ਲਮਕਦੀਆਂ ਲੀਰਾਂ ਵਾਲੀ 'ਖਿੱਦੋ' - ਰਵਿੰਦਰ ਸਿੰਘ ਸੋਢੀ
ਮੈਂ ਜਸਬੀਰ ਭੁੱਲਰ ਦਾ ਪੁਰਾਣਾ ਪਾਠਕ ਹਾਂ। ਇਹ ਤਾਂ ਝੂਠ ਨਹੀਂ ਬੋਲਾਂ ਗਾ ਕਿ ਉਹਨਾਂ ਦੀਆਂ ਸਾਰੀਆਂ ਪੁਸਤਕਾਂ ਜਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਸਾਰੇ ਆਰਟੀਕਲ ਪੜ੍ਹੇ ਹੋਏ ਹਨ। ਪਰ ਜਿੰਨੇ ਵੀ ਪੜ੍ਹੇ ਹਨ, ਉਹ ਵਧੀਆ ਸਾਹਿਤ ਦੀ ਵੰਨਗੀ ਵਿੱਚ ਸ਼ੁਮਾਰ ਹੁੰਦੇ ਹਨ। ਨਾਵਲ ‘ਪਤਾਲ ਦੇ ਗਿੱਠਮੁਠੀਏ’ ਸੋਹਜਮਈ ਕਲਪਨਾ ਸ਼ਕਤੀ ਦੀ ਉੱਤਮ ਮਿਸਾਲ ਹੈ। ਉਸ ਵਿੱਚ ਵੀ ਇਕ ‘ਰਾਜਕੁਮਾਰੀ’ ਦੇ ਕਿਸੇ ਡੂੰਘੀ ਖਾਈ ਵਿੱਚ ਡਿੱਗ ਕੇ ਮਰ ਜਾਣ ਦੀ ਘਟਨਾ ਤੋਂ ਬਾਅਦ ਲੱਖਾਂ ਨੂੰ ਉਸੇ ਖਾਈ ਵਿੱਚ ਜ਼ਬਰਦਸਤੀ ਸੁੱਟ ਦੇਣ ਦੀ ਘਟਨਾ ਅਤੇ ‘ਰਾਜਕੁਮਾਰੀ’ ਦੇ ਪਿਉ ਵੱਲੋਂ ਆਪਣੇ ਅਹਿਲਕਾਰਾਂ ਤੋਂ ਇਹ ਪੁੱਛਣਾ ਕਿ ‘ਰਾਜਕੁਮਾਰੀ’ ਦੇ ਨਾਲ ਹੋਰ ਕਿੰਨੇ ਉਸ ਦੇ ਨਾਲ ਖਾਈ ਵਿੱਚ ਡਿੱਗੇ ਜਾਂ ਸੁੱਟੇ ਗਏ, ਤੋਂ ਸਾਡੇ ਸਮੇਂ ਦੇ ਇਤਿਹਾਸ ਦੇ ਇਕ ਪੰਨੇ ਨੂੰ ਕਲਾਮਈ ਢੰਗ ਨਾਲ ਪੇਸ਼ ਕੀਤਾ। ਅਜਿਹੇ ਨਾਵਲ ਪੰਜਾਬੀ ਸਾਹਿਤ ਵਿਚ ਘੱਟ ਹੀ ਮਿਲਦੇ ਹਨ। ਆਪਣੇ ਇਕ ਆਰਟੀਕਲ ਵਿਚ ਭੁੱਲਰ ਸਾਹਿਬ ਨੇ ਗਾਂਧੀ ਆਸ਼ਰਮ ਦੇ ਕਰਤਾ-ਧਰਤਾ ਵੱਲੋਂ ਪਹੁੰਚੀਆਂ ਹੋਈਆਂ ਹਸਤੀਆਂ ਤੋਂ ਆਸ਼ਰਮ ਲਈ ਮਾਇਆ ਇਕੱਠੀ ਕਰਨ ਲਈ ਇਕ ਹੀ ਕਮਰੇ ਦਾ ਵਾਰ-ਵਾਰ ਉਦਘਾਟਨ ਕਰਵਾਉਣ ਅਤੇ ਇਕ ਵਾਰ ਆਸ਼ਰਮ ਵਿੱਚ ਰਹਿਣ ਵਾਲ਼ਿਆਂ ਵੱਲੋਂ ਬਣਾਏ ਕੰਬਲ਼ਾਂ ਤੋਂ ਘੱਟ ਕੀਮਤ ਵਾਲ਼ੀਆਂ ਪਰਚੀਆਂ ਇਹ ਕਹਿ ਕੇ ਉਤਰਵਾਈਆਂ ਕਿ ਫੌਜ ਨੂੰ ਇਹ ਮੁਫ਼ਤ ਦੇਣੇ ਹਨ, ਪਰ ਬਾਅਦ ਵਿੱਚ ਉਹਨਾਂ ਤੇ ਵੱਧ ਕੀਮਤ ਦੀਆਂ ਪਰਚੀਆਂ ਲਾ ਕੇ ਫੌਜ ਨੂੰ ਵੇਚਣ ਤੇ ਤਕੜਾ ਵਿਅੰਗ ਕੀਤਾ ਸੀ। ਇਕ ਲੇਖ ਵਿੱਚ ਫੌਜ ਦੇ ਉੱਚ ਅਫਸਰ ਵੱਲੋਂ ਕਿਸੇ ਖ਼ਤਰਨਾਕ ਇਲਾਕੇ ਵਿੱਚ ਝੀਲ ਦੇ ਪੰਛੀਆਂ ਦੇ ਸ਼ਿਕਾਰ ਦਾ ਪ੍ਰੋਗਰਾਮ ਬਣਾਉਣ ਲਈ ਕਿਵੇਂ ਪਹਿਲਾਂ ਹੀ ਪਾਣੀ ਵਾਲੇ ਪੰਛੀਆਂ ਦਾ ਇੰਤਜ਼ਾਮ ਕੀਤਾ ਅਤੇ ਉਹਨਾਂ ਨੂੰ ਪਾਣੀ ਦੇ ਵੱਡੇ ਢੋਲਾਂ ਵਿੱਚ ਪਾ ਕੇ ਰੱਖਿਆ ਤਾਂ ਜੋ ਅਫਸਰ ਦੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਝੀਲ ਵਿੱਚ ਛੱਡਿਆ ਜਾਵੇ ਅਤੇ ਅਫਸਰ ਆਪਣੇ ਸ਼ਿਕਾਰ ਦਾ ਸ਼ੌਕ ਪੂਰਾ ਕਰ ਲਵੇ। ਪਰ ਮੌਸਮ ਦੀ ਖ਼ਰਾਬੀ ਕਰ ਕੇ ਵੱਡੇ ਫ਼ੌਜੀ ਅਫਸਰ ਦਾ ਪ੍ਰੋਗਰਾਮ ਰੱਦ ਹੋਣ ਤੇ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ ਸੀ। ਇਕ ਆਰਟੀਕਲ ਵਿਚ ਫ਼ੌਜੀ ਯੂਨਿਟ ਦੇ ਕਮਰੇ ਵਿੱਚ ਆ ਗਏ ਖ਼ਤਰਨਾਕ ਜੰਗਲੀ ਜਾਨਵਰ ਨੂੰ ਛੱਤ ਦੇ ਮਘੋਰੇ ਵਿੱਚੋਂ ਗੋਲੀ ਚਲਾ ਕੇ ਮਾਰਨ ਦੀ ਘਟਨਾ ਬਿਆਨ ਕੀਤੀ ਸੀ। ਇਹ ਲਿਖਤਾਂ ਕਾਫ਼ੀ ਪੁਰਾਣੀਆਂ ਹਨ, ਹੋ ਸਕਦਾ ਹੈ ਮੇਰੇ ਕੋਲੋਂ ਇਹਨਾਂ ਸੰਬੰਧੀ ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ। ਪਰ ਇਹ ਸਭ ਕੁਝ ਲਿਖਣ ਦਾ ਭਾਵ ਹੈ ਕਿ ਮੈਨੂੰ ਉਹਨਾਂ ਦੀਆਂ ਲਿਖਤਾਂ ਦੇ ਵਿਸ਼ੇ, ਲਿਖਣ ਦਾ ਵਿਲੱਖਣ ਢੰਗ ਵਧੀਆ ਲੱਗਦਾ ਹੈ ਅਤੇ ਮੇਰੇ ਲਈ ਉਹ ਪੰਜਾਬੀ ਦੇ ਸੁੱਚਜੇ ਲੇਖਕ ਹਨ।
ਹੁਣ ਰਹੀ ਗੱਲ ‘ਖਿੱਦੋ’ ਦੀ। ਇਸ ਰਚਨਾ ਜਿਸ ਨੂੰ ਨਾਵਲ ਦਾ ਨਾਂ ਦਿੱਤਾ ਗਿਆ ਹੈ, ਮੇਰੇ ਮੁਤਾਬਿਕ ਨਾਵਲ ਦੀ ਸ਼੍ਰੇਣੀ ਵਿੱਚ ਸ਼ੁਮਾਰ ਨਹੀਂ ਕੀਤੀ ਜਾ ਸਕਦੀ। ਸਭ ਤੋਂ ਪਹਿਲਾਂ ਇਸਦੇ ਸਿਰਲੇਖ ਸੰਬੰਧੀ ਗੱਲ ਕਰਨੀ ਚਾਹਵਾਂ ਗਾ।
‘ਖਿੱਦੋ’ ਪੰਜਾਬ ਦੇ ਪੁਰਾਣੇ ਪਿੰਡਾਂ ਦੇ ਚੋਬਰਾਂ ਅਤੇ ਬੱਚਿਆਂ ਦੀਆ ਖੇਡਾਂ ਵਿੱਚੋਂ ਇਕ ਸੀ। ਅੱਜ ਦੀ ਹਾਕੀ, ਪੁਰਾਣੇ ਸਮੇਂ ਦੀ ਖਿੱਦੋ-ਖੁੰਡੀ ਸੀ। ਉਦੋਂ ਨਾ ਤਾਂ ਬੱਚਿਆਂ ਕੋਲ ਹਾਕੀਆਂ ਹੁੰਦੀਆਂ ਸੀ ਅਤੇ ਨਾ ਹੀ ਵਧੀਆ ਬਾਲਾਂ। ਸੁਚੱਜੀਆਂ ਪੇਂਡੂ ਸਵਾਣੀਆਂ ਕੱਪੜਿਆਂ ਦੀ ਕੱਟ-ਵੱਡ ਸਮੇਂ ਬਚੀਆਂ ਛੋਟੀਆਂ-ਛੋਟੀਆਂ ਲੀਰਾਂ ਨਾਲ ਬੱਚਿਆਂ ਨੂੰ ਖਿੱਦੋ ਬਣਾ ਦਿੰਦੀਆਂ। ਇਸ ਨਾਲ ਲੀਰਾਂ ਵੀ ਸਿਮਟ ਜਾਂਦੀਆਂ ਅਤੇ ਬੱਚੇ ਵੀ ਪਰਚ ਜਾਂਦੇ। ਪਰ ਇਹਨਾਂ ਖਿੱਦੋਆਂ ਨੂੰ ਬਣਾਉਣ ਲਈ ਕਦੇ ਵੀ ਗੰਦੀਆਂ ਲੀਰਾਂ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਆਖਰ ਖੇਡਣ ਤੋਂ ਬਾਅਦ ਖਿੱਦੋ, ਘਰ ਵਿੱਚ ਹੀ ਰੱਖਣੀ ਹੁੰਦੀ ਸੀ। ਗੰਦੀਆਂ ਲੀਰਾਂ ਦੀ ਖਿੱਦੋ ਨਾਲ ਬੱਚਿਆਂ ਦੇ ਬਿਮਾਰ ਹੋਣ ਦਾ ਵੀ ਖਤਰਾ ਅਤੇ ਘਰ ਵਿੱਚ ਬਦਬੂ ਫ਼ੈਲਣ ਦਾ ਵੀ। ਜੇ ਲੇਖਕ ਨੇ ਖਿੱਦੋ ਦੀ ਇਸ ਭਾਵਨਾ ਦਾ ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਉਹ ਆਪਣੀ ਲਿਖਣ ਕਲਾ ਨਾਲ (ਜੋ ਉਹਨਾਂ ਵਿੱਚ ਹੈ) ਆਪਣੀ ‘ਖਿੱਦੋ’ ਵੀ ਸਾਫ਼ ਲੀਰਾਂ ਦੀ ਬਣਾ ਸਕਦੇ ਸੀ। ਹਾਂ, ਇਹ ਹੋ ਸਕਦਾ ਹੈ ਉਸ ਨਾਲ ਸਾਹਿਤਕ ਕਿੜਾਂ ਨਹੀਂ ਸੀ ਕੱਢੀਆਂ ਦਾ ਸਕਦੀਆਂ। ਖਿੱਦੋਂ ਵਿਚ ਸਾਰੀਆਂ ਲੀਰਾਂ ਨੂੰ ਵਧੀਆ ਢੰਗ ਨਾਲ ਸਮੇਟਿਆ ਹੁੰਦਾ ਸੀ ਨਾ ਕਿ ਲੀਰਾਂ ਲਮਕਦੀਆਂ ਨਜ਼ਰ ਆਉਂਦੀਆਂ ਸੀ, ਜਿਵੇਂ ਇਸ ਨਾਵਲ ਵਿਚ ਹੈ।
ਇਹ ਆਮ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਇਸ ਸੰਸਾਰ ਤੋਂ ਚਲਾ ਹੀ ਗਿਆ ਉਸ ਸੰਬੰਧੀ ਕੁਝ ਗਲਤ ਬੋਲ ਜਾਂ ਲਿਖ ਕੇ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ ਅਤੇ ਨਾ ਹੀ ਉਸਦਾ ਕੁਝ ਵਿਗਾੜ ਸਕਦੇ ਹਾਂ। ਬੱਸ, ਆਪਣੇ ਮਨ ਦਾ ਭਾਰ ਹੀ ਹੌਲਾ ਕਰ ਸਕਦੇ ਹਾਂ। ਪਰ ਇਹ ਭਾਰ ਹੌਲਾ ਕਰਦੇ-ਕਰਦੇ ਅਸੀਂ ਦੂਜਿਆਂ ਦੀਆਂ ਨਜ਼ਰਾਂ ਵਿੱਚ ਆਪ ਵੀ ਹੌਲੇ ਹੋ ਜਾਂਦੇ ਹਾਂ। ਜੇ ਇਹੋ ‘ਖਿੱਦੋ’ ਲੇਖਕ ਨੇ ਕੁਝ ਸਾਲ ਪਹਿਲਾਂ ਮੈਦਾਨ ਵਿੱਚ ਸੁੱਟੀ ਹੁੰਦੀ ਫੇਰ ਨਜ਼ਾਰਾ ਆਉਣਾ ਸੀ। ਇਹ ਦੇਖਦੇ ਕਿ ਇਸ ‘ਖਿੱਦੋ’ ਨੂੰ ਦੂਜਾ ਆਪਣੀ ਖੁੰਡੀ ਨਾਲ ਕਿਵੇਂ ਉਛਾਲਦਾ?
ਇਸ ਨਾਵਲ ਦਾ ਕੇਂਦਰੀ ਧੁਰਾ ਇੱਕੋ ਵਿਅਕਤੀ ਵਿਸ਼ੇਸ਼ ਅਤੇ ਉਸ ਦੀ ਜੁੰਡਲੀ ਹੈ ਜਿੰਨਾ ਦਾ ਸਾਰਾ ਜ਼ੋਰ ਪੰਜਾਬੀ ਸਾਹਿਤ ਨਾਲ ਸੰਬੰਧਤ ਕੇਂਦਰੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਇਸ ਲਈ ਲੜਾਈਆਂ ਜਾਂਦੀਆਂ ਤਿਕੜਮ ਬਾਜ਼ੀਆਂ, ਪੈਸੇ ਦੀ ਤਾਕਤ, ‘ਗੋਸ਼ਤ’ ਦੀ ਲਾਲਸਾ ਪੂਰੀ ਕਰਨ ਦੀ ਹੋੜ, ਆਪਣੀ ਚੌਧਰ ਦਿਖਾਉਣ ਦੀ ਲਾਲਸਾ ਨੂੰ ਨੰਗਾ ਕੀਤਾ ਹੈ। ਇਹ ਗਲਤ ਬਿਆਨੀ ਨਹੀ। ਪਰਦੇ ਪਿੱਛੇ ਪਤਾ ਨਹੀਂ ਕਈ ਕੁਝ ਵਾਪਰਦਾ ਹੈ? ਪਰ ਮੁਆਫ ਕਰਨਾ, ਜਿਵੇਂ ਉਹਨਾਂ ਨੇ ਨੀਵੇਂ ਦਰਜੇ ਦੀ ਚੌਧਰ ਦਿਖਾਈ, ਉਸੇ ਢੰਗ ਦੀ ਵਰਤੋਂ ਭੁੱਲਰ ਸਾਹਿਬ ਨੇ ਕਰਕੇ ਉਸ ਨੂੰ ਬਿਆਨ ਕਰ ਦਿੱਤਾ। ਘੱਟ ਕਿਸੇ ਨੇ ਨਹੀਂ ਕੀਤੀ। ਚਿਕੜ ਵਿਚ ਇੱਟਾਂ-ਰੋੜੇ ਮਾਰਕੇ ਆਪਣੇ ਤੇ ਵੀ ਚਿਕੜ ਦੇ ਕੁਝ ਛਿੱਟੇ ਪੈਂਦੇ ਹੀ ਹਨ।
ਇਨਾਮਾਂ/ਸਨਮਾਨਾਂ ਦੀ ਖਰੀਦੋ-ਫ਼ਰੋਖ਼ਤ ਨਾਂ ਤਾਂ ਪ੍ਰਸਤੁਤ ਰਚਨਾ ਦੇ ਨਾਇਕ ਨਾਲ ਸ਼ੁਰੂ ਹੋਈ ਸੀ, ਨਾ ਹੀ ਉਹਨਾਂ ਨਾਲ ਖਤਮ ਹੋ ਗਈ ਹੈ। ਸ਼ਿਵ ਬਟਾਲਵੀ ਦੀ ‘ਲੂਣਾ’ ਨੂੰ ਪੁਰਸਕਾਰ ਦੇਣਾ ਗਲਤ ਨਹੀਂ ਸੀ, ਪਰ ਉਸ ਸਮੇਂ ਕੁਝ ਬਹੁਤ ਹੀ ਪੁਰਾਣੇ ਸਾਹਿਤਕਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ। ਪਰ ‘ਲੂਣਾ’ ਦੇ ਸਾਹਿਤਕ ਕੱਦ ਕਰਕੇ ਅਜਿਹੀ ਅਣ-ਦੇਖੀ ਨੂੰ ਸਵੀਕਾਰ ਕੀਤਾ ਦਾ ਸਕਦਾ ਹੈ। ਪਰ ਯਾਦ ਹੈ ਸ਼ਿਵ ਨੇ ਬੜੇ ਸੰਖੇਪ ਵਿੱਚ ਹੀ ਇਹ ਕਹਿਕੇ ਕਿ ‘ ਪੰਜ ਹਜ਼ਾਰ ਦੇ ਇਨਾਮ ਲਈ ਤਿੰਨ ਹਜ਼ਾਰ ਦੀ ਦਾਰੂ ਪਿਆ ਦਿਉ, ਇਨਾਮ ਮਿਲ ਜਾਵੇ ਗਾ’ ਸਾਰੀ ਗੱਲ ਸਿਰੇ ਲਾ ਦਿੱਤੀ ਸੀ। ਕਿਸੇ ਦਾ ਨਾਂ ਨਹੀਂ ਸੀ ਲਿਆ ਪਰ ਇਨਾਮਾਂ ਪਿੱਛੇ ਹੁੰਦੀ ਧਾਂਦਲੀ ਜੱਗ ਜ਼ਾਹਰ ਕਰ ਦਿੱਤੀ ਸੀ, ਜਿਸ ਲਈ 'ਖਿੱਦੋ ਦੇ ਲੇਖਕ ਨੇ ਤਕਰੀਬਨ ਇਕ ਸੋ ਪੰਜਾਹ ਪੰਨੇ ਕਾਲੇ ਕਰ ਦਿੱਤੇ। ਸਿਸਟਮ ਦੇ ਨਾਲ-ਨਾਲ ਵਿਅਕਤੀ ਵਿਸ਼ੇਸ਼ਾਂ ਨੂੰ ਵੀ ਭੰਡ ਦਿੱਤਾ। ਭਾਵੇਂ ਗਲਤ ਨਹੀਂ ਭੰਡਿਆ, ਪਰ ਭੰਡਿਆ ਗਲਤ ਢੰਗ ਨਾਲ।
ਇਸ ਤੋਂ ਵੀ ਪਹਿਲਾ ਕੇਂਦਰੀ ਇਨਾਮ ਸੰਬੰਧੀ ਚਰਚਾ ਛਿੜੀ ਹੀ ਰਹਿੰਦੀ ਸੀ- ਕਿਸੇ ਮੋਹਤਰਬ ਨੇ ਆਪਣੀ ਵੋਟ ਆਪ ਨੂੰ ਹੀ ਪਾਈ ਸੀ। ਮੈਨੂੰ ਯਾਦ ਹੈ ਇਕ ਸਾਲ ਇਸ ਇਨਾਮ ਤੋਂ ਬਾਅਦ ਇਕ ਪੰਜਾਬੀ ਅਖਬਾਰ ਵਿੱਚ ਸੰਪਾਦਕੀ ਛਪਿਆ ਸੀ ਕਿ ਇਸ ਸਾਲ ਇਨਾਮ ਕਿਸੇ ਪ੍ਰਸਿੱਧ ਨਾਵਲਕਾਰ ਨੂੰ ਦੇਣਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਉਸਦੀ ਚੋਣ ਨਹੀਂ ਹੋ ਸਕੀ। ਇਹ ਫੈਸਲਾ ਜ਼ਰੂਰ ਹੋ ਗਿਆ ਕਿ ਅਗਲੇ ਸਾਲ ਇਹ ਇਨਾਮ ਉਸੇ ਨਾਵਲਕਾਰ ਨੂੰ ਦਿੱਤਾ ਜਾਵੇਗਾ ਅਤੇ ਹੋਇਆ ਵੀ ਇਸੇ ਤਰਾਂ। ਇਕ ਵਾਰ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਸ਼ਖਸੀਅਤ ਨੂੰ ਸਾਹਿਤ ਅਕੈਡਮੀ ਦੀ ਕਨਵੀਨਰਸ਼ਿਪ ਇਸ ਲਈ ਛੱਡਣੀ ਪਈ ਸੀ ਕਿਉਂ ਕਿ ਜਿਸ ਕਿਤਾਬ ਨੂੰ ਪੜ੍ਹੇ ਬਿਨਾ ਹੀ ਇਨਾਮ ਲਈ ਚੁਣਿਆ ਗਿਆ ਸੀ, ਉਸ ਵਿਚ ਸਮੇਂ ਦੀ ਹਕੂਮਤ ਦੇ ਕਿਸੇ ਪੁਰਾਣੇ ਨੇਤਾ ਸੰਬੰਧੀ ਨਕਾਰਾਤਮਕ ਸ਼ਬਦ ਵਰਤੇ ਗਏ ਸਨ। ਇਹ ਵਰਤਾਰਾ ਤਾਂ ਸ਼ੁਰੂ ਤੋਂ ਹੀ ਚੱਲ ਰਿਹਾ ਹੈ ਅਤੇ ਜਿਹੜੇ ਇਨਸਾਨ ਨੂੰ ਇਸ ਰਚਨਾ ਵਿਚ ਭੰਡਿਆ ਹੈ, ਉਸ ਤੋਂ ਬਾਅਦ ਵੀ ਇਹ ਵਰਤਾਰਾ ਜਾਰੀ ਹੈ। ਕਈਆਂ ਨੇ ਇਨਾਮ ਲੈਣ ਉਪਰੰਤ ਲਿਖਣਾ ਹੀ ਛੱਡ ਦਿੱਤਾ। ਪੰਜਾਬ ਸਰਕਾਰ ਵੱਲੋਂ ਮਿਲਦੇ ਸ਼ਰੋਮਣੀ ਇਨਾਮ ਜੇ ਦੋ-ਚਾਰ ਕਿਤਾਬਾਂ ਦੇ ਲੇਖਕ ਨੂੰ ਮਿਲ ਸਕਦੇ ਹਨ ਤਾਂ ਰੱਬ ਹੀ ਰਾਖਾ ਹੈ। ਇਹਨਾਂ ਸਨਮਾਨਾਂ ਦੀ ਕਦਰ ਉਦੋਂ ਹੁੰਦੀ ਸੀ ਜਦੋਂ ਅਕਾਦਮੀ ਵੱਲੋਂ ਇਨਾਮਾਂ ਦਾ ਫੈਸਲਾ ਕਰ ਲਿਆ ਜਾਂਦਾ ਸੀ, ਪਰ ਪ੍ਰਧਾਨ ਮੰਤਰੀ ਪੰਡਤ ਨਹਿਰੂ ਦੀ ਸਹਿਮਤੀ ਤੋਂ ਬਾਅਦ ਐਲਾਨ ਹੁੰਦਾ ਸੀ। ਸੁਣਿਆ ਹੈ ਕਿ ਇਕ ਵਾਰ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਵਾਰਤਕਕਾਰ ਦੀ ਪੁਸਤਕ ਦੀ ਚੋਣ ਕੀਤੀ ਗਈ। ਪੰਡਤ ਨਹਿਰੂ ਦੇ ਪੁੱਛਣ ਤੇ ਦੱਸਿਆ ਗਿਆ ਕਿ ਇਸ ਪੁਸਤਕ ਵਿੱਚ ਕੁਝ ਪੁਰਾਣੀਆਂ ਪਿਆਰ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ। ਜਦੋਂ ਉਹਨਾਂ ਪੁੱਛਿਆ ਕਿ ਇਸ ਵਿੱਚ ਉੱਤਮ ਸਾਹਿਤ ਵਾਲੀ ਕਿਹੜੀ ਗੱਲ ਹੋਈ ਤਾਂ ਸੰਬੰਧਤ ਅਫਸਰ ਕੋਈ ਜੁਆਬ ਨਾ ਦੇ ਸਕੇ। ਇਸ ਲਈ ਉਸ ਪੁਸਤਕ ਨੂੰ ਇਨਾਮ ਨਹੀਂ ਦਿੱਤਾ ਗਿਆ। ਜੇ ਸਾਰੀ ਉਮਰ ਦਵਿੰਦਰ ਸਤਿਆਰਥੀ ਜਾਂ ਕੁਝ ਹੋਰ ਵਧੀਆ ਸਾਹਿਤਕਾਰਾਂ ਨੂੰ ਇਹ ਇਨਾਮ ਨਹੀਂ ਮਿਲਿਆ ਤਾਂ ਇਸ ਨਾਲ ਉਹਨਾਂ ਦਾ ਸਾਹਿਤਕ ਕੱਦ ਘਟਿਆ ਨਹੀਂ ਅਤੇ ਇਸਦੇ ਉਲਟ ਕਈ ਇਨਾਮ ਪ੍ਰਾਪਤੀ ਤੋਂ ਬਾਅਦ ਵੀ ਬੌਣੇ ਦੇ ਬੌਣੇ ਹੀ ਰਹੇ। ਜਦੋਂ ਤੱਕ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਨੂੰ ਸਾਹਿਤ ਅਕੈਡਮੀ ਦਾ ਪੁਰਸਕਾਰ ਨਹੀਂ ਸੀ ਮਿਲਿਆ, ਉਹ ਧੌਣ ਉੱਚੀ ਕਰਕੇ ਰਹਿੰਦਾ ਸੀ, ਪਰ ਜਦੋਂ ਆਮ ਜਿਹੇ ਨਾਟਕ ਤੇ ਮਿਲਿਆ ਪੁਰਸਕਾਰ ਸਵਿਕਾਰ ਕਰ ਲਿਆ ਤਾਂ ਕਿਸੇ ਮਾਮੂਲੀ ਜਿਹੇ ਸੰਪਾਦਕ ਨੇ ਤਾਹਨਾ ਮਾਰ ਦਿੱਤਾ ਸੀ," ਵੇ ਤੂੰ ਚੰਦਰਿਆ ਇਹ ਕੀ ਕੀਤਾ, ਬੁੁੱਢ ਵਾਰੇ ਖੇਹ ਖਾ ਲਈ।" ਗਾਂਧੀ ਨੂੰ ਸ਼ਾਂਤੀ ਨੋਬਲ ਇਨਾਮ ਨਹੀਂ ਮਿਲਿਆ, ਪਰ ਬਾਅਦ ਵਿਚ ਨੋਬਲ ਪੁਰਸਕਾਰ ਕਮੇਟੀ ਵਾਲਿਆਂ ਨੇ ਇਸ ਦੀ ਮੁਆਫੀ ਮੰਗੀ। ਗਾਂਧੀ ਦਾ ਕੱਦ ਨੋਬਲ ਪੁਰਸਕਾਰ ਤੋਂ ਬਿਨਾਂ ਹੀ ਹੋਰ ਉੱਚਾ ਹੋ ਗਿਆ। ਜਿਹੜੀਆਂ ਸੇਵਾਵਾਂ ਲਈ ਮਦਰ ਟੈਰੇਸਾ ਨੂੰ ਪੁਰਸਕਾਰ ਪ੍ਰਦਾਨ ਕੀਤਾ ਗਿਆ ਉਸੇ ਖੇਤਰ ਵਿਚ ਭਗਤ ਪੂਰਨ ਸਿੰਘ ਜੀ ਨੂੰ ਨਜ਼ਰਅੰਦਾਜ ਕੀਤਾ ਗਿਆ। ਭਗਤ ਜੀ ਨੂੰ ਕੋਈ ਫਰਕ ਨਹੀਂ ਪਿਆ, ਕਿਉਂ ਕਿ ਉਹਨਾ ਦਾ ਮਕਸਦ ਨੋਬਲ ਪੁਰਸਕਾਰ ਪ੍ਰਾਪਤ ਕਰਨਾ ਨਹੀਂ ਸੀ। ਪੰਜਾਬੀ ਲੇਖਕਾਂ ਨੂੰ ਫਰਕ ਪੈਂਦਾ ਹੈ ਕਿਉਂ ਕਿ ਉਹਨਾਂ ਲਈ ਸਾਹਿਤ ਅਕਾਡਮੀ ਜਾਂ ਭਾਸ਼ਾ ਵਿਭਾਗ ਦਾ ਇਨਾਮ, ਜੀਵਨ-ਮਰਨ ਦਾ ਸਵਾਲ ਹੁੰਦਾ ਹੈ। ਪਰ ਸੁਆਲ ਹੈ ਕਿ ਅਜਿਹੇ ਇਨਾਮਾ ਨਾਲ ਦੋ-ਚਾਰ ਦਿਨ ਅਖਬਾਰਾਂ ਵਿਚ ਚਰਚਾ ਹੋ ਜਾਂਦੀ ਹੈਂ, ਲੇਖਕ ਦੀ ਹਉਮੈ ਨੂੰ ਪੱਠੇ ਪੈ ਜਾਂਦੇ ਹਨ, ਪਰ ਸਾਹਿਤ ਤਾਂ ਗਰੀਬ ਦਾ ਗਰੀਬ ਹੀ ਰਹਿੰਦਾ ਹੈ। ਪੰਜਾਬੀ ਦਾ ਕੋਈ ਲੇਖਕ ਅਜੇ ਤੱਕ ਨੋਬਲ ਪੁਰਸਕਾਰ ਲਈ ਕਿਉਂ ਨਹੀਂ ਵਿਚਾਰਿਆ ਗਿਆ? ਕਿਉਂ ਕਿ ਉਹਨਾਂ ਦੀ ਸੋਚ ਅਜੇ ਤੱਕ ਸਾਹਿਤ ਅਕੈਡਮੀ ਦੇ ਇਨਾਮ ਤੋਂ ਉੱਚੀ ਨਹੀਂ ਉੱਠੀ। ਬਾਕੀ ਪੁਰਸਕਾਰ ਬਦਲੇ ਸ਼ਰੀਰਕ ਸੰਬੰਧਾਂ ਦੀ ਗੱਲ ਤੋਂ ਤਾਂ ਨੋਬਲ ਪੁਰਸਕਾਰ ਵੀ ਨਿਰਲੇਪ ਨਹੀਂ। ਸੋ ਜਸਬੀਰ ਭੁੱਲਰ ਜੀ ਨੂੰ ਅਸਲੀਅਤ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਨਾਂ ਸੰਬੰਧੀ ਅਵਾਜ ਉਠਾਈ ਜਾਣੀ ਚਾਹੀਦੀ ਹੈ, ਪਰ ਇਕੱਠੇ ਹੋ ਕੇ। ਭੁੱਲਰ ਸਾਹਿਬ ਦੀਆਂ ਰਚਨਾਵਾਂ ਵਿਚੋਂ ਇਕ ਨਹੀਂ, ਕਈਆਂ ਨੂੰ ਸਾਹਿਤ ਅਕੈਡਮੀ ਦੇ ਇਨਾਮ ਲਈ ਚੁਣਿਆ ਜਾ ਸਕਦਾ ਸੀ ਜਾਂ ਹੈ? ਪਰ ਸਚਾਈ ਹੈ ਕਿ ਇਹ ਇਨਾਮਾ ਦੀ ਵਾਗਡੋਰ ਬਹੁਤਾ ਸਮਾਂ ਜੋੜ-ਤੋੜ ਕਰਨ ਦੇ ਮਾਹਿਰਾਂ ਦੇ ਹੱਥ ਰਹੀ ਅਤੇ ਹੁਣ ਵੀ ਹੈ। ਸੱਪ ਲੰਘ ਚੁੱਕਿਆ ਹੈ ਅਤੇ ਹੁਣ ਵੀ ਲੰਘੀ ਜਾ ਰਿਹਾ ਹੈ, ਪਰ ਅਜੇ ਤੱਕ ਸੱਪ ਨੂੰ ਮਾਰਨ ਦੀ ਥਾਂ ਵਿਦਵਾਨ ਲਕੀਰ ਨੂੰ ਕੁਟੀ ਜਾ ਰਹੇ ਹਨ। ਗੱਲ ਹੋਣੀ ਚਾਹੀਦੀ ਹੈ ਸੱਪ ਮਾਰਨ ਦੀ, ਭਾਵ ਅਜਿਹਾ ਕੁਝ ਕਰਨ ਦੀ ਕਿ ਭਵਿਖ ਵਿਚ ਹੋਣ ਵਾਲੇ ਘਾਲੇ-ਮਾਲਿਆਂ ਤੇ ਰੋਕ ਲੱਗ ਸਕੇ। ਭੁਲੱਰ ਸਾਹਿਬ ਅਤੇ ਉਹਨਾਂ ਵਰਗੇ ਸੁਹਿਰਦ ਸਾਹਿਤਕਾਰਾਂ ਨੂੰ ਆਪਣੀਆਂ-ਆਪਣੀਆਂ ਖਿੱਦੋਆਂ ਉਛਾਲਣ ਦੀ ਥਾਂ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਕਿ ਨਾਵਲ 'ਖਿੱਦੋ' ਦੇ ਹੀਰੋ, 'ਹੀਰੇ' ਵਰਗਿਆਂ ਦੇ ਆਪ-ਹੁਦਰੇ ਵਰਤਾਰਇਆਂ ਨੂੰ ਠੱਲ੍ਹ ਕਿਵੇਂ ਪਵੇ? ਪਰ ਇਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਦਾ ਕੋਈ ਵੀ ਕੰਮ ਪੂਰੀ ਮੁਸਤੈਦੀ ਨਾਲ ਨਹੀਂ ਹੋ ਸਕਦਾ। ਚੋਰ-ਮੋਰੀਆਂ ਲੱਭਣ ਵਾਲੇ ਲੱਭ ਹੀ ਲੈਂਦੇ ਹਨ।
ਭੁਲੱਰ ਸਾਹਿਬ ਨੇ ਅਕਾਦਮਿਕ ਖੇਤਰ ਦੇ ਇਕ ਹੋਰ ਗਲਤ ਵਰਤਾਰੇ ਸੰਬੰਧੀ ਵੀ ਇਸ਼ਾਰਾ ਕੀਤਾ ਹੈ- ਪੀ ਐਚ ਡੀ ਕਰ ਰਹੀਆਂ ਲੜਕੀਆਂ ਦੇ ਸ਼ੋਸ਼ਣ ਬਾਰੇ ਅਤੇ ਨਕਲਾਂ ਮਾਰ ਕੇ ਡਿਗਰੀਆਂ ਲੈਣ ਦੀ ਕੋਝੀ ਰੀਤ ਬਾਰੇ। ਇਹ ਭੈੜੀਆਂ ਰੀਤਾਂ ਵੀ ਅੱਜ ਦੀਆਂ ਨਹੀਂ, ਪੁਰਾਣੀਆਂ ਹਨ। ਇਹ ਕਿਤੇ ਪੜ੍ਹਿਆ ਸੀ ਕਿ ਭਾਰਤ ਦੇ ਇਕ ਕਹਿੰਦੇ-ਕੁਹਾਉਂਦੇ ਵਿਦਿਆ ਸ਼ਾਸ਼ਤਰੀ ਨੇ(ਜਿਸ ਨੇ ਬਾਅਦ ਵਿਚ ਟੀਸੀ ਦੇ ਬੇਰ ਦਾ ਸਵਾਦ ਵੀ ਚੱਖਿਆ ਸੀ) ਉਸ ਕੋਲ ਮੁਲਾਂਕਣ ਲਈ ਆਏ ਪੀ ਐਚ ਡੀ ਦੇ ਖੋਜ-ਪ੍ਬੰਧ ਦੀ ਦੋ ਸਾਲ ਤੱਕ ਯੂਨੀਵਰਸਿਟੀ ਨੂੰ ਰਿਪੋਰਟ ਨਹੀਂ ਸੀ ਭੇਜੀ ਅਤੇ ਇਸ ਸਮੇਂ ਦੌਰਾਨ ਆਪਣੇ ਨਾਂ ਹੇਠ ਕਿਤਾਬ ਛਪਵਾ ਲਈ। ਬਾਅਦ ਵਿਚ ਕੁਝ ਲੈ-ਦੇ ਕੇ ਮੁਆਮਲਾ ਰਫਾ-ਦਫਾ ਕਰ ਦਿੱਤਾ। ਇਥੇ ਤੰਦ ਨਹੀਂ ਤਾਣੀ ਹੀ ਉਲਝੀ ਹੋਈ ਹੈ।
ਗੱਲ ਫੇਰ 'ਖਿੱਦੋ' ਦੀ ਕਰੀਏ। ਭੁਲੱਰ ਸਾਹਿਬ ਨੂੰ ਬਾਲ ਸਾਹਿਤ ਲਈ ਸਾਹਿਤ ਅਕੈਡਮੀ ਦਾ ਇਨਾਮ ਮਿਲ ਚੁੱਕਿਆ ਹੈ, ਭਾਵੇਂ ਉਹ ਨਿਰੋਲ ਸਾਹਿਤ ਦੇ ਇਨਾਮ ਦੇ ਯੋਗ ਹੋ। ਪਰ ਪ੍ਰਸ਼ਨ ਇਹ ਹੈ ਕਿ ਉਹਨਾਂ ਦੀ ਇਹ ਚੋਣ ਵੀ ਤਾਂ 'ਹੀਰਾ' ਮਾਰਕਾ ਸਿਸਟਮ ਅਧੀਨ ਹੋਈ, ਜਿਹੜੇ ਸਿਸਟਮ ਦੀਆਂ ਇਸ ਰਚਨਾ ਵਿਚ ਧੱਜੀਆਂ ਉਡਾਈਆਂ ਹਨ। ਇਥੇ ਦੋ ਸਵਾਲ ਪੈਦਾ ਹੁੰਦੇ ਹਨ- ਜੇ ਉਹ ਸਮਝਦੇ ਸੀ ਕਿ ਉਹ ਵੱਡੇ ਇਨਾਮ ਦੇ ਹੱਕਦਾਰ ਸੀ, ਪਰ ਉਹਨਾਂ ਦੇ ਸਾਹਿਤਕ ਕੱਦ ਤੋਂ ਹੇਠਲੇ ਪੱਧਰ ਦਾ ਇਨਾਮ ਦੇ ਕੇ ਵਰਚਾਇਆ ਗਿਆ ਹੈ ਤਾਂ ਉਹਨਾਂ ਇਹ ਛੋਟਾ ਇਨਾਮ ਸਵਿਕਾਰ ਕਿਉਂ ਕੀਤਾ? ਦੂਜੀ ਗੱਲ, ਜੇ ਉਸ ਸਮੇਂ ਦੇ ਚਲਣ ਮੁਤਾਬਕ ਕੋਈ ਵੀ ਇਨਾਮ ਜੋੜ-ਤੋੜ ਤੋਂ ਬਿਨਾਂ ਨਹੀਂ ਸੀ ਮਿਲਦਾ, ਤਾਂ ਉਹਨਾਂ ਨੂੰ ਕਿਵੇਂ ਮਿਲਿਆ?
ਗੱਲ ਹੋਰ ਨਹੀਂ ਵਧਾਉਂਦਾ। ਇਹ ਸਪਸ਼ਟ ਹੈ ਕਿ ਉਹਨਾਂ ਦਾ ਹੱਕ ਮਾਰਿਆ ਗਿਆ, ਉਹ ਸਾਹਿਤ ਅਕੈਡਮੀ ਦੇ ਨਾਲ-ਨਾਲ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪੁਰਸਕਾਰ ਦੇ ਹੱਕਦਾਰ ਵੀ ਹਨ, ਪਰ ਇਸ ਦਾ ਬਦਲਾ ਲੈਣ ਲਈ ਜਾਂ ਕਿੜ ਕੱਢਣ ਲਈ 'ਖਿੱਦੋ' ਜਿਸ ਢੰਗ ਨਾਲ ਬੜ੍ਹਕਾ ਕੇ ਮਾਰੀ ਹੈ, ਉਹ ਵੀ ਯੋਗ ਨਹੀਂ। ਜਿਵੇਂ ਪੁਸਤਕ ਦੇ ਅੰਤ ਵਿਚ 'ਹੀਰੇ' ਰਾਹੀਂ ਕਾਮ ਉਤੇਜਕ ਗੋਲੀ ਖਾ ਕੇ ਆਪਣੀ 'ਚਹੇਤੀ' ਕੋਲ ਜਾਣਾ ਅਤੇ ਇਸ ਦਵਾਈ ਕਰਕੇ ਉਸ ਨੂੰ ਰਿਐਕਸ਼ਨ ਹੋ ਜਾਣਾ ਅਤੇ ਮੌਤ ਦੇ ਮੂੰਹ ਵਿਚ ਜਾ ਪੈਣਾ ਅਤਿ ਦਰਜੇ ਦਾ ਭੈੜਾ ਚਿਤਰਣ ਹੈ। ਜਦੋਂ ਲੇਖਕ ਨੂੰ ਇਹ ਪਤਾ ਨਾ ਲੱਗਿਆ ਕਿ ਕਹਾਣੀ ਦਾ ਅੰਤ ਕਿਵੇਂ ਕੀਤਾ ਜਾਵੇ ਤਾਂ ਇਕ ਫਿਲਮੀ ਜਿਹੀ ਕਹਾਣੀ ਜੋੜ, 'ਚਹੇਤੀ' ਦੀ ਖੁਦਕੁਸ਼ੀ ਦਿਖਾ ਦਿੱਤੀ। ਇਹ ਕਿਰਦਾਰ-ਕੁਸ਼ੀ ਤੋਂ ਵੱਧ ਕੁਝ ਨਹੀਂ। 'ਖਿੱਦੋ' ਨਾਲ ਇਕ ਚੰਗੇ ਲੇਖਕ ਦੇ ਅਕਸ ਨੂੰ ਢਾਹ ਲੱਗੀ ਹੈ। 'ਹੀਰਾ ਪਾਰਟੀ ਦਾ ਦਾਬਾ ਜਰੂਰ ਸੀ, ਪਰ ਇਹ ਵੀ ਦੂਜੇ ਸੁਹਿਰਦ ਲੇਖਕਾਂ ਦੀ ਕਮੋਜ਼ਰੀ ਕਰਕੇ ਹੀ ਪਿਆ। ਇਕਲੇ ਉਹ ਹੀ ਨਹੀਂ, ਪੰਜਾਬ ਸਰਕਾਰ ਦੇ ਪੁਰਸਕਾਰਾਂ ਲਈ ਅਸੂਲਾਂ ਦੇ ਪੱਕਿਆਂ ਨੇ ਅਸੂਲਾਂ ਨੂੰ ਤਿਲਾਂਜਲੀ ਦਿੱਤੀ। ਐਨ ਮੌਕੇ ਤੇ ਸਲਾਹਕਾਰ ਕਮੇਟੀ ਦੀ ਮੈਂਬਰੀ ਛੱਡ ਦਿੱਤੀ, ਜਦੋਂ ਪਤਾ ਲੱਗਿਆ ਕਿ ਉਹਨਾਂ ਦਾ ਨਾਂ ਵੀ ਸ਼੍ਰੋਮਣੀ ਪੁਰਸਕਾਰ ਵਾਲਿਆਂ ਦੀ ਫਹਿਰਿਸਤ ਵਿਚ ਸ਼ਾਮਲ ਹੈ। ਕਿਸੇ ਨੇ ਨਾ ਕਿਹਾ ਕਿ ਉਸ ਦਾ ਨਾਂ ਨਾ ਵਿਚਾਰਿਆ ਜਾਵੇ। ਉਸ ਮੰਡਲੀ ਦਾ ਕੁਝ ਨਹੀਂ ਵਿਗੜਿਆ, ਸਿਸਟਮ ਵੀ ਉਸੇ ਤਰਾਂ ਜਾਰੀ ਹੈ, ਬਦਲਾਵ ਦੀ ਕੋਈ ਆਸ ਨਹੀਂ, ਇਨਾਮ ਹੁਣ ਵੀ "ਮੁੰਹ ਦੇਖ ਕੇ ਚਪੇੜ ਮਾਰਨ" ਵਾਂਗ ਵੰਡੇ ਜਾਣ ਗੇ, ਖਰੀਦੇ ਜਾਣ ਗੇ, ਵੇਚੇ ਜਾਣ ਗੇ, ਪਰ 'ਖਿੱਦੋ' ਦਾ ਲੇਖਕ ਉਪਰਲੇ ਇਨਾਮ ਲਈ ਉਦੋਂ ਵੀ ਮਾਰ ਖਾ ਗਿਆ ਅਤੇ ਹੁਣ ਨਕਾਰਾਤਮਕ ਢੰਗ ਦਾ ਲੰਬਾ ਲੇਖ ਲਿਖ ਕੇ ਉਹ ਲੇਖਕ ਹੋਣ ਪੱਖੋਂ ਵੀ ਮਾਰ ਖਾ ਗਿਆ। ਕਦੇ ਸਮਾਂ ਮਿਲੇ ਤਾਂ ਉਹਨਾਂ ਨੂੰ ਇਹ ਆਤਮ ਚਿੰਤਨ ਜਰੂਰ ਕਰਨ ਕਿ 'ਖਿੱਦੋ' ਨਾਲ ਉਹਨਾਂ ਨੇ ਕੀ ਖੱਟਿਆ ਅਤੇ ਕਈ ਗੁਆਇਆ?
ਇਕ ਗੱਲ ਹੋਰ, ਪੰਜਾਬੀ ਸਾਹਿਤ ਦੀ ਇਕ ਹੋਰ ਨਾਮਵਰ ਸਖਸ਼ੀਅਤ ਨੇ ਪ੍ਰਸਤੁਤ ਨਾਵਲ ਦੇ ਮੁੱਢ ਵਿਚ ਨਾਵਲ ਦੇ ਨਾਇਕ ਨੂੰ ਉਸ ਦੇ ਅਸਲੀ ਨਾਂ ਨਾਲ ਹੀ ਨਸ਼ਰ ਨਹੀਂ ਕੀਤਾ, ਉਸ ਦੇ ਕੰਮਾਂ ਦਾ ਪਾਜ ਵੀ ਉਧੇੜ ਦਿਤਾ। ਪਰ ਲੇਖਕ ਨੇ ਫਰਜੀ ਨਾਵਾਂ ਦਾ ਸਹਾਰਾ ਕਿਉਂ ਲਿਆ?
ਰਵਿੰਦਰ ਸਿੰਘ ਸੋਢੀ
011-604-369-2371
ਰਿਚਮੰਡ, ਕੈਨੇਡਾ