ਖੇਤੀ ਵੀ ਇੱਕ ਧਰਮ ਹੈ - ਸੁਖਪਾਲ ਸਿੰਘ ਗਿੱਲ
ਪਿੰਡਾਂ ਦੇ ਜੀਵਨ ਵਿਚ ਨਸੀਹਤ ਦੇਣ ਲਈ ਖੇਤ ਅਤੇ ਖੇਤੀ ਤੇ ਆਧਾਰਿਤ ਕਈ ਅਖਾਣਾਂ ਦਾ ਆਗਾਜ਼ ਹੋਇਆ ਹੈ। ਇਹ ਅਖਾਣਾਂ ਨਿਰੰਤਰ ਨਸੀਹਤ ਦੇ ਰਹੀਆਂ ਹਨ। ਖੇਤੀ ਆਦਿ ਕਾਲ ਤੋਂ ਸਾਡਾ ਜੀਵਨ ਨਿਰਬਾਹ ਹੈ। ਖੇਤੀ ਨਾਲ ਹੀ ਸਾਡਾ ਸੱਭਿਆਚਾਰ ਝਲਕਦਾ ਹੈ। ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਜਿਸ ਵਿੱਚ ਲੋਕਾਂ ਦਾ ਰਹਿਣ-ਸਹਿਣ,ਕਿੱਤੇ, ਰਸਮਾਂ ਤੇ ਪਹਿਰਾਵਾ ਹੁੰਦਾ ਹੈ ਇਸੇ ਨੂੰ ਹੀ ਸੱਭਿਆਚਾਰ ਕਿਹਾ ਜਾਂਦਾ ਹੈ।ਸਾਡੇ ਇਸ ਸੱਭਿਆਚਾਰ ਨੂੰ ਖੇਤੀ ਦਾ ਗੂੜ੍ਹਾ ਰੰਗ ਚੜਿਆ ਹੋਇਆ ਹੈ।ਇਸ ਪਵਿੱਤਰ ਕਿੱਤੇ ਉਤੇ ਸਾਡਾ ਭਵਿੱਖ ਅਤੇ ਸਿਹਤ ਟਿਕੀ ਹੋਈ ਹੈ। ਖੇਤੀ ਤੇ ਆਧਾਰਿਤ ਸਾਡੀਆਂ ਰਸਮਾਂ ਅਤੇ ਪਹਿਰਾਵੇ ਬਣਦੇ ਗਏ।
ਖੁਸੇ ਮਿਹਨਤੀ ਸੁਭਾਅ ਨੂੰ ਸਾਡੇ ਸੱਭਿਆਚਾਰ ਵਿੱਚ ਉਪਜੇ ਬੁਰੇ ਗਾਣਿਆਂ ਨੇ ਮਾਨਤਾ ਦਿੱਤੀ ਹੈ। ਝੂਠੇ ਜਿਹੇ ਨਜ਼ਾਰੇ ਸਬਜ਼ਬਾਗ ਦਿਖਾ ਕੇ ਖੇਤ,ਖੇਤੀ ਅਤੇ ਕਿਸਾਨੀ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਫਸਲਾਂ ਦਾ ਘੱਟ ਮੁੱਲ, ਬੀਜਾਂ, ਖੇਤੀ ਸੰਦਾਂ, ਖਾਦ,ਬਿਜਲੀ ਦਾ ਵੱਧ ਮੁੱਲ ਖੁਦਕੁਸ਼ੀਆਂ ਨੂੰ ਆਵਾਜ਼ਾਂ ਮਾਰ ਰਿਹਾ ਹੈ। ਇਸ ਨਾਲ ਪਵਿੱਤਰ ਕਿੱਤਾ ਖੇਤੀ ਮੈਲਾ ਹੋ ਰਿਹਾ ਹੈ। ਇਕ ਸਮਾਂ ਸੀ ਜਦੋਂ ਖੇਤੀ ਦਾ ਕਿੱਤਾ ਸਭ ਕੁਝ ਘਰੋਂ ਪੈਦਾ ਕਰਕੇ ਸਾਦਗੀ ਅਤੇ ਤੰਦਰੁਸਤੀ ਵਾਲੀ ਜ਼ਿੰਦਗੀ ਜਿਉਂਦਾ ਸੀ। ਲੈ ਨੱਠ ਵਿਚ ਲੋੜੋਂ ਵੱਧ ਅਤੇ ਸਿਫਾਰਿਸ਼ ਤੋਂ ਵੱਧ ਜ਼ਹਿਰਾਂ ਖਾਦਾਂ ਨੇ ਤਰ੍ਹਾਂ-ਤਰ੍ਹਾਂ ਦੇ ਝੰਜਟ ਪੈਦਾ ਕੀਤੇ। ਇਸ ਬਾਰੇ ਬਹੁਤ ਰੌਲਾ ਰੱਪਾ ਪਾਇਆ ਗਿਆ। ਪਰ ਜਦੋਂ ਨਾਂਹ ਪੱਖੀ ਅਤੇ ਮਾਰੂ ਪ੍ਰਭਾਵ ਪੈਣੇ ਸ਼ੁਰੂ ਹੋਏ ਤਾਂ ਹੁਣ ਅੱਖ ਖੁੱਲ੍ਹੀ ਲੱਗਦੀ ਹੈ।ਇਸ ਖੁੱਲ੍ਹੀ ਅੱਖ ਵਿਚ ਪਛਤਾਵਾ ਵੀ ਨਜ਼ਰ ਆਉਂਦਾ ਹੈ।
ਅੰਨਦਾਤੇ ਦੇ ਖਿਤਾਬੀ ਰੂਪ ਨੂੰ ਖੁਦ ਸਹੇੜੀਆਂ ਆਦਤਾਂ, ਸਰਕਾਰੀ ਅਤੇ ਕੁਦਰਤੀ ਮਾਰਾਂ ਨੇ ਦਾਤੇ ਦਾ ਉਲਟ ਰੂਪ ਪੇਸ਼ ਕੀਤਾ ਹੈ। ਜਦੋਂ ਵੀ ਲੋਕਾਂ ਦੀਆਂ ਸੱਥਾਂ ਸਰਕਾਰੀ ਦਾਅਵੇ ਘੋਖੀਏ ਤਾਂ ਗੇਂਦ ਅੰਨਦਾਤੇ ਦੇ ਪਾੜੇ ਵੱਲ ਮੁੜ ਜਾਂਦੀ ਹੈ। ਖੇਤੀ ਖੇਤਰ ਦੀ ਵੱਡੀ ਘਾਟ ਇਹ ਹੈ ਕਿ ਆਪਣੀ ਗੱਲ ਰੱਖਣ ਅਤੇ ਮੰਨਵਾਉਣ ਲਈ ਜਥੇਬੰਦ ਨਹੀਂ ਹੋ ਸਕਦੇ। ਜ਼ਮੀਨਾਂ ਲੀਰੋ ਲੀਰ ਹੋਈਆਂ ਸੁਭਾਅ ਆਦਤਾਂ ਉਹੀ ਰਹਿ ਗਈਆਂ। ਆਪਣੇ ਲਈ ਵੀ ਜੈਵਿਕ ਅਤੇ ਫਸਲੀ ਵਿਭਿੰਨਤਾ ਨਹੀਂ ਅਪਣਾ ਸਕੇ। ਘੱਟੋ-ਘੱਟ ਰਸੋਈ ਵੀ ਜ਼ਹਿਰ ਮੁਕਤ ਖਾਦ ਪਦਾਰਥਾਂ ਨਾਲ ਨਹੀਂ ਚਲਾ ਸਕੇ। ਘਰੇਲੂ ਬਗੀਚਿਆਂ ਵੱਲ ਵੀ ਉਤਸ਼ਾਹਿਤ ਨਹੀਂ ਹੋਏ।ਖੇਤੀ ਖੇਤਰ ਦੀਆਂ ਬਹੁਤ ਸਾਰੀਆਂ ਸੁਧਾਰਵਾਦੀ ਨੀਤੀਆਂ ਨੂੰ ਸੋਚਣ ਸਮਝਣ ਅਤੇ ਹੰਢਾਉਣ ਦਾ ਮੌਕਾ ਤਾਂ ਮਿਲਦਾ ਹੈ ਪਰ ਮਜਬੂਰੀ ਨੇ ਘੇਰ ਘੇਰ ਕੇ ਉਸੇ ਖੁੰਡੇ ਕੋਲ ਖੜ੍ਹਨ ਦਾ ਮਨ ਬਣਾ ਰੱਖਿਆ ਹੈ।
ਖੇਤੀ ਦੇ ਸਹਾਇਕ ਧੰਦੇ ਕੁਝ ਜੇਬ ਹਰੀ ਰੱਖਦੇ ਹਨ, ਪਰ ਇਹ ਕਿਤੇ ਸਮੇਂ ਦੀ ਪਾਬੰਦੀ ਅਤੇ ਘਰੇਲੂ ਗੁਲਾਮੀ ਨੂੰ ਪੱਲੇ ਪਾਉਂਦੇ ਹਨ। ਇਹ ਦੋਵੇਂ ਤੱਥ ਸਾਡੇ ਸੁਭਾਅ ਵਿਚੋਂ ਮਨਫੀ ਹੋ ਚੁੱਕੇ ਹਨ। ਸਿਆਣਿਆਂ ਦੀ ਕਹਾਵਤ ਸੀ " ਪਰ ਹੱਥ ਵਣਜ ਸਨੇਹੀ ਖੇਤੀ, ਕਦੇ ਨਾ ਹੁੰਦੇ ਬੱਤੀਓ ਤੇਤੀ"। ਆਮ ਕਿਹਾ ਜਾਂਦਾ ਸੀ ਕਿ ਖੇਤ ਬੰਨਾ ਖਸਮ ਨੂੰ ਉਡੀਕਦਾ ਰਹਿੰਦਾ ਹੈ। ਅੱਜ ਨਵੀਂ ਪੀੜ੍ਹੀ ਇਸ ਬੰਨੇ ਜਾਣ ਨੂੰ ਤਿਆਰ ਨਹੀਂ ਫਾਲਤੂ ਦੇ ਸ਼ੌਕ ਅਤੇ ਮੋਬਾਈਲ ਵਿਚ ਸਮਾਂ ਬਰਬਾਦ ਕਰਦੇ ਹਨ। ਕਿਰਸਾਨ ਦੀ ਪੇਂਡੂ ਸੱਥਾਂ ਵਿਚ ਉਦਾਹਰਨ ਇਸ ਤਰ੍ਹਾਂ ਦਿੱਤੀ ਜਾਂਦੀ ਸੀ ਕਿ ਜੇ ਕਿਰਸ ਹੈ ਤਾਂ ਆਣ ਹੈ। ਖੇਤੀ ਖਸਮਾਂ ਸੇਤੀ ਦਾ ਸਿਧਾਂਤ ਵੀ ਪਿਛਲਖੁਰੀਆਂ ਮੁੜ ਚੁਕਿਆ ਹੈ।
ਖੇਤੀ ਨੂੰ ਲੱਗੀ ਨਜ਼ਰ ਨੇ ਕਿਸਾਨ ਦਾ ਮੁਹਾਂਦਰਾ ਗਲਤ ਪੇਸ਼ ਕੀਤਾ ਹੈ। ਜਿਣਸ ਦੀ ਘੱਟ ਕੀਮਤ ਕਿਸਾਨ ਲਈ ਮਾਰੂ ਕੁਦਰਤ ਦੀ ਮਾਰ ਕਿਸਾਨ ਲਈ ਮਾਰੂ ਖੇਤੀ ਦੀਆਂ ਸਹਾਇਕ ਚੀਜ਼ਾਂ ਦੀਆਂ ਵਧੀਆ ਕੀਮਤਾਂ ਕਿਸਾਨ ਲਈ ਮਾਰੂ। ਖੇਤੀ ਬਾਰੇ ਬਹੁਤ ਲਿਖ ਪੜ੍ਹ ਅਤੇ ਛਪ ਚੁੱਕਾ ਹੈ। ਪਰ ਫਿਰ ਵੀ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਪਾਣੀ ਸੰਕਟ ਜ਼ਹਿਰਾਂ ਖਾਦਾਂ ਦੀ ਦੁਰਵਰਤੋਂ ਵਾਤਾਵਰਣ ਅੰਨਦਾਤੇ ਦੀ ਮਾਲੀ ਹਾਲਤ ਕਿਸਾਨੀ ਪਰਿਵਾਰਾਂ ਨੂੰ ਸਹੀ ਸਹੂਲਤਾਂ ਦੇਣਾ ਇਸ ਸਭ ਕਾਸੇ ਦਾ ਸੰਤੁਲਨ ਬਣਾ ਕੇ ਕਾਨੂੰਨੀ ਨਕਸ਼ਾ ਪੇਸ਼ ਕਰਨਾ ਚਾਹੀਦਾ ਹੈ ਤਾਂ ਜੋ ਹੁਣ ਵੀ ਖੇਤੀ ਦੀ ਨਸੀਹਤ ਦੇਣ ਵਾਲੀ ਕਹਾਵਤ ਤੋਂ ਕੁਝ ਸਿੱਖ ਕੇ ਪਿੱਛੇ ਮੁੜ ਸਕੀਏ।
"ਅਬ ਪਛਤਾਏ ਤੋਂ ਕਿਆ ਹੁਆ,ਜਬ ਚਿੜੀਆ ਚੁਗ ਗਈ ਖੇਤ "
ਅੱਜ ਇਸ ਗੱਲ ਦਾ ਪਛਤਾਵਾ ਹੋਣਾ ਸ਼ੁਰੂ ਹੋ ਗਿਆ ਹੈ ਕਿ ਅਸੀਂ ਸੰਤੁਲਨ ਬਣਾ ਕੇ ਨਹੀਂ ਚੱਲੇ ਇਸ ਦੇ ਪ੍ਰਭਾਵ ਪ੍ਰਤੱਖ ਨਜ਼ਰ ਆਉਣ ਲੱਗ ਪਏ ਹਨ। ਹੁਣ ਵੀ ਜੇ ਚੁਗੇ ਖੇਤਾਂ ਨੂੰ ਦੁਬਾਰਾ ਬੀਜ ਲਈਏ ਤਾਂ ਫਸਲ ਦੁਬਾਰੇ ਹਰੀ ਭਰੀ ਹੋ ਸਕਦੀ ਹੈ। ਪੰਜਾਬ ਮੁੜ ਲੀਹਾਂ ਉਤੇ ਆ ਸਕਦਾ ਹੈ।
ਸੁਖਪਾਲ ਸਿੰਘ ਗਿੱਲ ਮੋਬ: 98781-11445
ਅਬਿਆਣਾ ਕਲਾਂ