ਦਿਲ ਇੱਕ 'ਤੇ ਇਸ਼ਕ ਅਨੇਕ - ਰਵਿੰਦਰ ਸਿੰਘ ਕੁੰਦਰਾ
ਅਥਰੇ ਦਿਲ ਦੀ ਗਾਥਾ ਮੈਂ ਕੀ ਆਖਾਂ,
ਮੇਰੀ ਇੱਕ ਨਾ ਇਸ ਨੇ ਕਦੀ ਮੰਨੀ।
ਥੱਕ ਗਿਆਂ ਸਮਝਾ ਕੇ ਲੱਖ ਵਾਰੀਂ,
ਨਾ ਫਿਰ ਭੱਜਦਾ ਰੋਜ਼ ਵੱਖ ਵੱਖ ਕੰਨੀ।
ਨਹੀਂ ਮੰਨਿਆ ਮੇਰੀ ਦਲੀਲ ਇੱਕ ਵੀ,
ਪੰਗਾ ਇਸ਼ਕ ਦਾ ਐਸਾ ਇਹ ਪਾ ਬੈਠਾ।
ਮਾਸ਼ੂਕ ਇੱਕ ਨਾਲ ਨਾ ਇਹ ਰੱਜ ਸਕਿਆ,
ਦਿਲ ਕਈਆਂ ਦੇ ਹੱਥ ਪਕੜਾ ਬੈਠਾ।
ਪਹਿਲਾਂ ਤਮੰਨਾ ਦਾ ਇਸ ਨੂੰ ਫ਼ਤੂਰ ਚੜ੍ਹਿਆ,
ਦਿਨ ਰਾਤ ਰਿਹਾ ਉਸਦਾ ਜਾਪ ਕਰਦਾ।
ਹੋਰ ਸਾਰੀਆਂ ਸੁਰਾਂ ਤੇ ਤਾਲ ਭੁੱਲਿਆ,
ਉਸ ਦੇ ਨਾਮ ਦਾ ਰਿਹਾ ਅਲਾਪ ਕਰਦਾ।
ਅਲ੍ਹੜ ਬਰੇਸ ਤੇ ਇਸ਼ਕ ਦਾ ਤਾਪ ਐਸਾ,
ਸਿਰ ਧੜ ਦੀ ਬਾਜ਼ੀ ਇਹ ਲਾ ਬੈਠਾ।
ਤਮੰਨਾ ਆਪਣੀ ਸਿਰਫ਼ ਵਿੱਚ ਵਾੜ ਦਿਲ ਦੇ,
ਭੁਲਾ ਕੇ ਸੁੱਧ ਬੁੱਧ, ਆਪਣੇ ਯਾਰ ਬੈਠਾ।
ਮਰਜ਼ ਵਧੀ ਤੇ ਫ਼ੇਰ ਲਾਇਲਾਜ ਹੋ ਗਈ,
ਦਿਲ ਤੇ ਮਰਜ਼ੀ ਨੇ ਜਦੋਂ ਇੱਕ ਵਾਰ ਕੀਤਾ।
ਪੈਰ ਪੈਰ ਤੇ ਪਾਏ ਉਸ ਉਹ ਪੁਆੜੇ,
ਤਹਿਸ ਨਹਿਸ ਫੇਰ ਇਸਦਾ ਵਕਾਰ ਕੀਤਾ।
ਨਿਭਾਵੇ ਕਿਸ ਨਾਲ 'ਤੇ ਕਿਸ ਤੋਂ ਮੂੰਹ ਮੋੜੇ,
ਗਿਆ ਰਗੜਿਆ ਪੁੜਾਂ ਵਿਚਕਾਰ ਐਸਾ।
ਤਮੰਨਾ ਇਸ ਪਾਸੇ ਤੇ ਮਰਜ਼ੀ ਉਸ ਪਾਸੇ,
ਬੇੜਾ ਡੋਲਿਆ ਵਿੱਚ ਮੰਝਧਾਰ ਐਸਾ।
ਮਰਜ਼ੀ ਕਹੇ ਤੂੰ ਮੈਥੋਂ ਨੀ ਭੱਜ ਸਕਦਾ,
ਰਹਿ ਮੇਰਾ ਤੂੰ ਸਦਾ ਦਿਲਦਾਰ ਬਣਕੇ।
ਮੈਂ ਹਾਂ ਤੇਰੀ 'ਤੇ ਤੂੰ ਹੈ ਮੇਰਾ ਸੱਜਣਾ,
ਵਾਰਾਂ ਜਾਨ ਤੈਥੋਂ ਲੱਖ ਵਾਰ ਸਦਕੇ।
ਨਹੀਂ ਹਿੱਲ ਸਕਦਾ ਇੱਕ ਇੰਚ ਵੀ ਤੂੰ,
ਜਦੋਂ ਤੱਕ ਨਾ ਮਿਲੇ ਇਜਾਜ਼ਤ ਮੇਰੀ।
ਕਰ ਮਿੰਨਤਾਂ ਤੇ ਭਾਵੇਂ ਹੁਣ ਪਾ ਤਰਲੇ,
ਕਰਨੀ ਪੈਸੀ ਹੁਣ ਤੈਨੂੰ ਇਬਾਦਤ ਮੇਰੀ।
ਮੈਂ ਵੀ ਇਜਾਜ਼ਤ ਹਾਂ ਮੈਨੂੰ ਨਾ ਘੱਟ ਸਮਝੀਂ,
ਮੇਰੇ ਸਾਹਮੇਂ ਕੀ ਤਮੰਨਾ 'ਤੇ ਕੀ ਮਰਜ਼ੀ।
ਮੇਰਾ ਇਸ਼ਕ ਹੈ ਗੂੜ੍ਹਾ ਤੇ ਪੁਰ ਹਕੀਕੀ,
ਸਮਝ ਬੈਠੀਂ ਨਾ ਇਸ ਨੂੰ ਕਦੀ ਫ਼ਰਜ਼ੀ।
ਕੋਈ ਤਰਸ ਨਾ ਕਰੇ ਨਾ ਯਕੀਨ ਇਸਤੇ,
ਪਿਆਰ ਸੱਚਾ ਇਹ ਕਿਸ ਨੂੰ ਜਤਾਏ ਜਾਕੇ।
ਦੇਵੇ ਤਸੱਲੀਆਂ ਭਾਵੇਂ ਇਹ ਲੱਖ ਵਾਰੀ,
ਭਾਵੇਂ ਲੱਖਾਂ ਹੀ ਤਰਲੇ ਇਹ ਪਾਏ ਜਾਕੇ।
ਜਦੋਂ ਤਿੰਨਾਂ ਨੇ ਜੀਣਾ ਹਰਾਮ ਕੀਤਾ,
ਫੇਰ ਭੱਜ ਕੇ ਸ਼ਾਂਤੀ ਦੇ ਦੁਆਰ ਪਹੁੰਚਾ।
ਕਹੇ ਰੱਖ ਲੈ ਮੈਨੂੰ ਤੂੰ ਜਾਣ ਅਪਣਾ,
ਹੋ ਕੇ ਤਿੰਨਾਂ ਤੋਂ ਬੜਾ ਮੈਂ ਖੁਆਰ ਪਹੁੰਚਾ।
ਨਹੀਂ ਮਿਲਦੀ ਮੈਨੂੰ ਹੁਣ ਕਿਤੇ ਢੋਈ,
ਬਚਾ ਲੈ, ਸਾਂਭ ਲੈ, ਗਲ਼ੇ ਲਗਾ ਮੈਨੂੰ।
ਛੁਡਾ ਦੇ ਤਿੰਨਾਂ ਬਲਾਵਾਂ ਤੋਂ ਪਿੱਛਾ ਮੇਰਾ,
ਸੱਚੇ ਪਿਆਰ ਦਾ ਸਬਕ ਪੜ੍ਹਾ ਮੈਨੂੰ।
ਸ਼ਾਂਤੀ ਕਹੇ ਹੁਣ ਨਹੀਂ ਹੈ ਵੱਸ ਮੇਰੇ,
ਤੇਰੇ ਦਿਲ ਨੂੰ ਕੋਈ ਧਰਵਾਸ ਦੇਣਾ।