ਬੀ.ਜੇ.ਪੀ., ਸੰਘ ਤੇ ਸਿੱਖਾਂ ਦੇ ਸਬੰਧ - ਹਰਦੇਵ ਸਿੰਘ ਧਾਲੀਵਾਲ,
ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ। ਜਿਸ ਵਿੱਚ ਇੱਕ ਨੌਜਵਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦੁਬਾਰੇ ਸੱਦਣ ਦੀ ਕਾਮਨਾ ਕੀਤੀ ਹੈ। ਇਹ ਉਹਦੀ ਆਪਣੀ ਸ਼ਰਧਾ ਤੇ ਖਿਆਲ ਹਨ। ਨੌਜਵਾਨ ਸਿੱਖ ਵਰਗ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਪ੍ਰਤੀ ਸ਼ਰਧਾ ਤੇ ਸਤਿਕਾਰ ਹੈ। ਚੰਗੇ ਜੀਵਨ ਲਈ ਜ਼ਰੂਰੀ ਹੈ, ਕਿ ਪਿਛਲੇ ਖੱਟੇ ਮਿੱਠੇ ਵਾਕਿਆਤ ਨੂੰ ਮਿੱਠੇ ਕਰਕੇ ਹੀ ਜਾਣੀਏ। ਆਮ ਸਿੱਖ ਜਵਾਨੀ ਕਾਰਾਂ ਦੇ ਪਿਛਲੇ ਸ਼ੀਸ਼ੇ ਤੇ ਸੰਤ ਜਰਨੈਲ ਸਿੰਘ ਦੀ ਫੋਟੋ ਲਗਾਉਂਦੇ ਹਨ। ਧਾਰਮਿਕ ਸਮਾਗਮਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਇਸ ਦਾ ਇਹ ਕਾਰਨ ਹੈ ਕਿ ਦਿੱਲੀ, ਬੁਕਾਰੋ, ਕਾਨਪੁਰ ਤੇ ਹਰਿਆਣੇ ਵਿੱਚ ਹੋਏ ਸਿੱਖਾਂ ਦੇ ਘਾਣ ਨੂੰ ਇਨਸਾਫ ਨਹੀਂ ਮਿਲਿਆ। ਇਹਨਾਂ ਜਖਮਾਂ ਨੂੰ ਜੇ ਕੋਈ ਉਚੇੜੇ ਤਾਂ ਠੀਕ ਨਹੀਂ ਲੱਗਦਾ। ਇਸ ਵੀਡੀਓ. ਸਬੰਧੀ ਬੀ.ਜੇ.ਵੀ. ਦੇ ਲੀਡਰ ਵਿਜੈ ਜੌਲੀ ਨੇ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਅਜਿਹੇ ਵੀਡੀਓ ਪਾਉਣ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਕੋਈ ਅੱਤਵਾਦੀ ਸੰਤ ਦੀ ਗੱਲ ਨਾ ਕਰੇ ਤੇ ਦੇਸ਼ ਦੇ ਹਾਲਾਤ ਖਰਾਬ ਨਾ ਹੋਣ। ਪੰਜਾਬ ਇਸ ਸਮੇਂ ਅੱਤਵਾਦ ਦੇ ਸਾਏ ਤੋਂ ਦੂਰ ਜਾ ਚੁੱਕਿਆ ਹੈ। ਆਮ ਸ਼ਹਿਰੀ ਚੰਗੀ ਜਿੰਦਗੀ ਗੁਜਾਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਅੱਤਵਾਦ ਦੇ ਕਾਲੇ ਬੱਦਲ ਫੇਰ ਉਨ੍ਹਾਂ ਦੀ ਜਿੰਦਗੀ ਵਿੱਚ ਆਉਣ, ਪਰ ਵਿਜੈ ਜੌਲੀ ਤੇ ਅਜਿਹੇ ਕਾਰਕੁੰਨਾਂ ਦੇ ਬਿਆਨ ਅੱਤਵਾਦ ਲਿਆਉਣ ਲਈ ਫੇਰ ਸਫਲ ਹੁੰਦੇ ਹਨ। ਜੀ.ਟੀ.ਵੀ. ਪੰਜਾਬ ਹਰਿਆਣਾ ਨੇ ਇਸ ਤੇ 28 ਦਸੰਬਰ ਨੂੰ ਬਹਿਸ ਕਰਵਾ ਕੇ ਇਸ ਦਾ ਹੋਰ ਪ੍ਰਚਾਰ ਕੀਤਾ। ਜਿਹੜਾ ਇੱਕ ਕੌਮੀ ਟੀ.ਵੀ. ਲਈ ਯੋਗ ਨਹੀਂ ਸੀ।
ਪੰਜਾਬ ਦੀ ਜੁਆਨੀ ਬੇਰੁਜਗਾਰ ਹੈ। ਕੰਮ ਨਾ ਮਿਲਣ ਕਾਰਨ ਨੌਜਵਾਨਾਂ ਦੀਆਂ ਧਾੜਾਂ ਕਨੇਡਾ ਆਦਿ ਬਾਹਰਲੇ ਦੇਸ਼ਾਂ ਵੱਲ ਵਹੀਰਾਂ ਪਾਈ ਜਾ ਰਹੀਆਂ ਹਨ। ਪੰਜਾਬ ਵਿੱਚ ਰੁਜਗਾਰ ਦੇ ਸਾਧਨ ਬਹੁਤ ਘੱਟ ਹਨ। ਕੇਂਦਰ ਨੇ ਪਹਾੜੀ ਰਾਜਾਂ ਵਿੱਚ ਛੋਟ ਦੇ ਰੱਖੀ ਹੈ। ਜਿਸ ਕਾਰਨ ਪੰਜਾਬ ਦੀ ਸੱਨਅਤ ਬਹੁਤੀ ਹਿਮਾਚਲ ਵੱਲ ਚਲੀ ਗਈ ਹੈ। ਬੱਦੀ (ਹਿਮਾਚਲ) ਵਿੱਚ ਤਾਂ ਤਕਰੀਬਨ ਸਾਰੀ ਦਸਤਕਾਰੀ ਪੰਜਾਬ ਤੋਂ ਹੀ ਗਈ ਹੈ। ਕੇਂਦਰ ਪੰਜਾਬ ਪ੍ਰਤੀ 1997 ਤੋਂ ਸੁਹਿਰਦ ਨਹੀਂ ਇਸ ਕਰਕੇ ਉਹ ਪੰਜਾਬ ਦੀ ਗੱਲ ਹੀ ਨਹੀਂ ਸੁਣ ਰਿਹਾ। ਹਰਿਆਣੇ ਕੋਲ ਫਰੀਦਾਬਾਦ, ਗੁਰੂਗਰਾਮ (ਗੁੜਗਾਉਂ) ਹਨ ਤੇ ਉਨ੍ਹਾਂ ਦੇ ਜੁਆਨਾਂ ਨੂੰ ਉੱਥੇ ਕਾਫੀ ਰੁਜਗਾਰ ਮਿਲਦਾ ਹੈ। ਪੰਜਾਬ ਦੀ ਕਿਸਾਨੀ ਫਸਲਾਂ ਦੇ ਮੁੱਲ ਸਹੀ ਨਾ ਮਿਲਣ ਕਾਰਨ ਕਰਜਈ ਹੋ ਗਈ ਹੈ। ਫਸਲਾਂ ਦੇ ਭਾਅ ਸੂਚਕ ਅੰਕ ਅਨੁਸਾਰ ਨਹੀਂ ਮਿੱਥੇ ਜਾਂਦੇ। ਰੇਅ ਤੇਲ ਤੇ ਭਾਅ ਨਿੱਤ ਵਧਦੇ ਰਹਿੰਦੇ ਹਨ, ਪਰ ਕੇਂਦਰ ਦੀ ਸਰਕਾਰ ਕਣਕ ਤੇ ਝੋਨੇ ਦੇ ਮੁੱਲ ਵਿੱਚ ਮਾਮੂਲੀ ਵਾਧਾ ਕਰ ਦਿੰਦੀ ਹੈ, ਪਰ ਸੂਚਕ ਅੰਕ ਨਾਲ ਨਹੀਂ ਜੋੜਦੀ। ਧਰਤੀ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੀ ਗਈ। ਇਸ ਤੇ ਮਸ਼ੀਨੀ ਖੇਤੀ ਮੁਸ਼ਕਲ ਤੇ ਮਹਿੰਗੀ ਪੈਂਂਦੀ ਹੈ। ਲੋਕ ਸਭਾ ਵਿੱਚ ਅੱਧੇ ਤੋਂ ਵੱਧ ਮੈਂਬਰ ਖੇਤੀ ਨਾਲ ਸਬੰਧਤ ਗਏ ਹੋਣਗੇ, ਪਰ ਲੋਕ ਸਭਾ ਵਿੱਚ ਫਸਲਾਂ ਦੇ ਮੁੱਲ ਬਾਰੇ ਖੁੱਲ ਕੇ ਗੱਲ ਹੀ ਨਹੀਂ ਕਰਦੇ। ਸਗੋਂ ਸੱਨਅਤਾਂ ਵਾਲਿਆਂ ਦੀ ਗੱਲ ਹੀ ਸੁਣਦੇ ਹਨ। ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਨਾ ਮੰਨਣ ਦੀ ਗੱਲ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਹਿ ਦਿੱਤੀ ਹੈ। ਵਿਜੈ ਜੌਲੀ ਤੇ ਅਜਿਹੇ ਕਾਰਕੁੰਨਾਂ ਦੀਆਂ ਬਹਿਸਾਂ ਨਾਲ ਅੱਲੜ ਜੁਆਨੀ ਫੇਰ ਵਰਗਲਾਈ ਜਾ ਸਕਦੀ ਹੈ। ਕੇਂਦਰ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਕਿਸਾਨੀ ਤੇ ਪੰਜਾਬ ਬਾਰੇ ਚੰਗੀ ਪਾਲਿਸੀ ਨਹੀਂ ਰੱਖਦੀ।
25 ਤੋਂ 28 ਦਸੰਬਰ ਤੱਕ ਸਹਿਬਜਾਦਿਆਂ ਦੀ ਸ਼ਹਾਦਤ ਦਾ ਸਮਾਂ ਹੈ। ਇਸ ਹਫਤੇ ਨੂੰ ਸਿੱਖ ਇਤਿਹਾਸ ਵਿੱਚ ਕਾਲਾ ਹਫਤਾ ਕਹਿ ਕੇ ਜਾਣਿਆ ਜਾਂਦਾ ਹੈ। ਸਾਰੀਆਂ ਪਾਰਟੀਆਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਲਈ ਸਭਾਵਾਂ ਵਿੱਚ ਨਹੀਂ ਕਰਨਗੇ। ਇਹ ਚੰਗੀ ਗੱਲ ਹੈ ਕਿ ਦੂਸ਼ਣਬਾਜ਼ੀ ਨਹੀਂ ਹੋਣੀ ਚਾਹੀਦੀ। ਪਰ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ਼ ਦੇ ਨਜਦੀਕ ਲੱਗੀ ਸਟਾਲ ਤੇ "ਗੈਰਤ" ਰਸਾਲੇ ਦੀਆਂ ਕੁੱਝ ਕਾਪੀਆਂ ਵੇਚੀਆਂ ਗਈਆਂ। ਉਨ੍ਹਾਂ ਦੇ ਟਾਈਟਲ ਤੇ ਬੁਰਹਾਨਬਾਨੀ ਤੇ ਸ. ਬੇਅੰਤ ਸਿੰਘ ਦੇ ਕਾਤਲ ਜਗਤਾਰ ਸਿੰਘ ਹਵਾਰਾ ਦੀਆਂ ਫੋਟੋਆਂ ਸਨ। ਪੁਰਾਣੇ ਰਸਾਲੇ ਵਿੱਚ ਖਾਲਿਸਤਾਨ ਬਾਰੇ ਵੀ ਕੁੱਝ ਸੀ। ਉਸ ਨੂੰ ਦੇਖ ਕੇ ਨਿਊਜ਼ ਪੰਜਾਬ ਦੇ ਚੈਨਲ ਨੇ ਰੌਲਾ ਪਾ ਦਿੱਤਾ ਕਿ ਖਾਲਿਸਤਾਨ ਪੱਖੀ ਤੇ ਬੁਰਹਾਨਬਾਨੀ ਦੀਆਂ ਫੋਟੋਆਂ ਹਨ। ਇਹ ਪੁਰਾਣਾ ਰਸਾਲਾ ਸੀ ਦੋ ਸਾਲ ਪਹਿਲਾਂ ਛਪਿਆ ਸੀ। ਉਸ ਸਮੇਂ ਇਸ ਤੇ ਕੋਈ ਇਤਰਾਜ ਨਹੀਂ ਹੋਇਆ। ਟੀ.ਵੀ. ਦੇ ਰਿਪੋਰਟਰ ਖ਼ਬਰਾਂ ਭਾਲਦੇ ਹੀ ਰਹਿੰਦੇ ਹਨ। ਇਹ ਖ਼ਬਰ ਉਨ੍ਹਾਂ ਨੂੰ ਮਿਲ ਗਈ। ਟੀ.ਵੀ. ਤੇ ਬਹਿਸਾਂ ਸ਼ੁਰੂ ਹੋ ਗਈਆਂ। ਪੁਰਾਣੀਆਂ ਗੱਲਾਂ ਦੀ ਵੇਰਵਾ ਫੇਰ ਚੱਲ ਪਿਆ।
ਸ. ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਮੰਗ ਦੇ ਸਮਰਥੱਕ ਹਨ। ਉਹ ਵਿਧਾਨਿਕ ਢੰਗ ਨਾਲ ਖਾਲਿਸਤਾਨ ਦੀ ਮੰਗ ਦੀ ਗੱਲ ਕਰਦੇ ਹਨ। ਉਨ੍ਹਾਂ ਤੇ ਼ਕਈ ਵਾਰ ਮੁਕੱਦਮੇ ਦਰਜ਼ ਹੋਏ। ਚਲਾਣ ਵੀ ਪੇਸ਼ ਕੀਤੇ ਗਏ, ਪਰ ਸ਼ਾਤ ਮਈ ਢੰਗ ਨਾਲ ਖਾਲਿਸਤਾਨ ਦੀ ਗੱਲ ਕਰਨ ਕਰਕੇ ਉਨ੍ਹਾਂ ਨੂੰ ਕਦੇ ਸਜਾ ਨਹੀਂ ਹੋਈ। ਉਹ ਹਥਿਆਰਬੰਦ ਘੋਲ ਦੀ ਗੱਲ ਨਹੀਂ ਕਰਦੇ, ਨਾ ਹੀ ਇਸ ਵਿੱਚ ਆਸ਼ਾ ਰੱਖਦੇ ਹਨ। ਵਿਧਾਨ ਅਨੁਸਾਰ ਹਰ ਵਿਅਕਤੀ ਨੂੰ ਬੋਲਣ ਦੀ ਖੁੱਲ੍ਹ ਹੈ ਤੇ ਉਹ ਆਪਣੀ ਮੰਗ ਰੱਖ ਸਕਦਾ ਹੈ, ਉਹਨਾਂ ਨੂੰ ਅਜੇ ਤੱਕ ਸਜਾ ਨਾ ਹੋਣ ਦੀ ਇਹੋ ਹੀ ਕਾਰਨ ਹੈ। ਕਿਉਂਕਿ ਉਹ ਹਥਿਆਰਬੰਦ ਘੋਲ ਬਾਰੇ ਕੋਈ ਆਸ਼ਾ ਨਹੀਂ ਰੱਖਦੇ। ਖਾਲਿਸਤਾਨ ਦੀ ਗੱਲ ਨੂੰ ਬੀ.ਜੇ.ਵੀ. ਜਾਂ ਸੰਘ ਵੱਲੋਂ ਉਛਾਲਣਾ ਵਾਜਿਬ ਨਹੀਂ। ਇਸ ਤਰ੍ਹਾਂ ਉਹ ਆਪ ਖਾਲਿਸਤਾਨ ਦਾ ਪ੍ਰਚਾਰ ਕਰਦੇ ਹਨ, ਜਿਹੜਾ ਹੁਣ ਸੰਭਵ ਨਹੀਂ। ਪਿੱਛੇ ਜਿਹੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕ੍ਰਿਪਾਲ ਸਿੰਘ ਬੰਡੂਗਰ ਨੇ ਕਹਿ ਦਿੱਤਾ ਸੀ ਕਿ ਖਾਲਿਸਤਾਨ ਦੀ ਗੱਲ ਕੋਈ ਜੁਰਮ ਨਹੀਂ। ਕਿਹਾ ਜਾਂਦਾ ਹੈ ਕਿ ਇਸੇ ਕਾਰਨ ਹੀ ਆਰ.ਐਸ.ਐਸ. ਨੇ ਉਨਾਂ ਦੀ ਵਿਰੋਧਤਾ ਕੀਤੀ ਤੇ ਉਨ੍ਹਾਂ ਨੂੰ ਪ੍ਰਧਾਨ ਦੁਬਾਰੇ ਨਹੀਂ ਬੰਨਣ ਦਿੱਤਾ, ਕਿਉਂਕਿ ਅਕਾਲੀ ਸਿਆਸਤ ਤੇ ਸੰਘ ਦਾ ਪ੍ਰਭਾਵ ਹੈ।
ਆਰ.ਐਸ.ਐਸ. ਦੇ ਸੰਚਾਲਣ ਸ੍ਰੀ ਮੋਹਨ ਭਾਗਵਤ ਤਾਂ ਆਪ ਕਹਿੰਦੇ ਹਨ ਕਿ ਭਾਰਤ ਵਾਸੀ ਸਾਰੇ ਹਿੰਦੂ ਹਨ। ਜਦੋਂ ਕਿ ਦੇਸ਼ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ ਤੇ ਜੈਨੀਆਂ ਦਾ ਵੱਖਰਾਂ ਧਰਮ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਵਿਜੈ ਤੋਗੜੀਆ ਇਸ ਗੱਲ ਨੂੰ ਹੋਰ ਉਛਾਲਦੇ ਹਨ ਕਿ ਉਹ ਇਸ ਤੋਂ ਵੀ ਜਿਆਦਾ ਸ਼ਖਤ ਹਨ ਤੇ ਦੇਸ਼ ਨੂੰ ਹਿੰਦੁ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਕੋਲ ਮਾਇਕ ਸਾਧਨ ਬਹੁਤ ਹਨ ਤੇ ਪੈਸੇ ਦੇ ਜੋਰ ਨਾਲ ਦੂਜੇ ਧਰਮਾਂ ਨੂੰ ਨਿਗਲਣਾ ਚਾਹੁੰਦੇ ਹਨ। ਬੀ.ਜੇ.ਪੀ. ਇੱਕ ਪਾਸੇ ਬੀਫ ਦੀ ਵਿਰੋਧਤਾ ਕਰਦੀ ਹੈ, ਪਰ ਇਹਦੇ ਮੰਤਰੀ ਆਪ ਬੀਫ ਖਾਣ ਦੀ ਗੱਲ ਕਰਦੇ ਹਨ। ਗੋਆ ਅਰਾਂਣਚਲ ਪ੍ਰਦੇਸ਼ ਆਦਿ ਸੂਬਿਆਂ ਵਿੱਚ ਬੀਫ ਖਾਣ ਦੀ ਖੁੱਲ ਹੈ। ਸੰਸਾਰ ਵਿੱਚ ਬੀਫ ਬਾਹਰ ਭੇਜਣ ਤੇ ਭਾਰਤ ਪਹਿਲੇ ਜਾਂ ਦੂਜੇ ਨੰਬਰ ਤੇ ਹੈ। ਲਵ ਜਹਾਦ ਵਿਰੁੱਧ ਹਿੰਦੂ ਵਿਸ਼ਵ ਪ੍ਰੀਸ਼ਦ ਤੇ ਬੀ.ਜੇ.ਵੀ. ਸਰਗਰਮ ਹਨ। ਸ੍ਰੀ ਮੋਹਨ ਭਾਗਵਤ ਤੇ ਵਿਜੈ ਤੋਗੜੀਆ ਦੇ ਬਿਆਨ ਖਾਲਿਸਤਾਨ ਪੱਖੀਆਂ ਨੂੰ ਬਲ ਦਿੰਦੇ ਹਨ, ਜੇਕਰ ਹਿੰਦੂ ਰਾਸ਼ਟਰ ਦੀ ਗੱਲ ਕਰਨਗੇ ਤਾਂ ਖਾਲਿਸਤਾਨ ਪੱਖੀ ਖਾਲਿਸਤਾਨ ਦੀ ਗੱਲ ਕਰਨ ਤੋਂ ਹਟ ਨਹੀਂ ਸਕਦੇ। ਕਾਨੂੰਨੀ ਤੌਰ ਤੇ ਵਿਧਾਨ ਨਾਲ ਗੱਲ ਕਹਿਣ ਵਿਰੁੱਧ ਕੋਈ ਦੋਸ਼ ਨਹੀਂ ਬਣਦਾ।
ਪੁਰਾਣੇ ਸਿਆਸਤਦਾਨ ਕਹਿੰਦੇ ਹਨ ਕਿ 1930 ਤੱਕ ਪਾਕਿਸਤਾਨ ਦੀ ਕੋਈ ਗੱਲ ਹੀ ਨਹੀਂ ਸੀ। 1937 ਵਿੱਚ ਅਣਵੰਡੇ ਪੰਜਾਬ ਦੀ ਚੋਣ ਸਮੇਂ ਮੁਸਲਿਮ ਲੀਗ ਸਿਰਫ ਇੱਕ ਸੀਟ ਜਿੱਤ ਸਕੀ ਸੀ। ਸਰ ਸਿਕੰਦਰ ਹਿਯਾਤ ਫਿਰਕੂ ਮੰਗਾਂ ਦੇ ਵਿਰੋਧੀ ਸਨ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਸਰ ਸਿਕੰਦਰ ਹਿਯਾਤ ਜਿਉਂਦਾ ਰਹਿੰਦਾ ਤਾਂ ਪਾਕਿਸਤਾਨ ਸੰਭਵ ਨਹੀਂ ਸੀ। ਪਰ ਸ੍ਰੀ ਮਹਾਸਾ ਕ੍ਰਿਸ਼ਨ ਤੇ ਹੋਰ ਲੀਡਰਾਂ ਨੇ ਮੁਸਲਮਾਨਾਂ ਵਿਰੁੱਧ ਪ੍ਰਚਾਰ ਕਰਨ ਕਾਰਨ ਪਾਕਿਸਤਾਨ ਦੀ ਮੰਗ ਤੇਜ ਹੁੰਦੀ ਗਈ। ਅਖੀਰ ਨੂੰ ਸਰ ਖਿਜ਼ਰ ਹਿਯਾਤ ਕੰਟਰੋਲ ਨਾ ਕਰ ਸਕੇ ਤੇ ਮੁਸਲਮ ਲੀਗ ਹਾਵੀ ਹੋ ਗਈ। ਜਿਹੜੀ ਦੇਸ਼ ਦੀ ਵੰਡ ਦਾ ਕਾਰਨ ਬਣੀ। ਆਰ.ਐਸ.ਐਸ ਤੇ ਬੀ.ਜੇ.ਵੀ. ਨੂੰ ਚਾਹੀਦਾ ਹੈ ਕਿ ਫਿਰਕੂ ਗੱਲਾਂ ਨੂੰ ਹਵਾ ਨਾ ਦੇਣ। ਕਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਸਭ ਧਰਮਾਂ ਦੇ ਲੋਕ ਰਹਿੰਦੇ ਹਨ। ਕਨੇਡਾ ਵਿੱਚ ਭਾਰਤੀ ਕਿੰਨੇ ਹੀ ਐਮ.ਪੀ. ਬਣੇ ਤੇ ਪੰਜਾਬ ਨਾਲ ਸਬੰਧਤ ਪੰਜ ਵਜ਼ੀਰ ਹਨ। ਭਾਰਤ ਵੱਖੋ ਵੱਖ ਧਰਮਾਂ ਦਾ ਗੁਲਦਾਸਤਾ ਹੈ। ਕਿਸੇ ਦਾ ਅਪਮਾਨ ਨਾ ਹੋਵੇ ਸਭ ਬਰਾਬਰ ਰਹਿਣ, ਨਹੀਂ ਤਾਂ ਖਾਲਿਸਤਾਨ ਵਰਗੀਆਂ ਮੰਗਾਂ ਉਠਦੀਆਂ ਰਹਿੰਦੀਆਂ ਹਨ।
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279
1 Jan. 2018