼ੀਸਦ ਜੀਅ 15 ਸਾਲ ਤੱਕ ਉਮਰ ਅਤੇ 7.03 ਫ਼ੀਸਦ ਜੀਅ 60 ਸਾਲ ਤੋਂ ਵਧੇਰੇ ਉਮਰ ਦੇ ਹਨ। ਖੇਤ ਮਜ਼ਦੂਰਾਂ ਦੇ ਸਰਵੇ ਕੀਤੇ ਸਾਰੇ ਪਰਿਵਾਰ ਬੇਜ਼ਮੀਨੇ ਹਨ।
ਖੇਤ ਮਜ਼ਦੂਰ ਪਰਿਵਾਰਾਂ ਦੇ ਖੀਸਿਆਂ ਵੱਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਇਕ ਖੇਤ ਮਜ਼ਦੂਰ ਪਰਿਵਾਰ ਦੀ ਔਸਤਨ ਸਾਲਾਨਾ ਆਮਦਨ 81452 ਰੁਪਏ ਹੈ ਜਿਸ ਵਿਚੋਂ 90.89 ਫ਼ੀਸਦ ਖੇਤੀਬਾੜੀ ਖੇਤਰ ਵਿਚ ਮਜ਼ਦੂਰੀ, 5.39 ਫ਼ੀਸਦ ਗ਼ੈਰ-ਖੇਤੀਬਾੜੀ ਵਿਚ ਮਜ਼ਦੂਰੀ, 0.93 ਫ਼ੀਸਦ ਦੁੱਧ ਤੇ ਦੁੱਧ ਪਦਾਰਥ ਵੇਚਣ ਅਤੇ ਬਾਕੀ ਦੀ ਥੋੜ੍ਹੀ ਜਿਹੀ ਆਮਦਨ ਹੋਰ ਸ੍ਰੋਤਾਂ ਤੋਂ ਪ੍ਰਾਪਤ ਹੋਈ ਹੈ। ਖੇਤ ਮਜ਼ਦੂਰ ਪਰਿਵਾਰਾਂ ਦੀ ਸਾਲਾਨਾ ਪ੍ਰਤੀ ਜੀਅ ਆਮਦਨ 16735 ਰੁਪਏ ਹੈ ਜੋ 1395 ਰੁਪਏ ਪ੍ਰਤੀ ਮਹੀਨਾ ਅਤੇ 46 ਰੁਪਏ ਦੇ ਕਰੀਬ ਪ੍ਰਤੀ ਦਿਨ ਬਣਦੀ ਹੈ। ਇਨ੍ਹਾਂ ਅੰਕੜਿਆਂ ਤੋਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਖੇਤ ਮਜ਼ਦੂਰਾਂ ਦੇ ਖੀਸੇ ਖਾਲ਼ੀ ਹਨ।
ਪੰਜਾਬ ਦੇ ਖੇਤ ਮਜ਼ਦੂਰ ਪਰਿਵਾਰਾਂ ਦਾ ਸਾਲਾਨਾ ਖਪਤ ਖ਼ਰਚ 90897 ਰੁਪਏ ਬਣਦਾ ਹੈ। ਖੇਤ ਮਜ਼ਦੂਰ ਪਰਿਵਾਰ ਗ਼ੈਰ-ਟਿਕਾਊ ਵਸਤਾਂ ਉੱਪਰ ਸਭ ਤੋਂ ਵੱਧ (51477 ਰੁਪਏ) ਖ਼ਰਚ ਕਰਦੇ ਹਨ। ਇਸ ਤੋਂ ਬਾਅਦ ਸੇਵਾਵਾਂ, ਸਮਾਜਿਕ ਧਾਰਮਿਕ ਰਸਮਾਂ, ਅਤੇ ਟਿਕਾਊ ਵਸਤਾਂ ਉੱਪਰ ਖ਼ਰਚ ਆਉਂਦਾ ਹੈ। ਜੇ ਖੇਤ ਮਜ਼ਦੂਰ ਪਰਿਵਾਰਾਂ ਦੇ ਖਪਤ ਖ਼ਰਚ ਦੀ ਬਣਤਰ ਦੇ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਕੁੱਲ ਖ਼ਰਚ ਦਾ 56.63 ਫ਼ੀਸਦ ਗ਼ੈਰ-ਟਿਕਾਊ ਵਸਤਾਂ ਉੱਪਰ ਖ਼ਰਚ ਕੀਤਾ ਗਿਆ, ਗ਼ੈਰ-ਟਿਕਾਊ ਵਸਤਾਂ ਵਿਚ ਭੋਜਨ ਸਭ ਤੋਂ ਮਹੱਤਵਪੂਰਨ ਵਸਤ ਹੈ ਅਤੇ ਔਸਤਨ ਖੇਤ ਮਜ਼ਦੂਰ ਪਰਿਵਾਰ ਦਾ ਕੁੱਲ ਖਪਤ ਖ਼ਰਚ ਦਾ 14.06 ਫ਼ੀਸਦ ਭੋਜਨ ਪਦਾਰਥਾਂ ਉੱਪਰ ਖ਼ਰਚ ਕੀਤਾ ਗਿਆ ਹੈ। ਇਸ ਤੋਂ ਬਾਅਦ ਦੁੱਧ ਤੇ ਦੁੱਧ ਪਦਾਰਥਾਂ ਅਤੇ ਕੱਪੜਿਆਂ ਉੱਪਰ ਕ੍ਰਮਵਾਰ 11.56 ਤੇ 5.58 ਫ਼ੀਸਦ ਖ਼ਰਚ ਕੀਤਾ ਗਿਆ ਹੈ। ਔਸਤਨ ਖੇਤ ਮਜ਼ਦੂਰ ਪਰਿਵਾਰ ਕੁੱਲ ਖਪਤ ਖ਼ਰਚ ਦਾ 18.62 ਫ਼ੀਸਦ ਸੇਵਾਵਾਂ ਉੱਪਰ ਖ਼ਰਚਦਾ ਹੈ। ਸੇਵਾਵਾਂ ਵਿਚ ਔਸਤਨ ਖੇਤ ਮਜ਼ਦੂਰ ਪਰਿਵਾਰ ਦੇ ਖਪਤ ਖ਼ਰਚ ਵਿਚ ਸਭ ਤੋਂ ਵੱਡਾ ਹਿੱਸਾ (8.72 ਫ਼ੀਸਦ) ਸਿਹਤ ਸੇਵਾਵਾਂ ਦਾ ਹੈ। ਔਸਤਨ ਖੇਤ ਪਰਿਵਾਰ ਸਿੱਖਿਆ ਉੱਪਰ ਸਿਰਫ਼ 4.39 ਫ਼ੀਸਦ ਖ਼ਰਚਦਾ ਹੈ। ਇਸ ਤੋਂ ਬਾਅਦ ਆਵਾਜਾਈ, ਮਨੋਰੰਜਨ ਅਤੇ ਸੰਚਾਰ ਉੱਪਰ ਖ਼ਰਚ ਕੀਤਾ ਗਿਆ ਹੈ।
ਇਕ ਖੇਤ ਮਜ਼ਦੂਰ ਪਰਿਵਾਰ ਦਾ ਕੁੱਲ ਖਪਤ ਖ਼ਰਚ ਦਾ 16.43 ਫ਼ੀਸਦ ਸਮਾਜਿਕ ਧਾਰਮਿਕ ਰਸਮਾਂ ਉੱਪਰ ਖ਼ਰਚ ਕੀਤਾ ਗਿਆ ਹੈ। ਸਮਾਜਿਕ ਧਾਰਮਿਕ ਰਸਮਾਂ ਵਿਚੋਂ ਸਭ ਤੋਂ ਵੱਧ ਹਿੱਸਾ (13.92 ਫ਼ੀਸਦ) ਵਿਆਹਾਂ ਉੱਤੇ ਖ਼ਰਚਿਆ ਗਿਆ। ਇਕ ਖੇਤ ਮਜ਼ਦੂਰ ਪਰਿਵਾਰ ਦਾ ਕੁਲ ਖਪਤ ਖ਼ਰਚ ਦਾ 8.32 ਫ਼ੀਸਦ ਟਿਕਾਊ ਵਸਤਾਂ ਉੱਪਰ ਖ਼ਰਚਿਆ ਗਿਆ। ਟਿਕਾਊ ਵਸਤਾਂ ਵਿਚ ਸਭ ਤੋਂ ਵੱਧ ਹਿੱਸਾ (5.67 ਫ਼ੀਸਦ) ਘਰ ਦੀ ਉਸਾਰੀ, ਨਵੇਂ ਕਮਰੇ ਦੀ ਉਸਾਰੀ ਅਤੇ ਘਰ ਦੀ ਮੁਰੰਮਤ ਉੱਪਰ ਖ਼ਰਚਿਆ ਗਿਆ। ਪੰਜਾਬ ਦੇ ਖੇਤ ਮਜ਼ਦੂਰ ਪਰਿਵਾਰਾਂ ਦਾ ਪ੍ਰਤੀ ਵਿਅਕਤੀ ਸਾਲਾਨਾ ਖਪਤ ਖ਼ਰਚ 18676 ਰੁਪਏ ਹੈ। ਇਹ ਪਰਿਵਾਰ ਗ਼ੈਰ-ਟਿਕਾਊ ਵਸਤਾਂ ਉੱਪਰ 10576 ਰੁਪਏ ਪ੍ਰਤੀ ਜੀਅ ਖ਼ਰਚ ਕਰਦੇ ਹਨ ਜੋ 1556 ਰੁਪਏ ਪ੍ਰਤੀ ਮਹੀਨਾ ਅਤੇ 51 ਰੁਪਏ ਪ੍ਰਤੀ ਦਿਨ ਬਣਦਾ ਹੈ।
ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਖੇਤ ਮਜ਼ਦੂਰ ਪਰਿਵਾਰਾਂ ਦੇ ਖਪਤ ਖ਼ਰਚ ਦਾ ਪੱਧਰ ਬਹੁਤ ਨੀਵਾਂ ਹੈ। ਫੀਲਡ ਸਰਵੇਖਣ ਮੁਤਾਬਿਕ ਇਹ ਪਰਿਵਾਰ ਕਿਸਾਨਾਂ ਦੇ ਕੰਮ ਕਰਾਉਣ ਬਦਲੇ ਦਿੱਤੀਆਂ ਕਈ ਵਸਤਾਂ ਆਪਣੀ ਖਪਤ ਲਈ ਵਰਤਦੇ ਹਨ। ਕਈ ਵਾਰ ਤਾਂ ਇਹ ਵਸਤਾਂ ਕਿਸਾਨ ਵਰਤ ਕੇ ਬਾਅਦ ਵਿਚ ਖੇਤ ਮਜ਼ਦੂਰਾਂ ਨੂੰ ਦੇ ਦਿੰਦੇ ਹਨ। ਇਸ ਸਬੰਧ ਵਿਚ ਸਭ ਤੋਂ ਵੱਧ ਤੰਗ ਕਰਨ ਵਾਲਾ ਤੱਥ ਇਹ ਹੈ ਕਿ ਕਿਸਾਨ ਪਰਿਵਾਰ ਆਪਣੇ ਵਰਤੇ ਕੱਪੜੇ ਖੇਤ ਮਜ਼ਦੂਰਾਂ ਨੂੰ ਦੇ ਦਿੰਦੇ ਹਨ। ਇਨ੍ਹਾਂ ਪਰਿਵਾਰਾਂ ਦੁਆਰਾ ਵਰਤੀਆਂ ਜਾ ਰਹੀਆਂ ਬਹੁਤ ਟਿਕਾਊ ਵਸਤਾਂ ਪਹਿਲਾਂ ਹੀ ਵਰਤੀਆਂ ਹੁੰਦੀਆਂ ਹਨ ਜਿਵੇਂ ਪੁਰਾਣਾ ਸਾਈਕਲ, ਮੋਪਡ, ਸਕੂਟਰ, ਕੁਰਸੀਆਂ, ਬਰਤਨ ਆਦਿ। ਖੇਤ ਮਜ਼ਦੂਰਾਂ ਦਾ ਖਪਤ ਦੀਆਂ ਗ਼ੈਰ-ਟਿਕਾਊ ਵਸਤਾਂ ਉੱਪਰ ਸਭ ਤੋਂ ਵੱਧ ਖ਼ਰਚ ਇਹ ਸਪਸ਼ਟ ਕਰਦਾ ਹੈ ਕਿ ਇਨ੍ਹਾਂ ਦਾ ਖਪਤ ਖ਼ਰਚ ਜ਼ਿਆਦਾਤਰ ਜਿਊਂਦੇ ਰਹਿਣ ਵਾਲਾ ਹੈ।
ਗ਼ਰੀਬੀ ਦੀ ਰੇਖਾ ਦੀਆਂ ਵੱਖ ਵੱਖ ਪਰਿਭਾਸ਼ਾਵਾਂ ਹਨ। ਇਕ ਪਰਿਭਾਸ਼ਾ ਜਿਸ ਬਾਰੇ ਕਿਸੇ ਵੀ ਸਿਆਣੇ ਇਨਸਾਨ ਦੀ ਅਸਹਿਮਤੀ ਨਹੀਂ ਹੋ ਸਕਦੀ, ਉਹ ਇਹ ਹੈ ਕਿ ਜਿਹੜੇ ਲੋਕ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ, ਉਨ੍ਹਾਂ ਨੂੰ ਗ਼ਰੀਬ ਮੰਨਿਆ ਜਾਵੇ। ਇਸ ਪਰਿਭਾਸ਼ਾ ਨੂੰ ਅਪਣਾਉਣ ਲਈ ਬਹੁਤੇ ਸਰਮਾਏਦਾਰ ਮੁਲਕਾਂ ਦੀਆਂ ਸਰਕਾਰਾਂ ਤਿਆਰ ਨਹੀਂ। ਭਾਰਤ ਵਿਚ ਆਮਦਨ ਅਤੇ ਖਪਤ ਖ਼ਰਚ ਦੇ ਆਧਾਰ ਉੱਤੇ ਅਪਣਾਈਆਂ ਗ਼ਰੀਬੀ ਦੀ ਰੇਖਾ ਦੀਆਂ ਪਰਿਭਾਸ਼ਾਵਾਂ ਵਿਚੋਂ ਮਾਹਰ ਗਰੁੱਪ, ਰਾਜ ਦੀ ਪ੍ਰਤੀ ਵਿਅਕਤੀ ਆਮਦਨ ਦਾ 50 ਫ਼ੀਸਦ ਅਤੇ ਰਾਜ ਦੀ ਪ੍ਰਤੀ ਵਿਅਕਤੀ ਆਮਦਨ ਦਾ 40 ਫ਼ੀਸਦ ਮਾਪਦੰਡਾਂ ਅਨੁਸਾਰ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ ਉੱਪਰ ਪੰਜਾਬ ਦੇ ਖੇਤ ਮਜ਼ਦੂਰ ਪਰਿਵਾਰਾਂ ਦੇ ਕ੍ਰਮਵਾਰ 82.06 ਫ਼ੀਸਦ, 99.67 ਅਤੇ 98.34 ਫ਼ੀਸਦ ਅਤੇ ਪ੍ਰਤੀ ਵਿਅਕਤੀ ਖਪਤ ਦੇ ਆਧਾਰ ਉੱਪਰ ਕ੍ਰਮਵਾਰ 80.07 ਫ਼ੀਸਦ, 98.01 ਅਤੇ 96.01 ਫ਼ੀਸਦ ਜੀਅ ਗ਼ਰੀਬੀ ਦਾ ਸੰਤਾਪ ਹੰਢਾਉਣ ਲਈ ਮਜਬੂਰ ਹਨ।
ਖੇਤ ਮਜ਼ਦੂਰ ਪਰਿਵਾਰਾਂ ਨੂੰ ਖਪਤ ਦਾ ਘੱਟੋ-ਘੱਟ ਪੱਧਰ ਬਣਾਈ ਰੱਖਣ ਲਈ 100 ਰੁਪਏ ਦੀ ਆਮਦਨ ਪਿੱਛੇ 112 ਰੁਪਏ ਖ਼ਰਚ ਕਰਨੇ ਪੈ ਰਹੇ ਹਨ ਜਿਸ ਲਈ ਉਨ੍ਹਾਂ ਨੂੰ ਉਧਾਰ ਲੈਣਾ ਪੈਂਦਾ ਹੈ। ਸਮੇਂ ਸਿਰ ਉਧਾਰ ਨਾ ਮੋੜਨ ਕਰਕੇ ਉਹ ਕਰਜ਼ੇ ਦਾ ਰੂਪ ਧਾਰਨ ਲੈਂਦਾ ਹੈ। ਔਸਤਨ ਇਕ ਕਰਜ਼ਈ ਖੇਤ ਮਜ਼ਦੂਰ ਪਰਿਵਾਰ ਸਿਰ 68330 ਰੁਪਏ ਦਾ ਕਰਜ਼ਾ ਹੈ ਜਿਸ ਵਿਚੋਂ 92 ਫ਼ੀਸਦ ਦੇ ਕਰੀਬ ਗ਼ੈਰ-ਸੰਸਥਾਈ ਅਤੇ ਬਾਕੀ ਦਾ 8 ਫ਼ੀਸਦ ਸੰਸਥਾਈ ਸਰੋਤਾਂ ਦਾ ਹੈ। ਇਹ ਪਰਿਵਾਰਾਂ ਜ਼ਿਆਦਾਤਰ ਉਧਾਰ ਆਪਣੀਆਂ ਖਪਤ ਲੋੜਾਂ ਪੂਰੀਆਂ ਕਰਨ ਲਈ ਲੈਂਦੇ ਹਨ। ਖੇਤ ਮਜ਼ਦੂਰ ਪਰਿਵਾਰਾਂ ਸਿਰ 52.11 ਫ਼ੀਸਦ ਕਰਜ਼ਾ 22 ਤੋਂ 28 ਫ਼ੀਸਦ ਵਿਆਜ ਦਰਾਂ ਅਤੇ 3.86 ਫ਼ੀਸਦ ਕਰਜ਼ਾ 29 ਫ਼ੀਸਦ ਜਾਂ ਜ਼ਿਆਦਾ ਵਿਆਜ ਦਰਾਂ ਉੱਪਰ ਹੈ। ਖੇਤ ਮਜ਼ਦੂਰਾਂ ਸਿਰ ਖੜ੍ਹਾ ਕਰਜ਼ਾ ਦੇਖਣ ਨੂੰ ਭਾਵੇਂ ਥੋੜ੍ਹਾ ਲੱਗਦਾ ਹੈ ਪਰ ਇਸ ਵਰਗ ਦੀ ਆਮਦਨ ਦੇ ਨੀਵੇਂ ਪੱਧਰ ਨੂੰ ਦੇਖਦਿਆਂ ਇਹ ਕਰਜ਼ਾ ਇਸ ਕਿਰਤੀ ਵਰਗ ਲਈ ਅਨੇਕਾਂ ਅਸਹਿ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ।
ਪੰਜਾਬ ਵਿਚ ਖੇਤ ਮਜ਼ਦੂਰ ਪਰਿਵਾਰਾਂ ਦੇ ਸਮਾਜਿਕ ਆਰਥਿਕ ਹਾਲਾਤ ਅਤੇ ਇਸ ਵਰਗ ਦੇ ਖੇਤੀਬਾੜੀ ਖੇਤਰ ਵਿਚ ਯੋਗਦਾਨ ਨੂੰ ਦੇਖਦਿਆਂ ਹਰ ਸੋਚਵਾਨ ਇਨਸਾਨ ਇਸ ਨਤੀਜੇ ਉੱਪਰ ਪਹੁੰਚੇਗਾ ਕਿ ਇਸ ਵਰਗ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਜਿਨ੍ਹਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਤੁਰੰਤ ਮੰਨਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮਾਜ ਦੇ ਬਾਕੀ ਵਰਗਾਂ ਨੂੰ ਕਿਰਤੀ ਵਰਗ ਨਾਲ਼ ਠੀਕ ਸਲੂਕ ਕਰਨਾ ਬਣਦਾ ਹੈ।
ਸਾਬਕਾ ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।