ਤੇਰੀ ਸ਼ਾਦੀ - ਰਣਜੀਤ ਕੌਰ ਗੁੱਡੀ ਤਰਨ ਤਾਰਨ
'' ਤੇਰੀ ਸ਼ਾਦੀ ''
ਤੇਰੀ ਸ਼ਾਦੀ ਸਾਡੀ ਬਰਬਾਦੀ
ਕੁਝ ਹੀ ਚਿਰ ਪਹਿਲਾਂ ਭਾਊ ਮੱਖਣ ਸਾਡੇ ਮੁਹੱਲੇ ਤੱਕ ਹੀ ਭਾਊ ਸੀ,ਸਾਰੇ ਮੁਹੱਲੇ ਦਾ ਸੌਦਾ ਸਲਫ ਲਿਆਉਣਾ,ਉਚ ਨੀਚ ਵੇਲੇ ਦੀ ਭੱਜ ਦੌੜ,ਵਿਆਹ ਸ਼ਾਦੀਆਂ ਦੀ ਵਿਚੋਲਗੀਰੀ ਤੇ ਹੋਰ ਸਾਰੇ ਛੋਟੇ ਵੱਡੇ ਕੰਮ ਭਾਊ ਹੀ ਕਰਦਾ ਸੀ,ਭਾਊ ਖੜਕਾ ਦੜਕਾ ਵੀ ਪੂਰਾ ਰੱਖਦਾ ਸੀ ਕਿਉਂਕਿ ਭਾਊ ਖਾੜਕੂ ਸਿਖਿਅਕ ਜੋ ਸੀ।ਥਾਨੇ ਪਥਾਨੇ ਚੰਗੀ ਠੁਕ ਬਣ ਗਈ ਜਦ ਤਾਂ ਭਾਊ ਨੇ ਪੂਰੇ ਸ਼ਹਿਰ ਦਾ ਚਾਰਜ ਸੰਭਾਲ ਲਿਆ ਤੇ ਦੋ ਚਾਰ ਨਾਹਰੇ ਮਾਰ ਕੇ ਸਿਆਸੀ ਭਾਊ ਬਣ ਗਿਆ ਚੇਲੇ ਬਾਲਕੇ ਵੀ ਕਈ ਹੋ ਗਏ।
ਭਾਊ ਨੇ ਆਪਣੀ ਇਕ ਚਲਦੀ ਫਿਰਦੀ ਕੰਪਨੀ ਬਣਾ ਲਈ,ਜਿਸਦੇ ਮੁਹੱਲੇ ਦਾ ਨਾਮ ਸੀ,'ਵਿਗੜੇ ਕੰਮ ਕੰਪਨੀ ਲਿਮਟਿਡ''।ਇਸ ਵਿੱਚ ਹਰ ਤਰਾਂ ਦਾ ਧੰਧਾ ਚਲਦਾ ਸੀ,ਮਸਲਨ,ਠੇਕੇ ਨੀਲਾਮੀ,ਟੈਂਡਰ ਚੋਣ ਰੈਲੀਆਂ,ਤੇ ਇਥੋਂ ਤੱਕ ਕਿ ਚੋਣ ਉਮੀਦਵਾਰਾਂ ਦੀਆਂ ਟਿਕਟਾਂ ਦੀ ਸੌਦੇਬਾਜੀ,ਘਰ ਦੁਕਾਨ ਖ੍ਰੀਦ ਵੇਚ ਤੋਂ ਇਲਾਵਾ ਅਗਵਾ ਸਪਾਰੀ,ਕਿਰਾਏ ਦੇ ਕਾਤਲ, ਆਦਿ ਏਨੀ ਪੁੱਠ ਬਣਾ ਲਈ ਕਿ ਆਦਮੀ ਤਾਂ ਕੀ ਕਿਸੇ ਰੁੱਖ ਦਾ ਪੱਤਾ ਵੀ ਭਾਊ ਤੋਂ ਪੁਛੈ ਬਿਨਾ ਹਿਲਦਾ ਨਾ,,ਕੁੱਤਾ ਭੌਂਕਣ ਤੋਂ ਪਹਿਲਾਂ ਭਾਊ ਤੋਂ ਪੂਛ ਹਿਲਾ ਕੇ ਇਜ਼ਾਜ਼ਤ ਲੈਂਦਾ।
ਮੁਹੱਲੇ ਦੇ ਫਸਾਦਾਂ ਦਾ ਤਜੁਰਬਾ ਕਾਲਜ ਵਿੱਚ ਵਾਹਵਾ ਕੰਮ ਆਇਆ ਕਿ ਮੱਖਣ ਦੇ ਥਾਨੇ ਦੇ ਗੇੜਿਆਂ ਨੇ ਉਹਦੀ ਸਰਕਾਰੇ ਦਰਬਾਰੇ ਪਹੁੰਚ ਕਰਾ ਤੀ ਤੇ ਮੱੰਖਣ ਤੋਂ ਉਹ ਮੱਖਣਾ ਭਾਊ ਦਾ ਅਹੁਦਾ ਪਾ ਗਿਆ।ਚਾਰ ਕੁ ਸਾਲ ਪਹਿਲਾਂ ਭਾਊ ਅੱਗੇ ਤੇ ਪੁਲਸ ਪਿਛੈ,ਅੱਜ ਭਾਊ ਪਿਛੈ ਤੇ ਪੁਲਸ ਅੱਗੇ।ਕੋਈ ਖੁਰਾ ਖੋਜ ਲਾਉਣਾ ਕਿੜ ਕੱਢਣੀ,ਕੀਹਨੂੰ ਅੰਦਰ ਕਰਨਾ ਤੇ ਕੀਹਨੂੰ ਬਾਹਰ ਛੱਡਣਾ ਸੱਭ ਭਾਊ ਦੀ ਅੱਖ ਦੇ ਇਸ਼ਾਰੇ ਤੇ।ਰੈਲੀਆਂ ਆਯੋਜਨ ਵਿੱਚ ਮੁੱਖ ਮੰਤਰੀ ਉਮੀਦਵਾਰ ਦੀ ਅੇੈਸੀ ਕੁਰਸੀ ਸਜਾਈ ਕਿ ਮੁੱਖ ਮੰਤਰੀ ਦਾ ਥਾਪੜਾ ਹਾਸਲ ਕਰ ਲਿਆ ਤੇ ਬਾਹਰੋਂ ਗੈਂਗਸਟਰ ਤੇ ਅੰਦਰੋਂ ਵੱਡੇ ਸਾਹਬ ਦਾ ਪੀ.ਏ ਮੁੱਖ ਸਕੱਤਰ,ਇਥੋਂ ਤੱਕ ਕਿ ਬੀਬੀ ਸਾਹਬ ਦਾ ਵੀ ਕਰਤਾ ਧਰਤਾ ਹੋ ਨਿਬੜਿਆ।
ਇਕ ਹੱਥ ਲੈ ਦੂਜੇ ਹੱਥ ਦੇ -ਕਮਿਸਨ ਰਿਸ਼ਵਤ,ਸਲਾਹ ਸੱਭ ਭਾਊ ਕਰ ਲੈਂਦਾ।ਦੋ ਚਾਰ ਨੂੰ ਸਲਾਹ ਕਰਦੇ ਸੁਣਦਾ ਤੇ ਵਿੱਚ ਜਾ ਮੋਢੈ ਤੇ ਹੱਥ ਰੱਖ ਬੋਲਦਾ,'ਲੈ ਗ੍ਰਹਿ ਮੰਤਰੀ ਤੇ ਆਪਣਾ ਪੱਠਾ ' ਗਲ ਈ ਕੋਈ ਨਹੀਂ ਆਪਣਾ ਕੰਮ ਹੋਇਆ ਲਓ ,ਬੱਸ ਨਾਂਵੇ ਦੀ ਕਿਰਸ ਨਾਂ ਕਰਨਾ'।ਮੁੱਖ ਮੰਤਰੀ ਦਫਤਰ ਦੀਆਂ ਅਹਿਮ ਫਾਈਲਾਂ ਭਾਉ ਦੇ ਕਬਜ਼ੇ ਚ ਰਹਿੰਦੀਆਂ,ਕਿਉਂਕਿ ਭਾਊ ਨੁੰ ਹੀ ਮਸਲੇ ਮਾਮਲੇ ਕੇਸ ਪੜ੍ਹ ਕੇ ਸੁਣਾਉਣੇ ਹੁੰਦੇ ਸੀ।ਅੰਗਰੇਜੀ ਤਾਂ ਕੀ ਸਾਹਬਾਂ ਦਾ ਪੰਜਾਬੀ ਹਿੰਦੀ ਤੋਂ ਵੀ ਮਸਾਂ ਹੀ ਅੱਖਰ ਉਠਦਾ।
ਚੋਣਾ ਵੇਲੇ ਤੋੜ ਫੌੜ,ਇਧਰੋਂ ਪੁੱਟ ਉਧਰ ਲਾ,ਵਿਰੋਧੀ ਉਠਾਉਣੇ ਬਿਠਾਉਣੇ ਸੱਭ ਕੰਮ ਭਾਊ ਦੇ ਖੱਬੇ ਹੱਥ ਰਹਿੰਦੇ।ਭਾਊ ਨੂੰ ਦੌਲਤ ਦਾ ਇੰਨਾ ਨਹੀਂ ਸੀ ਜਿੰਨਾ ਮਸ਼ਹੂਰੀ ਦਾ,ਕੁਰਸੀ ਦਾ ਵੀ ਲੋਭ ਨਹੀਂ ਸੀ,ਬੱਸ ਨਾਮ ਗੂੰਜੇ ਭਾਵੇ ਬਦਨਾਮ ਹੀ।ਭਾਊ ਦੀ ਸੋਚ ਸੀ,;ਬਦਨਾਮ ਹੋਂਗੇ ਤੋ ਜਿਆਦਾ ਨਾਮ ਹੋਗਾ'।
ਅਗਲੀਆਂ ਚੋਣਾ ਚ ਵਰ੍ਹਾ ਕੁ ਰਹਿ ਗਿਆ ਤਾਂ ਮੁੱਖ ਮੰਤਰੀ ਹੁਣਾ ਭਾਊ ਨਾਲ ਮਸ਼ਵਰਾ ਕੀਤਾ ਭਾਊ ਮੱਖਣਾ ਕਲ ਨਾਮ ਕਾਲ ਦਾ ਆਪਾਂ ਸਮਾਂ ਰਹਿੰਦੇ ਆਪਣੀ ਗੁੜੀਆ ਛਿੰਦੀ ਦੀ ਸ਼ਾਦੀ ਕਰ ਲਈਏ'- ਕਿਉਂ ਨਹੀਂ ਸਾਹਬ ਜੀ ਨੇਕ ਕੰਮ ਵਿੱਚ ਦੇਰੀ ਖੁਦਾ ਨੂੰ ਕਬੂਲ਼ ਨਹੀਂ ਕਲ ਹੀ ਮਹੂਰਤ ਕਢਾਓ।ਸਾਬਕਾ ਮੁੱਖ ਮੰਤਰੀ ਨਾਲ ਗੰਢ ਤੁਪ,ਮੁੱਕ ਮੁਕਾ ਕਰ ਮੁੰਡੇ ਨਾਲ ਸੌਦਾ ਕਰ ਵਿਆਹ ਦਾ ਦਿਨ ਨਿਸ਼ਚਿਤ ਕਰ ਲਿਆ।ਲੋਂਭ ਮੋਹ ਮਾਇਆ ਹੰਕਾਰ ਕ੍ਰੌਧ ਦੀ ਅੱਗ ਦੋਨੋਂ ਤਰਫ਼ ਏਕ ਜੈਸੀ'।
ਜਿੰਨੇ ਜੋਗਾ ਕੋਈ ਬਾਪ ਹੁੰਦਾ ਹੈ ਆਪਣੀ ਧੀ ਲਈ ਵੱਧ ਤੋਂ ਵੱਧ ਕਰਦਾ ਹੈ,ਪਰ ਮੰਤਰੀ ਦੀ ਨਹੀਂ ਇਹ ਤੇ ਮੁੱਖ ਮੰਤਰੀ ਦੀ ਕੁੜੀ ਦੀ ਸ਼ਾਦੀ ਸੀ।ਇਥੇ ਤਾਂ ਵੋਟਰਾਂ ਦੇ ਘਰ ਜਲਾ ਕੇ ਸ਼ਾਮਿਆਨੇ ਰੌਸ਼ਨ ਕੀਤੇ ਜਾਣੇ ਸਨ।'ਨੇਤਾ ਨੇਤਾ ਮਸੇਰ ਭਰਾ-ਥੋੜੀ ਜਿਹੀ ਵੀ ਕਸਰ ਰਹਿ ਜਾਂਦੀ ਤਾਂ ਰੁਤਬੇ ਤੇ ਮਿੱਟੀ ਪੈ ਜਾਂਦੀ।ਪੂਰੇ ਦੇਸ਼ ਵਿੱਚ ਹਰ ਸੂਬੇ ਦੇ ਹਰ ਮੰਤਰੀ ਨੂੰ ਬੁਲਾਵਾ ਭੇਜਿਆ ਗਿਆ।ਕੁਝ ਅੇਸੇ ਮਿੱਤਰ ਵੀ ਬੁਲਾਏ ਗਏ ਜਿਹਨਾਂ ਤੋਂ ਮੁੱਖ ਮੰਤਰੀ ਨੂੰ ਗੜਬੜੀ ਤੇ ਜਾਨ ਦਾ ਖਤਰਾ ਰਿਹਾ ਸੀ।ਹਜਾਰਾਂ ਦੀ ਗਿਣਤੀ ਵਿੱਚ ਸਕਿਉਰਟੀ ਵਾਲੇ' ਮੱਛਰ ਨਜ਼ਰ 'ਘੁਮਾਈ ਫਿਰਦੇ ਸਨ।ਦੱਸ ਹਜਾਰ ਬਰਾਤੀ ਆਉਣ ਦਾ ਸੰਕੇਤ ਸੀ।ਕੇਂਦਰ ਦੇ ਅਧਿਕਾਰੀ ਤੱਕ ਬੁਲਾਏ ਗਏ।ਸਿੱਧਾ ਹੀ ਅਖਬਾਰ ਦਾ ਉਤਲਾ ਪੰਨਾ ਆਪਣੀ ਲਾਡਲੀ ਦੇ ਨਾਮ ਖ੍ਰੀਦ ਕੇ ਹਰ ਪ੍ਰਾਂਤ ਨੂੰ ਸੱਦਾ ਪੱਤਰ ਤੋਰਿਆ ਗਿਆ।
ਮੁੱਖੀਆ ਸਾਹਬ ਦੇ ਖੂਨ ਵਿੱਚ ਰਚੀ ਕਮੀਨਗੀ ਤਕੜੀ ਹੋ ਗਈ ਸੀ।ਉਹ ਨਹੀਂ ਸੀ ਚਾਹੁੰਦੇ ਕਿ ਭੁੱਖੜ ਜਿਹੇ ਵੋਟਰ ਹਾਲ ਵਿੱਚ ਵੜਨ ਕਿਤੇ ਇਹ ਨਾਂ ਹੋਵੇ ਟੱਬਰ ਸਮੇਤ ਪੇਂਡੂ ਪੇਟ ਭਰ ਜਾਣ ਤੇ ਬਰਾਤ ਦਾ ਖਾਣਾ ਥੁੜ ਜਾਵੇ ਤੇ ਥੂ ਥੂ ਹੋ ਜਾਵੇ।ਮੱਖਣ ਭਾਊ ਨੇ ਕਿਹਾ ਸਾਹਬ ਜੀ ਭੋਰਾ ਫਿਕਰ ਨਾ ਕਰੋ ਅੱਵਲ ਤੇ ਮੈਂ ਕਿਸੇ ਨੂੰ ਅੰਦਰ ਜਾਣ ਨੀਂ ਦੇਂਦਾ,ਪਰ ਸਾਹਬ ਜੀ ਆਪਾਂ ਕਿਹੜਾ ਪੱਲੇ ਤੋਂ ਕੁੱਝ ਲਾਉਣਾ ਹੈ,ਆਪਾਂ ਦੋ ਹਜਾਰ ਬੰਦੇ ਦਾ ਸਾਦਾ ਖਾਣਾ ਬਣਵਾ ਲੈਂਨੇ ਆਂ ਨਾਲੇ ਵਿਆਹ ਤੋਂ ਬਾਦ ਬਚਿਆ ਵੀ ਤੇ ਬਥੇਰਾ ਹੁੰਦਾ,ਸਾਹਬਜੀ ਵੋਟਾਂ ਤੇ ਆ ਗੀਆਂ ਆਪਾਂ .।ਭਾਊ ਇਸੇ ਮੌਕੇ ਆਪਣੀ ਹੋਰ ਠੁੱਕ ਬਂਨਣੀ ਚਾਹੁੰਦਾ ਸੀ।ਤੇ ਉਹਦੀ ਵੋਟਾਂ ਨੇੜੈ ਦੀ ਬਾਤ ਵੀ ਸਾਹਬ ਨੂੰ ਚੌਕੰਨਾ ਕਰ ਗਈ।ਪਰ ਕਮੀਨਗੀ?
ਭਾਊ ਭਾਂਵੇ ਠੀਕ ਬੋਲਦਾ ਹੈ ਫਿਰ ਵੀ ਇਹ ਛੋਟੇ ਲੋਕ ਇਂਨੇ ਨੇੜੇ ਨਹੀਂ ਲਾਉਣੇ ਚਾਹੀਦੇ ਉਹ ਵੀ ਠੱਠੀਆਂ ਬਸਤੀਆਂ ਦੇ,ਇਕ ਵਾਰ ਇਹਨਾਂ ਦਾ ਮੁਸਕ ਝੱਲ ਲਿਆ,ਫਿਰ ਵੇਖਾਂਗੇ ਵਰ੍ਹੇ ਨੂੰ।ਜੇ ਇੰਜ ਇਹਨਾਂ ਵੋਟਰਾਂ ਨੁੰ ਮੂੰਹ ਲਾਉਣ ਲਗੇ ਤੇ ਪੈ ਗਈ ਪੂਰੀ।ਚੇਤਾ ਮੈਨੂੰ ਜਦੋਂ ਮੈਂ ਸਹੁੰ ਖਾਣ ਤੋਂ ਬਾਦ ਮੈਂ ਇਲਾਕੇ ਵਿਚ ਧੰਨਵਾਦ ਕਰਨ ਗਿਆ ਸੀ ਤੇ ਕਿਵੇਂ ਹੇੜਾਂ ਦੀਆਂ ਹੇੜਾਂ ਆਪਣੇ ਕੰਮਾਂ ਦੇ ਲੰਬੇ ਪਰਚੇ ਚੁੱਕੀ ਆ ਘੇਰਾ ਪਾਇਆ ਸੀ। ਮੈਂ ਇਹਨਾਂ ਦੇ ਕੰਮਾ ਲਈ ਥੋੜਾ ਮੁੱਖ ਮੰਤਰੀ ਬਣਿਆ ਮੈਂ ਤੇ ਆਪਣੀ ਦਸਵੀਂ ਪੀੜ੍ਹੀ ਬਣਾਉਣੀ ਤੇ ਨਾਲੇ ਉਪਰ ਵਾਲਿਆਂ ਨੂੰ ਖੁਸ਼ ਰਖਣਾ ਹੈ।ਇਕ ਵਾਰ ਮੂੰਹ ਲਾ ਲਓ ਤੇ ਲਸੂੜੀ ਹੋ ਜਾਂਦੇ ਨੇ ਭੂੱਖੜ ਜਿਹੇ।ਇਹ ਨਹੀਂ ਇੰਨੇ ਜੋਗੇ ਕਿ ਪੰਜ ਸਾਲ ਪਹਿਲਾਂ ਦਾ ਚੇਤਾ ਰੱਖਣ।ਨਾਂ ਮੈਥੋਂ ਚਾਕਰੀ ਹੁੰਦੀ ਗਲੋਂ ਲੱਥੇ ਹੀ ਚੰਗੇ।ਆਹ ਸਕੱਤਰਾਂ ਤੇ ਗੰਨਮੈਨਾਂ ਦੀ ਫੋਜ ਕਦੋਂ ਕੰਮ ਆਵੇਗੀ?
ਭਾਊ ਨੇ ਮੁੱਖ ਮੰਤਰੀ ਸਾਹਬ ਨੂੰ ਸਲਿਉਟ ਕਰਦੇ ਹੋਏ ਕਿਹਾ ,' ਸਾਹਬਜੀ ਤਸੱਲੀ ਰੱਖੌ ਜਿਸ ਤਰਾਂ ਆਪ ਚਾਹੋਗੇ ਉਂਵੇ ਹੀ ਹੋਵੇਗਾ ਬੰਦਾ ਤੇ ਕੀ ,ਕੀ ਮਜਾਲ ਕਿ ਪਰਿੰਦਾ ਸ਼ਮਿਆਨੇ ਦੇ ਉਤੋਂ ਦੀ ਵੀ ਲੰਘ ਸਕੇ,ਕਿਤੇ ਬਿੱਲਾ ਵੀ ਝਾਂਕ ਸਕੇ,ਮੈਂ ਜੋ ਹਾਂ,ਆਪ ਫਿਕਰ ਨਾ ਕਰੋ।
ਭਾਊ ਨੇ ਆਪਣੇ ਚੇਲੇ ਬਾਲਕੇ ਪੂਰੇ ਸੂਬੇ ਵਿੱਚ ਖਿੰਡਾ ਦਿੱਤੇ,ਕਾਰਾਂ ਦੇ ਸ਼ੋਰੂਮਾਂ ਵਿੱਚੋ ਸੱਭ ਨਵੀਆਂ ਕਾਰਾਂ ਚੁਕਵਾ ਲਿਆਓ ਤੇ ਹਰ ਘਰ ਵਿਚੋਂ ਕਾਰ ਦੁੜਾ ਲਿਆਓ।ਹਜਾਰ ਬਾਰਾਂ ਸੌ ਕਾਰ ਬਰਾਤੀਆਂ ਨੁੰ ਏਅਰਪੋਰਟ ਤੋਂ ਲੈ ਕੇ ਸੂਬੇ ਦੇ ਸਾਰੇ ਹੋਟਲਾਂ ਤੇ ਪੁਚਾ ਦਿਓ।ਤੇ ਨਾਲ ਹੀ ਹਰ ਹੋਟਲ ਦੇ ਮਾਲਕ ਨੂੰ ਪੰਜਾਬੀ ਵਿੱਚ ਸਮਝਾ ਦੇਣਾ ਕਿ ਮੁੱਖ ਮੰਤਰੀ ਸਾਹਬ ਦੀ ਲਾਡਲੀ ਦੀ ਬਰਾਤ ਹੈ ਕੋਈ ਕਸਰ ਨਾਂ ਰਹੇ ਤੇ ਖਰਚੇ ਦੇ ਬਿਲ ਸੂਬੇ ਦੇ ਧਨਾਢਾਂ ਤੋਂ ਵਸੂਲੇ ਜਾਣ।ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ ਅਨੁਸਾਰ ਭਾਊ ਦੇ ਚੇਲਿਆਂ ਨੇ ਹਜਾਰਾਂ ਕਾਰਾਂ ਚੁੱਕ ਲਈਆਂ,ਪੈਟਰੋਲ ਦੀਆਂ ਟੈਂਕੀਆਂ ਸਰਕਾਰ ਦੇ ਖਜਾਨੇ ਤੋਂ ਭਰਵਾ ਲਈਆਂ ਤੇ ਆਪਣੇ ਆਪ ਨੂੰ ਵੀ ਬਰਾਤੀ ਹੀ ਸਮਝ ਖੁਬ ਗੁਲਸ਼ਰੇ ਉਡਾਉਣ ਲਗੇ।
ਵਿਚਾਰੇ ਹਮਾਤੜ ਜਿਹਨਾਂ ਨੇ ਰੱਖ ਰਖਾਓ ਲਈ ਬੈਂਕ ਤੋਂ ਕਰਜੇ ਲੈ ਕਾਰਾਂ ਲਈਆਂ ਸਨ ਥਾਣੇ ਰਿਪੋਰਟ ਲਿਖਾਉਣ ਗਏ ਤੇ ਅੱਗੋਂ ਥਾਣੇਦਾਰ ਨੇ ਗੁੱਝੈ ਸ਼ਬਦਾਂ ਚ ਸੁਣਾਇਆ,'ਸਫੇਦ ਵਸਤਰਾਂ ਵਿੱਚ ਆਏ ਜੇ ਸਫੇਦ ਹੀ ਘਰਾਂ ਨੂੰ ਚਲੇ ਜਾਓ ਤੇ ਅਵਾਜ਼ ਨਾਂ ਕੱਢਣਾ ਸ਼ਾਦੀ ਹੋ ਜਾਏ ਤੇ ਕਾਰਾਂ ਟੁਟੀਆਂ ਭੱਜੀਆਂ ਮੁੜ ਆਉਣਗੀਆਂ ਪਰ ਜੇ ਰਪਟ ਦਰਜ ਕਰਾਓਗੇ ਅਸੀਂ ਤੇ ਕਰ ਲੈਣੀ ਹੁਣ ਤੇ ਕੱਲੀ ਕਾਰ ਹੀ ਗਈ ਫਿਰ ਸਾਰਾ ਟੱਬਰ ਉਠਾ ਲੈ ਜਾਓਗੇ ਇਸ ਲਈ ਮੱਖਣ ਭਾਊ ਨਾਲ ਮਿੱਠੇ ਪਿਆਰੇ ਹੋਏ ਰਹੋ।
ਹੋਟਲ ਮਾਲਕ ਜਾਣਦੇ ਸਨ ਕਿ ਮੱਖਣ ਭਾਊ ਉਂਜ ਇਨਸਾਫ਼ ਪਸੰਦ ਬੰਦਾ ਹੈ ਇਸਨੇ ਕਦੇ ਕਿਸੇ ਨਾਲ ਅਨਿਆਏ ਨਹੀਂ ਹੋਣ ਦਿੱਤਾ ਤੇ ਨਾਂ ਹੀ ਪੈਸੇ ਦਾ ਲਾਲਚੀ ਹੈ,ਉਹਨਾਂ ਨੇ ਭਾਊ ਨੂੰ ਰਾਸ਼ਨ ਪੁਚਾਉਣ ਲਈ ਬੇਨਤੀ ਕਰ ਦਿੱਤੀ ਉੰਂਜ ਉਹਨਾਂ ਨੂੰ ਪਤਾ ਸੀ ਮੁੱਖ ਮੰਤਰੀ ਹੁਣਾ ਸਰਕਾਰੀ ਖਜਾਨੇ ਤੇ ਭਾਰ ਪਾ ਕੇ ਵੀ ਟਕਾ ਨਹੀਂ ਦੇਣਾ।ਇਸ ਗਲ ਦਾ ਭਾਊ ਨੂੰ ਵੀ ਅੰਦੇਸ਼ਾ ਸੀ,ਸੋ ਭਾਊ ਨੇ ਵਿੱਤ ਮੰਤਰੀ ਸਾਹਬ ਨੂੰ ਵਿਸ਼ਵਾਸ ਦਿਲਾ ਕੇ ਪੇਂਡੂ ਵਿਕਾਸ ਦੇ ਖਾਤੇ ਦਾ ਸਾਰਾ ਫੰਡ ਹੋਟਲਾਂ ਦੇ ਨਾਮ ਭਿਜਵਾ ਦਿੱਤਾ।
ਛੋਟੀ ਗੁੜੀਆ ਲਾਡਲੀ ਦੇ ਵਿਆਹ ਦੇ ਕਾਰਡਾਂ ਦਾ ਖਰਚਾ ਚਾਰ ਲੱਖ ਰੁਪਏ ਹੋਇਆ।ਖ਼ਵਰੇ ਕਾਹਦੇ ਬਣਾਏ ਸੀ ਕਾਰਡ,ਦੱਸ ਦੱਸ ਹਜਾਰ ਦਾ ਇਕ ਕਾਰਡ,ਖੋਲ੍ਹਦੇ ਤੇ ਸੰਗੀਤ ਵਜਦਾ,ਚਾਰੇ ਪਾਸੇ ਮਹਿਕਾਂ ਖਿਲਰ ਜਾਂਦੀਆਂ ,ਹਰੀ ਨੀਲੀ ਰੌਸ਼ਨੀ ਪਸਰ ਜਾਂਦੀ।ਇਹ ਪੈਸਾ ਵੀ ਸੜਕ ਦੇ ਠੇਕੇਦਾਰ ਨੇ ਦਿੱਤਾ।ਹੋਰ ਉਤਲੇ ਖਰਚੇ ਸਫ਼ਾਈ ਸੇਵਕਾਂ ਦੇ ਠੇਕੇਦਾਰ ਨੂੰ ਕੁਝ ਤੇ ਕੁੱਝ ਸਕੁਲ਼ ਟੀਚਰਜ਼ ਦੇ ਠੇਕੇਦਾਰ ਦੇ ਜਿੰਮੇ ਲਾਏ।ਕਾਮਿਆਂ ਨੂੰ ਤਿੰਨ ਤਿੰਨ ਮਹੀਨੇ ਭੱਤਾ ਨਾ ਦਿੱਤਾ ਗਿਆ।ਸ਼ਰਾਬ ਦੇ ਕਾਰਖਨਿਆਂ ਵਿਚੌ ਅੰਗੂਰ ਦੀ ਬੇਟੀ ਦਾ ਹੜ ਆ ਗਿਆ ਜਿੰਨੀ ਪੀਤੀ ਉਨੀ ਨਾਲ ਵੀ ਲੈ ਗਏ ਬਰਾਤੀ।ਇਹਦਾ ਬਿਲ ਵੀ ਰੇਗੂਲਰ ਕਰਮਚਾਰੀਆਂ ਦੇ ਮਹਿੰਗਾਈ ਭੱਤਾ ਰੋਕ ਕੇ ਦਿੱਤਾ ਗਿਆ।ਗੁੜੀਆ ਦਾ ਵਿਆਹ ਇੰਨਾ ਸ਼ਾਨਦਾਰ ਕਿ ਵਲਾਇਤ ਦੀ ਰਾਜਕੁਮਾਰੀ ਡਾਇਨਾ ਦਾ ਵੀ ਕੀ ਮੁਕਾਬਲਾ ਕਰੇਗਾ?
ਬਰਾਤੀਆਂ ਵਿਚੋਂ ਵੀ ਬਹੁਤਿਆਂ ਨੇ ਅੇੈਸਾ ਵਿਆਹ ਪਹਿਲਾਂ ਕਦੇ ਨਹੀਂ ਸੀ ਵੇਖਿਆ ਵਾਹਵਾ ਵਾਹਵਾ ਹੋ ਰਹੀ ਸੀ ਤੇ ਭਾਊ ਨੂੰ ਲਗ ਰਿਹਾ ਸੀ ਇਹ ਵਾਹਵਾ ਉਸਦੀ ਹੋ ਰਹੀ ਹੈ।ਭਾਊ ਆਪ ਤੇ ਸੰਯਮ ਵਿੱਚ ਰਹਿੰਦਾ ਸੀ ਪਰ ਉਸਦੇ ਚੇਲਿਆਂ ਦੀ ਤੇ ਅੱਜ ਦੁਨੀਆਂ ਹੀ ਬਦਲੀ ਪਈ ਸੀ।ਉਹਨਾ ਦੇ ਦਸੇ ਘਿਓ ਵਿੱਚ ਸਨ।ਚੰਗਾ ਕੈਸ਼ ਵੀ ਉਹਨਾਂ ਦੇ ਹੱਥ ਆ ਗਿਆ ਸੀ।ਉਹ ਇਕ ਦੂਜੇ ਨੂੰ ਇਸ਼ਾਰੇ ਦੇ ਰਹੇ ਸਨ ਭਰ ਲਓ ਭਰ ਲਓ ਵਿਆਹ ਇਕ ਵਾਰ ਹੀ ਹੁੰਦੈ ਬਲਕਿ ਅੇਸਾ ਵਿਆਹ ਤੇ ਸਦੀ ਵਿੱਚ ਇਕ ਵਾਰ ਹੂੰਦੈ ,'ਦਮ ਦਾ ਕੀ ਭਰੋਸਾ ਆਵੇ ਆਵੇ ਨਾ ਆਵੇ',ਲੁੱਟ ਲਓ ਮੌਜਾਂ,ਖਾਓ ਮਜੇ ਬੇਬਹਾਰੀ ਬਹਾਰ ਦੇ।ਨਾਲੇ ਜਿਹੜਾ ਬੰਦਾ ਉਹਨਾਂ ਵਲ ਮੂੰਹ ਨੀਂ ਸੀ ਕਰਦਾ ਅੱਜ ਹੱਥ ਮਿਲਾ ਰਿਹਾ ਸੀ।
ਸਾਬਕਾ ਮੁੱਖ ਮੰਤਰੀ ਦੇ ਛੋਕਰੇ ਦੇ ਪੈਰ ਧਰਤੀ ਤੇ ਨਹੀਂ ਸੀ ਤੇ ਦਿਲ ਸੱਤਵੇਂ ਅਸਮਾਨ ਤੇ ਸੀ ਇੰਨਾ ਮਾਲ ਮਿਲ ਗਿਆ ਸੀ ਕਿ ਦੋ ਟਰੱਕ ਮਾਲ ਅਸਬਾਬ ਲਈ ਤੇ ਮਰਸਡੀਜ਼ ਨੋਟਾਂ ਦੀ ਭਰੀ ਲੈ ਕੇ ਜਾਣ ਲਈ ਇਕ ਹਜਾਰ ਸੁਰੱਖਿਆ ਕਰਮਚਾਰੀ ਨਾਲ ਛੱਡਣ ਗਏ।
ਜਬਰੀ ਚੁੱਕੀਆਂ ਨਵੀਆਂ ਕਾਰਾਂ ਇਧਰ ਉਧਰ ਬੇਪਛਾਣ ਹਾਲਤ ਵਿੱਚ ਕੱਚੇ ਪੱਕੇ ਰਾਹ ਰੋਕੀ ਖੜੀਆਾਂ ਸਨ ਕਿਸੇ ਮਾਲਕ ਨੂੰ ਉਹਦੀ ਕਾਰ ਜਿਥੋਂ ਚੁੱਕੀ ਸੀ ਉਥੋਂ ਨਾ ਮਿਲੀ,ਭਾਊ ਦੇ ਚੇਲਿਆਂ ਨੇ ਲੋਕਾਂ ਨਾਲ ਚੰਗੀ ਨਹੀਂ ਸੀ ਕੀਤੀ ਪਰ ਭਾਊ ਨੂੰ ਇਸ ਬਰਬਾਦੀ ਦਾ ਅੇੈਸਾ ਝੋਰਾ ਲਗਾ ਕਿ ਉਹ ਸਾਧ ਬਣ ਇਕ ਡੇਰੇ ਤੇ ਜਾ ਵਸਿਆ,ਸ਼ੋਅ ਰੂਮਾਂ ਵਾਲਿਆਂ ਦਾ ਦੀਵਾਲੀਆ ਨਿਕਲ ਗਿਆ।
ਤੇ ਇਸ ਤਰਾਂ ਲਾਡਲੀ ਗੁੜੀਆ ਦੀ ਸੁਲੱਖਣੀ ਸ਼ਾਦੀ ਸੂਬੇ ਦੇ ਵਾਸੀਆਂ ਲਈ ਸੁਨਾਮੀ ਹੋ ਨਿਬੜੀ। ਦਿਨ ਦਿਹਾੜੇ ਸ਼ਰੇਆਮ ਹੋਈ ਇਸ ਲੁੱਟ ਨਾਲ ਆਉਣ ਵਾਲੇ ਪਤਾ ਨਹੀਂ ਕਿੰਨੇ ਵਰ੍ਹਿਆਂ ਤੱਕ ਸੂਬੇ ਦੀਆਂ ਬਾਕੀ ਧੀਆਂ ਧਿਆਣੀਆਂ ਇਸਦਾ ਸੰਤਾਪ ਹੰਢਾਉਣ ਗੀਆਂ।
ਇਕ ਤੇਰੀ ਸ਼ਾਦੀ,ਅਨੇਕਾਂ ਦੀ ਬਰਬਾਦੀ-
ਜਾ ਧੀਏ ਛਿੰਦੀਏ ਤੇਰੀ ਪ੍ਰਫਲਤਾ ਤੋਂ ਸਾਡੀ ਆਬਾਦੀ ਕੁਰਬਾਨ॥
ਵੋ ਦੇਖੌ ਜਲਾ ਘਰ ਕਿਸੀ ਕਾ, ਯੇ ਟੂਟੇ ਹੈਂ ਕਿਸਕੇ ਸਿਤਾਰੇ? ਯਹਾਂ ਕਿਸਮਤ ਹੰਸੀ
ਅੋਰ ਅੇੈਸੇ ਹੰਸੀ ਕਿ ਰੋਨੇ ਲਗੇ ਗਮ ਕੇ ਮਾਰੇ॥
ਮਿਹਰ ਕਰੀਂ ਰੱਬਾ ਮਿਹਰ ਕਰੀਂ!
ਰਣਜੀਤ ਕੌਰ ਗੁੱਡੀ ਤਰਨ ਤਾਰਨ