ਸੁਪਨੇ ਦੀ ਸਚਾਈ ਜਾਂ ਮਿਥਿਹਾਸ - ਹਰਦੇਵ ਸਿੰਘ ਧਾਲੀਵਾਲ

 ਮੇਰੀ 34 ਸਾਲ ਪੁਲਿਸ ਦੀ ਨੌਕਰੀ ਹੈ। 24 ਸਾਲ ਅਗਜੈਕਟਿਵ ਦੀ ਸਰਗਰਮ ਸਰਵਿਸ ਹੈ॥ 10 ਸਾਲ ਵਿੱਚ ਟਰੇਨਿੰਗ, ਲੰਬੀ ਛੁੱਟੀ, ਵਿਜੀਲੈਂਸ ਤੇ ਆਈ.ਆਰ.ਬੀ. ਦੀ ਸਰਵਿਸ ਹੈ। 1992 ਵਿੱਚ ਐਸ.ਪੀ. ਹੈਡ ਕੁਆਟਰ ਨਵੇਂ ਜਿਲ੍ਹੇ ਵਿੱਚ ਸੀ। ਮੇਰੇ ਐਸ.ਐਸ.ਪੀ. ਨੂੰ ਇੱਕ ਕਾਂਗਰਸੀ ਮੈਂਬਰ ਨੇ ਭੁਲੇਖਾ ਪਾ ਦਿੱਤਾ ਕਿ ਮੇਰੀ ਬਹੁਤ ਵਾਕਫੀਅਤ ਹੈ, ਮੈਂ ਉਸ ਨੂੰ ਫੇਲ੍ਹ ਕਰਕੇ ਆਪ ਲੱਗਾਂਗਾ। ਮੈਂ ਸਾਰੀ ਨੌਕਰੀ ਵਿੱਚ ਕਾਨੂੰਨੀ ਤੋਂ ਬਾਹਰ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ 3-4 ਅਰਧ ਸਰਕਾਰੀ ਪੱਤਰ ਮੇਰੇ ਬਾਰੇ ਭੇਜੇ ਤਾਂ ਮੇਰੀ ਬਦਲੀ ਐਸ.ਪੀ. ਤਫਤੀਸ਼ ਚੰਡੀਗੜ੍ਹ ਹੋ ਗਈ। ਉੱਥੇ ਵੀ ਮੈਂ ਅਫਸਰਾਂ ਦੀ ਇੱਛਾ ਅਨੁਸਾਰ ਨਹੀਂ ਸੀ ਲਿਖਦਾ, ਪਰ ਸੱਚ ਲਿਖਦਾ ਸੀ। ਮੇਰੀ ਬਦਲੀ ਆਈ.ਆਰ.ਬੀ. ਵਿੱਚ ਪਹਿਲੀ ਬਟਾਲੀਅਨ ਪਟਿਆਲਾ ਦੀ ਹੋ ਗਈ। ਇਹ ਮੇਰੇ ਲਈ ਕੋਈ ਸਜਾ ਨਹੀਂ ਸੀ। ਮੇਰੀ ਇੱਕ ਭੈੜੀ ਆਦਤ ਹੈ, ਮੈਂ ਕਿਸੇ ਦੀ ਝੂਠੀ ਚਾਪਲੂਸੀ ਨਹੀਂ ਕਰ ਸਕਦਾ। ਇਲੈਕਸ਼ਨ ਕਮਿਸ਼ਨ ਦੇ ਇਤਿਹਾਸ ਵਿੱਚ ਟੀ.ਐਨ. ਸ਼ੇਸ਼ਨ ਇੱਕ ਬੜਾ ਵਧੀਆ ਨਾਂ ਹੈ, ਉਨ੍ਹਾਂ ਦਾ ਸਾਨੀ ਅਜੇ ਤੱਕ ਨਹੀਂ ਹੋਇਆ। ਅਪ੍ਰੈਲ 1996 ਦੇ ਪਹਿਲੇ ਹਫਤੇ ਆਈ.ਆਰ.ਬੀ. ਜੰਮੂ ਕਸ਼ਮੀਰ ਵਿੱਚ ਚੋਣ ਕਰਵਾਉਣ ਗਈ। ਸਾਡੀ ਸਪਾਹ ਦੀ ਰਿਹਾਇਸ ਲੱਡਾ ਕੋਠੀ ਸੀ। ਦੂਜੀ ਬਟਾਲੀਅਨ ਦੇ ਅਫਸਰਾਂ ਨੇ ਦੋ ਦਿਨ ਦੀ ਛੁੱਟੀ ਦੇ ਦਿੱਤੀ। ਸਾਡੀ ਬਟਾਲੀਅਨ ਵੀ ਆਪੇ ਛੁੱਟੀ ਚਲੀ ਗਈ। 2 ਅਪ੍ਰੈਲ ਨੂੰ ਸਾਰੇ ਮੁਲਾਜਮ ਆਪੇ ਹਾਜ਼ਰ ਹੋ ਗਏ। ਇਸ ਤੋਂ ਪਹਿਲਾਂ ਮੈਂ ਮੈਂਹਦੜ ਤੇ ਪੁਣਛ ਗਿਆ, ਬਟਾਲੀਅਨ ਦੀ ਰਿਹਾਇਸ ਲਈ ਥਾਂ ਦੇਖ ਆਇਆ ਸੀ। ਅਸੀਂ ਵਧੀਆ  ਚੋਣ ਕਰਵਾਈ ਕਿਤੇ ਕੋਈ ਸ਼ਿਕਾਇਤ ਨਾ ਆਈ। ਸਾਡੇ ਵੱਡੇ ਅਫਸਰ ਪੁਣਛ ਦੇ ਰੈਸਟ ਹਾਊਸ ਵਿੱਚ ਸਨ।
    ਦੂਜੇ ਗੇੜ ਲਈ ਸਾਨੂੰ ਗੁਲਾਬਗੜ੍ਹ ਦਾ ਇਲਾਕਾ ਮਿਲਣ ਦੀ ਸੰਭਾਵਨਾ ਹੋਈ, ਉੱਥੇ ਰਾਹ ਠੀਕ ਨਹੀਂ ਸਨ ਤੇ ਖਤਰਨਾਕ ਇਲਾਕਾ ਮੰਨਿਆ ਜਾਂਦਾ ਸੀ। ਮੈਨੂੰ ਗਿੱਲ ਸਾਹਿਬ ਆਈ.ਜੀ.ਪੀ. ਦੀ ਵਾਇਰਲੈਸ ਆਈ ਕਿ ਸਵੇਰੇ ਰਜੌਰੀ ਅਰਾਮ ਘਰ ਪੁੱਜਾਂ। ਉੱਥੇ ਅਰਾਮ ਘਰ ਨੂੰ ਡਾਕ ਬੰਗਲਾ ਕਹਿੰਦੇ ਹਨ। ਅਸੀਂ ਗੁਲਾਬਗੜ੍ਹ ਥਾਣੇ ਵਿੱਚ ਚਾਹ ਪੀ ਕੇ ਇਲਾਕੇ ਵਿੱਚ ਗਏ, ਜੋ ਪਹਾੜੀ ਕਿਸਮ ਦਾ ਸੀ। ਮੇਰੀ ਸਾਰੀ ਨੌਕਰੀ ਸਮੇਂ ਤੇ ਹੁਣ ਵੀ ਆਦਤ ਹੈ ਕਿ ਕਿਸੇ ਵੱਡੇ ਅਫਸਰ ਜਾਂ ਲੀਡਰ ਨੂੰ ਸੱਚ ਕਹਿਣ ਤੋਂ ਝੁਕਿਆ ਨਹੀਂ। ਜਦੋਂ ਦੋਵੇਂ ਤੁਰਤ ਵਿਰੋਧਤਾ ਸੁਣ ਕੇ ਖੁਸ਼ ਨਹੀਂ ਹੁੰਦੇ। ਮੈਨੂੰ ਇੱਕ ਡੀ.ਆਈ.ਜੀ. ਕਹਿਣ ਲੱਗੇ ਤੇਰੀ ਰਿਹਾਇਸ ਵਾਲੀ ਥਾਂ ਖਤਰਨਾਕ ਹੈ, ਤੂੰ ਗਿੱਲ ਸਾਹਿਬ ਨੂੰ ਕਹਿ ਕਿ ਇਲਾਕਾ ਬਦਲ ਲੈਣ, ਫੇਰ ਅਸੀਂ ਵੀ ਬੋਲ ਪਵਾਂਗੇ। ਮੈਂ ਕਿਹਾ ਕਿ ਮੇਰੀ ਰਿਹਾਇਸ਼ ਫੌਜ ਦੇ ਮੇਜਰ ਦੇ ਨਾਲ ਹੈ, ਸਾਡੇ ਕਮਰੇ ਵੱਖੋ-ਵੱਖ ਹਨ। ਜਿੱਥੇ ਇੱਕ ਫੌਜ ਦਾ ਮੇਜਰ ਰਹਿ ਸਕਦਾ ਹੈ, ਮੈਂ ਕਿਉਂ ਨਹੀਂ ਰਹਿ ਸਕਦਾ? ਸਾਨੂੰ ਲੋੜੀਦੀਆਂ ਸਹੂਲਤਾਂ ਹਨ, ਉਹ ਚੁੱਪ ਕਰ ਗਏ ਤੇ ਕੁੱਝ ਔਖੇ ਲੱਗੇ। ਅਸੀਂ ਵਾਪਸ ਫੇਰ ਥਾਣੇ ਗੁਲਾਬਗੜ੍ਹ ਆ ਗਏ ਤੇ ਫੇਰ ਅਫਸਰਾਂ ਦੀ ਮੀਟਿੰਗ ਹੋਈ। ਡੀ.ਆਈ.ਜੀ. ਸਾਹਿਬਾਨ ਨੇ ਖਤਰੇ ਦੀ ਗੱਲ ਆਈ.ਜੀ. ਸਾਹਿਬ ਨੂੰ ਕਹੀ, ਉਹ ਚੁੱਪ ਕਰ ਗਏ। ਮੈਨੂੰ ਪੁਛਿਆ ਗਿਆ ਤਾਂ ਮੈਂ ਕਿਹਾ, ਸਰ, "ਕੋਈ ਵੀ ਪੋਲਿੰਗ ਸਟੇਸ਼ਨ ਗੁਲਾਬਗੜ੍ਹ ਤੋਂ 10 ਮੀਟਰ ਦੇ ਘੇਰੇ ਤੋਂ ਘੱਟ ਨਹੀਂ, ਕਈ 40-40 ਕਿਲੋਮੀਟਰ ਤੇ ਦੱਸੇ ਜਾਂਦੇ ਹਨ, ਪਹਾੜੀ ਰਾਹ ਹੈ। ਸਾਡੇ ਜੁਆਨ ਨਵੇਂ ਹਨ ਅਤੇ ਪਹਾੜਾਂ ਵਿੱਚ ਪੈਦਲ ਚੱਲਣ ਦੇ ਸਮਰੱਥ ਨਹੀਂ। ਪਹਾੜ ਵਿੱਚ ਤੁਰਨਾ ਵੀ ਉਹ ਨਹੀਂ ਜਾਣਦੇ। ਸਾਨੂੰ ਫੇਰ ਖੱਚਰਾਂ ਦਾ ਇੰਤਜਾਮ ਕਰਨਾ ਚਾਹੀਦਾ ਹੈ। ਪਹਾੜ ਵਿੱਚ ਖੱਚਰਾਂ ਤੋਂ ਬਿਨਾਂ ਸਮਾਨ ਲਿਜਾਣਾ ਮੁਸ਼ਕਲ ਹੈ।" ਆਈ.ਜੀ. ਸਾਹਿਬ ਸਹਿਮਤ ਹੋ ਗਏ। ਬਾਹਰ ਆ ਕੇ ਮੈਨੂੰ ਡੀ.ਆਈ.ਜੀ. ਕਹਿਣ ਲੱਗੇ, "ਤੂੰ ਸਾਨੂੰ ਇਹ ਕਿਉਂ ਨਹੀਂ ਦੱਸਿਆ?" ਮੈਂ ਕਿਹਾ ਕਿ ਮੈਨੂੰ ਤਾਂ ਥਾਣੇ ਦੇ ਸਿਪਾਹੀਆਂ ਨੇ ਹੁਣੇ ਹੀ ਇਹ ਗੱਲ ਦੱਸੀ ਹੈ। ਉਹ ਚਾਹੁੰਦੇ ਸਨ ਕਿ ਇਹ ਗੱਲ ਉਹ ਆਈ.ਜੀ. ਸਾਹਿਬ ਨੂੰ ਆਪ ਕਹਿੰਦੇ, ਜੋ ਮੈਂ ਕਹਿ ਦਿੱਤੀ।
    ਮੈਨੂੰ ਗਿੱਲ ਸਾਹਿਬ ਨੇ ਕਿਹਾ ਕਿ ਮੈਂ ਮੈਂਹਦੜ ਹੋ ਕੇ ਕੱਲ ਸ਼ਾਮ ਜਾਂ ਪਰਸੋਂ ਸਵੇਰੇ ਜੰਮੂ ਪਹੁੰਚ ਜਾਵਾਂ। ਉੱਥੇ ਜਾ ਕੇ ਉਨ੍ਹਾਂ ਨੇ ਚੋਣਾਂ ਲਈ ਇਲਾਕਾ ਬਦਲਣ ਦੀ ਗੱਲ ਕਰਨੀ ਸੀ। ਇਹ ਗੱਲ ਠੀਕ ਸੀ ਕਿ ਮੈਂਹਦੜ ਦਾ ਡਾਕ ਬੰਗਲਾ ਛੱਡਣਾ ਜ਼ਰੂਰੀ ਸੀ। ਮੈਂਹਦੜ ਪਾਕਿਸਤਾਨ ਦੀ ਹੱਦ ਦੇ ਨਾਲ ਸੀ, ਵੱਡੀ ਫਾਇਰਿੰਗ ਦੀ ਅਵਾਜ਼ ਸੁਣਦੀ ਰਹਿੰਦੀ, ਕਦੇ-ਕਦੇ ਤਾਂ ਰੈਸਟ ਹਾਊਸ ਦੀਆਂ ਤਾਕੀਆਂ ਤੇ ਦਰਵਾਜੇ ਵੀ ਖੜਕਦੇ ਰਹਿੰਦੇ। ਕਈ ਵੱਡੇ ਅਫਸਰਾਂ ਨੇ ਰਜੌਰੀ ਤੋਂ ਅੱਗੇ ਜਾਣ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਫੋਰਸ ਪੂਰੀ ਸਿਖਲਾਈ ਬੱਧ ਨਹੀਂ, ਪਰ ਅਸੀਂ ਗਏ। ਅਸੀਂ ਮੈਂਹਦੜ ਤੋਂ ਚੱਲ ਪਏ ਪਹਾੜੀ ਸਫਰ ਕਰਦੇ ਸੁੰਦਰ ਬੰਨੀ ਪਹੁੰਜੇ। ਹਲਕਾ ਮੀਂਹ ਚੱਲ ਪਿਆ। ਪਹਾੜੀ ਸਫਰ ਸੀ। ਅਸੀਂ ਰਾਇ ਕੀਤੀ ਕਿ ਰਾਤ ਸੁੰਦਰ ਬਣੀ ਹੀ ਰੁਕ  ਜਾਈਏ ਕਿਉਂਕਿ ਅੱਗੇ 75 ਕਿ.ਮੀ. ਦਾ ਵੱਧ ਸਫਰ ਸੀ। ਮੈਂ ਮੁੱਖ ਅਫਸਰ ਸੁੰਦਰਬਣੀ ਨੂੰ ਕਹਿ ਕੇ ਡਾਕ ਬੰਗਲਾ ਲੈ ਲਿਆ, ਉਸ ਨੇ ਸਾਨੂੰ ਕਸਬੇ ਵਿੱਚ ਬਣਿਆ ਦੁਆ ਦਿੱਤਾ। ਮੈਂ ਚੌਕੀਦਾਰ ਨੂੰ ਕਹਿ ਕੇ ਇੱਕ ਹੋਰ ਕਮਰਾ ਵੀ ਖੁਲਵਾ ਲਿਆ ਤਾਂ ਕਿ ਮੁਲਾਜਮ ਅਰਾਮ ਕਰ ਸਕਣ ਤੇ ਅਸਲਾ ਵੀ ਸੁਰੱਖਿਤ ਰਹਿ ਸਕੇ। ਮੇਰੇ ਮੁਲਾਜਮ ਮੇਰੇ ਨਾਲ ਦੋਸਤਾਂ ਵਾਂਗ ਹੀ ਰਹਿੰਦੇ ਸਨ। ਮੈਂ ਉਨ੍ਹਾਂ ਨੂੰ ਰਾਤ ਸਮੇਂ ਚੁਸਤ ਰਹਿਣ ਦੀ ਵੀ ਹਦਾਇਤ ਕਰ ਦਿੱਤੀ ਕਿ ਰਾਤ ਨੂੰ ਦੇਖਦੇ ਰਹਿਣ।
    ਮੈਂ ਡਰਾਇਵਰ ਤੇ ਸਿਪਾਹੀਆਂ ਨੂੰ ਰੋਟੀ ਖਾਣ ਲਈ ਭੇਜ ਦਿੱਤਾ ਤੇ ਕਿਹਾ ਕਿ ਮੇਰਾ ਫੁਲਕਾ ਹੌਟ ਕੇਸ ਵਿੱਚ ਲੈ ਆਉਣ। ਠੰਢੀ ਹਵਾ ਤੇ ਕਣੀਆਂ ਕਰਕੇ ਠੰਢ ਵਧ ਗਈ ਸੀ। ਮੈਂ ਉਨ੍ਹਾਂ ਨੂੰ ਪੈਸੇ ਦੇ ਕੇ ਕਿਹਾ ਕਿ ਉਹ ਇੱਕ ਵਿਸਕੀ ਦਾ ਪਊਆ ਵੀ ਲੈ ਆਉਣ ਜਦੋਂ ਕਿ ਮੈਂ ਬਹੁਤ ਘੱਟ ਪੀਂਦਾ ਸੀ। ਉਹ ਜਿਹੜਾ ਪਊਆ ਲੈ ਕੇ ਆਏ ਤਾਂ ਗਲਾਸ ਵਿੱਚ ਪਾਉਣ ਤੇ ਮੇਰਾ ਮਨ ਨਾ ਮੰਨਿਆ ਤੇ ਉਸ ਵਿੱਚੋਂ ਬਹੁਤੀ ਭੈੜੀ ਮੁਸ਼ਕ ਆਈ। ਮੈਂ ਗਲਾਸ ਵਿੱਚ ਪਾਇਆ ਪੈਗ ਤੇ ਪਊਆ ਡੋਲ ਦਿੱਤੇ। ਮੇਰੇ ਕਮਰੇ ਦੇ ਫਲੱਸ਼ ਦਾ ਤੁਬਕਾ-ਤੁਬਕਾ ਡਿੱਗਦਾ ਸੀ, ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਹੋਇਆ। ਰਾਤ ਨੂੰ 9 ਵਜੇ ਟੀ.ਵੀ. ਦੇਖ ਦੇ ਸੌਂ ਗਿਆ। ਮੈਂ ਰਾਤ ਨੂੰ ਪਿਸ਼ਾਬ ਕਰਨ ਇੱਕ ਵਾਰੀ ਉੱਠਿਆ। ਸੌਣ ਤੇ ਵੀ ਮੈਨੂੰ ਪਾਣੀ ਡਿੱਗਦਾ ਸੁਣਦਾ ਸੀ। ਮੈਨੂੰ ਮਹਿਸੂਸ ਹੋਇਆ ਕਿ ਚਿਟਕਣੀ ਲੱਗੇ ਦਰਵਾਜੇ ਰਾਹੀਂ ਇੱਕ ਭਰ ਜੁਆਨ ਸੁੰਦਰ ਮੁਟਿਆਰ ਆਈ, ਉਸ ਨੇ ਚਿੱਟਾ ਰੇਬ ਪਜਾਮਾ, ਚਿੱਟੀ ਕਮੀਜ ਪਾਈ ਹੋਈ ਸੀ। ਸਿਰ ਤੇ ਚਿੱਟੀ ਚਿਕਨ ਦੀ ਚੁੰਨੀ ਸਲੀਕੇ ਨਾਲ ਲਈ ਹੋਈ ਦਿਸੀ, ਕੋਕਾ ਸੱਜੇ ਪਾਸੇ ਸੀ। ਉਸ ਦਾ ਜੂੜਾ ਭਾਰੇ ਵਾਲਾਂ ਦਾ ਪ੍ਰਤੀਕ ਸੀ। ਮੈਂ ਜਿੰਦਗੀ ਵਿੱਚ ਉਹੋ ਜਿਹੀ ਸੋਹਣੀ ਮੁਟਿਆਰ ਨਹੀਂ ਦੇਖੀ। ਜਿਸਮ ਕੁੱਝ ਭਰਮਾਂ, ਮੂੰਹ ਤੇ ਜੁਆਨੀ ਦੇ ਕੁੱਝ ਹਲਕੇ ਨਿਸ਼ਾਨ ਸਨ। ਬਾਥਰੂਮ ਦਾ ਦਰਵਾਜਾ ਅੱਧਾ ਖੁੱਲ੍ਹਾ ਸੀ, ਉਸ ਪਾਸਿਓ ਪਾਣੀ ਡਿੱਗਦਾ ਸੁਣਦਾ ਸੀ। ਉਹ ਮੇਰੇ ਮੰਜੇ ਕੋਲ ਕੁਰਸੀ ਤੇ ਹੱਸਦੀ ਹੋਈ ਬੈਠ ਕੇ ਬੋਲੀ, ਕਿਉਂ ਆਉਣਾ ਪਿਆ ਨਾ? ਤੂੰ ਤਾਂ ਕਹਿੰਦਾ ਸੀ ਕਿ ਮੈਂ ਇੱਥੇ ਮੁੜ ਕੇ ਨਹੀਂ ਆਵਾਂਗਾ, ਮੈਂ ਕਿੰਨਾਂ ਚਿਰ ਉਡੀਕਿਆ। ਉਹ ਗੱਲ ਬਾਤ ਇਸ ਤਰ੍ਹਾਂ ਦੀ ਕਰਦੀ ਸੀ, ਜਿਵੇਂ ਕੋਈ ਪਤਨੀ ਆਪਣੇ ਪਤੀ ਜਾਂ ਪ੍ਰੇਮੀ ਨਾਲ ਕਰ ਸਕਦੀ ਹੈ। ਗੱਲ ਬਾਤ ਵਿੱਚ ਸੈਕਸ਼ ਉਤੇਜਨਾ ਨਹੀਂ ਸੀ, ਘੋੜਿਆਂ ਦੀਆਂ ਗੱਲਾਂ ਹੁੰਦੀਆਂ ਰਹੀਆਂ, ਉਹਨੇ ਕਿਹਾ ਮੈਂ ਤੈਨੂੰ ਰੋਕਦੀ ਰਹੀ, ਪਰ ਤੂੰ ਭੱਜ ਗਿਆ। ਕਈ ਵਾਰ ਹੱਸ ਕਿ ਕਿਹਾ ਆਉਣਾ ਪਿਆ ਨਾ।" ਤੇ ਹੱਸਦੀ ਹੀ ਰਹੀ। ਇਹ ਵੀ ਕਿਹਾ ਕਿ ਜਦੋਂ ਤੱਕ ਤੂੰ ਜਿਉਂਦਾ ਹੈਂ, ਹਰ ਸਾਲ ਆਇਆ ਕਰ, ਮੈਂ ਤੈਨੂੰ ਉਡੀਕਾਂਗੀ। ਅਸੀਂ ਗੱਲਾਂ ਕਰਦੇ ਰਹੇ, ਸਾਰੀਆਂ ਮੈਨੂੰ ਯਾਦ ਨਹੀਂ ਤੇ ਕਿਸੇ ਤਰ੍ਹਾਂ ਦੀ ਕੋਈ ਹਰਕਤ ਨਾ ਹੋਈ, ਇਹ ਵੀ ਕਿਹਾ ਕਿ ਕਿਸੇ ਨਾਲ ਇਹ ਗੱਲ ਸਾਂਝੀ ਨਹੀਂ ਕਰਨੀ। ਜਦੋਂ ਮੈਂ ਉਠਿਆ ਸਵੇਰ ਦੇ ਚਾਰ ਵੱਜੇ ਸਨ। ਮੈਨੂੰ ਸਵੇਰੇ ਉਠਣ ਦੀ ਆਦਤ ਹੈ ਤੇ ਆਪਣੇ ਆਪ ਨੂੰ ਸੁੰਦਰਬਣੀ ਦੇ ਰੈਸਟ ਹਾਊਸ ਵਿੱਚ ਦੇਖਿਆ।
    ਅਸੀਂ ਜੰਮੂ ਰਾਤ ਰਹੇ ਫੇਰ ਸਾਨੂੰ ਆਈ.ਜੀ.ਪੀ. ਸਾਹਿਬ ਨੇ ਰਾਮਬਣ ਦਾ ਇਲਾਕਾ ਦੇਖਣ ਲਈ ਭੇਜ ਦਿੱਤਾ ਮੇਰੇ ਨਾਲ ਇੱਕ ਹੋਰ ਐਸ.ਪੀ. ਸਨ, ਉਹ ਪਤਨੀ ਟਾਪ ਵਿੱਚ ਜਿਆਦਾ ਸਮਾਂ ਲਗਾ ਗਏ। ਅਸੀਂ ਰਾਤ ਦੇ 9 ਵਜੇ ਪਹੁੰਚੇ। ਰਸਤੇ ਵਿੱਚ ਮੇਰੇ ਡਰਾਇਵਰ ਕੁੱਤੀਵਾਲੀਆ ਨੇ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਸੁੰਦਰਬਣੀ ਰੈਸਟ ਹਾਊਸ ਵਿੱਚ ਤੁਹਾਡੀ ਅਵਾਜ਼ ਆਉਂਦੀ ਸੀ ਜਿਵੇਂ ਕਿਸੇ ਨਾਲ ਗੱਲਾਂ ਕਰਦੇ ਹੋਵੋਂ, ਮੈਂ ਟਰਕਾ ਦਿੱਤਾ। ਰਾਮਬਨ ਫੇਰ ਰੈਸਟ ਹਾਊਸ ਵਿੱਚ ਠਹਿਰੇ। ਰਾਤ ਫੇਰ ਉਹ ਦਿਸੀ, ਗੱਲਾਂ ਹੁੰਦੀਆਂ ਰਹੀਆਂ ਮੈਂ ਵਾਪਸੀ ਤੇ ਇਹ ਗੱਲ ਡਰਾਇਵਰ ਨੂੰ ਦੱਸ ਬੱਠਿਆ। ਫੇਰ ਦਿੱਖ ਬੰਦ ਹੋ ਗਈ। 1996 ਤੋਂ ਪਿੱਛੋਂ 2 ਵਾਰ ਜੰਮੂ ਕਸ਼ਮੀਰ ਗਿਆ, ਇੱਕ ਵਾਰੀ ਰੈਸਟ ਹਾਊਸ ਖਾਲੀ ਨਹੀਂ ਸੀ ਤਾਂ ਅਸੀਂ ਰਜੌਰੀ ਜਾ ਰੁਕੇ, ਉੱਥੇ ਅਜਿਹਾ ਕੋਈ ਸੁਪਨਾ ਨਾ ਆਇਆ। 2011 ਵਿੱਚ ਮੇਰੇ ਮਨ ਵਿੱਚ ਉੱਠਿਆ ਕਿ ਇਸ ਗੱਲ ਦਾ ਭੇਜ ਕੱਢਾਂ। ਮੇਰੇ ਨਾਲ ਗਿਆਨੀ ਗੁਰਬਚਨ ਸਿੰਘ ਰਿਟਾ: ਐਸ.ਪੀ. ਤੇ ਡਰਾਇਵਰ ਸਨ। ਅਸੀਂ ਮਿੱਥ ਕੇ ਸੁੰਦਰਬਣੀ ਗਏ। ਡਰਾਇਵਰ ਗੱਡੀ ਹੌਲੀ ਚਲਾ ਰਿਹਾ। ਮੈਂ ਜੰਮੂ ਟੱਪ ਕੇ ਕਾਰ ਆਪ ਤੇਜ ਚਲਾਉਣ ਲੱਗ ਪਿਆ। ਮੇਰੀ ਕਾਰ ਇੰਨੀ ਤੇਜ ਸੀ ਕਿ ਐਕਸੀਡੈਂਟ ਤੋਂ ਮਸਾਂ ਬਚੀ। ਸਾਡੇ ਅੱਗੇ ਗੱਡੀ ਆ ਗਈ। ਨਵੀਂ ਕਾਰ ਦੇ ਬਰੇਕ ਸਫਲ ਹੋਏ। ਅਸੀਂ ਮੁੱਖ ਅਫਸਰ ਨੂੰ ਕਹਿ ਕੇ ਥਾਣੇ ਦੇ ਨਾਲ ਰੈਸਟ ਹਾਊਸ ਲੈ ਲਿਆ। ਪਹਿਲਾ ਵਾਲਾ ਰੈਸਟ ਹਾਊਸ ਕਿਸੇ ਅਫਸਰ ਦਾ ਦਫਤਰ ਬਣ ਗਿਆ ਸੀ। ਚੌਂਕੀਦਾਰ ਨੇ ਸਾਡਾ ਖਾਣਾ ਬਣਾਇਆ। ਮੈਂ ਅੱਡ ਜਾਣ ਕੇ ਸੁੱਤਾ। ਗਿਆਨੀ ਜੀ ਤੇ ਡਰਾਇਵਰ ਦੂਜੇ ਕਮਰੇ ਵਿੱਚ ਸਨ।
    ਮੈਨੂੰ ਉਹ ਫੇਰ ਦਿਸੀ, ਖੜ੍ਹੀ ਹੀ ਰਹੀ। ਕੁੱਝ ਨਰਾਜ ਸੀ ਤੇ ਗੁੱਸੇ ਵਿੱਚ ਕਿਹਾ ਤੂੰ ਅੱਜ ਗੱਡੀ ਚਲਾਉਂਦੇ ਨੇ ਮਰ ਜਾਣਾ ਸੀ, ਜੇ ਮੈਂ ਗੱਡੀ ਨਾ ਰੋਕਦੀ। ਇਸ ਵਿੱਚ ਕੋਈ ਸੈਕਸ਼ ਅਤੇ ਉਤੇਜਨਾ ਦੀ ਗੱਲ ਨਹੀਂ ਸੀ। ਮੈਂਂ ਇੰਨ੍ਹਾਂ ਗੱਲਾਂ ਵਿੱਚ ਬਹੁਤ ਯਕੀਨ ਨਹੀਂ ਰੱਖਦਾ ਤੇ ਇਹ ਵੀ ਕਿਹਾ ਕਿ ਹੁਣ ਇੱਥੇ ਨਾ ਆਈਂ। ਮੇਰੀ ਕੋਸ਼ਿਸ਼ ਹੈ ਕਿ ਸੁੰਦਰ ਬਣੀ ਦੇ ਇਤਿਹਾਸ ਬਾਰੇ ਜਾਣ ਸਕਾਂ ਜੇ ਕੁੱਝ ਪਤਾ ਲੱਗਿਆ। ਭੂਤਾਂ ਪ੍ਰੇਤਾਂ ਵਿੱਚ ਮੇਰਾ ਯਕੀਨ ਨਹੀਂ। ਜੇ ਹਨ ਤਾਂ ਇਨ੍ਹਾਂ ਵਿੱਚ ਕੋਈ ਤਾਕਤ ਨਹੀਂ ਹੁੰਦੀ।


ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

28 Jan 2018