ਹਕੀਕੀ ਸਿੱਖਿਆ ਦੀ ਅਣਹੋਂਦ ਵਿਚ - ਅਵਿਜੀਤ ਪਾਠਕ
ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਅੰਕਾਂ ਦੇ ਖੁੱਲ੍ਹੇ ਗੱਫ਼ੇ ਵੰਡੇ ਜਾ ਰਹੇ ਹੋਣ ਤੇ ਕੋਚਿੰਗ ਕੇਂਦਰਾਂ ਦਾ ਧੰਦਾ ਖ਼ੂਬ ਫ਼ਲ-ਫੁੱਲ ਰਿਹਾ ਹੋਵੇ ਤਾਂ ਅਸਲ ਵਿਦਿਆ ਤੇ ਸਾਰਥਕ ਸਿੱਖਿਆ ਦੀ ਫ਼ਿਕਰ ਕੌਣ ਕਰੇ? ਜਾਂ ਫਿਰ ਮਾਪਿਆਂ ਅਤੇ ਅਧਿਆਪਕਾਂ ਦੇ ਰੂਪ ਵਿਚ ਅਸੀਂ ਸਮੂਹਿਕ ਤੌਰ ’ਤੇ ਭਾਣਾ ਮੰਨ ਲਿਆ ਹੈ ਕਿ ਪ੍ਰੀਖਿਆਵਾਂ ਦੇ ਆਡੰਬਰ ਤੋਂ ਬਿਨਾ ਅਸਲ ਸਿੱਖਿਆ ਨਾਂ ਦੀ ਕੋਈ ਸ਼ੈਅ ਨਹੀਂ ਹੁੰਦੀ, ਸਾਡੇ ਵਲੋਂ ਸਿੱਖਿਆ ਦੇ ਅਨੁਭਵ ਦੇ ਮਿਕਦਾਰੀਕਰਨ ਦਾ ਖ਼ਬਤ ਪਾਲ਼ਿਆ ਹੋਇਆ ਹੈ ਅਤੇ ਟੈਕਨੋ-ਆਰਥਿਕ ਸ਼ਕਤੀ ਦੇ ਮਕਾਨਕੀ ਤਰਕ ਵਲੋਂ ਪਰਿਭਾਸ਼ਤ ਸਫ਼ਲਤਾ ਦੇ ਮਿੱਥ ਦੀ ਪੂਜਾ ਕੀਤੀ ਜਾ ਰਹੀ ਹੈ ? ਆਪਣੇ ਆਲੇ-ਦੁਆਲੇ ਹਰ ਕਿਸਮ ਦੇ ਕੋਚਿੰਗ ਕੇਂਦਰਾਂ ਦੇ ਬ੍ਰਾਂਡ ਅੰਬੈਸਡਰ ਬਣੇ ‘ਟੌਪਰਾਂ’ ਦੀਆਂ ਘੁੰਮਦੀਆਂ ਤਸਵੀਰਾਂ ਅਤੇ ਖੁੰਬਾਂ ਵਾਂਗ ਉਗਦੀਆਂ ਸਿੱਖਿਆ ਦੀਆਂ ਦੁਕਾਨਾਂ ਦੇ ਚੁੰਧਿਆ ਦੇਣ ਵਾਲੇ ਇਸ਼ਤਿਹਾਰ ਦੇਖੋ ਜੋ ਹੋਟਲ ਮੈਨੇਜਮੈਂਟ, ਫੈਸ਼ਨ ਡਿਜ਼ਾਈਨਿੰਗ ਜਾਂ ਸੂਚਨਾ ਤਕਨਾਲੋਜੀ ਜਿਹੇ ਕੋਰਸ ਕਰਵਾਉਂਦੀਆਂ ਹਨ ਤੇ ਪਲੇਸਮੈਂਟਾਂ ਅਤੇ ਭਾਰੀ ਭਰਕਮ ਪੈਕੇਜਾਂ ਦਾ ਬਿਰਤਾਂਤ ਸਿਰਜ ਕੇ ਸੰਭਾਵੀ ਗਾਹਕਾਂ ਨੂੰ ਲਲਚਾਉਂਦੀਆਂ ਹਨ। ਕਿਸੇ ਵੀ ਕਸਬੇ ਜਾਂ ਸ਼ਹਿਰ ਵਿਚ ਘੁੰਮ ਕੇ ਕਿਤਾਬਾਂ ਦੀਆਂ ਦੁਕਾਨਾਂ ‘ਤੇ ਨਿਗਾਹ ਮਾਰੋ, ਦੇਖੋ ਕਿਵੇਂ ਹਰ ਕਿਸਮ ਦੀ ਸਫ਼ਲਤਾ ਦੇ ਮੰਤਰਾਂ ਵਾਲੀਆਂ ਗਾਈਡਾਂ ਨੇ ਚੇਤਨਾ ਦੀਆਂ ਬੂਹੇ ਬਾਰੀਆਂ ਖੋਲ੍ਹਣ ਵਾਲੇ ਜਾਂ ਮਨੁੱਖੀ ਸੰਵੇਦਨਾ ਤੇ ਨਿਰਖ ਪਰਖ ਕਰਨ ਦੀ ਕੁੱਵਤ ਬਖ਼ਸ਼ਣ ਵਾਲੇ ਸਾਹਿਤ ਨੂੰ ਹੂੰਝ ਕੇ ਪਰ੍ਹੇ ਸੁੱਟਿਆ ਹੋਇਆ ਹੈ।
ਅਜਿਹੇ ਕਿਸੇ ਵਿਦਿਆਰਥੀ ਦੀ ਹੋਣੀ ਦਾ ਕਿਆਸ ਕਰੋ ਜਿਸ ਨੂੰ ਉਸ ਦੇ ਘਾਬਰੇ ਮਾਪਿਆਂ ਵਲੋਂ ਇਹੀ ਗੁੜ੍ਹਤੀ ਦਿੱਤੀ ਜਾਂਦੀ ਹੈ ਕਿ ‘ਟੌਪਰ’ ਰਹਿਣ ਦੀ ਖ਼ਾਹਿਸ਼ (ਬੋਰਡ ਪ੍ਰੀਖਿਆਵਾਂ ਵਿਚ 99 ਫ਼ੀਸਦ ਅੰਕ ਲੈਣ ਦੇ ਖ਼ਬਤ), ਆਈਟੀਟੀ-ਜੇਈਈ ਦਾਖ਼ਲਾ ਟੈਸਟ ਪਾਸ ਕਰਨ ਦੀ ਜੁਗਤ ਅਤੇ ਤੇਜ਼ ਦੌੜਨ ਤੇ ਦੂਜਿਆਂ ਨੂੰ ਪਛਾੜ ਕੇ ਅੱਗੇ ਵਧਣ ਦੀ ਮੁਕਾਬਲੇ ਦੀ ਭਾਵਨਾ ਤੋਂ ਬਿਨਾ ਜ਼ਿੰਦਗੀ ਵਿਚ ਹੋਰ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ। ਕਿਸੇ ਅਜਿਹੇ ਵਿਦਿਆਰਥੀ ਦੀ ਚੇਤਨਾ ਦੀ ਹਾਲਤ ਦਾ ਕਿਆਸ ਕਰ ਕੇ ਦੇਖੋ ਜਿਸ ਨੂੰ ਉਸ ਦੇ ਕੋਚਿੰਗ ਕੇਂਦਰਾਂ ਦੇ ‘ਗੁਰੂਆ’ ਵਲੋਂ ਸਿਰਫ਼ ਇਹ ਪਾਠ ਪੜ੍ਹਾਇਆ ਜਾਂਦਾ ਹੈ ਕਿ ਦਾਖ਼ਲਾ ਟੈਸਟਾਂ ਵਿਚ ਸਫ਼ਲਤਾ ਲਈ ਜ਼ਰੂਰੀ ਮੰਤਰ ਰਟਣ ਤੋਂ ਇਲਾਵਾ ਭੌਤਿਕ ਸ਼ਾਸਤਰ, ਰਸਾਇਣ ਸ਼ਾਸਤਰ ਅਤੇ ਗਣਿਤ ਤੇ ਜੈਵ ਸ਼ਾਸਤਰ ਵਿਚ ਤਲਾਸ਼ ਕਰਨ ਵਾਲਾ ਹੋਰ ਕੁਝ ਵੀ ਨਹੀਂ ਹੈ, ਜਾਂ ਫਿਰ ਉਸ ਘੜੀ ਦਾ ਤਸੱਵੁਰ ਕਰੋ ਜਦੋਂ ਕਿਸੇ ਨੂੰ ਆਪਣੇ ਅੰਤਰ ਮਨ ਦੀ ਆਵਾਜ਼ ਸੁਣਨ, ਆਪਣੀਆਂ ਮਖ਼ਸੂਸ ਰੁਚੀਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਜਦੋਂ ਉਸ ਨੂੰ ਟੈਕਨੋ-ਵਿਗਿਆਨ, ਕਾਮਰਸ ਤੇ ਮੈਨੇਜਮੈਂਟ ਦੇ ਸਫ਼ਲਤਾ ਦੇ ਤੈਅਸ਼ੁਦਾ ਪੰਧ ’ਤੇ ਚੱਲਣ ਲਈ ਮਜਬੂਰ ਕੀਤਾ ਜਾਂਦਾ ਹੋਵੇ। ਇਹ ਮਨੁੱਖੀ ਸੰਭਾਵਨਾਵਾਂ ਨੂੰ ਕਤਲ਼ ਕਰਨ ਦੇ ਤੁੱਲ ਹੈ, ਇਕ ਕਿਸਮ ਦੀ ਅਲਹਿਦਗੀ ਹੈ ਅਤੇ ਇਸ ਦਾ ਮਨੋਰਥ ਕੁੰਠਿਤ ਹਜੂਮੀ ਵਿਹਾਰ ਪੈਦਾ ਕਰਨਾ ਹੁੰਦਾ ਹੈ।
ਬਹੁਤ ਜ਼ਿਆਦਾ ਆਬਾਦੀ ਵਾਲੇ ਸਾਡੇ ਵਰਗੇ ਮੁਲ਼ਕ ਵਿਚ ਅਸੀਂ ਢਾਂਚੇ ਦੀਆਂ ਭਿਅੰਕਰ ਮਜਬੂਰੀਆਂ ਵਿਚ ਜਿਊਂਦੇ ਹਾਂ। ਵਸੀਲਿਆਂ ਅਤੇ ਅਵਸਰਾਂ ਦੀ ਕਮੀ ਵਿਚ ਬੇਰੁਜ਼ਗਾਰੀ ਦਾ ਭੂਤ ਸਾਨੂੰ ਡਰਾਉਂਦਾ ਰਹਿੰਦਾ ਹੈ, ਬੇਹਿਸਾਬ ਸਮਾਜਿਕ-ਆਰਥਿਕ ਅਸਮਾਨਤਾ ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਨੌਕਰੀ ਦਿਵਾਉਣ ’ਚ ਸਹਾਈ ਹੋਣ ਵਾਲੀ ਤਕਨੀਕੀ ਸਿੱਖਿਆ ਜਾਂ ਕੋਈ ਹੁਨਰਮੰਦੀ ਦੇ ਸਹਾਰੇ ਹੀ ਕੋਈ ਸ਼ਖਸ ਸਮਾਜ ਦੇ ਉਪਰਲੇ ਪੱਧਰ ’ਤੇ ਪਹੁੰਚ ਸਕਦਾ ਹੈ। ਇਸ ਕਰ ਕੇ ਹੈਰਾਨੀ ਨਹੀਂ ਹੁੰਦੀ ਕਿ ਹਰ ਜਗ੍ਹਾ ਦਿਲਕਸ਼ ਨਾਵਾਂ ਵਾਲੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਖੁੱਲ੍ਹ ਗਏ ਹਨ, ਕੰਟਰੈਕਟਰਾਂ ਤੇ ਸਿਆਸਤਦਾਨਾਂ ਦੇ ਸਾਂਝੇ ਨਿਵੇਸ਼ ਜ਼ਰੀਏ ਧੜਾਧੜ ਇੰਜਨੀਅਰਿੰਗ/ ਮੈਨੇਜਮੈਂਟ/ ਬੀਐੱਡ ਕਾਲਜ ਖੁੱਲ੍ਹ ਗਏ ਹਨ। ਰਾਜਸਥਾਨ ਦਾ ਕੋਟਾ ਸ਼ਹਿਰ ਬ੍ਰਾਂਡਿਡ ਕੋਚਿੰਗ ਕੇਂਦਰਾਂ ਲਈ ਮਸ਼ਹੂਰ ਹੈ ਜੋ ਦਿਹਾਤੀ ਹੀ ਨਹੀਂ ਸਗੋਂ ਸ਼ਹਿਰੀ ਲਾਲਸੀ ਸ਼੍ਰੇਣੀ ਦੇ ਸੁਪਨਿਆਂ ਦਾ ਵੀ ਪ੍ਰਤੀਕ ਬਣ ਗਿਆ ਹੈ, ਤੇ ਜਦੋਂ ਕਿਸੇ ਮੱਧ ਵਰਗੀ ਪਰਿਵਾਰ ਦਾ ਬੱਚਾ ਬੀਟੈੱਕ/ਐੱਮਬੀਏ ਦੀ ਡਿਗਰੀ ਲੈ ਕੇ ਯੂਰੋ-ਅਮਰੀਕਨ ਦੁਨੀਆ ਵੱਲ ਪਰਵਾਸ ਕਰ ਜਾਂਦਾ ਹੈ ਤਾਂ ਉਹ ਟੌਹਰ ਨਾਲ ਫੁੱਲ ਕੇ ਕੁੱਪ ਬਣ ਜਾਂਦਾ ਹੈ। ਇਕ ਲੇਖੇ ਇਹ ਭਾਰੂ ਸੋਝੀ ਦਾ ਸਮਾਜ ਸ਼ਾਸਤਰ ਹੈ ਜੋ ਭਾਰਤ ਵਿਚ ਸਿੱਖਿਆ ਦੀ ਰਵਾਇਤ ਬਣ ਚੁੱਕਿਆ ਹੈ।
ਬਹਰਹਾਲ, ਜਦੋਂ ਬਾਜ਼ਾਰ ਸੇਧਤ ਇਹ ਸਹੂਲਤ ਸਾਨੂੰ ਮਿਲ ਰਹੀ ਹੈ ਤਾਂ ਅਸੀਂ ਕੁਝ ਬਹੁਤ ਹੀ ਗਹਿਰੀ ਤੇ ਪਾਏਦਾਰ ਚੀਜ਼ ਦੀ ਕਮੀ ਮਹਿਸੂਸ ਕਰ ਰਹੇ ਹਾਂ, ਤੇ ਜੇ ਅਸੀਂ ਇਸ ਦੀ ਸਾਰ ਨਾ ਲਈ ਤਾਂ ਅਸੀਂ ਆਪਣੇ ਸਮਾਜ ਦਾ ਬਹੁਤ ਹੀ ਵੱਡਾ ਬੌਧਿਕ, ਰੂਹਾਨੀ ਤੇ ਸਿਆਸੀ-ਨੈਤਿਕ ਹਰਜਾ ਕਰ ਬੈਠਾਂਗੇ। ਇਹਦੇ ਲਈ ਇਹ ਅਹਿਸਾਸ ਪੈਦਾ ਕਰਨ ਦੀ ਲੋੜ ਹੈ ਕਿ ਸਾਰਥਕ ਸਿੱਖਿਆ ਮਹਿਜ਼ ਕੋਈ ਸਿਖਲਾਈ ਜਾਂ ਹੁਨਰ ਦੀ ਸਿੱਖਿਆ ਲੈਣਾ ਜਾਂ ਤਕਨੀਕੀ ਕੁਸ਼ਲਤਾ ਹਾਸਲ ਕਰਨਾ ਨਹੀਂ ਹੁੰਦੀ, ਨਾ ਹੀ ਖਰੀ ਸਿੱਖਿਆ ਨੂੰ ਸਫ਼ਲਤਾ ਦੀ ਤੱਕੜੀ ’ਚ ਤੋਲਿਆ ਨਾਪਿਆ ਜਾ ਸਕਦਾ ਹੈ। ਇਹ ਅਹਿਸਾਸ ਜਗਾਉਣਾ ਵੀ ਓਨਾ ਹੀ ਅਹਿਮ ਹੈ ਕਿ ਸਾਡੇ ਬੱਚੇ ਕੋਈ ‘ਸਰੋਤ’ ਨਹੀਂ ਹਨ ਜਿਨ੍ਹਾਂ ਨੂੰ ਕੋਚਿੰਗ ਕੇਂਦਰਾਂ ਅਤੇ ਇੰਜਨੀਅਰਿੰਗ/ਮੈਨੇਜਮੈਂਟ ਦੇ ਕਾਲਜਾਂ ਵਿਚ ਸਿਖਲਾਈ ਦਿੱਤੀ ਜਾਵੇ ਅਤੇ ਫਿਰ ਟੈਕਨੋ-ਕਾਰਪੋਰੇਟ ਸਾਮਰਾਜ ਦੀ ਸੇਵਾ ਵਿਚ ਲਗਾ ਦਿੱਤਾ ਜਾਵੇ। ਸਾਡੇ ਬੱਚੇ ਸੰਭਾਵਨਾਵਾਂ ਨਾਲ ਸਰਸ਼ਾਰ ਹਨ, ਉਨ੍ਹਾਂ ਦਾ ਜਨਮ ਇਤਿਹਾਸ ਜਾਂ ਭੂਗੋਲ ਦੇ ਤੱਥਾਂ ਨੂੰ ਯਾਦ ਕਰਨ, ਭੌਤਿਕ, ਗਣਿਤ ਦੇ ਅੰਕਾਂ ਤੇ ਸਮੀਕਰਨ ਹੱਲ ਕਰਨ ਤੇ ਦਮਨਕਾਰੀ ਫ਼ਤਵੇਦਾਰ ਸਮਾਜ ਅੱਗੇ ਇਹ ਸਿੱਧ ਕਰਨ ਲਈ ਨਹੀਂ ਹੋਇਆ ਕਿ ਉਹ ‘ਹੁਸ਼ਿਆਰ’ ਤੇ ‘ਹੋਣਹਾਰ’ ਹਨ।
ਆਓ, ਇਸ ਨੂੰ ਸਵੀਕਾਰਨਾ ਸ਼ੁਰੂ ਕਰੀਏ। ਸਾਡੇ ਬੱਚੇ ਕੋਈ ਪ੍ਰੀਖਿਆ ਲੜਾਕੇ ਨਹੀਂ ਸਗੋਂ ਸੰਭਾਵੀ ਤੌਰ ’ਤੇ ਜਗਿਆਸੂ, ਫਿਰਤੂ, ਖੋਜੀ ਹਨ, ਉਨ੍ਹਾਂ ਦੀਆਂ ਅੱਖਾਂ ਹਨ ਜਿਨ੍ਹਾਂ ਨਾਲ ਉਹ ਦੁਨੀਆ ਦੇਖਦੇ ਹਨ, ਦਿਮਾਗ ਹੈ ਜਿਸ ਨਾਲ ਗਿਆਨ ਤੇ ਬੋਧ ਮਿਲਦਾ ਹੈ, ਦਿਲ ਹੈ ਜਿਸ ਜ਼ਰੀਏ ਅਹਿਸਾਸ ਤੇ ਅਨੁਭਵ ਹੁੰਦਾ ਹੈ ਅਤੇ ਹੱਥ ਤੇ ਟੰਗਾਂ ਹਨ ਜਿਨ੍ਹਾਂ ਰਾਹੀਂ ਉਹ ਕੰਮ ਅੰਜਾਮ ਦਿੰਦੇ ਹਨ। ਸਾਰਥਕ ਸਿੱਖਿਆ ਬੁਨਿਆਦੀ ਤੌਰ ’ਤੇ ਅੰਦਰੂਨੀ ਮਹਿਕ ਖਿਲਾਰਨ ਦਾ ਸਿਲਸਿਲਾ ਹੈ, ਇਹ ਤਰਕ ਤੇ ਪਿਆਰ ਦੀਆਂ ਇਕਜੁੱਟ ਸ਼ਕਤੀਆਂ ਅਤੇ ਕਰਤਾਰੀ ਕਿਰਤ ਅਤੇ ਬੌਧਿਕ ਸੂਝ ਦੇ ਵਿਕਾਸ ਦੀ ਖੋਜ ਹੈ। ਸਿੱਖਿਆ ਚੇਤਨਾ ਦਾ ਜਸ਼ਨ ਹੈ। ਜ਼ਿੰਦਗੀ ਅਤੇ ਜਗਤ ਪ੍ਰਤੀ ਸੰਵੇਦਨਾ ਹੈ। ਸਿੱਖਿਆ ਕੋਈ ਰੱਟਾ ਪਾਠ ਨਹੀਂ ਹੁੰਦੀ ਨਾ ਹੀ ਇਹ ਸਰਕਾਰੀ ਸਿਲੇਬਸ ਦੇ ਚੌਖਟੇ ਵਿਚ ਕੈਦ ਹੋ ਕੇ ਰਹਿੰਦੀ ਹੈ। ਇਹ ਅਨੰਤ ਹੈ। ਇਹ ਵਿਗਿਆਨ ਦੀ ਜਗਿਆਸਾ ਹੈ, ਦਰਸ਼ਨ ਦਾ ਕਮਾਲ ਹੈ, ਕਵਿਤਾ ਦੀ ਰਚਨਾਤਮਿਕਤਾ ਹੈ, ਕਲਾਕਾਰ ਦਾ ਹੁਨਰ ਹੈ ਜਾਂ ਕਿਸੇ ਗਣਿਤ ਸ਼ਾਸਤਰੀ ਦੀ ਤਰਕਸ਼ੀਲਤਾ ਹੈ। ਕਾਬਲੀਅਤ ਜਾਂ ਜ਼ਹਾਨਤ ਕੋਈ ਮਾਪਣ ਵਾਲੀ ਸ਼ੈਅ ਨਹੀਂ ਹੁੰਦੀ ਸਗੋਂ ਇਹ ਆਪਣੇ ਆਪ ਵਿਚ ਸਿਫ਼ਤ ਹੁੰਦੀ ਹੈ, ਇਹ ਸਾਰਥਕਤਾ ਨਾਲ ਜਿਊਣ, ਕਰਤਾਰੀ ਸੰਤੁਸ਼ਟੀ ਨੂੰ ਸਫ਼ਲਤਾ ਦੇ ਬਾਹਰੀ ਨਿਸ਼ਾਨਾਂ ਤੋਂ ਨਿਖੇੜਨ ਅਤੇ ਸਾਧਾਰਨ ਨੂੰ ਅਸਾਧਾਰਨ ਵਿਚ ਤਬਦੀਲ ਕਰਨ ਦੀ ਕਾਬਲੀਅਤ ਹੁੰਦੀ ਹੈ।
ਬਹਰਹਾਲ, ਇਸ ਕਿਸਮ ਦੀ ਸੁਹਜ ਭਰੀ ਤੇ ਜ਼ਿੰਦਗੀ ਨੂੰ ਤਬਦੀਲ ਕਰਨ ਵਾਲੀ ਸਿੱਖਿਆ ਪਾਉਣ ਵਾਸਤੇ ਸਾਨੂੰ ਚੋਟੀ ਦੇ ਉਸਤਾਦ, ਗੂੜ੍ਹ ਵਿਦਵਾਨ ਤੇ ਮਾਹਿਰ ਅਤੇ ਸੰਵੇਦਨਸ਼ੀਲ ਮਾਪੇ ਦਰਕਾਰ ਹਨ। ਕਦੇ ਕਦਾਈਂ ਮੈਂ ਸੋਚਦਾ ਹਾਂ ਕਿ ਸੰਭਾਵੀ ਤੌਰ ’ਤੇ ਸਾਡੇ ਬਹੁਤੇ ਨੌਜਵਾਨਾਂ ਨੂੰ ਕਦੇ ਕੋਈ ਸੱਚਾ ਅਧਿਆਪਕ ਨਹੀਂ ਮਿਲ ਸਕੇਗਾ, ਮਸਲਨ ਰਾਬਿੰਦਰਨਾਥ ਟੈਗੋਰ, ਜਿੱਦੂ ਕ੍ਰਿਸ਼ਨਾਮੂਰਤੀ ਜਾਂ ਪਾਓਲੋ ਫ੍ਰੇਅਰ ਜਿਹਾ ਕੋਈ ਅਧਿਆਪਕ, ਜਾਂ ਕੋਈ ਅਜਿਹਾ ਉਸਤਾਦ ਜੋ ਜਗਿਆਸੂ ਦੀ ਆਤਮਾ ਟੁੰਬ ਸਕਦਾ ਹੋਵੇ। ਉਨ੍ਹਾਂ ਨੂੰ ਸਕੂਲ ਪ੍ਰਿੰਸੀਪਲ ਮਿਲੇ ਹੋਣਗੇ ਜੋ ਕਲਾਸਾਂ ਵਿਚ ਵਿਵਸਥਾ ਕਾਇਮ ਕਰਨ ਲਈ ਅਨੁਸ਼ਾਸਨ ਅਤੇ ਟੋਹਾਂ ਦੀਆਂ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ‘ਮਾਹਿਰ’ ਤੇ ‘ਵਿਸ਼ੇਸ਼ੱਗ’ ਮਿਲੇ ਹੋਣਗੇ ਅਤੇ ਉਨ੍ਹਾਂ ਨੂੰ ਹਰ ਕਿਸਮ ਦੇ ਕੋਚਿੰਗ ‘ਗੁਰੂ’ ਮਿਲੇ ਹੋਣਗੇ ਜਿਨ੍ਹਾਂ ਵਾਸਤੇ ਸਿੱਖਿਆ ਮੰਡੀ ਵਿਚ ਖ਼ਰੀਦੋ-ਫਰੋਖ਼ਤ ਵਾਲੀ ਕਿਸੇ ਸ਼ੈਅ ਨਾਲੋਂ ਵੱਧ ਨਹੀਂ ਹੁੰਦੀ। ਉਹ ਆਖਦਾ ਹੈ ‘ਤੁਸੀਂ ਮੈਨੂੰ ਪੈਸਾ ਦਿਓ, ਮੈਂ ਤੁਹਾਨੂੰ ਸਫ਼ਲ ਹੋਣ ਦੇ ਮੰਤਰਾਂ ਦਾ ਪੈਕੇਜ ਦੇਵਾਂਗਾ’! ਤੇ ਸਿਤਮ ਦੀ ਗੱਲ ਇਹ ਹੈ ਕਿ ਮਾਪਿਆਂ ਦੇ ਤੌਰ ’ਤੇ ਸਾਨੂੰ ਵੀ ਇਸ ਕਿਸਮ ਦੀ ਅਲਾਮਤ ਨਾਲ ਚੱਲਣ ਵਿਚ ਕੋਈ ਔਖ ਮਹਿਸੂਸ ਨਹੀਂ ਹੋ ਰਹੀ।
* ਲੇਖਕ ਸਮਾਜ ਸ਼ਾਸਤਰੀ ਹੈ।