ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ - ਉਜਾਗਰ ਸਿੰਘ

ਮੁਜ਼ੱਫ਼ਰਨਗਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਯੋਜਤ ਕੀਤੀ ਗਈ ਮਹਾਂ ਪੰਚਾਇਤ ਵਿੱਚ ਸ਼ਾਮਲ ਮਾਨਵਤਾ ਦੇ ਸਮੁੰਦਰ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਸਾਰਾ ਮੁਜ਼ੱਫ਼ਰਨਗਰ ਸ਼ਹਿਰ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ ਸੀ। ਸ਼ਹਿਰ ਦੀ ਹਰ ਗਲੀ ਮੁਹੱਲਾ ਅਤੇ ਸੜਕਾਂ ਉਪਰ ਤਿਲ ਸੁੱਟਣ ਲਈ ਖਾਲੀ ਥਾਂ ਨਹੀਂ ਸੀ। ਜਿਧਰ ਵੀ ਨਿਗਾਹ ਮਾਰੋ ਉਧਰ ਹੀ ਇਨਸਾਨੀਅਤ ਦਾ ਜਨ ਸਮੂਹ ਠਾਠਾਂ ਮਾਰਦਾ ਦਿਸ ਰਿਹਾ ਸੀ। ਲੱਖਾਂ ਕਿਸਾਨ ਪੰਡਾਲ ਵਿੱਚ ਪਹੁੰਚ ਹੀ ਨਹੀਂ ਸਕੇ ਪ੍ਰੰਤੂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਬੰਧਕਾਂ ਨੇ ਜਨਤਕ ਸੰਬੰਧੋਨ ਪ੍ਰਣਾਲੀ ਦਾ ਸਾਰੇ ਸ਼ਹਿਰ ਵਿੱਚ ਜਾਲ ਵਿਛਾ ਦਿੱਤਾ ਸੀ, ਜਿਸ ਕਰਕੇ ਠਾਠਾਂ ਮਾਰਦਾ ਮਨੁੱਖਤਾ ਦਾ ਸਮੁੰਦਰ ਜਿਥੇ ਵੀ ਜਗ੍ਹਾ ਮਿਲੀ ਉਥੇ ਹੀ ਖੜ੍ਹਕੇ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਦੇ ਭਾਸ਼ਣ ਨੂੰ ਸ਼ਾਂਤਮਈ ਢੰਗ ਨਾਲ ਸੁਣ ਰਹੇ ਸਨ। ਵੱਖ-ਵੱਖ ਸੂਬਿਆਂ, ਧਰਮਾਂ ,ਜ਼ਾਤਾਂ, ਮਜ਼ਹਬਾਂ, ਖ਼ੇਤਰਾਂ ਅਤੇ ਭਾਸ਼ਾਵਾਂ ਬੋਲਣ ਵਾਲੇ ਕਿਸਾਨ ਮਜ਼ਦੂਰ ਹੁੰਮ ਹੁਮਾ ਕੇ ਪਹੁੰਚੇ ਹੋਏ ਸਨ।  ਸੰਯੁਕਤ ਕਿਸਾਨ ਮੋਰਚੇ ਨੂੰ ਬੇਮਿਸਾਲ ਸਮਰਥਨ ਮਿਲਿਆ ਹੈ, ਜਿਸਨੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕੰਬਣੀ ਛੇੜ ਦਿੱਤੀ ਹੈ। ਸ਼ਹਿਰ ਤੋਂ ਬਾਹਰ ਵੀ ਕਈ ਕਿਲੋਮੀਟਰ ਤੱਕ ਸੜਕਾਂ ਜਾਮ ਹੋ ਗਈਆਂ ਸਨ। ਦੇਸ਼ ਦੇ 15 ਰਾਜਾਂ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦਸ਼, ਪੱਛਵੀਂ ਬੰਗਾਲ, ਤਾਮਿਲ ਨਾਡੂ, ਆਸਾਮ, ਬਿਹਾਰ, ਕੇਰਲ, ਕਰਨਾਟਕਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚੋਂ ਵਿਸ਼ੇਸ਼ ਤੌਰ ਤੇ ਕਿਸਾਨ ਮਜ਼ਦੂਰ ਟਰੱਕਾਂ, ਬੱਸਾਂ, ਕਾਰਾਂ, ਟਰੈਕਟਰਾਂ ਅਤੇ ਹੋਰ ਸਾਧਨਾ ਰਾਹੀਂ ਪਹੁੰਚੇ ਹੋਏ ਸਨ। ਇਸਤਰੀਆਂ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਕਿਸਾਨ ਮਜ਼ਦੂਰਾਂ ਨੂੰ ਦੇਸ਼ ਧਰੋਹੀ, ਮਾਓਵਾਦੀ ਅਤੇ ਖਾਲਿਸਤਾਨੀ ਵਰਗੇ ਫਤਵੇ ਦੇ ਕੇ ਨਿੰਦਿਆ ਜਾ ਰਿਹਾ ਸੀ, ਉਹ ਸਾਰੇ ਕੌਮੀ ਝੰਡੇ ਅਤੇ ਆਪੋ ਆਪਣੇ ਸੰਗਠਨਾ ਦੇ ਝੰਡਿਆਂ ਸਮੇਤ ਪਹੁੰਚੇ ਹੋਏ ਸਨ। ਇਸ ਮਹਾਂ ਪੰਚਾਇਤ ਦੀ ਵਿਲੱਖਣਤਾ ਇਹ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਸਾਰੇ ਧਰਮਾ, ਜ਼ਾਤਾਂ ਅਤੇ ਭਾਸ਼ਾਵਾਂ ਵਾਲੀ ਲੋਕਾਈ ਦਾ ਇਤਨਾ ਵੱਡਾ ਸ਼ਾਂਤਮਈ ਜਨ ਸਮੂਹ ਕਦੀਂ ਵੀ ਕਿਸੇ ਜਲਸੇ ਵਿੱਚ ਵੇਖਣ ਨੂੰ ਨਹੀਂ ਮਿਲਿਆ। ਇਸ ਮਹਾਂ ਪੰਚਾਇਤ ਨੇ ਦੇਸ਼ ਦੇ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਯੋਗੀ ਸਰਕਾਰ ਵੱਲੋਂ ਬੱਸਾਂ, ਟਰੱਕਾਂ ਅਤੇ ਕਾਰਾਂ ਦੇ ਕਾਫ਼ਲਿਆਂ ਨੂੰ ਅਨੇਕਾਂ ਰੋਕਾਂ ਲਾ ਕੇ ਰੋਕਣ ਦੇ ਬਾਵਜੂਦ ਕਿਸਾਨ ਮਜ਼ਦੂਰ ਹਰ ਹੀਲਾ ਵਰਤਕੇ ਪਹੁੰਚ ਗਏ। ਕੇਂਦਰ ਸਰਕਾਰ ਨੇ ਰੇਲਾਂ ਨੂੰ ਲੇਟ ਕੀਤਾ ਤਾਂ ਜੋ ਕਿਸਾਨ ਸਮੇਂ ਸਿਰ ਪਹੁੰਚ ਨਾ ਸਕਣ ਅਤੇ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਸਨ। ਲੋਕਾਂ ਦਾ ਹੜ੍ਹ ਪਹੁੰਚਕੇ ਮੁਜ਼ੱਫ਼ਰਨਗਰ ਦੇ ਇਤਿਹਾਸ ਵਿੱਚ ਨਵੀਂਆਂ ਬੁਲੰਦੀਆਂ ਪ੍ਰਾਪਤ ਕਰ ਗਿਆ। ਇਸ ਮਹਾਂ ਪੰਚਾਇਤ ਵਿੱਚ ਸੈਂਕੜੇ ਲੰਗਰ ਗੁਰਦੁਆਰਾ ਸਿੰਘ ਸਭਾ ਨੇ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਡਾਕਟਰੀ ਸਹੂਲਤਾਂ ਅਤੇ ਮੋਬਾਈਲ ਕਲਿਨਕਾਂ ਸਥਾਪਤ ਕੀਤੀਆਂ ਗਈਆਂ ਸਨ। ਇਹ ਸਾਰੇ ਪ੍ਰਬੰਧ ਸਵੈਇਛਤ ਸੰਸਥਾਵਾਂ ਨੇ ਮਹਾਂ ਪੰਚਾਇਤ ਦੀ ਸਫਲਤਾ ਲਈ ਕੀਤੇ ਸਨ। ਦੇਸ਼ ਅਤੇ ਵਿਦੇਸ਼ ਦਾ ਮੀਡੀਆ ਇਸ ਮਹਾਂ ਪੰਚਾਇਤ ਨੂੰ ਕਵਰ ਕਰਨ ਲਈ ਪਹੁੰਚਿਆ ਹੋਇਆ ਸੀ। ਇਤਨਾ ਵੱਡਾ ਇਕੱਠ ਵੇਖਕੇ ਸੰਸਾਰ ਦੰਗ ਰਹਿ ਗਿਆ। ਸੰਸਾਰ ਵਿੱਚ ਮੋਦੀ ਸਰਕਾਰ ਦੀ ਥੂ ਥੂ ਹੋ ਗਈ। ਸੰਯੁਕਤ ਕਿਸਾਨ ਮੋਰਚੇ ਦੀਆਂ ਆਸਾਂ ਤੋਂ ਵੱਧ ਲੋਕਾਂ ਨੇ ਹਾਜ਼ਰੀ ਲਵਾਈ ਹੈ। 17 ਏਕੜ ਦੇ ਜੀ ਆਈ ਕਾਲਜ ਦਾ ਅਹਾਤਾ 4 ਸਤੰਬਰ ਦੀ ਰਾਤ ਨੂੰ ਹੀ ਖਚਾਖਚ ਭਰ ਗਿਆ ਸੀ। ਇਸ ਨਾਲੋਂ ਦੁਗਣੇ ਲੋਕ ਪੰਡਾਲ ਦੇ ਬਾਹਰ ਬਾਜ਼ਾਰਾਂ ਵਿੱਖ ਖੜ੍ਹੇ ਸਨ। ਭਾਵ 51 ਏਕੜ ਥਾਂ ਵਿਚ ਕਿਸਾਨ ਮਜ਼ਦੂਰ ਅਤੇ ਲੋਕਾਈ ਬੈਠੀ ਹੋਈ ਸੀ। ਭਾਰਤੀ ਜਨਤਾ ਪਾਰਟੀ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 9 ਮਹੀਨੇ ਤੋਂ ਬੇਠੈ ਕਿਸਾਨਾ ਨੂੰ ਮੁੱਠੀ ਭਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕਹਿ ਰਹੇ ਸਨ। 5 ਸਤੰਬਰ ਦੇ ਜਨ ਸਮੂਹ ਨੇ ਭਾਰਤੀ ਜਨਤਾ ਪਾਰਟੀ ਦੀ ਇਹ ਗ਼ਲਤ ਫ਼ਹਿਮੀ ਵੀ ਦੂਰ ਕਰ ਦਿੱਤੀ ਹੈ। ਕਿਸਾਨ ਅੰਦੋਲਨ ਲੋਕ ਅੰਦੋਲਨ ਬਣ ਗਿਆ ਹੈ, ਜਿਸ ਕਰਕੇ ਇਸਦੀ ਸਭ ਤੋਂ ਵੱਡੀ ਦੇਣ ਲੋਕਾਂ ਦੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਸੰਸਾਰ ਵਿੱਚ ਇਸ ਅੰਦੋਲਨ ਦਾ ਪ੍ਰਭਾਵ ਸਾਫ਼ ਵਿਖਾਈ ਦਿੰਦਾ ਹੈ। ਇਸ ਅੰਦੋਲਨ ਨੇ ਆਮ ਲੋਕਾਂ ਖਾਸ ਤੌਰ ਤੇ ਦੇਸ਼ ਦੇ ਵੋਟਰਾਂ ਵਿੱਚ ਇਤਨੀ ਜਾਗ੍ਰਤੀ ਪੈਦਾ ਕਰ ਦਿੱਤੀ ਹੈ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਅਤੇ ਵਿਸ਼ੇਸ਼ ਤੌਰ ‘ਤੇ ਭਾਰਤੀ ਜਨਤਾ ਪਾਰਟੀ ਨੂੰ ਲੈਣੇ ਦੇ ਦੇਣੇ ਪੈ ਗਏ ਹਨ। ਉਹ ਅਸੰਜਮ ਮਹਿਸੂਸ ਕਰ ਰਹੀ ਹੈ। ਭਾਰਤ ਵਿੱਚ ਉਹ ਬੇਮਾਇਨਾ ਹੋ ਚੁੱਕੀ ਹੈ। ਉਨ੍ਹਾਂ ਨੂੰ ਅਨੁਭਵ ਹੋ ਗਿਆ ਹੈ ਕਿ ਸਿਆਸੀ ਜ਼ਮੀਨ ਉਨ੍ਹਾਂ ਦੇ ਹੱਥੋਂ ਖਿਸਕ ਰਹੀ ਹੈ। ਭਾਰਤੀ ਜਨਤਾ ਪਾਰਟੀ ਸਮੇਤ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਤਨੀਆਂ ਘਬਰਾ ਗਈਆਂ ਹਨ ਕਿ ਉਹ ਆਪਣਾ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਕਰਦੀਆਂ, ਜਿਸ ਨਾਲ ਕਿਸਾਨ ਅੰਦੋਲਨ ਉਪਰ ਬੁਰਾ ਪ੍ਰਭਾਵ ਪਵੇ।
    ਮੁਜ਼ੱਫ਼ਰਨਗਰ ਕਿਸਾਨਾ ਦਾ ਮੱਕਾ ਸਾਬਤ ਹੋ ਰਿਹਾ ਹੈ ਕਿਉਂਕਿ ਚੌਧਰੀ ਚਰਨ ਸਿੰਘ ਅਤੇ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਨੇ ਵੀ ਕਿਸਾਨਾ ਦੇ ਹੱਕਾਂ ਲਈ ਮੁਜ਼ੱਫ਼ਰਨਗਰ ਤੋਂ ਹੀ ਅੰਦੋਲਨ ਸ਼ੁਰੂ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ। ਇਸ ਲਈ ਮਹਾਂ ਪੰਚਾਇਤ ਕਰਨ ਲਈ ਹੀ ਮੁਜ਼ੱਫ਼ਰਨਗਰ ਦੀ ਚੋਣ ਕੀਤੀ ਗਈ ਹੈ। ਕਿਸਾਨਾ ਨੇ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਭਾਰਤੀ ਜਨਤਾ ਪਾਰਟੀ ਆਪਣਾ  ਭਵਿਖ ਧੁੰਦਲਾ ਵੇਖ ਰਹੀ ਹੈ ਕਿਉਂਕਿ ਕਿਸਾਨਾ ਨੇ ਉਤਰ ਪ੍ਰਦੇਸ਼ ਦੇ 18 ਮੰਡਲਾਂ ਵਿੱਚ ਮਹਾਂ ਪੰਚਾਇਤਾਂ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਜਨ ਸਮੂਹ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਮਹਾ ਪੰਚਾਇਤ ਵਿੱਚ ਸਾਰੇ ਧਰਮਾ, ਜ਼ਾਤਾਂ ਅਤੇ ਵਰਗਾਂ ਦੇ ਲੋਕ ਸ਼ਾਮਲ ਹੋਏ ਹਨ। ਇਹ ਅੰਦੋਲਨ ਧਰਮ ਨਿਰਪੱਖਤਾ, ਸਾਰੀਆਂ ਜ਼ਾਤਾਂ ਅਤੇ ਧਰਮਾਂ ਨੂੰ ਜੋੜਨ ਦੀ ਕੜੀ ਦਾ ਕੰਮ ਕਰੇਗਾ। ਮੰਚ ਤੋਂ ਸਾਰੀਆਂ ਭਾਸ਼ਾਵਾਂ ਵਿੱਚ ਭਾਸ਼ਣ ਦਿੱਤੇ ਗਏ ਜਿਨ੍ਹਾਂ ਦਾ ਨਾਲ ਦੀ ਨਾਲ ਹਿੰਦੀ ਵਿਚ ਉਲਥਾ ਕਰਕੇ ਦੱਸਿਆ ਗਿਆ। ਕਿਸਾਨਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਚੋਣ ਨਹੀਂ ਲੜਨਗੇ ਪ੍ਰੰਤੂ ਰਾਕੇਸ਼ ਟਿਕੈਤ ਨੇ ਕਿਹਾ ਹੈ ਵੋਟ ਦੀ ਚੋਟ ਦਾ ਅਧਿਕਾਰ ਵਰਤਿਆ ਜਾਵੇਗਾ। ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ।  ਕਿਸਾਨਾਂ ਨੇ 27 ਸਤੰਬਰ ਨੂੰ ਸਮੁੱਚੇ ਭਾਰਤ ਵਿੱਚ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਕਿਸਾਨ ਮਜ਼ਦੂਰ ਮਹਾਂ ਪੰਚਾਇਤ ਦੀ ਸਫਲਤਾ ਕਰਕੇ ਕਿਸਾਨ ਅੰਦੋਲਨ ਹੋਰ ਤੇਜ਼ ਹੋਵੇਗਾ। ਇਉਂ ਲੱਗ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਪੱਛਵੀਂ ਬੰਗਾਲ ਦੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਤਾਂ ਸਾਰੀਆਂ ਪਾਰਟੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ ਕਿ ਉਨ੍ਹਾਂ ਕੋਲ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਇਲਾਵਾ ਆਪਣਾ ਅਸਤਿਤਵ ਬਚਾਉਣ ਲਈ ਕੋਈ ਚਾਰਾ ਹੀ ਬਾਕੀ ਨਹੀਂ ਰਿਹਾ। ਹੁਣ 2022 ਵਿੱਚ ਉਤਰ ਪ੍ਰਦੇਸ਼ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜੇ ਇਸ ਅੰਦੋਲਨ ਤੋਂ ਸਾਫ਼ ਵਿਖਾਈ ਦੇਣ ਲੱਗ ਪਏ ਹਨ।
         ਪੰਜਾਬ ਵਿੱਚ ਇਕੱਲੀ ਭਾਰਤੀ ਜਨਤਾ ਪਾਰਟੀ ਹੀ ਤਿੰਨ ਖੇਤੀ ਕਾਨੂੰਨਾ ਦੇ ਹੱਕ ਵਿੱਚ ਬੋਲ ਰਹੀ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਡਰੀਆਂ ਹੋਈਆਂ ਸਿਆਸੀ ਪਾਰਟੀਆਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਹੁਕਮ ‘ਤੇ ਫੁੱਲ ਚੜ੍ਹਾਉਣ ਲਈ ਮਜ਼ਬੂਰ ਹੋ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਵਿਰੋਧੀ ਪਾਰਟੀਆਂ ਨੂੰ ਵਿਪ ਜ਼ਾਰੀ ਕੀਤਾ ਕਿ ਸੰਸਦ ਵਿੱਚੋਂ ਵਾਕ ਆਊਟ ਕਰਨ ਦੀ ਥਾਂ ਸੰਸਦ ਦੇ ਅੰਦਰ ਰਹਿਕੇ ਆਪਣੀ ਗੱਲ ਕਹੀ ਜਾਵੇ। ਸਾਰੀਆਂ ਵਿਰੋਧੀ ਪਾਰਟੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਹੁਕਮ ਮੁਤਾਬਕ ਹੀ ਕੰਮ ਕੀਤਾ ਹੈ। ਇਕ ਵਾਰ ਵੀ ਸੰਸਦ ਵਿੱਚੋਂ ਨਾ ਤਾਂ ਵਾਕ ਆਊਟ ਕੀਤਾ ਹੈ ਅਤੇ ਨਾ ਹੀ ਸੰਸਦ ਦੇ ਦੋਵੇਂ ਸਦਨਾ ਨੂੰ ਚਲਣ ਦਿੱਤਾ ਹੈ। ਇਹ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਸ਼ਾਇਦ ਪਹਿਲਾ ਮੌਕਾ ਹੈ ਕਿ ਸੰਸਦ ਦੇ ਦੋਵੇਂ ਸਦਨ ਵਿਰੋਧੀ ਪਾਰਟੀਆਂ ਨੇ ਚਲਣ ਹੀ ਨਹੀਂ ਦਿੱਤੇ। ਸਗੋਂ ਵਿਰੋਧੀ ਪਾਰਟੀਆਂ ਦੇ ਮੈਂਬਰ ਇਕ ਦੂਜੇ ਤੋਂ ਅੱਗੇ ਹੋ ਕੇ ਅਜਿਹੇ ਢੰਗ ਨਾਲ ਵਿਰੋਧ ਕਰਦੇ ਰਹੇ ਹਨ ਤਾਂ ਜੋ ਉਹ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨੂੰ ਖ਼ੁਸ਼ ਕਰ ਸਕਣ। ਉਨ੍ਹਾਂ ਇਥੇ ਹੀ ਬਸ ਨਹੀਂ ਕੀਤਾ ਸਗੋਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਜੰਤਰ ਮੰਤਰ ‘ਤੇ ਹੋ ਰਹੀ ‘‘ਕਿਸਾਨ ਸੰਸਦ’’ ਦੀ ਵਿਜਿਟਰ ਗੈਲਰੀ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹਾਜ਼ਰੀ ਭਰੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਇਹ ਚਾਹੁੰਦੀਆਂ ਸਨ ਕਿ ਲੋਕ ਉਨ੍ਹਾਂ ਕੋਲ ਆਉਣ। ਇਕ ਸ਼ੁਭ ਸ਼ਗਨ ਇਹ ਵੀ ਹੋਇਆ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕਮੁੱਠ ਹੋ ਕੇ ਤਿੰਨ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੀਆਂ ਹਨ। ਸੰਸਦ ਦੇ ਮੁਖ ਦਰਵਾਜ਼ੇ ਕੋਲ ਇਕ ਦੂਜੇ ਨੂੰ ਭੰਡਣ ਵਾਲੇ ਕਾਂਗਰਸੀ ਅਤੇ ਅਕਾਲੀ ਇਕੱਠੇ ਤਿੰਨ ਖੇਤੀ ਕਾਨੂੰਨਾ ਦੇ ਵਿਰੁਧ ਪਲੇ ਕਾਰਡ ਲੈ ਕੇ ਖੜ੍ਹੇ ਰਹੇ ਹਨ। ਕਾਂਗਰਸ ਦੇ ਦੋ ਲੋਕ ਸਭਾ ਮੈਂਬਰਾਂ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਅਤੇ ਗੁਰਜੀਤ ਸਿੰਘ ਅੰਮਿ੍ਰਤਸਰ ਤੋਂ ਨੇ ਤਾਂ ਜਿਤਨੇ ਦਿਨ ਲੋਕ ਸਭਾ ਦਾ ਸ਼ੈਸ਼ਨ ਚਲਦਾ ਰਿਹਾ, ਉਹ ਲੋਕ ਸਭਾ ਦੇ ਹਾਲ ਵਿੱਚ ਹੀ ਸੌਂਦੇ ਰਹੇ ਹਨ। ਕਿਸਾਨ ਅੰਦੋਲਨ ਦੀ ਸਫ਼ਲਤਾ ਦਾ ਰਾਜ਼ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਨੂੰ ਜਾਂਦਾ ਹੈ। ਪਹਿਲੀ ਵਾਰ ਕਿਸਾਨ, ਮਜ਼ਦੂਰ ਅਤੇ ਆੜ੍ਹਤੀਆ ਵਰਗ ਇਕੱਠੇ ਹੋਏ ਹਨ, ਜਦੋਂ ਕਿ ਇਨ੍ਹਾਂ ਤਿੰਨ ਦੇ ਹਿਤ ਵੱਖਰੇ ਹਨ।
  ਮੁੱਫ਼ਰਨਗਰ ਦੀ ਮਹਾਂ ਪੰਚਾਇਤ ਨੇ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕਰਨਾਲ ਦੇ ਸਬ ਡਵੀਜ਼ਨਲ ਆਫੀਸਰ ਦੇ ਖਿਾਫ਼ ਜੇ ਕਾਰਵਾਈ ਨਾ ਕੀਤੀ ਤਾਂ 7 ਸਤੰਬਰ ਨੂੰ ਕਰਨਾਲ ਵਿਖੇ ਸੰਯਕਤ ਕਿਸਾਨ ਮੋਰਚਾ ਅੰਦੋਲਨ ਕਰੇਗਾ। ਸਰਕਾਰ ਨੇ ਜੋ ਕਰਨਾ ਹੈ ੁਹ ਕਰ ਲਵੇ ਪ੍ਰੰਤੂ ਕਿਸਾਨ ਮੋਰਚਾ ਬਿਲਕੁਲ ਹੀ ਆਪਣਾ ਫ਼ੈਸਲਾ ਨਹੀਂ ਬਦਲੇਗਾ। ਰਾਕੇਸ਼ ਟਿਕੈਤ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਜਿੱਦੀ ਸਰਕਾਰ ਨੂੰ ਵੋਟ ਦੇ ਅਧਿਕਾਰ ਨਾਲ ਸਬਕ ਸਿਖਾਇਆ ਜਾਵੇਗਾ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਅ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਹੁਣ ਸੰਜੀਦਗੀ ਤੋਂ ਕੰਮ ਲੈਂਦਿਆਂ ਕਿਸਾਨਾ ਨਾਲ ਗਲਬਾਤ ਸ਼ੁਰੂ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਾ

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com