ਭਾਦੋਂ ' ਚ ਜੱਟ  ਸਾਧ ਹੋ ਗਿਆ ਸੀ ? - ਸੁਖਪਾਲ ਸਿੰਘ ਗਿੱਲ

ਅਤੀਤ ਤੋ ਵਰਤਮਾਨ ਤੱਕ ਬਹੁਤ ਸਾਰੀਆਂ ਕਹਾਵਤਾਂ ਕਹਾਣੀਆਂ ਅਤੇ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ।ਜੇ ਹੁਣ ਦੀ ਤਰ੍ਹਾਂ ਰੂੜ੍ਹੀਵਾਦੀ ਵਿਚਾਰ ਪੱਲੇ ਬੰਨੀ ਰੱਖੇ ਤਾਂ ਇਹ ਭਵਿੱਖ ਵਿੱਚ ਵੀ ਰੂੜ੍ਹੀਵਾਦ ਦੇ ਪਰਛਾਂਵੇਂ ਦਿੰਦੀਆਂ ਰਹਿਣਗੀਆਂ। ਭਾਦੋਂ ਵਰਖਾ ਰੱੁਤ ਦਾ ਦੂਜਾ ਮਹੀਨਾ ਹੁੰਦਾ ਹੈ।ਪਹਿਲਾਂ ਮਹੀਨਾ ਸਾਉਣ ਹੁੰਦਾ ਹੈ।ਸਾਉਣ ਦੇ ਛਰਾਟਿਆਂ ਦਾ ਭਵਿੱਖੀ ਅਨੁਮਾਨ ਲੱਗ ਜਾਂਦਾ ਹੈ ਜਿਸ ਨਾਲ ਜਿਮੀਦਾਰ ਵਰਗ ਚੌਕਸ ਹੋ ਜਾਂਦਾ ਹੈ।ਸਾਉਣ ਮਹੀਨੇ ਫਸਲਾਂ ਪੱਖੋਂ ਕੁੱਝ ਜੱਟ ਮੋਕਲਾ ਜਿਹਾ ਹੋ ਜਾਂਦਾ ਹੈ।ਫਸਲ ਦੀ ਆਮਦ ਵੱਲ ਤਿਆਰੀ ਖਿੱਚੀ ਜਾਦੀ ਹੈ।ਸੱਭਿਆਚਾਰਕ ਪੱਖ ਤੋਂ ਤੀਆਂ ਦਾ ਤਿਉਹਾਰ ਮਨਾਉਣ ਤੋ ਬਾਅਦ ਕਿਹਾ ਜਾਂਦਾ ਹੈ “ਸਾਉਣ ਵੀਰ ਇੱਕਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ  ਪਾਵੇ”।
        ਆਮ ਕਹਾਵਤ ਹੈ ਕਿ ਭਾਦੋਂ ਵਿੱਚ ਜੱਟ ਸਾਧ ਹੋ ਗਿਆ ਸੀ।ਇਸ ਪੱਖ ਦੇ ਤਰਕ ਅਤੇ ਰੂੜ੍ਹੀਵਾਦ ਦੋ ਪਹਿਲੂ ਹਨ।ਰੂੜ੍ਹੀਵਾਦ ਪੱਖ ਤੋ ਸਿਆਣਿਆਂ ਤੋ ਕਹਾਵਤ ਸੁਣੀ ਗਈ ਹੈ ਕਿ ਭਾਦੋਂ ਦੀ ਸਵੇਰੇ ਜੱਟ ਖੇਤ ਗਿਆ।ਲਹਿੰਬਰੀਆਂ ਫਸਲਾਂ ਵਿੱਚ ਕੰਮ ਕਰਨਾ ਸੀ ਕਿ ਚਿੱਟੀ ਧੁੱਪ ਟਟਿਆਣੇ ਵਾਂਗ ਨੱਚਣ ਲੱਗ ਪਈ।ਗਰਮੀ ਅਤੇ ਚਿੱਪ-ਚਿੱਪ ਕਰਦਾ ਪਸੀਨਾ ਜੱਟ ਨੂੰ ਕੰਮ ਛੁਡਾ ਕੇ ਸਾਧ ਬਣਨ ਵੱਲ ਲੈ ਗਿਆ। “ਭਾਦੋਂ ਦਾ ਭਜਾਇਆ ਜੱਟ ਸਾਧ ਹੋ ਗਿਆ” ਇਸ ਮਹੀਨੇ ਪੈਲਾਂ ਪਾਉਂਦੇ ਝੋਨੇ ਵਿੱਚੋਂ ਘਾਹ ਕੱਢਿਆ ਜਾਂਦਾ ਹੈ।ਕਮਾਦ ਦੀ ਫਸਲ ਦੇ ਮੁੱਢੇ ਬੰਨੇ ਜਾਂਦੇ ਹਨ। ਨਰਮਾ ਅਤੇ ਹਰਾ ਚਾਰਾ ਵੀ ਜੋਬਨ ਉੱਤੇ ਹੁੰਦਾ ਹੈ।ਤਰਕ ਦੇ ਆਧਾਰ ਤੇ ਦੇਖੀਏ ਭਾਦੋਂ ਦੀ ਨਿੱਚੜਦੀ ਗਰਮੀ ਵਿੱਚ ਇਹਨਾਂ ਫਸਲਾਂ ਦੀ ਦੇਖਭਾਲ ਕਰਨੀ ਕਿਸੇ ਤਪੱਸਿਆ ਤੋ ਘੱਟ ਨਹੀ ਹੈ।ਇਸ ਲਈ ਇਸ ਤਪੱਸਿਆਮਈ ਮਹੀਨੇ ਵਿੱਚ ਕੰਮ ਕਰਨ ਲਈ ਜੱਟ ਨੂੰ ਉਸਦੀ ਤਪੱਸਿਆ ਵਜੋਂ ਸਾਧ ਦਾ ਰੁਤਬਾ ਦਿੱਤਾ ਗਿਆ।ਜੱਟ ਦੀ ਤਪੱਸਿਆ ਦਾ ਸਿਖਰ ਇਸੇ ਮਹੀਨੇ ਹੁੰਦਾ ਹੈ।
       ਭਾਦੋਂ ਮਹੀਨੇ ਦੀ ਕਹਾਵਤ ਹੈ “ ਭਾਦੋਂ ਦੇ ਛਰਾਟੇ, ਗੁੰਨੇ ਰਹਿ ਗਏ ਆਟੇ” ਸਾਉਣ ਤੋ ਉਲਟ ਇਸ ਮਹੀਨੇ ਇੱਕ ਦਮ ਛਰਾਟੇ ਪੈਣ ਦਾ ਕੋਈ ਅਨੁਮਾਨ ਨਹੀਂ ਹੁੰਦਾ।ਆਟੇ ਗੁੰਨੇ ਰਹਿ ਜਾਂਦੇ ਹਨ, ਖੇਤਾਂ ਵੱਲ ਭੱਜਣਾ ਪੈ ਜਾਂਦਾ ਹੈ।ਇਸ ਤੋ ਇਲਾਵਾ ਭਾਦੋਂ ਮਹੀਨਾ ਇਮਤਿਹਾਨ ਵੀ ਲੈਂਦਾ ਹੈ।ਸਾਧ ਦੀ ਤਪੱਸਿਆ ਦਾ ਕੋਈ ਨਤੀਜਾ ਨਹੀਂ ਦੇਖਦਾ।ਜੱਟ ਦੀ ਤਪੱਸਿਆ ਦਾ ਨਤੀਜਾ ਅੱਸੂ ਕੱਤਕ ਵਿੱਚ ਦਿਖ ਜਾਂਦਾ ਹੈ।ਦੇਸੀ ਮਹੀਨਿਆਂ ਵਿੱਚ ਇਸਦੀ ਮਹੱਤਤਾ ਮਨੁੱਖਤਾ ਅਤੇ ਫਸਲਾਂ ਲਈ ਆਪਣੀ ਹੀ ਪਹਿਚਾਣ ਹੈ।ਅੰਗਰੇਜ਼ੀ ਮਹੀਨਿਆਂ ਦੇ ਅੱਧ ਅਗਸਤ ਤੋਂ ਅੱਧ ਸਤੰਬਰ ਤੱਕ ਇਹ ਮਹੀਨਾ ਹੁੰਦਾ ਹੈ।ਇਸ ਮਹੀਨੇ ਵਿੱਚ ਫਸਲਾਂ ਦੀ ਸੰਭਾਲ ਬੱਚੇ ਨੂੰ ਸੰਭਾਲਣ ਬਰਾਬਰ ਦੀ ਹੁੰਦੀ ਹੈ।ਹਰ ਪੱਖੋਂ ਤਪੱਸਿਆ ਹੀ ਤਪੱਸਿਆ।ਹੁਣ ਮਸ਼ੀਨੀ ਯੁੱਗ ਨੇ ਭਾਦੋਂ ਵਿੱਚ ਜੱਟ ਦੇ ਸਾਧ ਬਣਨ ਦੀ ਕਥਾ ਨੂੰ ਅਤੀਤ ਦੇ ਪਰਛਾਂਵੇਂ ਬਣਾ ਦਿੱਤਾ ਹੈ।ਵਿਿਗਆਨਕ ਉੱਨਤੀ ਅਤੇ ਹਰੀਕ੍ਰਾਂਤੀ ਨੇ ਇਸ ਕਹਾਵਤ ਨੂੰ ਜੱਟ ਦੀ ਖੇਤਾਂ ਵਿੱਚ ਹੁੰਦੀ ਤਪੱਸਿਆ ਨੂੰ ਸਾਧ ਦੀ ਤਪੱਸਿਆ ਤੋਂ ਉੱਪਰ ਬਣਾ ਦਿੱਤਾ ਹੈ।ਗੁਰੂ ਨਾਨਕ ਦਾ ਕਥਨ, “ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ”  ਸਹੀ ਰੂਪ ਵਿੱਚ ਪੇਸ਼ ਕੀਤਾ ਹੈ।
       ਭਾਦੋਂ ਨਾਨਕਸ਼ਾਹੀ ਜੰਤਰੀ ਦਾ ਛੇਵਾਂ ਮਹੀਨਾ ਹੈ।ਅਗਸਤ ਮਹੀਨੇ ਦੀ ਸੰਗਰਾਂਦ ਤੋਂ ਸ਼ੁਰੂ ਹੁੰਦਾ ਹੈ।ਸਾਡੀ ਪਵਿੱਤਰ ਗੁਰਬਾਣੀ ਵਿੱਚ ਇਸ ਮਹੀਨੇ ਨੂੰ ਇਉਂ ਉਚਾਰਿਆ ਗਿਆ ਹੈ :-
    “ਭਾਦੁਇ ਭਰਮਿ ਭੁਲਾਣੀਆ, ਦੂਜੇ ਲਗਾ ਹੇਤੁ॥
     ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ॥
     ਜਿਤੁ ਦਿਿਨ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ॥
     ਪਕੜ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ॥
     ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ॥
    ਹਥ ਮਰੋੜੇ ਤਨੁ ਕਪੇ, ਸਿਆਹਹੁ ਹੋਆ ਸੇਤੁ॥
    ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥
    ਨਾਨਕ` ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭੁ ਦੇਤੁ॥
    ਸੇ ਭਾਦੁਇ ਨਰਕਿ ਨ ਪਾਈਅਹਿ, ਗੁਰ ਰਖਣ ਵਾਲਾ ਹੇਤੁ॥”  

       ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਖ ਤੋਂ ਇਸ ਮਹੀਨੇ ਨੂੰ ਪ੍ਰਵਾਨ ਕੀਤਾ ਗਿਆ ਹੈ।ਸਿਰੜ, ਸਿਦਕ, ਮਿਹਨਤ ਅਤੇ ਧਾਰਮਿਕਤਾ ਦਾ ਖਜ਼ਾਨਾ ਭਾਦੋਂ ਮਹੀਨਾ ਜੱਟ ਦੀ ਹਰ ਪੱਖੋਂ ਤਪੱਸਿਆ ਕਰਕੇ ਹੀ ਜੱਟ ਦੀ ਤਪੱਸਿਆ ਨੂੰ ਸਾਧ ਦੀ ਤਪੱਸਿਆ ਤੋਂ ਉੱਪਰ ਬਣਾਉਂਦਾ ਹੈ।ਅੰਨ ਦਾਤੇ ਦਾ ਖਿਤਾਬ ਪਾਉਂਦਾ ਹੈ।ਸਹਿਣਸ਼ੀਲਤਾ ਵਾਲੀ ਤਪੱਸਿਆ ਹੀ ਜੱਟ ਨੂੰ ਭਾਦੋਂ ਮਹੀਨੇ ਸਾਧ ਦਾ ਰੁਤਬਾ ਦਿੰਦੀ ਹੈ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ,
98781-11445